ਫਿਲੌਰ : ਦੇਸ਼ ਦੀ ਸਰਮਾਏਦਾਰੀ ਨੇ ਹੁਣ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਵਿਦੇਸ਼ੀ ਮਦਦ ਦੇ ਨਾਂ ਹੇਠ ਵੋਟਾਂ ਵਟੋਰਨੀਆਂ ਆਰੰਭ ਕਰ ਦਿੱਤੀਆਂ ਹਨ। ਜਿਸ ਤਹਿਤ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ਾਂ ਦੇ ਦੌਰੇ ਕਰ ਰਿਹਾ ਹੈ। ਇਹ ਸ਼ਬਦ ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਜੰਡਿਆਲਾ ਮੰਜਕੀ ‘ਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਦੌਰਾਨ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਇੱਥੋਂ ਦੇ ਕੁਦਰਤੀ ਸਾਧਨਾਂ ਨੂੰ ਵੀ ਵਿਦੇਸ਼ੀ ਕੰਪਨੀਆਂ ਅੱਗੇ ਗਹਿਣੇ ਪਾਉਣ ਲਈ ਤੁਰੇ ਹੋਏ ਹਨ ਅਤੇ ਲੋਕਾਂ ਦੇ ਧਿਆਨ ਹੋਰ ਪਾਸੇ ਲਾਉਣ ਲਈ ਦੇਸ਼ ਵਿਰੋਧੀ, ਰਾਸ਼ਟਰਵਾਦ ਆਦਿ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਇਸ ਦੌਰਾਨ ਹੀ ਅਮੀਰਾਂ ਦੀਆਂ ਤਿਜ਼ੋਰੀਆਂ ਵੀ ਭਰੀਆਂ ਜਾ ਰਹੀਆਂ ਹਨ। ਪਾਸਲਾ ਨੇ ਕਿਹਾ ਕਿ ਕਾਂਗਰਸ ਵੇਲੇ ਤੋਂ ਲੈ ਕੇ ਹੁਣ ਤੱਕ ਸਰਮਾਏਦਾਰੀ ਨੇ ਪਰਦਾਪੋਸ਼ੀ ਦੇ ਨਾਂ ਹੇਠ ਅਤੇ ਹੁਣ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਲੋਕਾਂ ਨੂੰ ਲੁਟਿਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ‘ਤੇ ਹਮਲੇ ਹੋਰ ਵੀ ਤਿੱਖੇ ਰੂਪ ‘ਚ ਆਰੰਭ ਕਰ ਦਿੱਤੇ ਹਨ। ਪੰਜਾਬ ਬਾਰੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਉਪੰਰਤ ਬਣੀ ਕਾਂਗਰਸ ਦੀ ਸਰਕਾਰ ਦੀਆਂ ਨੀਤੀਆਂ ਦਾ ਕੋਈ ਵੀ ਫਰਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ 10 ਦਸਬੰਰ ਨੂੰ ਜਲੰਧਰ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾ 12 ਨਵੰਬਰ ਤੋਂ 21 ਨਵੰਬਰ ਤੱਕ ਪੰਜਾਬ ‘ਚ ਜਥਾ ਮਾਰਚ ਕੀਤੇ ਜਾਣਗੇ, ਜਿਸ ਤਹਿਤ ਲੋਕ ਜਗਾਓ ਅਤੇ ਲੁਟੇਰੇ ਭਜਾਓ ਮੁਹਿੰਮ ਲਾਮਬੰਦ ਕੀਤੀ ਜਾਵੇਗੀ। ਇਸ ਮੌਕੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕੁਲੰਵਤ ਸਿੰਘ ਸੰਧੂ ਨੇ ਕਿਹਾ ਕਿ ਇਸ ਜਥਾ ਮਾਰਚ ਦੌਰਾਨ ਹੀ ਸ਼ਹੀਦ ਸੋਹਣ ਸਿੰਘ ਢੇਸੀ ਦੀ ਬਰਸੀ 20 ਨਵੰਬਰ ਨੂੰ ਪਿੰਡ ਕਾਹਨਾ ਢੇਸੀਆਂ ਵਿਖੇ ਮਨਾਈ ਜਾਵੇਗੀ। ਜਲੰਧਰ ‘ਚ ਹੋਣ ਵਾਲੀ ਰੈਲੀ ‘ਚ ਜ਼ਿਲ੍ਹੇ ‘ਚ ਦਸ ਹਜ਼ਾਰ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਇਸ ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ ਅਤੇ ਜ਼ਿਲ੍ਹਾ ਖਜ਼ਾਨਚੀ ਸੰਤੋਖ ਸਿੰਘ ਬਿਲਗਾ, ਮੱਖਣ ਪੱਲਣ ਨੇ ਵੀ ਸੰਬੋਧਨ ਕੀਤਾ।