ਜੰਡਿਆਲਾ ਗੁਰੂ : ਇੱਥੇ ਮਾਨਾਂਵਾਲਾ ਕਲਾਂ ਵਿਚ ਦਿਹਾਤੀ ਮਜ਼ਦੂਰ ਸਭਾ ਵੱਲੋਂ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵੱਜੋਂ ਸਰਕਾਰ ਵਿਰੁਧ ਅਰਥੀ ਫੂਕ ਮੁਜ਼ਹਾਰੇ ਕੀਤੇ ਗਏ। ਇਸ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਜਗਮੋਹਣ ਕੁਮਾਰ ਮਾਨਾਂਵਾਲ ਕਲਾਂ ‘ਤੇ ਅਮਰਜੀਤ ਸਿੰਘ ਚੌਹਾਨ ਨੇ ਕਿਹਾ ਪੰਜਾਬ ਵਿੱਚ ਕੈਪਟਨ ਸਰਕਾਰ ਦੇ ਹੋਂਦ ਵਿੱਚ ਆਇਆਂ ਪੌਣੇ ਦੋ ਸਾਲ ਹੋ ਗਏ ਹਨ, ਇਸ ਦੇ ਬਾਵਜੂਦ ਕੈਪਟਨ ਵੱਲੋਂ ਚੋਣਾਂ ਦੌਰਾਨ ਕੀਤੇ ਆਪਣੇ ਵਾਅਦੇ ਗਰੀਬ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦੇਣਾ ਅਤੇ ਹੋਰ ਕਈ ਲੁਭਾਵਣੇ ਲਾਰੇ ਪੂਰੇ ਨਹੀਂ ਕੀਤੇ ਜਾ ਰਹੇ। ਹੁਣ ਬੇਘਰੇ ਗਰੀਬ ਮਜ਼ਦੂਰਾਂ ਵੱਲੋਂ ਮਜ਼ਦੂਰ ਦਿਹਾਤੀ ਸਭਾ ਦੀ ਅਗਵਾਈ ਹੇਠ ਪੰਚਾਇਤੀ ਜ਼ਮੀਨਾਂ ਅਤੇ ਪਲਾਟਾਂ ਉਪਰ ਤੰਬੂ ਗੱਡ ਦੱਤੇ ਗਏ ਹਨ ਜਿਸ ਕਾਰਨ ਮੁਕਤਸਰ ਜ਼ਿਲੇ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਤਿੰਨ ਆਗੂਆਂ ਉਪਰ ਪਰਚੇ ਦਰਜ ਕਰ ਦਿੱਤੇ ਗਏ ਹਨ।
ਇਸੇ ਰੋਸ ਤਹਿਤ ਅੱਜ ਮਾਨਾਂਵਾਲਾ ਦੇ ਬਜ਼ਾਰਾਂ ਵਿੱਚ ਸਰਕਾਰ ਦੀ ਅਰਥੀ ਮੋਢਿਆਂ ’ਤੇ ਚੁੱਕ ਕੇ ਮੁਜ਼ਹਾਰਾ ਕੀਤਾ ਗਿਆ ਤੇ ਮੁੱਖ ਰੋਡ ‘ਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹਰਪਾਲ ਸਿੰਘ, ਰਜਿੰਦਰ ਸਿੰਘ, ਪ੍ਰਮੋਦ ਕੁਮਾਰ, ਧਰਮਿੰਦਰ ਸਿੰਘ, ਸਰਦੂਲ ਸਿੰਘ, ਕਰਨਬੀਰ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਪ੍ਰਤਾਪ ਸਿੰਘ, ਜਗਤਾਰ ਸਿੰਘ, ਸੁਖਜਿੰਦਰ ਸਿੰਘ ਤੇ ਅਸ਼ੋਕ ਕੁਮਾਰ ਸਣੇ ਹੋਰ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ।