ਮੰਡੀ ਲੱਖੇਵਾਲੀ : ਪਿੰਡ ਚੱਕ ਮਦਰੱਸਾ ਵਿਚ ਕਬਜ਼ਾ ਕਰਨ ਵਾਲੇ ਮਜ਼ਦੂਰਾਂ ਨੂੰ ਪੁਲਿਸ ਥਾਣਾ ਲੱਖੇਵਾਲੀ ਦੇ ਥਾਣਾ ਮੁਖੀ ਵਲੋਂ ਗਾਲੀ ਗਲੋਚ ਕਰਨ ਵਿਰੁੱਧ ਅੱਜ ਪਿੰਡ ਬੱਲਮਗੜ੍ਹ ਤੇ ਮੌੜ ਵਿਚ ਮਜ਼ਦੂਰਾਂ ਨੇ ਵੱਡੇ ਇਕੱਠ ਕਰਕੇ ਨਾਅਰੇਬਾਜ਼ੀ ਕੀਤੀ ਅਤੇ ਐੱਸ.ਐੱਚ.ਓ. ਦੇ ਪੁਤਲੇ ਫੂਕੇ ਗਏ | ਇਨ੍ਹਾਂ ਦੋਹਾਂ ਪਿੰਡਾਂ ਵਿਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜੁਆਇੰਟ ਸਕੱਤਰ ਜਗਜੀਤ ਸਿੰਘ ਜੱਸੇਆਣਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਮਦਰੱਸਾ, ਜ਼ਿਲ੍ਹਾ ਵਿੱਤ ਸਕੱਤਰ ਜਸਵਿੰਦਰ ਸੰਗੂਧੌਣ ਅਤੇ ਸੁਖਵਿੰਦਰ ਸਿੰਘ ਬਰਕੰਦੀ ਨੇ ਦੋਸ਼ ਲਗਾਉਂਦਿਆਂ ਥਾਣਾ ਲੱਖੇਵਾਲੀ ਦੇ ਐੱਸ.ਐੱਚ.ਓ. ਪਰਮਜੀਤ ਸਿੰਘ ਵਲੋਂ ਮਜ਼ਦੂਰਾਂ ਨੂੰ ਡਰਾਉਣ ਧਮਕਾਉਣ ਤੇ ਗਾਲੀ ਗਲੋਚ ਕਰਨ ਦੀ ਜ਼ੋਰਦਾਰ ਨਿੰਦਿਆਂ ਕਰਦਿਆਂ ਕਿਹਾ ਕਿ ਇਹ ਅਧਿਕਾਰੀ ਪਿੰਡ ਚੱਕ ਮਦਰੱਸਾ ਦਾ ਮਾਹੌਲ ਜਾਣ-ਬੁੱਝ ਕੇ ਖ਼ਰਾਬ ਕਰਨਾ ਚਾਹੰੁਦਾ ਹੈ, ਜਿਸ ਨੂੰ ਕਿਸੇ ਕੀਮਤ ‘ਤੇ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਿੰਡ ਬੱਲਮਗੜ੍ਹ, ਮੌੜ ਅਤੇ ਚੱਕ ਮਦਰੱਸਾ ਦੇ ਮਜ਼ਦੂਰ ਰਹਾਇਸ਼ੀ ਪਲਾਟ ਅਲਾਟ ਕਰਾਉਣ ਲਈ ਅਮਨ ਸ਼ਾਂਤੀ ਨਾਲ ਆਪਣਾ ਅੰਦੋਲਨ ਚਲਾ ਰਹੇ ਹਨ ਅਤੇ ਸਿਵਲ ਪ੍ਰਸ਼ਾਸਨ ਦੀ ਅਪੀਲ ਤੇ ਮਜ਼ਦੂਰ ਕਬਜੇ ਵਾਲੀ ਜਗ੍ਹਾ ਤੋਂ ਵੀ ਪਿੱਛੇ ਹਟ ਗਏ ਹਨ | ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਪੁਲਿਸ ਨੇ ਪਿੰਡਾਂ ਦੇ ਮਜ਼ਦੂਰਾਂ ਨੂੰ ਜਾਣ ਬੁੱਝ ਕੇ ਭੜਕਾਇਆ ਤੇ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਦੋਵਾਂ ਪਿੰਡਾਂ ਵਿਚ ਐੱਸ.ਐੱਚ.ਓ. ਦੇ ਪੁਤਲੇ ਫੂਕੇ ਗਏ | ਦੂਜੇ ਪਾਸੇ ਖੇਤ ਮਜ਼ਦੂਰਾਂ ਦੇ ਰੋਹ ਤੋਂ ਡਰੀ ਲੱਖੇਵਾਲੀ ਪੁਲਿਸ ਨੇ ਅੱਜ ਬਹੁਤ ਵੱਡੀ ਗਿਣਤੀ ਵਿਚ ਜ਼ਿਲ੍ਹਾ ਹੈੱਡ ਕੁਆਟਰ ਤੋਂ ਪੁਲਿਸ ਫ਼ੋਰਸ ਮੰਗਵਾ ਲਈ ਸੀ | ਪੁਲਿਸ ਨੂੰ ਡਰ ਸੀ ਕਿ ਕਿਤੇ ਅੱਜ ਖੇਤ ਮਜ਼ਦੂਰ ਥਾਣੇ ਮੂਹਰੇ ਧਰਨਾ ਲਗਾਉਣਗੇ, ਲੇਕਿਨ ਮਜ਼ਦੂਰਾਂ ਨੇ ਚੁੱਪ-ਚੁਪੀਤੇ ਬਲਮਗੜ੍ਹ ਤੇ ਮੌੜ ਵਿਖੇ ਐੱਸ.ਐੱਚ.ਓ. ਦੇ ਪੁਤਲੇ ਫ਼ੂਕ ਕੇ ਆਪਣਾ ਰੋਸ ਜਾਹਿਰ ਕਰ ਦਿੱਤਾ | ਇਸ ਸਬੰਧੀ ਥਾਣਾ ਮੁਖੀ ਪਰਮਜੀਤ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਪਿਛਲੇ ਦਿਨੀਂ ਦਰਜ ਹੋਏ ਮੁਕੱਦਮਿਆਂ ਦੇ ਦੋਸ਼ੀਆਂ ਦੀ ਗਿਫ਼ਤਾਰੀ ਲਈ ਗਏ ਸਨ, ਪ੍ਰੰਤੂ ਉਨ੍ਹਾਂ ਨੂੰ ਨਾ ਕੋਈ ਮਿਲਿਆ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਗਾਲੀ-ਗਲੋਚ ਕੀਤਾ ਅਤੇ ਨਾ ਧਮਕਾਇਆ ਅਤੇ ਇਹ ਦੋਸ਼ ਬੇਬੁਨਿਆਦ ਹਨ |