Now Reading
ਰੁੱਤ ਨਾਂਅ ਬਦਲਣ ਦੀ ਆਈ

ਰੁੱਤ ਨਾਂਅ ਬਦਲਣ ਦੀ ਆਈ

ਬਲਜੀਤ ਬਾਸੀ
ਲੋਕ ਸਭਾ ਦੀਆਂ ਅਗਲੀਆਂ ਚੋਣਾਂ ਵਿਚ ਹਾਰ ਦੀ ਸੰਭਾਵਨਾ ਦੇਖਦਿਆਂ ਭਾਜਪਾ ਨੇ ਸ਼ਹਿਰਾਂ ਕਸਬਿਆਂ ਦੇ ਨਾਂਅ ਬਦਲਣ ਦੀ ਯੁੱਧਨੀਤੀ ਅਪਣਾ ਲਈ ਲੱਗਦੀ ਹੈ। ਉਂਝ ਇਸ ਨੀਤੀ ਦਾ ਆਰੰਭ ਦਿੱਲੀ ਦੀ ਔਰੰਗਜ਼ੇਬ ਰੋਡ ਦਾ ਨਾਂਅ ਬਦਲ ਕੇ ‘ਏਪੀਜੇ ਅਬਦੁਲ ਕਲਾਮ ਰੋਡ’ ਰੱਖਣ ਤੋਂ ਹੀ ਹੋ ਗਿਆ ਸੀ। ਇਹ ਨਾਂਅ ਬੀਜੇਪੀ ਦੇ ਐਮ.ਪੀ. ਮਹੇਸ਼ ਗਿਰੀ ਨੇ ਬਦਲਵਾਇਆ ਸੀ, ਜਿਸ ਨੂੰ ਬਾਅਦ ਵਿਚ ਸ਼ਿਵਾਜੀ ਪੁਰਸਕਾਰ ਨਾਲ ਨਵਾਜਿਆ ਗਿਆ। ਸਨਮਾਨ ਮਿਲਣ ਸਮੇਂ ਉਸ ਕਿਹਾ ਸੀ, ‘ਆਜ ਕੀ ਭਾਸ਼ਾ ਮੇਂ ਔਰੰਗਜ਼ੇਬ ਟੈਰਰਿਸਟ ਹੈ’। ਫਿਰ ਹਰਿਆਣਾ ਦੇ ਗੁੜਗਾਵਾਂ ਦਾ ਨਾਂਅ ਬਦਲ ਕੇ ਗੁਰੂਗ੍ਰਾਮ ਰੱਖ ਦਿੱਤਾ ਗਿਆ। ਮੈਂ ਇਸ ਪ੍ਰਵਿਰਤੀ ‘ਤੇ ਲਿਖਣ ਬਾਰੇ ਸੋਚ ਹੀ ਰਿਹਾ ਸਾਂ ਕਿ ਇਕ ਦਿਨ ਅਚਾਨਕ ਇਸ ਬਾਰੇ ਇਕ ਵੈਬ ਪਰਚੇ Scroll in ਵਿਚ ਸ਼ੋਏਬ ਦਨਿਆਲ ਦੁਆਰਾ ਲਿਖਿਆ ਦਿਲਚਸਪ ਆਰਟੀਕਲ ਪੜ੍ਹਨ ਨੂੰ ਮਿਲਿਆ ਜੋ ਲਗਭਗ ਮੇਰੇ ਹੀ ਵਿਚਾਰਾਂ ਦੀ ਤਰਜਮਾਨੀ ਕਰਦਾ ਸੀ, ਮੇਰਾ ਕੰਮ ਕੁਝ ਸੁਖਾਲਾ ਹੋ ਗਿਆ।
ਹਾਲ ਹੀ ਵਿਚ ਯੂਪੀ ਦੇ ਮੁਗਲਸਰਾਇ ਰੇਲਵੇ ਸਟੇਸ਼ਨ ਦਾ ਨਾਂਅ ਬਦਲ ਕੇ ‘ਦੀਨ ਦਿਆਲ ਉਪਾਧਿਆਇ’ ਰੱਖਿਆ ਗਿਆ ਹੈ; ਫਿਰ ਅਲਾਹਾਬਾਦ ਨੂੰ ਪ੍ਰਯਾਗਰਾਜ ਅਤੇ ਫੈਜ਼ਾਬਾਦ ਜ਼ਿਲ੍ਹੇ ਨੂੰ ਅਯੋਧਿਆ ਕਿਹਾ ਜਾਣ ਦਾ ਫਰਮਾਨ ਹੋਇਆ। ਜ਼ਿਬਹ ਹੋਣ ਵਾਲੇ ਹੋਰ ਸਥਾਨ-ਨਾਂਅ ਹਨ : ਯੂਪੀ ਦੇ ਮੁਜੱਫਰਨਗਰ, ਆਗਰਾ, ਸੁਲਤਾਨਪੁਰ; ਤਿਲੰਗਾਨਾ ਦੇ ਹੈਦਰਾਬਾਦ, ਸਿਕੰਦਰਾਬਾਦ; ਗੁਜਰਾਤ ਦਾ ਅਹਿਮਦਾਬਾਦ। ਅਹਿਮਦਾਬਾਦ ਸ਼ਹਿਰ ਦਾ ਨਾਂਅ ਪੰਦ੍ਹਰਵੀਂ ਸਦੀ ਵਿਚ ਗੁਜਰਾਤ ਦੇ ਸੁਲਤਾਨ ਅਹਿਮਦ ਸ਼ਾਹ ਦੇ ਨਾਂਅ ‘ਤੇ ਰੱਖਿਆ ਗਿਆ ਸੀ। ਹਿੰਦੁਤਵਵਾਦੀ ਸ਼ਕਤੀਆਂ ਅਨੁਸਾਰ ‘ਇਹ ਨਾਂ ਗੁਲਾਮੀ ਦੇ ਚਿੰਨ੍ਹ ਹਨ।’
ਹਿੰਦੂਤਵਵਾਦੀ ਵਿਚਾਰਧਾਰਕਾਂ/ਇਤਿਹਾਸਕਾਰਾਂ ਅਨੁਸਾਰ ਮੱਧਯੁਗ ਦੇ ਮੁਸਲਮਾਨ ਸੁਲਤਾਨਾਂ, ਬਾਦਸ਼ਾਹਾਂ ਦੇ ਰਾਜ ਬਸਤੀਵਾਦੀ ਸਨ। ਇਹ ਲੋਕ ਅਕਸਰ ਹੀ 1200 ਸਾਲ ਦੇ ਬਦੇਸ਼ੀ ਰਾਜ ਦੀ ਗੱਲ ਕਰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਇਨ੍ਹਾਂ ਮੁਸਲਮਾਨ ਹਾਕਮਾਂ ਨੇ ਅੰਤਮ ਤੌਰ ‘ਤੇ ਭਾਰਤ ਨੂੰ ਹੀ ਆਪਣਾ ਦੇਸ਼ ਅਪਣਾਇਆ; ਉਹ ਅੰਗਰੇਜ਼ ਸ਼ਾਸਕਾਂ ਦੀ ਤਰ੍ਹਾਂ ਸਾਮਰਾਜੀ ਨਹੀਂ ਸਨ, ਜਿਨ੍ਹਾਂ ਸਾਡਾ ਦੇਸ਼ ਲੁੱਟ ਕੇ ਆਪਣਾ ਦੇਸ਼ ਭਰਿਆ। ਪਰਜਾ ‘ਤੇ ਅਥਾਹ ਜ਼ੁਲਮ ਹਿੰਦੂ ਰਾਜਿਆਂ-ਮਹਾਰਾਜਿਆਂ ਸਮੇਤ ਮੱਧਯੁਗ ਦੇ ਸਾਰੇ ਹੀ ਹਾਕਮ ਕਰਦੇ ਰਹੇ ਹਨ। ਤਥਾਕਥਿਤ ਇਸਲਾਮੀ ਗੁਲਾਮੀ ਦਾ ਜਿਉਂਦਾ ਜਾਗਦਾ ਸਬੂਤ ਦਰਸਾਉਣ ਲਈ ਉਹ ਕਈ ਸਥਾਨਾਂ ਦੇ ਫਾਰਸੀ ਨਾਵਾਂ ‘ਤੇ ਉਂਗਲੀ ਰੱਖਦੇ ਹਨ ਕਿਉਂਕਿ ਇਨ੍ਹਾਂ ਮੁਸਲਮਾਨ ਹਾਕਮਾਂ ਨੇ ਇਸੇ ਭਾਸ਼ਾ ਦੀ ਸਰਪ੍ਰਸਤੀ ਕੀਤੀ। ਦਰਅਸਲ ਫਾਰਸੀ ਤੇ ਕੁਝ ਹੱਦ ਤੀਕ ਅਰਬੀ ਜ਼ੁਬਾਨਾਂ ਭਾਰਤੀ ਸਭਿਆਚਾਰਰਕ ਜ਼ਿੰਦਗੀ ਦੇ ਹਰ ਖੇਤਰ ਵਿਚ ਧਸੀਆਂ ਹੋਈਆਂ ਹਨ। ਉਰਦੂ ਦਾ ਤਾਂ ਨਿਰਮਾਣ ਹੀ ਫਾਰਸੀ ਹਿੰਦੀ ਦੇ ਮੇਲ ਤੋਂ ਹੋਇਆ ਹੈ। ਇਸ ਖਿੱਤੇ ਦੇ ਬਹੁਤ ਸਾਰੇ ਸਥਾਨਾਂ ਦੇ ਨਾਂਅ ਫਾਰਸੀ ਜਾਂ ਅਰਬੀ ਭਾਸ਼ਾ ਦੇ ਹਨ। ਵਿਡੰਬਨਾ ਹੈ ਕਿ ‘ਹਿੰਦ’ ਫਾਰਸੀ ਅਸਲੇ ਦਾ ਸ਼ਬਦ ਹੈ ਤੇ ਇਸ ਤੋਂ ਬਣਿਆ ਹਿੰਦੁਤਵ ਵੀ। ਇਸ ਤਰ੍ਹਾਂ ‘ਹਿੰਦੀ, ਹਿੰਦੂ, ਹਿੰਦੁਸਤਾਨ’ ਦਾ ਨਾਹਰਾ ਹੀ ਫਾਰਸੀ ਭਾਸ਼ਾ ਵਿਚ ਲਪੇਟਿਆ ਪਿਆ ਹੈ।
ਉਤਰ ਪ੍ਰਦੇਸ਼ ਦੇ 45 ਵੱਡੇ ਸ਼ਹਿਰਾਂ ਦੇ ਨਾਂ ਫਾਰਸੀ-ਅਰਬੀ ਲਫ਼ਜ਼ਾਂ ਤੋਂ ਬਣੇ ਹਨ। ਦੇਸ਼ ਦੇ ਕਈ ਸਥਾਨ ਨਾਵਾਂ ਵਿਚ ਅਗੇਤਰ ਪਿਛੇਤਰ ਫਾਰਸੀ ਅਰਬੀ ਵਾਲੇ ਹਨ। ਮਿਸਾਲ ਵਜੋਂ ਫਰੀਦਾਬਾਦ, ਫਤਿਹਬਾਦ ਆਦਿ ਵਿਚਲਾ ‘ਆਬਾਦ’; ਸ਼ਕੂਰ ਬਸਤੀ, ਬਸੀ ਕਾਸੋ, ਬਸੀ ਦੌਲਤ ਖਾਂ, ਵਿਚਲਾ ‘ਬਸਤੀ’ ਜਾਂ ‘ਬਸੀ’, ਯੂਪੀ ਦੇ ਇਕ ਸ਼ਹਿਰ ਦਾ ਨਾਂਅ ਹੀ ਬਸਤੀ ਹੈ; ਪੋਰਬੰਦਰ, ਬੋਰੀਬੰਦਰ ਵਿਚਲਾ ‘ਬੰਦਰ’; ਬੰਦਰਗਾਹ ਸ਼ਬਦ ਵਿਚ ਵੀ ਬੰਦਰ ਬੋਲਦਾ ਹੈ; ਰਕਾਬ ਗੰਜ, ਪਹਾੜਗੰਜ, ਹਜ਼ਰਤ ਗੰਜ, ਮਕਲੋਡ ਗੰਜ ਆਦਿ ਵਿਚਲਾ ਮਾਰਕਟ ਦੇ ਅਰਥਾਂ ਵਾਲਾ ‘ਗੰਜ’; ਬੁਲੰਦਸ਼ਹਿਰ, ਸਾਦੂਲਸ਼ਹਿਰ ਵਿਚਲਾ ‘ਸ਼ਹਿਰ’, ਚਾਰਬਾਗ, ਕਰੋਲਬਾਗ ਵਿਚਲਾ ‘ਬਾਗ’; ਸਿਰਾਏ ਕਾਲੇ ਖਾਂ, ਸਰਾਇ ਰੋਹੀਲਾ ਵਿਚਲਾ ‘ਸਿਰਾਇ’ ਇਤਿਆਦਿ। ਉਤਰੀ ਭਾਰਤ ਦੇ ਤਾਂ ਪਿੰਡਾਂ ਕਸਬਿਆਂ ਦੇ ਨਾਵਾਂ ਵਿਚ ਵੀ ਫਾਰਸੀ ਵਸੀ ਹੋਈ ਹੈ। ਵੱਡੇ ਪਿੰਡ ਲਈ ਵਰਤਿਆ ਜਾਂਦਾ ‘ਕਲਾਂ’ ਜਿਵੇਂ ਰੁੜਕਾ ਕਲਾਂ ਅਤੇ ਛੋਟੇ ਪਿੰਡ ਲਈ ਵਰਤਿਆ ਜਾਂਦਾ ‘ਖੁਰਦ’ ਫਾਰਸੀ ਪਿਛੇਤਰ ਹਨ। ਇਸੇ ਤਰ੍ਹਾਂ ਮਾਜਰਾ/ਮਜਾਰਾ ਤੇ ਮਜਾਰਾ/ਮਜਾਰੀ ਹਨ। ਅਜੇ ਅਸੀਂ ਬਾਜ਼ਾਰਾਂ, ਚੌਕਾਂ, ਮੁਹੱਲਿਆਂ, ਗਲੀਆਂ, ਕੂਚਿਆਂ, ਪੱਤੀਆਂ ਦੇ ਨਾਂਵਾਂ ਦੀ ਗੱਲ ਨਹੀਂ ਛੇੜੀ।
ਸਥਾਨ-ਨਾਵਾਂ ਦੀ ਹੀ ਗੱਲ ਨਹੀਂ, ਹੋਰ ਖੇਤਰਾਂ ਦੀ ਬਹੁਤ ਸਾਰੀ ਸ਼ਬਦਾਵਲੀ ਵੀ ਇਨ੍ਹਾਂ ਜ਼ਬਾਨਾਂ ਨਾਲ ਤੁਅਲਕ ਰੱਖਦੀ ਹੈ ਜਿਵੇਂ ਪ੍ਰਸ਼ਾਸਕੀ : ਜ਼ਿਲ੍ਹਾ, ਤਹਿਸੀਲ, ਤਾਅਲੁਕਾ, ਅਦਾਲਤ, ਕੋਤਵਾਲੀ, ਆਦਿ; ਸੈਨਾ ਸੰਬੰਧੀ : ਫੌਜ, ਸਿਪਾਹੀ, ਸੂਬੇਦਾਰ, ਹਵਾਲਦਾਰ ਆਦਿ ਕਥਿਤ ਗੁਲਾਮੀ ਦੇ ਚਿੰਨ੍ਹ ਹਨ। ਸੋਲ੍ਹਵੀਂ ਸਦੀ ਦੇ ਗੋਸਵਾਮੀ ਤੁਲਸੀ ਦਾਸ ਨੇ ‘ਰਾਮਚਰਿਤਮਾਨਸ’ ਵਿਚ ‘ਗਰੀਬ ਨਵਾਜ’ ਸ਼ਬਦ ਵਰਤਿਆ ਹੈ ਜੋ ਫਾਰਸੀ ‘ਗ਼ਰੀਬ ਨਿਵਾਜ਼’ ਦਾ ਤਦਭਵ ਹੈ,
ਰਘੁਵਰ ਤੁਮਕੋ ਮੇਰੀ ਲਾਜ,
ਸਦਾ ਸਦਾ ਮੈਂ ਸ਼ਰਨ ਤੋਹਾਰੀ,
ਤੁਮ ਹੋ ਗਰੀਬ ਨਵਾਜ।
ਹਿੰਦੀ ‘ਦੀਨ ਦਿਆਲ’ ਇਸੇ ਗਰੀਬ ਨਵਾਜ ਦਾ ਹੂ-ਬ-ਹੂ ਤਰਜਮਾ ਹੈ। ਦਿਲਚਸਪ ਗੱਲ ਹੈ ਕਿ ਦਾਰਾ ਸ਼ਿਕੋਹ ਨੇ ਤੁਲਸੀ ਰਾਮਾਇਣ ਦਾ ਫਾਰਸੀ ਵਿਚ ਅਨੁਵਾਦ ਕੀਤਾ ਜੋ ਕੁਰਾਨ ਦੀ ਤਰ੍ਹਾਂ ‘ਬਿਸਮਿੱਲਾ ਅਰ-ਰਹਿਮਾਨ ਅਰ-ਰਹੀਮ’ ਨਾਲ ਸ਼ੁਰੂ ਹੁੰਦਾ ਹੈ। ਤੁਲਸੀ ਦਾਸ ਵਲੋਂ ਫਾਰਸੀ ਅਰਬੀ ਦੇ ਵਰਤੇ ਕੁਝ ਹੋਰ ਤਤਸਮ ਤਦਭਵ ਸ਼ਬਦ ਹਨ : ਸਾਹਿਬੀ, ਖੱਜਲ, ਸਹਿਨਾਈ, ਪੀਲ, ਸਰੀਕਤਾ (ਸ਼ਰੀਫ), ਮਿਸਕੀਨਤਾ, ਅਬਾਰੀ, ਬਲਾਈ, ਹਲਕ, ਅਕਾਸ, ਗਨੀ, ਤਾਜ, ਹਾਲ, ਖਾਸ, ਖਲਕ ਖਵਾਸ, ਖਸਮ, ਜਹਾਨ, ਜਮਾਤ ਬਕਸੀਸ, ਦਰਬਾਰ, ਕਸਮ, ਗੁਮਾਨ ਗਰੂਰ, ਮਸੀਹ, ਨਿਸਾਨ ਆਦਿ। ਹੋਰ ਤਾਂ ਹੋਰ ‘ਸਰਦਾਰ’ ਪਟੇਲ ਜਿਸ ਨੂੰ ਏਨਾ ਚੁਕਿਆ ਗਿਆ ਹੈ, ਵੀ ਬੌਨਾ ਰਹਿ ਜਾਵੇਗਾ; ਗਾਂਧੀ ਦੇ ਚਰਖੇ ਤੇ ਆਜ਼ਾਦ ਹਿੰਦ ਫੌਜ ਤੋਂ ਵਿਰਵੇ ਰਹਿ ਜਾਵਾਂਗੇ, ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਪਹਿਲੇ ਨਾਂਅ ਵੀ ਇਤਿਹਾਸ ‘ਚੋਂ ਮਿਟ ਜਾਣਗੇ। ਅਸੀਂ ਅਜੇ ਤਖੱਲਸਾਂ ਦੀ ਗੱਲ ਨਹੀਂ ਕਰਦੇ। ਮਧ ਯੁੱਗ ਵਿਚ ਹੋਂਦ ਵਿਚ ਆਏ ਬਹੁਤ ਸਾਰੇ ਹਿੰਦੂਆਂ ਦੇ ਉਪਨਾਮ ਅਰਬੀ ਫਾਰਸੀ ਸ਼ਬਦਾਂ ਤੋਂ ਬਣੇ, ਮਿਸਾਲ ਵਜੋਂ ਸਰਫ਼ (ਸ਼ਰੋਫ ਤੋਂ), ਮਲਿਕ, ਮਜ਼ੂਮਦਾਰ, ਫੋਤੇਦਾਰ, ਫੜਨਵੀਸ, ਤਲੁਕਦਾਰ, ਸਰਕਾਰ, ਸਿਕਦਾਰ, ਕਾਨੂੰਗੋ, ਦਪਤਰੀ, ਦੀਵਾਨ ਆਦਿ। ਰਾਸ਼ਟਰੀ ਹਿੱਤ ਲਈ ਕਈ ਗਾਲ੍ਹਾਂ ਵੀ ਖਾਰਜ ਕਰਨੀਆਂ ਪੈਣਗੀਆਂ ਜਿਵੇਂ ਮਾਦਰ ਚੋਦ, ਗਾਂਡੂ, ਹਰਾਮਜ਼ਾਦਾ, ਕਮੀਨਾ, ਅਹਮਕ।
ਵੱਡਿਆਂ ਲਈ ਸਤਿਕਾਰ ਵਜੋਂ ਵਰਤਿਆ ਜਾਂਦਾ ਬਾਬਾ ਸ਼ਬਦ ਫਾਰਸੀ ਦਾ ਹੈ। ਦੁਰਗਾ ਮਾਤਾ ਨੂੰ ‘ਸ਼ੇਰਾਂਵਾਲੀ’ ਮਾਤਾ ਕਿਹਾ ਜਾਂਦਾ ਹੈ, ਇਸ ਵਿਚੋਂ ਫਾਰਸੀ ਸ਼ੇਰ ਨੂੰ ਖਾਰਜ ਕਰਕੇ ਬਣੇ ‘ਸਿੰਘਾਂਵਾਲੀ’ ਸ਼ਬਦ ਨੂੰ ਬੋਲ ਕੇ ਦੇਖੋ ਭਲਾ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪਹਿਨਿਆ ਜਾਂਦਾ ਕੁਰਤਾ, ਪਜਾਮਾ ਤੇ ਚਸ਼ਮਾ ਫਾਰਸੀ ਹਨ। ਸਲਵਾਰ, ਕਮੀਜ਼, ਸ਼ੇਰਵਾਨੀ, ਦਸਤਾਰ, ਗਰਗਾਬੀ, ਜੁਰਾਬਾਂ, ਸਾਬਣ, ਕਾਗਜ਼, ਤਕੀਆ, ਦੀਵਾਰ, ਪੜਦਾ, ਤੰਦੂਰ ਸਭ 1200 ਸਾਲ ਦੀ ਗੁਲਾਮੀ ਦੀ ਹੀ ਨਿਸ਼ਾਨੀ ਹਨ!
ਇਸਲਾਮ ਦੇ ਪ੍ਰਭਾਵ ਨੂੰ ਹਟਾ ਦੇਈਏ ਤਾਂ ਬੱਚਿਆਂ ਦੀ ‘ਚੀਜੀ’ ਸਮੇਤ ਸਾਡੇ ਕੋਲ ਸ਼ਾਇਦ ਹੀ ਕੋਈ ਚੱਜ ਦੀ ਖਾਣ ਵਾਲੀ ਮਿੱਠੀ ਚੀਜ਼ ਰਹਿ ਜਾਵੇਗੀ। ਸਬਜ਼ੀ, ਪਿਆਜ਼, ਸ਼ਲਗਮ, ਅਨਾਰ, ਆਲੂਬੁਖਾਰਾ, ਤਰਬੂਜ, ਖਰਬੂਜਾ, ਹਲਵਾ, ਜਲੇਬੀ, ਬਰਫੀ, ਸਮੋਸੇ ਤੇ ਫਿਰ ਪੁਲਾਅ, ਰੋਗਨਜੋਸ਼, ਬਰਿਆਨੀ ਜਿਹੇ ਚੋਸੇ ਕਿਵੇਂ ਚੱਖਾਂਗੇ? ਦਾਰੂ ਤੇ ਸ਼ਰਾਬ ਨਹੀਂ ਮਿਲਣਗੇ ਤੇ ਨਾ ਹੀ ਨਾਲ ਨੂੰ ਨੁਕਲ ਤੇ ਨਮਕ।
ਮੈਂ ਅਨੁਮਾਨ ਲਾਉਂਦਾ ਹਾਂ ਕਿ ਜੇ ਫਾਰਸੀ ਅਰਬੀ ਵਾਲੇ ਨਾਂਅ ਜਾਂ ਲਫਜ਼ ਬਦਲਣ ਦਾ ਭੁਆਰਾ ਪੰਜਾਬ ਵਿਚ ਫੈਲ ਗਿਆ ਤਾਂ ਗੱਲ ਕਿੱਥੇ ਕੁ ਤੱਕ ਜਾਵੇਗੀ। ਇਸਲਾਮ ਅਤੇ ਅਰਬੀ ਫਾਰਸੀ ਦੀ ਸਭ ਤੋਂ ਵੱਧ ਮਾਰ ਤਾਂ ਪੰਜਾਬ ‘ਤੇ ਪਈ ਸੀ। ਪਰ ਇਤਿਹਾਸਕ, ਭੂਗੋਲਕ ਕਾਰਨਾਂ ਕਰਕੇ ਪੰਜਾਬੀ ਅਤੇ ਸਿੱਖ ਏਨੇ ਕੱਟੜ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਨ੍ਹਾਂ ਜ਼ੁਬਾਨਾਂ ਦੇ ਲਫ਼ਜਾਂ ਨਾਲ ਲਬਰੇਜ਼ ਹੈ। ਗੁਰੂ ਨਾਨਕ ਨੇ ਤਾਂ ਇਕ ਸ਼ਬਦ ਹੀ ਫਾਰਸੀ ਵਿਚ ਰਚਿਆ ਹੈ। ਸਿੱਖ ਧਰਮ ਨਾਲ ਸੰਬੰਧਤ ਚੰਗੀ ਖਾਸੀ ਸੰਕਲਪ ਸ਼ਬਦਾਵਲੀ ਅਰਬੀ ਫਾਰਸੀ ਵਾਲੀ ਗੱਲ ਹੈ : ਬੇਗਮਪੁਰਾ, ਖਾਲਸਾ, ਸਾਹਿਬ, ਅਰਦਾਸ, ਸੱਚਾ ਪਾਤਸ਼ਾਹ, ਅਕਾਲ ਤਖਤ, ਨਜ਼ਰ, ਹੁਕਮਨਾਮਾ, ਮੀਰੀ ਪੀਰੀ, ਤਨਖਾਹ, ‘ਵਾਹਿਗੁਰੂ ਜੀ ਕੀ ਫਤਿਹ’ ਵਿਚਲਾ ਫਤਿਹ, ਦਰਬਾਰ, ਜ਼ਫਰਨਾਮਾ, ਨੌਵੇਂ ਗੁਰੂ ਦਾ ਨਾਂਅ ਤੇਗ ਬਹਾਦਰ; ਦੋ ਸਾਹਿਬਜ਼ਾਦਿਆਂ ਦੇ ਨਾਂਅ; ਬੰਦਾ ਬਹਾਦਰ; ਰੁਮਾਲਾ ਸਾਹਿਬ, ਦੇਗ਼, ਲੰਗਰ, ਮਹਲ, ਜਲੂਸ ਆਦਿ ਫਾਰਸੀ ਅਰਬੀ ਦੇ ਰਿਣੀ ਹਨ। ਪੰਜਾਂ ਦਰਿਆਵਾਂ ਦੀ ਧਰਤੀ ‘ਪੰਜਾਬ’ ਤੇ  ਇਸਦੀ ਭਾਸ਼ਾ ‘ਪੰਜਾਬੀ’ ਫਾਰਸੀ ਸ਼ਬਦਾਂ ਪੰਜ+ਆਬ ਤੋਂ ਬਣੇ ਹਨ। ਸਭ ਗੁਰੂਆਂ, ਗੁਰਦਵਾਰਿਆਂ ਅਤੇ ਸਿੱਖਾਂ ਦੇ ਇਤਿਹਾਸਕ ਸਥਾਨਾਂ ਦੇ ਨਾਵਾਂ ਪਿਛੋਂ ਸਾਹਿਬ ਉਤਾਰਨਾ ਹੋਵੇਗਾ।
ਕਾਹਲੀ ਕਾਹਲੀ ਮੇਰੇ ਦਿਮਾਗ ਵਿਚ ਪੰਜਾਬ ਦੇ ਕੁਝ ਸ਼ਹਿਰਾਂ ਤੇ ਕਸਬਿਆਂ ਦੇ ਨਾਂਅ ਆਉਂਦੇ ਹਨ ਜਿਨ੍ਹਾਂ ਵਿਚੋਂ ਅਰਬੀ ਫਾਰਸੀ ਨਿਤਾਰਨੀ ਪਵੇਗੀ : ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਲੁਧਿਆਣਾ, ਨਵਾਂ ਸ਼ਹਿਰ, ਹੁਸ਼ਿਆਰਪੁਰ, ਜਲਾਲਾਬਾਦ, ਫਤਿਹਗੜ੍ਹ, ਬਸੀ ਪਠਾਣਾ, ਸੁਲਤਾਨਪੁਰ, ਕਾਦੀਆਂ, ਅਹਿਮਦਗੜ੍ਹ, ਦੌਲਤਪੁਰ, ਫਤਿਹਨੰਗਲ, ਹਾਜ਼ੀਪੁਰ, ਹੁਸੈਨੀਵਾਲਾ, ਕੋਟ ਈਸੇ ਖਾਂ, ਮਲੇਰਕੋਟਲਾ, ਮੀਰਪੁਰ, ਮੁੱਲਾਂਪੁਰ, ਨੂਰਮਹਿਲ, ਸ਼ਾਹਕੋਟ, ਅਲਾਵਲਪੁਰ, ਬਹਿਰਾਮਪੁਰ, ਬੇਗੋਵਾਲ ਆਦਿ। ਪੰਜਾਬ ਨੇ ਸ਼ਹਿਰਾਂ ਦੇ ਨਾਂਅ ਬਦਲ ਕੇ ਦੇਖ ਲਏ ਹਨ। ਭਲਾ ਮੁਹਾਲੀ ਨੂੰ ‘ਸਾਹਿਬਜ਼ਾਦਾ ਅਜੀਤ ਸਿੰਘ ਨਗਰ’ ਤੇ ਨਵਾਂ ਸ਼ਹਿਰ ਨੂੰ ‘ਸ਼ਹੀਦ ਭਗਤ ਸਿੰਘ ਨਗਰ’ ਕੌਣ ਕਹਿੰਦਾ ਹੈ? ਫਿਰ ਭਗਤ ਇਤਰਾਜ਼ ਕਰਦੇ ਹਨ ਸਰਕਾਰ ਜਾਂ ਲੋਕਾਂ ਦੀ ਮਹਾਂਪੁਰਸ਼ਾਂ ਪ੍ਰਤੀ ਸ਼ਰਧਾ ਨਹੀਂ। ਨਾਂਅ ਹਮੇਸ਼ਾ ਮੂੰਹ ਚੜ੍ਹਨ ਵਾਲੇ ਹੀ ਚਲਦੇ ਹਨ। ਮਹਾਂਪੁਰਸ਼ਾਂ ਜਾਂ ਇਤਿਹਾਸਕ ਘਟਨਾਵਾਂ ਦੀਆਂ ਯਾਦਗਾਰਾਂ ਲਈ ਨਵੇਂ ਸ਼ਹਿਰ, ਨਗਰ, ਬਸਤੀਆਂ, ਮੁਹੱਲੇ ਆਦਿ ਵਸਾਏ ਜਾ ਸਕਦੇ ਹਨ ਤੇ ਹੋਰ ਪਰਾਜੈਕਟ ਸ਼ੁਰੂ ਕੀਤੇ ਜਾ ਸਕਦੇ ਹਨ।
ਅਰਬੀ ਫਾਰਸੀ ਤੋਂ ਖਹਿੜਾ ਛੁਡਾਉਣ ਵਾਲੀ ਗੱਲ ਨਵੀਂ ਨਹੀਂ। 1955 ਵਿਚ ਕੰਮ ਕਾਜ ਲਈ ਪ੍ਰਯੁਕਤ ਸੰਸਕ੍ਰਿਤ ਆਧਾਰ ਸਰਕਾਰੀ ਸ਼ਬਦਾਵਲੀ ਘੜਨ ਹਿੱਤ ਕਮਿਸ਼ਨ ਗਠਤ ਕੀਤਾ ਗਿਆ ਸੀ। ਕਿਧਰ ਗਏ ਉਸ ਸਮੇਂ ਘੜੇ ਗਏ ਜੀਭ-ਦੁਖਾਊ ਸ਼ਬਦ ਵਿਦਯੂਤ ਪਰਸਾਰਨ (ਰੇਡੀਓ), ਲੋਹਪਤ ਗਮਨੀ (ਰੇਲਗੱਡੀ) ਆਦਿ? ਫਾਰਸੀ ਪਿਛੋਕੜ ਵਾਲੇ ਸ਼ਬਦ ਕਾਇਮ ਦਾਇਮ ਹਨ ਤੇ ਨਾਲ ਦੀ ਨਾਲ ਅੰਗਰੇਜ਼ੀ ਦੇ ਸ਼ਬਦ ਵੀ ਧੜਾ ਧੜ ਵੜੀ ਜਾ ਰਹੇ ਹਨ। ਭਾਸ਼ਾਵਾਂ ਅਲਹਿਦਗੀ ਵਿਚ ਨਹੀਂ ਵਿਚਰਦੀਆਂ ਤੇ ਨਾ ਹੀ ਵਧਦੀਆਂ ਫੁੱਲਦੀਆਂ ਹਨ। ਸ਼ਬਦਾਂ ਦਾ ਇਤਿਹਾਸ ਨਾਲ ਨਹੁੰ-ਮਾਸ ਵਾਲਾ ਰਿਸ਼ਤਾ ਹੁੰਦਾ ਹੈ। ਅਨੇਕਾਂ ਧਰਮਾਂ, ਜਾਤੀਆਂ, ਖਿੱਤਿਆਂ, ਜਬਾਨਾਂ ਦੇ ਮਿਲਨ ਨਾਲ ਭਾਰਤੀ ਸਭਿਅਤਾ ਅਮੀਰ ਹੋਈ ਹੈ ਤੇ ਭਾਸ਼ਾਵਾਂ ਦੀ ਅਭਿਵਿਕਤੀ ਵਿਚ ਵਾਧਾ ਹੋਇਆ ਹੈ। ਜੇ ਕਲ੍ਹ ਨੂੰ ਕੋਈ ਇਲਾਹਾਬਾਦੀ ਆਪਣੇ ਆਪ ਨੂੰ ਪਰਯਾਗਰਾਜੀ ਕਹਾਉਣ ਲੱਗ ਪਏ ਤਾਂ ਪਤਾ ਚੱਲੇਗਾ ਕਿ ਨਾਂਅ ਬਦਲਣ ਵਾਲੇ ਲੋਕ ਕਿੱਥੇ ਕੁ ਤੱਕ ਸਫਲ ਹੋਏ ਹਨ।
(‘ਸਿਰਜਣਾ’ ‘ਚੋਂ ਧੰਨਵਾਦ ਸਹਿਤ)

Scroll To Top