Now Reading
ਸੰਪਾਦਕੀ ਟਿੱਪਣੀ : ਜੰਗ ਵਿਰੋਧੀ ਭਾਵਨਾਵਾਂ ਦਾ ਪ੍ਰਤੀਕ- ”ਹੀਰੋਸ਼ੀਮਾ ਦਿਵਸ”

ਸੰਪਾਦਕੀ ਟਿੱਪਣੀ : ਜੰਗ ਵਿਰੋਧੀ ਭਾਵਨਾਵਾਂ ਦਾ ਪ੍ਰਤੀਕ- ”ਹੀਰੋਸ਼ੀਮਾ ਦਿਵਸ”

ਹਰ ਵਰ੍ਹੇ 6 ਅਗਸਤ ਦਾ ਦਿਨ ਸੰਸਾਰ ਭਰ ਦੇ ਦੇਸ਼ਾਂ ਦੇ ਅਮਨ ਦੇ ਚਾਹਵਾਨ ਲੋਕਾਂ ਵੱਲੋਂ ਕਾਇਨਾਤ ਨੂੰ  ਜੰਗਾਂ ਤੋਂ ਮੁਕਤ ਰੱਖਣ ਦੇ ਸੰਕਲਪ ਵਜੋਂ ‘ਹੀਰੋਸ਼ੀਮਾ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ।
ਇਸ ਦਿਨ ਹੁੰਦੇ ਵੱਖੋ-ਵੱਖ ਵੰਨਗੀਆਂ ਦੇ ਸਮਾਰੋਹਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵੱਲੋਂ ਜੰਗਾਂ ਦੀ ਭੇਂਟ ਚੜ੍ਹ ਗਏ ਆਪਣੇ ਪਿਆਰਿਆਂ ਨੂੰ ਯਾਦ ਕੀਤਾ ਜਾਂਦਾ ਹੈ ਅਨੇਕਾਂ ਢੰਗਾਂ ਨਾਲ ਜੰਗਾਂ ਦੀ ਭਿਆਨਕਤਾ ਨੂੰ ਦਰਸਾਇਆ/ ਬਿਆਨਿਆ ਜਾਂਦਾ ਹੈ।
ਇਹ ਦਿਹਾੜਾ ਮਨਾਉਣ ਦਾ ਅਸਲ ਉਦੇਸ਼ ਸਦੀਵੀਂ  ਸੰਸਾਰ ਅਮਨ ਦੀ ਕਾਇਮੀ ਅਤੇ ਧਰਤ ਤੋਂ ਜੰਗ ਦੇ ਸੰਕਲਪ ਦੇ ਮੁੱਢੋਂ ਖਾਤਮੇ ਦਾ ਅਹਿਦ ਕਰਨਾ ਅਤੇ ਇਸ ਦਿਸ਼ਾ ਵਿੱਚ ਠੋਸ ਉਪਰਾਲੇ ਕਰਨਾ ਹੈ।
ਮਾਨਵ ਜਾਤੀ, ਜੀਵ-ਜੰਤੂਆਂ, ਬਨਸਪਤੀ, ਹਵਾ-ਪਾਣੀ ਅਤੇ ਚੌਗਿਰਦੇ ਦੇ  ਖਾਤਮੇ ਲਈ ਜਿੰਮੇਵਾਰ ਘਾਤਕ  ਜੰਗਾਂ ਵਿਰੁੱਧ ਸ਼ਕਤੀਸ਼ਾਲੀ ਸੁਨੇਹਾ ਦੇਣ ਲਈ 6 ਅਗਸਤ ਦਾ ਹੀ ਦਿਨ ਕਿਉਂ ਚੁਣਿਆ ਗਿਆ? ਇਸ ਦਿਹਾੜੇ ਨੂੰ ”ਹੀਰੋਸ਼ੀਮਾ ਦਿਵਸ” ਕਿਉਂ ਕਿਹਾ ਜਾਂਦਾ ਹੈ? ਆਓ ਵਿਚਾਰਾਂ ਕਰੀਏ।
ਦੂਜੀ ਸੰਸਾਰ ਜੰਗ ਦੇ ਆਖਰੀ ਵਰ੍ਹੇ, 1945 ਦੇ ਅਗਸਤ ਮਹੀਨੇ ਦੀ 6 ਤਰੀਕ ਨੂੰ ਅਮਰੀਕੀ ਹਵਾਈ ਫੌਜ ਦੇ ਜਹਾਜ਼ ‘ਬੋਇੰਗ-29, ਏਨੋਲਾ ਗੇ’ ਵੱਲੋਂ ਏਸ਼ੀਆਈ ਦੇਸ਼ ਜਾਪਾਨ ਦੇ ਦੱਖਣ-ਪੱਛਮੀ ਸ਼ਹਿਰ ਹੀਰੋਸ਼ੀਮਾ ਵਿਖੇ ਸਿੱਟੇ ਗਏ ‘ਛੋਟੂ’ (‘ਲਿਟਲ ਬੁਆਏ’) ਨਾਂਅ ਦੇ ਬੰਬ ਨੇ ਫੌਰੀ ਤੌਰ ‘ਤੇ 1ਲੱਖ 40 ਹਜਾਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਨੁੱਖੀ ਇਤਿਹਾਸ ਵਿੱਚ ਇੱਕੋ ਵੇਲੇ ਕੀਤੇ ਗਏ ਏਨੇ ਵੱਡੇ ਮਨੁੱਖੀ ਘਾਣ ਦੀ ਇਹ ਪਹਿਲੀ ਘਟਨਾ ਸੀ। ਇਸ ”ਛੋਟੂ” ਬੰਬ ਦਾ ਦੁਰਪ੍ਰਭਾਵ ਏਨਾ ਘਾਤਕ ਸੀ ਕਿ 90 ਹਜਾਰ ਤੋਂ ਵਧੇਰੇ ਹੋਰ ਲੋਕ ਜਖ਼ਮਾਂ ਦੀ ਤਾਬ ਨਾ ਝਲਦੇ ਹੋਏ ਇਕ ਹਫਤੇ ਦੇ ਅੰਦਰ-ਅੰਦਰ ਜਹਾਨੋਂ ਕੂਚ ਕਰ ਗਏ। ਮੌਤਾਂ ਦਾ ਇਹ ਸਿਲਸਿਲਾ ਲੰਮਾ ਸਮਾਂ ਚਲਦਾ ਰਿਹਾ। ਸਭ ਤੋਂ ਦੁਖਦਾਈ ਅਤੇ ਭਿਆਨਕ ਸੱਚ ਇਹ ਹੈ ਕਿ ਇਸ ”ਛੋਟੂ” ਦੀ ਖਤਰਨਾਕ ਰਸਾਇਣਕ ਸਮੱਗਰੀ ਅਤੇ ਧਮਾਕਾਖੇਜ਼ ਤੱਤਾਂ ਦਾ ਮਾਰੂ ਅਸਰ ਜਾਪਾਨੀਆਂ ਦੀਆਂ ਅਨੇਕਾਂ ਭਵਿੱਖ ਦੀਆਂ ਨਸਲਾਂ ਨੂੰ ਜਿਸਮਾਨੀ ਅਤੇ ਮਾਨਸਿਕ ਵਿਕਾਰਾਂ ਦੇ ਰੂਪ ਵਿੱਚ ਭੁਗਤਣਾ ਪਿਆ। ਇਸ ਬੰਬ ਦੇ ਮਾਰੂ ਅਸਰ ਦਾ ਘੇਰਾ ਚਾਰ ਚੁਫੇਰੇ ਤਿੰਨ ਕਿਲੋਮੀਟਰ ਤੱਕ ਦਸਿਆ ਗਿਆ ਹੈ। ਬੰਬ ਫਟਣ ਨਾਲ ਤਾਪਮਾਨ 7000 ਡਿਗਰੀ ਸੈਲਸੀਅਸ ਭਾਵ 12600 ਫਾਰਨ ਹੀਟ ਤੱਕ ਪੁੱਜ ਗਿਆ ਸੀ। ਬੰਬ ਫਟਣ ਨਾਲ ਬਨਣ ਵਾਲੇ ਖੁੰਭਨੁਮਾ ਬੱਦਲ (ਮਸ਼ਰੂਮ ਕਲਾਊਡ) ਦੀ ਉਚਾਈ 9000 ਮੀਟਰ ਭਾਵ 30 ਹਜਾਰ ਫੁੱਟ ਅੰਗੀ ਗਈ ਹੈ।
ਇਸੇ ਤਰ੍ਹਾਂ ਦੂਸਰਾ ਬੰਬ ਜਿਸ ਦਾ ਨਾਂਅ ‘ਮੋਟੂ’ (ਫੈਟਮੈਨ) ਸੀ, ਤਿੰਨ ਦਿਨਾਂ ਬਾਅਦ 9 ਅਗਸਤ ਨੂੰ ਜਾਪਾਨ ਦੇ ਦੂਜੇ ਸ਼ਹਿਰ ਨਾਗਾਸਾਕੀ ‘ਤੇ ਸੁੱਟਿਆ ਗਿਆ। ਇਸ ਬੰਬ ਨੇ 75 ਹਜਾਰ ਲੋਕਾਂ ਦੀ ਜਾਨ ਲਈ। ਇਹ ਬੰਬ ਵੀ ਪਹਿਲੇ ਜਿੰਨਾ ਹੀ ਘਾਤਕ
ਅਤੇ ਵਿਆਪਕ ਅਸਰ ਵਾਲਾ ਸੀ।
ਇਨਸਾਨੀਅਤ ਅਤੇ ਜੀਵਨ ਦਾ ਖੁਰਾ ਖੋਜ ਮਿਟਾਉਣ ਵਾਲੇ ਉਕਤ ਬੰਬਾਂ ਨੇ ਭਾਵੇਂ ਹਜ਼ਾਰਾਂ ਜਾਪਾਨੀ ਫੌਜੀ ਵੀ ਮਾਰੇ ਪਰ ਇਨ੍ਹਾਂ ਦੇ ਸ਼ਿਕਾਰ ਬਨਣ ਵਾਲੇ ਆਮ ਨਾਗਰਿਕਾਂ (ਸਿਵਲੀਅਨਜ਼) ਦੀ ਤਾਦਾਦ ਫੌਜੀਆਂ ਨਾਲੋਂ ਕਿਤੇ ਜ਼ਿਆਦਾ ਸੀ।
ਅਮਰੀਕੀ ਪ੍ਰਸ਼ਾਸਨ ਨੇ ਆਪਣੀ ਇਹ ਕਰਤੂਤ ਸਾਲ ਭਰ ਦੁਨੀਆ ਦੇ ਆਮ ਲੋਕਾਂ ਸਾਹਵੇਂ ਉਜਾਗਰ ਨਹੀਂ ਹੋਣ ਦਿੱਤੀ। ਵਰਤਮਾਨ ਦੌਰ ਦੇ ਭਾਰਤ ਦੇ ‘ਗੋਦੀ ਮੀਡੀਆ’ ਵਾਂਗੂੰ ਹੀ ਉਸੇ ਸਮੇਂ ਦੇ ਅਮਰੀਕੀ ਮੀਡੀਆ ਨੇ ਵੀ ਅਮਰੀਕੀ ਸਰਕਾਰ ਦੀ ਇਸ ਮਨੁੱਖੀ ਨਸਲਕੁਸ਼ੀ ਦੀ ਘਿਨਾਉਣੀ ਕਰਤੂਤ ਦੀ ਪਰਦਾਪੋਸ਼ੀ ਕੀਤੀ। ਸਾਲ ਭਰ ਅਮਰੀਕੀ ਸਰਕਾਰੀ ਤੰਤਰ ਇਸ ਹਮਲੇ ਨੂੰ ਆਮ ਜੰਗੀ ਕਾਰਵਾਈ ਦੱਸ ਕੇ ਇਸ ਨੂੰ ਭਿਆਨਕ ਰਸਾਇਣਿਕ ਹਮਲਾ ਮੰਨਣ ਤੋਂ ਮੁਕਰਦਾ ਰਿਹਾ।
ਦੁਨੀਆਂ ਦੇ ਲੋਕ, ਲੱਖਾਂ ਲੋਕਾਂ ਦੇ ਇਸ ਭਿਆਨਕ ਕਤਲੇਆਮ ਤੋਂ ਉਦੋਂ  ਜਾਣੂੰ ਹੋਏ ਜਦੋਂ ਮਸ਼ਹੂਰ ਅਮਰੀਕੀ ਰਸਾਲੇ ‘ਨਿਊ ਯੌਰਕਰ’ ਨੇ ਇੱਕ ਸਾਲ ਬਾਅਦ ਇਸ ਭਿਆਨਕ ਫੌਜੀ ਕਾਰਵਾਈ ਦੇ ਸਮੁੱਚੇ ਵੇਰਵੇ ਛਾਪੇ।
ਇਹ ਵੇਰਵੇ ਇਕੱਤਰ ਕਰਨ ਵਾਲੇ ਪੱਤਰਕਾਰ ਦਾ ਨਾਂਅ ਜੌਹਨ ਹਰਸੀ ਸੀ। ਖੁਸ਼ੀ ਭਰੀ ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਪੱਤਰਕਾਰ  ਵਿਅਕਤੀਗਤ ਤੌਰ ਤੇ ਜਾਪਾਨ ਅਤੇ ਜਾਪਾਨੀਆਂ ਨੂੰ ਘਿਰਣਾ ਕਰਦਾ ਸੀ। ਪਰ ਉਸ ਨੇ ਆਪਣੀ ਨਿੱਜੀ ਸੋਚ ਨੂੰ ਪੱਤਰਕਾਰੀ ਦੇ ਉੱਚੇ-ਸੁੱਚੇ ਆਦਰਸ਼ਾਂ ਦੇ ਸਦਾ ਅਧੀਨ ਰੱਖਿਆ ਅਤੇ ਜਾਨ ਜ਼ੋਖਮ ਵਿੱਚ ਪਾਕੇ ਅਮਰੀਕੀ ਹੁਕਮਰਾਨਾਂ ਦਾ ਕਰੂਰ ਤੇ ਕਰੂਪ ਸੱਚ ਸੰਸਾਰ ਦੇ ਸਾਹਮਣੇ ਉਜਾਗਰ ਕੀਤਾ। ਰਸਾਲੇ ਦੇ ਮਾਲਕਾਂ/ਸੰਪਾਦਕਾਂ ਨੇ ਵੀ ਮਿਲੀਸ਼ੀਆ ਕਿਸਮ ਦੀ ਪੁਖ਼ਤਾ ਅਤੇ ਗੁਪਤ ਵਿਉਂਤਬੰਦੀ ‘ਤੇ ਚਲਦਿਆਂ ਅਖੀਰ ਤੱਕ ਇਸ ਅੰਕ ਦੇ ਛਪਣ ਬਾਰੇ ਉਹਲਾ ਰੱਖਿਆ ਅਤੇ ਪਤਾ ਉਦੋਂ ਹੀ ਲੱਗਾ ਜਦੋਂ ਰਸਾਲਾ ਪਾਠਕਾਂ ਦੇ ਹੱਥਾਂ ‘ਚ ਅੱਪੜ ਗਿਆ।
ਅਮਰੀਕੀ ਪ੍ਰਸ਼ਾਸਨ ਦੇ ਅੱਖੀਂ ਘੱਟਾ ਪਾਉਣ ਲਈ ਮਹੀਨਾਵਾਰ ਸਮੱਗਰੀ ਵਾਲਾ ਰੁਟੀਨ ਦਾ ਅੰਕ ਵੱਖਰਾ ਕੱਢਿਆ ਗਿਆ ਅਤੇ ਬੰਬ ਕਾਂਡ ਵਾਲੇ ਅਸਲੀ ਰਸਾਲੇ ਦੀ ਕਿਸੇ ਨੂੰ ਭਿਣਕ ਵੀ ਨਹੀਂ ਪੈਣ ਦਿੱਤੀ। ਖੋਜੀ ਪੱਤਰਕਾਰ ਨੇ ਕਾਗਜ਼ ਕਲਮ ਦੀ ਵਰਤੋਂ ਦੀ ਬਜਾਇ ਆਪਣੇ ਦਿਮਾਗ਼ ਨੂੰ ‘ਮੈਮਰੀ ਸਟੋਰ’ ਵਜੋਂ ਵਰਤਿਆ।
ਸਮੁੱਚੀ ਦੁਨੀਆ ‘ਚ ਵਸਦੇ ਸੱਚ ਦੇ ਆਸ਼ਿਕ, ਅਮਰੀਕੀਆਂ ਦੀ ਦਰਿੰਦਗੀ ਬੇਪਰਦ ਕਰਨ ਵਾਲੀ  ‘ਨਿਊ ਯੌਰਕਰ’ ਰਸਾਲੇ ਦੀ ਟੀਮ ਦੀ ਦੀਦਾ ਦਲੇਰੀ ਦੀ ਤੋਂ ਡਾਢੇ ਸੰਤੁਸ਼ਟ ਹੋਏ।
ਐਪਰ ਮੂਲ ਸਵਾਲ ਇਹੋ ਹੈ ਕਿ ਕੀ ਹੀਰੋਸ਼ਿਮਾ-ਨਾਗਾਸਾਕੀ ਦੇ ਭਿਆਨਕ ਤੇ ਵਿਆਪਕ ਕਤਲੇਆਮ ਤੋਂ ਦਰੁਸਤ ਸਬਕ ਹਾਸਲ ਕੀਤੇ ਗਏ?
ਕੀ ਇਹ ਪੱਕ ਨਾਲ ਕਿਹਾ ਜਾ ਸਕਦਾ ਹੈ ਕਿ ਅਜਿਹਾ ਕਹਿਰ ਮੁੜ ਨਹੀਂ ਵਾਪਰੇਗਾ?
ਸਾਡੀ ਜਾਚੇ ਦੋਹਾਂ ਸਵਾਲਾਂ ਦੇ ਦਰੁਸਤ  ਜਵਾਬ ਲੱਭਣ
ਲਈ ਸੰਸਾਰ ਜੰਗ ਜਾਂ ਹੋਰਨਾਂ ਜੰਗਾਂ ਦੇ ਕਾਰਨਾਂ ਦੀ ਘੋਖ ਅਤੇ ਜੰਗਾਂ ਛੇੜਨ ਵਾਲਿਆਂ ਦੇ ਮਨਹੂਸ ਮੰਸ਼ਿਆਂ ਦੀ ਨਿਸ਼ਾਨਦੇਹੀ ਕਰਨੀ ਲਾਹੇਵੰਦੀ ਰਹੇਗੀ।
ਜੰਗ ਕਦੀ ਵੀ ਲੋਕਾਂ ਦਰਮਿਆਨ ਜਾਂ ਲੋਕਾਂ ਲਈ ਨਹੀਂ ਹੁੰਦੀ। ਹਰ ਪੱਧਰ ਦੀ ਜੰਗ ਹੁਕਮਰਾਨਾਂ ਦੇ ਜਮਾਤੀ ਹਿਤਾਂ, ਮੁਨਾਫਿਆਂ ਦੀ ਹਵਸ ਅਤੇ ਪਸਾਰਵਾਦੀ ਹਮਲਾਵਰ ਸੋਚ ਦੀ ਪੈਦਾਇਸ਼ ਹੁੰਦੀ ਹੈ। ਜੰਗਾਂ ਹਾਕਮ  ਜਮਾਤੀ ਵਰਤਾਰਾ ਹਨ। ਦੋ ਗੁਆਂਢੀ ਮੁਲਕ ਆਪੋ-ਆਪਣੇ ਦੇਸ਼ਾਂ ਦੀ ਜਨਤਾ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਦੇ ਪੱਖੋਂ ਆਪਣੀਆਂ ਮੁਜਰਮਾਨਾ ਅਸਫਲਤਾਵਾਂ ਤੋਂ ਲੋਕਾਈ ਦਾ ਧਿਆਨ ਲਾਂਭੇ ਕਰਨ ਲਈ ਜੰਗੀ ਮਾਹੌਲ ਕਾਇਮ ਰੱਖਦੇ ਹਨ ਅਤੇ ਗਾਹੇ ਬਗਾਹੇ ਜੰਗਾਂ ਛੇੜਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਕਰੂਰਤਾ ਦਾ ਅਸਲੀ ਕਾਰਨ ਵੀ ਜਮਾਤੀ ਲੁੱਟ ਆਧਾਰਿਤ ਜਮਾਤੀ ਰਾਜ ਹੀ ਹੈ ਭਾਵ ਪੈਸੇ ਦੀ ਭੁੱਖ ਤੇ ਮੁਨਾਫੇ ਦੀ ਕਾਤਲਾਨਾ ਹਵਸ ਹੀ ਅਸਲੀ ਸਮਸਿਆ ਹੈ।
ਸੰਸਾਰ ਜੰਗਾਂ ਦਾ ਮੂਲ ਕਾਰਨ ਦੁਨੀਆਂ ਭਰ ਦੇ ਦੇਸ਼ਾਂ ਦੇ ਕੁਦਰਤੀ ਸਾਧਨਾਂ  ਅਤੇ ਮਨੁੱਖੀ ਸ਼ਕਤੀ ਦੀ ਵੱਡੀ ਤੋਂ ਵਡੇਰੀ ਲੁੱਟ ਦਾ ਰਾਹ ਪੱਧਰਾ ਕਰਨਾ ਹੈ।  ਰਾਜਸੀ ਭਾਸ਼ਾ ਵਿੱਚ ਇਸ ਕਵਾਇਦ ਨੂੰ ”ਮੰਡੀਆਂ ਦੀ ਵੰਡ ਜਾਂ ਮੰਡੀਆਂ ‘ਤੇ ਕਬਜ਼ੇ ਲਈ  ਲੜਾਈ” ਠੀਕ ਹੀ ਕਿਹਾ ਜਾਂਦਾ ਹੈ। ਇਹ ਸਥਿਤੀ ਉਦੋਂ ਆਉਂਦੀ ਹੈ ਜਦੋਂ ਸੰਸਾਰ ਪੂੰਜੀਵਾਦ ਸੰਕਟਗ੍ਰਸਤ ਹੋਵੇ ਕਿਉਂਕਿ ਸੰਕਟ ‘ਚ ਫਸਣਾ ਪੂੰਜੀਵਾਦੀ ਰਾਜ ਪ੍ਰਬੰਧ ਦਾ ਜਨਮ ਜਾਤ ਲੱਛਣ ਹੈ।
ਲੋਕਾਈ ਨੂੰ ਪਰਣਾਏ, ਦੁਨੀਆਂ ਦੇ ਮਹਾਨ ਦਾਨਿਸ਼ਵਰ ਦਰੁਸਤ ਫੁਰਮਾਉਂਦੇ ਹਨ ਕਿ, ”ਜਦੋਂ ਤੱਕ ਦੁਨੀਆਂ ਦੇ ਕਿਸੇ ਇੱਕ ਵੀ ਦੇਸ਼ ਵਿੱਚ ਪੂੰਜੀਵਾਦ ਕਾਇਮ ਰਹੇਗਾ ਤਾਂ ਜੰਗ ਦਾ ਖਤਰਾ ਮੌਜੂਦ ਰਹੇਗਾ।”
ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਵਾਲੇ ਸਾਮਰਾਜੀ ਦੇਸ਼ਾਂ ਦੇ ਗੁੱਟ ਨੇ ਸੰਸਾਰ ਨੂੰ ਜੰਗ ਦਾ ਅਖਾੜਾ ਬਨਾਉਣ ਵਾਲੀਆਂ ਕਰਤੂਤਾਂ ਕਦੀ ਵੀ ਬੰਦ ਨਹੀਂ ਕੀਤੀਆਂ। ਉਂਝ ਵੀ ਇੱਕ ਸਿੱਧਾ-ਸਾਦਾ ਸਵਾਲ ਇਹ ਹੈ ਕਿ ਜੇ ਜੰਗਾਂ ਹੀ ਮੁੱਕ ਗਈਆਂ ਤਾਂ ਹਥਿਆਰਾਂ ਦੀ ਵਰਤੋਂ ਕਿੱਥੇ ਹੋਵੇਗੀ? ਜੇ ਹਥਿਆਰ ਵਰਤੇ ਹੀ ਨਾ ਗਏ ਤਾਂ ਹਥਿਆਰ ਨਿਰਮਾਤਾ ਰਾਸ਼ਟਰਾਂ ਅਤੇ ਕੰਪਨੀਆਂ ਦੇ ਪਹਾੜਾਂ ਜਿੱਡੇ ਮੁਨਾਫਿਆਂ ਦੀ ਹਵਸ ਦੀ ਪੂਰਤੀ ਕਿਥੋਂ ਹੋਵੇਗੀ ? ਸਪਸ਼ਟ ਗੱਲ ਇਹ ਹੈ ਕਿ ਹਥਿਆਰ ਅਤੇ ਜੰਗੀ ਸਾਜੋ-ਸਮਾਨ ਦੇ ਕਾਰੋਬਾਰੀਆਂ ਨੂੰ ਅਮਨ ਸ਼ਾਂਤੀ ਪੁੱਗਦੇ ਨਹੀਂ। ਜਦਕਿ ਸੰਸਾਰ ਭਰ ਦੇ ਦੇਸ਼ਾਂ ਦੇ ਆਮ ਲੋਕਾਂ ਨੂੰ ਜੰਗ ਨਹੀਂ ਪੁਗਦੀ। ਇਸੇ ਲਈ ਲੈਨਿਨ ਮਹਾਨ ਨੇ ਕਿਹਾ ਸੀ ,”ਸਾਨੂੰ ਅਮਨ ਅਤੇ ਰੋਟੀ ਚਾਹੀਦੀ ਹੈ।”
ਮੁੱਕਦੀ ਗੱਲ ਇਹ ਹੈ ਦੋਸਤੋ ਕਿ ਜੇ ਸੰਸਾਰ ਅਮਨ ਲੋਚਦੇ ਹੋ ਤਾਂ ਸਾਮਰਾਜ ਦਾ ਫਸਤਾ ਵੱਢਣ ਲਈ ਸੰਘਰਸ਼ਾਂ ਦੇ ਮੈਦਾਨਾਂ ਵਿਚ ਨਿੱਤਰੋ। ਜਿਵੇਂ ਮਰਹੂਮ ਹਬੀਬ ਜਾਲਿਬ ਲਿਖਦੇ ਹਨ, ”ਜ਼ੁਲਮ ਰਹੇ ਔਰ ਅਮਨ ਭੀ ਹੋ, ਕਿਆ ਮੁਮਕਿਨ ਹੈ ਤੁਮ ਹੀ ਕਹੋ!” ਇਸ ਬਾਕਮਾਲ ਸ਼ਿਅਰ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ, ”ਹਵਸ-ਇ-ਮੁਨਾਫਾ ਰਹੇ ਔਰ ਅਮਨ ਭੀ ਹੋ, ਕਿਆ ਮੁਮਕਿਨ ਹੈ ਤੁਮ ਹੀ ਕਹੋ!”
ਮਹੀਪਾਲ

Scroll To Top