Now Reading
ਆਲ ਇੰਡੀਆ ਫੈਡਰੇਸ਼ਨ ਆਫ ਡੈਮੋਕ੍ਰੇਟਿਕ ਵੂਮੈਨ (AIFDW) ਦੀ ਕੁਲ ਹਿੰਦ ਕਾਨਫਰੰਸ ਸਫਲਤਾ ਸਹਿਤ ਸੰਪਨ

ਆਲ ਇੰਡੀਆ ਫੈਡਰੇਸ਼ਨ ਆਫ ਡੈਮੋਕ੍ਰੇਟਿਕ ਵੂਮੈਨ (AIFDW) ਦੀ ਕੁਲ ਹਿੰਦ ਕਾਨਫਰੰਸ ਸਫਲਤਾ ਸਹਿਤ ਸੰਪਨ

ਆਲ ਇੰਡੀਆ ਫੈਡਰੇਸ਼ਨ ਆਫ ਡੈਮੋਕ੍ਰੇਟਿਕ ਵੂਮੈਨ ਦੀ ਪਲੇਠੀ ਕੁੱਲ ਹਿੰਦ ਕਾਨਫਰੰਸ, 29-30 ਨਵੰਬਰ ਅਤੇ 1 ਦਸੰਬਰ ਨੂੰ ਜੁਝਾਰੂ ਸੰਘਰਸ਼ਾਂ ਦੀ ਭੂਮੀ ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਸਥਿਤ, ਸਾਥੀ ਓਂਕਾਰ ਭਵਨ ਵਿਖੇ ਉਸਾਰੇ ਗਏ ਸ਼ਹੀਦ ਗੌਰੀ ਲੰਕੇਸ਼ ਹਾਲ ਵਿਖੇ ਸਫਲਤਾ ਸਹਿਤ ਸੰਪੰਨ ਹੋਈ । ਦੇਸ਼ ਦੇ 7 ਸੂਬਿਆਂ, ਪੰਜਾਬ, ਤਿਲੰਗਾਨਾ, ਕੇਰਲਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਮਹਾਰਾਸ਼ਟਰ, ਰਾਜਸਥਾਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਇਸਤਰੀ ਸੰਗਠਨਾਂ ਦੀ ਨੁਮਾਇੰਦਗੀ ਕਰਦੀਆਂ  200  ਡੈਲੀਗੇਟਸ ਅਤੇ ਦਰਸ਼ਕ ਬੀਬੀਆਂ ਨੇ ਇਸ ਇਤਿਹਾਸਕ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ।

ਦੇਸ਼ ਦੀ ਜਮਹੂਰੀ ਲਹਿਰ ਦੇ ਕੱਦਾਵਰ ਆਗੂਆਂ ਦੀ ਮੌਜੂਦਗੀ ਵਿੱਚ  ਇਸਤਰੀ ਅੰਦੋਲਨ ਦੀ ਸਤਿਕਾਰਤ ਆਗੂ ਕਾਮਰੇਡ ਬਿਮਲਾ ਦੇਵੀ (ਪੰਜਾਬ) ਵਲੋਂ ਜੋਸ਼ ਭਰਪੂਰ ਨਾਅਰਿਆਂ ਦੀ ਗੂੰਜ ਦਰਮਿਆਨ ਜੱਥੇਬੰਦੀ ਦਾ ਝੰਡਾ ਝੁਲਾਏ ਜਾਣ ਨਾਲ ਕਾਨਫਰੰਸ ਬਹੁਤ ਹੀ ਉਤਸ਼ਾਹ ਭਰਪੂਰ ਮਾਹੌਲ ਵਿੱਚ ਸ਼ੁਰੂ ਹੋਈ। ਸੱਭ ਤੋਂ ਪਹਿਲਾਂ ਇੱਕ ਸ਼ੋਕ ਮਤੇ ਰਾਹੀਂ ਇਸਤਰੀ ਹੱਕਾਂ ਲਈ ਜੂਝਦਿਆਂ ਜੀਵਨ ਲਾਉਣ ਅਤੇ ਸ਼ਹੀਦੀਆਂ ਪਾਉਣ ਵਾਲੀਆਂ ਮਹਾਨ ਇਸਤਰੀ ਆਗੂਆਂ ਅਤੇ ਸੰਸਾਰ ਕਿਰਤੀ ਲਹਿਰ ਦੇ ਮਹਾਨ ਆਗੂਆਂ ਨੂੰ ਦੋ ਮਿੰਟ ਮੌਨ ਖਲੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਅਡੋਲ ਤੁਰਦੇ ਰਹਿਣ ਦਾ ਪ੍ਰਣ ਦਿ੍ਰੜਾਇਆ ਗਿਆ।
ਕਾਨਫਰੰਸ ਦੀ ਪ੍ਰਧਾਨਗੀ ਬਿਮਲਾ ਦੇਵੀ, ਲੀਲਾ ਦੇਵੀ ਸ਼ਰਮਾ ਨੀਲਮ ਘੁਮਾਣ, ਅਨੀਸ ਜੌਰਜ, ਕੇ ਸੁਕੰਨਿਆ, ਜੁਪਰੀ ਭਵ ਟੋਪਲੀ, ਜੈਸੀ ਕੇ.ਟੀ. ਅਤੇ ਪੀ. ਕਰਿਸ਼ਨਾਮੱਲ ‘ਤੇ ਆਧਾਰਿਤ ਪ੍ਰਧਾਨਗੀ ਮੰਡਲ ਵਲੋਂ ਕੀਤੀ ਗਈ। ਇਨ੍ਹਾਂ ਤੋਂ ਬਿਨਾਂ ਮੰਚ ‘ਤੇ ਮਤਾ ਕਮੇਟੀ, ਕਾਰਵਾਈ ਕਮੇਟੀ, ਜਾਣ-ਪਛਾਣ ਕਮੇਟੀ ਦੀਆਂ ਮੈਂਬਰਾਨ ਡਾਕਟਰ ਰਘਬੀਰ ਕੌਰ, ਪ੍ਰੋਫੈਸਰ ਸੁਰਿੰਦਰ ਕੌਰ, ਕਟਾਰੀ ਵਿਜੇ ਕੁਮਾਰੀ ਅਤੇ ਰੇਖਾ ਸ਼ਰਮਾ ਵੀ ਮੌਜੂਦ ਸਨ।                                                                                                
ਕਾਨਫਰੰਸ ਦਾ ਉਦਘਾਟਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਵਲੋਂ ਕੀਤਾ ਗਿਆ । ਉਨ੍ਹਾਂ ਪਹਿਲੀ ਕਾਨਫਰੰਸ ਦੀ ਨਿੱਗਰ ਸ਼ੁਰੂਆਤ ਦੀ ਇਨਕਲਾਬੀ ਮੁਬਾਰਕਬਾਦ ਦਿੰਦਿਆਂ ਭਵਿੱਖ ਦੀਆਂ ਕਾਮਯਾਬੀਆਂ ਲਈ ਪ੍ਰਤੀਨਿਧਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਾਥੀ ਪਾਸਲਾ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਹੋਣੀ ’ਚ ਮਹੱਤਵਪੂਰਨ ਤਬਦੀਲੀ ਲਿਆਉਣ ਵਾਲੇ ਬਹਾਦਰਾਨਾ ਤਿਲੰਗਾਨਾ ਕਿਸਾਨ ਘੋਲ ਦੀ ਜਰਖ਼ੇਜ਼ ਭੂਮੀ ’ਤੇ ਇਸ ਪਹਿਲੀ ਇਸਤਰੀ ਕਾਨਫਰੰਸ ਦਾ ਆਯੋਜਨ ਆਪਣੇ ਆਪ ‘ਚ ਹੀ ਉਤਸ਼ਾਹ ਦਾ ਸੰਚਾਰ ਕਰਨ ਦਾ ਸਬੱਬ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਾਥੀ ਪੀ. ਸੁੰਦਰੱਈਆ ਅਤੇ ਐਮ. ਓਂਕਾਰ ਵਰਗੇ ਮਹਾਨ ਲੋਕ ਆਗੂਆਂ ਦੀ ਕਰਮ ਭੂਮੀ ਤੋਂ ਬੱਝਾ ਇਹ ਸੰਗਠਨ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ।
ਸਾਥੀ ਪਾਸਲਾ ਨੇ ਕਿਹਾ ਕਿ ਇਸਤਰੀਆਂ ਦਾ ਆਰਥਿਕ, ਜਿਸਮਾਨੀ ਅਤੇ ਭਾਵਨਾਤਮਕ ਸ਼ੋਸ਼ਣ ਵੈਸੇ ਤਾਂ ਸੰਸਾਰ ਭਰ ਦਾ ਵਰਤਾਰਾ ਹੈ ਪਰ ਭਾਰਤੀ ਉਪ ਮਹਾਦੀਪ ਦੇ ਦੇਸ਼ਾਂ ਖਾਸ ਕਰਕੇ ਭਾਰਤ ਵਿੱਚ ਇਸ ਵਰਤਾਰੇ ਦਾ ਸੱਭ ਤੋਂ ਜ਼ਾਲਿਮ ਅਤੇ ਨਿਰਦਈ ਰੂਪ ਦੇਖਣ ਨੂੰ ਮਿਲਦਾ ਹੈ । ਇਸ ਦਾ ਵੱਡਾ ਕਾਰਨ ਭਾਰਤ ’ਚ ਹਜਾਰਾਂ ਸਾਲਾਂ ਤੋਂ ਪਿੱਤਰਸੱਤਾਵਾਦੀ ਮਾਨਸਿਕਤਾ, ਮੰਨੂਵਾਦੀ ਸ਼ਾਸ਼ਨ ਵਿਵਸਥਾ ਅਤੇ ਪਿਛਾਖੜੀ ਧਾਰਨਾਵਾਂ ਦਾ ਕਾਇਮ ਰਹਿਣਾ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਜਿੱਥੇ ਇਹ ਹਾਲਾਤ ਬਦਲਣ ਲਈ ਇਸਤਰੀਆਂ ਦੇ ਸ਼ਕਤੀਸ਼ਾਲੀ ਸੰਗਠਨ ਅਤੇ ਤਿੱਖੇ-ਬੱਝਵੇਂ ਸੰਘਰਸ਼ ਲੋੜੀਂਦੇ ਹਨ ਉੱਥੇ ਇਸ ਗੱਲ ਦੀ ਵੀ ਡਾਢੀ ਲੋੜ ਹੈ ਕਿ ਦੇਸ਼ ਦਾ ਜਮਹੂਰੀ ਅਤੇ ਪ੍ਰਗਤੀਵਾਦੀ ਅੰਦੋਲਨ ਇਹ ਕਾਰਜ ਕੇਵਲ ਇਸਤਰੀ ਸੰਗਠਨਾਂ ਜਿੰਮੇ ਛੱਡਣ ਦੀ ਥਾਂ ਆਪਣਾ ਪ੍ਰਾਥਮਿਕ ਅਜੰਡਾ ਬਣਾਏ। ਸਾਥੀ ਪਾਸਲਾ ਨੇ ਕਿਹਾ ਕਿ ਭਾਰਤੀ ਉਪ ਮਹਾਂਦੀਪ ਦੇ ਦੇਸ਼ ਸ਼ਾਇਦ ਸੰਸਾਰ ਦਾ ਇਕਲੌਤਾ ਖਿੱਤਾ ਹਨ ਜਿੱਥੇ ਕਿਸੇ ਮਰਦ ਦੇ ਗੁਨਾਹ ਦੀ ਸਜਾ ਉਸ ਦੇ ਖਾਨਦਾਨ ਦੀਆਂ  ਔਰਤਾਂ ਨੂੰ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਵੀ ਦੁਖਦਾਈ ਤੱਥ ਇਹ ਹੈ ਕਿ ਅਜਿਹੇ ਅਮਾਨਵੀ ਕਾਰਿਆਂ ਨੂੰ ਕਾਨੂੰਨੀ ਅਤੇ ਸਮਾਜਿਕ ਮਾਨਤਾ ਹਾਸਲ ਹੈ।
ਉਨ੍ਹਾਂ ਕਿਹਾ ਕਿ ਇਹ ਅਤਿ ਦੁਖ ਦੀ ਗੱਲ ਹੈ ਕਿ ਵਰਤਮਾਨ ਦੌਰ ਦੇ ਸਭ ਤੋਂ ਪਿਛਾਂਹ ਖਿੱਚੂ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐਸ ਐਸ) ਦੀ ਹੱਥਠੋਕਾ ਮੋਦੀ ਸਰਕਾਰ ਦੇਸ਼ ਦੀ ਰਾਜਗੱਦੀ ‘ਤੇ ਕਾਬਜ਼ ਹੈ ਅਤੇ ਮੰਨੂਵਾਦੀ ਵਰਣ ਵਿਵਸਥਾ ਦੀ ਪੁਨਰ ਸਥਾਪਤੀ ਲਈ ਪੂਰਾ ਟਿੱਲ ਲਾ ਰਹੀ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਹਰ ਖੇਤਰ ਵਿੱਚ ਇਸਤਰੀਆਂ ਨਾਲ ਵਿਤਕਰੇ ਦਾ ਮੁੱਖ ਕਾਰਨ ਪਿੱਤਰਸੱਤਾਵਾਦੀ ਅਤੇ ਮੰਨੂ ਵਾਦੀ ਮਾਨਸਿਕਤਾ ਹੈ । ਉਨ੍ਹਾਂ ਕਿਹਾ ਕਿ ਬੇਸ਼ਕ ਇਸਤਰੀ ਅੰਦੋਲਨ ਦਾ ਅਰਥ ਕੇਵਲ ਤੇ ਕੇਵਲ ਮਰਦਾਂ ਦੀ ਮੁਖਾਲਫਤ ਨਹੀਂ ਹੋਣਾ ਚਾਹੀਦਾ ਪਰ ਇਸ ਦਾ ਇਹ ਅਰਥ ਵੀ ਕਤਈ ਨਹੀਂ ਕਿ ਇਸਤਰੀਆਂ ਹਰ ਕਿਸਮ ਦੇ ਸਮਝੌਤੇ ਹੀ ਕਰੀ ਜਾਣ।
ਕਾਮਰੇਡ ਮੰਗਤ ਰਾਮ ਪਾਸਲਾ ਨੇ ਤੱਥਾਂ ਸਹਿਤ ਖੁਲਾਸਾ ਕੀਤਾ ਕਿ ਉਂਝ ਤਾਂ ਬੇਸ਼ਕ ਸਾਰੀ ਕਿਰਤੀ ਵਸੋਂ ਹੀ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਦੀ ਮਾਰ ਥੱਲੇ ਪਿਸ ਰਹੀ ਹੈ ਪਰ ਇਨ੍ਹਾਂ  ਦੀ ਸੱਭ ਤੋਂ ਵਧੇਰੇ ਬੋਝ ਆਮ ਪਰਿਵਾਰਾਂ ਦੀਆਂ ਇਸਤਰੀਆਂ, ਬਾਲਾਂ ਅਤੇ ਬਜ਼ੁਰਗਾਂ ਨੂੰ ਝੱਲਣੀ ਪੈ ਰਹੀ ਹੈ। ਉਨ੍ਹਾਂ ਹਾਜਰ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਉਹ 8 ਜਨਵਰੀ 2020 ਨੂੰ ਕੇਂਦਰੀ ਟਰੇਡ ਯੂਨੀਅਨਾਂ ਅਤੇ ਕਰਮਚਾਰੀ ਸੰਗਠਨਾਂ ਵਲੋਂ ਦਿੱਤੇ ਗਏ ਕੌਮੀ ਹੜਤਾਲ ਦੇ ਸੱਦੇ ਨੂੰ ਭਾਰਤ ਬੰਦ ਦੀ ਸ਼ਕਲ ਦੇਣ ਲਈ ਘਰ-ਘਰ ਪਹੁੰਚ ਕਰਨ।
ਕਾਮਰੇਡ ਅਨੀਸ ਜੌਰਜ ਵਲੋਂ ਪਿਛਲੀਆਂ ਸਰਗਰਮੀਆਂ, ਭਵਿੱਖੀ ਕਾਰਜਾਂ, ਜਥੇਬੰਦੀ ਦੇ ਪ੍ਰੋਗਰਾਮ ਅਤੇ ਸੰਵਿਧਾਨ ਦਾ ਖਰੜਾ ਪੇਸ਼ ਕੀਤਾ ਗਿਆ। ਵੱਖੋ-ਵੱਖ ਪ੍ਰਾਂਤਾਂ ਦੇ  21 ਪ੍ਰਤੀਨਿਧਾਂ ਵਲੋਂ ਦਿੱਤੇ ਗਏ ਉਸਾਰੂ ਸੁਝਾਆਂ ਸਮੇਤ ਉਕਤ ਦਸਤਾਵੇਜ਼ ਸਰਵਸੰਮਤੀ ਨਾਲ ਪਾਸ ਕੀਤੇ ਗਏ ।  
ਭਰਪੂਰ ਤਾਲੀਆਂ ਦੀ ਗੜਗੜਾਹਟ ਦਰਮਿਆਨ ਐਮ ਸੀ ਪੀ ਆਈ (ਯੂ) ਦੇ ਜਨਰਲ ਸਕੱਤਰ ਸਾਥੀ ਮੁਹੰਮਦ ਗਾਊਸ ਵਲੋਂ ਹਾਜਰ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੀ ਕਾਨਫਰੰਸ ਤੋਂ  ਹੋਰ ਸੰਗਠਨਾਂ ਦੇ ਕੁੱਲ ਹਿੰਦ ਸੰਮੇਲਨਾਂ ਨੂੰ ਡਾਢੀ ਊਰਜਾ ਹਾਸਿਲ ਹੋਵੇਗੀ ।  
ਸਾਥੀ ਕਿਰਨਜੀਤ ਸੇਖੋਂ, ਅਸ਼ੋਕ ਓਂਕਾਰ, ਤਾਂਦਰਾ ਕੁਮਾਰ ਨੇ ਆਪੋ ਆਪਣੇ ਸੰਗਠਨਾਂ ਵਲੋਂ ਭਰਾਤਰੀ ਸੰਦੇਸ਼ ਦਿੰਦੇ ਹੋਏ ਹਰ ਕਿਸਮ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ।
ਅੰਤ ਵਿੱਚ ਸਰਵਸੰਮਤੀ ਨਾਲ ਨਵੀਂ ਟੀਮ ਦੀ ਚੋਣ ਕੀਤੀ ਗਈ ਜਿਸ ਅਨੁਸਾਰ ਲੀਲਾ ਦੇਵੀ ਸ਼ਰਮਾ (ਰਾਜਸਥਾਨ) ਸਰਪ੍ਰਸਤ, ਨੀਲਮ ਘੁਮਾਣ (ਪੰਜਾਬ) ਪ੍ਰਧਾਨ, ਅਨੀਸ ਜੌਰਜ (ਕੇਰਲਾ) ਜਨਰਲ ਸਕੱਤਰ, ਕੇ. ਸੁਕੰਨਿਆ (ਤਿਲੰਗਾਨਾ) ਖਜਾਨਚੀ, ਰਘਬੀਰ ਕੌਰ (ਪੰਜਾਬ) ਮੀਤ ਪ੍ਰਧਾਨ, ਕੇ.ਕੇ. ਰੇਮਾ (ਕੇਰਲਾ) ਮੀਤ ਸਕੱਤਰ, ਸ਼ਿਵਕਾਸੀ ਸੁੰਦਰੀ (ਤਾਮਿਲਨਾਡੂ) ਮੀਤ ਸਕੱਤਰ, ਕਟਾਰੀ ਵਿਜੇ ਕੁਮਾਰੀ (ਆਂਧਰਾ ਪ੍ਰਦੇਸ਼) ਮੀਤ ਸਕੱਤਰ ਚੁਣੇ ਗਏ। ਪੰਜਾਬ ਤੋਂ ਸੁਰਿੰਦਰ ਕੌਰ ਅਤੇ ਯੂ ਟੀ ਚੰਡੀਗੜ੍ਹ ਤੋਂ ਯੋਗੀਤਾ ਚੌਹਾਨ ਕੇਂਦਰੀ ਕਮੇਟੀ ਦੇ ਮੈਂਬਰ ਚੁਣੇ ਗਏ।
ਕਾਨਫਰੰਸ ਦੇ ਪਹਿਲੇ ਦਿਨ ਕੇਂਦਰੀ ਹੈਦਰਾਬਾਦ ਦੇ ਇੰਦਰਾ ਪਾਰਕ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅਤੇ ਫਿਰਕੂ-ਫਾਸ਼ੀ ਸਾਜ਼ਿਸ਼ਾਂ, ਔਰਤਾਂ ਖਿਲਾਫ਼ ਹੋ ਰਹੇ ਅਣਕਿਆਸੇ ਅੱਤਿਆਚਾਰਾਂ, ਇਸਤਰੀਆਂ ਨੂੰ ਹਰ ਖੇਤਰ ਵਿੱਚ ਸਮਾਨ ਅਧਿਕਾਰਾਂ ਦੀ ਗਰੰਟੀ ਆਦਿ ਮੰਗਾਂ-ਮਸਲਿਆਂ ਲਈ  ਵਿਸ਼ਾਲ ਇਸਤਰੀ ਰੈਲੀ ਕੀਤੀ ਗਈ ਜਿਸ ਵਿੱਚ ਹਜਾਰਾਂ ਬੀਬੀਆਂ ਜਥੇਬੰਦੀ ਦੇ ਬੈਨਰ, ਮੰਗਾਂ ਵਾਲੀਆਂ ਤਖਤੀਆਂ ਅਤੇ ਫਲੈਕਸਾਂ ਤੇ ਭਾਰੀ ਮਾਤਰਾ ਵਿੱਚ ਲਾਲ ਝੰਡੇ ਹੱਥਾਂ ਵਿੱਚ ਲੈ ਕੇ ਪੁਲਸ ਵਲੋਂ ਲਾਈਆਂ ਰੋਕਾਂ ਤੋੜ ਕੇ ਸ਼ਾਮਲ ਹੋਈਆਂ।
ਅੰਤਲੇ ਦਿਨ ਦੇਰ ਸ਼ਾਮ ਨੂੰ ਹੈਦਰਾਬਾਦ ਵਿਖੇ ਬਲਾਤਕਾਰ ਕਰਕੇ ਕਤਲ ਕਰ ਦਿੱਤੀ ਗਈ ਡਾਕਟਰ ਪਿ੍ਰਅੰਕਾ ਰੈਡੀ ਅਤੇ ਅਜਿਹੇ ਘਿਰਣਾ ਯੋਗ ਅਪਰਾਧਾਂ ਦੀਆਂ ਸ਼ਿਕਾਰ ਦੇਸ਼ ਭਰ ਦੀਆਂ ਹਜਾਰਾਂ ਬੀਬੀਆਂ ਨੂੰ ਇਨਸਾਫ ਦਿਵਾਉਣ ਲਈ ਪ੍ਰਭਾਵਸ਼ਾਲੀ ਕੈੰਡਲ ਮਾਰਚ ਕੀਤਾ ਗਿਆ।      

ਰਿਪੋਰਟ : ਡਾਕਟਰ ਰਘਬੀਰ ਕੌਰ

Scroll To Top