Now Reading
ਨਸ਼ਿਆਂ ਦੇ ਅਪਰਾਧਕ ਧੰਦੇ ਦੀ ਜੜ੍ਹ, ਦੋਸ਼ੀ ਤੇ ਮੁਕਤੀ ਦੀ ਤਲਾਸ਼

ਨਸ਼ਿਆਂ ਦੇ ਅਪਰਾਧਕ ਧੰਦੇ ਦੀ ਜੜ੍ਹ, ਦੋਸ਼ੀ ਤੇ ਮੁਕਤੀ ਦੀ ਤਲਾਸ਼

ਸਤਨਾਮ ਚਾਨਾ
ਨਸ਼ਿਆਂ ਨੇ ਪੰਜਾਬ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ। ਇਹ ਚਰਚਾ ਸਾਰਿਆਂ ਦੀ ਜ਼ੁਬਾਨ ’ਤੇ ਹੈ । ਇਹ ਚਰਚਾ ਹੁਣ ਸ਼ੁਰੂ ਨਹੀਂ ਹੋਈ, ਲੰਬੇ ਸਮੇਂ ਤੋਂ ਜਾਰੀ ਹੈ । ਰੋਕਥਾਮ ਲਈ ਭਰਪੂਰ ਯਤਨਾਂ ਦੀ ਚਰਚਾ ਵੀ ਹੁੰਦੀ ਰਹਿੰਦੀ ਹੈ। ਪਰ ਨਸ਼ਾਖੋਰੀ ਦਾ ਗ੍ਰਾਫ ਲਗਾਤਾਰ ਉੱਪਰ ਹੀ ਚੜ੍ਹਦਾ ਜਾਂਦਾ ਹੈ । ਨਸ਼ੇ ਨੇ ਕਿੰਨਿਆਂ ਦੀ ਜ਼ਿੰਦਗੀ ਨਿਗਲ੍ਹ ਲਈ ਹੈ, ਕਿੰਨਿਆਂ ਦੀ ਜਵਾਨੀ ਨਿਗਲ੍ਹ ਲਈ ਹੈ, ਕਿੰਨੇ ਘਰ ਨਿਗਲ੍ਹ ਲਏ ਹਨ ਅਤੇ ਕਿੰਨੀ ਸੰਪਤੀ ਨਿਗਲ੍ਹ ਲਈ ਹੈ, ਇਸ ਦਾ ਵੀ ਇਕ ਰਜਿਸਟਰ ਹੋਣਾ ਚਾਹੀਦਾ ਹੈ ਜਿਸਨੂੰ ਹਰ ਕੋਈ ਦੇਖ ਸਕੇ । ਰੋਜ਼ ਸੱਥਰ ਵਿਛਦੇ ਦੇਖ ਕੇ ਸਾਡੇ ਸਿਰਾਂ ਵਿਚ ਕੁਹਰਾਮ ਮੱਚਿਆ ਹੋਇਆ ਹੈ । ਸੱਤਾ ਅਤੇ ਸਮਾਜ ਦਰਮਿਆਨ ਲਕੀਰ ਖਿੱਚੀ ਗਈ ਹੈ । ਨਸ਼ਾਖੋਰੀ ਦੀ ਹਨ੍ਹੇਰੀ ਬਾਰੇ ਜਿੰਨੀਆਂ ਦਲੀਲਾਂ ਸੁਣਾਈ ਦਿੰਦੀਆਂ ਹਨ ਉਹ ਸੱਤਾ ਨੂੰ ਵੀ ਅਤੇ ਸਮਾਜ ਨੂੰ ਵੀ ਦੋਸ਼ੀ ਬਣਾਉਂਦੀਆਂ ਹਨ । ਪ੍ਰਸ਼ਾਸਨ ਨਸ਼ੇੜੀਆਂ ਨੂੰ ਨਸ਼ਾ ਵੇਚਣ ਵਾਲਿਆਂ ਜਿੰਨੇ ਹੀ ਦੋਸ਼ੀ ਸਮਝਦਾ ਹੈ । ਫੜੋਫੜੀ ਵਧੇਰੇ ਕਰਕੇ ਨਸ਼ੇੜੀਆਂ ਦੀ ਹੀ ਹੁੰਦੀ ਹੈ, ਜਾਂ ਫਿਰ ਉਨ੍ਹਾਂ ਦੀ ਹੁੰਦੀ ਹੈ ਜਿਹੜੇ ਨਸ਼ੇੜੀ ਵੀ ਹਨ ਅਤੇ ਨਸ਼ਾ ਪੂਰਾ ਕਰਨ ਲਈ ਨਸ਼ਾ ਵੇਚਦੇ ਵੀ ਹਨ । ਜਦੋਂ ਕਿ ਸਮਾਜ ਦਾ ਰੋਸ ਇਹ ਹੈ ਕਿ ਸਰਕਾਰ ਨਸ਼ੇ ਦੇ ਥੋਕ ਵਪਾਰੀਆਂ ਨੂੰ ਹੱਥ ਨਹੀਂ ਪਾਉਂਦੀ ਕਿਉਂਕਿ ਉਨ੍ਹਾਂ ਦੀ ਪਿੱਠ ਉੱਤੇ ਕੁਝ ਵੱਡੇ ਲੋਕ ਹਨ । ਪਰ ਕੀ ਬਹਿਸ-ਦਰ-ਬਹਿਸ ਅਤੇ ਦੋਸ਼-ਪ੍ਰਤੀ-ਦੋਸ਼ ਲਾਉਣ ਨਾਲ ਪੰਜਾਬ ਦੇ ਅਜੋਕੇ ਸੰਕਟ ਦਾ ਹੱਲ ਸੰਭਵ ਹੈ ? ਨਿਰਸੰਦੇਹ ਸਮੱਸਿਆ ਦਾ ਕਾਰਨ ਲੱਭੇ ਬਿਨਾਂ ਵਿਧੀ ਅਤੇ ਫ਼ਰਜ਼ ਨਿਸ਼ਚਤ ਨਹੀਂ ਹੋ ਸਕਦੇ ।
ਨਸ਼ਿਆਂ ਦਾ ਧੰਦਾ ਕਿਸੇ ਵੀ ਹੋਰ ਜਿਣਸ ਦੇ ਧੰਦੇ ਵਰਗਾ ਨਹੀਂ ਹੈ । ਇਸ ਦੇ ਅਨੇਕ ਪਹਿਲੂ ਹਨ ਅਤੇ ਅਨੇਕ ਹੀ ਕਾਰਨ ਹਨ ਜੋ ਇਕ ਦੂਜੇ ਵਿਚ ਉਲ੍ਹਝੇ ਹੋਏ ਹਨ ਜਿਸ ਕਾਰਨ ਸਮੱਸਿਆ ਸੁਲਝਾਉਣ ਦੇ ਜੋ ਸੁਝਾਅ ਸੁਣਾਈ ਦਿੰਦੇ ਹਨ ਉਹ ਵੀ ਕਈ ਪ੍ਰਕਾਰ ਦੇ ਹਨ । ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਖੂੰਖਾਰ ਸਾਨ੍ਹ ਨੂੰ ਪੂੰਛ ਤੋਂ ਫੜਕੇ ਕਾਬੂ ਕਰ ਲੈਣ ਦਾ ਭਰਮ ਪਾਲ੍ਹ ਲਿਆ ਹੈ ਅਤੇ ਸਮੱਸਿਆ ਦੇ ਪਿੱਛੇ-ਪਿੱਛੇ ਘਸੀਟ ਹੁੰਦੇ ਜਾ ਰਹੇ ਹਾਂ।
ਜੇਕਰ ਸੱਤਾ ਦੀ ਸੁਹਿਰਦਤਾ ਸ਼ੱਕੀ ਹੋ ਗਈ ਹੈ ਤਾਂ ਇਸਦੇ ਵਾਜਵ ਕਾਰਨ ਹਨ । ਬੇੱਬਸ ਹੋਏ ਲੋਕ, ਨਸ਼ਾ ਮੁਕਤੀ ਦੇ ਹੱਲ ਆਪ ਵੀ ਸੋਚਦੇ ਰਹਿੰਦੇ ਹਨ ਅਤੇ ਉਮੀਦ ਕਰਦੇ ਹਨ ਕਿ ਸਰਕਾਰ ਜੇਕਰ ਉਨ੍ਹਾਂ ਦੇ ਸੋਚੇ ਅਨੁਸਾਰ ਚੱਲੇ ਤਾਂ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ । ਦੂਜੇ ਪਾਸੇ, ਸਿਆਤਦਾਨ ਲੋਕਾਂ ਦੀ ਮਾਨਸਿਕਤਾ ਨਾਲ ਖੇਡਦੇ ਹਨ ਅਤੇ ਚੋਣਾਂ ਨੇੜੇ ਜਾ ਕੇ ਉਨਾਂ ਦੀ ਧੁੰਨ ਵਿਚ ਧੁੰਨ ਰਲਾ ਲੈਂਦੇ ਹਨ ਅਤੇ ਉਨ੍ਹਾਂ ਦਾ ਯਕੀਨ ਜਿੱਤਣ ਵਿਚ ਸਫਲ ਹੋ ਜਾਂਦੇ ਹਨ । ਜਿੱਤਣ ਉਪਰੰਤ, ਹਾਕਮ ਜਦੋਂ ਆਪਣਾ ਅਸਲੀ ਬੈਂਡ ਵਜਾਉਦੇ ਹਨ ਤਾਂ ਲੋਕ ਪਛਤਾਉਂਦੇ ਹਨ, ਵਕਤੀ ਤੌਰ ’ਤੇ ਉਨ੍ਹਾਂ ਨਾਲ ਰੁੱਸ ਵੀ ਜਾਂਦੇ ਹਨ । ਇਸ ਤਰ੍ਹਾਂ, ਲੰਬੇ ਸਮੇਂ ਤੋਂ ਲੋਕਾਂ ਦੀ ਆਸ਼ਾ ਅਤੇ ਨਿਰਾਸ਼ਾ ਦਾ ਦੌਰ ਚੱਲਦਾ ਆ ਰਿਹਾ ਹੈ । ਗੰਭੀਰ ਚਿੰਤਾਵਾਂ ਇਹ ਵੀ ਹਨ ਕਿ ਆਸ਼ਾ-ਨਿਰਾਸ਼ਾ ਦੇ ਨਿਰੰਤਰ ਚੱਲਦੇ ਇਹ ਦੌਰ ਲੋਕਾਂ ਨੂੰ ਇਸ ਸਿੱਟੇ ’ਤੇ ਨਾ ਪਹੁੰਚਾ ਦੇਣ ਕਿ ਨਸ਼ਿਆਂ ਦਾ ਕੋਈ ਹੱਲ ਹੈ ਹੀ ਨਹੀਂ । ਜਿਵੇਂ ਕਿ ਅਮਰੀਕਾ ਦੇ ਤੱਤਕਾਲੀ ਪ੍ਰਧਾਨ, ਬਰਾਕ ਓਬਾਮਾ ਨੇ ਗੰਭੀਰ ਅਤੇ ਨਿਰਾਸ਼ਾਮਈ ਸੰਦੇਸ਼ ਦੇਣ ਦਾ ਯਤਨ ਕੀਤਾ ਸੀ ਕਿ ਸੰਸਾਰ ਨਸ਼ਿਆਂ ਵਿਰੁੱਧ ਜੰਗ ਹਾਰ ਚੁੱਕਾ ਹੈ । ਓਬਾਮਾ ਦਾ ਇਹ ਸੰਦੇਸ਼ ਭਾਵੇਂ ਪ੍ਰਵਾਨ ਕਰਨ ਯੋਗ ਨਹੀਂ ਪਰ ਇਹ ਸਮੱਸਿਆ ਦੀ ਗਹਿਰਾਈ ਜ਼ਰੂਰ ਬਿਆਨ ਕਰਦਾ ਹੈ ।
ਉਸ ਸਮੇਂ ਸਾਨੂੰ ਜ਼ਰੂਰ ਹੀ ਆਪਣੀ ਆਤਮਾ ਝੰਜੋੜਨੀ ਚਾਹੀਦਾ ਹੈ ਜਦੋਂ ਇਹ ਪਤਾ ਲੱਗੇ ਕਿ ਨਸ਼ੇ ਦੇ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਕਿਸੇ ਸਿਆਸਤਦਾਨ ਜਾਂ ਪ੍ਰਸ਼ਾਸਨਕ ਅਧਿਕਾਰੀ ਦਾ ਆਪਣਾ ਹੀ ਪੁੱਤਰ ਨਸ਼ੇ ਦੀ ਭੇਂਟ ਚੜ੍ਹ ਗਿਆ ਹੈ । ਸਾਨੂੰ ਆਪਣੇ ਆਪਨੂੰ ਇਹ ਸਵਾਲ ਵੀ ਜ਼ਰੂਰ ਪੁੱਛਣਾ ਚਾਹੀਦਾ ਹੈ ਕਿ ਅਜਿਹੇ ਬਦਕਿਸਮਤ ਬਾਪ ਨੇ ਤਸਕਰਾਂ ਦਾ ਸਾਥ ਕਿਉਂ ਦਿੱਤਾ ਹੋਵੇਗਾ ? ਕੀ ਔਲਾਦ ਨਾਲੋਂ ਵੱਧ ਪਿਆਰੀ ਕੋਈ ਹੋਰ ਚੀਜ਼ ਵੀ ਹੈ ਜਿਸ ਨੂੰ ਉਹ ਪਹਿਲ ਦੇਣ ਲਈ ਮਜਬੂਰ ਹੈ ? ਇਹ ਸਵਾਲ, ਸ਼ਾਇਦ ਸਾਨੂੰ ਸੱਚ ਦੇ ਵਧੇਰੇ ਨੇੜੇ ਲੈ ਜਾਵੇ ।
ਕਦੀ ਕਦੀ ਅਸੀਂ ਉਨ੍ਹਾਂ ਕਾਰਨਾਂ ਨੂੰ ਨਸ਼ਿਆਂ ਦੇ ਮੁੱਖ ਕਾਰਨ ਮੰਨ ਲੈਂਦੇ ਹਾਂ ਜਿਨ੍ਹਾ ਦੀ ਭੂਮਿਕਾ ਅੰਸ਼ਕ ਜਾਂ ਨਿਗੂਣੀ ਹੈ। ਸਾਨੂੰ ਕਦੇ ਲੱਗਦਾ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਬਾਰੇ ਜਾਗਰਤੀ ਨਹੀਂ ਹੈ ਜਿਸ ਕਰਕੇ ਦੋਸ਼ ਮਾਪਿਆਂ ਅਤੇ ਅਧਿਆਪਕਾਂ ਵਿਚ ਦਿਖਾਈ ਦੇਣ ਲੱਗਦਾ ਹੈ । ਕਦੇ ਕਹਿੰਦੇ ਹਾਂ ਕਿ ਬੇਰੁਜ਼ਗਾਰੀ ਨੇ ਨੌਜਵਾਨਾਂ ਅੰਦਰ ਜੋ ਨਿਰਾਸ਼ਾ ਪੈਦਾ ਕਰ ਰੱਖੀ ਹੈ ਉਸ ਨੂੰ ਭੁਲਾਉਣ ਵਾਸਤੇ ਉਹ ਨਸ਼ਾ ਕਰਦੇ ਹਨ । ਖੇਡਾਂ ਵੱਲ ਅਕੱਰਸ਼ਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ । ਰਾਜਨੀਤਕ ਮੱਸ ਰੱਖਣ ਵਾਲੇ ਕੁਝ ਲੋਕ ਨਸ਼ਿਆਂ ਦੀ ਵਬਾਅ ਨੂੰ, ਸੋਚੀ ਸਮਝੀ ਸਾਜ਼ਿਸ਼ ਦੱਸਦੇ ਹਨ ਜੋ ਮਾਰਸ਼ਲ ਕੌਮ ਨੂੰ ਹਮੇਸ਼ਾ ਲਈ ਖਤਮ ਕਰਨ ਵਾਸਤੇ ਘੜੀ ਗਈ ਹੈ । ਇਹ ਵੀ ਸੁਣਿਆ ਜਾਂਦਾ ਹੈ ਕਿ ਜੋ ਸਰਕਾਰ ਖੁਦ ਸ਼ਰਾਬ ਵੇਚਦੀ ਹੈ ਅਤੇ ਤੰਬਾਕੂ ਵੇਚਣ ਦੀ ਆਗਿਆ ਦਿੰਦੀ ਹੈ ਉਹ ਨਸ਼ੇ ਖਤਮ ਕਰਨ ਪ੍ਰਤੀ ਸੰਜੀਦਾ ਕਿਵੇਂ ਹੋ ਸਕਦੀ ਹੈ ? ਸ਼ਰਾਬ ਅਤੇ ਤੰਬਾਕੂ ਹੀ ਤਾਂ ਹਰ ਨਸ਼ੇ ਦੀ ਜੜ੍ਹ ਲਾਉਂਦੇ ਹਨ । ਪ੍ਰਸ਼ਾਸਨ ਦੇ ਸਾਜ਼ਬਾਜ਼ ਹੋਏ ਬਿਨਾਂ ਜੇਲ੍ਹਾਂ ਅੰਦਰ ਨਸ਼ਾ ਕਿਵੇਂ ਪ੍ਰਵੇਸ਼ ਕਰ ਸਕਦਾ ਹੈ ਜਿੱਥੇ ਚਿੜੀ ਨਹੀਂ ਫਟਕ ਸਕਦੀ ? ਅਦਿ । ਭਾਵੇਂ ਕਿ ਇਹ ਅੰਦਾਜ਼ੇ ਆਧਾਰ ਰਹਿਤ ਨਹੀਂ ਹਨ ਪਰ ਸਮੱਸਿਆ ਦੇ ਮੂਲ੍ਹ ਚਰਿਤਰ ਨੂੰ ਜਾਣੇ ਬਿਨਾਂ ਇਸਨੂੰ ਸੁਲਝਾਇਆ ਨਹੀਂ ਜਾ ਸਕਦਾ। ਸਭ ਤੋਂ ਪਹਿਲਾਂ ਇਹ ਨਿਸਚਿਤ ਕਰਨ ਦੀ ਲੋੜ ਹੈ ਕਿ ਸਮੱਸਿਆ ਦੀ ਜੜ੍ਹ ਸਮਾਜੀ ਮਾਨਸਿਕਤਾ ਵਿਚ ਹੈ ਜਾਂ ਨਿੱਜੀ ਮਾਨਸਿਕਤਾ ਵਿਚ ਹੈ? ਰਾਜਕੀ-ਅਰਥ ਵਿਵਸਥਾ ਵਿਚ ਹੈ ਜਾਂ ਪ੍ਰਸ਼ਾਸਨਿਕ ਵਿਵਸਥਾ ਵਿਚ ਹੈ ? ਇਹ ਬਹੁਤ ਹੀ ਕਠਨ ਅਤੇ ਗੁੰਝਲਦਾਰ ਸਵਾਲ ਹੈ ।
ਸਾਡੇ ਪ੍ਰਾਚੀਨ ਸਾਹਿਤ ਤੋਂ ਪਤਾ ਲੱਗਦਾ ਹੈ ਕਿ ਨਸ਼ਿਆਂ ਦਾ ਸੇਵਨ ਛੇ ਹਜ਼ਾਰ ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ । ਪਰ ਇਹ ਖ਼ੌਫਨਾਕ ਅਤੇ ਜਾਨਲੇਵਾ ਪਿਛਲੀ ਸਦੀ ਵਿਚ ਹੀ ਬਣਿਆ ਹੈ ਅਤੇ ਇਸ ਦੀ ਭਿਆਨਕਤਾ ਦੀਆਂ ਜੜ੍ਹਾਂ ਦੋ ਸਦੀਆਂ ਤੋਂ ਵੱਧ ਪਿੱਛੇ ਨਹੀਂ ਜਾਂਦੀਆਂ । ਹਜ਼ਾਰਾਂ ਸਾਲ ਸਮਾਜ ਦਾ ਆਲਾ ਦੁਆਲਾ ਨਸ਼ੀਲੇ ਪੌਦਿਆਂ ਨਾਲ ਭਰਪੂਰ ਰਿਹਾ ਸੀ । ਕੋਈ ਕਨੂੰਨੀ ਪਾਬੰਦੀ ਵੀ ਨਹੀਂ ਸੀ ਅਤੇ ਸਜ਼ਾ ਦੀ ਵਿਵਸਥਾ ਵੀ ਨਹੀਂ ਸੀ । ਫਿਰ ਵੀ ਸਮਾਜਿਕ ਪ੍ਰਾਣੀਆਂ ਵਲੋਂ ਮੁਫਤ ਦੇ ਨਸ਼ੇ ਵਿਚ ਡੁੱਬੇ ਰਹਿਣ ਦਾ ਕਿਤੇ ਜ਼ਿਕਰ ਨਹੀਂ ਮਿਲਦਾ। ਕੀ ਸਾਡੀਆਂ ਪੁਰਾਤਨ ਪੀੜ੍ਹੀਆਂ ਸਾਡੇ ਨਾਲੋਂ ਵਧੇਰੇ ਸੁਲ੍ਹਝੀਆਂ ਹੋਈਆਂ ਸਨ ਜਾਂ ਵਧੇਰੇ ਸਭਿਅਕ ਸਨ ? ਸਾਡੇ ਕੋਲ ਇਸਦਾ ਕੀ ਉੱਤਰ ਹੈ ?
ਜਦੋਂ ਅਸੀਂ ਪੰਜਾਬ ਉੱਤੇ ਕੇਂਦਰਤ ਹੁੰਦੇ ਹਾਂ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੰਯੁਕਤ ਰਾਸ਼ਟਰ 27 ਜੂਨ ਨੂੰ ਪੂਰੇ ਵਿਸ਼ਵ ਵਿਚ ਨਸ਼ਾ ਵਿਰੋਧੀ ਦਿਨ ਮਨਾਉਂਦਾ ਹੈ । ਸਗੋਂ, ਸਾਨੂੰ ਇਹ ਲੱਭਣਾ ਚਾਹੀਦਾ ਹੈ ਕਿ ਵਿਸ਼ਵ ਦੇ ਨਸ਼ੀਲੇ ਨਕਸ਼ੇ ਵਿਚ ਪੰਜਾਬ ਕਿੱਥੇ ਸਥਿੱਤ ਹੈ ? ਪੰਜਾਬ ਬਾਰੇ ਸੋਚਦਿਆਂ ਇਹ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਜਿਨ੍ਹਾਂ ਨਸ਼ਿਆਂ ਨੇ ਪੰਜਾਬ ਉੱਤੇ ਹੱਲਾ ਬੋਲਿਆ ਹੋਇਆ ਹੈ ਉਨ੍ਹਾਂ ਵਿੱਚੋਂ ਇਕ ਵੀ ਨਸ਼ਾ ਪੰਜਾਬ ਵਿਚ ਪੈਦਾ ਨਹੀਂ ਹੁੰਦਾ । ਜਿਹੜਾ ਨਸ਼ਾ ਪੰਜਾਬ ਵਿਚ ਆਮ ਅਤੇ ਮੁਫਤ ਮਿਲਦਾ ਹੈ (ਸੁੱਖਾ ਜਾਂ ਭੰਗ), ਉਸ ਪ੍ਰਤੀ ਨਸ਼ੇੜੀਆਂ ਵਿਚ ਕੋਈ ਖਿੱਚ ਨਹੀਂ । ਇਸਦਾ ਅੰਤਰ ਰਾਸ਼ਟਰੀ ਪਸਾਰ ਅਤੇ ਪ੍ਰਭਾਵ ਜਾਣੇ ਬਿਨਾ ਕੋਈ ਹੱਲ ਸੋਚਣਾ ਸਾਨੂੰ ਅੰਤਰਮੁੱਖਤਾ ਦਾ ਸ਼ਿਕਾਰ ਬਣਾ ਦਿੰਦਾ ਹੈ । ਨਸ਼ਾ ਹੁਣ ਕਿਸੇ ਗਰੋਹ ਦਾ ਧੰਦਾ ਨਹੀਂ ਰਹਿ ਗਿਆ ਸਗੋਂ ਮਹਾਂ ਸ਼ਕਤੀ ਬਣ ਚੁੱਕਾ ਹੈ ਜੋ ਸਾਮਰਾਜ ਦੇ ਸਮਾਂਨਾਤਰ ਖੜ੍ਹਾ ਸਾਮਰਾਜ ਹੈ । ਖਬਰਾਂ ਕੇਵਲ ਨਸ਼ਿਆਂ ਕਾਰਨ ਜਾ ਰਹੀਆਂ ਜਾਨਾਂ ਦੀਆਂ ਹੀ ਨਹੀਂ ਆਉਂਦੀਆਂ ਸਗੋਂ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜੇ ਜਾਣ ਦੀਆਂ ਵੀ ਆਉਂਦੀਆਂ ਹਨ । ਹਰ ਆਏ ਦਿਨ ਫੜੀ ਜਾਂਦੀ ਮਿਕਦਾਰ ਜ਼ਿਆਦਾ ਹੀ ਹੁੰਦੀ ਹੈ । ਜਦੋਂ ਕਿ ਲੋਕ ਸਪਲਾਈ ਬੰਦ ਹੋ ਜਾਣ ਦੀ ਖਬਰ ਉਡੀਕ ਰਹੇ ਹੁੰਦੇ ਹਨ ।
ਨਸ਼ਿਆਂ ਨੂੰ ਆਇਆ ਇਤਿਹਾਸਕ ਮੋੜ ਲੱਭਣ ਲਈ ਸਾਨੂੰ ਕਾਫੀ ਪਿੱਛੇ ਜਾਣਾ ਪਵੇਗਾ ਜਦੋਂ ਰਵਾਇਤੀ ਨਸ਼ੇ ਸੋਧ ਕੇ, ਉਨ੍ਹਾਂ ਦੀ ਗੁਣਵੱਤਾ ਨੂੰ ਕਈ ਜਰ੍ਹਬਾਂ ਦੇ ਦਿੱਤੀਆਂ ਗਈਆਂ ਸਨ ਅਤੇ ਸਿਹਤ ਕਲਿਆਣ ਲਈ ਦਵਾਈਆਂ ਵਜੋਂ ਇਸਤੇਮਾਲ ਕਰਨਾ ਸ਼ੁਰੂ ਕੀਤਾ ਗਿਆ ਸੀ । ਇਹ ਤਕਰੀਬਨ ਉੱਨ੍ਹੀਵੀਂ ਸਦੀ ਦੀ ਪਹਿਲੀ ਚੌਥਾਈ ਦਾ ਵਾਕਿਆ ਹੈ ਜਦੋਂ ਅਫ਼ੀਮ ਦੀ ਕਾਇਆਕਲਪ ਕਰਕੇ ਮੌਰਫੀਨ ਬਣਾਈ ਗਈ ਸੀ । ਮੌਰਫੀਨ, ਸੱਚਮੁੱਚ ਹੀ ਸਿਹਤ ਕਲਿਆਣ ਲਈ ਕਰਾਂਤੀਕਾਰੀ ਛਲਾਂਗ ਸੀ, ਸਵਾਗਤਯੋਗ ਸੀ । ਲੇਖਕ ਦੇ ਇਕ ਡਾਕਟਰ ਮਿੱਤਰ ਅਨੁਸਾਰ ਇਸ ਖੋਜ ਉਪਰੰਤ ਸਿਹਤ ਸੇਵਾਵਾਂ ਵਿਚ ਇੰਝ ਮਹਿਸੂਸ ਕੀਤਾ ਜਾਣ ਲੱਗਾ ਸੀ ਜਿਵੇਂ ਹਰ ਬਿਮਾਰੀ ਦਾ ਇਲਾਜ ਸੌਖਾ ਹੋ ਗਿਆ ਹੈ । ਪਰ ਜਲਦੀ ਹੀ ਇਸਦੀ ਦੁਰਵਰਤੋਂ ਆਰੰਭ ਹੋ ਗਈ । ਜਿਵੇਂ ਕਿ ਮਨੁੱਖ ਹਰ ਵਿਗਿਆਨਕ ਲੱਭਤ ਦੀ ਦੁਰਵਰਤੋਂ ਕਰਨਾ ਗਿੱਝ ਗਿਆ ਹੈ । ਇਸੇ ਤਰ੍ਹਾਂ ਮੌਰਫੀਨ ਤੋਂ ਬਾਅਦ ਵੀ ਈਜਾਦ ਕੀਤੀਆਂ ਕਲਿਆਣਕਾਰੀ ਦਵਾਈਆਂ, ਜਿਹੜੀਆਂ ਅਫ਼ੀਮ ਤੋਂ ਵਿਕਸਤ ਹੋਈਆਂ, ਨਾਲ ਵੀ ਇੰਝ ਹੀ ਹੋਇਆ । ਕਲਿਆਣਕਾਰੀ ਪਦਾਰਥਾਂ ਦੀ ਦੁਰਵਰਤੋਂ ਕੌਣ੍ਹ ਤੇ ਕਿਉਂ ਕਰਦਾ ਹੈ, ਇਸ ਦੀ ਚਰਚਾ ਅੱਗੇ ਚੱਲ ਕੇ ਕਰਾਂਗੇ ।
ਕਿਸੇ ਵੇਲੇ ਦੇਸੀ ਨਸ਼ਿਆਂ ਦੀਆਂ ਚਾਰ ਕੁ ਹੀ ਕਿਸਮਾਂ ਹੁੰਦੀਆਂ ਸਨ ਜੋ ਵਧਕੇ ਹੁਣ ਚੌਵੀ ਜਾਂ ਪੰਝੀ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਚਿੱਟੇ ਭੂਰੇ ਸਭ ਨਸ਼ੇ ਸ਼ਾਮਲ ਹਨ । ਭੂਗੋਲਿਕ ਤੌਰ ਤੇ ਜਿੱਥੇ ਅਸੀਂ ਬੈਠੇ ਹਾਂ ਉਸਦੇ ਪੂਰਬੀ ਅਤੇ ਪੱਛਮੀ ਖਿੱਤਿਆਂ ਵਿਚ ਵਿਸ਼ਵ ਦਾ ਅੱਸੀ ਪ੍ਰਤੀਸ਼ਤ ਨਸ਼ਾ ਪੈਦਾ ਹੁੰਦਾ ਹੈ । ਇਨ੍ਹਾਂ ਦੋਹਾਂ ਖਿੱਤਿਆਂ ਨੂੰ, ਕੌਮਾਂਤਰੀ ਤਸਕਰਾਂ ਨੇ “ਗੋਲਡਨ ਟ੍ਰਾਇਐਂਗਲ” (ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਈਰਾਨ) ਅਤੇ ‘‘ਗੋਲਡਨ ਕਿ੍ਰਸੈਂਟ’’ (ਬਰਮਾਂ, ਥਾਈਲੈਂਡ ਅਤੇ ਲਾਓਸ) ਨਾਮ ਦੇ ਰੱਖੇ ਹਨ ।
ਨਸ਼ੇ ਨੂੰ ਕਿਉਂਕਿ ਅਸੀਂ ਲੋਰ ਜਾਂ ਲੁਤਫ ਦੀਆਂ ਨਜ਼ਰਾਂ ਨਾਲ ਹੀ ਦੇਖਦੇ ਅਤੇ ਸਮਝਦੇ ਆ ਰਹੇ ਹਾਂ, ਇਸ ਕਰਕੇ ਇਸਦੇ ਅਸਲੀ ਭੇਦ ਨੂੰ ਜਾਨਣ ਵਿਚ ਭਾਰੀ ਦਿੱਕਤ ਆਉਂਦੀ ਹੈ । ਸਰੂਰ ਦਾ ਪੁਰਾਤਨ ਸੰਕਲਪ ਸਾਨੂੰ ਅਜੋਕੇ ਨਸ਼ੇ ਦੀ ਹਕੀਕਤ ਜਾਨਣ ਤੋਂ ਦੂਰ ਰੱਖ ਰਿਹਾ ਹੈ । ਇਹ ਸੰਕਲਪ ਸਾਡੇ ਪ੍ਰਾਚੀਨ ਸਾਹਿਤ ਅਤੇ ਲੋਕ ਬੋਲੀਆਂ ਵਿਚ ਵੀ ਉਪਲਭਧ ਹੈ । ਜਿਵੇਂ ਕਿ, “‘ਪੋਸਤਾ ਦਿਲ ਦੋਸਤਾ ਤੇਰਾ ਸੋਨੇ ਨਾਲ ਮੜ੍ਹਾਵਾਂ ਬੂਟਾ, ਲੱਖ ਰੁਪਏ ਦੀ ਪੀਣਕ ਦਿੰਦੈ ਕਰੋੜ ਰੁਪਏ ਦਾ ਝੂਟਾ’” । ਇਹ ਨਸ਼ੇ ਪ੍ਰਤੀ ਔਸ਼ਧਿਕ ਜਾਂ ਰਸਾਇਣਕ ਦਿ੍ਰਸ਼ਟੀਕੋਣ ਹੈ । ਇਸੇ ਤਰ੍ਹਾਂ ਅਸੀਂ ਬੇਰੁਜ਼ਗਾਰੀ ਨੂੰ ਵੀ ਨਸ਼ੇ ਦੀ ਮਾਨਸਿਕ ਕਿਰਿਆ ਨਾਲ ਜੋੜ ਲੈਂਦੇ ਹਾਂ ਨਾ ਕਿ ਉਪਜੀਵਕਾ ਨਾਲ ਜੋੜਦੇ ਹਾਂ । ਪਰ ਇਹ ਨਹੀਂ ਸੋਚਦੇ ਕਿ ਹਰ ਬੇਰੁਜ਼ਗਾਰ ਹੀ ਆਪਣੀ ‘ਨਿਰਾਸ਼ਾ ਦੂਰ ਕਰਨ ਲਈ’ ਨਸ਼ੇੜੀ ਕਿਉਂ ਨਹੀਂ ਬਣਦਾ ? ਇੱਕਾ-ਦੁੱਕਾ ਹੀ ਕਿਉਂ ਇਸ ਜਾਲ੍ਹ ਵਿਚ ਫਸਦਾ ਹੈ ?
ਇੱਥੇ ਇਤਿਹਾਸ ਦੀਆਂ ਦੋ ਮਹੱਤਵਪੂਰਨ ਘਟਨਾਵਾਂ ਨੂੰ ਯਾਦ ਕਰਕੇ ਨਸ਼ਾ ਮੁਕਤੀ ਵੱਲ ਪਰਤਾਂਗੇ । ਇਹ ਘਟਨਾਵਾਂ ਵੀ ਉਨੀਵੀਂ ਸਦੀ ਦੇ ਪਹਿਲੇ ਅੱਧ ਵਿਚ ਵਾਪਰੀਆਂ ਸਨ । ਪਹਿਲੀ ਘਟਨਾ ਦਾ ਕੁਝ ਜ਼ਿਕਰ ਪਹਿਲਾਂ ਅਇਆ ਵੀ ਹੈ । ਇਹ ਮੌਰਫੀਨ ਦੀ ਈਜਾਦ ਸੀ। ਮੌਰਫੀਨ ਦੇ ਖੋਜਕਾਰਾਂ ਦਾ ਮਨੋਰਥ ਤਾਂ ਰੋਗਾਂ ਉੱਤੇ ਜਿੱਤ ਪ੍ਰਾਪਤ ਕਰਨਾ ਸੀ । ਪਰ ਇਸ ਦੇ ਨਿੱਜੀ ਉਤਪਾਦਨ ਨੇ ਖੋਜਕਾਰਾਂ ਦੇ ਮਾਨਵੀ ਮਨੋਰਥ ਨੂੰ ਮੰਡੀ ਦੇ ਮਨੋਰਥ ਵਿਚ ਬਦਲ ਦਿੱਤਾ । ਦਵਾਈ ਇਲਾਜ ਦੇ ਹੱਥੋਂ ਨਿਕਲ ਕੇ ਮੁਨਾਫੇ ਦੇ ਹੱਥਾਂ ਵਿਚ ਚਲੀ ਗਈ । ਨਿੱਜੀ ਉਤਪਾਦਕ ਦਾ ਇੱਕੋ ਇਕ ਮਨੋਰਥ, ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ । ਜਿੰਨਾ ਕਿਸੇ ਪਦਾਰਥ ਦਾ ਵੱਧ ਸੇਵਨ ਓਨਾ ਵੱਧ ਮੁਨਾਫਾ । ਜਿਸ ਕਰਕੇ ਖਪਤਕਾਰ ਲੱਭਣ ਅਤੇ ਨਵੇਂ ਖਪਤਕਾਰ ਪੈਦਾ ਕਰਨ ਲਈ ਹਰ ਸੰਭਵ ਵਿਧੀ ਵਰਤਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਦੂਜੀ ਘਟਨਾ ਅਫੀਮ ਦੇ ਵਪਾਰ ਵਿਚ ਈਸਟ ਇੰਡੀਆ ਕੰਪਨੀ ਦੇ ਸਿੱਧੇ ਪ੍ਰਵੇਸ਼ ਦੀ ਹੈ ਜਿਸਨੇ ਅਫ਼ੀਮ ਦੇ ਵਪਾਰ ਨੂੰ ਵੱਡਾ ਹੁਲਾਰਾ ਦਿੱਤਾ ਸੀ । ਇਹ ਮੋੜ ਵੀ ਉਨ੍ਹਾਂ ਦਹਾਕਿਆਂ ਵਿਚ ਹੀ ਆਇਆ ਸੀ ਜਦੋਂ ਉਪਰੋਕਤ ਦਵਾਈਆਂ ਦੀ ਈਜਾਦ ਹੋਈ ਸੀ । ਈਸਟ ਇੰਡੀਆ ਕੰਪਨੀ ਇਸ ਖਿੱਤੇ ‘ਚ ਪੈਦਾ ਹੁੰਦੀ ਅਫ਼ੀਮ ਖਰੀਦਕੇ, ਚੀਨ ਵਿਚ ਵੇਚਣ ਲੱਗੀ ਅਤੇ ਬਦਲੇ ਵਿਚ ਚੀਨ ਦਾ ਬਿਹਤਰੀਨ ਰੇਸ਼ਮ ਖਰੀਦ ਕੇ ਯੋਰਪ ਦੀ ਮੰਡੀ ਵਿਚ ਲਿਜਾਣ ਲੱਗੀ । ਦੁਵੱਲੇ ਮੁਨਾਫੇ ਨੇ, ਇਕ ਪਾਸੇ ਤਾਂ ਈਸਟ ਇੰਡੀਆ ਕੰਪਨੀ ਦੇ ਵਾਰੇ ਨਿਆਰੇ ਕਰ ਦਿੱਤੇ ਅਤੇ ਦੂਜੇ ਪਾਸੇ ਚੀਨੀ ਵਸੋਂ ਦੇ ਵਿਸ਼ਾਲ ਹਿੱਸੇ ਨੂੰ ਅਫ਼ੀਮਚੀ ਬਣਾ ਦਿੱਤਾ । ਮੁਨਾਫੇ ਦੀ ਇਸ ਬਰਸਾਤ ਵਿਚ ਨਹਾਉਣ ਲਈ ਫਰਾਂਸੀਸੀ ਵੀ ਕੁੱਦ ਪਏ । ਅਫ਼ੀਮ ਵਿਰੁੱਧ ਚੀਨ ਅੰਦਰ ਭਾਰੀ ਰੋਸ ਉੱਠਿਆ । ਅਫੀਮ ਦੇ ਵਿਰੋਧ ਕਾਰਨ, ਚੀਨ ਦੀ ਧਰਤੀ ਤੇ ਦੋ ਲੰਬੀਆਂ ਜੰਗਾਂ ਹੋਈਆਂ ਜਿਨ੍ਹਾਂ ਨੂੰ ‘ਅਫ਼ੀਮ ਦੀਆਂ ਜੰਗਾਂ’ ਵਜੋਂ ਯਾਦ ਕੀਤਾ ਜਾਂਦਾ ਹੈ । ਪਹਿਲੀ ਜੰਗ ਚੀਨ ਅਤੇ ਬਰਤਾਨੀਆਂ ਵਿਚਕਾਰ ਹੋਈ ਜਿਹੜੀ 1839 ਤੋਂ 1842 ਤੱਕ ਚੱਲੀ । ਚੀਨੀ ਇਹ ਜੰਗ ਹਾਰ ਗਏ । ਨਤੀਜੇ ਵਜੋਂ ਅਫੀਮ ਦਾ ਕੌਮਾਂਤਰੀ ਵਪਾਰ ਹੋਰ ਤੇਜ਼ ਹੋ ਗਿਆ । ਚੀਨੀ ਅਫੀਮ ਦੀ ਦਰਾਮਦ ਵਿਰੁੱਧ ਫਿਰ ਉੱਠੇ ਅਤੇ ਲੜੇ । ਇਸ ਵਾਰ ਬਰਤਾਨੀਆਂ ਅਤੇ ਫਰਾਂਸੀਸੀਆਂ ਨੇ ਮਿਲਕੇ ਚੀਨੀਆਂ ਵਿਰੁੱਧ ਜੰਗ ਲੜੀ ਜੋ 1856 ਵਿਚ ਸ਼ੁਰੂ ਹੋ ਕੇ 1860 ਤੱਕ ਚੱਲੀ । ਚੀਨੀ ਫਿਰ ਹਾਰ ਗਏ । ਬੱਸ ਫਿਰ ਕੀ ਸੀ, ਸੰਨ 1860 ਦੇ ਹਾਰੇ ਹੋਏ ਚੀਨੀ 1949 ਦੀ ਸਮਾਜਵਾਦੀ ਕਰਾਂਤੀ ਤੱਕ (ਤਕਰੀਬਨ 90 ਸਾਲ), ਅਫ਼ੀਮ ਤੋਂ ਜਾਨ ਛੁਡਾਉਣ ਦਾ ਸੁਪਨਾ ਵੀ ਨਾ ਲੈ ਸਕੇ ।
ਨਸ਼ਿਆਂ ਵਿਰੁੱਧ ਲੜਨ ਵਾਲਿਆਂ ਸਾਹਮਣੇ ਇਹ ਇਕ ਗੰਭੀਰ ਸਵਾਲ ਹੈ ਕਿ ਸਮਾਜਵਾਦੀ ਕਰਾਂਤੀ ਤੋਂ ਬਾਦ ਚੀਨ ਕੁਝ ਸਾਲਾਂ ਵਿਚ ਹੀ ਨਸ਼ੇ ਨੂੰ ਜੜ੍ਹੋਂ ਉਖਾੜਨ ਵਿਚ ਕਿਵੇਂ ਸਫਲ ਹੋ ਗਿਆ ਸੀ ? ਇਸ ਦਾ ਉੱਤਰ ਨਿਰਾਸ਼ਾ ‘ਚ ਡੁੱਬੇ ਸਭ ਓਬਾਮਿਆਂ ਨੂੰ ਅਤੇ ਨਸ਼ਾ ਮੁਕਤੀ ਲਈ ਜੂਝ ਰਹੇ, ਸਾਡੇ ਵਰਗਿਆਂ ਨੂੰ ਵੀ ਲੱਭਣਾ ਚਾਹੀਦਾ ਹੈ । ਕੀ ਇਹ ਚੀਨੀ ਸੱਤਾ ਦੀ ਸਖਤੀ ਦਾ ਨਤੀਜਾ ਸੀ ਜਾਂ ਉਸ ਵੱਲੋਂ ਸਥਾਪਤ ਕੀਤੀ ਅਸਲੋਂ ਹੀ ਵੱਖਰੀ ਰਾਜਕੀ-ਅਰਥ ਵਿਵਸਥਾ ਦਾ ਨਤੀਜਾ ਸੀ ? ਜਾਂ ਫਿਰ ਕਾਨੂੰਨੀ ਸਖਤੀ ਅਤੇ ਬਦਲਵੀਂ ਵਿਵਸਥਾ ਦੀ ਸਾਂਝੀ ਪ੍ਰਾਪਤੀ ਸੀ ? ਇਸਦਾ ਨਿਰਣਾ ਭਲੀਭਾਂਤ ਕੀਤਾ ਜਾ ਸਕਦਾ ਹੈ । ਪਰ ਪਹਿਲਾਂ, ਉਦਾਹਰਣ ਮਾਤਰ ਸਖਤ ਕਾਨੂੰਨਾਂ ਦੇ ਨਤੀਜਿਆਂ ਤੇ ਨਜ਼ਰ ਮਾਰ ਲਈਏ ।
ਅਸਲ ਵਿਚ, ਨਿਰਾਸ਼ਾ ਬੇਲਗਾਮ ਮੁਨਾਫੇ ਦੇ ਸੰਸਾਰ ਦੀ ਉਪਜ ਹੈ । ਨਸ਼ੇ ਦਾ ਜਾਨਲੇਵਾ ਹੋਣਾ, ਮੂਲ੍ਹ ਰੂਪ ਵਿਚ, ਮੁਨਾਫਾ ਨਾਮ ਦੇ ਸ਼ੈਤਾਨ ਦੀ ਮੁਜਰਮਾਨਾ ਸਾਜ਼ਿਸ਼ ਹੈ । ਤਜਰਬੇ ਨੇ ਸਾਬਤ ਕੀਤਾ ਹੈ ਕਿ ਇਕੱਲੀ ਕਾਨੂੰਨੀ ਸਖਤੀ ਜਾਂ ਪ੍ਰਸ਼ਾਸਨਕ ਓੜ੍ਹਪੋੜ੍ਹ ਨਸ਼ਿਆਂ ਤੋਂ ਜਹਾਨ ਦੀ ਜਾਨ ਨਹੀਂ ਛੁਡਾ ਸਕਦੇ । ਕੇਵਲ ਤੇ ਕੇਵਲ ਕਨੂਨੀ ਡੰਡਾ, ਕਿਸੇ ਪ੍ਰਕਾਰ ਦੇ ਜੁਰਮ ਦਾ ਖਾਤਮਾਂ ਨਹੀਂ ਕਰ ਸਕਦਾ, ਜੇਕਰ ਬਦਲਵੀਂ ਵਿਵਸਥਾ ਨਾ ਸਿਰਜੀ ਜਾਵੇ । ਡੰਡਾ ਓਦੋਂ ਤੱਕ ਹੀ ਵਿਗੜਿਆਂ ਤਿਗੜਿਆਂ ਦਾ ਪੀਰ ਸੀ ਜਦੋਂ ਤੱਕ ਮੁਨਾਫੇ ਨੇ ਅਜੇ ਹਾਕਮਾਨਾ ਸਥਾਨ ਹਾਸਲ ਨਹੀਂ ਸੀ ਕੀਤਾ। ਬੇਲਗਾਮ ਹੋਣ ਉਪਰੰਤ ਮੁਨਾਫੇ ਨੇ ਉਲਟਾ ਮਨੁੱਖਾਂ ਨੂੰ ਲਗਾਮ ਪਾ ਲਈ ਹੈ ਅਤੇ ਜੀਵਨ ਦੇ ਹਰ ਪਹਿਲੂ ਵਿਚ ਪ੍ਰਵੇਸ਼ ਕਰ ਗਿਆ ਹੈ । ਬੇਲਗਾਮ ਮੁਨਾਫੇ ਰਾਹੀਂ ਹੁੰਦੀ ਲੁੱਟ ਨੂੰ ਜੁਰਮ ਕਰਾਰ ਦੇਣ ਦੀ ਥਾਂ ਜੁਰਮ ਖੁਦ ਮੁਨਾਫਾ ਬਖਸ਼ ਹੋ ਗਿਆ ਹੈ, ਮੰਡੀ ਦੀ ਜਿਣਸ ਬਣ ਗਿਆ ਹੈ । ਜਿਸ ਨੇ ਸਾਨੂੰ ਸਪਾਰੀ ਵਰਗੇ ਸ਼ਬਦ ਦਿੱਤੇ ਹਨ । ਤਾਂ ਫਿਰ ਪ੍ਰਸ਼ਨ ਇਹ ਹੈ ਕਿ ਕੀ ਨਸ਼ੇ ਦਾ ਧੰਦਾ ਖਤਮ ਕਰ ਸਕਣ ਦੀ ਸੰਭਾਵਨਾ ਵੀ ਹੈ ? ਇਸ ਦਾ ਉੱਤਰ ਇਹ ਹੈ ਕਿ ਜਿਹੜਾ ਧੰਦਾ ਜਿੰਨੀ ਦੇਰ ਕਮਾਈ ਦਾ ਸਾਧਨ ਬਣਿਆ ਰਹਿੰਦਾ ਹੈ ਉਸ ਨੂੰ ਓਨੀ ਦੇਰ ਖਤਮ ਕਰਨਾ ਸੰਭਵ ਨਹੀਂ ਹੁੰਦਾ । ਉਹ ਧੰਦਾ ਭਾਵੇਂ ਨਸ਼ਿਆਂ ਦਾ ਹੋਵੇ ਭਾਵੇਂ ਆਤੰਕ ਦਾ ਹੋਵੇ । ਵਿਆਖਿਆ ਲਈ ਥੋੜ੍ਹਾ ਹੋਰ ਪਿੱਛੇ ਚੱਲਦੇ ਹਾਂ।
ਨਸ਼ਾ ਜਦੋਂ ਮੰਡੀ ਦੀ ਜਿਣਸ ਨਹੀਂ ਸੀ ਉਸ ਸਮੇਂ ਨਸ਼ੇ ’ਤੇ ਪਾਬੰਦੀ ਅਤੇ ਸਜ਼ਾ ਦਾ ਕਾਨੂੰਨ ਵੀ ਨਹੀਂ ਸੀ । ਕਾਨੂੰਨ ਨਸ਼ੇ ਦੇ ਮੰਡੀਕਰਨ ਤੋਂ ਬਾਅਦ ਹੋਂਦ ਵਿਚ ਆਇਆ ਸੀ । ਨਸ਼ਿਆਂ ਉੱਪਰ ਪਾਬੰਦੀ ਦੇ ਕਾਨੂੰਨਾਂ ਦਾ ਇਤਿਹਾਸ ਵੀ ਉਨੀਵੀਂ ਸਦੀ ਦੇ ਅੱਧ ਕੁ ਵਿਚ ਹੀ ਆਰੰਭ ਹੁੰਦਾ ਹੈ । ਸਮੇਂ ਦੇ ਨਾਲ ਨਾਲ ਇਹ ਕਾਨੂੰਨ ਸਖਤ ਤੋਂ ਸਖਤ ਰੂਪ ਲੈਂਦੇ ਗਏ । ਸਵਾਲ ਇਹ ਹੈ ਕਿ ਕੀ ਸਜ਼ਾਵਾਂ ਅਤੇ ਸਖਤੀਆਂ ਨੇ ਨਸ਼ਾ ਮੁਕਤੀ ਵਿਚ ਕੋਈ ਸਹਾਇਤਾ ਕੀਤੀ ? ਪਾਬੰਦੀਆਂ ਅਤੇ ਕਾਨੂੰਨ ਓਦੋਂ ਹੀ ਸਹਾਈ ਹੁੰਦੇ ਹਨ ਜਦੋਂ ਰਾਜਕੀ-ਅਰਥ ਵਿਵਸਥਾ ਵਿਚ ਵੀ ਪਰਿਵਰਤਨ ਕੀਤੇ ਜਾਣ ਜਿਹੜੇ ਸਮਾਜ ਕਲਿਆਣ ਦਾ ਮਨੋਰਥ ਰੱਖਦੇ ਹੋਣ। ਵਿਵਸਥਾ ਵਿਚ ਪਰਿਵਰਤਨ ਕੀਤੇ ਬਿਨਾ ਕੀਤੀ ਸਖਤੀ ਨਸ਼ਾਬੰਦੀ ਵਿਚ ਸਹਾਈ ਨਹੀਂ ਹੁੰਦੀ ਸਗੋਂ ਮੁਨਾਫੇ ਵਿਚ ਉਛਾਲ ਲਿਆਉਂਦੀ ਹੈ। ਖੁਲ੍ਹਾ ਮਿਲਦਾ ਪਦਾਰਥ ਤਸਕਰੀ ਵਿਚ ਤਬਦੀਲ ਹੋ ਕੇ ਚਾਂਦੀ ਹੋ ਜਾਂਦਾ ਹੈ । “ਅੱਗ ਲੱਗੀ ਤੋਂ ਮਸ਼ਕਾਂ ਦਾ ਭਾਅ ਕੌਣ੍ਹ ਪੁੱਛਦੈ”? ਨਸ਼ਾ, ਪਦਾਰਥ ਵੀ ਅਜਿਹਾ ਹੈ ਜਿਸ ਦੀ ਤੋਟ ਆਉਣ ਤੇ ਨਸ਼ੇੜੀ ਦੀ ਜਾਨ ਤੇ ਬਣ ਜਾਂਦੀਆਂ ਹਨ । ਨਤੀਜੇ ਵਜੋਂ ਨਸ਼ੇੜੀ ਉਸ ਸਮੇਂ ਕੁਝ ਵੀ ਕਰਨ ਅਤੇ ਕਿਸੇ ਵੀ ਭਾਅ ਖਰੀਦਣ ਲਈ ਤਿਆਰ ਹੋ ਜਾਂਦਾ ਹੈ ।
ਬੀਤੇ ਵਿਚ, ਦੁਨੀਆਂ ਦੇ ਅਨੇਕ ਦੇਸ਼ਾਂ ਨੇ, ਰਾਜਕੀ-ਅਰਥ ਵਿਵਸਥਾ ਨੂੰ ਜਿਓਂ ਦਾ ਤਿਓਂ ਕਾਇਮ ਰੱਖਦਿਆਂ, ਪਾਬੰਦੀਆਂ ਅਤੇ ਸਖਤੀਆਂ ਦੇ ਤਜਰਬੇ ਕੀਤੇ ਹਨ । ਉਦਾਹਰਣ ਦੇ ਤੌਰ ਤੇ, ਅਮਰੀਕਾ ਨੇ 1856 ਵਿਚ ਸ਼ਰਾਬ ਉੱਤੇ ਕਾਨੂੰਨੀ ਪਾਬੰਦੀ ਲਾਈ ਸੀ । ਪਰ 1921 ਵਿਚ ਉੱਕਾ ਹੀ ਖਤਮ ਕਰ ਦਿੱਤੀ । (ਦੂਜੇ ਦੇਸ਼ਾਂ ਦੇ ਨਸ਼ਾ ਵਿਰੋਧੀ ਕਨੂੰਨ ਏਥੇ ਚਰਚਾ ਦਾ ਵਿਸ਼ਾ ਨਹੀਂ ਹਨ) । ਅਮਰੀਕਾ ਤੋਂ ਇਕ ਸਾਲ ਬਾਅਦ, 1857 ਵਿਚ ਭਾਰਤ ਅੰਦਰ ਵੀ ਪਹਿਲਾ ਨਸ਼ਾ ਵਿਰੋਧੀ ਕਾਨੂੰਨ ਲਾਗੂ ਕੀਤਾ ਗਿਆ ਸੀ । ਓਦੋਂ ਚੀਨ ਅੰਦਰ ਅਫ਼ੀਮ ਦੀ ਦੂਜੀ ਜੰਗ ਅਜੇ ਚੱਲ ਰਹੀ ਸੀ । ਇਸ ਕਰਕੇ ਅੰਗਰੇਜ਼ਾਂ ਵਲੋਂ ਲਾਈ ਪਾਬੰਦੀ ਦੇ ਅਸਲ ਮਨੋਰਥ ਨੂੰ ਸਮਝਣ ਵਿਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ । ਇਸ ਉਪਰੰਤ ਭਾਰਤ ਵਿਚ ਪਾਬੰਦੀ ਦਾ ਇਕ ਹੋਰ ਕਾਨੂੰਨ 1930 ਵਿਚ ਲਾਗੂ ਕੀਤਾ ਗਿਆ । ਦੇਸ਼ ਆਜ਼ਾਦ ਹੋ ਜਾਣ ਉਪਰੰਤ, ਲੋਕਾਂ ਦੀ ਸਿਹਤ ਨੂੰ ਏਜੰਡੇ ਤੇ ਲੈਂਦਿਆਂ, ਦੇਸ਼ ਦੇ ਸੰਵਿਧਾਨ ਵਿਚ ਉਦੇਸ਼ ਦਰਜ਼ ਕੀਤਾ ਗਿਆ ਕਿ ਸਰਕਾਰ ਦੇਸ਼ ਨੂੰ ਨਸ਼ਾ ਮੁਕਤ ਕਰੇਗੀ । ਉਲਟਾ ਨਸ਼ੇ ਦੀਆਂ ਮਿੱਲ੍ਹਾਂ ਲੱਗੀਆਂ । ਫੇਰ ਸੰਨ 1979 ਵਿਚ ਕਾਨੂੰਨ ਹੋਰ ਸਖਤ ਕਰ ਦਿੱਤਾ ਗਿਆ, ਆਦਿ । ਵਿਵਸਥਾ ਵਿਚ ਪਰਿਵਰਤਨ ਕੀਤੇ ਬਿਨਾਂ ਕਨੂੰਨੀ ਸਖਤੀ ਕਦੇ ਸਹਾਈ ਨਹੀਂ ਹੁੰਦੀ ।
ਜਿੰਨੀ ਦੇਰ ਅਸੀਂ ਨਸ਼ੇ ਦੇ ਮੰਡੀਕਰਨ ਅਤੇ ਮੁਨਾਫੇ ਦੇ ਤੰਤਰ ਨੂੰ ਨਹੀਂ ਸਮਝ ਲੈਂਦੇ ਓਨੀ ਦੇਰ ਇਹ ਵੀ ਨਹੀਂ ਸਮਝ ਸਕਾਂਗੇ ਕਿ ਕਿਸੇ ਵੇਲੇ ਸਧਾਰਣ ਪਦਾਰਥ ਹੋਣ ਵਾਲੇ ਨਸ਼ੇ ਨੇ ਏਨੀ ਤਾਕਤ ਕਿਵੇਂ ਹਾਸਲ ਕਰ ਲਈ ਹੈ ? ਨਿਰਸੰਦੇਹ, ਅਰਥ ਵਿਵਸਥਾ ਚਲਾਉਣ ਵਿਚ ਮੁਨਾਫੇ ਦੀ ਕੁੰਜੀਵਤ ਭੂਮਿਕਾ ਹੁੰਦੀ ਹੈ ਪਰ ਜਦੋਂ ਇਹ ਬੇਲਗਾਮ ਹੋ ਜਾਂਦਾ ਹੈ ਤਾਂ ਬੇਤਰਸ ਅਤੇ ਬੇਕਿਰਕ ਬਣ ਜਾਂਦਾ ਹੈ । ਮੰਡੀ ਦੇ ਪਸਾਰ ਲਈ ਜਾਨ ਦੀ ਬਾਜ਼ੀ ਲਾ ਦਿੰਦਾ ਹੈ।
ਮੁਨਾਫੇ ਦਾ ਇਹ ਤੰਤਰ ਹੀ ਬੇਰੁਜ਼ਗਾਰ ਨੂੰ ਵੀ ਆਪਣੇ ਗੋਰਖ ਧੰਦੇ ਵਿਚ ਫਸਾਉਂਦਾ ਹੈ । ਧਨ ਦੇ ਸਬਜ਼ਬਾਗ ਉਸਨੂੰ ਇਹ ਧੰਦਾ ਅਪਨਾਉਣ ਲਈ ਉਕਸਾਉਂਦੇ ਹਨ । ਸ਼ੁਰੂ ਕਰਨ ਲਈ ਜਦ ਉਹ ਨਸ਼ੇ ਨੂੰ ਖੁਦ ਚੱਖ ਕੇ ਦੇਖਦਾ ਹੈ ਤਾਂ ਹਮੇਸ਼ਾ ਲਈ ਫਸ ਜਾਂਦਾ ਹੈ । ਜਦੋਂ ਉਸਨੂੰ ਆਪਣੀ ਬਦਕਿਸਮਤੀ ਦਾ ਪਤਾ ਲੱਗਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ । ਇੱਥੋਂ ਅਸੀਂ ਸਮਝ ਸਕਦੇ ਹਾਂ ਕਿ ਨਸ਼ਿਆਂ ਦੀ ਕੇਵਲ ਹੋਂਦ ਹੀ ਨਸ਼ੇੜੀ ਪੈਦਾ ਨਹੀਂ ਕਰਦੀ ਸਗੋਂ ਇਸਦਾ ਮੰਡੀਕਰਨ ਨਸ਼ੇੜੀ ਪੈਦਾ ਕਰਦਾ ਹੈ । ਪਹਿਲੇ ਪਹਿਲ ਪੰਜਾਬ ਮਾਰੂ ਨਸ਼ਿਆਂ ਦਾ ਲਾਂਘਾ ਹੀ ਸੀ ਪਰ ਬਾਅਦ ਵਿਚ ਮੰਡੀ ਵੀ ਬਣ ਗਿਆ ।
ਮੰਡੀ ਦੋ ਨਿਸ਼ਾਨੇ ਨਿਸਚਤ ਕਰਕੇ ਚੱਲਦੀ ਹੈ : ਖਪਤਕਾਰ ਅਤੇ ਵਿਕਰੇਤਾ । ਮੰਡੀ ਖਪਤਕਾਰ ਨੂੰ ਟਾਰਗਟ ਕਰਕੇ ਪਹਿਲਾਂ ਉਹਦੇ ਅੰਦਰ ਇੱਛਾ ਫੂਕਦੀ ਹੈ ਤੇ ਫਿਰ ਜਿਣਸ ਦੇ ਤੀਰ ਨਾਲ ਉਸਨੂੰ ਫੁੰਡ ਲੈਂਦੀ ਹੈ । ਦੂਜੇ ਪਾਸੇ ਵਿਕਰੇਤਾ ਨੂੰ ਮੁਨਾਫੇ ਦੀਆਂ ਅਦਾਵਾਂ ਨਾਲ ਸੰਮੋਹਤ ਕਰਕੇ ਰੱਖਦੀ ਹੈ ਤੇ ਖੁਸ਼ਹਾਲੀ ਉਸਨੂੰ ਆਪਣੇ ਅੱਗੇ ਨਾਚ ਕਰਦੀ ਦਿਖਾਈ ਦਿੰਦੀ ਰਹਿੰਦੀ ਹੈ । ਇਸ ਪ੍ਰਸੰਗ ਵਿਚ ਅਸੀਂ ਉਸ ਬਾਪ ਦੀ ਮਾਨਸਿਕਤਾ ਨੂੰ ਵੀ ਸਮਝ ਗਏ ਹੋਵਾਂਗੇ ਜਿਹੜਾ ਆਪਣੀ ਔਲਾਦ ਨੂੰ ਦਾਅ ’ਤੇ ਲਾ ਕੇ ਵੀ ਨਸ਼ੇ ਦੇ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਤੋਂ ਪਿੱਛੇ ਨਹੀਂ ਹਟਦਾ। ਵਿਕਰੇਤਾ ਦੀ ਖੁਸ਼ਹਾਲੀ ਵਿਚ ਉਸਨੂੰ ਆਪਣੇ ਸਿਤਾਰੇ ਵੀ ਟਿਮਟਮਾਉਂਦੇ ਦਿਖਣ ਲੱਗਦੇ ਹਨ । ਇਸ ਤਰ੍ਹਾਂ ਬੇਲਗਾਮ ਮੁਨਾਫਾ ਬੇਤਰਸੀ ਦੇ ਘੋੜੇ ’ਤੇ ਸਵਾਰ ਹੋ ਕੇ ਮਨੁੱਖਾਂ ਨੂੰ ਦਰੜਦਾ ਤੁਰਿਆ ਜਾਂਦਾ ਹੈ ।
ਹੁਣ ਇੱਥੇ ਪ੍ਰਸ਼ਨ ਇਹ ਹੈ ਕਿ ਕੀ ਬੇਲਗਾਮ ਮੁਨਾਫੇ ਤੋਂ ਰਹਿਤ ਵੀ ਰਾਜਕੀ-ਅਰਥ ਵਿਵਸਥਾ ਸਿਰਜੀ ਜਾ ਸਕਦੀ ਹੈ ? ਜੇਕਰ ਸਿਰਜੀ ਜਾ ਸਕਦੀ ਹੈ ਤਾਂ ਕੀ ਸਾਡੇ ਦੇਸ਼ ਵਿਚ ਇਸਦੀ ਫੌਰੀ ਸੰਭਾਵਨਾ ਹੈ? ਜੇਕਰ ਨਹੀਂ ਹੈ ਤਾਂ ਕੀ ਓਦੋਂ ਤੱਕ ਨਸ਼ਾ ਮੁਕਤੀ ਨੂੰ ਮੁਅੱਤਲ ਕਰਨਾ ਪਵੇਗਾ? ਇਹ ਅਸਹਿ ਹੈ ।ਅਜਿਹਾ ਸੋਚਣਾ ਖੁਦ ਨਸ਼ੇ ਦੀ ਤਸਕਰੀ ਕਰਨ ਵਰਗਾ ਅਪਰਾਧ ਹੈ । ਤਾਂ ਫਿਰ ਕੀ ਕੀਤਾ ਜਾਵੇ? ਆਖਰਕਾਰ ਹੱਲ ਤਾਂ ਕਾਨੂੰਨ ਹੀ ਹੈ, ਸਜ਼ਾਵਾਂ ਅਤੇ ਸਖ਼ਤੀਆਂ ਹੀ ਹਨ । ਜੇਕਰ ਜੇਲ੍ਹ ਅਤੇ ਜੇਲ੍ਹ ਦੇ ਡਰ ਨੇ, ਹੁਣ ਤੱਕ ਨਸ਼ਾਂ ਮੁਕਤੀ ਵਿਚ ਕੋਈ ਸਹਾਇਤਾ ਨਹੀਂ ਕੀਤੀ ਤਾਂ ਕਾਨੂੰਨ ਅਤੇ ਸਜ਼ਾ ਦਾ ਸੁਭਾਅ ਤਬਦੀਲ ਕਰਨ ਦੀ ਲੋੜ ਹੈ ।
ਨਿਰਸੰਦੇਹ ਨਸ਼ਿਆਂ ਦਾ ਜਾਨਲੇਵਾ ਧੰਦਾ ਧਨ ਕਮਾਉਣ ਲਈ ਕੀਤਾ ਜਾਂਦਾ ਹੈ । ਜੇਕਰ ਸਜ਼ਾਵਾਂ ਅਤੇ ਸਖ਼ਤੀਆਂ ਨਾਲ ਤਸਕਰ ਦਾ ਧਨ ਪ੍ਰਭਾਵਤ ਨਹੀਂ ਹੁੰਦਾ ਤਾਂ ਜੇਲ੍ਹ ਹੋ ਜਾਣ ਦੇ ਬਾਵਜੂਦ ਉਸਦਾ ਮਨੋਰਥ ਸਫਲ ਰਹਿੰਦਾ ਹੈ । ਧਨ ਦੀ ਸਜ਼ਾ ਜੇਲ੍ਹ ਤੋਂ ਵੀ ਪਹਿਲਾਂ ਹੋਣੀ ਚਾਹੀਦੀ ਹੈ, ਅਥਵਾ ਕੁੱਲ ਧਨ-ਸੰਪਤੀ ਦੀ ਮੁਕੰਮਲ ਜ਼ਬਤੀ । ਤਸਕਰ ਸ਼ਾਇਦ, ਸਲਾਖਾਂ ਦੇ ਨਾਲ-ਨਾਲ, ਪਰਿਵਾਰਕ ਭੁੱਖਮਰੀ ਅਤੇ ਸਮਾਜਿਕ ਬੇਅਦਬੀ ਦਾ ਸਾਹਮਣਾ ਕਰਨ ਦੀ ਹਿੰਮਤ ਨਾ ਕਰੇ । ਇਸ ਦੇ ਨਾਲ-ਨਾਲ ਨੌਜਵਾਨਾਂ ਲਈ ਰੋਜ਼ਗਾਰ ਦੀ ਗਾਰੰਟੀ ਅਤੇ ਸਾਹਮਣੇ ਖੜ੍ਹਾ ਆਰਥਕ ਬਰਬਾਦੀ ਦਾ ਡਰ ਨਸ਼ਾ ਵਿਕਰੀ ਵੱਲ ਜਾਣ ਦਾ ਰਾਹ ਰੋਕ ਸਕਦੇ ਹਨ । ਨਸ਼ੀਲੇ ਉਤਪਾਦਾਂ ਉੱਤੇ ਮੁਕੰਮਲ ਜ਼ਾਬਤੇ ਦੀ ਵਿਵਸਥਾ ਮੁੱਢਲੀਆਂ ਲੋੜਾਂ ਵਿੱਚੋਂ ਹੈ । ਇਸ ਲਈ ਸਿਹਤ ਸੇਵਾਵਾਂ, ਮਾਨਵ ਕਲਿਆਣ ਦੇ ਦਿ੍ਰਸ਼ਟੀਕੋਣ ਤੋਂ ਮੁਨਾਫਾ ਰਹਿਤ ਮੁਹੱਈਆਂ ਹੋਣ । ਦਵਾਈਆਂ ਦਾ ਉਤਪਾਦਨ ਅਤੇ ਉਨ੍ਹਾਂ ਦੀ ਥੋਕ ਅਤੇ ਪ੍ਰਚੂਨ ਵਿਕਰੀ ਜਨਤਕ ਖੇਤਰ ਵਿਚ ਹੋਵੇ। ਇਨ੍ਹਾਂ ਕਦਮਾਂ ਨਾਲ ਨਸ਼ਾ ਮੁਕਤੀ ਦਾ ਰਾਹ ਪੱਧਰਾ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਹਨ।

View Comments (0)

Leave a Reply

Your email address will not be published.

Scroll To Top