Now Reading
ਸੰਪਾਦਕੀ : ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜੂਝੋ!

ਸੰਪਾਦਕੀ : ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜੂਝੋ!

15 ਅਗਸਤ, ਆਜ਼ਾਦੀ ਦੀ 75ਵੀਂ ਵਰ੍ਹੇਗੰਢ, ਮੁਬਾਰਕ ! ਭਾਰਤ ਦੇ ਲੋਕਾਂ ਲਈ 1947 ’ਚ ਇਹ ਦਿਨ ਲੰਬੇ ਤੇ ਕੁਰਬਾਨੀਆਂ ਭਰੇ ਸੰਘਰਸ਼ਾਂ ਸਦਕਾ ਖੁਸ਼ੀਆਂ ਤੇ ਗਮਾਂ ਦੀ ਸਾਂਝੀ ਪਟਾਰੀ ਲੈ ਕੇ ਆਇਆ ਸੀ। ਇੱਕ ਪਾਸੇ ਅੰਗਰੇਜ਼ ਸਾਮਰਾਜ ਦੀ ਗੁਲਾਮੀ ਦਾ ਅੰਤ ਤੇ ਆਜ਼ਾਦੀ ਜਿੱਥੇ ਦੇਸ਼ ਵਾਸੀਆਂ ਲਈ ਪ੍ਰਭਾਤ ’ਚ ਲਪੇਟੀ ਹੋਈ ਮਿੱਠੀ-ਮਿੱਠੀ ਚਾਨਣੀ ਦਾ ਝਲਕਾਰਾ ਸੀ ਤੇ ਦੂਸਰੇ ਬੰਨ੍ਹੇ ਸੀ ਲੱਖਾਂ ਲੋਕਾਂ ਦੀਆਂ ਲਾਸ਼ਾਂ ਦੇ ਅੰਬਾਰਾਂ ’ਚੋਂ ਉਠ ਰਹੀ ਫਿਰਕੂ ਨਫਰਤ ਦੀ ਸੜ੍ਹਿਆਂਦ। ਆਜ਼ਾਦੀ ਪ੍ਰਾਪਤੀ ਦਾ ਸਿਹਰਾ, ਜਿੱਥੇ ਇੱਕ ਸੌ ਸਾਲ ਤੋਂ ਵੀ ਵੱਧ ਸਮਾਂ ਲੜੇ ਗਏ ਲੱਖਾਂ ਸਿਰਲੱਥ ਯੋਧਿਆਂ ਦੇ ਮਾਣਮੱਤੇ ਸੰਗਰਾਮ ਸਿਰ ਬੱਝਦਾ ਹੈ, ਉਥੇ ਅੰਗਰੇਜ਼ੀ ਸਾਮਰਾਜ ਤੇ ਆਜ਼ਾਦੀ ਘੋਲ ਦੀ ਅਗਵਾਈ ਕਰ ਰਹੀ ਕਾਂਗਰਸ ਪਾਰਟੀ ਦੀ ਮੌਕਾਪ੍ਰਸਤ ਲੀਡਰਸ਼ਿਪ ਵੱਲੋਂ ਲੋਕਾਂ ਦੀ ਪਿੱਠ ਪਿੱਛੇ ਅੰਗਰੇਜ਼ੀ ਹਾਕਮਾਂ ਨਾਲ ਕੀਤੇ ਸਮਝੌਤੇ ਅਧੀਨ ਫਿਰਕੂ ਆਧਾਰ ’ਤੇ ਦੇਸ਼ ਦੀ ਦੋ ਭਾਗਾਂ (ਹਿੰਦੋਸਤਾਨ ਤੇ ਪਾਕਿਸਤਾਨ) ’ਚ ਵੰਡ ਦੀ ਤਜ਼ਵੀਜ਼ ਨੂੰ ਪ੍ਰਵਾਨ ਕਰਨ ਦੇ ਗੁਨਾਹ ਵੱਲ ਵੀ ਇਸ਼ਾਰਾ ਕਰਦਾ ਹੈ। ਦੇਸ਼ ਵੰਡ ਲਈ ਜ਼ਹਿਰੀਲਾ ਮਾਹੌਲ ਤਿਆਰ ਕਰਨ ’ਚ ਸਾਮਰਾਜ ਦੇ ਸ਼ਿਸ਼ਕਾਰੇ ਹੋਏ ਹਿੰਦੂ-ਮੁਸਲਿਮ ਫਿਰਕਾਪ੍ਰਸਤਾਂ ਨੇ ਵੀ ਕੋਈ ਕਸਰ ਬਾਕੀ ਨਹੀਂ ਛੱਡੀ। ਫਿਰਕੂ ਆਧਾਰ ’ਤੇ ਹੋਈ ਦੇਸ਼ ਵੰਡ ਦੀਆਂ ਬਹੁਪਰਤੀ ਪੀੜਾਂ ਅਜੇ ਤੱਕ ਕਾਇਮ ਹੀ ਨਹੀਂ ਹਨ, ਬਲਕਿ ਮੌਜੂਦਾ ਦੌਰ ’ਚ ਇਨ੍ਹਾਂ ਦਾ ਵੱਡਾ ਪਸਾਰਾ ਹੁੰਦਾ ਵੀ ਅਨੁਭਵ ਕੀਤਾ ਜਾ ਰਿਹਾ ਹੈ।
ਗੁਲਾਮ ਭਾਰਤ ਨੂੰ ਆਜ਼ਾਦ ਕਰਾਉਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੱਖ-ਵੱਖ ਟੁਕੜਿਆਂ ਤੇ ਦਾਇਰਿਆਂ ’ਚ ਵੰਡੇ ਲੋਕਾਂ ਨੂੰ ਇਕਮੁੱਠ ਹੋਣ ਦੀ ਲੋੜ ਦਾ ਅਹਿਸਾਸ ਹੋਇਆ। ਗੁਲਾਮੀ ਦੇ ਦੌਰ ’ਚ ਗੁਜ਼ਰ ਰਹੀ ਵੱਖ-ਵੱਖ ਕੌਮੀਅਤਾਂ, ਧਰਮਾਂ, ਜਾਤੀਆਂ ਤੇ ਫਿਰਕਿਆਂ ’ਚ ਵੰਡੀ ਹੋਈ ਪੀੜਤ ਜਨਤਾ ਇਕਮੁੱਠ ਹੋ ਕੇ ਅੰਗਰੇਜ਼ ਸਾਮਰਾਜ ਵਿਰੁੱਧ ਸਾਂਝੇ ਅੰਦੋਲਨ ’ਚ ਕੁੱਦ ਪਈ। ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਲੱਖਾਂ ਲੋਕਾਂ ਨੇ ਫਾਂਸੀਆਂ ਦੇ ਰੱਸਿਆਂ ਨੂੰ ਹੱਸਦੇ-ਹੱਸਦੇ ਚੁੰਮਿਆਂ, ਦਹਾਕਿਆਂ ਬੱਧੀ ਜੇਲਾਂ ਦੀਆਂ ਕਾਲ ਕੋਠੜੀਆਂ ’ਚ ਬੰਦ ਰਹਿ ਕੇ ਵੀ ਹਰ ਜ਼ੁਲਮ ਨੂੰ ਖਿੜੇ ਮੱਥੇ ਸਹਾਰਿਆ ਤੇ ਅਣਕਿਆਸੇ ਤਸੀਹਿਆਂ ਨੂੰ ਹੌਂਸਲੇ ਨਾਲ ਆਪਣੇ ਪਿੰਡਿਆਂ ’ਤੇ ਹੰਢਾਇਆ। ਇਸ ਸਾਂਝੀ ਕੌਮੀ ਜੱਦੋ ਜ਼ਹਿਦ ਰਾਹੀਂ ਸੁਤੰਤਰਤਾ ਸੰਗਰਾਮ ਦੀ ਜੁਝਾਰੂ ਤੇ ਅਗਾਂਹਵਧੂ ਧਾਰਾ ਨੇ ਆਜ਼ਾਦੀ ਪ੍ਰਾਪਤੀ ਦੇ ਨਾਲ-ਨਾਲ ਭਾਰਤ ਨੂੰ ਅੰਗਰੇਜ਼ ਸਾਮਰਾਜ ਦੀ ਗੁਲਾਮੀ ਦੇ ਸੰਗਲਾਂ ਨੂੰ ਤੋੜ ਕੇ ਬਰਾਬਰਤਾ ਦੇ ਅਸੂਲਾਂ ਤਹਿਤ ਇੱਕ ਜਮਹੂਰੀ ਤੇ ਧਰਮ ਨਿਰਪੱਖ ਦੇਸ਼ ਦੇ ਰੂਪ ’ਚ ਵਿਕਸਤ ਹੋਣ ਦਾ ਨਿਸ਼ਾਨਾ ਵੀ ਤੈਅ ਕੀਤਾ, ਜਿਸ ਅੰਦਰ ਮਨੁੱਖੀ ਅਧਿਕਾਰਾਂ ਦੀ ਗਰੰਟੀ ਤੈਅ ਹੋਵੇ। ਦੇਸ਼ ਦੇ ਇਸ ਸਰੂਪ ਦਾ ਨਕਸ਼ਾ ਆਜ਼ਾਦੀ ਸੰਗਰਾਮ ਦੀ ਵਿਸ਼ਾਲਤਾ ਤੇ ਕਠਿਨ ਤਜ਼ਰਬਿਆਂ ’ਚੋਂ ਉਪਜਿਆ। ਇਸ ਲਈ ਭਾਵੇਂ 15 ਅਗਸਤ 1947 ਦਾ ਆਜ਼ਾਦੀ ਦਿਹਾੜਾ ਕੂੱਕਾ ਲਹਿਰ, ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ, ਕਮਿਊਨਿਸਟ ਲਹਿਰ, ਸ਼ਹੀਦ ਇ ਆਜ਼ਮ ਸ. ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਨੌਜਵਾਨ ਸਭਾ ਤੇ ਹੋਰਨਾਂ ਦੇਸ਼ ਭਗਤ ਤਨਜ਼ੀਮਾਂ ਵਲੋਂ ਸਿਰਜੇ ਸੁਪਨਿਆਂ ਦਾ ਸੰਪੂਰਨ ਪ੍ਰਤੀਕ ਨਹੀਂ ਹੈ, ਪ੍ਰੰਤੂ ਇਹ ਤਬਦੀਲੀ ਇੱਕ ਨਵੇਂ, ਆਤਮ ਨਿਰਭਰ ਤੇ ਵਿਕਸਤ ਭਾਰਤ ਦੀ ਕਾਇਮੀ ਲਈ ਨਵੇਂ ਰਾਹ ਤੇ ਮੌਕੇ ਜ਼ਰੂਰ ਪ੍ਰਦਾਨ ਕਰ ਸਕਦੀ ਸੀ। ਇਸੇ ਆਸ਼ੇ ਨਾਲ ਹੀ ਭਾਰਤੀ ਲੋਕਾਂ ਨੇ ਇਸ ਦਿਹਾੜੇ ਨੂੰ ਜੀ ਆਇਆਂ ਆਖਿਆ ਸੀ।
ਆਜ਼ਾਦ ਭਾਰਤ ਦੀ ਸੱਤਾ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਹੱਥ ਆ ਗਈ, ਜਿਸਨੇ ਇੱਕ ਪਾਸੇ ਸਾਮਰਾਜ ਨਾਲ ਸਾਂਝ ਭਿਆਲੀ ਜਾਰੀ ਰੱਖੀ ਤੇ ਦੂਸਸੇ ਪਾਸੇ ਜਗੀਰੂ ਤੇ ਅਰਧ ਜਗੀਰੂ ਪੈਦਾਵਾਰੀ ਰਿਸ਼ਤਿਆਂ ਨੂੰ ਖਤਮ ਕੀਤੇ ਬਿਨਾਂ ਜਗੀਰੂ ਤੱਤਾਂ ਨਾਲ ਸੱਤਾ ’ਚ ਭਾਈਵਾਲੀ ਰਾਹੀਂ ਪੂੰਜੀਵਾਦੀ ਵਿਕਾਸ ਦਾ ਮਰਨਾਊ ਰਾਹ ਚੁਣਿਆ। ਅਜਿਹੀ ਸਥਿਤੀ ਪੂੰਜੀਵਾਦੀ ਵਿਕਾਸ ਲਈ ਵੀ ਪੂਰੀ ਤਰ੍ਹਾਂ ਸੁਖਾਵੀਂ ਨਹੀਂ ਸੀ, ਜਿਸ ਕਾਰਨ ਭਾਰਤੀ ਆਰਥਿਕਤਾ ਵਿਕਾਸ ਦੇ ਇਸ ਰਸਤੇ ’ਤੇ ਚੱਲਦਿਆਂ ਲਗਾਤਾਰ ਸੰਕਟ ਦਾ ਸ਼ਿਕਾਰ ਬਣਦੀ ਰਹੀ। ਇਸ ਕਮਜ਼ੋਰੀ ਦੇ ਬਾਵਜੂਦ ਦੇਸ਼ ਨੇ ਬੁਨਿਆਦੀ ਸਨਅਤਾਂ, ਬਿਜਲੀ, ਆਵਾਜਾਈ, ਸੰਚਾਰ ਤੇ ਵੱਖ-ਵੱਖ ਖੇਤਰਾਂ ’ਚ ਚੋਖਾ ਵਿਕਾਸ ਕੀਤਾ। ਇਸਦੇ ਨਾਲ ਹੀ ਦੇਸ਼ ’ਚ ਵਿਦਿਆ ਤੇ ਸਿਹਤ ਸਹੂਲਤਾਂ ਦੇ ਪਸਾਰੇ ਨਾਲ ਇੱਕ ਹੱਦ ਤੱਕ ਵਿਗਿਆਨਕ ਨਜ਼ਰੀਏ ਦਾ ਵੀ ਕਾਫ਼ੀ ਵਾਧਾ ਹੋਇਆ ਤੇ ਸ਼ਿਸ਼ੂ ਮੌਤ ਦਰ, ਮਿਆਦੀ ਬੀਮਾਰੀਆਂ ਤੋਂ ਵੀ ਵੱਡੀ ਹੱਦ ਤੱਕ ਰਾਹਤ ਮਿਲੀ। ਹਾਲਾਂਕਿ ਪਿਛਾਖੜੀ ਸ਼ਕਤੀਆਂ ਤੇ ਫਿਰਕੂ ਤੱਤਾਂ ਨੇ ਦੇਸ਼ ਦੇ ਜਮਹੂਰੀ ਤੇ ਧਰਮ ਨਿਰਪੱਖ ਢਾਂਚੇ ਉਪਰ ਮਾਰੂ ਹੱਲੇ ਵੀ ਜਾਰੀ ਰੱਖੇ, ਪ੍ਰੰਤੂ ਗੁਆਂਢੀ ਦੇਸ਼ ਪਾਕਿਸਤਾਨ, ਜਿਸਦੀ ਸਥਾਪਨਾ ਇੱਕ ਵਿਸ਼ੇਸ਼ ਧਰਮ ਦੇ ਆਧਾਰ ’ਤੇ ਹੋਈ ਸੀ, ਦੇ ਮੁਕਾਬਲੇ ’ਚ ਅਸੀਂ ਦੇਸ਼ ਦੇ ਧਰਮ ਨਿਰਪੱਖ ਤੇ ਲੋਕਰਾਜੀ ਸਰੂਪ ਨੂੰ ਕਾਇਮ ਰੱਖ ਸਕੇ ਹਾਂ। ਹਾਕਮ ਜਮਾਤਾਂ ਨੇ ਇਨ੍ਹਾਂ ਹਮਲਿਆਂ ਦਾ ਟਾਕਰਾ ਧਰਮ-ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਕਰਨ ਦੀ ਥਾਂ ਮੌਕਾਪ੍ਰਸਤ ਤੇ ਤੰਗ ਰਾਜਸੀ ਹਿੱਤਾਂ ਦੀ ਪੂਰਤੀ ਲਈ ਫਿਰਕੂ ਤੇ ਗੈਰ ਜਮਹੂਰੀ ਸ਼ਕਤੀਆਂ ਨਾਲ ਸਮਝੌਤਿਆਂ ਦਾ ਰਾਹ ਅਪਣਾਇਆ। ਭਾਵੇਂ ਖੱਬੀਆਂ ਤੇ ਜਮਹੂਰੀ ਤਾਕਤਾਂ ਦੇ ਸਾਂਝੇ ਯਤਨਾਂ ਨਾਲ ਸਾਰੀਆਂ ਔਕੜਾਂ ਦੇ ਬਾਵਜੂਦ ਸੰਕੀਰਨ ਤੇ ਫੁੱਟਪਾਊ ਤੱਤ ਆਪਣੇ ਇਰਾਦਿਆਂ ’ਚ ਪੂਰਨ ਤੌਰ ’ਤੇ ਸਫਲ ਨਹੀਂ ਹੋ ਸਕੇ, ਪ੍ਰੰਤੂ ਸਾਮਰਾਜ ਦੀਆਂ ਹੱਥਠੋਕਾ ਫਿਰਕੂ ਸ਼ਕਤੀਆਂ, ਖਾਸ ਕਰਕੇ ਆਰ.ਐਸ.ਐਸ., ਆਪਣੀ ਵੰਡਵਾਦੀ ਤੇ ਨਫਰਤੀ ਰਾਜਨੀਤੀ ਰਾਹੀਂ ਲੋਕਾਂ ਅੰਦਰ ਫੁੱਟ ਦੇ ਬੀਜ ਬੀਜਣ ’ਚ ਵੱਡੀ ਹੱਦ ਤੱਕ ਸਫਲ ਹੋਈਆਂ ਨਜ਼ਰ ਆ ਰਹੀਆਂ ਹਨ। ਸਾਮਰਾਜ ਨਾਲ ਸਾਂਝ ਭਿਆਲੀ ਅਤੇ ਜਗੀਰੂ ਤੇ ਅਰਧ ਜਗੀਰੂ ਤਾਕਤਾਂ ਦੀ ਸੱਤਾ ’ਚ ਭਾਗੀਦਾਰੀ ਕਾਰਨ ਦੇਸ਼ ਪੂੰਜੀਵਾਦੀ ਵਿਕਾਸ ਦੇ ਮਰਨਾਊ ਰਾਹ ’ਤੇ ਚੱਲਦਾ ਰਿਹਾ, ਜਿਸ ਦੇ ਫਲਸਰੂਪ ਬੇਰੁਜ਼ਗਾਰੀ, ਮਹਿੰਗਾਈ, ਕੁਪੋਸ਼ਨ, ਸਿਹਤ ਤੇ ਵਿਦਿਅਕ ਸਹੂਲਤਾਂ ਦੀ ਘਾਟ ਕਾਰਨ ਕਿਰਤੀਆਂ ਦੀ ਹਾਲਤ ਲਗਾਤਾਰ ਨਿਘਰਦੀ ਗਈ ਹੈ। ਮਿਲੀਜੁਲੀ ਆਰਥਿਕਤਾ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਦੇਸ਼ ਦਾ ਅਰਥਚਾਰਾ 1990ਵਿਆਂ ਤੋਂ ਪੂੰਜੀਵਾਦੀ ਪ੍ਰਬੰਧ ਦੇ ਨਵਉਦਾਰਵਾਦੀ ਦੌਰ ’ਚ ਦਾਖਲ ਹੋ ਗਿਆ ਹੈ, ਜਿਥੇ ਦੇਸ਼ ਦੀ ਵਿਸ਼ਾਲ ਵਸੋਂ ਲਈ ਵੱਡੀ ਮੰਦਹਾਲੀ ਆਪਣਾ ਫਨ ਖਿਲਾਰੀ ਬੈਠੀ ਹੈ। ਦੇਸ਼, ਸਾਮਰਾਜੀ ਦੇਸ਼ਾਂ ਤੇ ਉਨ੍ਹਾਂ ਦੇ ਕੰਟਰੋਲ ਹੇਠਲੀਆਂ ਸੰਸਾਰ ਵਿੱਤੀ ਸੰਸਥਾਵਾਂ ਦੇ ਕਰਜ਼ ਜ਼ਾਲ ’ਚ ਫਸਿਆ ਹੋਇਆ ਹੈ। ਅੱਜ ਸਨਅਤ ਤੇ ਖੇਤੀਬਾੜੀ ਸਮੇਤ ਸਾਰੇ ਖੇਤਰ ਡੂੰਘੇ ਆਰਥਿਕ ਸੰਕਟ ਦਾ ਸ਼ਿਕਾਰ ਹਨ।
ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਨਾਲ ਲੈਸ ਭਾਜਪਾ ਦੀ ਮੋਦੀ ਸਰਕਾਰ ਦੇ ਪਿਛਲੇ 8 ਸਾਲਾਂ ਤੋਂ ਸੱਤਾ ’ਤੇ ਕਾਬਜ਼ ਹੋਣ ਨਾਲ ਦੇਸ਼ ਨੂੰ ਫਿਰਕੂ ਫਾਸ਼ੀਵਾਦ ਖਤਰੇ ਨੇ ਘੇਰ ਰੱਖਿਆ ਹੈ। ਸੰਘ ਪਰਿਵਾਰ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਤਾਣੇਬਾਣੇ ਨੂੰ ਤਬਾਹ ਕਰਕੇ ਇੱਕ ਧਰਮ ਆਧਾਰਤ ਰਾਜ (“ ) ਸਥਾਪਤ ਕਰਨ ਦੀ ਹੋੜ ’ਚ ਹੈ। ਇਸ ਮਕਸਦ ਲਈ ਦੇਸ਼ ਦੀਆਂ ਤਮਾਮ ਧਾਰਮਿਕ ਘੱਟ ਗਿਣਤੀਆਂ, ਦਲਿਤ ਸਮਾਜ, ਔਰਤਾਂ ਤੇ ਅਗਾਂਹਵਧੂ ਤੇ ਖੱਬੇ ਪੱਖੀ ਤਾਕਤਾਂ ਉਪਰ ਮੋਦੀ ਸਰਕਾਰ ਤਾਬੜ ਤੋੜ ਹਮਲੇ ਕਰ ਰਹੀ ਹੈ। ਸੰਵਿਧਾਨਕ ਅਦਾਰਿਆਂ, ਨਿਆਂ ਪਾਲਕਾਂ, ਕਾਰਜ ਪਾਲਕਾ ਤੇ ਦੇਸ਼ ਦੀਆਂ ਹਥਿਆਰਬੰਦ ਸੈਨਾਵਾਂ ਅੰਦਰ ਆਰ.ਐਸ.ਐਸ. ਪੱਖੀ ਤੱਤਾਂ ਨੂੰ ਘੁਸੇੜਿਆ ਜਾ ਰਿਹਾ ਹੈ। ਏਜੰਸੀਆਂ ਦੀ ਦੁਰਵਰਤੋਂ ਨਾਲ ਲੋਕਾਂ ਦੇ ਜਮਹੂਰੀ ਅਧਿਕਾਰ ਤੇ ਸ਼ਹਿਰੀ ਆਜ਼ਾਦੀਆਂ ਖੋਹੀਆ ਜਾ ਰਹੀਆਂ ਹਨ। ਦੇਸ਼ ਦੇ ਇਤਿਹਾਸ ਨੂੰ ਪਿਛਾਖੜੀ ਲੀਹਾਂ ’ਤੇ ਪੁੱਠਾ ਗੇੜਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਵਿਦਿਅਕ ਸਿਲੇਬਸ ’ਚੋਂ ਵਿਗਿਆਨਕ ਤੇ ਮਾਨਵੀ ਨਜ਼ਰੀਆ ਖਾਰਜ ਕਰਕੇ ਇਸਨੂੰ ਮੱਧ ਕਾਲੀਨ ਪਿਛਾਖੜੀ ਤੇ ਮਨੂੰਵਾਦੀ ਵਿਚਾਰਾਂ ਨਾਲ ਗੰਧਲਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਆਜ਼ਾਦੀ ਦਿਵਸ ਦੇ ਮੌਕੇ ਉਪਰ ਦੇਸ਼ ਨੂੰ ਦੋਹਰੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਮੋਦੀ ਸਰਕਾਰ ਦੀਆਂ ਨਵਉਦਾਰਵਾਦੀ ਤੇ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਤੇ ਸੰਘ ਦੀ ਫਿਰਕੂ-ਫਾਸ਼ੀਵਾਦੀ ਵਿਚਾਰਧਾਰਾ ਖ਼ਿਲਾਫ਼ ਇਨ੍ਹਾਂ ਜੁੜਵੇਂ ਖਤਰਿਆਂ ਦਾ ਟਾਕਰਾ ਕਿਰਤੀ ਲੋਕਾਂ ਦੇ ਵਿਸ਼ਾਲ ਏਕੇ ਤੇ ਸਾਂਝੇ ਘੋਲਾਂ ਅਤੇ ਫਿਰਕੂ ਤਾਕਤਾਂ ਖਿਲਾਫ਼ ਜ਼ੋਰਦਾਰ ਵਿਚਾਰਧਾਰਕ ਸੰਘਰਸ਼ ਰਾਹੀਂ ਹੀ ਕੀਤਾ ਜਾ ਸਕਦਾ ਹੈ। ਜੇਕਰ ਅਸੀਂ ਭਾਰਤੀ ਲੋਕ ਉਪਰੋਕਤ ਚੁਣੌਤੀਆਂ ਦਾ ਟਾਕਰਾ ਕਰਨ ’ਚ ਅਸਫਲ ਰਹਿੰਦੇ ਹਾਂ, ਤਾਂ ਆਜ਼ਾਦੀ ਸੰਗਰਾਮ ਦੀਆਂ ਸਥਾਪਤ ਕੀਤੀਆਂ ਜਮਹੂਰੀ, ਧਰਮ ਨਿਰਪੱਖ ਤੇ ਬਰਾਬਰੀ ਦੀਆਂ ਸਾਰੀਆਂ ਕਦਰਾਂ-ਕੀਮਤਾਂ ਤਬਾਹ ਹੋਣੀਆਂ ਤੈਅ ਹਨ। ਦੇਸ਼ ਸਾਮਰਾਜੀ ਗੁਲਾਮੀ ਦੇ ਨਵੇਂ ਦੌਰ ’ਚ ਮੁੜ ਦਾਖਲ ਹੁੰਦਾ ਨਜ਼ਰ ਆ ਰਿਹਾ ਹੈ। ਇਸਦੇ ਨਾਲ ਹੀ ਆਰਥਿਕ ਪੱਖ ਤੋਂ ਜੇਕਰ ਮੋਦੀ ਸਰਕਾਰ ਦੀਆਂ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਲੋਕ ਮਾਰੂ ਆਰਥਿਕ ਨੀਤੀਆਂ ਨੂੰ ਠੱਲ੍ਹ ਨਾ ਪਾਈ ਗਈ ਤਾਂ ਦੇਸ਼ ਦੇ ਸਮੂਹ ਕਿਰਤੀ ਵਰਗ ਨੂੰ ਮੰਦਹਾਲੀ ਦੇ ਹੋਰ ਵੀ ਖਤਰਨਾਕ ਦੌਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੇਸ਼ ਦੀਆਂ ਸਮੂਹ ਖੱਬੀਆਂ, ਜਮਹੂਰੀ ਤੇ ਅਗਾਂਹਵਧੂ ਤਾਕਤਾਂ ਤੇ ਜਨ ਸਮੂਹਾਂ ਨੂੰ ਇਸ ਸਥਿਤੀ ’ਚ ਸੰਘ ਸਮਰਥਿਤ ਮੋਦੀ ਸਰਕਾਰ ਦੇ ਤਬਾਹਕੁੰਨ ਵਿਚਾਰਧਾਰਕ ਫਲਸਫੇ ਤੇ ਤਬਾਹਕੁੰਨ ਆਰਥਿਕ ਨੀਤੀਆਂ ਨੂੰ ਭਾਂਜ ਦੇਣ ਦੀ ਸਹੁੰ ਉਸੇ ਹੀ ਭਾਵਨਾ ’ਚ ਚੁੱਕਣ ਦੀ ਲੋੜ ਹੈ, ਜਿਹੜੀ ਆਜ਼ਾਦੀ ਸੰਗਰਾਮ ਦੇ ਸਿਰਲੱਥ ਯੋਧਿਆਂ ਨੇ ਸਾਮਰਾਜ ਦੀ ਗੁਲਾਮੀ ਦੇ ਸੰਗਲ ਤੋੜਕੇ ਆਜ਼ਾਦੀ ਪ੍ਰਾਪਤ ਕਰਨ ਲਈ ਖਾਧੀ ਸੀ। ਅਜਿਹਾ ਕਰਕੇ ਹੀ ਅਸੀਂ ਆਜ਼ਾਦੀ ਸੰਗਰਾਮ ਦੀ ਅਧੂਰੀ ਤੇ ਅਗਲੇਰੀ ਮੰਜ਼ਿਲ ਹਾਸਲ ਕਰ ਸਕਾਂਗੇ।

ਮੰਗਤ ਰਾਮ ਪਾਸਲਾ

Scroll To Top