/* SC_TH_END:4.3.24:fc0ffc30 */ ਸੰਪਾਦਕੀ ਟਿੱਪਣੀ : ਕੀ ਸਾਡੀਆਂ ਸੰਵੇਦਨਾਵਾਂ ਮਰ ਗਈਆਂ ਹਨ? – Sangrami Lehar
Now Reading
ਸੰਪਾਦਕੀ ਟਿੱਪਣੀ : ਕੀ ਸਾਡੀਆਂ ਸੰਵੇਦਨਾਵਾਂ ਮਰ ਗਈਆਂ ਹਨ?

ਸੰਪਾਦਕੀ ਟਿੱਪਣੀ : ਕੀ ਸਾਡੀਆਂ ਸੰਵੇਦਨਾਵਾਂ ਮਰ ਗਈਆਂ ਹਨ?

ਪੂੰਜੀਪਤੀਆਂ ਦੀ ਮੁਨਾਫ਼ੇ ਦੀ ਲਾਲਸਾ ਕਾਰਨ, ਚੌਗਿਰਦੇ ਦੇ ਹੋ ਰਹੇ ਘਾਤਕ ਨੁਕਸਾਨ ਦੇ ਨਤੀਜੇ ਵਜੋਂ ਉਤਪੰਨ ਹੋ ਰਹੇ ਤਰ੍ਹਾਂ-ਤਰ੍ਹਾਂ ਦੇ ਰੋਗਾਂ ਸਦਕਾ, ਨਾ ਕੇਵਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਬਲਕਿ ਇਹ ਰੋਗ ਭਿੰਨ-ਭਿੰਨ ਕਿਸਮ ਦੇ ਅਜਿਹੇ ਵਿਗਾੜ ਵੀ ਪੈਦ ਕਰ ਰਹੇ ਹਨ ਜਿਨ੍ਹਾਂ ਦੇ ਮਾਰੂ ਨਤੀਜੇ ਧਰਤ ਵਾਸੀਆਂ ਦੀਆਂ ਕਈ ਨਸਲਾਂ ਨੂੰ ਭੁਗਤਣੇ ਪੈ ਸਕਦੇ ਹਨ। ਗਾਹੇ-ਬਗਾਹੇ ਅਜਿਹੇ ਕਈ ਰੋਗ ਮਹਾਂਮਾਰੀਆਂ ’ਚ ਵੀ ਤਬਦੀਲ ਹੋ ਜਾਂਦੇ ਹਨ।
ਅਜਿਹੀ ਹੀ ਇੱਕ ਨਵੇਂ ਪੈਦਾ ਹੋਏ, ‘ਲੰਪੀ’ ਨਾਂ ਦੇ ਚਮੜੀ ਰੋਗ (‘ਲੰਪੀ ਸਕਿੱਨ ਡਿਸੀਜ’) ਨੇ ਅੱਜ-ਕੱਲ੍ਹ ਲੋਕਾਂ ਦੇ ਸਾਹ ਸੂਤੇ ਹੋਏ ਹਨ। ਪੰਜਾਬ ਵਿੱਚ ਇਸ ਬੀਮਾਰੀ ਨਾਲ ਦੁਧਾਰੂ ਪਸ਼ੂਆਂ, ਖਾਸ ਕਰਕੇ ਗਊਆਂ ਦੀਆਂ ਹੋਈਆਂ ਅਣਗਿਣਤ ਮੌਤਾਂ ਨਾਲ ਪਸ਼ੂ ਪਾਲਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਚੇਤੇ ਰਹੇ ਇਹ ਪਸ਼ੂ ਪਾਲਕ ਭੂਮੀ ਮਾਲਕ ਕਿਸਾਨ ਵੀ ਹਨ, ਬੇਜ਼ਮੀਨੇ ਮਜ਼ਦੂਰ ਵੀ ਅਤੇ ਸ਼ਹਿਰਾਂ-ਕਸਬਿਆਂ ਦੇ ਛੋਟੇ ਡੇਅਰੀ ਮਾਲਕ ਵੀ। ਸੂਬੇ ਦਾ ਇੱਕ ਪਿੰਡ ਤਾਂ ਅਜਿਹਾ ਵੀ ਹੈ ਜਿੱਥੇ ਹੁਣ ਤੱਕ ਇਸ ਰੋਗ ਨਾਲ 35 ਤੋਂ ਵਧੇਰੇ ਗਾਵਾਂ ਮਰ ਚੁੱਕੀਆਂ ਹਨ। ਆਪਣੇ ਮਰੇ ਪਸ਼ੂਆਂ ਦੇ ਗਲ ਲੱਗ ਕੇ ਰੋਂਦੀਆਂ ਗਰੀਬ ਔਰਤਾਂ ਝੱਲੀਆਂ ਨਹੀਂ ਜਾਂਦੀਆਂ। ਛੂਤ ਦਾ ਰੋਗ ਹੋਣ ਕਰਕੇ ਇਹ ਨਾਮੁਰਾਦ ਬੀਮਾਰੀ ਫੈਲਦੀ ਵੀ ਬੜੀ ਤੇਜੀ ਨਾਲ ਹੈ। ਅਗਲੇਰੀ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹ ਭਿਆਨਕ ਰੋਗ ਮਨੁੱਖਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਪਾਲਤੂ ਪਸ਼ੂਆਂ ਨੂੰ ਇਲਾਜ ਰਾਹੀਂ ਬਚਾਉਣ ਦੀ ਤਾਂ ਮਾਲਕ ਵੱਡੀ ਹੱਦ ਤੱਕ ਵਾਹ ਵੀ ਲਾਉਂਦੇ ਹਨ, ਪਰ ਆਵਾਰਾ ਪਸ਼ੂਆਂ ਦਾ ਕਿਉਂਕਿ ਕੋਈ ਵਾਲੀ-ਵਾਰਸ ਹੀ ਨਹੀਂ ਹੁੰਦਾ, ਇਸ ਲਈ ਇਨ੍ਹਾਂ ਦੇ ਮਰਨ ਅਤੇ ਮਿ੍ਰਤਕ ਸ਼ਰੀਰ ਰਾਹੀਂ ਰੋਗ ਦੇ ਤੇਜ਼ੀ ਨਾਲ ਫੈਲਣ ਦਾ ਖਤਰਾ ਹੋਰ ਵੀ ਜ਼ਿਆਦਾ ਹੈ।
ਸੰਵੇਦਨਸ਼ੀਲ ਲੋਕ ਆਪੋ-ਆਪਣੀ ਸਮਰੱਥਾ ਮੁਤਾਬਕ ਸੂਬਾ ਸਰਕਾਰ ’ਤੇ ਇਸ ਬੀਮਾਰੀ ਨੂੰ ਛੇਤੀ ਤੋਂ ਛੇਤੀ ਕਾਬੂ ’ਚ ਕਰਨ ਲਈ ਹੰਗਾਮੀ ਕਦਮ ਚੁੱਕਣ ਦਾ ਦਬਾਅ ਪਾ ਰਹੇ ਹਨ। ਸਵੈ ਸੇਵੀ ਜੱਥੇਬੰਦੀਆਂ ਵੀ ਆਪੋ-ਆਪਣੀ ਥਾਂ ਪੂਰੀ ਵਾਹ ਲਾ ਰਹੀਆਂ ਹਨ। ਪੰਜਾਬ ਦੇ ਕਿਸਾਨ ਆਗੂਆਂ ਨੇ ਇਸ ਰੋਗ ਨਾਲ ਮਰੇ ਦੁਧਾਰੂ ਪਸ਼ੂਆਂ ਦੇ ਮਾਲਕਾਂ ਨੂੰ ਸੂਬਾ ਸਰਕਾਰ ਵੱਲੋਂ ਯੋਗ ਮੁਆਵਜਾ ਦਿੱਤੇ ਜਾਣ ਦੀ ਮੰਗ ਕੀਤੀ ਹੈ ਜਿਸ ’ਤੇ ਸ਼ਾਇਦ ਹੀ ਕਿਸੇ ਨੂੰ ਕੋਈ ਇਤਰਾਜ਼ ਹੋਵੇ।
ਪਰ ਇਸ ਦਰਮਿਆਨ ਇੱਕਾ-ਦੁੱਕਾ ਘਟਨਾਵਾਂ ਐਸੀਆਂ ਵੀ ਵਾਪਰੀਆਂ ਹਨ ਜੋ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੋਣੀਆਂ ਚਾਹੀਦੀਆਂ ਹਨ। ਮਾਹਿਰਾਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ‘ਲੰਪੀ’ ਨਾਂ ਦੇ ਚਮੜੀ ਰੋਗ ਨਾਲ ਮਰੇ ਪਸ਼ੂਆਂ ਨੂੰ ਡੂੰਘੇ ਟੋਏ ਪੁੱਟ ਕੇ ਦੱਬਿਆ ਜਾਵੇ, ਨਹੀਂ ਤਾਂ ਇਸ ਬੀਮਾਰੀ ਨਾਲ ਹੋਣ ਵਾਲਾ ਨੁਕਸਾਨ ਸਭ ਹੱਦਾਂ ਬੰਨੇ ਟੱਪ ਜਾਵੇਗਾ। ਪਰ ਕਈ ਥਾਈਂ ਕੁੱਝ ਲੋਕਾਂ ਨੇ ਅਜਿਹੀਆਂ ਸਾਰੀਆਂ ਚਿਤਾਵਨੀਆਂ ਨੂੰ ਦਰਕਿਨਾਰ ਕਰਦਿਆਂ ਐਸੀਆਂ ਕੋਝੀਆਂ ਹਰਕਤਾਂ ਕੀਤੀਆਂ ਜੋ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੀਆਂ ਵੀ ਹਨ ਅਤੇ ਵਸੀਹ ਪੈਮਾਨੇ ’ਤੇ ਭਿਆਨਕ ਨੁਕਸਾਨ ਦਾ ਸਬੱਬ ਵੀ ਬਣ ਸਕਦੀਆਂ ਹਨ।
ਪਹਿਲੀ ਘਟਨਾ ਤਾਂ ਬਹੁਤ ਹੀ ਹੌਲਨਾਕ ਹੈ। ਲੰਘੇ ਦਿਨੀਂ ਕਿਸੇ ਨੇ ‘ਲੰਪੀ ਚਰਮ ਰੋਗ’ ਨਾਲ ਮਰੇ ਪਸ਼ੂਆਂ ਦੀਆਂ ਲਾਸ਼ਾਂ ਸਰਹਿੰਦ ਨਹਿਰ ਦੇ ਕੋਟ ਭਾਈ ਰਜਬਾਹੇ ’ਚ ਰੋੜ੍ਹ ਦਿੱਤੀਆਂ ਜੋ ਪ੍ਰਸ਼ਾਸਨਿਕ ਅਮਲੇ ਨੇ ਸਮਾਜ ਸੇਵੀ ਜੱਥੇਬੰਦੀਆਂ ਅਤੇ ਆਮ ਲੋਕਾਂ ਦੀ ਇਮਦਾਦ ਨਾਲ ਬਠਿੰਡਾ ਜਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਨੇੜੇ ਪਾਣੀ ’ਚੋਂ ਕੱਢ ਕੇ ਦਫਨਈਆਂ ਸਨ। ਸਾਡੀ ਜਾਚੇ ਇਹ ਬਹੁਤ ਹੀ ਸੰਗੀਨ ਗੁਨਾਹ ਹੈ। ਕਿਉਂਕਿ ਦੂਰ-ਦੂਰ ਤੱਕ ਇਹੋ ਪਾਣੀ ਮਨੁੱਖ ਅਤੇ ਜੀਵ-ਜੰਤੂ ਪੀਣਗੇ ਵੀ, ਇਸ ਨਾਲ ਫਸਲਾਂ ਵੀ ਸਿੰਜੀਆਂ ਜਾਣਗੀਆਂ ਅਤੇ ਫਲਦਾਰ ਦਰਖ਼ਤਾਂ ਨੂੰ ਵੀ ਇਹੋ ਪਾਣੀ ਦਿੱਤਾ ਜਾਵੇਗਾ। ਜਰਾ ਸੋਚੋ ਪਾਣੀ ’ਚ ਰਲੇ ਇਸ ਰੋਗ ਦੇ ਜੀਵਾਣੂੰ ਕਿੱਥੋਂ ਤੱਕ ਭਿਆਨਕ ਮਾਰ ਕਰਨਗੇ? ਇਸ ਸਿਰੇ ਦੀ ਅਮਾਨਵੀ ਕਰਤੂਤ ਨਾਲ ਹੋਣ ਵਾਲੇ ਨੁਕਸਾਨ ਦੀਆਂ ਗਿਣਤੀਆਂ-ਮਿਣਤੀਆਂ ਲਾਉਂਦਿਆਂ ਰੂਹ ਕੰਬ ਜਾਂਦੀ ਹੈ। ਇਹ ਕਾਰਾ ਕਰਨ ਵਾਲੇ, ਮਾਨਵੀ ਸੰਵੇਦਨਾਵਾਂ ਤੋਂ ਅਸਲੋਂ ਕੋਰੇ ਉਜੱਡਾਂ ਨੂੰ ਤਾਂ ਮਨੁੱਖ ਕਹਿਣ ਨੂੰ ਵੀ ਜੀਅ ਨਹੀਂ ਕਰਦਾ। ਆਪਣੇ-ਆਪ ਨੂੰ ਸਭ ਤੋਂ ਵੱਡੇ ਦਾਨੀ ਅਤੇ ਸੂਰਮੇ ਸਮਝਣ ਵਾਲੇ ਅਸੀਂ ਪੰਜਾਬੀ ਇਸ ਹੱਦ ਤੱਕ ਗਿਰੀ ਹਰਕਤ ਵੀ ਕਰ ਸਕਦੇ ਹਾਂ, ਇਹ ਸੋਚ ਕੇ ਗਲਿਆਣ ਮਹਿਸੂਸ ਹੁੰਦੀ ਹੈ! ਇਹ ਬੇਹਿਯਾਈ ਕਈ ਹੋਰ ਥਾਵਾਂ ’ਤੇ ਕੀਤੇ ਜਾਣ ਦੀਆਂ ਖਬਰਾਂ ਵੀ ਅਖਬਾਰਾਂ ’ਚ ਛਪੀਆਂ ਹਨ।
ਬੀਤੇ ਦਿਨੀਂ ਬਰਨਾਲਾ ਜਿਲ੍ਹੇ ਦੇ ਪਿੰਡ ਰਾਇਸਰ ਵਿਖੇ ਵਾਪਰੀ ਇਕ ਹੋਰ ਘਟਨਾ ਵੀ ਜਮੀਰਵਾਨਾਂ ਦੇ ਉਚੇਚੇ ਧਿਆਨ ਦੀ ਮੰਗ ਕਰਦੀ ਹੈ। ਰਾਇਸਰ, ਮਰਹੂਮ ਸੰਤ ਰਾਮ ‘ਉਦਾਸੀ’ ਦਾ ਪਿੰਡ। ਉਹੀ ‘ਉਦਾਸੀ’ ਜਿਸ ਦੀ ਬੇਖ਼ੌਫ਼ ਕਲਮ ਜ਼ਾਲਮਾਂ ਨੂੰ ਵੰਗਾਰ ਪਾਉਂਦੀ ਸੀ, ਲੁੱਟੇ-ਲਤਾੜਿਆਂ ਨੂੰ ਕਾਣੀ ਵੰਡ ਅਤੇ ਵਿਤਕਰਿਆਂ ਖਿਲਾਫ਼ ਉੱਠ ਖਲੋਣ ਦਾ ਹੌਂਸਲਾ ਦਿੰਦੀ ਸੀ, ਜਿਸ ਦੇ ਲਿਖੇ ਗੀਤ ਤੇ ਕਵਿਤਾਵਾਂ ਅੱਜ ਵੀ ਸਥਾਪਤੀ ਪੱਖੀਆਂ ਨੂੰ ਕੰਬਣੀਆਂ ਛੇੜ ਦਿੰਦੇ ਹਨ। ਉਸੇ ਸੰਤ ਰਾਮ ‘ਉਦਾਸੀ’ ਦੇ ਪਿੰਡ ’ਚ ਗਰੀਬ ਮੁਸਲਮਾਨਾਂ ਦੇ ਸਮਾਜਿਕ ਬਹਿਸ਼ਕਾਰ ਵਰਗੀ ਘਟਣਾ ਦਾ ਵਾਪਰਨਾ ਤਾਂ ਹੋਰ ਵੀ ਦੁਖਦਾਈ ਹੈ।
ਹੋਇਆ ਇੰਜ ਕਿ ਲੰਪੀ ਚਰਮ ਰੋਗ ਨਾਲ ਮਰੇ ਪਸ਼ੂਆਂ ਨੂੰ ਦੱਬਣ ਲਈ ਕੁੱਝ ਲੋਕਾਂ ਨੇ ਮੁਸਲਮਾਨ ਭਾਈਚਾਰੇ ਦੀਆਂ ਕਬਰਾਂ ਪੁੱਟ ਸੁੱਟੀਆਂ। ਜ਼ਾਹਿਰ ਹੈ, ਮੁਸਲਿਮ ਭਾਈਚਾਰੇ ਨੇ ਆਪਣੇ ਪੁਰਖਿਆਂ ਦੀਆਂ ਕਬਰਾਂ ਦੀ ਬੇਹੁਰਮਤੀ ’ਤੇ ਇਤਰਾਜ਼ ਤਾਂ ਕਰਨਾ ਹੀ ਸੀ। ਕਬਰਾਂ ਪੁੱਟਣ ਵਾਲੇ ਕਹਿੰਦੇ ਇਹ ਹੱਡਾਰੋੜੀ ਦੀ ਥਾਂ ਹੈ। ਮੁਸਲਮਾਨ ਭਾਈਚਾਰੇ ਦੇ ਮੁਹਤਬਰਾਂ ਨੇ ਮਾਲ ਵਿਭਾਗ ਦੇ ਰਿਕਾਰਡ ਰਾਹੀਂ ਇਹ ਸਿੱਧ ਕਰ ਦਿੱਤਾ ਕਿ ਹੱਡਾਰੋੜੀ ਦੀ ਜ਼ਮੀਨ ਤਾਂ ਇੱਥੋਂ ਦੂਰ ਹੈ ਜੋ ਕੋਈ ਅਖੌਤੀ ਜਰਵਾਣਾ ਦੱਬੀ ਬੈਠਾ ਹੈ। ਪਿੰਡ ਵਾਲਿਆਂ ਨੇ ਧੱਕੇ ਨਾਲ ਜ਼ਮੀਨ ਦੱਬੀ ਬੈਠੇ ਜਰਵਾਣੇ ਨਾਲ ਮੱਥਾ ਲਾਉਣ ਦੀ ਥਾਂ 10 ਅਗਸਤ ਨੂੰ ਮੁਸਲਮਾਨ ਭਾਈਚਾਰੇ ਦੇ ਸਮਾਜਿਕ ਬਾਈਕਾਟ ਦਾ ਮਤਾ ਪਾਸ ਕਰ ਦਿੱਤਾ। ਮਤੇ ’ਤੇ ਅਮਲ ਕਰਦਿਆਂ ਮੁਸਲਿਮ ਪ੍ਰੀਵਾਰਾਂ ਦੇ ਬੱਚਿਆਂ ਨੂੰ ਸਕੂਲਾਂ ਵਿਚੋਂ ਅਤੇ ਔਰਤਾਂ ਨੂੰ ਮਨਰੇਗਾ ਦੇ ਕੰਮ ਤੋਂ ਵਾਪਸ ਭੇਜ ਦਿੱਤਾ ਗਿਆ। ਦੁਕਾਨਦਾਰਾਂ ਨੂੰ ਧਮਕੀ ਦਿੱਤੀ ਗਈ ਕਿ ਜੇ ਤੁਸੀਂ ਇਨ੍ਹਾਂ ਨੂੰ ਰਾਸ਼ਨ-ਪਾਣੀ ਜਾਂ ਕੋਈ ਹੋਰ ਘਰੇਲੂ ਲੋੜ ਦਾ ਸਾਮਾਨ ਵੇਚਿਆ ਤਾਂ ਤੁਹਾਡਾ ਵੀ ਬਾਈਕਾਟ ਕਰ ਦਿੱਤਾ ਜਾਵੇਗਾ।
‘ਗੁਰੂ ਨਾਨਕ ਪਾਤਸ਼ਾਹ ਤੇ ਮਰਦਾਨੇ’ ਦੀ ਸੱਚੀ-ਸੁੱਚੀ ਦੋਸਤੀ ਦੀ ਗਵਾਹ ਰਹੀ ਭੂਮੀ ਦੇ ਵਾਸੀਆਂ ਤੋਂ ਇਹ ਆਸ ਤਾਂ ਉੱਕਾ ਹੀ ਨਹੀਂ ਸੀ! ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦਾ ਨੁਕਸਾਨ ਕਰਨ ਲਈ ਪਰ ਤੋਲ ਰਹੇ ਸੰਘੀ ਫਿਰਕਾਪ੍ਰਸਤ ਟੋਲੇ ਇਸ ਘਟਨਾਂ ਤੋਂ ਬਾਗੋ-ਬਾਗ ਹੋ ਰਹੇ ਹੋਣਗੇ। ਕਿਸਾਨ ਸੰਘਰਸ਼ ’ਚ ਕਾਇਮ ਹੋਈ ਤੇ ਪ੍ਰਵਾਨ ਚੜ੍ਹੀ ਕਿਰਤੀ-ਕਿਸਾਨਾਂ ਦੀ ਸਾਂਝ ਤਿੜਕਦੀ ਦੇਖ ਕੇ ‘ਮੋਦੀ ਕੇ’ ਵੀ ਕੱਛਾਂ ਵਜਾ ਰਹੇ ਹੋਣਗੇ।
ਜਿੱਥੇ ਦੇਸ਼ ਅਤੇ ਪੰਜਾਬ ਦੀ ਜਮਹੂਰੀ ਲਹਿਰ ਨੂੰ ਉਪਰ ਬਿਆਨੀਆਂ ਦੋਹਾਂ ਘਟਨਾਵਾਂ ਤੋਂ ਉਜਾਗਰ ਹੁੰਦੇ ਖਤਰਨਾਕ ਰੁਝਾਨਾਂ ਨੂੰ ਠਲ੍ਹ ਪਾਉਣ ਦੀ ਨਿੱਗਰ ਵਿਉਂਤਬੰਦੀ ਕਰਨੀ ਚਾਹੀਦੀ ਹੈ, ਉਥੇ ਪੰਜਾਬ ਦੇ ਅਮੀਰ ਵਿਰਸੇ ਦੇ ਮਾਲਕ ਕਹਾਉਣ ਵਾਲੇ ਪੰਜਾਬ ਵਾਸੀਆਂ ਨੂੰ ਵੀ ਅੰਤਰਝਾਤ ਦੀ ਲੋੜ ਹੈ।

ਮਹੀਪਾਲ

Scroll To Top