Now Reading
ਸਾਹਿਤ ਤੇ ਸੱਭਿਆਚਾਰ ਸੰਗਰਾਮੀ ਲਹਿਰ-ਸਤੰਬਰ 2020)

ਸਾਹਿਤ ਤੇ ਸੱਭਿਆਚਾਰ ਸੰਗਰਾਮੀ ਲਹਿਰ-ਸਤੰਬਰ 2020)

ਕਹਾਣੀ
ਤਮਸ
– ਭੀਸ਼ਮ ਸਾਹਨੀ
(ਇਸ ਅੰਕ ਵਿੱਚ ਅਸੀਂ ਕਹਾਣੀ ਦੀ ਜਗ੍ਹਾ, ਸਾਹਿਤ ਅਕਾਦਮੀ ਦੇ ਫੈਲੋ ਰਹੇ, ਪਦਮ ਭੂਸ਼ਣ, ਮਰਹੂਮ  ਜਨਾਬ ਭੀਸ਼ਮ ਸਾਹਨੀ ਦੇ ਵਿਸ਼ਵ ਪ੍ਰਸਿੱਧ ਨਾਵਲ ‘ਤਮਸ’ ਦਾ ਇੱਕ ਕਾਂਡ (ਚੈਪਟਰ) ਛਾਪ ਰਹੇ ਹਾਂ। ਮਾਨਵਤਾ ਦੇ ਦੁਸ਼ਮਣ ਫਿਰਕੂ ਤੱਤ ਤੇ ਸੰਗਠਨ ਕਿਸੇ ਧਰਮ ਵਿਸ਼ੇਸ਼ ਦੇ ਕੱਚੀ ਉਮਰ ਦੇ ਨੌਜਵਾਨਾਂ ਦੇ ਦਿਲੋ-ਦਿਮਾਗ ਨੂੰ ਆਪਣੇ ਫਿਰਕੂ ਵਿਚਾਰਾਂ ਰਾਹੀਂ ਵਿਹੁਲਾ ਬਣਾ ਕੇ ਉਨ੍ਹਾਂ ਨੂੰ ਵਹਿਸ਼ੀ ਦਰਿੰਦਿਆਂ ‘ਚ ਤਬਦੀਲ ਕਰ ਦਿੰਦੇ ਹਨ। ਇਹ ਗੱਭਰੇਟ ਆਪਣੇ ਨਾਲੋਂ ਵੱਖਰੇ ਧਰਮ ਨੂੰ ਮੰਨਣ ਵਾਲੇ ਆਪਣੇ ਵਰਗੇ ਹੀ ਉਨ੍ਹਾਂ ਗਰੀਬ ਕਿਰਤੀਆਂ ਦਾ ਬੇਕਿਰਕੀ ਨਾਲ ਵਢਾਂਗਾ ਕਰ ਦਿੰਦੇ ਹਨ ਜਿਹਨਾਂ ਨਾਲ ਉਨ੍ਹਾਂ ਦਾ ਕਿਸੇ ਵੀ ਕਿਸਮ ਦਾ ਵੈਰ-ਵਿਰੋਧ ਨਹੀਂ ਹੁੰਦਾ। ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵੇਲੇ ਬਜ਼ੁਰਗਾਂ, ਔਰਤਾਂ, ਮਾਸੂਮ ਬਾਲ ਅਤੇ ਬੀਮਾਰ ਜਾਂ ਪ੍ਰਤੀਰੋਧ ਦੀ ਸ਼ਕਤੀ ਤੋਂ ਵਿਹੂਣਿਆਂ ਨੂੰ ਉਚੇਚਾ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਵਿਉਂਤਬੱਧ ਵਾਰਦਾਤਾਂ ਵਿਰੋਧੀ ਫਿਰਕਿਆਂ ਦਰਮਿਆਨ ਵਿਆਪਕ ਤਣਾਅ ਅਤੇ ਭਰਾ ਮਾਰੂ ਫਿਰਕੂ ਦੰਗਿਆਂ ਦਾ ਕਾਰਨ ਬਣਦੀਆਂ ਹਨ। ਇਹ ਸਮੁੱਚਾ ਘਟਨਾਕ੍ਰਮ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੀਆਂ ਭਾਵੀ ਪੀੜ੍ਹੀਆਂ ਨੂੰ ਹਮੇਸ਼ਾਂ ਲਈ ਇੱਕ ਦੂਜੇ ਦਾ ਨਿਰਾਧਾਰ ਵੈਰੀ ਬਣਾ ਦਿੰਦਾ ਹੈ। ਲੋਕਾਈ ਫਿਰਕਾਪ੍ਰਸਤ ਤੱਤਾਂ ਦੀ ਲਿਖੀ ਮਨੋ-ਕਲਪਿਤ ਦੁਸ਼ਮਣੀ ਦੀ ਪਟਕਥਾ ਅਨੁਸਾਰ ਹਕੀਕੀ ਖੂੰਨੀ ਖੇਡ ਖੇਡਣ ਲੱਗ ਪੈਂਦੀ ਹੈ।
ਨਾਵਲ ਵਿਚਲੀਆਂ ਘਟਨਾਵਾਂ ਦਾ ਬਿਰਤਾਂਤ 1947 ਦੀ ਬਦਕਿਸਮਤ ਭਾਰਤ-ਪਾਕਿਸਤਾਨ ਵੰਡ ਦੀਆਂ ਘਟਨਾਵਾਂ ‘ਤੇ ਆਧਾਰਿਤ ਹੈ ਪਰ ਸੂਝਵਾਨ ਪਾਠਕਾਂ ਨੂੰ ਇਸ ਵਿੱਚੋਂ ਵਰਤਮਾਨ ਸਮੇਂ ਭਾਰਤ ਵਿੱਚ ਖੇਡੀ ਜਾ ਰਹੀ ਫਿਰਕੂ, ਖੂੰਨੀ ਹੋਲੀ ਦੇ ਭਿਆਨਕ ਨਕਸ਼ ਲਾਜ਼ਮੀ ਲੱਭ ਪੈਣਗੇ-ਸੰਪਾਦਕੀ ਮੰਡਲ)

”ਤੂੰ ਗਲੀ ‘ਚ ਰਹਿਣ ਵਾਲੇ ਮਲੇਛਾਂ (ਫਿਰਕਾਪ੍ਰਸਤਾਂ ਵਲੋਂ ਮੁਸਲਮਾਨਾਂ ਲਈ ਵਰਤਿਆ ਜਾਂਦਾ ਹਿਕਾਰਤ ਭਰਿਆ ਸੰਬੋਧਨ) ਨੂੰ ਜਾਣਦਾ ਹੈਂ?”
ਰਣਵੀਰ ਨੇ ਸ਼ੰਭੂ ਨੂੰ ਪੁੱਛਿਆ ਸੀ।
”ਹਾਂ ਬੋਸ, ਮੈਂ ਇਨ੍ਹਾਂ ਨੂੰ ਜਾਣਦਾ ਹਾਂ। ਮਹਿਮੂਦ ਧੋਬੀ ਸਾਡੇ ਘਰ ਦੇ ਕਪੜੇ ਧੋਂਦਾ ਹੈ, ਅਤੇ ਪੀਰ ਦੀ ਕਬਰ ਦੇ ਸਾਹਮਣੇ ਜਿਹੜੇ ਮੀਆਂ ਜੀ ਰਹਿੰਦੇ ਹਨ, ਉਨ੍ਹਾਂ ਦਾ ਮੇਰੇ ਦਾਦਾ ਜੀ ਨਾਲ ਬਹੁਤ ਮੇਲ-ਮਿਲਾਪ ਹੈ।”
”ਤੂੰ ਇਸ ਗਲੀ ‘ਚ ਕੰਮ ਨਹੀਂ ਕਰੇਂਗਾ।” ਰਣਵੀਰ ਨੇ ਫੈਸਲਾਕੁੰਨ ਸੁਰ ਵਿੱਚ ਕਿਹਾ। ਸ਼ੰਭੂ ਨਿਰਉਤਸ਼ਾਹਤ ਹੋ ਗਿਆ।
ਅੱਜ ਇਹ ਲੋਕ ਅਪਣੇ ‘ਸ਼ਿਕਾਰ’ ‘ਤੇ ਪਹਿਲੀ ਵਾਰ ਧਾਵਾ ਬੋਲਣ ਵਾਲੇ ਸਨ। ਚਾਰੋਂ ‘ਯੋਧੇ’ ਉਤੇਜਿਤ ਸਨ। ਅਜੇ ਤੱਕ ਸਿਰਫ ਤਿਆਰੀ ਚਲ ਰਹੀ ਸੀ, ਅੱਜ ਮੈਦਾਨੇ ਜੰਗ ਵਿੱਚ ਜੌਹਰ ਦਿਖਾਉਣ ਦਾ ਸਮਾਂ ਆ ਗਿਆ ਸੀ। ”ਅੱਜ ਮੈਦਾਨ ਵਿੱਚ ਜਾਕੇ ਹੱਥ ਦਿਖਾ ਦੇ ਬੇਟਾ,” ਧਰਮਦੇਵ ਦੇ ਕੰਨਾਂ ਵਿੱਚ ਵੀਰ ਰਸ ਭਰੇ ਇਸ ਗੀਤ ਦੀ ਲਾਈਨ ਦੇਰ ਤੋਂ ਗੂੰਜ ਰਹੀ ਸੀ। ਮਨੋਹਰ ਥੋੜ੍ਹਾ ਚਿੰਤਤ ਸੀ। ਉਹ ਅਪਣੀ ਮਾਂ ਨੂੰ ਕੁਝ ਵੀ ਕਹੇ ਬਗੈਰ ਹੀ ਆ ਗਿਆ ਸੀ, ਤੇ ਹੁਣ ਦਿਨ ਦੇ ਦੋ ਵੱਜਣ ਵਾਲੇ ਸਨ। ਮਨੋਹਰ ਨੂੰ ਡਰ ਸੀ ਕਿ ਚੁੱਲ੍ਹਾ-ਚੌਂਕਾ ਸਮੇਟਣ ਤੋਂ ਬਾਅਦ ਉਸਦੀ ਮਾਂ ਉਸ ਨੂੰ ਲੱਭਣ ਲਈ ਨਿਕਲ ਪਵੇਗੀ ਤੇ ਕੀ ਪਤਾ ਲੱਭਦੀ-ਲੱਭਦੀ ਉਹ ਐਧਰ ਹੀ ਨਾ ਆ ਜਾਵੇ?
ਰਣਵੀਰ ਨੇ ਹੋਰ ਤਿਨਾਂ ਲੜਾਕਿਆਂ ਨੂੰ ‘ਅਸਲ੍ਹੇਖਾਨੇ’ ਵਿਚ ਇਕੱਠੇ ਕੀਤਾ ਅਤੇ ਰਣਨੀਤੀ ‘ਤੇ ਵਿਚਾਰ ਕਰਦੇ ਹੋਏ ਬੋਲਿਆ, ”ਦੁਸ਼ਮਣ ‘ਤੇ ਉਬਲਦਾ ਤੇਲ ਸੁੱਟਣ ਦਾ ਸਮਾਂ ਅਜੇ ਨਹੀਂ ਆਇਆ। ਉਬਲਦਾ ਤੇਲ ਉਸ ਵੇਲੇ ਸੁੱਟਿਆ ਜਾਂਦਾ ਹੈ ਜਦੋਂ ਦੁਸ਼ਮਣ ਸਾਡੇ ਕਿਲ੍ਹੇ ‘ਤੇ ਹਮਲਾ ਕਰ ਦੇਵੇ ਤੇ ਅਸੀਂ ਅਪਣੇ ਹਥਿਆਰਾਂ ਨਾਲ ਉਸਦਾ ਮੁਕਾਬਲਾ ਨਾ ਕਰ ਸਕਦੇ ਹੋਈਏ।” ਫੇਰ ਉਸਨੇ ਪਲ ਕੁ ਸੋਚ ਕੇ ਕਿਹਾ, ”ਇਥੇ ਸਿਰਫ ਚਾਕੂ ਚਲੇਗਾ, ਕਮਾਨੀਦਾਰ ਚਾਕੂ।”
ਫੇਰ ਉਸਨੇ ਇੰਦਰ ਨੂੰ ਸੰਬੋਧਨ ਕਰਦਿਆਂ ਕਿਹਾ, ”ਇਕ ਵਾਰ ਮੁੜ ਕਰਤਬ ਕਰਕੇ ਦਿਖਾ। ਚੁੱਕ ਚਾਕੂ ਫੱਟੇ ਤੋਂ।” ਇੰਦਰ ਫੁਰਤੀ ਨਾਲ ਚਾਕੂ ਚੁੱਕ ਲਿਆਇਆ। ਕਮਰੇ ਦੇ ਠੀਕ ਦਰਮਿਆਨ ਦੋਵੇਂ ਲੱਤਾਂ ਫੈਲਾਈ ਉਹ ਪਲ ਭਰ ਲਈ ਖੜ੍ਹਾ ਰਿਹਾ। ਚਾਕੂ ਦੀ ਮੁੱਠ ਉਸਦੇ ਸੱਜੇ ਹੱਥ ਵਿੱਚ ਸੀ ਤੇ ਉਸਦਾ ਫਲ ਪਿਛਲੇ ਪਾਸੇ ਨੂੰ ਸੀ। ਫੇਰ ਖੱਬਾ ਕਦਮ ਚੁੱਕਦਿਆਂ ਉਹ ਉਛਲਿਆ, ਅਤੇ ਹਵਾ ਵਿਚ ਅਰਧ ਗੋਲਾ ਕੱਟਕੇ ਫੇਰ ਦੋਵੇਂ ਲੱਤਾਂ ਫੈਲਾਈ ਰਣਵੀਰ ਦੀ ਪਿੱਠ ਵੱਲ ਮੁੰਹ ਕੀਤਿਆਂ ਫਰਸ਼ ‘ਤੇ ਉਤਰਿਆ। ਇਸੇ ਦਰਮਿਆਨ ਉਸਨੇ ਰਣਵੀਰ ਦੀ ਕਮਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੁੱਠੇ ਹੱਥ ਨਾਲ ਚਾਕੂ ਦੇ ਵਾਰ ਦਾ ਇਸ਼ਾਰਾ ਕੀਤਾ ਸੀ।
ਰਣਬੀਰ ਨੇ ਸਿਰ ਹਿਲਾਇਆ, ”ਦੁਸ਼ਮਣ ਦੀ ਛਾਤੀ ਤੇ ਪਿੱਠ ਨੂੰ ਕਦੇ ਵੀ ਨਿਸ਼ਾਨਾ ਨਾ ਬਣਾਓ। ਵਾਰ ਹਮੇਸ਼ਾ ਕਮਰ ‘ਤੇ ਕਰੋ ਜਾਂ ਪੇਟ ‘ਚ। ਅਤੇ ਘੁਮਾਉਂਦੇ ਹੋਏ ਚਾਕੂ ਖੁਭਾਉਣ ਤੋਂ ਬਾਅਦ ਉਸਨੂੰ ਅੰਦਰ ਹੀ ਅੰਦਰ ਥੋੜ੍ਹਾ ਜਿਹਾ ਮਰੋੜ ਦਿਓ, ਇਸ ਨਾਲ ਅੰਤੜੀਆਂ ਬਾਹਰ ਆ ਜਾਣਗੀਆਂ। ਜੇਕਰ ਤੁਸੀਂ ਭੀੜ ਵਿੱਚ ਦੁਸ਼ਮਣ ‘ਤੇ ਵਾਰ ਕਰਦੇ ਹੋ ਤਾਂ ਚਾਕੂ ਬਾਹਰ ਖਿੱਚਣ ਦਾ ਯਤਨ ਨਾ ਕਰੋ, ਉਸਨੂੰ ਉਥੇ ਹੀ ਰਹਿਣ ਦਿਓ ਅਤੇ ਭੀੜ ਵਿਚ ਗੁਆਚ ਜਾਓ।”
ਰਣਬੀਰ ਉਹੀ ਕੁਝ ਬੋਲੀ ਜਾ ਰਿਹਾ ਸੀ ਜੋ ਉਸਨੇ ਮਾਸਟਰ ਦੇਵਵਰਤ ਦੇ ਮੁੂੰਹੋ ਸੁਣਿਆ ਸੀ।
ਥੋੜ੍ਹੀ ਦੇਰ ਬਾਅਦ ਦਲ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਪਹਿਲਾ ਹਮਲਾ ਇੰਦਰ ਦੇ ਹੱਥੀਂ ਕੀਤਾ ਜਾਵੇਗਾ। ਇਸ ਲਈ ਇੰਦਰ, ਸ਼ੰਭੂ ਤੇ ਬੋਸ ਅਸਲ੍ਹਾਖਾਨੇ ਨੂੰ ਛੱਡ ਕੇ ਹੇਠਾਂ ਡਿਓਢੀ ਵਿਚ ਆ ਗਏ, ਜਦੋਂਕਿ ਮਨੋਹਰ ਉਪਰ ਹੀ ਰਿਹਾ। ਫੈਸਲਾ ਕੀਤਾ ਗਿਆ ਕਿ ਛੱਜੇ ‘ਤੇ ਖੜ੍ਹਾ ‘ਸਿਪਾਹੀ’ ਸੜਕ ਵੱਲ ਨਜ਼ਰ ਰੱਖੇਗਾ ਅਤੇ ਗਲੀ ਵਿਚ ਆਉਣ-ਜਾਣ ਵਾਲੇ ਲੋਕਾਂ ‘ਤੇ ਰਣਬੀਰ, ਇੰਦਰ ਤੇ ਸ਼ੰਭੂ। ਅਤੇ ਰਣਬੀਰ ਦੇ ਹੁਕਮ ‘ਤੇ ਇੰਦਰ ਡਿਊਢੀ ਵਿਚੋਂ ਨਿਕਲ ਕੇ ਦੁਸ਼ਮਣ ‘ਤੇ ਹਮਲਾ ਕਰੇਗਾ। ਗਲੀ ‘ਚ ਘੁੰਮਣ ਵਾਲੇ ਦਰਵਾਜ਼ੇ ਨੂੰ ਥੋੜ੍ਹਾ ਜਿਹਾ ਖੋਲ੍ਹ ਦੇਣ ਨਾਲ ਸੜਕ ਦਾ ਕੁਝ ਹਿੱਸਾ ਤੇ ਗਲੀ ਦਾ ਸ਼ੁਰੂ ਦਾ ਹਿੱਸਾ ਨਜਰ ਆਉਂਦੇ ਹਨ। ਪਿੱਪਲ ਦੇ ਮੁੱਢ ਦੇ ਪਾਰ ਸੜਕ ਦਾ ਹਿੱਸਾ ਸੀ ਜਿਹੜਾ ਦੁਪਹਿਰ ਦੀ ਧੁੱਪ ਵਿੱਚ ਚਮਕ ਰਿਹਾ ਸੀ।
ਗਲੀ ਸਾਹਮਣੇ ਇਕ ਤਾਂਗਾ ਰੁਕਿਆ। ਰਣਬੀਰ ਨੇ ਦਰਵਾਜ਼ੇ ਨੂੰ ਪੂਰਾ ਭੇੜ ਲਿਆ ਅਤੇ ਇਕ ਝੀਤ ‘ਚੋਂ ਬਾਹਰ ਨੂੰ ਦੇਖਣ ਲੱਗਾ।
”ਕੌਣ ਹੈ?” ਇੰਦਰ ਨੇ ਹੌਲੀ ਜਿਹੀ ਪੁਛਿਆ।
ਰਣਬੀਰ ਚੁੱਪ ਰਿਹਾ। ਹੋਰ ਦੋ ਕਾਰਕੁੰਨਾਂ ਨੇ ਵੀ ਅਗਾਂਹ ਵਧਕੇ ਝੀਤ ‘ਤੇ ਅੱਖ ਰੱਖ ਲਈ।
”ਜਲਾਲ ਖਾਨ ਹੈ। ਨਵਾਬਜਾਦਾ ਜਲਾਲ ਖਾਨ।” ਸ਼ੰਭੂ ਬੋਲਿਆ, ”ਇਹ ਸੜਕ ਦੇ ਕਿਨਾਰੇ ਸਾਹਮਣੇ ਵਾਲੇ ਮਕਾਨ ‘ਚ ਰਹਿੰਦਾ ਹੈ। ਸਾਡੇ ਮੁਹੱਲੇ ਦਾ ਬਹੁਤ ਵੱਡਾ ਰਈਸ ਹੈ। ਡਿਪਟੀ ਕਮਿਸ਼ਨਰ ਨੂੰ ਮਿਲਣ ਜਾਂਦਾ ਹੈ।” ਸ਼ੰਭੂ ਇਕੋ ਸਾਹ ਕਹਿ ਗਿਆ।
ਝੀਤ ਵਿੱਚੋਂ ਪਲ ਭਰ ਲਈ ਉਸਦਾ ਚਿੱਟਾ ਤੁਰਲਾ, ਖੜ੍ਹੀਆਂ ਮੁੱਛਾਂ ਤੇ ਲਾਲ ਦਮਕਦਾ ਚਿਹਰਾ ਨਜਰ ਆਇਆ। ਪਰ ਜਿਵੇਂ ਉਹ ਸਾਹਮਣੇ ਆਇਆ ਉਸੇ ਤਰ੍ਹਾਂ ਗਾਇਬ ਵੀ ਹੋ ਗਿਆ। ਗਲੀ ‘ਚੋਂ ਲੰਘਦਿਆਂ ਉਸਦੀ ਸਲਵਾਰ ਦੀ ਸਰਸਰ ਤੇ ਜੁੱਤੀਆਂ ਦੀ ਚਰਮਰਾਹਟ ਦੀ ਆਵਾਜ ਸੁਣਾਈ ਦਿੱਤੀ। ਕੁਝ ਫੈਸਲਾ ਕਰਨ ਤੋਂ ਪਹਿਲਾਂ ਹੀ ਉਹ ਆਪਣੇ ਘਰ ਅੰਦਰ ਜਾ ਚੁੱਕਾ ਸੀ। ਤਿੰਨੋਂ ‘ਯੋਧੇ ਸਿਪਾਹੀ’ ਸੁੰਨ ਜਿਹੇ ਖੜ੍ਹੇ ਦੇਖਦੇ ਰਹਿ ਗਏ। ਉਹ ਕੱਦ-ਕਾਠ ਪੱਖੋਂ ਵੀ ਬਹੁਤ ਲੰਮਾ-ਉੱਚਾ ਸੀ। ਉਸਨੂੰ ਸਾਹਮਣਿਓਂ ਜਾਂਦਾ ਦੇਖਕੇ ਤਿੰਨੇ ਸਹਿਮ ਜਿਹੇ ਗਏ ਸੀ ਅਤੇ ਸੋਚਣ ਦਾ ਮੌਕਾ ਹੀ ਨਹੀਂ ਮਿਲਿਆ ਸੀ।
‘ਮਾਸਟਰ ਜੀ’ ਨੇ ਕਿਹਾ ਸੀ ਕਿ ਅਪਣੇ ਦੁਸ਼ਮਣ ਵੱਲ ਧਿਆਨ ਨਾਲ ਕਦੇ ਨਾ ਦੇਖੋ, ਇਸ ਨਾਲ ਇਰਾਦਾ ਡਿੱਕੇ-ਡੋਲੇ ਖਾਣ ਲਗਦਾ ਹੈ। ਆਪਣੇ ‘ਸ਼ਿਕਾਰ’ ਵੱਲ ਧਿਆਨ ਨਾਲ ਦੇਖੋ ਤਾਂ ਉਸ ਪ੍ਰਤਿ ਦਿਲ ‘ਚ ਹਮਦਰਦੀ ਪੈਦਾ ਹੋਣ ਲੱਗਦੀ ਹੈ। ਅਜਿਹਾ ਕਦੇ ਨਹੀਂ ਹੋਣ ਦੇਣਾ ਚਾਹੀਦਾ।
ਪਿੱਛੇ ਗਲੀ ‘ਚ ਕੋਈ ਦਰਵਾਜ਼ਾ ਖੁੱਲ੍ਹਿਆ ਅਤੇ ਮੁੜ ਖੜਾਕ ਨਾਲ ਬੰਦ ਹੋ ਗਿਆ। ਤਿੰਨਾਂ ਦੇ ਕੰਨ ਖੜ੍ਹੇ ਹੋ ਗਏ। ਰਣਬੀਰ ਨੇ ਦਰਵਾਜ਼ੇ ਦੇ ਪਰਦੇ ਨੂੰ ਇਸ ਤਰ੍ਹਾਂ ਖੋਲ੍ਹਿਆ ਕਿ ਪਰਦਿਆਂ ਦੇ ਦਰਮਿਆਨ ਦੀ ਝੀਤ ਗਲੀ ਵੱਲ ਖੁਲ੍ਹ ਗਈ।
”ਕੌਣ ਹੈ ?” ਇੰਦਰ ਨੇ ਹੌਲੀ ਜਿਹੀ ਪੁਛਿਆ।
”ਮਲੇਛ ਹੈ।” ਰਣਬੀਰ ਨੇ ਕਿਹਾ।
ਦੋਵੇਂ ਮਿੱਤਰ ਉਪਰ-ਥੱਲੇ ਝੀਤ ‘ਤੇ ਅੱਖ ਲਾਕੇ ਖੜ੍ਹੇ ਹੋ ਗਏ। ਇਕ ਦਾੜ੍ਹੀ ਵਾਲਾ ਵੱਡੀ ਉਮਰ ਦਾ ਆਦਮੀ ਗਲੀ ‘ਚੋਂ ਲੰਘਦਾ ਹੋਇਆ ਸੜਕ ਵੱਲ ਆ ਰਿਹਾ ਸੀ।
”ਮਿਆਂਜੀ ਹਨ” ਸ਼ੰਭੂ ਨੇ ਪਛਾਣਦਿਆਂ ਕਿਹਾ, ”ਪੀਰ ਦੀ ਕਬਰ ਦੇ ਸਾਹਮਣੇ ਵਾਲੇ ਘਰ ਵਿਚ ਰਹਿੰਦੇ ਹਨ। ਇਸ ਵੇਲੇ ਮਸਜਿਦ ‘ਚ ਨਮਾਜ ਪੜ੍ਹਨ ਜਾ ਰਹੇ ਹਨ। ਰੋਜ ਇਸ ਵੇਲੇ ਨਮਾਜ ਪੜ੍ਹਨ ਜਾਂਦੇ ਹਨ।”
”ਚੁਪ ਰਹੋ।”
ਮਿਆਂ ਗਲੀ ਦਾ ਥੋੜ੍ਹਾ ਜਿਹਾ ਹਿੱਸਾ ਲੰਘ ਕੇ ਪਿੱਪਲ ਦੇ ਦਰੱਖਤ ਕੋਲ ਆਇਆ ਤੇ ਉਥੋਂ ਖੱਬੇ ਹੱਥ ਘੁੰਮ ਗਿਆ। ਉਸਨੇ ਕਾਲੇ ਰੰਗ ਦੀ ਬਾਸਕਟ ਪਾਈ ਸੀ ਤੇ ਥੱਲੇ ਸਲਵਾਰ ਅਤੇ ਢਿੱਲੀ ਜਿਹੀ ਚੱਪਲ। ਉਸਦੇ ਸੱਜੇ ਹੱਥ ‘ਚ ਫੇਰਨ ਵਾਲੀ ਮਾਲਾ ਲਟਕ ਰਹੀ ਸੀ। ਬੁੱਢਾ ਹੋਣ ਕਰਕੇ ਉਸਦੀ ਪਿੱਠ ਝੁਕੀ ਹੋਈ ਸੀ ਅਤੇ ਉਹ ਹੌਲੀ-ਹੌਲੀ ਚਲਦਾ ਜਾ ਰਿਹਾ ਸੀ।
”ਜਾਵਾਂ?” ਇੰਦਰ ਨੇ ਝਟ ਬੋਸ ਤੋਂ ਪੁੱਛਿਆ।
”ਨਹੀਂ, ਹੁਣ ਉਹ ਸੜਕ ‘ਤੇ ਪੁੱਜ ਚੁੱਕਾ ਹੈ।”
”ਤਾਂ ਕੀ ਹੋਇਆ?”
”ਨਹੀਂ। ਸੜਕ ‘ਤੇ ਹਮਲਾ ਕਰਨ ਦੀ ਮਨਾਹੀ ਹੈ।”
ਸ਼ੰਭੂ ਨੂੰ ਇੰਦਰ ਦੀ ਆਵਾਜ ‘ਚ ਕਾਹਲਾਪਣ ਲੱਗਾ, ਜਦੋਂਕਿ ਖੁਦ ਸ਼ੰਭੂ ਦਾ ਮਨ ਢਿੱਲਾ ਜਿਹਾ ਪੈ ਰਿਹਾ ਸੀ। ਇੰਦਰ ਦੇ ਪੁੱਛਣ ਨਾਲ ਸ਼ੰਭੂ ਨੂੰ ਇਕ ਅਜੀਬ ਜਿਹਾ ਧੱਕਾ ਲੱਗਾ ਸੀ। ਬੋਸ ਦੀ ਮਨਾਹੀ ਨਾਲ ਉਸਨੂੰ ਮਨ ਹੀ ਮਨ ਰਾਹਤ ਜਿਹੀ ਮਿਲੀ।
ਕੁਝ ਦੇਰ ਤੱਕ ਮੁੜ ਉਹ ਦਰਵਾਜ਼ੇ ਦੇ ਪਿੱਛੇ ਖੜ੍ਹੇ ਰਹੇ। ਸਮਾਂ ਬੀਤਦਾ ਜਾ ਰਿਹਾ ਸੀ। ਚਾਰ ਵਜੇ ਟੂਟੀਆਂ ‘ਚ ਪਾਣੀ ਆਉਣਾ ਸ਼ੁਰੂ ਹੋ ਜਾਵੇਗਾ ਅਤੇ ਗਲੀ ਦੀਆਂ ਔਰਤਾਂ ਘੜੇ ਚੁੱਕ ਟੂਟੀਆਂ ‘ਤੇ ਪੁੱਜ ਜਾਣਗੀਆਂ। ਦੁਪਹਿਰ ਮੁਕੱਦਿਆਂ ਹੀ ਇੱਕਾ-ਦੁੱਕਾ ਹੋਰ ਲੋਕ ਵੀ ਬਾਹਰ ਨਿਕਲਣ ਲੱਗਣਗੇ। ਇਸ ਦਰਮਿਆਨ ਇਕ-ਇਕ ਕਰਕੇ ਦੋ ਆਦਮੀ ਗਲੀ ‘ਚ ਦਾਖਲ ਹੋਏ। ਇਕ ਦੇ ਹੱਥ ‘ਚ ਸਾਈਕਲ ਸੀ ਤੇ ਅੱਖਾਂ ‘ਤੇ ਐਨਕ ਸੀ।
”ਇਹ ਬਾਬੂ ਚੁੰਨੀਲਾਲ ਹੈ। ਇਹ ਇਕ ਦਫਤਰ ‘ਚ ਕੰਮ ਕਰਦਾ ਹੈ। ਇਸ ਕੋਲ ਕੁੱਤਾ ਹੈ।”
ਅਤੇ ਦੂਜਾ ਇਕ ਸਿੱਖ ਸਰਦਾਰ ਗਲੀ ‘ਚ ਆਇਆ, ਜਿਸਨੇ ਮੋਢੇ ‘ਤੇ ਗੰਢੜੀ ਚੁੱਕੀ ਹੋਈ ਸੀ।
ਦੋਵੇਂ ਵਾਰੀ-ਵਾਰੀ ਆਏ ਤੇ ਆਪਣੀਆਂ ਖੜੱਪ-ਖੜੱਪ ਕਰਦਿਆਂ ਜੁੱਤੀਆਂ ਖੜਕਾਉਂਦੇ ਗਲੀ ‘ਚੋਂ ਲੰਘ ਗਏ।
ਉਸੇ ਵੇਲੇ ਮੁੜ ਉਨ੍ਹਾਂ ਨੂੰ ਕਿਸੇ ਦੇ ਕਦਮਾਂ ਦੀ ਆਵਾਜ ਸੁਣੀ। ਇੰਦਰ ਨੇ ਝੀਤ ‘ਚੋਂ ਝਾਕ ਕੇ ਦੇਖਿਆ ਅਤੇ ਰਣਬੀਰ ਦੀ ਕੂਹਣੀ ਨੂੰ ਛੂਹਿਆ। ”ਕੌਣ ਹੈ?”
ਇੰਦਰ ਕੁਝ ਨਹੀਂ ਬੋਲਿਆ ਤੇ ਬਾਹਰ ਦੇਖਦਾ ਰਿਹਾ।
ਫਿਰ ਤੋਂ ਖੜੱਪ-ਖੜੱਪ ਕਰਦੀਆਂ ਜੁੱਤੀਆਂ ਦੀ ਆਵਾਜ ਆਈ। ਰਣਬੀਰ ਝਟ ਝੀਤ ਵਿੱਚੋਂ ਝਾਕਣ ਲੱਗਾ। ਸ਼ੰਭੂ ਵੀ ਝੀਤ ਨਾਲ ਚਿੰਬੜ ਗਿਆ ਸੀ।
”ਕੌਣ ਹੈ?”
”ਕੋਈ ਖੋਮਚੇ ਵਾਲਾ ਹੈ।” ਇੰਦਰ ਨੇ ਹੌਲੀ ਜਿਹੀ ਕਿਹਾ।
”ਨਹੀਂ ਇਤਰ-ਫੁਲੇਲ ਵੇਚਦਾ ਹੈ। ਦੂਰ ਕਿਤੇ ਰਹਿੰਦਾ ਹੈ, ਰੋਜ ਇਸੇ ਵੇਲੇ ਇਧਰੋਂ ਲੰਘਦਾ ਹੈ। ਮਲੇਛ ਹੈ।”
ਇਕ ਭਾਰਾ-ਤਗੜਾ ਆਦਮੀ, ਮਹਿੰਦੀ ਰੰਗੀਆਂ ਮੁੱਛਾਂ ਅਤੇ ਕੂਚੀ ਦਾੜ੍ਹੀ ਵਾਲਾ ਅਪਣੇ ਆਲੇ-ਦੁਆਲੇ ਬਹੁਤ ਸਾਰੇ ਥੈਲੇ ਲਟਕਾਈ ਪਿੱਪਲ ਦੇ ਦਰੱਖਤ ਹੇਠੋਂ ਹੋਕੇ ਗਲੀ ‘ਚ ਆ ਗਿਆ ਸੀ। ਭਾਰ ਕਰਕੇ ਉਸਦੇ ਮੱਥੇ ‘ਤੇ ਪਸੀਨੇ ਦੀਆਂ ਬੂੰਦਾਂ ਚਮਕ ਪਈਆਂ ਸਨ। ਉਸਦੇ ਸੱਜੇ ਕੰਨ ਵਿੱਚ ਰੂੰ ਦੇ ਫਹੇ ਸੀ ਅਤੇ ਉਪਰ ਦੋ-ਤਿੰਨ ਸਲਾਈਆਂ ਪਗੜੀ ‘ਚ ਫਸਾਈਆਂ ਹੋਈਆਂ ਸਨ।
ਰਣਬੀਰ ਨੂੰ ਲਗਿਆ ਜਿਵੇਂ ਉਸਦੀ ਪਿੱਠ ਪਿੱਛੇ ਕੋਈ ਹਰਕਤ ਹੋਈ ਹੈ। ਉਸਨੇ ਘੁੰਮਕੇ ਦੇਖਿਆ। ਇੰਦਰ ਦਾ ਹੱਥ ਆਪਣੀ ਜੇਬ ਵਿੱਚ ਪਏ ਘੁੰਮਣ ਵਾਲੇ ਚਾਕੂ ‘ਤੇ ਚਲਾ ਗਿਆ ਸੀ।
ਪਲ ਬੀਤ ਰਹੇ ਸਨ ਅਤੇ ਫੈਸਲੇ ਦੀ ਘੜੀ ਆ ਗਈ ਸੀ। ਇਹ ਆਦਮੀ ਮਲੇਛ ਸੀ, ਅਜਨਬੀ ਸੀ, ਥੈਲਿਆਂ ਨਾਲ ਲੱਦਿਆ ਸੀ, ਨਾ ਭੱਜ ਸਕਦਾ ਸੀ, ਨਾ ਅਪਣਾ ਬਚਾਅ ਕਰ ਸਕਦਾ ਸੀ ਅਤੇ ਥੱਕਿਆ ਹੋਇਆ ਸੀ। ਸਾਰੇ ਗੁਣ ਮੌਜੂਦ ਸਨ। ਕੁਝ ਸੁਆਲਾਂ ਦਾ ਜਵਾਬ ਦਿਮਾਗ ਨਹੀਂ ਦਿੰਦਾ, ਅੰਤਰ-ਪ੍ਰੇਰਣਾ ਦਿੰਦੀ ਹੈ। ਪਲ ਬੀਤ ਰਹੇ ਸਨ ਅਤੇ ਫੇਰੀ ਵਾਲਾ ਗਲੀ ਵਿਚ ਅੱਗੇ ਵਧਦਾ ਜਾ ਰਿਹਾ ਸੀ। ਰਣਬੀਰ ਨੇ ਅੱਖ ਦਾ ਇਸ਼ਾਰਾ ਕੀਤਾ ਅਤੇ ਇੰਦਰ ਤੇਜੀ ਨਾਲ ਬਾਹਰ ਹੋ ਗਿਆ। ਉਸਦੇ ਬਾਹਰ ਨਿਕਲਣ ‘ਤੇ ਪਲ ਭਰ ਲਈ ਬਾਹਰ ਦੀ ਰੌਸ਼ਨੀ ਦਾ ਚਮਕਦਾਰ ਪੁੰਜ ਜਿਵੇਂ ਅੰਦਰ ਵੜ ਆਇਆ। ਪਰ ਰਣਬੀਰ ਨੇ ਮੁੜ ਦਰਵਾਜ਼ਾ ਬੰਦ ਕਰ ਦਿੱਤਾ।
ਕੋਈ ਖੜਾਕ ਜਾਂ ਆਵਾਜ਼ ਨਹੀਂ ਸੀ। ਰਣਬੀਰ ਤੇ ਸ਼ੰਭੂ ਸਾਹ ਰੋਕੀ ਦਰਵਾਜ਼ੇ ਪਿੱਛੇ ਖਲੋਤੇ ਸਨ। ਰਣਬੀਰ ਬਹੁਤ ਜਿਆਦਾ ਉਤੇਜਿਤ ਹੋ ਗਿਆ। ਉਸ ਤੋਂ ਰਿਹਾ ਨਾ ਗਿਆ। ਉਸਨੇ ਹੌਲੀ ਜਿਹੀ ਦਰਵਾਜ਼ਾ ਖੋਲ੍ਹਿਆ ਅਤੇ ਸਿਰ ਬਾਹਰ ਕੱਢ ਕੇ ਦੇਖਿਆ। ਗਲੀ ‘ਚ ਕੁਝ ਦੂਰ ਇਤਰਫਰੋਸ਼ ਝੂਲਦਾ ਤੁਰਿਆ ਜਾ ਰਿਹਾ ਸੀ। ਥੈਲਿਆਂ ਦੇ ਭਾਰ ਨਾਲ ਉਸਦੀ ਪਿੱਠ ਝੁਕੀ ਹੋਈ ਸੀ। ਅਤੇ ਇੰਦਰ… ਬੌਨਾ, ਛੋਟਾ ਜਿਹਾ ਇੰਦਰ, ਉਸਤੋਂ ਕੁਝ ਫਾਸਲੇ ‘ਤੇ ਉਸਦੇ ਪਿੱਛੇ-ਪਿੱਛੇ ਚਲਦਾ ਜਾ ਰਿਹਾ ਸੀ। ਇੰਦਰ ਦਾ ਹੱਥ ਕੁਰਤੇ ਦੀ ਜੇਬ ਵਿੱਚ ਸੀ ਅਤੇ ਉਹ ਪੰਜਿਆਂ ਭਾਰ ਚਲ ਰਿਹਾ ਸੀ।
ਰਣਬੀਰ ਲਈ ਦਰਵਾਜ਼ੇ ਵਿੱਚੋਂ ਸਿਰ ਕੱਢਕੇ ਗਲੀ ਵਿਚ ਝਾਕਣਾ ਓਨਾ ਹੀ ਅਸੰਭਵ ਸੀ ਜਿੰਨਾ ਦਰਵਾਜ਼ਾ ਬੰਦ ਕਰਕੇ ਉਸਦੇ ਪਿੱਛੇ ਖਲੋਤੇ ਰਹਿਣਾ। ਉਸਦਾ ਸਭ ਗੱਲਾਂ ‘ਤੇ ਕੰਟਰੋਲ ਸੀ, ਅਪਣੇ ਬਚਿਆਂ ਵਰਗੇ ਕਾਹਲੇਪਣ ਨੂੰ ਛੱਡ ਕੇ। ਉਸੇ ਵੇਲੇ ਸ਼ੰਭੂ ਨੇ ਉਸ ਨੂੰ ਪਿੱਛੇ ਖਿੱਚ ਲਿਆ। ਸ਼ੰਭੂ ਡਰਿਆ ਹੋਇਆ ਸੀ ਅਤੇ ਉਸਦੀਆਂ ਲੱਤਾਂ ‘ਚ ਜਿਵੇਂ ਪਾਣੀ ਭਰ ਗਿਆ ਸੀ। ਆਖਰੀ ਝਲਕ ‘ਚ ਰਣਬੀਰ ਸਿਰਫ ਐਨਾ ਹੀ ਦੇਖ ਸਕਿਆ ਸੀ ਕਿ ਇੰਦਰ ਉਸ ਭਾਰੇ-ਤਗੜੇ ਮਲੇਛ ਦੇ ਨਾਲ-ਨਾਲ ਜਾ ਰਿਹਾ ਸੀ ਅਤੇ ਦੋਵੇਂ ਗਲੀ ਦਾ ਮੋੜ ਕੱਟ ਰਹੇ ਸਨ।
ਸ਼ੰਭੂ ਨੇ ਕੁੰਡੀ ਲਾ ਲਈ ਅਤੇ ਦੋਵੇਂ ਹਨੇਰੇ ਵਿੱਚ ਇਕ-ਦੂਜੇ ਨੂੰ ਦੇਖਦੇ ਖੜ੍ਹੇ ਰਹਿ ਗਏ। ਦੋਵੇਂ ਬੁਰੀ ਤਰ੍ਹਾਂ ਸਾਹੋ-ਸਾਹੀ ਹੋਏ  ਪਏ ਸਨ। ਸ਼ੰਭੂ ਲਈ ਖੜ੍ਹੇ ਹੋ ਸਕਣਾ ਅਸੰਭਵ ਹੋ ਗਿਆ ਸੀ, ਜਦੋਂਕਿ ਰਣਬੀਰ ਬਾਹਰ ਜਾਣ ਲਈ ਕਾਹਲਾ ਸੀ।
ਗਲੀ ਦਾ ਮੋੜ ਮੁੜਨ ‘ਤੇ ਇਕਦਮ ਇਤਰਫਰੋਸ਼ ਦੀ ਨਜਰ ਬੱਚੇ ‘ਤੇ ਪੈ ਗਈ। ਅਪਣੀਆਂ ਟਪ-ਟਪ ਕਰਦੀਆਂ ਜੁੱਤੀਆਂ ਕਰਕੇ ਸ਼ਾਇਦ ਉਹ ਉਸਦੇ ਪੈਰਾਂ ਦੀ ਆਵਾਜ ਸੁਣ ਨਹੀਂ  ਸਕਿਆ ਸੀ।
ਇਤਰਫਰੋਸ਼ ਮੁਸਕਰਾ ਪਿਆ।
”ਕਿੱਧਰ ਜਾ ਰਿਹਾਂ ਪੁੱਤਰ ਇਸ ਵੇਲੇ?” ਉਸਨੇ ਕਿਹਾ ਅਤੇ ਮੁਸਕਰਾਉਂਦੇ ਹੋਏ ਹੱਥ ਇੰਦਰ ਦੇ ਸਿਰ ‘ਤੇ ਰੱਖ ਦਿੱਤਾ। ਇੰਦਰ ਠਠੰਬਰ ਗਿਆ ਅਤੇ ਨੀਝ ਨਾਲ ਉਸਦੇ ਚਿਹਰੇ ਵੱਲ ਦੇਖਣ ਲਗਾ। ਉਸਦਾ ਹੱਥ ਅਪਣੀ ਜੇਬ ਵਿੱਚ ਸੀ। ਇੰਦਰ ਦੇ ਜ਼ਿਹਨ ਵਿੱਚ ਇਹ ਗੱਲ ਆਈ ਕਿ ਇਸ ਆਦਮੀ ਦੀਆਂ ਗੱਲ੍ਹਾਂ ਫੁੱਲੀਆਂ ਹੋਈਆਂ ਹਨ ਅਤੇ ਮਾਸਟਰ ਜੀ ਨੇ ਇਕ ਵਾਰ ਕਿਹਾ ਸੀ ਕਿ ਫੁੱਲੀਆਂ ਗੱਲ੍ਹਾਂ ਵਾਲੇ ਲੋਕ ਬੁਜਦਿਲ ਹੁੰਦੇ ਹਨ ਅਤੇ ਉਨ੍ਹਾਂ ਦਾ ਮਿਹਦਾ ਖਰਾਬ ਹੁੰਦਾ ਹੈ ਤੇ ਉਹ ਭੱਜ ਨਹੀਂ ਸਕਦੇ, ਛੇਤੀ ਸਾਹੋ-ਸਾਹੀ ਹੋ ਜਾਂਦੇ ਹਨ। ਅਤੇ ਇਹ ਆਦਮੀ ਸੱਚਮੁੱਚ ਹੀ ਸਾਹੋ-ਸਾਹੀ ਹੋ ਰਿਹਾ ਸੀ। ਇੰਦਰ ਅਪਣੇ ਸ਼ਿਕਾਰ ‘ਤੇ ਝਪਟਣ ਲਈ ਪਰ ਤੋਲ ਰਿਹਾ ਸੀ। ਉਸਦੀਆਂ ਅੱਖਾਂ ਅਜੇ ਵੀ ਮਲੇਛ ਦੇ ਚਿਹਰੇ ‘ਤੇ ਟਿਕੀਆਂ ਸਨ। ਇਤਰਫਰੋਸ਼ ਨੂੰ ਮੁੰਡਾ ਮਾਸੂਮ ਜਿਹਾ ਲੱਗਾ, ਛੋਟੀ ਉਮਰ ਦਾ, ਕੋਮਲ ਜਿਹਾ ਜਿਹੜਾ ਸ਼ਾਇਦ ਟਿਕਾਣਾ ਲਭਦਾ ਹੋਇਆ ਉਸਦੇ ਪਿੱਛੇ ਆ ਗਿਆ ਸੀ। ਸ਼ਾਇਦ ਡਰਿਆ ਹੋਇਆ ਸੀ… ਸ਼ਹਿਰ ‘ਚ ਅੱਜ ਸਾਰੇ ਲੋਕ ਡਰੇ ਹੋਏ ਸਨ ।
”ਕਿੱਥੇ ਰਹਿੰਦੇ ਹੋ?” ”ਚਲੋ ਮੇਰੇ ਨਾਲ ਤੁਰੇ ਆਓ। ਅੱਜ ਕੱਲ੍ਹ ਬਾਹਰ ਇੱਕਲੇ ਨਹੀਂ ਘੁੰਮਣਾ ਚਾਹੀਦਾ।”
ਐਪਰ ਇੰਦਰ ਟਸ ਤੋਂ ਮਸ ਨਹੀਂ ਹੋ ਰਿਹਾ ਸੀ। ਅਜੇ ਵੀ ਉਹ ਇਤਰਫਰੋਸ਼ ਦੇ ਚਿਹਰੇ ਨੂੰ ਘੂਰੀ ਜਾ ਰਿਹਾ ਸੀ।
”ਤੇਲੀ ਮੁਹੱਲੇ ਤੱਕ ਮੈਂ ਤੈਨੂੰ ਪਹੁੰਚਾ ਦੇਵਾਂਗਾ। ਅੱਗੇ ਕਿਤੇ ਜਾਣਾ ਹੋਇਆ ਤਾਂ ਤੈਨੂੰ ਕਿਸੇ ਦੇ ਸਪੁਰਦ ਕਰ ਦੇਵਾਂਗਾ। ਅੱਜ ਸ਼ਹਿਰ ‘ਚ ਗੜਬੜ ਹੈ।” ਅਤੇ ਬੱਚੇ ਦੇ ਉੱਤਰ ਦੀ ਉਡੀਕ ਕੀਤੇ ਬਿਨਾਂ ਉਹ ਘੁੰਮਕੇ ਅੱਗੇ ਵਧਣ ਲੱਗਾ।
ਪਲ ਭਰ ਲਈ ਇੰਦਰ ਉੱਥੇ ਹੀ ਠਠੰਬਰ ਕੇ ਖੜ੍ਹਾ ਰਿਹਾ, ਫਿਰ ਉਸਦੇ ਨਾਲ ਤੁਰ ਪਿਆ।
ਨੇੜੇ-ਤੇੜੇ ਦੇ ਘਰਾਂ ‘ਚ ਚੁੱਪ ਪਸਰੀ ਸੀ। ਉਨ੍ਹਾਂ ਦੀਆਂ ਡਿਊਢੀਆਂ ‘ਚ ਐਨਾ ਹਨੇਰਾ ਸੀ ਕਿ ਅੱਖਾਂ ਪਾੜਕੇ ਦੇਖਣ ਦੇ ਬਾਵਜੂਦ ਵੀ ਕੁੱਝ ਨਜਰ ਨਹੀਂ ਆਉਂਦਾ ਸੀ।
”ਮੈਨੂੰ ਵੀ ਅੱਜ ਫੇਰੀ ਲਈ ਨਹੀਂ ਨਿਕਲਣਾ ਚਾਹੀਦਾ ਸੀ”, ਉਸਨੇ ਇੰਦਰ ਨੂੰ ਕਿਹਾ, ”ਅੱਜ ਵੀ ਕੋਈ ਦਿਨ ਹੈ ਫੇਰੀ ਲਾਉਣ ਦਾ? ਸਾਰੇ ਸ਼ਹਿਰ ਵਿੱਚ ਸੋਕਾ ਪਿਆ ਹੈ। ਪਰ ਮੈਂ ਸੋਚਿਆ ਘਰ ਬੈਠਕੇ ਕੀ ਕਰਾਂਗਾ, ਦੋ-ਚਾਰ ਆਨੇ ਵੱਟੇ ਜਾਣ ਤਾਂ ਮਾੜਾ ਵੀ ਕੀ ਹੈ? ਦੁਕਾਨਦਾਰ ਘਰ ਬੈਠਾ ਰਹੇਗਾ ਤਾਂ ਖਾਵੇਗਾ ਕਿਥੋਂ?” ਇੱਤਰਫਰੋਸ਼ ਹੱਸਿਆ। ਪਾਣੀ ਦੀ ਟੂਟੀ ਨੇੜੇ ਆ ਰਹੀ ਸੀ। ਟੂਟੀ ‘ਚ ਪਾਣੀ ਨਹੀਂ ਸੀ ਅਤੇ ਉਸਦੇ ਥੱਲੇ ਪੱਥਰ ਦੀ ਸਿਲ ਘਿਸ-ਘਿਸਕੇ ਡੂੰਘੀ ਹੋ ਗਈ ਸੀ, ਸੁੱਕੀ ਪਈ ਸੀ। ਅਤੇ ਉਸਦੇ ਨੇੜੇ-ਤੇੜੇ ਦੋ-ਤਿੰਨ ਭਰਿੰਡਾਂ ਉਡ ਰਹੀਆਂ ਸਨ। ਕੁਝ ਦਿਨ ਪਹਿਲਾਂ ਤੱਕ ਇੰਦਰ ਭਰਿੰਡਾ ਫੜਦਾ ਹੁੰਦਾ ਸੀ।
”ਇਤਰ ਦੇ ਚਾਰ ਫਹੇ ਵੀ ਕੋਈ  ਸਾਡੇ ਤੋਂ ਲੈ ਲਵੇ ਤਾਂ ਸਾਡੀ ਚਵਾਨੀ ਖਰੀ ਹੋ ਜਾਂਦੀ ਹੈ।” ਇਤਰ ਵਾਲੇ ਨੇ ਆਪਣੇ ਆਪ ਨਾਲ ਗੱਲਾਂ ਕਰਦੇ ਹੋਏ ਕਿਹਾ। ਵਕਤ ਲੰਘਾਉਣ ਲਈ ਉਹ ਗੱਲਾਂ ਕਰਨਾ ਚਾਹੁੰਦਾ ਸੀ ਜਾਂ ਸ਼ਾਇਦ ਸ਼ਹਿਰ ਦੀਆਂ ਸੁੱਨੀਆਂ ਗਲੀਆਂ ਤੋਂ ਉਹ ਖੁਦ ਡਰਿਆ ਹੋਇਆ ਸੀ।
”ਸਾਨੂੰ ਇਕੱਲੀ-ਇਕੱਲੀ ਗਲੀ ਬਾਰੇ ਪਤਾ ਹੈ ਕਿ ਉਥੇ ਇਤਰ ਕੌਣ ਖਰੀਦਦਾ ਹੈ। ਜਿਸ ਮਰਦ ਦੀਆਂ ਦੋ ਬੀਵੀਆਂ ਹਨ, ਉਹ ਜਰੂਰ ਇਤਰ ਲੈਂਦਾ ਹੈ, ਉਹ ਵਸਮਾ ਵੀ ਲਵੇਗਾ ਤੇ ਸੁਰਮਾ ਵੀ ਲਵੇਗਾ। ਉਹ ਮਰਦ ਵੀ ਇਤਰ ਖਰੀਦਦਾ ਹੈ ਜਿਹੜਾ ਉਮਰ ਵਿਚ ਵੱਡਾ ਹੋਵੇ ਪਰ ਜਿਸਦੀ ਬੀਬੀ ਜਵਾਨ ਹੋਵੇ। ਅੱਛਾ, ਹੋਰ ਦੱਸਾਂ!” ਉਹ ਬੱਚੇ ਦਾ ਮਨ ਬਹਿਲਾਉਣ ਲਈ ਬੋਲੀ ਜਾ ਰਿਹਾ ਸੀ।
ਇਤਰਫਰੋਸ਼ ਦੀਆਂ ਗੱਲਾਂ ਕਰਕੇ ਹੀ ਇੰਦਰ ਸੰਭਲ ਗਿਆ ਸੀ ਅਤੇ ਉਸਦੇ ਪੈਰ ਮਜਬੂਤੀ ਨਾਲ ਚਲ ਰਹੇ ਸਨ। ਕਮਾਨੀਦਾਰ ਚਾਕੂ ਦੀ ਮੁੱਠ ਨੂੰ ਵੀ ਉਸਨੇ ਮਜਬੂਤੀ ਨਾਲ ਫੜਿਆ ਹੋਇਆ ਸੀ। ਉਸਦੇ ਮਨ ਵਿਚ ਇਕਾਗਰਤਾ ਆਉਣ ਲੱਗੀ ਸੀ। ਉਸਦੀਆਂ ਅੱਖਾਂ ਇਤਰਫਰੋਸ਼ ਦੀ ਕਮਰ ‘ਤੇ ਟਿਕਣ ਲੱਗੀਆਂ ਸਨ। ਉਹੀ ਇਕਾਗਰ ਨਜਰ ਜਿਸ ਨਾਲ ਅਰਜੁਨ ਨੇ ਦਰਖਤ ‘ਤੇ ਬੈਠੇ ਪੰਛੀ ਦੀ ਅੱਖ ਨੂੰ ਨਿਸ਼ਾਨਾ ਬਣਾਇਆ ਸੀ। ਇਤਰਫਰੋਸ਼ ਦੇ ਖੱਬੇ ਮੋਢੇ ‘ਤੇ ਲਟਕਦਾ ਥੈਲਾ ਵਾਰ-ਵਾਰ ਘੜੀ ਦੇ ਪੈਂਡੁਲਮ ਵਾਂਗ ਉਸਦੀ ਕਮਰ ਦੇ ਅੱਗੇ ਹਿਲ ਰਿਹਾ ਸੀ। ਉਸਦਾ ਖੱਦਰ ਦਾ ਕੁਰਤਾ ਬੋਤਲਾਂ ਦੇ ਥੈਲੇ ਦੇ ਹੇਠੋਂ ਕੁਝ-ਕੁਝ ਉਭਰਿਆ ਹੋਇਆ ਸੀ।
ਨਲਕਾ ਪਾਰ ਕਰਦਿਆਂ ਹੀ ਇੰਦਰ ਦੀ ਸਾਰੀ ਚੇਤਨਾ ਜਿਵੇਂ ਉਸਦੇ ਸੱਜੇ ਹੱਥ ਵਿੱਚ ਆ ਗਈ। ਨਲਕੇ ਤੋਂ ਅੱਗੇ ਦਾ ਫਾਸਲਾ ਇਕ-ਇਕ ਗਿੱਠ ਜਿਵੇਂ ਉਸ ਦੇ ਦਿਮਾਗ ‘ਚ ਗਿਣਿਆ ਜਾਣ ਲੱਗਾ ਸੀ। ਬੋਤਲਾਂ ਵਾਲਾ ਥੈਲਾ ਝੂਲ ਰਿਹਾ ਸੀ, ਕਮਰ ਵਾਰ-ਵਾਰ ਸਾਹਮਣੇ ਆ ਰਹੀ ਸੀ ਅਤੇ ਇਤਰਫਰੋਸ਼ ਦੀਆਂ ਟਪ-ਟਪ ਕਰਦੀਆਂ ਜੁੱਤੀਆਂ ਉਸਦੇ ਨਾਲ-ਨਾਲ ਵਜ ਰਹੀਆਂ ਸਨ।
”ਬਾਜਾਰ ‘ਚ ਫਹੇ ਜਿਆਦਾ ਵਿਕਦੇ ਹਨ, ਘਰਾਂ ‘ਚ ਇਤਰ ਤੇ ਤੇਲ ਜਿਆਦਾ ਵਿਕਦਾ ਹੈ।” ਇਤਰਫਰੋਸ਼ ਕਹਿ ਰਿਹਾ ਸੀ। ਇਕਦਮ ਇੰਦਰ ਉਛਾਲਿਆ ਅਤੇ ਉਸਨੇ ਦਾਅ ਮਾਰਿਆ। ਇਤਰਫਰੋਸ਼ ਨੂੰ ਲੱਗਿਆ ਜਿਵੇਂ ਉਸਦੇ ਖੱਬੇ ਹੱਥ ਕੋਈ ਚੀਜ ਜੋਰ ਨਾਲ ਹਿੱਲੀ ਹੈ। ਉਸਨੂੰ ਅਹਿਸਾਸ ਹੋਇਆ ਜਿਵੇਂ ਕੋਈ ਚੀਜ ਚਮਕੀ ਵੀ ਹੈ। ਪਰ ਉਹ ਖੜ੍ਹਾ ਹੋਕੇ ਘੁੰਮਕੇ ਵੇਖੇ ਕਿ ਕੀ ਗੱਲ ਹੈ, ਉਦੋਂ ਤਕ ਉਸਨੂੰ ਥੈਲੇ ਦੇ ਹੇਠਾਂ ਤਿੱਖੀ ਚੋਭ ਦਾ ਅਹਿਸਾਸ ਹੋਇਆ। ਇੰਦਰ ਦਾ ਨਿਸ਼ਾਨਾ ਠੀਕ ਲੱਗਾ ਸੀ। ਵਾਰ ਕਰਨ ਦੇ ਬਾਅਦ ਬੋਸ ਦੇ ਹੁਕਮ ਮੁਤਾਬਕ ਉਸਨੇ ਚਾਕੂ ਨੂੰ ਥੋੜ੍ਹਾ ਮਰੋੜ ਦਿੱਤਾ ਸੀ ਅਤੇ ਅੰਤੜੀਆਂ ਦੇ ਜਾਲ ‘ਚ ਫਸਾ ਵੀ ਦਿੱਤਾ ਸੀ।
ਇਤਰਫਰੋਸ਼ ਅਜੇ ਪੂਰੀ ਤਰ੍ਹਾਂ ਨਾਲ ਮੁੜ ਨਹੀਂ ਸਕਿਆ ਸੀ ਕਿ ਉਸਨੇ ਦੇਖਿਆ, ਮੁੰਡਾ ਪਿੱਛੇ ਵੱਲ ਨੂੰ ਭੱਜਿਆ ਜਾ ਰਿਹਾ ਹੈ। ਉਸਨੂੰ ਫੇਰ ਵੀ ਸਮਝ ਨਹੀਂ ਆਇਆ ਕਿ ਕੀ ਹੋਇਆ ਹੈ। ਉਸਦੀ ਇੱਛਾ ਹੋਈ ਕਿ ਮੁੰਡੇ ਨੂੰ ਆਵਾਜ਼ ਮਾਰਕੇ ਬੁਲਾ ਲਵੇ, ਐਪਰ ਉਸੇ ਵੇਲੇ ਉਸਨੂੰ ਅਪਣੇ ਪੈਰਾਂ ‘ਤੇ ਚੋਂਦਾ ਖੂਨ ਨਜਰ ਆਇਆ ਅਤੇ ਕਮਰ ‘ਚ ਕੁਝ ਚਮਲਾਉਂਦਾ, ਕੁਝ ਡੁੱਬਦਾ ਜਿਹਾ ਮਹਿਸੂਸ ਹੋਇਆ। ਮਿੱਠਾ ਜਿਹਾ ਦਰਦ ਉਠਿਆ, ਫੇਰ ਨਸ਼ਤਰ ਜਿਹਾ ਦਰਦ ਅਤੇ ਉਹ ਡਰ ਕਰਕੇ ਬੌਂਦਲ ਗਿਆ। ”ਓ ਲੋਕੋ, ਮਾਰ ਦਿੱਤਾ! ਮੈਨੂੰ ਮਾਰ ਦਿੱਤਾ! ਓ ਲੋਕੋ!”
ਇਤਰਫਰੋਸ਼ ਐਨਾ ਘਾਬਰ ਗਿਆ ਸੀ ਕਿ ਉਸਦੇ ਮੁੰਹ ‘ਚੋਂ ਬੋਲ ਨਹੀਂ ਨਿਕਲ ਰਿਹਾ ਸੀ। ਉਹ ਕਮਰ ‘ਚ ਲੱਗੇ ਜਖਮ ਤੋਂ ਐਨਾ ਨਹੀਂ ਡਰ ਰਿਹਾ ਸੀ ਜਿੰਨਾ ਸਦਮੇ ਤੇ ਭੈਅ ਨਾਲ ਅਤੇ ਭੋਲੇ ਬੱਚੇ ਵਲੋਂ ਕੀਤੇ ਗਏ ਹਮਲੇ ਨਾਲ। ਉਸ ਲਈ ਅਪਣੇ ਥੈਲਿਆਂ ਦਾ ਭਾਰ ਚੁੱਕਣਾ ਮੁਹਾਲ ਹੋ ਰਿਹਾ ਸੀ ਅਤੇ ਉਨ੍ਹਾਂ ਦੇ ਭਾਰ ਥੱਲੇ ਹੀ ਮੁੰਹ ਭਾਰ ਉਹ ਧੱੜਮ ਕਰਦਾ ਡਿੱਗ ਪਿਆ।
ਇੰਦਰ ਦੇ ਭੱਜਦੇ ਪੈਰ ਉਸਨੂੰ ਦੋ ਪਲ ਪਹਿਲਾਂ ਸਾਫ ਦਿਸ ਰਹੇ ਸਨ, ਪਰ ਹੁਣ ਗਲੀ ‘ਚ ਮੁੰਡੇ ਦਾ ਨਾਂਅ-ਨਿਸ਼ਾਨ ਵੀ ਨਹੀਂ ਸੀ।
”ਓ ਲੋਕੋ!” ਉਹ ਮਰਦੀ ਆਵਾਜ਼ ‘ਚ ਬੋਲਿਆ।
ਇਕ ਹਲਕੀ ਜਿਹੀ ਚੀਖ ਉਸਦਿਆਂ ਬੁੱਲ੍ਹਾਂ ਚੋਂ ਨਿਕਲੀ ਅਤੇ ਉਸਦੀਆਂ ਅੱਖਾਂ ਗਲੀ ਦੇ ਉਪਰ ਪਸਰੇ ਡੂੰਘੇ ਨੀਲੇ ਅਸਮਾਨ ਦੇ ਛੋਟੇ ਜਿਹੇ ਟੁਕੜੇ ‘ਤੇ ਜਾ ਟਿਕੀਆਂ। ਉੱਥੇ ਦੋ-ਤਿੰਨ ਇੱਲ੍ਹਾਂ ਉਡ ਰਹੀਆਂ ਸਨ। ਇੱਲ੍ਹਾਂ ਹੁਣ ਦੋ ਦੀ ਥਾਂ ਚਾਰ ਹੋ ਗਈਆਂ ਸਨ ਅਤੇ ਆਕਾਸ਼ ਦਾ ਨੀਲਾਪਣ ਹੌਲੀ-ਹੌਲੀ ਹਿੱਲਣ ਤੇ ਫਿੱਕਾ ਪੈਣ ਲੱਗ ਪਿਆ ਸੀ।
ਅਨੁਵਾਦ : ਰਵੀ ਕੰਵਰ

ਕਵਿਤਾ
– ਸੁਸ਼ੀਲ ਦੁਸਾਂਝ
ਗੋਰੇ ਗੋਡਿਆਂ ਹੇਠ
ਤੜਪ ਰਿਹੈ
ਕਾਲ਼ਾ ਜਾਰਜ ਫਲਾਇਡ
ਕਾਲ਼ੇ ਜਾਰਜ ਫਲਾਇਡ ਦੇ
ਬੋਲਾਂ ਚ ਤਰਲਾ-
”ਮੈਨੂੰ ਛੱਡੋ, ਮੈਨੂੰ ਸਾਹ ਨਈਂ ਆ ਰਿਹਾ”
ਪਰ ਧੌਣ ‘ਤੇ ਤਾਂ
ਲਗਾਤਾਰ ਵੱਧ ਰਿਹੈ ਦਬਾਅ
ਗੋਰੇ ਗੋਡਿਆਂ ਦਾ
ਕਾਲ਼ੇ ਜਾਰਜ ਫਲਾਇਡ ਦੇ ਬੋਲ
ਪਲ ਪਲ ਹੋ ਰਹੇ ਨੇ ਧੀਮੇ-
”ਮੈਨੂੰ ਸਾਹ ਨਈਂ ਆ ਰਿਹਾ
ਸਾਹ ਨਈਂ ਆ ਰਿਹਾ
ਨਹੀਂ ਆ ਰਿਹਾ ਨਈਂ…..”
ਤੇ ਬੱਸ ਸਾਹ ਬੰਦ।
ਮੈਂ
ਗੋਰੇ ਗੋਡੇ
ਅਪਣੀ ਧੌਣ ‘ਤੇ ਮਹਿਸੂਸ ਕਰ ਰਿਹਾਂ
ਤੇ ਤੁਸੀਂ?

ਗੋਡੇ-2
ਭੂਰੇ ਗੋਡਿਆਂ ਹੇਠਾਂ
ਕਿਸਦੀਆਂ ਧੌਣਾਂ?
ਭੂਰੇ ਗੋਡੇ
ਬੜੇ ਪਵਿੱਤਰ
ਰਾਮ ਰਾਜ ਦੇ
ਪਹਿਰੇਦਾਰ
ਬਰਖ਼ੁਰਦਾਰ
ਜੋ ਨਾ ਕਰੇਗਾ
ਜੈ-ਜੈ ਕਾਰ
ਭੂਰੇ ਗੋਡੇ
ਆ ਜਾਵਣਗੇ
ਕਰਨ ਨੂੰ
ਉਸ ਦਾ ਬੇੜਾ ਪਾਰ
ਰਾਮ ਰਾਜ ਦੇ
ਭੂਰੇ ਗੋਡੇ
ਮੇਰੀ ਧੌਣ ‘ਤੇ
ਆ ਵੱਜੇ ਨੇ
ਆਪਣੀ ਧੌਣ ਦਾ
ਹਾਲ ਵੀ ਦੱਸੋ?

ਗ਼ਜ਼ਲ
(ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਪਸੰਦੀਦਾ ਗ਼ਜ਼ਲ, -ਅਗਿਆਤ)
ਉਸੇ ਯਹ ਫ਼ਿਕਰ ਹੈ ਹਰਦਮ, ਨਯਾ ਤਰਜੇ-ਜਫ਼ਾ ਕਯਾ ਹੈ?

ਹਮੇਂ ਯਹ ਸ਼ੌਕ ਦੇਖੇਂ, ਸਿਤਮ ਕੀ ਇੰਤਹਾ ਕਯਾ ਹੈ?
ਗੁਨਹ-ਗਾਰੋਂ ਮੇਂ ਸ਼ਾਮਿਲ ਹੈਂ ਗੁਨਾਹੋਂ ਸੇ ਨਹੀਂ ਵਾਕਿਫ਼,
ਸਜ਼ਾ ਕੋ ਜਾਨਤੇ ਹੈਂ ਹਮ ਖ਼ੁਦਾ ਜਾਨੇ ਖ਼ਤਾ ਕਯਾ ਹੈ?
ਯੇ ਰੰਗ-ਏ-ਬੇ-ਕਸੀ ਰੰਗ-ਏ-ਜੁਨੂੰ ਬਨ ਜਾਏਗਾ ਗ਼ਾਫ਼ਿਲ,
ਸਮਝ ਲੇ ਯਾਸ-ਓ-ਹਿਰਮਾ ਕੇ ਮਰਜ਼ ਕੀ ਇੰਤਿਹਾ ਕਯਾ ਹੈ?
ਨਯਾ ਬਿਸਿਮਿਲ ਹੂੰ ਮੈਂ ਵਾਕਿਫ਼ ਨਹੀਂ ਰਸਮ-ਏ-ਸ਼ਹਾਦਤ ਸੇ,
ਬਤਾ ਦੇ ਤੂੰ ਹੀ ਐ ਜ਼ਾਲਿਮ ਤੜਪਨੇ ਕੀ ਅਦਾ ਕਯਾ ਹੈ?
ਚਮਕਤਾ ਹੈ ਸ਼ਹੀਦੋਂ ਕਾ ਲਹੂ ਪਰਦੇ ਮੇਂ ਕੁਦਰਤ ਕੇ,
ਸ਼ਫ਼ਕ ਕਾ ਹੁਸਨ ਕਯਾ ਹੈ ਸ਼ੋਖ਼ੀ-ਏ-ਰੰਗ-ਏ-ਹਿਨਾ ਕਯਾ ਹੈ?
ਉਮੀਦੇਂ ਮਿਲ ਗਈਂ ਮਿੱਟੀ ਮੇਂ ਦੌਰ-ਏ-ਜ਼ਬਤ-ਏ-ਆਖ਼ਿਰ ਹੈ,
ਸਦਾ-ਏ-ਗ਼ੈਬ ਬਤਲਾ ਦੇ ਹਮੇਂ ਹੁਕਮ-ਏ-ਖ਼ੁਦਾ ਕਯਾ ਹੈ?

ਤਰਜੇ-ਜਫ਼ਾ (ਜ਼ੁਲਮ ਕਰਨ ਦਾ ਢੰਗ), ਸਿਤਮ (ਅਤਿਆਚਾਰ), ਖ਼ਤਾ (ਕਸੂਰ), ਰੰਗ-ਏ-ਬੇ-ਕਸੀ (ਬੇਚਾਰਗੀ ਦਾ ਰੰਗ),
ਰੰਗ-ਏ-ਜੁਨੂੰ (ਝੱਲਪੁਣੇ ਦਾ ਰੰਗ), ਗ਼ਾਫ਼ਿਲ (ਬੇਪਰਵਾਹ), ਯਾਸ-ਓ-ਹਿਰਮਾ (ਬਦਕਿਸਮਤੀ), ਬਿਸਿਮਿਲ (ਫੱਟੜ, ਆਸ਼ਕ), ਸ਼ਫ਼ਕ (ਪ੍ਰਭਾਤ), ਸ਼ੋਖ਼ੀ-ਏ-ਰੰਗ-ਏ-ਹਿਨਾ (ਮਹਿੰਦੀ ਦਾ ਗੂੜ੍ਹਾ ਰੰਗ),

ਗ਼ਜ਼ਲ
– ਸਰਵਨ ਰਾਹੀ
ਖ਼ੂਨ ਪਸੀਨਾ ਵਹਾ ਕੇ ਵੀ ਚੁਲ੍ਹਾ ਨਿੱਤ ਗਰਮਾਉਂਦਾ ਨਹੀਂ।
ਬੱਚੇ ਭੁੱਖੇ ਵਿਲਕ ਰਹੇ ਨੇ ਤਰਸ ਕਿਸੇ ਨੂੰ ਆਉਂਦਾ ਨਹੀਂ।
ਚਾਰ ਚੁਫੇਰੇ ਲੁੱਟਾਂ ਖੋਹਾਂ ਰਿਸ਼ਵਤ ਖੋਰੀ ਦਾ ਹੈ ਆਲਮ,
ਬੰਦਾ ਬੰਦੇ ਨੂੰ ਖਾਈ ਜਾਂਦਾ ਕੋਈ ਦਰਦ ਵੰਡਾਉਂਦਾ ਨਹੀਂ।
ਹਰ ਘਰ ਦੀ ਦਹਿਲੀਜ਼ ਦੇ ਉਤੇ ਕੁੰਡਲ ਮਾਰੀ ਬੈਠੇ ਸੱਪ,
ਘੇਰੇ ਬੰਦੀ ਦੇ ਦਾਇਰੇ ਵਿਚ ਕੁਝ ਵੀ ਨਜ਼ਰੀਂ ਆਉਂਦਾ ਨਹੀਂ।
ਰਾਜੇ ਸ਼ੀਂਹ ਮੁਕੱਦਮ ਕੁੱਤੇ ਆਪਣਾ ਕਹਿਰ ਗੁਜ਼ਾਰ ਰਹੇ,
ਲਾਸ਼ਾਂ ਦੇ ਅੰਬਾਰ ਤੱਕ ਕੋਈ ਨੀਰ ਵਹਾਉਂਦਾ ਨਹੀਂ।
ਰੋਟੀ ਕੱਪੜਾ ਅਤੇ ਮਕਾਨ ਸਭ ਦੀਆਂ ਹੀ ਲੋੜਾਂ ਹਨ,
ਜੇਠ ਹਾੜ ਦੀਆਂ ਤਿੱਖੀਆਂ ਧੁੱਪਾਂ ਸਾਹ ‘ਚ ਸਾਹ ਸਮਾਉਂਦਾ ਨਹੀਂ।
ਖੂਨੀ ‘ਵਾਵਾਂ ਚਾਰ ਚੁਫੇਰੇ ਝੱਖੜ ਬਣਕੇ ਝੁੱਲੀਆਂ ਨੇ,
ਪੱਤਾ-ਪੱਤਾ ਝੜਦਾ ਜਾਂਦਾ ਰੁੱਖ ਨੂੰ ਕੁਝ ਵੀ ਭਾਉਂਦਾ ਨਹੀਂ।
ਸਮੇਂ ਦੀਆਂ ਸਰਕਾਰਾਂ ਆਖਣ ਅੱਛੇ ਦਿਨ ਹੁਣ ਆਵਣਗੇ,
ਲੀਡਰ ਭਾਸ਼ਨ ਦਿੰਦੇ ‘ਰਾਹੀ’ ਆਪਣਾ ਕੋਈ ਬਣਾਉਂਦਾ ਨਹੀਂ।

ਸ਼ਬਦਾਂ ਦੀ ਅਨਮੋਲ ਕਲਾ
– ਕੁਲਤਾਰ ਸਿੰਘ ‘ਕੁਲਤਾਰ’
ਲਿਖ ਹਾਲ ਅਸਾਡੇ ਦੁੱਖਾਂ ਦਾ,
ਤੇ ਗ਼ਮਾਂ ਸਰਾਪੇ ਲੋਕਾਂ ਦਾ,
ਕਿਰਤੀ ਨੂੰ ਚੂਸਣ ਰਾਤ ਦਿਨੇ,
ਉਨ੍ਹਾਂ ਲਹੂ ਪੀਣੀਆਂ ਜੋਕਾਂ ਦਾ।
ਤੇਰੀ ਕਲਾ ਦੇ ਵਿਚ ਉਹ ਸ਼ਕਤੀ ਏ,
ਬੁੁੱਤਾਂ ਨੂੰ ਬੋਲਣ ਲਾ ਸਕਦੀ,
ਹੋਏ ਠੰਢੇ ਬਰਫ ਸਿਰਾਂ ਦੇ ਵਿਚ,
ਹੈ ਚੇਤੰਨ ਸੋਚ ਮਘਾਅ ਸਕਦੀ।
ਹਰ ਕਲਾ ਕਿਰਤ ‘ਚੋਂ ਜਨਮਦੀ ਏ,
ਹੱਕ ਇਸ ‘ਤੇ ਪੂਰਾ ਕਿਰਤੀ ਦਾ,
ਖੋਲ੍ਹੋ ਦਰਵਾਜ਼ਾ ਚੁੱਪੀ ਦਾ,
ਬੁੱਤ ਬਣੀ ਮਨਾਂ ਦੀ ਬਿਰਤੀ ਦਾ।
ਕਲਾ ਪੱਥਰਾਂ ਵਿਚ ਰੂਹ ਪਾ ਦੇਵੇ,
ਨਾ ਦੇਵੀਂ ਘੱਟੇ ਰੋਲ ਕਲਾ,
ਚੰਦ ਸਿੱਕਿਆਂ ਬਦਲੇ ਵੇਚੀ ਨਾ,
ਇਹ ਸ਼ਬਦਾਂ ਦੀ ਅਨਮੋਲ ਕਲਾ।

Scroll To Top