Now Reading
ਸਾਹਿਤ ਤੇ ਸੱਭਿਆਚਾਰ : ਕਹਾਣੀ, ਨੀਲੇ ਮੋਰਾਂ ਵਾਲੀ ਚਾਦਰ

ਸਾਹਿਤ ਤੇ ਸੱਭਿਆਚਾਰ : ਕਹਾਣੀ, ਨੀਲੇ ਮੋਰਾਂ ਵਾਲੀ ਚਾਦਰ

‘ਅਖ਼ੀਰ ਮਾਂ ਹੂੰਗਦੀ-ਹੂੰਗਦੀ ਸੌਂ ਗਈ ਏ।’
‘ਸ਼ੁਕਰ ਏ, ਚਾਰ ਦਿਨਾਂ ਪਿੱਛੋਂ ਕਿਤੇ ਮਾਂ ਦੀ ਅੱਖ ਲੱਗੀ ਏ।’ ਮੈਂ ਇਹ ਸੋਚ ਕੇ ਸ਼ਾਂਤ ਮਹਿਸੂਸ ਕਰ ਰਿਹਾਂ। ਮੇਰਾ ਜੀਅ ਕਰਦਾ ਏ ਕਿ ਮੈਂ ਮਾਂ ਦੇ ਪੁਆਂਦੀ ਜਾ ਕੇ ਬੈਠ ਜਾਵਾਂ। ਉਹਦੇ ਪੈਰਾਂ ਦੀ ਮਾਲਸ਼ ਕਰਾਂ। ਉਹਦੀਆਂ ਥੱਕੀਆਂ ਅੱਡੀਆਂ ਨੂੰ ਪੋਲੇ-ਪੋਲੇ ਹੱਥਾਂ ਨਾਲ ਘੁੱਟਾਂ। ਬਿਲਕੁਲ ਉਵੇਂ ਹੀ ਜਿਵੇਂ ਮੈਂ ਨਿੱਕੇ ਹੁੰਦਿਆਂ ਕਰਦਾ ਹੁੰਦਾ ਸੀ।
ਮਾਂ ਨੇ ਜਦੋਂ ਘਰ ਦੇ ਕੰਮਾਂ-ਕਾਰਾਂ ਤੋਂ ਬਹੁਤ ਥੱਕ-ਹੰਭ ਜਾਣਾ ਤਾਂ ਉਹਨੇ ਮੈਨੂੰ ਆਵਾਜ਼ ਦੇਣੀ। ਸੋਤੇ ਪਏ ਮਾਂ ਮੰਜੇ ਉੱਤੇ ਇਉਂ ਢੱਠ ਜਾਂਦੀ ਜਿਉਂ ਕਿਤੇ ਜੰਗ ਵਿਚੋਂ ਹਾਰਿਆ ਹੋਇਆ ਸਿਪਾਹੀ ਡਿੱਗਾ ਹੋਵੇ। ਮਾਂ ਬੜੇ ਲਾਡ ਨਾਲ ਮੈਨੂੰ ਆਵਾਜ਼ ਦੇਂਦੀ? ਮੈਨੂੰ ਹੀ ਆਵਾਜ਼ ਦੇਣੀ ਹੁੰਦੀ ਸੀ ਉਹਨੇ, ਕਿਉਂ ਨਾ ਦੇਂਦੀ ਇਕੋ-ਇਕ ਪੁੱਤ ਜੁ ਹੋਇਆ ਮੈਂ। ਮੈਂ ਚਾਂਭਲੇ-ਚਾਂਭਲੇ ਨੇ ਨਾਂਹ-ਨੁੱਕਰ ਕਰੀ ਜਾਣੀ। ਮਾਂ ਨੇ ਲਾਲਚ ਦੇ-ਦੇ ਕੇ ਮੈਨੂੰ ਆਪਣੀਆਂ ਪਿੰਜਣੀਆਂ ਘੁੱਟਣ ਲਾ ਦੇਣਾ। ਮੈਂ ਨਿੱਕੇ-ਨਿੱਕੇ ਹੱਥਾਂ ਨਾਲ ਘੁੱਟਦਿਆਂ ਮਾਂ ਨਾਲ ਗੱਲੀਂ ਲੱਗੇ ਰਹਿਣਾ।
ਭਾਪਾ ਮਾਂ ਦੇ ਇੰਜ ਕਰਨ ’ਤੇ ਬੜਾ ਕੌੜਦਾ ਸੀ। ਉਹਨੇ ਮਾਂ ਨੂੰ ਦਬਕਾ ਮਾਰ ਕੇ ਮੈਨੂੰ ਹਟਾ ਦੇਣਾ, ‘‘ਵੇਖਾਂ! ਕਿੱਡੀ ਥੱਕੀ ਏ? ਮੁੰਡੇ ਨੂੰ ਜਨਾਨੀਆਂ ਵਾਲੇ ਕੰਮ ਕਿਉਂ ਆਂਹਦੀ ਏਂ?’’ ਮਾਂ ਨੇ ਚੁੱਪ ਕਰ ਜਾਣਾ, ਕੇਵਲ ਭਾਪੇ ਵੱਲ ਨਜ਼ਰ ਭਰ ਤੱਕਣਾ।
ਦਾਦੀ ਵੀ ਮਾਂ ਨੂੰ ਅਕਸਰ ਘੂਰਦੀ ਕਿ ਉਹ ਮੈਥੋਂ ਕੁੜੀਆਂ ਵਾਲੇ ਘਰੇਲੂ ਕੰਮ ਨਾ ਕਰਾਇਆ ਕਰੇ।
‘‘ਹੂੰ ਅ ਆ,’’ ਮਾਂ ਨੇ ਸੁੱਤੀ ਪਈ ਨੇ ਲੇਰ ਮਾਰੀ ਏ। ਮੇਰੀ ਬਿਰਤੀ ਟੁੱਟੀ ਏ ਤੇ ਮੈਂ ਮਾਂ ਵੱਲ ਵੇਖਦਾ ਹਾਂ। ਮਾਂ ਨੇ ਲੱਤਾਂ ’ਚ ਘੁੱਟਿਆ ਕੱਪੜਾ ਖਿੱਚ ਕੇ ਹਿੱਕ ਨਾਲ ਲਾ ਲਿਆ ਹੈ।
ਡਾਕਟਰ ਨੇ ਮਾਂ ਨੂੰ ਟੀਕਾ ਲਾ ਦਿੱਤਾ ਹੈ। ਉਹ ਕਹਿ ਗਿਆ ਸੀ ਕਿ ਮਾਂ ਨੂੰ ਚੰਗੀ ਤਰ੍ਹਾਂ ਨੀਂਦ ਆ ਜਾਏਗੀ।
ਮੈਂ ਫਿਰ ਪਿਛਾਂਹ ਵੱਲ ਪਰਤਦਾ ਹਾਂ। ਮਾਂ ਨੇ ਕਦੇ ਬਹੁਤਾ ਕਰਕੇ ਦਾਦੀ ਦੀ ਘੂਰੀ ਨੂੰ ਨਹੀਂ ਸੀ ਗੌਲਿਆ। ਉਹ ਘਰ ਦੇ ਸਾਰੇ ਕੰਮ ਕਰਦੀ ਭੰਬੀਰੀ ਬਣੀ ਰਹਿੰਦੀ। ਮੈਂ ਮਾਂ ਨੂੰ ਦਿਨੇ ਕਦੇ ਵੀ ਬਿਸਤਰੇ ’ਤੇ ਪਈ ਨਹੀਂ ਸੀ ਵੇਖਿਆ। ਸ਼ਾਮ ਪੈਣ ਤੱਕ ਵੀ ਉਹ ਕਦੇ ਥਕਾਵਟ ਦੀ ਪਰਵਾਹ ਨਹੀਂ ਕਰਦੀ ਸੀ। ਰਾਤ ਨੂੰ ਸੌਣ ਸਮੇਂ ਜਦੋਂ ਮੈਂ ਦਾਦੀ ਲਾਗੇ ਪਿਆ ਹੁੰਦਾ ਤਾਂ ਮਾਂ ਆਨੀਂ-ਬਹਾਨੀਂ ਮੈਨੂੰ ਆਵਾਜ਼ ਦੇਂਦੀ ਹੁੰਦੀ ਸੀ। ਉਸ ਨੂੰ ਮੇਰੇ ਨਿੱਕੇ-ਨਿੱਕੇ ਹੱਥਾਂ ਨਾਲ ਆਪਣੇ ਪੈਰ ਘੁਟਾਉਣ ਦਾ ਬੜਾ ਸੁਆਦ ਆਉਂਦਾ। ਜਿਵੇਂ ਮੇਰੇ ਛੂਹਣ ਨਾਲ ਉਹਦੀ ਦਿਨ ਭਰ ਦੀ ਥਕਾਵਟ ਲਹਿ ਜਾਂਦੀ। ਮਾਂ ਅਕਸਰ ਆਖਦੀ, ‘‘ਪੁੱਤ! ਜਿਹੜੀ ਮਾਂ ਦਾ ਪੁੱਤ ਉਹਦੇ ਪੈਰ ਘੁੱਟਦਾ ਏ, ਉਸ ਮਾਂ ਨੂੰ ਜਿਊਂਦੇ ਜੀਅ ਸਵਰਗ ਮਿਲ ਜਾਂਦਾ ਏ।’’
‘‘ਨਹੀਂ ਮਾਂ, ਤੈਨੂੰ ਭੁੱਸ ਐ ਮੈਥੋਂ ਪੈਰ ਘੁਟਾਉਣ ਦਾ। ਜਾਹ, ਮੈਂ ਨਹੀਂ ਘੁੱਟਦਾ,’’ ਮਾਂ ਦੇ ਪੈਰ ਘੁੱਟਣੇ ਛੱਡ ਮੈਂ ਉਹਦੇ ਪੁਆਂਦੀ ਹੀ ਰੁੱਸ ਬੈਠਦਾ।
ਮਾਂ ਬਾਰ੍ਹਵੀਂ ਪਾਸ ਸੀ। ਵਿਆਹ ਕੇ ਪਿੰਡ ਆਈ ਮਾਂ ਨੇ ਮੁੜ ਕਦੇ ਇਕੱਲੇ ਪਿੰਡੋਂ ਬਾਹਰ ਜਾਣ ਦਾ ਉੱਦਮ ਨਹੀਂ ਕੀਤਾ ਸੀ। ਕਬੀਲਦਾਰੀ, ਡੰਗਰਾਂ ਦੀ ਸੰਭਾਲ, ਦਾਦੀ ਦੀ ਦੇਖਭਾਲ, ਭਾਪੇ ਦਾ ਤੇ ਮੇਰਾ ਰੋਟੀ-ਪਾਣੀ, ਭਾਂਡੇ-ਕੱਪੜੇ ਬੱਸ ਇਹੀ ਸਭ ਮਾਂ ਦੀ ਜ਼ਿੰਦਗੀ ਸੀ। ਮਾਂ ਨੇ ਖਿੜੇ-ਮੱਥੇ ਇਹ ਸਭ ਪਰਵਾਨ ਕੀਤਾ ਹੋਇਆ ਸੀ।
ਦਸਾਂ ਕਿੱਲਿਆਂ ਦੀ ਵਾਹੀ ਦਾ ਭਾਪਾ ’ਕੱਲ੍ਹਾ-’ਕੱਲ੍ਹਾ ਵਾਰਸ ਸੀ। ਨਾ ਕੋਈ ਭੈਣ, ਨਾ ਭਰਾ। ਅੱਗੋਂ ਮੈਂ ਵੀ ਇਕਲੌਤਾ ਪੁੱਤ। ਮਾਂ ਨੂੰ ਦੁੱਧ-ਪੁੱਤ ਦੀ ਰਾਖੀ ਦੀ ਵਿਰਾਸਤ ਨਾਨੀ ਤੇ ਦਾਦੀ ਤੋਂ ਮਿਲੀ ਸੀ। ਉਹ ਬੜਾ ਘੱਟ ਘਰੋਂ ਬਾਹਰ ਨਿਕਲਦੀ।
ਭਾਪਾ ਮਾਂ ਨੂੰ ਪੇਕੇ ਵੀ ਕਦੇ ਇਕੱਲੀ ਨਹੀਂ ਜਾਣ ਦੇਂਦਾ ਸੀ। ਜਦੋਂ ਕਦੇ ਅਸੀਂ ਕਿਤੇ ਜਾਂਦੇ ਵੀ ਤਾਂ ਸਾ-ਦਿਹਾੜੀ ਮੁੜ ਆਉਂਦੇ ਸੀ। ਕਿਸੇ ਵਿਆਹ-ਸ਼ਾਦੀ ਜਾਂ ਮਰਨੇ-ਪਰਨੇ ’ਤੇ ਜਾਣਾ ਹੁੰਦਾ ਤਾਂ ਭਾਪਾ ਵੀ ਨਾਲ ਹੀ ਜਾਂਦਾ। ਭਾਪੇ ਦੇ ਕੌੜੇ ਸੁਭਾਅ ਕਰਕੇ ਮੈਂ ਤੇ ਮਾਂ ਬਿਨਾਂ ਭਾਪੇ ਕਦੇ ਨਾਨਕੇ ਨਹੀਂ ਜਾਂਦੇ ਸੀ।
ਮੇਰੇ ਨਾਨਕੇ ਘਰੋਂ ਸਾਡੇ ਨਾਲੋਂ ਸੌਖੇ ਸਨ। ਭਾਪੇ ਨਾਲੋਂ ਵੱਧ ਪੈਲੀ-ਬੰਨਾ ਸੀ। ਨਾਨਾ-ਨਾਨੀ ਬੜਾ ਤੇਹ ਕਰਦੇ ਸਨ। ਮੇਰੇ ਦੋ ਮਾਮਿਆਂ ਵਿਚੋਂ ਛੋਟਾ ਨਾਨੇ ਨਾਲ ਵਾਹੀ ਕਰਦਾ ਸੀ। ਵੱਡਾ ਮਾਮਾ ਫ਼ੌਜ ਵਿਚ ਜਮਾਂਦਾਰ ਸੀ। ਉਹ ਪੜ੍ਹਿਆ-ਲਿਖਿਆ ਹੋਣ ਕਰਕੇ ਛੇਤੀ ਹੀ ਭਰਤੀ ਹੋ ਗਿਆ ਸੀ। ਉਹ ਜਦੋਂ ਕਦੇ ਛੁੱਟੀ ਆਉਂਦਾ ਤਾਂ ਆਪਣੀ ਨੌਕਰੀ ਦੇ ਉਚੇਚੇ ਠਾਠ-ਬਾਠ ਵਿਖਾਉਣ ਦਾ ਯਤਨ ਕਰਦਾ। ਅੰਗਰੇਜ਼ੀ ਝਾੜਦਾ ਤੇ ਭੋਲੇ-ਭਾਲੇ ਪੇਂਡੂਆਂ ’ਤੇ ਰੋਹਬ ਪਾਉਂਦਾ। ਮੈਨੂੰ ਵੀ ‘ਲੈਫਟ-ਰੈਟ, ਲੈਫਟ-ਰੈਟ’ ਕਰਾਉਂਦਾ ਰਹਿੰਦਾ। ਇੰਝ ਕਰ-ਕਰ ਉਸ ਨੇ ਆਪਣੀ ਨੌਕਰੀ ਦੀ ਬੜੀ ਪੈਂਠ ਬਣਾਈ ਹੋਈ ਸੀ।
ਵੱਡਾ ਮਾਮਾ ਜਿੰਨਾ ਰੋਅਬਦਾਰ, ਸੋਹਣਾ-ਸੁਨੱਖਾ ਸੀ ਓਨਾ ਹੀ ਵੱਡਾ ਸ਼ਰਾਬੀ ਵੀ ਸੀ। ਫ਼ੌਜ ਵਿਚ ਘੱਟ ਕੀਮਤ ’ਤੇ ਮਿਲਦੀ ਹੋਣ ਕਰਕੇ ਮਾਮੇ ਨੂੰ ਸ਼ਰਾਬ ਦੀ ਲਤ ਲੱਗ ਗਈ ਹੋਈ ਸੀ। ਉਹ ਜਦੋਂ ਸਾਡੇ ਪਿੰਡ ਆਉਂਦਾ ਤਾਂ ਭਾਪੇ ਲਈ ਸ਼ਰਾਬ ਦੀ ਬੋਤਲ ਨਾਲ ਲੈ ਕੇ ਆਉਂਦਾ। ਖਾਤਿਰਦਾਰੀ ਤੇ ਉਚੇਚ ਕਰਾਉਂਦਿਆਂ ਮਾਮਾ ਵੱਧ ਸ਼ਰਾਬੀ ਹੋ ਜਾਂਦਾ। ਉਸ ਦੀ ਸ਼ਰਾਬ ਏਨੀ ਮਾੜੀ ਸੀ ਕਿ ਇਕ ਵਾਰ ਤਾਂ ਉਹਨੇ ਆਪਣੇ ਸਹੁਰਿਆਂ ਤੋਂ ਵੀ ਕੁੱਟ ਖਾ ਲਈ ਸੀ। ਸ਼ਰਮਿੰਦਾ ਹੋਇਆ ਉਹ ਕਈ ਚਿਰ ਮੁੜ ਸਹੁਰੇ ਨਹੀਂ ਸੀ ਗਿਆ।
ਮਾਮੇ ਦੀ ਅਕਸਰ ਬਦਲੀ ਹੁੰਦੀ ਰਹਿੰਦੀ। ਉਹ ਜਦੋਂ ਕਦੇ ਛੁੱਟੀ ਆਉਂਦਾ ਤਾਂ ਸਾਡੇ ਪਿੰਡ ਵੀ ਗੇੜਾ ਮਾਰਦਾ। ਉਹ ਭਾਪੇ ਤੇ ਮਾਂ ਦੀ ਬੜੀ ਦੀਦ ਕਰਦਾ ਸੀ। ਮਾਮਾ ਜਦੋਂ ਵੀ ਆਉਂਦਾ ਸੁਗਾਤਾਂ ਨਾਲ ਲੱਦਿਆ ਆਉਂਦਾ। ਖਾਣ-ਪੀਣ ਲਈ ਵੀ ਕਈ ਕੁਝ ਲੈ ਕੇ ਆਉਂਦਾ। ਮੇਰੀ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿਚਲਾ ਗੀਤ-‘‘ਦੌੜੋ ਜੀਤੀ ਮਾਮਾ ਆਇਆ, ਵੇਖੋ ਕੀ ਕੁਝ ਨਾਲ ਲਿਆਇਆ,’’ ਸੱਚਮੁਚ ਹੀ ਜਿਵੇਂ ਪਾਠ ਵਿਚੋਂ ਨਿਕਲ ਕੇ ਸਾਡੇ ਘਰ ਆਣ ਪਹੁੰਚਦਾ। ਮੈਂ ਉਸਦੇ ਅੱਗੇ-ਪਿੱਛੇ ਘੁੰਮਦਾ।
ਉਸ ਦਿਨ ਵੀ ਮਾਮਾ ਸਾਲ ਪਿੱਛੋਂ ਸਾਡੇ ਪਿੰਡ ਆਇਆ ਸੀ। ਮਾਂ ਨੂੰ ਵੱਡੇ ਮਾਮੇ ਦੇ ਆਉਣ ਦਾ ਬੜਾ ਚਾਅ ਸੀ। ਉਸ ਦਾ ਇਕ ਫ਼ੌਜੀ ਦੋਸਤ, ਜੋ ਮੇਰੇ ਨਾਨਕੇ ਪਿੰਡੋਂ ਹੀ ਸੀ, ਨਾਲ ਆਇਆ ਸੀ। ਉਨ੍ਹਾਂ ਅਗਲੇ ਦਿਨ ਸਾਡੇ ਪਿੰਡੋਂ ਹੀ ਸ਼ਹਿਰ ਜਾ ਕੇ ਵਾਪਸੀ ਗੱਡੀ ਫੜ੍ਹਨੀ ਸੀ। ਮਾਮਾ ਮੇਰੇ ਲਈ ਤੇ ਮਾਂ ਲਈ ਕਈ ਕੁਝ ਲਿਆਇਆ ਸੀ। ਭਾਪੇ ਲਈ ਵੀ ਰੰਮ ਦੀਆਂ ਦੋ ਬੋਤਲਾਂ ਸਨ।
‘‘ਸੁਰਜਣ, ਲੈ ਘੁੱਟ ਦੁੱਧ ਪੀ ਲੈ,’’ ਕਹਿੰਦਿਆਂ ਨਿੱਕੀ ਮਾਮੀ ਮੇਰੇ ਕੋਲ ਦੁੱਧ ਦਾ ਗਲਾਸ ਰੱਖਦੀ ਹੈ। ਮਾਮੀ ਮੰਜੀ ਦੀ ਹੀਂਹ ’ਤੇ ਬੈਠੀ ਤਾਂ ਮੇਰੀ ਸੁਰਤ ਪਰਤ ਆਈ ਹੈ।
‘‘ਮਾਮੀ ਜੀ, ਪੀ ਲੈਂਦਾਂ। ਭਲਾ, ਮਾਂ ਟਿਕ ਗਈ ਏ?’’ ਸਵਾਲ ਦੇ ਜਵਾਬ ਵਿਚ ਮਾਮੀ ਨੇ ਅੱਖਾਂ ਭਰ ਲਈਆਂ ਨੇ। ਉਹਨੇ ਮੇਰੇ ਵੱਲ ਵੇਖਿਆ ਤੇ ਉੱਠ ਕੇ ਮਾਂ ਦੇ ਕਮਰੇ ਵੱਲ ਤੁਰ ਪਈ ਏ।
ਮੈਂ ਫਿਰ ਪਿੱਛੇ ਨੂੰ ਪਰਤਣ ਲੱਗਦਾ ਹਾਂ। ਰਾਤ ਦੀ ਖ਼ਾਮੋਸ਼ੀ ਉਦਾਸੀ ਦੇ ਮਾਹੌਲ ਨੂੰ ਹੋਰ ਗਹਿਰਾ ਰਹੀ ਹੈ।
ਮਾਮੇ ਦਾ ਦੋਸਤ ਵੀ ਸਾਡੇ ਲਈ ਸੁਗਾਤ ਲੈ ਕੇ ਆਇਆ ਸੀ। ਉਹਨੇ ਲਿਫ਼ਾਫ਼ਾ ਮਾਂ ਦੇ ਹੱਥ ਵਿਚ ਦਿੱਤਾ ਸੀ। ਮੈਂ ਮਾਮੇ ਦੇ ਉਸ ਫ਼ੌਜੀ ਮਿੱਤਰ ਨੂੰ ਵੀ ਮਾਮਾ ਜੀ ਹੀ ਕਿਹਾ ਸੀ। ਵੱਡੇ ਮਾਮੇ ਨੇ ਵੱਡੇ-ਵੱਡੇ ਅੰਬਾਂ ਦੀ ਇਕ ਪੇਟੀ ਵੀ ਲਿਆਂਦੀ ਸੀ। ਰਾਤ ਖਾਂਦਿਆਂ-ਪੀਂਦਿਆਂ ਮਾਮਾ ਹਮੇਸ਼ਾਂ ਨਾਲੋਂ ਵੱਧ ਸ਼ਰਾਬੀ ਹੋ ਗਿਆ ਸੀ। ਸ਼ਰਾਬ ਤਾਂ ਮੁੱਕ ਗਈ ਸੀ, ਪਰ ਮਾਮੇ ਦਾ ਪੀਣਾ ਨਹੀਂ ਸੀ ਮੁੱਕਿਆ। ਭਾਪੇ ਨੇ ਹੋਰ ਸ਼ਰਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਮਾਮਾ ਆਪੇ ਤੋਂ ਬਾਹਰ ਹੋ ਗਿਆ। ਮਾਂ ਨੇ ਬਥੇਰਾ ਸਮਝਾਇਆ ਪਰ ਮਾਮਾ ਅੜੀ ਕਰੀ ਗਿਆ ਸੀ। ਗੱਲ ਵਧਦੀ-ਵਧਦੀ ਗਾਲ੍ਹਾਂ ਤੱਕ ਅੱਪੜ ਗਈ। ਭਾਪੇ ਦੇ ਗਰਮ ਸੁਭਾਅ ਤੇ ਮਾਮੇ ਦੀ ਮਾੜੀ ਸ਼ਰਾਬ ਕਰਕੇ ਝਗੜਾ ਏਨਾ ਵਧ ਗਿਆ ਕਿ ਭਾਪੇ ਨੇ ਮਾਮੇ ਹੋਰਾਂ ਨੂੰ ਰਾਤੀਂ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ। ਮਾਮਾ ਬਰੂਹੋਂ ਬਾਹਰ ਵੀ ਗਾਲ੍ਹਾਂ ਕੱਢੀ ਗਿਆ ਸੀ। ਫ਼ੌਜੀ ਪ੍ਰਾਹੁਣਾ ਮਾਮੇ ਨੂੰ ਧਰੂਹ ਕੇ ਆਪਣੇ ਨਾਲ ਲੈ ਗਿਆ ਸੀ।
ਪ੍ਰਾਹੁਣੇ ਤਾਂ ਚਲੇ ਗਏ, ਪਰ ਸਾਡੇ ਘਰੋਂ ਉਸ ਘਟਨਾ ਦੀ ਕੁੜੱਤਣ ਕਈ ਦਿਨਾਂ ਤੱਕ ਨਾ ਗਈ। ਭਾਪੇ ਨੇ ਮਾਮੇ ਦੇ ਜਾਣ ਪਿੱਛੋਂ ਉਹਦੇ ਲਿਆਂਦੇ ਸਾਰੇ ਤੋਹਫ਼ੇ ਚਲਾ-ਚਲਾ ਕੇ ਵਿਹੜੇ ਵਿਚ ਵਗਾਹ ਮਾਰੇ। ਸਭ ਕੁਝ ਭੰਨ-ਤੋੜ ਦਿੱਤਾ। ਇੱਥੋਂ ਤੱਕ ਕਿ ਮੇਰੀਆਂ ਬਾਜੀਆਂ ਵੀ। ਕਈ ਦਿਨਾਂ ਤੱਕ ਭਾਪਾ ਰਾਤ ਨੂੰ ਸ਼ਰਾਬ ਪੀ ਕੇ ਮਾਮੇ ਨੂੰ ਤੇ ਮੇਰੇ ਨਾਨਕਿਆਂ ਨੂੰ ਗਾਲ੍ਹਾਂ ਕੱਢਦਾ ਰਿਹਾ ਸੀ।
ਉਸੇ ਸਿਆਲ ਸ਼ਰੀਕੇ ਵਿਚ ਤਾਈ ਲੱਗਦੀ ਛਿੰਦੋ ਦੇ ਮੁੰਡੇ ਦਾ ਵਿਆਹ ਸੀ। ਪੰਜਾਬ ਦਾ ਮਾਹੌਲ ਉਨ੍ਹੀਂ ਦਿਨੀਂ ਬਹੁਤਾ ਚੰਗਾ ਨਹੀਂ ਸੀ। ਵਿਆਹ ਸਾਦੇ ਹੀ ਕੀਤੇ ਜਾਂਦੇ ਸਨ। ਜੰਞ ਥੋੜ੍ਹੀ ਲਿਜਾਣੀ ਪੈਂਦੀ ਸੀ। ਬਹੁਤੇ ਲੋਕ ਆਪੋ-ਆਪਣੇ ਘਰੀਂ ਅੰਗਾਂ-ਸਾਕਾਂ ਨੂੰ ਸੱਦ ਕੇ ਸ਼ਗਨ-ਵਿਹਾਰ ਕਰ ਲੈਂਦੇ ਸਨ। ਜੰਞ ਤੋਂ ਪਹਿਲੀ ਰਾਤ ਤਾਈ ਛਿੰਦੋ ਦੇ ਘਰ ਗਾਉਣ-ਪਾਣੀ ਦਾ ਸੱਦਾ ਸੀ। ਦਾਦੀ ਨੂੰ ਘਰੇ ਛੱਡ ਕੇ ਅਸੀਂ ਸਾਰੇ ਤਾਈ ਘਰ ਚਲੇ ਗਏ। ਮਾਂ ਨੇ ਉਸ ਦਿਨ ਨੀਲੇ-ਫਿਰੋਜ਼ੀ ਰੰਗ ਦਾ ਸੂਟ ਪਾਇਆ ਹੋਇਆ ਸੀ। ਗੋਟੇ ਵਾਲੀ ਚੁੰਨੀ ਮਾਂ ਨੇ ਸੰਵਾਰ ਕੇ ਸਿਰ ’ਤੇ ਲਈ ਹੋਈ ਸੀ। ਤੇਰਾਂ ਸਾਲ ਪਹਿਲਾਂ ਵਿਆਹ ਕੇ ਆਈ ਮਾਂ ਉਸ ਦਿਨ ਨਵੀਆਂ ਵਿਆਹੀਆਂ ਨੂੰ ਵੀ ਮਾਤ ਪਾ ਰਹੀ ਸੀ। ਭਾਪਾ ਪਰ੍ਹਾਂ ਸ਼ਰਾਬ ਪੀ ਰਹੇ ਬੰਦਿਆਂ ਨਾਲ ਬੈਠਾ ਸੀ। ਉਸ ਰਾਤ ਮਾਂ ਜਦੋਂ ਗਿੱਧੇ ਵਿਚ ਨੱਚੀ ਤਾਂ ਉਸ ਨੇ ਨੱਚ-ਨੱਚ ਕੇ ਵਿਹੜਾ ਪੁੱਟ ਛੱਡਿਆ। ਸੱਚ ਦੱਸਾਂ! ਉਸ ਦਿਨ ਗਿੱਧੇ ਵਿਚ ਦੂਹਰੀ ਹੋ-ਹੋ ਕੇ ਨੱਚਦੀ ਮਾਂ ਦੇ ਪੈਰੀਂ ਪਈਆਂ ਪਜੇਬਾਂ ਦੇ ਬੋਰ ਵੀ ਮਾਂ ਦੀਆਂ ਪਾਈਆਂ ਬੋਲੀਆਂ ’ਤੇ ਜਿਵੇਂ ਝੂਮ ਉੱਠੇ ਸਨ। ਉਮਰ ਦੀ ਇਸ ਦਹਿਲੀਜ਼ ’ਤੇ ਖੜ੍ਹ ਕੇ ਜਦ ਪਿਛਾਂਹ ਝਾਤੀ ਮਾਰਦਾ ਹਾਂ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮੈਂ ਮਾਂ ਜਿੰਨੀ ਸੋਹਣੀ ਔਰਤ ਅੱਜ ਤੱਕ ਨਹੀਂ ਵੇਖੀ। ਉਸ ਦਿਨ ਤਾਈ ਛਿੰਦੋ ਦੇ ਵਿਹੜੇ ਮੇਰੀ ਮਾਂ ਨੇ ਪਿੜ ਵਿਚ ਬੋਲੀਆਂ ਦਾ ਹੜ੍ਹ ਲੈ ਆਂਦਾ ਸੀ।
ਤਾਈ ਛਿੰਦੋ ਦੇ ਘਰੋਂ ਮੁੜੀ ਮਾਂ ਦੇ ਨੱਚਣ ਤੇ ਬੋਲੀਆਂ ਪਾਉਣ ਦੀਆਂ ਧੁੰਮਾਂ ਅਗਲੇ ਦਿਨ ਪਿੰਡ ਦੀ ਸੱਥ ਤੱਕ ਪਹੁੰਚ ਗਈਆਂ ਸਨ। ਭਾਪਾ ਜਦੋਂ ਸ਼ਾਮੀਂ ਘਰ ਮੁੜਿਆ ਤਾਂ ਆਉਂਦਿਆਂ ਹੀ ਉਹਨੇ ਤੂਤ ਦੀ ਛਮਕ ਹੱਥ ਫੜ ਲਈ। ਮੈਂ ਮਾਂ ਕੋਲ ਚੌਂਕੇ ਵਿਚ ਬੈਠਾ ਕੋਲੇ ਨਾਲ ਜ਼ਮੀਨ ’ਤੇ ਕੁਝ ਵਾਹ ਰਿਹਾ ਸੀ। ਭਾਪਾ ਮਾਂ ਨੂੰ ਵਾਲੋਂ ਫੜ ਕੇ ਘਸੀਟਦਾ ਅੰਦਰ ਕਮਰੇ ਵਿਚ ਲੈ ਗਿਆ। ਉਸਨੇ ਅੰਦਰੋਂ ਬੂਹਾ ਬੰਦ ਕਰ ਲਿਆ। ਉਹਨੇ ਤੂਤ ਦੀ ਛਮਕ ਨਾਲ ਮਾਂ ਨੂੰ ਬੜਾ ਮਾਰਿਆ। ਮਾਂ ਦੇ ਪੈਰਾਂ ਤੇ ਗਿੱਟਿਆਂ ’ਤੇ ਲਾਸਾਂ ਪਾ ਦਿੱਤੀਆਂ। ਅੰਦਰ ਮਾਂ ਨੂੰ ਮਾਰ ਪੈ ਰਹੀ ਸੀ। ਬਾਹਰ ਮੈਂ ਤੇ ਦਾਦੀ ਕੁਰਲਾ ਰਹੇ ਸਾਂ। ਪਰ ਮਾਂ ਦੀ ਜ਼ਰਾ ਵੀ ਆਵਾਜ਼ ਬਾਹਰ ਨਾ ਆਈ। ਜਦੋਂ ਭਾਪਾ ਮਾਰ-ਮਾਰ ਕੇ ਹੰਭ ਗਿਆ ਤਾਂ ਉਹਨੇ ਆਪ ਹੀ ਕੁੰਡੀ ਖੋਲ੍ਹੀ ਤੇ ਬੂਹਿਓਂ ਬਾਹਰ ਹੋ ਗਿਆ।
ਮਾਂ ਜ਼ਾਰੋ-ਜ਼ਾਰ ਰੋ ਰਹੀ ਸੀ।
‘‘ਵੇ ਨਖੱਤਿਆ! ਇਹਨੇ ਕੀ ਵਗਾੜਿਆ ਏ ਤੇਰਾ, ਵੇ ਜਮਾਂ! ਇਹਨੂੰ ਉਂਝ ਈ ਸੰਖੀਆ ਦੇ ਕੇ ਮਾਰ ਦੇ, ਵੇ ਗਲ ਘੁੱਟ ਦੇ ਇਹਦਾ।’’ ਦਾਦੀ ਮਾਂ ਨੂੰ ਬੁੱਕਲ ’ਚ ਲਈ ਭਾਪੇ ਨੂੰ ਕੋਸ ਰਹੀ ਸੀ।
ਮੈਂ ਮਾਂ ਦੇ ਪੈਰਾਂ ’ਤੇ ਪਈਆਂ ਲਾਸਾਂ ਨੂੰ ਆਪਣੇ ਹੱਥਾਂ ਨਾਲ ਸਹਿਲਾ ਰਿਹਾ ਸੀ। ਮੈਂ ਤੇ ਦਾਦੀ ਨੇ ਰਲ ਕੇ ਮਾਂ ਦੇ ਪੈਰਾਂ ’ਤੇ ਨਿੱਘੇ ਪਾਣੀ ਦੀ ਟਕੋਰ ਕੀਤੀ। ਡਿੱਗਦੀ-ਢਹਿੰਦੀ ਦਾਦੀ ਨੇ ਤੇਲ-ਹਲਦੀ ਦੀ ਪੁਲਸਟ ਬਣਾ ਕੇ ਮਾਂ ਦੇ ਪੈਰਾਂ ਦਿਆਂ ਜ਼ਖ਼ਮਾਂ ’ਤੇ ਲਾਈ ਸੀ। ਮਾਂ ਨੂੰ ਸਾਵੇਂ ਹੋ ਕੇ ਤੁਰਨ-ਫਿਰਨ ਵਿਚ ਕਈ ਦਿਨ ਲੱਗ ਗਏ ਸਨ।
ਭਾਪਾ ਮਾਂ ਨਾਲੋਂ ਘੱਟ ਪੜ੍ਹਿਆ ਹੋਇਆ ਸੀ। ਉਸ ਦਾ ਸੁਭਾਅ ਤਾਂ ਸਖ਼ਤ ਹੈ ਈ ਸੀ, ਪਰ ਅਜੀਬ ਵੀ ਬੜਾ ਸੀ। ਕਦੇ-ਕਦੇ ਉਹ ਮਾਂ ਨਾਲ ਚੰਗਾ ਭਲਾ ਹੁੰਦਾ ਤੇ ਕਦੇ ਮਾਰ-ਮਾਰ ਕੇ ਉਸ ਦੀ ਖੱਲ ਹੀ ਉਧੇੜ ਦਿੰਦਾ।
ਪਰ ਮਾਂ ਬੜੀ ਹਿੰਮਤੀ ਤੇ ਸੀਲ ਸੀ। ਭਾਪੇ ਦੇ ਅੱਖੜ ਸੁਭਾਅ ਨਾਲ ਵੀ ਉਹ ਚੁੱਪਚਾਪ ਕੱਟ ਰਹੀ ਸੀ। ਉਹ ਭਾਪੇ ਨਾਲ ਬਹੁਤੀਆਂ ਗੱਲਾਂ ਕਦੇ ਨਾ ਕਰਦੀ। ਮੇਰੇ ਨਾਲ ਜਾਂ ਥੋੜ੍ਹਾ ਬਹੁਤ ਦਾਦੀ ਨਾਲ ਜ਼ਰੂਰ ਬੋਲ ਲੈਂਦੀ। ਪਰ ਭਾਪੇ ਬਾਰੇ ਉਹ ਕਿਸੇ ਅੱਗੇ ਨਾ ਉਭਾਸਰਦੀ।
ਹੁਣ ਮਾਂ ਨੂੰ ਇੰਜ ਮਾਰਨ ਤੋਂ ਬਾਅਦ ਭਾਪਾ ਮਾਂ ਨੂੰ ਘੱਟ ਹੀ ਬੁਲਾਉਂਦਾ। ਉਹਨੀਂ ਦਿਨੀਂ ਵੱਡੇ ਮਾਮੇ ਦੀ ਆਸਾਮ ਤੋਂ ਚਿੱਠੀ ਆਈ। ਮਾਮੇ ਨੇ ਭਾਪੇ ਤੋਂ ਉਸ ਦਿਨ ਦੇ ਕੀਤੇ ਕਾਰੇ ਬਾਰੇ ਮੁਆਫ਼ੀ ਮੰਗੀ ਸੀ। ਇੰਨੇ ਨਾਲ ਭਾਪੇ ਦਾ ਮਾਮੇ ਪ੍ਰਤੀ ਗੁੱਸਾ ਥੋੜ੍ਹਾ ਘੱਟ ਹੋ ਗਿਆ ਸੀ। ਇਸ ਚਿੱਠੀ ਤੋਂ ਦਸ ਕੁ ਦਿਨਾਂ ਬਾਅਦ ਮਾਮੇ ਦੀ ਇਕ ਹੋਰ ਚਿੱਠੀ ਆਈ। ਇਸ ਚਿੱਠੀ ਵਿਚ ਉਸ ਨੇ ਪੂਰਬ ਵਿਚ ਉੱਠ ਰਹੇ ਮਾਓ ਵਿਦਰੋਹ ਤੇ ਨਿੱਤ ਹੁੰਦੇ ਮੁਕਾਬਲਿਆਂ ਬਾਰੇ ਚਿੰਤਾ ਪ੍ਰਗਟ ਕੀਤੀ ਸੀ। ਅਜਿਹੇ ਹੀ ਇਕ ਮੁਕਾਬਲੇ ਵਿਚ ਮਾਮੇ ਨਾਲ ਉਸ ਦਿਨ ਸਾਡੇ ਘਰ ਆਇਆ ਪ੍ਰਾਹੁਣਾ ਹਲਾਕ ਹੋ ਗਿਆ ਸੀ। ਭਾਪੇ ਨੇ ਚਿੱਠੀ ਸਾਰੇ ਟੱਬਰ ਵਿਚ ਬਹਿ ਕੇ ਪੜ੍ਹੀ ਸੀ। ਉਸ ਰਾਤ ਸਾਰੇ ਚੁੱਪਚਾਪ ਆਪਣੇ ਬਿਸਤਰਿਆਂ ਵਿਚ ਜਾ ਪਏ ਸਨ। ਘਰ ਵਿਚ ਉਦਾਸੀ ਪਸਰ ਗਈ ਸੀ।
ਅਗਲੀ ਸਵੇਰ ਭਾਪਾ ਖੇਤਾਂ ਵੱਲ ਚਲਾ ਗਿਆ। ਦਾਦੀ ਡੰਗੋਰੀ ਟੇਕਦੀ ਛਿੰਦੋ ਤਾਈ ਦੇ ਘਰ ਤੁਰ ਗਈ। ਮਾਂ ਨੇ ਬਾਹਰਲਾ ਬੂਹਾ ਢੋਇਆ ਤੇ ਆਪਣੇ ਕਮਰੇ ਵਿਚ ਚਲੀ ਗਈ। ਐਤਵਾਰ ਹੋਣ ਕਰਕੇ ਮੈਨੂੰ ਸਕੂਲੋਂ ਛੁੱਟੀ ਸੀ । ਅਚਾਨਕ ਅੰਦਰਲੇ ਕਮਰੇ ਵਿਚੋਂ ਉੱਚੀ-ਉੱਚੀ ਵੈਣ ਪਾਉਣ ਦੀ ਆਵਾਜ਼ ਆਈ। ਮੈਂ ਜਾ ਕੇ ਵੇਖਿਆ ਮਾਂ ਰੋ ਰਹੀ ਸੀ। ਉਸ ਨੇ ਜ਼ਮੀਨ ’ਤੇ ਇਕ ਨਵੀਂ-ਨਕੋਰ ਚਾਦਰ ਵਿਛਾਈ ਹੋਈ ਸੀ। ਉਸ ਮੋਤੀਆ ਰੰਗੀ ਚਾਦਰ ਉੱਤੇ ਨੀਲੇ ਰੰਗ ਦੇ ਨੱਚਦੇ ਮੋਰਾਂ ਦੀ ਕਢਾਈ ਕੀਤੀ ਹੋਈ ਸੀ। ਪੇਟੀ ’ਤੇ ਪਏ ਲਿਫ਼ਾਫ਼ੇ ਨੂੰ ਮੈਂ ਪਛਾਣ ਲਿਆ। ਇਹ ਮਾਮੇ ਦੇ ਫ਼ੌਜੀ ਮਿੱਤਰ ਨੇ ਮਾਂ ਨੂੰ ਉਸ ਦਿਨ ਫੜਾਇਆ ਸੀ। ਮੇਰੀ ਮਾਂ ਨੂੰ ਬੁਲਾਉਣ ਦੀ ਹਿੰਮਤ ਨਾ ਪਈ। ਮੈਂ ਬੈਠਕ ਵੱਲ ਮੁੜ ਆਇਆ। ਮਾਂ ਲਗਾਤਾਰ ਦੋ-ਤਿੰਨ ਘੰਟੇ ਰੋਂਦੀ ਰਹੀ ਸੀ। ਫਿਰ ਮਾਂ ਨੇ ਇਹ ਨਿੱਤ ਦਾ ਵਿਹਾਰ ਬਣਾ ਲਿਆ। ਮੈਂ ਸਕੂਲੇ ਚਲਾ ਜਾਂਦਾ। ਦਾਦੀ ਆਂਢ-ਗੁਆਂਢ ਜਾ ਬਹਿੰਦੀ। ਭਾਪਾ ਬਹੁਤਾ ਬੰਬੀ ’ਤੇ ਟਿਕਿਆ ਰਹਿੰਦਾ। ਮੈਂ ਘਰ ਆਉਂਦਾ ਤਾਂ ਮਾਂ ਨੇ ਰੋ-ਰੋ ਕੇ ਅੱਖਾਂ ਸੁਜਾਈਆਂ ਹੁੰਦੀਆਂ।
ਭਾਪਾ ਜਦੋਂ ਸ਼ਾਮੀਂ ਘਰ ਆਉਂਦਾ ਤਾਂ ਉਹ ਮਾਂ ਦੇ ਚਿਹਰੇ ਵੱਲ ਗੌਰ ਨਾਲ ਵੇਖਦਾ। ਮਾਂ ਵੀ ਭਾਪੇ ਤੋਂ ਅੱਖ ਬਚਾ ਕੇ ਕੰਮੀਂ ਲੱਗੀ ਰਹਿੰਦੀ। ਉਸ ਨੂੰ ਭਾਪੇ ਦੀ ਹਰ ਲੋੜ ਪਤਾ ਹੁੰਦੀ। ਉਸ ਨੂੰ ਰੋਟੀ ਪਰੋਸਣਾ, ਕੱਪੜੇ-ਲੀੜੇ ਧੋਣੇ, ਪਰੈੱਸ ਕਰਨੇ ਵਗੈਰਾ-ਵਗੈਰਾ।
ਭਾਪੇ ਦਾ ਮਾਂ ਨਾਲ ਬੋਲਚਾਲ ਹੁਣ ਬਹੁਤ ਹੀ ਘਟ ਗਿਆ ਸੀ।
ਫਿਰ ਭਾਪੇ ਨੇ ਜਿਵੇਂ ਸ਼ਰਾਬ ਨੂੰ ਆਪਣਾ ਸਾਥੀ ਬਣਾ ਲਿਆ। ਉਹ ਕੰਮ-ਕਾਰ ਦਾ ਪੂਰਾ ਸੀ, ਪਰ ਸ਼ਾਮੀਂ ਸ਼ਰਾਬੀ ਹੋ ਕੇ ਹੀ ਘਰ ਪਰਤਦਾ। ਭਾਪਾ ਹੁਣ ਮਾਂ ਦਾ ਪਤੀ ਨਹੀਂ, ਸਿਰਫ਼ ਮੇਰਾ ਬਾਪ ਰਹਿ ਗਿਆ ਸੀ।
ਤਾਈ ਛਿੰਦੋ ਦੇ ਘਰੋਂ ਵਾਪਸ ਆ ਕੇ ਪਈ ਮਾਰ ਨੇ ਮਾਂ ਦੀ ਜ਼ਿੰਦਗੀ ਵਿਚੋਂ ਨੱਚਣ-ਗਾਉਣ ਸਦਾ ਲਈ ਮੁਕਾ ਦਿੱਤਾ। ਮਾਂ ਉੱਤੇ ਬਿਨਾਂ ਬੋਲਿਆਂ ਤੋਂ ਅਨੇਕਾਂ ਰੋਕਾਂ ਲਾਗੂ ਹੋ ਗਈਆਂ। ਹੁਣ ਮਾਂ ਦਾਦੀ ਲਾਗੇ ਹੀ ਪੈਂਦੀ। ਉਸ ਨੇ ਕਦੇ ਮੁੜ ਮੈਨੂੰ ਪੈਰ ਘੁੱਟਣ ਲਈ ਵੀ ਨਾ ਕਿਹਾ। ਮੈਂ ਦਸਵੀਂ ਪਾਸ ਕਰਕੇ ਆਪਣੇ ਪਿੰਡ ਦੇ ਲਾਗੇ ਪੈਂਦੇ ਕਸਬੇ ਤੋਂ ਗਿਆਰਵੀਂ ਤੇ ਫਿਰ ਬਾਰ੍ਹਵੀਂ ਕਰ ਲਈ। ਜਦੋਂ ਮੈਂ ਬੀ.ਏ. ਕਰਨ ਲਈ ਸ਼ਹਿਰ ਦਾਖ਼ਲ ਹੋਇਆ ਤਾਂ ਭਾਪੇ ਨੂੰ ਮੈਂ ਕਈ ਵਾਰ ਸਮਝਾਇਆ। ਮੇਰੇ ਸਮਝਾਉਣ ’ਤੇ ਬੱਸ ਉਸ ਨੇ ਏਨਾ ਅਸਰ ਕੀਤਾ ਕਿ ਉਹ ਰਾਤ ਨੂੰ ਘਰ ਪੈਣ ਲੱਗ ਪਿਆ। ਬੀ.ਏ. ਕਰਕੇ ਮੈਂ ਆਈਲੈਟਸ ਪਾਸ ਕਰ ਲਿਆ ਤਾਂ ਭਾਪੇ ਨੇ ਮੈਨੂੰ ਕੈਨੇਡਾ ਭੇਜਣ ਲਈ ਹਾਮੀ ਭਰ ਦਿੱਤੀ। ਮੈਂ ਬਾਹਰ ਜਾ ਕੇ ਵੀ ਕਦੇ ਮਾਂ ਦਾ ਵਿਸਾਹ ਨਾ ਖਾਧਾ। ਮੈਂ ਉਸ ਨੂੰ ਰੋਜ਼ ਫੋਨ ਕਰਦਾ। ਮੈਂ ਭਾਪੇ ਨੂੰ ਵੀ ਕਈ ਵਾਰ ਪੁੱਛਦਾ ਕਿ ਉਹ ਮਾਂ ਨਾਲ ਕਿਹੜੀ ਗੱਲੋਂ ਏਨਾ ਗੁੱਸਾ ਕਰੀ ਬੈਠਾ ਸੀ, ਪਰ ਉਹ ਟਾਲ ਜਾਂਦਾ। ਇਨ੍ਹੀਂ ਦਿਨੀਂ ਦਾਦੀ ਵੀ ਵਿਛੋੜਾ ਦੇ ਗਈ ਸੀ। ਪਰ ਮੈਂ ਉਦੋਂ ਨਹੀਂ ਸੀ ਆ ਸਕਿਆ। ਹੁਣ ਘਰ ਵਿਚ ਭਾਪਾ ਤੇ ਮਾਂ ਹੀ ਰਹਿ ਗਏ ਸਨ। ਭਾਪਾ ਮਾਂ ਨਾਲ ਬੋਲਦਾ ਨਹੀਂ ਸੀ। ਜਦੋਂ ਦੋਵਾਂ ਵਿਚੋਂ ਕੋਈ ਬਿਮਾਰ ਪੈ ਜਾਂਦਾ ਤਾਂ ਮੇਰੇ ਲਈ ਬੜੀ ਮੁਸੀਬਤ ਬਣਦੀ।
ਚਾਰ ਦਿਨ ਪਹਿਲਾਂ ਹੀ ਬੰਬੀ ’ਤੇ ਗਏ ਭਾਪੇ ਨੂੰ ਹਾਰਟ ਅਟੈਕ ਆ ਗਿਆ ਸੀ। ਕਾਮੇ ਉਸ ਨੂੰ ਟਰਾਲੀ ’ਚ ਪਾ ਕੇ ਹਸਪਤਾਲ ਲੈ ਗਏ ਸਨ। ਡਾਕਟਰਾਂ ਨੇ ਭਾਪੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਬਚਿਆ। ਮੈਨੂੰ ਨਿੱਕੇ ਮਾਮੇ ਨੇ ਫੋਨ ਕੀਤਾ ਸੀ। ਮੈਂ ਪਹਿਲੀ ਫਲਾਈਟ ਲੈ ਕੇ ਪਿੰਡ ਪਹੁੰਚਣ ਦੀ ਕੀਤੀ।
ਟੈਕਸੀ ਤੋਂ ਉੱਤਰਦਿਆਂ ਹੀ, ਮੇਰੀ ਨਜ਼ਰ ਭਾਪੇ ਦੀ ਦੇਹ ’ਤੇ ਪਈ ਸੀ। ਮਾਂ ਲਾਗੇ ਬੈਠੀ ਸੀ। ਮਾਂ ਨੇ ਭਾਪੇ ਦੀ ਬਾਂਹ ਲਾਗੇ ਸਿਰ ਸੁੱਟਿਆ ਹੋਇਆ ਸੀ। ਮੈਂ ਭਾਪੇ ਦੀ ਦੇਹ ਨੂੰ ਚਿੰਬੜ ਗਿਆ। ਮਾਂ ਜਿਵੇਂ ਰੋਣ ਲਈ ਮੇਰਾ ਮੋਢਾ ਹੀ ਉਡੀਕਦੀ ਹੋਵੇ। ਉਹ ਛਾਤੀ ਨਾਲ ਲੱਗ ਬੱਚਿਆਂ ਵਾਂਗ ਵਿਲਕਣ ਲੱਗ ਪਈ। ਮਾਂ ਉਵੇਂ ਰੋ ਰਹੀ ਸੀ ਜਿਵੇਂ ਫ਼ੌਜੀ ਮਾਮੇ ਪ੍ਰਾਹੁਣੇ ਦੀ ਮੌਤ ਤੋਂ ਬਾਅਦ ਉਹ ਲੁਕ-ਲੁਕ ਕੇ ਰੋਂਦੀ ਰਹੀ ਸੀ। ਭਾਪੇ ਦੇ ਸਸਕਾਰ ਤੋਂ ਲੈ ਕੇ ਫੁੱਲ ਚੁਗਣ ਤੱਕ ਪਿਛਲੇ ਦੋ ਦਿਨ ਤੇ ਰਾਤਾਂ ਮਾਂ ਨੇ ਰੋ-ਰੋ ਕੇ ਗੁਜ਼ਾਰੀਆਂ ਸਨ। ਨਾ ਉਹ ਰਾਤ ਸੁੱਤੀ ਸੀ ਤੇ ਨਾ ਦਿਨੇ ਚੁੱਪ ਕੀਤੀ ਸੀ। ਅੱਜ ਫੁੱਲ ਚੁਗ ਕੇ ਕੀਰਤਪੁਰ ਸਾਹਿਬ ਪ੍ਰਵਾਹ ਕਰਕੇ ਆਉਣ ਤੋਂ ਬਾਅਦ ਮਾਂ ਕੁਝ ਹੌਸਲੇ ਵਿਚ ਆਈ ਸੀ, ਪਰ ਮਾਂ ਦੀਆਂ ਅੱਖਾਂ ਦਾ ਦਰਿਆ ਅਜੇ ਵੀ ਥੰਮਿਆ ਨਹੀਂ ਸੀ। ‘ਇਸ ਤਰ੍ਹਾਂ ਤਾਂ ਮਾਂ ਬਿਮਾਰ ਹੋ ਜਾਵੇਗੀ,’ ਇਹੀ ਸੋਚ ਕੇ ਮੈਂ ਪਿੰਡੋਂ ਡਾਕਟਰ ਨੂੰ ਬੁਲਾਇਆ ਸੀ। ਉਹਨੇ ਮਾਂ ਨੂੰ ਇੰਜੈਕਸ਼ਨ ਲਾ ਦਿੱਤਾ ਸੀ।
ਮੇਰੇ ਦਿਮਾਗ ਵਿਚ ਇਹ ਗੱਲ ਅਜੇ ਵੀ ਖੌਰੂ ਪਾ ਰਹੀ ਹੈ ਕਿ ਉਹ ਕਿਹੜੀ ਗੱਲ ਸੀ ਜੋ ਭਾਪੇ ਨੇ ਦਿਲ ਨੂੰ ਲਾ ਲਈ ਸੀ! ਉਸ ਨੇ ਜਿਉਂਦੇ-ਜੀਅ ਮਾਂ ਨਾਲੋਂ ਆਪਣਾ ਰਿਸ਼ਤਾ ਕਿਉਂ ਤੋੜ ਲਿਆ ਸੀ? ਮਾਂ ਨੇ ਅਜਿਹਾ ਕੀ ਗੁਨਾਹ ਕੀਤਾ ਸੀ ਜਿਸ ਦੀ ਸਜ਼ਾ ਭਾਪੇ ਨੇ ਆਪਣੇ ਆਪ ਨੂੰ ਤੇ ਮਾਂ ਨੂੰ ਦਿੱਤੀ ਸੀ?
ਸੋਚਦਾ-ਸੋਚਦਾ ਮੈਂ ਪਿਛਲੇ ਅੰਦਰ ਸਟੋਰ ਵੱਲ ਤੁਰ ਆਇਆ ਹਾਂ। ਬੱਤੀ ਜਗਾ ਲਈ ਹੈ। ਸਟੋਰਨੁਮਾ ਕੋਠੜੀ ਜਿਹੀ ਵਿਚ ਮਾਂ ਦੇ ਵਿਆਹ ਦੀ ਪੇਟੀ ਪਈ ਹੈ। ਪੇਟੀ ਉੱਤੇ ਹਮੇਸ਼ਾਂ ਵਾਂਗ ਤਿੰਨ-ਚਾਰ ਟਰੰਕ ਪਏ ਨੇ। ਨੁੱਕਰੇ ਇਕ ਲੋਹੇ ਦੀ ਅਲਮਾਰੀ ਪਈ ਹੈ। ਇੱਕ ਟਰੰਕ ਨੂੰ ਤਾਲਾ ਲੱਗਾ ਹੋਇਆ ਹੈ ਬਾਕੀ ਕਿਸੇ ਪੇਟੀ ਅਲਮਾਰੀ ਨੂੰ ਤਾਲਾ ਨਹੀਂ! ਅਲਮਾਰੀ ਲਾਗੇ ਮੇਰਾ ਸੂਟਕੇਸ ਖੜ੍ਹਾ ਕੀਤਾ ਹੋਇਆ ਹੈ। ਮੇਰੀ ਦਿਲਚਸਪੀ ਤਾਲੇ ਵਾਲੇ ਟਰੰਕ ਵਿਚ ਵਧ ਗਈ ਹੈ। ‘ਹੋ ਸਕਦਾ ਏ, ਮਾਂ ਨੇ ਕੋਈ ਗਹਿਣਾ-ਗੱਟਾ ਸਾਂਭਿਆ ਹੋਵੇ।’ ਮੈਂ ਅਲਮਾਰੀ ਦੀ ਸੇਫ਼ ਵਿਚ ਹੱਥ ਮਾਰਿਆ ਤਾਂ ਚਾਬੀ ਲੱਭ ਪਈ ਹੈ। ਮੈਂ ਟਰੰਕ ਚੁੱਕ ਕੇ ਆਪਣੇ ਕਮਰੇ ਵਿਚ ਲੈ ਆਂਦਾ ਹੈ। ਬਹੁਤਾ ਭਾਰਾ ਨਹੀਂ ਟਰੰਕ। ਮਾਂ ਤੇ ਆਪਣੇ ਕਮਰੇ ਵਿਚਲੇ ਦਰਵਾਜ਼ੇ ਨੂੰ ਮੈਂ ਅੰਦਰੋਂ ਕੁੰਡੀ ਲਾ ਕੇ ਬੰਦ ਕਰ ਦਿੱਤਾ ਹੈ। ਮੈਂ ਤਾਲਾ ਖੋਲ੍ਹ ਕੇ ਟਰੰਕ ਦਾ ਢੱਕਣ ਚੁੱਕਿਆ ਹੈ। ਉਸ ਵਿਚ ਮਾਂ ਦਾ ਨੀਲਾ ਫਿਰੋਜ਼ੀ ਸੂਟ ਪਿਆ ਹੈ। ਨਾਲ ਤਹਿ ਕੀਤੀ ਗੋਟੇ ਵਾਲੀ ਚੁੰਨੀ ਹੈ। ਮੈਨੂੰ ਛਿੰਦੋ ਤਾਈ ਦੇ ਘਰ ਗਾਉਣ ਤੋਂ ਬਾਅਦ ਵਾਲੀ ਘਟਨਾ ਇੰਨ-ਬਿੰਨ ਚੇਤੇ ਆ ਗਈ ਹੈ। ਨਾਲ ਤਹਿ ਕੀਤੀ ਮੋਰਾਂ ਵਾਲੀ ਨਵੀਂ ਚਾਦਰ ਪਈ ਹੈ। ਟਰੰਕ ਵਿਚ ਸੂਟ ਤੇ ਚਾਦਰ ਤੋਂ ਬਿਨਾਂ ਹੋਰ ਕੁਝ ਨਹੀਂ। ਥੱਲੇ ਇਕ ਅਖ਼ਬਾਰ ਵਿਛੀ ਹੋਈ ਹੈ। ਪੁਰਾਣੀ ਹੋ ਚੁੱਕੀ ਅਖ਼ਬਾਰ ਦੇ ਹੇਠਾਂ ਹੱਥ ਮਾਰਿਆਂ ਕੁਝ ਰੜਕਿਆ ਹੈ। ਮੈਂ ਅਖ਼ਬਾਰ ਦਾ ਪਾਸਾ ਚੁੱਕਿਆ ਹੈ। ਅਖ਼ਬਾਰ ਥੱਲੇ ਪੀਲਾ ਹੋ ਚੁੱਕਾ ਇਕ ਨਿੱਕਾ ਜਿਹਾ ਤਹਿ ਕੀਤਾ ਵਰਕਾ ਹੈ। ਮੈਂ ਉਸ ਨੂੰ ਖੋਲ੍ਹ ਲਿਆ ਹੈ। ਇਹ ਇਕ ਰੁੱਕਾ ਹੈ ਜੋ ਮਾਂ ਨੂੰ ਸੰਬੋਧਿਤ ਹੈ :
‘ਪਰਸਿੰਨੀ! ਮੈਨੂੰ ਖੁਸ਼ੀ ਹੈ ਕਿ ਤੂੰ ਆਪਣੇ ਪਰਿਵਾਰ ਵਿਚ ਰਾਜ਼ੀ ਖੁਸ਼ੀ ਹੈਂ। ਤੂੰ ਨੀਲੇ ਸੂਟ ਵਿਚ ਅੱਜ ਵੀ ਓਨੀ ਸੋਹਣੀ ਲੱਗਦੀ ਹੋਵੇਂਗੀ ਜਿੰਨੀ ਵਿਆਹ ਤੋਂ ਪਹਿਲਾਂ ਲੱਗਦੀ ਹੁੰਦੀ ਸੀ। ਤੈਨੂੰ ਮੋਰ ਬਹੁਤ ਪਸੰਦ ਸਨ, ਹੈਂ ਨਾ। ਜਦੋਂ ਤੂੰ ਮੋਰ ਵਾਂਗ ਪੈਲ ਪਾ ਕੇ ਗਿੱਧੇ ਵਿਚ ਨੱਚਦੀ ਹੁੰਦੀ ਸੀ ਤਾਂ ਤੂੰ ਪਿੰਡ ਦੀ ਸਭ ਤੋਂ ਸੋਹਣੀ ਕੁੜੀ ਲੱਗਦੀ ਹੁੰਦੀ ਸੀ। ਤੂੰ ਜਾਣਦੀ ਹੈਂ ਕਿ ਮੈਂ ਤੈਨੂੰ ਕਈ ਵਾਰ ਆਪਣੇ ਮਨ ਦੀ ਗੱਲ ਕਹਿਣੀ ਚਾਹੀ ਪਰ….! ਤੇਰੀ ਕੋਇਲ ਵਰਗੀ ਆਵਾਜ਼ ਵਿਚ ਗਾਏ ਗੀਤ ਅੱਜ ਵੀ ਮੇਰੇ ਮਨ ਵਿਚ ਗੂੰਜਦੇ ਨੇ। ਖੁਸ਼ ਰਹੁ। ਇਹ ਚਾਦਰ ਦੀ ਸੌਗਾਤ ਤੇਰੇ ਲਈ।’’
ਮੈਂ ਰੁੱਕਾ ਤਹਿ ਕਰਕੇ ਉੱਥੇ ਹੀ ਵਾਪਸ ਰੱਖ ਦਿੱਤਾ ਹੈ। ਟਰੰਕ ਨੂੰ ਵੀ ਵਾਪਸ ਟਿਕਾਣੇ ਰੱਖ ਦਿੰਦਾ ਹਾਂ। ਸਾਰੀ ਰਾਤ ਖ਼ਤ ਦੀ ਇਬਾਰਤ ਮੇਰੇ ਅੰਦਰ ਖੌਰੂ ਪਾਉਂਦੀ ਰਹੀ ਹੈ।
ਸਵੇਰੇ ਉਠ ਕੇ ਮੈਂ ਮਾਂ ਨਾਲ ਗੱਲ ਕਰਨ ਬਾਰੇ ਸੋਚਦਾ ਹੋਇਆ ਉਹਦੇ ਕਮਰੇ ਵਿਚ ਆਇਆ ਹਾਂ।
ਉਹ ਗੁਟਕਾ ਲੈ ਕੇ ਪਾਠ ਕਰ ਰਹੀ ਹੈ। ਮਾਂ ਨੇ ਨੀਲੇ ਮੋਰਾਂ ਵਾਲੀ ਚਾਦਰ ਆਪਣੇ ਮੰਜੇ ’ਤੇ ਵਿਛਾਈ ਹੋਈ ਹੈ।
ਮੈਨੂੰ ਲੱਗਦਾ ਹੈ ਜਿਵੇਂ ਮੋਰ ਨਿਧੜਕ ਨੱਚ ਉੱਠੇ ਹਨ।

ਅਰਵਿੰਦਰ ਕੌਰ ਧਾਲੀਵਾਲ

Scroll To Top