Now Reading
ਲੋਕ ਮਸਲੇ : ਮੁਨਾਫ਼ੇ ਲਈ ਹਾਬੜੇ ਕਾਰਪੋਰੇਟ ਘਰਾਣੇ ਤੇ ਸਰਕਾਰਾਂ ਚੌਗਿਰਦੇ ਦੇ ਘਾਣ ਦੇ ਅਸਲੀ ਖਲਨਾਇਕ

ਲੋਕ ਮਸਲੇ : ਮੁਨਾਫ਼ੇ ਲਈ ਹਾਬੜੇ ਕਾਰਪੋਰੇਟ ਘਰਾਣੇ ਤੇ ਸਰਕਾਰਾਂ ਚੌਗਿਰਦੇ ਦੇ ਘਾਣ ਦੇ ਅਸਲੀ ਖਲਨਾਇਕ

ਤਕਰੀਬਨ ਪੰਜਾਹ ਸਾਲ ਪਹਿਲਾਂ ਨਕੋਦਰ-ਕਪੂਰਥਲਾ ਸੜਕ ’ਤੇ ਪੈਂਦੇ ਦੋਨਾਂ ਇਲਾਕੇ ਦੇ ਕਸਬਾਨੁਮਾ ਪਿੰਡ ਮੱਲ੍ਹੀਆਂ ਕਲਾਂ ਨੇੜਲੇ ਪਿੰਡ ਜਹਾਂਗੀਰ ਵਿਖੇ ਹਰ ਸਾਲ ਵਿਸਾਖੀ ਦਾ ਮੇਲਾ ਲੱਗਦਾ ਸੀ। ਇਹ ਮੇਲਾ ਚਿੱਟੀ ਵੇਈਂ, ਜੋ ਜਹਾਂਗੀਰ ਪਿੰਡ ਦੀ ਸੱਜੀ ਵੱਖੀ ਨਾਲ ਛੂਹ ਕੇ ਲੰਘਦੀ ਹੈ, ਦੇ ਕੰਢੇ ’ਤੇ ਭਰਦਾ ਹੁੰਦਾ ਸੀ। ਨੇੜਲੇ ਪਿੰਡਾਂ ਦੇ ਸਾਰੇ ਭਾਈਚਾਰਿਆਂ ਦੇ ਲੋਕ ਚਾਈਂ-ਚਾਈਂ ਵਿਸਾਖੀ ਦਾ ਮੇਲਾ ਦੇਖਣ (ਵਿਸਾਖੀ ਨਹਾਉਣ) ਆਉਂਦੇ ਹੁੰਦੇ ਸਨ। ਬੱਚਿਆਂ ਨੇ ਵਿਸਾਖੀ ਤਾਂ ਵੇਖਣੀ ਹੀ ਹੁੰਦੀ ਸੀ, ਪਰ ਉਨ੍ਹਾਂ ਨੂੰ ਅਸਲੀ ਸਵਾਦ ਚਿੱਟੀ ਵੇਈਂ ਵਿਚ ਡੁੱਬਕੀਆਂ ਲਾਉਣ ਦਾ ਹੀ ਆਉਂਦਾ ਸੀ। ਇਹ ਸ਼ੌਂਕ ਪੂਰਾ ਕਰਨ ਲਈ ਨਿਆਣਿਆਂ ਨੇ ਲੋਹੜੀ-ਮਾਘੀ ਦਾ ਤਿਉਹਾਰ ਲੰਘਣ ਸਾਰ ਹੀ ਤਾਈਆਂ-ਚਾਚੀਆਂ ਨਾਲ ਵਿਸਾਖੀ ’ਤੇ ਜਾਣ ਦੀਆਂ ਸਕੀਮਾਂ ਲਾਉਣੀਆਂ ਸ਼ੁਰੂ ਕਰ ਦੇਣੀਆਂ ਅਤੇ ਵਿਸਾਖੀ ’ਚ ਰਹਿੰਦੇ ਦਿਨ ਗਿਣੀ ਜਾਣੇ। ਵੇਈਂ ’ਚ ਨਹਾਉਂਦਿਆਂ ਕੁਦਰਤ ਦੇ ਖੂਬਸੂਰਤ ਨਜ਼ਾਰੇ ਵੇਖਣ ਦਾ ਆਨੰਦ ਵੀ ਬੜਾ ਆਉਂਦਾ ਸੀ ਤੇ ਵਿਸਾਖੀ ਦੀਆਂ ਰੌਣਕਾਂ ਵੇਖਕੇ ਦਿਲ ਨੂੰ ਵੱਖਰਾ ਹੀ ਸਕੂਨ ਵੀ ਮਿਲਦਾ ਸੀ। ਬਾਲਾਂ ਨੇ ਵੇਈਂ ’ਚ ਨਹਾਉਂਦਿਆਂ ਨੇ ਘੋਗੇ, ਸਿੱਪੀਆਂ, ਕੌਡੀਆਂ ਆਦਿ ਵੀ ਖੇਡਣ ਲਈ ਇਕੱਠੇ ਕਰ ਲੈਣੇ। ਨਹਾਉਣ ਵੇਲੇ ਵੇਈਂ ਦੀ ਮੋਤੀਆਂ ਵਰਗੀ ਚਿੱਟੀ ਰੇਤ ਸਾਫ ਦਿਸਦੀ ਸੀ ਤੇ ਛੋਟੀਆਂ-ਵੱਡੀਆਂ ਮੱਛੀਆਂ ਵੀ ਅਠਖੇਲੀਆਂ ਕਰਦੀਆਂ ਬਹੁਤਾਤ ’ਚ ਨਜ਼ਰ ਆਉਂਦੀਆਂ ਸਨ। ਅਜਿਹੇ ਹੀ ਰੂਹਦਾਰ ਮੇਲੇ ਵੇਈਂ ਦੇ ਆਸੇ-ਪਾਸੇ ਵਸੇ ਦੇਸਰ ਜਿਹੇ ਕਈਆਂ ਹੋਰਾਂ ਪਿੰਡਾਂ ’ਚ ਵੀ ਭਰਿਆ ਕਰਦੇ ਸਨ। ਇੱਥੇ ਇਹ ਵੀ ਦੰਸ ਦੇਈਏ ਕਿ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਐਨ ਵੇਈਂ ਦੇ ਕੰਢੇ ’ਤੇ ਸਫਰ ਦੌਰਾਨ ਆਰਾਮ ਕਰਨ ਲਈ ਸਰਾਂ ਤਾਮੀਰ ਕਰਵਾਈ ਸੀ ਜਿਸ ਨੂੰ ‘ਦੱਖਣੀ’ ਕਰ ਕੇ ਜਾਣਿਆ ਜਾਂਦਾ ਹੈ। ਇਸ ਤੋਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਇਹ ਜਗ੍ਹਾ ਅਤੀਤ ’ਚ ਕਿੰਨੀ ਰਮਣੀਕ ਰਹੀ ਹੋਵੇਗੀ।
ਉਨ੍ਹਾਂ ਸਮਿਆਂ ’ਚ ਮੋਟਰਸਾਈਕਲ-ਸਕੂਟਰ, ਕਾਰਾਂ ਆਦਿ ਬਹੁਤ ਘੱਟ ਹੁੰਦੇ ਸਨ, ਇਸ ਲਈ ਜ਼ਿਆਦਾਤਰ ਲੋਕ ਟਾਂਗਿਆਂ ਜਾਂ ਕਿਤੇ-ਕਿਤੇ ਚਲਦੀਆਂ ਬੱਸਾਂ-ਲਾਰੀਆਂ ਰਾਹੀਂ ਹੀ ਸਫਰ ਕਰਿਆ ਕਰਦੇ ਸਨ। ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ ਗੁਰੂਬਾਣੀ ਦੇ ਪਵਿੱਤਰ ਸ਼ਬਦ, “ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰੁਤ ਮਹੱਤ’’ ਨੂੰ ਚੇਤੇ ’ਚ ਲਿਆ ਕੇ ਲੋਕੀਂ ਵੇਈਂ ਦਾ ਪੁਲ ਪਾਰ ਕਰਦਿਆਂ ਦੋਵੇਂ ਹੱਥ ਜੋੜਕੇ ਨਤਮਸਤਕ ਹੁੰਦੇ ਸਨ ਤੇ ਸ਼ਰਧਾ ਵਜੋਂ ਪਾਣੀ ਵਿੱਚ ਪੰਜੀਆਂ, ਦਸੀਆਂ, ਚੁਆਨੀਆਂ, ਧੇਲੀਆਂ ਸੁੱਟਿਆ ਕਰਦੇ ਸਨ।
ਸਮੇਂ ਦੀ ਬਦਲੀ ਤੋਰ ਨਾਲ ਕੁਦਰਤ ਵੱਲੋਂ ਬਖਸ਼ੀਆਂ ਹੋਰ ਦਾਤਾਂ ਵਾਂਗ ਇਹ ਚਿੱਟੀ ਵੇਈਂ ਵੀ ਪੂੰਜੀਵਾਦੀਆਂ ਦੀ ਮੁਨਾਫ਼ੇ ਦੀ ਲਾਲਸਾ ਦੀ ਭੇਂਟ ਚੜ੍ਹ ਗਈ ਹੈ। ਪੰਜਾਬ ਦੇ ਵੱਡੇ-ਵੱਡੇ ਕਾਰਖਾਨੇਦਾਰਾਂ ਨੇ ਆਪਣੀਆਂ ਕਮਾਈਆਂ ’ਚ ਬੇਬਹਾ ਵਾਧਾ ਕਰਨ ਲਈ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਸਾਰੇ ਨਿਯਮ-ਕਾਇਦਿਆਂ ਨੂੰ ਠੁੱਠ ਦਿਖਾਉਂਦਿਆਂ ਆਪਣੀਆਂ ਫੈਕਟਰੀਆਂ ਦੀ ਘਾਤਕ ਰਹਿੰਦ-ਖੂੰਹਦ ਅਤੇ ਕੈਮੀਕਲ ਯੁਕਤ ਜ਼ਹਿਰੀਲੇ ਪਾਣੀ ਦੇ ਵਹਿਣ ਚਿੱਟੀ ਵੇਈਂ ਵੱਲ ਮੋੜ ਦਿੱਤੇ।
ਕਿਉਂਕਿ ਰਹਿੰਦ-ਖੂਹੰਦ ਨਸ਼ਟ ਕਰਨ ਦਾ ਯੰਤਰ (ਵੇਸਟ ਪਲਾਂਟ) ਲਾਉਣ ਨਾਲ ਅਤੇ ਵਰਤੇ ਪਾਣੀ ਨੂੰ ਦਰਿਆਵਾਂ, ਡਰੇਨਾਂ, ਵੇਂਈਂਆਂ ਵਿੱਚ ਸੋਧਣ ਉਪਰੰਤ ਹੀ ਰੋੜ੍ਹਨ ਦੇ ਨਿਯਮ ਦੀ ਪਾਲਣਾ ਕਰਨ ਨਾਲ ਹੋਣ ਵਾਲੇ ਖਰਚੇ ਕਰਕੇ ਇਨ੍ਹਾਂ ਬਘਿਆੜਾਂ ਦਾ ਮੁਨਾਫਾ ਘਟਦਾ ਸੀ, ਇਸ ਲਈ ਇਨ੍ਹਾਂ ਨੇ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਨਾਲ ਮੋਟੇ ਕਮਿਸ਼ਨ ਅਤੇ ਵੱਢੀਖੋਰੀ ਦੀ ਗਿੱਟ-ਮਿੱਟ ਕਰਕੇ ਚੌਗਿਰਦੇ ਨੂੰ ਤਬਾਹ ਕਰਨ ਦਾ ਰਾਹ ਕੱਢ ਲਿਆ।
ਕੁਦਰਤ ਨਾਲ ਖਿਲਵਾੜ ਕਰਨ ਵਾਲੀ, ਮੁਨਾਫਾਖੋਰ ਜੁੰਡੀ ਦੀ ਇਸ ਸਿਰੇ ਦੀ ਲੋਕ ਦੋਖੀ ਕਰਤੂਤ ਨੇ ਦੁੱਧ ਚਿੱਟੀ ਵੇਈਂ ਨੂੰ ਹੌਲੀ-ਹੌਲੀ ਕਾਲੀ ਤੇ ਜ਼ਹਿਰੀਲੀ ਵੇਈਂ ’ਚ ਤਬਦੀਲ ਕਰ ਦਿੱਤਾ ਹੈ। ਹੁਣ ਤਾਂ ਹਾਲਾਤ ਇਹ ਬਣ ਗਏ ਹਨ ਕਿ ਇਸ ਚਿੱਟੀ ਵੇਂਈਂ ਦੇ ਕੰਢਿਆਂ ਦੇ ਆਸੇ-ਪਾਸੇ ਵਸਦੇ ਸੈਂਕੜੇ ਪਿੰਡਾਂ ਦੇ ਲੱਖਾਂ ਲੋਕੀਂ, ਜੋ 45-50 ਸਾਲ ਪਹਿਲਾਂ ਇਸ ਵੇਈਂ ਨੂੰ ਦੇਵੀ-ਦੇਵਤਿਆਂ ਦੇ ਬਰਾਬਰ ਮੰਨਕੇ ਪੂਜਦੇ ਸਨ, ਇਸ ਦੇ ਪਵਿੱਤਰ ਪਾਣੀ ਨਾਲ ਆਪਣੀ ਅਤੇ ਆਪਣੇ ਪਾਲਤੂ ਪਸ਼ੂਆਂ ਦੀ ਪਿਆਸ ਬੁਝਾਉਂਦੇ ਸਨ, ਤਿੱਥ-ਤਿਓਹਾਰ ਮੌਕੇ ਇਸ ਵਿੱਚ ਇਸ਼ਨਾਨ ਕਰਨ ਲਈ ਆਉਂਦੇ ਸਨ, ਅੱਜ ਇਸ ਦੇ ਕੰਢਿਆਂ ਦੇ ਨੇੜੇ ਜਾਣ ਤੋਂ ਵੀ ਕੰਨੀ ਕਤਰਾਉਂਦੇ ਹਨ। ਇਥੇ ਇਹ ਜਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ ਵੇਈਂ ਦੇ ਦੋਨਾਂ ਕੰਢਿਆਂ ਨਾਲ ਲੱਗਦੀ ਹਜ਼ਾਰਾਂ ਏਕੜ ਜ਼ਮੀਨ (ਮਿੱਟੀ) ਨੂੰ ਵੀ ਕੈਂਸਰ ਹੋ ਗਿਆ ਹੈ। ਇਸ ਘਾਤਕ ਬੀਮਾਰੀ ਦੇ ਖਤਰਨਾਕ ਜ਼ਰਾਸੀਨ ਇਸ ਮਿੱਟੀ ’ਚੋਂ ਉਗਦੀਆਂ ਫਸਲਾਂ ਰਾਹੀਂ ਮਨੁੱਖਾਂ ਅਤੇ ਪਸ਼ੂਆਂ ਦੇ ਜਿਸਮਾਂ ’ਚ ਦਾਖਲ ਹੋ ਕੇ ਵਸੀਹ ਜਾਨੀ-ਮਾਲੀ ਨੁਕਸਾਨ ਕਰ ਰਹੇ ਹਨ।
ਇਸ ਦਾ ਪਤਾ ਉਦੋਂ ਲੱਗਿਆ ਜਦੋਂ ਕੁੱਝ ਸਾਲ ਪਹਿਲਾਂ ਮਾਹਿਰਾਂ ਦੀ ਇਕ ਟੀਮ ਵੇਂਈਂ ਦੇ ਕੰਢਿਆਂ ਨਾਲ ਲੱਗਦੀ ਜ਼ਮੀਨ (ਮਿੱਟੀ) ਦੀ ਪਰਖ ਕਰਨ ਲਈ ਆਈ ਸੀ। ਕਾਫੀ ਲੰਮਾ ਸਮਾਂ ਘੋਖ-ਪੜਤਾਲ ਕਰਨ ਤੋਂ ਬਾਅਦ ਜਦੋਂ ਇਸ ਟੀਮ ਨੇ ਉਕਤ ਖੁਲਾਸਾ ਕੀਤਾ ਤਾਂ ਇਲਾਕੇ ਦੇ ਸੂਝਵਾਨ ਤੇ ਸੁਹਿਰਦ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇੱਥੇ ਇਹ ਵੀ ਉਚੇਚਾ ਦੱਸਣ ਯੋਗ ਹੈ ਕਿ ਵੇਂਈਂ ਨੇੜਲੇ ਸੈਂਕੜੇ ਪਿੰਡਾਂ ਦੇ ਵਸਨੀਕ ਵੇਂਈਂ ਦੇ ਬਦਰੰਗ ਪਾਣੀ ’ਚੋਂ ਆਉਂਦੀ ਭਿਆਨਕ ਦੁਰਗੰਧ ਕਾਰਨ ਸਾਹ ਲੈਣੋਂ ਵੀ ਅਵਾਜ਼ਾਰ ਹਨ।
ਜਿਥੇ ਸਾਹ ਲੈਣਾ ਔਖਾ ਹੋਵੇ, ਪੀਣ ਵਾਲਾ ਪਾਣੀ ਪ੍ਰਦੂਸ਼ਤ ਹੋਵੇ, ਜ਼ਮੀਨ ਨੂੰ ਕੈਂਸਰ ਹੋਇਆ ਹੋਵੇ ਉੱਥੇ ਮਨੁੱਖ, ਜੀਵ ਤੇ ਬਨਸਪਤੀ ਸਵਸਥ ਕਿਵੇਂ ਰਹਿ ਸਕਦੇ ਹਨ? ਅਗਲਾ ਵਡੇਰਾ ਸਵਾਲ ਇਹ ਵੀ ਹੈ ਕਿ ਇੰਝ ਹੀ ਚਲਦਾ ਰਿਹਾ ਤਾਂ ਇਸ ਧਰਤ ’ਤੇ ਜੀਵਨ ਦੀ ਹੋਂਦ ਹੀ ਕਿਵੇਂ ਕਾਇਮ ਰਹਿ ਸਕੇਗੀ? ਚੌਗਿਰਦੇ ਦੇ ਇਨ੍ਹਾਂ ਭਿਆਨਕ ਵਿਗਾੜਾਂ ਦਾ ਦੁਰ ਪ੍ਰਭਾਵ ਧਰਤ ਦੇ ਸਾਰੇ ਜੀਵਾਂ ਅਤੇ ਪੇੜ-ਪੌਦਿਆਂ ਦਾ ਡੀਐਨਏ ਤਬਾਹ ਕਰਨ ਦੇ ਸਮਰੱਥ ਹੈ। ਜ਼ਮੀਨ ਦੀ ਪਰਖ ਤਾਂ ਕਰ ਲਈ, ਪਰ ਜਿਉਂਦੇ ਜੀਆਂ ’ਤੇ ਇਸ ਦਾ ਕੀ ਭਿਆਨਕ ਅਸਰ ਪਿਆ ਹੈ ਇਸ ਗੱਲ ਦੀ ਖੋਜ ਕਰਨ ਦੀ ਹਾਲੇ ਸਰਕਾਰਾਂ ਕੋਲ ਵਿਹਲ ਨਹੀਂ।
ਪੰਜਾਬ ਤੇ ਕੇਂਦਰ ਸਰਕਾਰਾਂ ਨੂੰ ਦੁਆਬੇ ਦੀ ਰੂਹ ਏ ਰਵਾਂ ਕਹੇ ਜਾਣ ਵਾਲੇ ਜਲੰਧਰ-ਕਪੂਰਥਲਾ ਜਿਲ੍ਹਿਆਂ ਨਾਲ ਸਬੰਧਤ ਦੋਨਾ-ਮੰਜਕੀ ਦੇ ਇਸ ਬੇਹੱਦ ਜ਼ਰਖੇਜ਼ ਇਲਾਕੇ ਦੀ ਉੱਕਾ ਹੀ ਕੋਈ ਚਿੰਤਾ ਨਹੀਂ ਹੈ। ਸਰਕਾਰ ਦੇ ਮੰਤਰੀ ਤੇ ਵਿਧਾਇਕ ਤਾਂ ਸਿਰਫ ਘੁੱਗੂ (ਹੂਟਰ) ਵਜਾਉਂਦੇਂ ਲੋਕਾਂ ਕੋਲ ਦੀ ਪੂਰੀ ਸਪੀਡ ਨਾਲ ਲੰਘ ਜਾਣ ਨੂੰ ਹੀ ਸਰਕਾਰਾਂ ਦਾ ਅਸਲੀ ਕੰਮ ਸਮਝਦੇ ਹਨ। ‘ਕੋਈ ਮਰੇ ਕੋਈ ਜੀਵੇ-ਸੁੱਥਰਾ ਘੋਲ ਪਤਾਸਾ ਪੀਵੇ’, ਵਾਲੀ ਕਹਾਵਤ ਇਨ੍ਹਾਂ ਸਰਕਾਰਾਂ ’ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ।
ਲੱਗਦੇ ਹੱਥ ਇਹ ਚਰਚਾ ਵੀ ਕਰ ਲਈ ਜਾਵੇ ਕਿ ਵੇਂਈਂ ਦਾ ਚਿੱਟੀ ਤੋਂ ਕਾਲੀ ਬਣ ਜਾਣਾ ਹੀ ਇਲਾਕੇ ਦੇ ਵਸਨੀਕਾਂ ਦੀ ਇਕਲੌਤੀ ਸਮੱਸਿਆ ਨਹੀਂ ਹੈ। ਇਕ ਹੋਰ ਆਦਮਖੋਰ ਦੈਂਤ ਜੋ ਇਲਾਕੇ ਦੇ ਭੋਲੇ-ਭਾਲੇ ਲੋਕਾਂ ਦੀ ਜਾਨ ਦਾ ਖੌਅ ਬਣਿਆ ਮੂੰਹ ਅੱਡੀ ਖੜ੍ਹਾ ਹੈ, ਉਹ ਹੈ ਕਾਲਾ ਸੰਘਿਆਂ ਵਾਲੀ ਡਰੇਨ ਜਿਸ ਵਿਚ ਬੇਖੌਫ਼ ਸੁੱਟੇ ਜਾ ਰਹੇ ਜਲੰਧਰ ਦੀਆਂ ਲੈਦਰ ਫੈਕਟਰੀਆਂ ਤੇ ਹੋਰ ਕਾਰਖਾਨਿਆਂ ਦੇ ਪ੍ਰਦੂਸ਼ਤ ਪਾਣੀ ਤੇ ਸਨਅਤੀ ਰਹਿੰਦ-ਖੂੰਹਦ ਨੇ ਇਸ ਡਰੇਨ ਦੀ ਹਾਲਤ ਵੀ ਚਿੱਟੀ ਵੇਂਈਂ ਵਰਗੀ ਹੀ ਬਦਤਰ ਬਣਾ ਦਿੱਤੀ ਹੈ।
ਇਸ ਡਰੇਨ ਵਿਚ ਬਹੁਤ ਜ਼ਿਆਦਾ ਮਿਕਦਾਰ ਵਿੱਚ ਚਮੜਾ ਸਾਫ ਕਰਨ ਵਾਲੇ ਖਤਰਨਾਕ ਕੈਮੀਕਲਸ ਅਤੇ ਹੋਰ ਗੰਦਗੀ ਰੋੜ੍ਹੀ ਜਾਂਦੀ ਹੈ । ਇਲਾਕੇ ਦੇ ਲੋਕ ਆਪਣੇ ਬੱਚਿਆਂ ਨੂੰ ਇਸ ਵਜ੍ਹਾ ਤੋਂ ਲੱਗਣ ਵਾਲੀਆਂ ਗੰਭੀਰ ਬੀਮਾਰੀਆਂ ਨੂੰ ਲੈਕੇ ਡਾਢੇ ਚਿੰਤਾਤੁਰ ਹਨ। ਸਾਡੀ ਇਹ ਸਪਸ਼ਟ ਰਾਇ ਹੈ ਕਿ ਲੋਕਾਂ ਨੂੰ ਮੌਜੂਦਾ ਬੇਕਿਰਕ ਸਰਕਾਰਾਂ ਤੋਂ ਝਾਕ ਰੱਖਣ ਦੀ ਬਜਾਏ ‘ਆਪਣਾ ਕਾਰਜ ਆਪ ਸੰਵਾਰਨ’ ਦੀ ਗਰਜ ਨਾਲ ਇਕੱਠੇ ਹੋਕੇ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ। ਆਪਣੇ ਆਪ ਨੂੰ ਤੇ ਆਪਣੇ ਪਿਆਰੇ ਬੱਚਿਆਂ ਨੂੰ ਨਿਰੋਗ ਰੱਖਣ ਲਈ ਜਾਤ-ਧਰਮ ਦੇ ਵਖਰੇਵਿਆਂ ਤੋਂ ਉਪਰ ਉੱਠ ਕੇ, ਰਾਜਨੀਤਕ ਮਤਭੇਦਾਂ ਨੂੰ ਦਰਕਿਨਾਰ ਕਰਦਿਆਂ, ਹਰ ਤਰਾਂ ਦੀ ਧੜੇਬੰਦੀ ਭੁਲਾ ਕੇ ਇੰਨਾਂ ਮੌਤ ਦੇ ਸੌਦਾਗਰਾਂ ਦੇ ਖਿਲਾਫ਼ ਇਕ ਸ਼ਕਤੀਸ਼ਾਲੀ ਲੋਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ। ਇਸੇ ਵਿਧ ਹੀ ਲੋਕ ਦੋਖੀ ਹਕੂਮਤਾਂ ਨੂੰ ਮਜ਼ਬੂਰ ਕਰਕੇ ਚਿੱਟੀ ਵੇਂਈਂ ਤੇ ਕਾਲਾ ਸੰਘਿਆ ਡਰੇਨ ਨੂੰ 45-50 ਸਾਲ ਪਹਿਲਾਂ ਵਾਲੇ ਸਾਫ-ਸੁਥਰੇ ਰੂਪ ’ਚ ਮੁੜ ਲਿਆਂਦਾ ਜਾ ਸਕਦਾ ਹੈ। ਸਾਨੂੰ ਵਿਦਵਾਨਾਂ ਦੇ ਸੱਚੇ ਕਥਨ, ‘ਸਾਂਝੇ ਮਸਲੇ ਹੱਲ ਕਰਾਉਣ ਲਈ ਸਾਂਝੇ ਹੰਭਲੇ ਮਾਰਨ ਦੀ ਲੋੜ ਹੁੰਦੀ ਹੈ’, ਦੇ ਮਹੱਤਵ ਨੂੰ ਸਮਝਦਿਆਂ ਇਸ ’ਤੇ ਅਮਲ ਕਰਨ ਦਾ ਤਹੱਈਆ ਕਰਨਾ ਚਾਹੀਦਾ ਹੈ।
ਗੁਰੂ ਸਾਹਿਬ ਵੀ ਫਰਮਾ ਗਏ ਹਨ, “ਬਲ ਹੂਆ ਬੰਧਨ ਛੂਟੇ, ਸਭ ਕਿਛ ਹੋਤ ਉਪਾਓ।’’ ਸੋ ਆਓ ਇਕੱਠੇ ਹੋਕੇ ਹੱਲਾ ਬੋਲੀਏ। ਲੜਦੇ ਲੋਕ ਹੀ ਜਿੱਤਾਂ ਦਰਜ਼ ਕਰਕੇ ਨਵਾਂ ਇਤਿਹਾਸ ਸਿਰਜਦੇ ਹਨ। ਆਓ ਨਵਾਂ ਇਤਿਹਾਸ ਸਿਰਜਣ ਵੱਲ ਵਧੀਏ, ਤਬਾਹੀ ਦੇ ਯਮਦੂਤਾਂ ਅਤੇ ਉਨ੍ਹਾਂ ਦੀਆਂ ਹੱਥਠੋਕਾ ਸਰਕਾਰਾਂ ਦਾ ਮੂੰਹ ਭੰਨੀਏ।

Scroll To Top