ਤਬਾਹਕੁੰਨ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਦੌਰ ਵਿਚ ਜਦੋਂ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਦੇਸ਼ ਦੇ ਲੋਕਾਂ ਲਈ ਅਸਹਿ ਤੇ ਅਕਹਿ ਮੁਸ਼ਕਿਲਾਂ ਪੈਦਾ ਕਰ ਰਹੀਆਂ ਹਨ ਅਤੇ ਉਹ ਧਾਰਮਿਕ ਘਟ ਗਿਣਤੀਆਂ, ਦਲਿਤਾਂ ਤੇ ਔਰਤਾਂ ਉਪਰ ਫਾਸ਼ੀ ਹਮਲਿਆਂ ਵਿਚ ਗੁਲਤਾਨ ਹਨ, ਉਸ ਸਮੇਂ ਦਲਿਤ ਸਮਾਜ ਤੇ ਔਰਤਾਂ ਅੰਦਰ ਨਵੀਂ ਚੇਤਨਾ ਦਾ ਸੰਚਾਰ ਉਗਮਣਾ ਇਕ ਬਹੁਤ ਹੀ ਉਤਸ਼ਾਹ ਪੂਰਨ ਵਰਤਾਰਾ ਹੈ। ਜਿੱਥੇ ਕਿਤੇ ਵੀ ਸੰਘ ਪਰਿਵਾਰ ਦੀਆਂ ਹਥਿਆਬੰਦ ਸੈਨਾਵਾਂ ਦਬਾਊ ਸਰਕਾਰੀ ਮਸ਼ੀਨਰੀ ਦੀ ਸ਼ਹਿ ਉਪਰ ਗਊ ਰੱਖਿਆ, ਅੰਧ ਰਾਸ਼ਟਰਵਾਦ ਤੇ ਅਖੌਤੀ ਹਿੰਦੂ ਸੰਸਕ੍ਰਿਤੀ ਦੀ ਰਾਖੀ ਦੇ ਨਾਂਅ ‘ਤੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ, ਸਮਾਜ ਦੀ ਸਭ ਤੋਂ ਉਤਮ ਸੇਵਾ ਵਿਚ ਰੁੱਝੇ ਹੋਏ ‘ਧਰਤੀ ਪੁੱਤਰ’ ਦਲਿਤਾਂ ਅਤੇ ਔਰਤਾਂ ਉਤੇ ਸ਼ਰਮਨਾਕ ਹਿੰਸਕ ਹਮਲੇ ਕਰਦੇ ਹਨ, ਤਦ ਪੀੜਤ ਲੋਕ ਹਮਲਾਵਰਾਂ ਵਿਰੁੱਧ ਦੂਸਰੀਆਂ ਖੱਬੇ ਪੱਖੀ ਤੇ ਜਮਹੂਰੀ ਲੋਕਾਂ ਨਾਲ ਕੰਗੜੀਆਂ ਪਾ ਕੇ ਸੜਕਾਂ ਉਪਰ ਉਤਰ ਆਉਂਦੇ ਹਨ।
ਜਿੱਥੇ ਇਸ ਉਭਾਰ ਦਾ ਸੁਆਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸਦੀ ਸ਼ਕਤੀ ਦਾ ਘੇਰਾ ਹੋਰ ਵਿਸ਼ਾਲ ਕਰਨ ਦੀ ਲੋੜ ਹੈ, ਉਸਦੇ ਨਾਲ ਹੀ ਇਸ ਗੱਲ ਤੋਂ ਵੀ ਸੁਚੇਤ ਰਹਿਣ ਦੀ ਜ਼ਰੂਰਤ ਹੈ ਕਿ ਕੁਝ ਸੁਆਰਥੀ ਹਿੱਤ ਅਤੇ ਮੌਜੂਦਾ ਸਰਕਾਰਾਂ ਇਸ ਲੋਕ ਪੱਖੀ ਉਭਾਰ ਨੂੰ ਕੁਰਾਹੇ ਪਾਉਣ ਦਾ ਯਤਨ ਕਰ ਰਹੀਆਂ ਹਨ। ਮਨੂੰਵਾਦੀ ਮਾਨਸਿਕਤਾ ਵਾਲੇ ਵਿਅਕਤੀਆਂ ਦੇ ਮਨਾਂ ਅੰਦਰ ਜਿੱਥੇ ਸਮਾਜ ਦੇ ਇਨ੍ਹਾਂ ਪੀੜਤ ਹਿੱਸਿਆਂ ਲਈ ਡੂੰਘੀ ਘ੍ਰਿਣਾ ਹੈ, ਉਥੇ ਉਹ ਸੱਜਣ ਇਨ੍ਹਾਂ ਨਪੀੜੇ ਜਾ ਰਹੇ ਮਿਹਨਤਕਸ਼ ਲੋਕਾਂ ਦੀ ਵਿਕਰਾਲ ਸ਼ਕਤੀ ਤੋਂ ਭੈਅਭੀਤ ਵੀ ਹਨ। ਫਿਰਕੂ ਤੇ ਵੰਡਵਾਦੀ ਤਾਕਤਾਂ ਨੂੰ ਇਨ੍ਹਾਂ ਉਠ ਰਹੀਆਂ ਲੋਕ ਲਹਿਰਾਂ ਦੇ ਚੜ੍ਹਾਅ ਵਿਚ ਆਪਣਾ ‘ਅੰਤ’ ਨਜ਼ਰ ਆਉਂਦਾ ਹੈ। ਇਸੇ ਕਰਕੇ ਅਜਿਹੇ ਅਸਹਿਨਸ਼ੀਲ ਅਤੇ ਪਿਛਾਖੜੀ ਤੱਤ ਇਕ ਪਾਸੇ ਜਬਰ ਨਾਲ ਇਸ ਉਭਾਰ ਨੂੰ ਕੁਚਲਣਾ ਲੋੜਦੇ ਹਨ, ਉਥੇ ਨਾਲ ਹੀ ਸਦੀਆਂ ਤੋਂ ਮਾਨਸਿਕ ਪੀੜਾ ਸਹਿ ਰਹੇ ਜਨਸਮੂਹਾਂ ਅੰਦਰ ਵਿਚਾਰਧਾਰਕ ਤੇ ਫੁਟਪਾਊ ਬਖੇੜੇ ਖੜੇ ਕਰਕੇ ਇਨ੍ਹਾਂ ਦੀਆਂ ਸਫ਼ਾਂ ਅੰਦਰ ਫੁੱਟ ਪਾਉਣ ਦਾ ਯਤਨ ਵੀ ਕਰਦੀਆਂ ਹਨ। ਅਜੇਹੇ ਕੁਰਾਹੇ ਪਾਉਣ ਵਾਲੇ ਅਨਸਰਾਂ ਤੋਂ ਵੀ ਪੂਰੀ ਤਰ੍ਹਾਂ ਸਾਵਧਾਨ ਰਹਿਣ ਦੀ ਲੋੜ ਹੈ।
ਸਥਿਤੀ ਨੂੰ ਜਿਓਂ ਦਾ ਤਿਓਂ ਬਣਾਈ ਰੱਖਣ ਲਈ ਮੌਜੂਦਾ ਹਾਕਮ ਤੇ ਉਨ੍ਹਾਂ ਦੇ ਪੈਰੋਕਾਰ ਸਮਾਜ ਦੇ ਅੱਤ ਪਛੜੇ ਹੋਏ ਲੋਕਾਂ ਨੂੰ ਉਨ੍ਹਾਂ ਦੀ ਲੁੱਟੀ ਕਿਰਤ ਵਿਚੋਂ ਬਹੁਤ ਹੀ ਨਿਮਾਣੀਆਂ ਜਿਹੀਆਂ ਆਰਥਿਕ ਤੇ ਸਮਾਜਿਕ ਰਿਆਇਤਾਂ (ਜਿਨ੍ਹਾਂ ਨੂੰ ਖੈਰਾਤ ਹੀ ਕਿਹਾ ਜਾਣਾ ਚਾਹੀਦਾ ਹੈ) ਦੇ ਕੇ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਹਨ। ਆਟਾ-ਦਾਲ ਸਕੀਮਾਂ, ਲੈਪ ਟਾਪ ਤੇ ਆਈ ਫੋਨਾਂ ਦੇ ਲਾਰੇ, ਵਿਧਵਾ-ਬੁਢਾਪਾ-ਅੰਗਹੀਣ ਪੈਨਸ਼ਨਾਂ, ਜੋ ਇਕ ਝਟਕੇ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਵੀ ਨਾਕਾਫੀ ਹਨ, ਰਾਖਵਾਂਕਰਨ (ਜਿਸਦਾ ਨਿੱਜੀਕਰਨ ਦੇ ਦੌਰ ਵਿਚ ਕੋਈ ਮਹੱਤਵ ਨਹੀਂ ਹੈ), ਟਿਊਬਵੈਲਾਂ ਦੇ ਬਿਜਲੀ ਬਿੱਲ ਮੁਆਫ ਕਰਨ ਦੇ ਐਲਾਨ (ਜਦ ਕਿ ਦੂਸਰੇ ਬੰਨ੍ਹੇ ਬਾਕੀ ਖਪਤਕਾਰਾਂ ਦੇ ਘਰੇਲੂ ਤੇ ਵਿਉਪਾਰਕ ਬਿਜਲੀ ਰੇਟਾਂ ਵਿਚ ਲੱਕ ਤੋੜਵਾਂ ਵਾਧਾ ਕੀਤਾ ਜਾਂਦਾ ਹੈ) ਸਭ ਕੁੱਝ ਸਾਡੇ ਸਮਾਜ ਦੀ ਸਭ ਤੋਂ ਹੇਠਲੇ ਪੱਧਰ ਦਾ ਜੀਵਨ ਨਿਭਾਅ ਰਹੀ ਜਨਤਾ ਨੂੰ ਠੱਗਣ ਦਾ ਹੀ ਢੰਗ ਹੈ। ਸਰਕਾਰੀ ਦਲਾਲ ਇਨ੍ਹਾਂ ”ਖੈਰਾਤਾਂ” ਦਾ ਪ੍ਰਚਾਰ ਕਰਕੇ ਹਾਕਮਾਂ ਦੇ ਜਨ ਆਧਾਰ ਨੂੰ ਵਧਾਉਣ ਦੀ ਸੇਵਾ ਨਿਭਾਉਣ ਵਿਚ ਲੱਗੇ ਰਹਿੰਦੇ ਹਨ।
ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਦੇ ਅੰਦੋਲਨਾਂ ਵਿਚ ਬਹੁਤ ਸਾਰੇ ਐਸੇ ਲੋਕ ਵੀ ਹਨ, ਜੋ ਇਸ ਜਨਤਕ ਰੋਹ ਦਾ ਲਾਹਾ ਲੈ ਕੇ ਆਪਣੀਆਂ ਆਰਥਿਕ, ਰਾਜਨੀਤਕ ਤੇ ਸਮਾਜਿਕ ਆਸਾਂ-ਉਮੰਗਾਂ ਪੂਰੀਆਂ ਕਰਨ ਤੱਕ ਹੀ ਸੀਮਤ ਹਨ। ਭਾਵੇਂ ਗਿਣਤੀ-ਮਿਣਤੀ ਦੇ ਲੋਕਾਂ ਨੇ ਰਾਖਵੇਂਕਰਨ ਦਾ ਲਾਹਾ ਲੈ ਕੇ ਅਤੇ ਦਲਿਤ ਵੋਟਾਂ ਪ੍ਰਾਪਤ ਕਰਕੇ ਉਚੀਆਂ ਆਰਥਕ ਤੇ ਰਾਜਨੀਤਕ ਪੁਜੀਸ਼ਨਾਂ ਹਾਸਲ ਕਰ ਲਈਆਂ ਹਨ, ਪ੍ਰੰਤੂ ਦਲਿਤਾਂ ਅਤੇ ਦੂਸਰੀਆਂ ਪੱਛੜੀਆਂ ਸ਼੍ਰੇਣੀਆਂ ਦੇ ਵਿਸ਼ਾਲ ਹਿੱਸਿਆਂ ਦੀ ਦੁੱਖਾਂ ਭਰੀ ਜ਼ਿੰਦਗੀ ਵਿਚ ਰੱਤੀ ਭਰ ਵੀ ਕੋਈ ਸੁਧਾਰ ਨਹੀਂ ਆਇਆ। ਕਈ-ਕਈ ਸਾਲ ਦਲਿਤਾਂ ਦੇ ਹਿੱਤਾਂ ਲਈ ਲੜਨ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਬਸਪਾ ਆਗੂ ਹੁਣ ਐਸੀਆਂ ਲੁਟੇਰੀਆਂ ਹਾਕਮ ਜਮਾਤਾਂ ਦੀਆਂ ਰਾਜਸੀ ਪਾਰਟੀਆਂ ਵਿਚ ਵੱਖ-ਵੱਖ ਪੁਜੀਸ਼ਨਾਂ ਉਪਰ ਸੁਸ਼ੋਭਿਤ ਹਨ, ਜਿਹੜੀਆਂ ਦਲਿਤਾਂ ਉਪਰ ਜ਼ੁਲਮ ਢਾਹੁਣ ਲਈ ਮੁੱਖ ਦੋਸ਼ੀ ਹਨ।
ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਦੇ ਅੰਦੋਲਨਾਂ ਵਿਚ ਬਹੁਤ ਸਾਰੇ ਸੱਜਣ ਐਸੇ ਵੀ ਮੌਜੂਦ ਹਨ, ਜਿਨ੍ਹਾਂ ਦਾ ਸਾਰਾ ਜ਼ੋਰ ਇਨ੍ਹਾਂ ਲਹਿਰਾਂ ਨੂੰ ਧਾਰਮਿਕ ਕੱਟੜਵਾਦੀ ਤੇ ਜਾਤੀਪਾਤੀ ਲੀਹਾਂ ਉਪਰ ਤੋਰਨ ਵਿਚ ਲੱਗਾ ਹੋਇਆ ਹੈ। ਇਨ੍ਹਾਂ ”ਭੱਦਰਪੁਰਸ਼ਾਂ” ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕਿਤੇ ਇਹ ਅੰਦੋਲਨ ਦੇਸ਼ ਦੀ ਇਨਕਲਾਬੀ ਤੇ ਜਮਹੂਰੀ ਲਹਿਰ ਵਿਚ ਆਤਮਸਾਤ ਨਾ ਹੋ ਜਾਵੇ। ਦਲਿਤ ਸਮਾਜ ਅਤੇ ਧਾਰਮਿਕ ਘੱਟ ਗਿਣਤੀ ਮੁਸਲਮਾਨ, ਇਸਾਈ ਤੇ ਸਿੱਖ ਭਾਈਚਾਰੇ ਵਿਚ ਕਈ ਲੋਕ ਫਿਰਕਾਦਰਾਨਾ ਭਾਸ਼ਾ ਵਿਚ ਤੇ ਜਾਤਪਾਤ ਦੀਆਂ ਵਲਗਣਾਂ ਅੰਦਰ ਰਹਿਕੇ ਐਸੇ ਵਿਖਿਆਨ ਦਿੰਦੇ ਹਨ, ਜਿਨ੍ਹਾਂ ਦਾ ਸਬੰਧਤ ਜਨ ਸਮੂਹਾਂ ਦੇ ਕਲਿਆਣ ਨਾਲ ਕੋਈ ਸਰੋਕਾਰ ਨਹੀਂ। ਇਸਦੇ ਵਿਪਰੀਤ ਅਜਿਹੇ ਵਿਚਾਰ ਹਿੰਦੂਵਾਦੀ ਤਾਕਤਾਂ ਨੂੰ ਹੀ ਬਲ ਬਖਸ਼ਦੇ ਹਨ ਤੇ ਉਹ ਮੋੜਵੇਂ ਰੂਪ ਵਿਚ ਵਧੇਰੇ ਉਤੇਜਨਾ ਭਰੇ ਬਿਆਨ ਦੇ ਕੇ ਧਰਮ ਨਿਰਪੱਖ, ਅਮਨ ਚਾਹੁਣ ਵਾਲੀ ਤੇ ਮੌਜੂਦਾ ਨਿਜ਼ਾਮ ਦੀਆਂ ਧੱਕੇਸ਼ਾਹੀਆਂ ਦੇ ਭਾਰ ਹੇਠਾਂ ਕੁਰਲਾ ਰਹੀ ਹਿੰਦੂ ਵਸੋਂ ਨੂੰ ਬਹੁਤ ਵਾਰੀ ਗੁਮਰਾਹ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ। ਅਜਿਹੇ ਲੋਕ ਦਲਿਤਾਂ, ਘੱਟ ਗਿਣਤੀਆਂ ਤੇ ਔਰਤਾਂ ਦੇ ਅੰਦੋਲਨਾਂ ਅੰਦਰ ਛਿਪੇ ਹੋਏ ਦਾਨੇ ਦੁਸ਼ਮਣ ਹਨ, ਜਿਨ੍ਹਾਂ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਕਈ ਵਾਰ ਕੁਝ ਲੋਕ ‘ਵੱਖਰੀ ਪਹਿਚਾਣ’ ਦੇ ਨਾਂਅ ਉਪਰ ਜ਼ਜ਼ਬਾਤੀ ਤੌਰ ‘ਤੇ ਦਲਿਤ ਸਮਾਜ ਨੂੰ ਜਥੇਬੰਦ ਕਰਨ ਦਾ ਯਤਨ ਵੀ ਕਰਦੇ ਹਨ। ਦਲਿਤਾਂ ਜਾਂ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਜਾਂ ਸਥਾਨਾਂ ਨਾਲ ਸ਼ਰਾਰਤੀ ਤੱਤਾਂ (ਬਹੁਤੀ ਵਾਰ ਅਜਿਹੇ ਤੱਤਾਂ ਨੂੰ ਸਰਕਾਰਾਂ ਦੀ ਵੀ ਪੂਰੀ ਪੂਰੀ ਸ਼ਹਿ ਪ੍ਰਾਪਤ ਹੁੰਦੀ ਹੈ) ਵਲੋਂ ਕੀਤੀਆਂ ਬੇਅਦਬੀਆਂ ਦੀਆਂ ਘਟਨਾਵਾਂ ਦੇ ਸਬੰਧ ਵਿਚ ਕਈ ਵਾਰ ਵੱਡੇ ਅੰਦੋਲਨ ਖੜ੍ਹੇ ਹੋ ਜਾਂਦੇ ਹਨ। ਆਮ ਲੋਕਾਂ ਦੀਆਂ ਭਾਵਨਾਵਾਂ ਦੇ ਜ਼ਖਮੀ ਹੋਣ ਨਾਲ ਅਜਿਹਾ ਪ੍ਰਤੀਕਰਮ ਹੋਣਾ ਸਹਿਜ ਸੁਭਾਅ ਤੇ ਕੁਦਰਤੀ ਹੈ। ਬੇਅਦਬੀ ਦੀ ਕਿਸੇ ਵੀ ਘਟਨਾ ਦੀ ਨਿਖੇਧੀ ਕਰਦਿਆਂ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਕਿਤੇ ਸਾਡੀ ਊਰਜਾ ਬਿਨਾਂ ਕੋਈ ਠੋਸ ਦਿਸ਼ਾ ਜਾਂ ਸਮਝਦਾਰੀ ਦੇ ਐਵੇਂ ਅਜਾਂਈ ਹੀ ਨਾ ਜਾਵੇ। ਉਪਰ ਦੱਸੇ ਅੰਦੋਲਨਾਂ ਵਿਚ ਕਈ ਗੈਰ ਜ਼ਿੰਮੇਵਾਰ ਵਿਅਕਤੀ ਹਿੰਸਕ ਜਾਂ ਬਚਗਾਨਾ ਕਾਰਵਾਈਆਂ ਕਰ ਦਿੰਦੇ ਹਨ, ਜਿਸਦਾ ਆਮ ਲੋਕਾਂ ਉਪਰ ਉਲਟ ਪ੍ਰਭਾਵ ਪੈਂਦਾ ਹੈ ਤੇ ਇਨ੍ਹਾਂ ਗਲਤ ਕੰਮਾਂ ਦੀ ਸਜ਼ਾ ਲਹਿਰ ਦੇ ਸੁਹਿਰਦ ਸਾਥੀਆਂ ਨੂੰ ਭੁਗਤਣੀ ਪੈਂਦੀ ਹੈ। ਕਿਰਤੀ ਲੋਕਾਂ ਦੀ ਹਕੀਕੀ ਪਹਿਚਾਣ ਤਾਂ ਸੰਘਰਸ਼ਸ਼ੀਲ ਲੋਕਾਂ ਦੀਆਂ ਸਫ਼ਾਂ ਵਿਚ ਸ਼ਾਮਿਲ ਹੋ ਕੇ ਸਮਾਜਿਕ ਪਰਿਵਰਤਨ ਦੀ ਲਹਿਰ ਨੂੰ ਜਿੱਤ ਤੱਕ ਲੈ ਕੇ ਜਾਣ ਨਾਲ ਹੀ ਸਦੀਵੀ ਤੇ ਹਕੀਕੀ ਬਣ ਸਕਦੀ ਹੈ, ਜਿਸ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਰਹਿਣਾ ਪਵੇਗਾ।
ਦਲਿਤਾਂ, ਧਾਰਮਿਕ ਘੱਟ ਗਿਣਤੀਆਂ ਤੇ ਔਰਤਾਂ ਨਾਲ ਹੋ ਰਹੇ ਜ਼ੁਲਮਾਂ ਲਈ ਅਸਲ ਜ਼ਿੰਮੇਵਾਰ ਮੌਜੂਦਾ ਜਗੀਰੂ ਤੇ ਪੂੰਜੀਵਾਦੀ ਢਾਂਚਾ ਹੈ, ਜਿੱਥੇ ਸਮੁੱਚੇ ਸਮਾਜ ਦੀ ਮਾਲਕੀ ਵਾਲੇ ਪੈਦਾਵਾਰੀ ਸਾਧਨਾਂ ਅਤੇ ਪੈਦਾਵਾਰ ਉਪਰ ਮੁਠੀ ਭਰ ਧਨਵਾਨ ਲੋਕਾਂ ਦਾ ਕਬਜ਼ਾ ਹੈ। ਇਨ੍ਹਾਂ ਪੈਦਾਵਾਰੀ ਸਾਧਨਾਂ ਦੀ ਸਾਂਝੀ ਮਾਲਕੀ ਅਤੇ ਪੈਦਾਵਾਰ ਦੀ ਨਿਆਂਪੂਰਵਕ ਵੰਡ ਨਾਲ ਹੀ ਦਲਿਤਾਂ ਤੇ ਦੂਸਰੀਆਂ ਕਥਿਤ ਤੌਰ ‘ਤੇ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਸਮਾਜਿਕ ਉਤਪੀੜਨ ਤੋਂ ਮੁਕਤ ਕੀਤਾ ਜਾ ਸਕਦਾ ਹੈ, ਧਾਰਮਿਕ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਖਵਾਲੀ ਕੀਤੀ ਜਾ ਸਕਦੀ ਹੈ ਤੇ ਔਰਤਾਂ ਨੂੰ ਹਰ ਕਿਸਮ ਦੇ ਜਬਰ ਤੋਂ ਮੁਕਤੀ ਦਿਲਾਈ ਜਾ ਸਕਦੀ ਹੈ।
ਜਦੋਂ ਦਲਿਤਾਂ ਤੇ ਔਰਤਾਂ ਵਿਚ ਆਪਣੇ ਹੱਕਾਂ ਦੀ ਪਹਿਚਾਣ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਚੇਤਨਾ ਵਿਚ ਬੇਮਿਸਾਲ ਪਸਾਰਾ ਹੋ ਰਿਹਾ ਹੈ, ਤਾਂ ਸਾਰੇ ਖੱਬੇ ਪੱਖੀ ਤੇ ਜਮਹੂਰੀ ਲੋਕਾਂ ਦੀ ਸਾਂਝੀ ਜਿੰਮੇਵਾਰੀ ਬਣਦੀ ਹੈ ਕਿ ਇਸ ਅੰਦੋਲਨ ਦਾ ਹੋਰ ਵੱਡੇ ਖੇਤਰਾਂ ਵਿਚ ਪਸਾਰਾ ਕਰਕੇ ਜ਼ਿਆਦਾ ਤੋਂ ਜ਼ਿਆਦਾ ਜਨਤਾ ਨੂੰ ਆਪਣੇ ਕਲਾਵੇ ਵਿਚ ਲੈਣ ਲਈ ਉਹ ਇਸ ਵਿਚ ਭਾਗੀਦਾਰ ਬਣਨ ਤਾਂ ਕਿ ਇਹ ਅੰਦੋਲਨ ਸਮਾਜਿਕ ਤਬਦੀਲੀ ਦੀ ਵੱਡੀ ਲਹਿਰ ਦਾ ਅੰਗ ਬਣਕੇ ਆਗੂ ਰੋਲ ਅਦਾ ਕਰ ਸਕੇ। ਇਸਦੇ ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਇਸ ਪੁੰਗਰ ਰਹੇ ਨਵੇਂ ਬੂਟੇ ਨੂੰ ਕਿਸੇ ਵੀ ਪਾਸੇ ਤੋਂ ਕੋਈ ਦੋਖੀ ਨੁਕਸਾਨ ਨਾ ਪਹੁੰਚਾ ਸਕੇ।
– ਮੰਗਤ ਰਾਮ ਪਾਸਲਾ