ਰੁਜ਼ਗਾਰ ਪੈਦਾ ਕਰਨ ਦੀ ਮੰਗ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਉਤੇ ਦਬਾਅ ਬਣਾਏਗੀ ਨੌਜਵਾਨ ਸਭਾ

ਮੁੱਲਾਂਪੁਰ, 6 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਨੌਜਵਾਨਾਂ ਦੀ ਹਰਮਨ ਪਿਆਰੀ ਤੇ ਲੋਕ ਹਿਤਾਂ ਵਾਸਤੇ ਲੜਨ ਵਾਲੀ ਜਥੇਬੰਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਅੱਜ ਇਥੇ ਜ਼ਿਲ੍ਹਾ ਕਮੇਟੀ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਸੇਖੇਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾਈ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ ਨੇ ਆਖਿਆ ਕਿ ਜਥੇਬੰਦੀ ਨੌਜਵਾਨਾਂ ਦੀਆਂ ਭੱਖਦੀਆਂ ਮੰਗਾਂ ਨੂੰ ਮਨਵਾਉਣ ਲਈ ਨੌਜਵਾਨਾਂ ਨੂੰ ਲਾਮਬੰਦ ਕਰੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਪੱਕਾ ਤੇ ਸਨਮਾਨਜਨਕ ਰੁਜ਼ਗਾਰ ਪੈਦਾ ਕੀਤਾ ਜਾਵੇ, ਇਸ ਵਾਸਤੇ ਕੇਂਦਰ ਤੇ ਪੰਜਾਬ ਸਰਕਾਰ ਉਤੇ ਦਬਾਅ ਬਣਾਵੇਗੀ। ਉਹਨਾਂ ਮੰਗ ਕੀਤੀ ਕਿ ਸਰਕਾਰੀ ਅਦਾਰਿਆਂ ਵਿੱਚ ਠੇਕੇਦਾਰੀ ਸਿਸਟਮ ਖਤਮ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ।

ਇਸ ਮੌਕੇ ਸਭਾ ਦੇ ਸੂਬਾਈ ਸਹਾਇਕ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਕਿਹਾ ਕਿ ਜਥੇਬੰਦੀ ਪਿੰਡਾਂ ਵਿੱਚ ਨੌਜਵਾਨ ਸਭਾ ਦੇ ਯੂਨਿਟ ਬਣਾ ਕੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਜਾਣੂ ਕਰਵਾ ਕੇ ਇਕ ਮਨੁੱਖ ਹੱਥੋਂ ਦੂਜੇ ਮਨੁੱਖ ਦੀ ਲੁੱਟ ਨੂੰ ਰੋਕਣ ਲਈ ਜੱਦੋ-ਜਹਿਦ ਕਰੇਗੀ। ਇਸ ਮੀਟਿੰਗ ਵਿੱਚੋਂ ਹੋਰਨਾ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਸਵਰਨਜੀਤ ਸਿੰਘ ਮੁੱਲਾਂਪੁਰ, ਕੈਸ਼ੀਅਰ ਕੁਲਜੀਤ ਕੌਰ ਗਰੇਵਾਲ਼, ਡਾ. ਪ੍ਰਕਰਣ ਸਿੰਘ, ਹਰਵਿੰਦਰ ਕੌਰ ਗਰੇਵਾਲ਼, ਮੋਨਿਕਾ ਢਿੱਲ਼ੋ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ, ਡਾ. ਭਗਵੰਤ ਸਿੰਘ ਬੰੜੂਦੀ, ਲਖਵਿੰਦਰ ਸਿੰਘ ਗੋਰਸੀਆ ਆਦਿ ਹਾਜ਼ਰ ਸਨ।