ਮੰਗਤ ਰਾਮ ਪਾਸਲਾ
ਭਾਰਤ, ਵੱਖ-ਵੱਖ ਧਰਮਾਂ, ਜਾਤੀਆਂ, ਫਿਰਕਿਆਂ ਤੇ ਸਭਿਆਚਾਰਾਂ ਵਾਲੇ ਲੋਕਾਂ ਦਾ ਦੇਸ਼ ਹੈ। ਏਥੇ ਵੱਸਦੇ ਬਹੁਗਿਣਤੀ ਹਿੰਦੂ ਧਰਮ ਦੇ ਅਨੁਆਈ ਵੀ, ਹਿੰਦੂ ਧਰਮ ਦੀਆਂ ਵੱਖ-ਵੱਖ ਤਰ੍ਹਾਂ ਦੀਆਂ, ਧਾਰਮਿਕ ਰਹੁ-ਰੀਤਾਂ ਤੇ ਰਸਮਾਂ-ਰਿਵਾਜਾਂ ਵਿਚਕਾਰ ਵੰਡੇ ਹੋਏ ਹਨ। ਇਹ ਬਹੁਤ ਫਿਕਰਮੰਦੀ ਦਾ ਵਿਸ਼ਾ ਹੈ ਕਿ ਇਸਦੇ ਬਾਵਜੂਦ ਆਰ.ਐਸ.ਐਸ. ਵਲੋਂ, ਹਿੰਦੂਤਵਵਾਦੀ ਵਿਚਾਰਧਾਰਾ ਅਧੀਨ, ਭਾਰਤ ਨੂੰ ਇਕ ਧਰਮ ਅਧਾਰਤ ਦੇਸ਼ (ਹਿੰਦੂ ਰਾਸ਼ਟਰ) ਵਿਚ ਤਬਦੀਲ ਕਰਨ ਦਾ ਬੀੜਾ ਚੁਕਿਆ ਹੋਇਆ ਹੈ। ਅਜਿਹਾ ਬਦਲਾਅ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਅਲੰਬਰਦਾਰ ਵਿਦੇਸ਼ੀ ਤੇ ਦੇਸੀ ਕਾਰਪੋਰੇਟ ਘਰਾਣਿਆਂ ਲਈ ਵੀ ਲਾਹੇਵੰਦਾ ਹੈ, ਕਿਉਂਕਿ ਲੋਕਾਂ ਦਾ ਕਚੂਮਰ ਕੱਢਣ ਵਾਸਤੇ ਇਕ ‘ਮਜ਼ਬੂਤ’ ਤੇ ਗੈਰ-ਜਮਹੂਰੀ ਸਰਕਾਰ ਅਧੀਨ ਹੀ ਉਨ੍ਹਾਂ ਦੇ ਹਿੱਤ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹਨ। ਆਉਣ ਵਾਲੇ ਦਿਨਾਂ ਅੰਦਰ ਭਾਰਤੀ ਲੋਕਾਂ ਨੂੰ ਇਕ ਪਾਸੇ ਨਵਉਦਾਰਵਾਦੀ ਆਰਥਿਕ ਨੀਤੀਆਂ ਤੋਂ ਪੈਦਾ ਹੋਣ ਵਾਲੇ ਸੰਤਾਪ ਨੂੰ ਝੱਲਣਾ ਪੈਣਾ ਹੈ ਤੇ ਦੂਸਰੇ ਬੰਨ੍ਹੇ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਨੇ ਆਪਣੇ ਫਿਰਕੂ ਏਜੰਡੇ ਅਧੀਨ ਦੇਸ਼ ਦੀ ਬਹੁਕੌਮੀ ਸਮਾਜਕ ਬਣਤਰ ਤੇ ਸਭਿਆਚਾਰਕ ਭਿੰਨਤਾਵਾਂ ਨੂੰ ਮੇਟਣ ਦਾ ਯਤਨ ਕਰਨਾ ਹੈ। ਇਸ ਨਾਲ ਏਥੇ ਗਰੀਬੀ, ਭੁਖਮਰੀ, ਕੁਪੋਸ਼ਨ, ਬੇਰੁਜ਼ਗਾਰੀ, ਆਦਿ ਦੀਰਘ ਰੋਗ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਗੰਭੀਰ ਤੇ ਮਾਰੂ ਰੂਪ ਧਾਰਨ ਕਰ ਲੈਣਗੇ। ‘ਹਿੰਦੂ ਰਾਸ਼ਟਰ’ ਕਾਇਮ ਕਰਨ ਵਾਲੀਆਂ ਫਿਰਕੂ ਫਾਸ਼ੀਵਾਦੀ ਤਾਕਤਾਂ ਵਲੋਂ ਆਪਣੇ ਤੈਅਸ਼ੁਦਾ ਏਜੰਡੇ ਅਧੀਨ ਧਾਰਮਿਕ ਘੱਟ ਗਿਣਤੀਆਂ (ਖਾਸਕਰ ਮੁਸਲਮਾਨਾਂ), ਔਰਤਾਂ, ਦਲਿਤਾਂ ਅਤੇ ਕਮਿਊਨਿਸਟਾਂ (ਸਮੇਤ ਸਮੂਹ ਅਗਾਂਹਵਧੂ ਲੋਕਾਂ ਦੇ) ਨੂੰ ਆਪਣੀ ਫਿਰਕੂ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਵੇਗਾ। ਮੋਦੀ ਸਰਕਾਰ ਦੇ ਮੁੜ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਇਸ ਪ੍ਰੋਜੈਕਟ ਉਪਰ ਤੇਜ਼ੀ ਨਾਲ ਅਮਲ ਸ਼ੁਰੂ ਹੋ ਚੁੱਕਾ ਹੈ। ਇਸ ਲਈ ਲਾਜ਼ਮੀ ਹੀ ਸਾਰੇ ਹੀ ਪੀੜਤ ਵਰਗਾਂ ਨੇ ਆਉਣ ਵਾਲੇ ਸਮੇਂ ਅੰਦਰ ਆਪੋ ਆਪਣੇ ਹਿਤਾਂ ਦੀ ਰਾਖੀ ਲਈ ਅਤੇ ਸਨਮਾਨਯੋਗ ਜ਼ਿੰਦਗੀ ਬਸਰ ਕਰਨ ਦੀ ਖਾਹਿਸ਼ ਲਈ ਮੋਦੀ ਸਰਕਾਰ ਵਿਰੁੱਧ ਸੰਘਰਸ਼ਾਂ ਦਾ ਮੈਦਾਨ ਮੱਲਣਾ ਹੈ। ਇਸ ਤਰ੍ਹਾਂ ਦੇ ਘੋਲ ਲੁੱਟੀ ਜਾਂਦੀ ਲੋਕਾਈ ਦੀ ਜ਼ਰੂਰਤ ਤੇ ਮਜ਼ਬੂਰੀ ਬਣ ਜਾਣਗੇ, ਕਿਉਂਕਿ ਉਨ੍ਹਾਂ ਕੋਲ ਆਪਣੀ ਕਿਰਤ ਦੀ ਤੇ ਹੋਂਦ ਦੀ ਰਾਖੀ ਕਰਨ ਦਾ ਹੋਰ ਕੋਈ ਦੂਸਰਾ ਰਸਤਾ ਹੀ ਨਹੀਂ ਬਚੇਗਾ।
ਬਦਲੀਆਂ ਹੋਈਆਂ ਪ੍ਰਸਥਿਤੀਆਂ ਵਿਚ ਆਪਣੇ ਹਿਤਾਂ ਦੀ ਰਾਖੀ ਦੇ ਪੱਖ ਤੋਂ ਧਾਰਮਿਕ ਘੱਟ ਗਿਣਤੀਆਂ ਨੂੰ ਹੋਰ ਵਧੇਰੇ ਸਤਰਕ (ਚੌਕਸ), ਸੰਵੇਦਨਸ਼ੀਲ, ਇਕਮੁੱਠ ਅਤੇ ਗੰਭੀਰ ਹੋਣਾ ਪਵੇਗਾ। ਕਿਉਂਕਿ ਆਰ.ਐਸ.ਐਸ. ਦੇ ਜਨਮ ਦਾਤਿਆਂ (ਹੈਡਗੇਵਾਰ ਤੇ ਗੋਲਵਾਲਕਰ ਵਰਗੇ ਨੇਤਾਵਾਂ) ਨੇ ਸ਼ੁਰੂ ਤੋਂ ਹੀ ਦੇਸ਼ ਅੰਦਰ ਸਨਾਤਨੀ ਵਿਚਾਰਧਾਰਾ ਦੇ ਅਨੁਰੂਪ ‘ਹਿੰਦੂ ਰਾਸ਼ਟਰ’ ਕਾਇਮ ਕਰਨ ਹਿੱਤ ਸਾਰੀਆਂ ਹੀ ਦੂਸਰੀਆਂ ਧਾਰਿਮਕ ਘੱਟ ਗਿਣਤੀਆਂ ਦੇ ਵਜੂਦ ਨੂੰ ਖਤਮ ਕਰਨ ਦੀ ਯੋਜਨਾਬੰਦੀ ਤਿਆਰ ਕੀਤੀ ਹੋਈ ਹੈ। ਸੱਚ ਤਾਂ ਇਹ ਹੈ ਕਿ ਹਿੰਦੂ, ਮੁਸਲਮਾਨ, ਇਸਾਈ, ਜੈਨੀ, ਬੋਧੀ, ਸਿੱਖ ਇਤਿਆਦਿ ਸਾਰੀਆਂ ਹੀ ਧਾਰਮਿਕ ਘੱਟ ਗਿਣਤੀਆਂ ਦੇ ਲੋਕਾਂ ਨੇ ਆਪੋ ਆਪਣੇ ਧਾਰਮਿਕ ਵਿਸ਼ਵਾਸਾਂ, ਰਸਮੋਂ ਰਿਵਾਜਾਂ, ਸਭਿਆਚਾਰਾਂ ਤੇ ਜੀਵਨ ਪੱਧਤੀਆਂ ਅਨੁਸਾਰ ਜੀਵਨ ਬਸਰ ਕਰਦਿਆਂ ਭਾਰਤੀ ਸਮਾਜ ਨੂੰ ਵੱਖ-ਵੱਖ ਰੰਗਾਂ ਦੀ ਇਕ ਖੂਬਸੂਰਤ ਫੁਲਵਾੜੀ ਦਾ ਰੂਪ ਦਿੱਤਾ ਹੋਇਆ ਹੈ। ਸਾਰੇ ਹੀ ਧਰਮਾਂ ਦੇ ਆਮ ਲੋਕ ਸ਼ਾਂਤੀ ਤੇ ਸਦਭਾਵਨਾ ਭਰੇ ਮਾਹੌਲ ਵਿਚ ਜੀਉਣਾ ਚਾਹੁੰਦੇ ਹਨ। ਪ੍ਰੰਤੂ ਇਹ ਵੀ ਇਕ ਕੌੜਾ ਸੱਚ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਵੱਖ-ਵੱਖ ਸਰਕਾਰਾਂ ਤੇ ਪ੍ਰਮੁੱਖ ਰਾਜਨੀਤਕ ਪਾਰਟੀਆਂ ਨੇ, ਜੋ ਲੁਟੇਰੇ ਸ਼ਾਸਕ ਵਰਗਾਂ (ਸਰਮਾਏਦਾਰ-ਜਗੀਰਦਾਰ) ਦੀ ਨੁੰਮਾਇੰਦਗੀ ਕਰਦੀਆਂ ਆ ਰਹੀਆਂ ਹਨ, ਆਪਣੀ ਫਿਰਕੂ ਸੋਚ ਤੇ ਸੌੜੇ ਰਾਜਸੀ ਹਿਤਾਂ ਦੀ ਪ੍ਰਾਪਤੀ ਲਈ ਕਦੀ ਵੀ ਧਾਰਮਿਕ ਘੱਟ ਗਿਣਤੀ ਭਾਈਚਾਰੇ ਵਾਸਤੇ ਪੂਰਨ ਰੂਪ ਵਿਚ ਇਕ ਅਜ਼ਾਦਾਨਾ, ਭੈਅ ਰਹਿਤ ਤੇ ਸਤਿਕਾਰਪੂਰਨ ਸਮਾਜਿਕ ਮਾਹੌਲ ਪ੍ਰਦਾਨ ਨਹੀਂ ਕੀਤਾ, ਜਿਥੇ ਕਿ ਉਹ ਆਪਣੀ ਜੀਵਨ ਸ਼ੈਲੀ ਦਾ ਸਰਵ ਪੱਖੀ ਵਿਕਾਸ ਕਰ ਸਕਣ। ਦੇਸ਼ ਅੰਦਰ ਹੋਏ ਅਨੇਕਾਂ ਫਿਰਕੂ ਫਸਾਦਾਂ ਅੰਦਰ ਹਮੇਸ਼ਾਂ ਧਾਰਮਿਕ ਘੱਟ ਗਿਣਤੀਆਂ ਦੇ ਖੂਨ ਦੀ ਹੋਲੀ ਹੀ ਖੇਡੀ ਗਈ ਹੈ। ਦੋਸ਼ ਭਾਵੇਂ ਕਿਸੇ ਧਿਰ ਦਾ ਵੀ ਹੋਵੇ, ਬਹੁ ਗਿਣਤੀ ਭਾਈਚਾਰੇ ਤੇ ਪ੍ਰਸ਼ਾਸਨ ਦੇ ਨਿਸ਼ਾਨੇ ‘ਤੇ ਹਮੇਸ਼ਾ ਘੱਟ ਗਿਣਤੀਆਂ ਹੀ ਰਹੀਆਂ ਹਨ। ਸਰਕਾਰ ਵਲੋਂ ਵੱਖ-ਵੱਖ ਸਮੇਂ ‘ਤੇ ਸਥਾਪਤ ਕੀਤੇ ਗਏ ਪੜਤਾਲੀਆ ਕਮਿਸ਼ਨਾਂ ਨੇ ਵੀ ਆਪਣੀਆਂ ਰਿਪੋਰਟਾਂ ਅੰਦਰ ਯੂ.ਪੀ. ਵਿਚ ਵਾਪਰੇ ਫਿਰਕੂ ਫਸਾਦਾਂ ਅੰਦਰ ਯੂ.ਪੀ. ਦੀ ਪੁਲਸ (ਪੀ.ਏ.ਸੀ.) ਦੇ ਸਦਾ ਹੀ ਮੁਸਲਮਾਨ ਭਾਈਚਾਰੇ ਨਾਲ ਵਿਤਕਰੇ ਭਰੇ ਵਰਤਾਅ ਨੂੰ ਨੋਟ ਕੀਤਾ ਹੈ। 1984 ਦੇ ਸਿੱਖ ਵਿਰੋਧੀ ਦੰਗੇ ਵੀ ਇਸੇ ਕੜੀ ਦਾ ਇਕ ਭਾਗ ਹਨ। ਧਾਰਮਿਕ ਘੱਟ ਗਿਣਤੀਆਂ ਅੰਦਰ ਅਸੁਰੱਖਿਆ ਦੀ ਭਾਵਨਾ ਦਾ ਲਾਹਾ ਲੈ ਕੇ ਵੱਡੇ ਰਾਜਸੀ ਦਲਾਂ ਨੇ ਉਨ੍ਹਾਂ ਨੂੰ ਇਨਸਾਫ ਦੇਣ ਦੀ ਥਾਂ ਹਮੇਸ਼ਾ ‘ਵੋਟ ਬੈਂਕ’ ਵਜੋਂ ਹੀ ਇਸਤੇਮਾਲ ਕੀਤਾ ਹੈ, ਜਦ ਕਿ ਘੱਟ ਗਿਣਤੀ ਭਾਈਚਾਰੇ ਦੀ ਜ਼ਿੰਦਗੀ ਦੇ ਦੂਸਰੇ ਆਰਥਿਕ ਤੇ ਰਾਜਨੀਤਕ ਪੱਖਾਂ ਨੂੰ ਸਮਝਣ ਤੇ ਉਨ੍ਹਾਂ ਦਾ ਵਿਕਾਸ ਕਰਨ ਵੱਲ ਕਦੀ ਵੀ ਉਚੇਚੇ ਰੂਪ ਵਿਚ ਬਣਦਾ ਧਿਆਨ ਨਹੀਂ ਦਿੱਤਾ। ਉਂਝ ਬਾਕੀ ਜਨਤਾ ਵਾਂਗ ਦੇਸ਼ ਦੀ ਵੱਡੀ ਬਹੁ ਗਿਣਤੀ, ਹਿੰਦੂ ਵਸੋਂ, ਦੀ ਆਰਥਿਕ ਸਥਿਤੀ ਵੀ ਡਾਢੀ ਤਰਸਯੋਗ ਬਣੀ ਹੋਈ ਹੈ। ਪ੍ਰੰਤੂ ਧਾਰਮਿਕ ਘੱਟ ਗਿਣਤੀਆਂ ਵਿਚੋਂ ਮੁਸਲਮਾਨਾਂ ਤੇ ਇਸਾਈਆਂ ਦੀ ਜਿੰਦਗੀ ਨੂੰ ਦਰਪੇਸ਼ ਦੁਖਾਂ-ਦਰਦਾਂ ਦਾ ਤਾਂ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ। ਅਜਿਹਾ ਨਤੀਜਾ ਸਰਕਾਰ ਵਲੋਂ ਸਥਾਪਤ ਬਹੁਤ ਸਾਰੇ ਕਮਿਸ਼ਨਾਂ, ਜੋ ਧਾਰਮਿਕ ਘੱਟ ਗਿਣਤੀਆਂ ਦੇ ਲੋਕਾਂ ਦੀ ਸਥਿਤੀ ਨੂੰ ਜਾਨਣ ਵਾਸਤੇ ਗਠਿਤ ਕੀਤੇ ਗਏ ਸਨ, ਦੀਆਂ ਰਿਪੋਰਟਾਂ (ਜਿਵੇਂ ਸੱਚਰ ਕਮਿਸ਼ਨ) ਵਿਚ ਵੀ ਦਰਜ ਕੀਤਾ ਗਿਆ ਹੈ।
ਬਹੁਗਿਣਤੀ ਅੰਦਰਲੇ ਮੁੱਠੀ ਭਰ ਫਿਰਕੂ ਤੱਤਾਂ ਤੇ ਲੁਟੇਰੇ ਹਾਕਮਾਂ ਵਲੋਂ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਕੀਤੇ ਜਾਣ ਵਾਲੇ ਸਾਜਸ਼ੀ ਹੱਲਿਆਂ ਤੇ ਜ਼ਿਆਦਤੀਆਂ ਤੋਂ ਛੁਟਕਾਰਾ ਹਾਸਲ ਕਰਕੇ ਸੁਰੱਖਿਅਤ ਤੇ ਸਨਮਾਨਯੋਗ ਜ਼ਿੰਦਗੀ ਜੀਣ ਦੀ ਇੱਛਾ ਨੂੰ ਕਿਵੇਂ ਪੂਰਾ ਕੀਤਾ ਜਾਵੇ? ਇਹ ਸਵਾਲ ਸਮੁੱਚੀ ਜਮਹੂਰੀ ਲਹਿਰ ਦੇ ਵਿਚਾਰ ਅਧੀਨ ਹੋਣਾ ਚਾਹੀਦਾ ਹੈ। ਇਸ ਮੰਤਵ ਨੂੰ ਹਾਸਲ ਕਰਨ ਲਈ ਧਾਰਮਿਕ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਲਈ ਵੀ ਆਪਣੀ ਸੁਰੱਖਿਆ ਤੇ ਵਿਕਾਸ ਦੇ ਮੱਦੇਨਜ਼ਰ ਦਰੁਸਤ ਰਾਜਸੀ ਤੇ ਸਮਾਜਿਕ ਪੈਂਤੜਾ ਧਾਰਨ ਕਰਨਾ ਅਤੀ ਜ਼ਰੂਰੀ ਹੈ। ਆਮ ਤੌਰ ‘ਤੇ ਘੱਟ ਗਿਣਤੀਆਂ ਵਿਚਲੇ ਪਿਛਾਂਹ ਖਿੱਚੂ ਤੇ ਖੁਦਗਰਜ਼ ਆਗੂਆਂ ਲਈ ਆਪਣੇ ਭਾਈਚਾਰੇ ਦੇ ਹਿਤਾਂ ਦੀ ਰਾਖੀ ਦਾ ਨਾਅਰਾ ਤੇ ਦਾਅਵੇਦਾਰੀ ਪੂਰੀ ਤਰ੍ਹਾਂ ਖੋਖਲੀ ਤੇ ਇਕਪਾਸੜ ਹੁੰਦੀ ਹੈ। ਅਜੇਹੇ ਬਹੁਤੇ ਨੇਤਾਵਾਂ ਲਈ ਇਹ ਇਕ ਲਾਹੇਵੰਦ ਧੰਦਾ ਵੀ ਹੈ। ਆਮ ਤੌਰ ‘ਤੇ ਉਹ ਬਹੁਗਿਣਤੀ ਦੇ ਫਿਰਕੂ ਤੱਤਾਂ ਦਾ ਮੁਕਾਬਲਾ ਉਨ੍ਹਾਂ ਤੋਂ ਵੀ ਵਧੇਰੇ ਫਿਰਕੂ, ਜ਼ਹਿਰੀਲੀ, ਪਿਛਾਂਹਖਿੱਚੂ ਤੇ ਬਦਲਾ ਖੋਰੀ ਦੀ ਬੋਲੀ ਨਾਲ ਕਰਨ ਦੀ ਸਲਾਹ ਦਿੰਦੇ ਹਨ। ਅਜੇਹਾ ਵਤੀਰਾ ਨਿਸ਼ਚੇ ਹੀ ਨੁਕਸਾਨਦੇਹ ਤੇ ਉਤੇਜਨਾ ਪੈਦਾ ਕਰਨ ਵਾਲਾ ਹੈ, ਜੋ ਸਮੁੱਚੇ ਘੱਟ ਗਿਣਤੀ ਭਾਈਚਾਰੇ ਦੇ ਹਿਤਾਂ ਦੇ ਹਮੇਸ਼ਾ ਉਲਟ ਜਾਂਦਾ ਹੈ। ਇਸ ਧਾਰਨਾ ਨਾਲ ਦੋਵਾਂ ਪੱਖਾਂ ਦੇ ਫਿਰਕੂ ਤੇ ਸੰਕੀਰਨਤਾਵਾਦੀ ਤੱਤ ਇਕ ਦੂਸਰੇ ਦੇ ਸਹਾਇਕ ਤੇ ਪਰੀਪੂਰਕ ਹੋ ਨਿਬੜਦੇ ਹਨ, ਜਦਕਿ ਦੋਨੋਂ ਪਾਸਿਆਂ ਦੇ ਸਧਾਰਨ ਲੋਕ ਫਿਰਕੂ ਹਿੰਸਾ ਦਾ ਸ਼ਿਕਾਰ ਹੋ ਕੇ ਵੱਡੀਆਂ ਬਿਪਤਾਵਾਂ ਦੇ ਖੂਹ ਵਿਚ ਡਿੱਗ ਪੈਂਦੇ ਹਨ।
ਧਾਰਮਿਕ ਤੇ ਸਭਿਆਚਾਰਕ ਘੱਟ-ਗਿਣਤੀ ਭਾਈਚਾਰੇ ਦੀ ਰਾਖੀ ਅਤੇ ਉਸ ਨਾਲ ਬਰਾਬਰੀ ਵਾਲੇ ਵਰਤਾਅ ਦੀ ਗਰੰਟੀ ਕਰਨਾ ਸਾਰੀਆਂ ਹੀ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦਾ ਮੁਢਲਾ ਫਰਜ਼ ਹੈ। ਇਹ ਕਿਸੇ ਛੋਟੇ ਰਾਜਸੀ ਜਾਂ ਆਰਥਿਕ ਲਾਭ ਲਈ ਨਹੀਂ, ਬਲਕਿ ਦੇਸ਼ ਅੰਦਰ ਸਮਾਜਿਕ ਬਦਲਾਅ ਵਾਸਤੇ ਵੀ ਅਤੀ ਜ਼ਰੂਰੀ ਹੈ; ਜਿੱਥੇ ਸਮੁੱਚੇ ਮਿਹਨਤਕਸ਼ ਵਰਗ ਦੇ ਨਾਲ ਮਿਲਕੇ ਧਾਰਮਿਕ ਘੱਟ ਗਿਣਤੀਆਂ ਨੇ ਆਪਣੀ ਵੱਖਰੀ ਪਹਿਚਾਣ ਕਾਇਮ ਰੱਖਦੇ ਹੋਏ ਬਰਾਬਰਤਾ ਤੇ ਲੁੱਟ ਚੋਂਘ ਤੋਂ ਮੁਕਤ ਸਮਾਜ ਸਿਰਜਣ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਹੈ। ਇਹ ਸਮਝਦਾਰੀ ਧਾਰਮਿਕ ਘੱਟ ਗਿਣਤੀਆਂ ਦੇ ਲੋਕਾਂ ਨੂੰ ਵੀ ਆਪਣੇ ਜ਼ਿਹਨ ਵਿਚ ਬਣਾਉਣੀ ਚਾਹੀਦੀ ਹੈ ਕਿ ਘੱਟ ਗਿਣਤੀਆਂ ਦੇ ਸਨਮਾਨ ਤੇ ਸੁਰੱਖਿਆ ਦੀ ਗਰੰਟੀ ਅਸਲ ਵਿਚ ਦੇਸ਼ ਪੱਧਰੀ ਕਿਰਤੀ ਕਿਸਾਨਾਂ ਦੀ ਸਾਂਝੀ ਜਮਹੂਰੀ ਲਹਿਰ ਦੀ ਮਜ਼ਬੂਤੀ ਵਿਚ ਹੀ ਹੈ। ਇਸ ਲਈ ਧਾਰਮਕ ਬਹੁ ਗਿਣਤੀ ਨਾਲ ਸੰਬੰਧਤ ਆਮ ਲੋਕਾਂ ਨੂੰ ਆਪਣੇ ਅੰਦਰਲੇ ਫਿਰਕੂ ਤੇ ਵੰਡਵਾਦੀ ਤੱਤਾਂ ਦੀ ਵਿਰੋਧਤਾ ਕਰਨ ਦੀ ਜਰੂਰਤ ਹੈ, ਉਸਦੇ ਨਾਲ ਹੀ ਘੱਟ ਗਿਣਤੀਆਂ ਨੂੰ ਵੀ ਆਪਣੀਆਂ ਸਫ਼ਾਂ ਵਿਚਲੀਆਂ ਸੰਕੀਰਨਤਾਵਾਦੀ ਸ਼ਕਤੀਆਂ ਤੋਂ ਕਿਨਾਰਾਕਸ਼ੀ ਕਰਨੀ ਹੋਵੇਗੀ। ਜੇਕਰ ਉਹ ਐਸੇ ਐਕਸ਼ਨ ਜਾਂ ਨਾਅਰੇ ਦੀ ਵਿਰੋਧਤਾ ਨਹੀਂ ਕਰਦੇ, ਜੋ ਕਿਰਤੀ ਲੋਕਾਂ ਨੂੰ ਫਿਰਕੂ ਆਧਾਰ ਉਤੇ ਇਕ ਦੂਸਰੇ ਦੇ ਵਿਰੋਧ ਵਿਚ ਲਿਆ ਖੜ੍ਹਾ ਕਰੇ ਜਾਂ ਕਿਰਤੀ ਲੋਕਾਂ ਦੀ ਏਕਤਾ ਨੂੰ ਕਮਜ਼ੋਰ ਕਰਦਾ ਹੋਵੇ, ਤਦ ਲਾਜ਼ਮੀ ਤੌਰ ‘ਤੇ ਬਹੁ ਗਿਣਤੀ ਅੰਦਰਲੇ ਸ਼ਰਾਰਤੀ ਫਿਰਕੂ ਤੱਤਾਂ ਨੂੰ ਸਮੁੱਚੀਆਂ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਪੈਦਾ ਕਰਨ ਦਾ ਸੁਨਹਿਰੀ ਮੌਕਾ ਮਿਲ ਜਾਂਦਾ ਹੈ। ਇਹ ਠੀਕ ਹੈ ਕਿ ਕਿਸੇ ਵੀ ਅੱਤਵਾਦੀ, ਫਿਰਕਾਪ੍ਰਸਤ ਤੇ ਵੰਡਵਾਦੀ ਤੱਤ ਨੂੰ ਕਿਸੇ ਖਾਸ ਧਰਮ ਜਾਂ ਫਿਰਕੇ ਨਾਲ ਨਹੀਂ ਜੋੜਨਾ ਚਾਹੀਦਾ। ਪ੍ਰੰਤੂ ਆਪਣੀ ਸਮਾਜ ਵਿਰੋਧੀ ਹਰਕਤ ਨੂੰ ਛੁਪਾਉਣ ਵਾਸਤੇ ਸ਼ਰਾਰਤੀ ਲੋਕ ਧਰਮ ਦੀ ਓਟ ਲੈ ਕੇ ਆਪਣੇ ਗੁਨਾਹ ਨੂੰ ਛੁਪਾਉਣ ਦਾ ਯਤਨ ਕਰਦੇ ਹਨ। ਜਦੋਂ ਸੰਬੰਧਤ ਧਰਮ ਦੇ ਅਨੁਆਈ ਅਜਿਹੇ ਮੁੱਠੀ ਭਰ ਫਿਰਕੂ ਤੇ ਸ਼ਰਾਰਤੀ ਤੱਤਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਨਹੀਂ ਕਰਦੇ ਜਾਂ ਲੁਕਵੇਂ ਢੰਗ ਨਾਲ ਉਨ੍ਹਾਂ ਪ੍ਰਤੀ ਨਰਮ ਗੋਸ਼ਾ ਅਪਣਾਉਂਦੇ ਹਨ, ਤਦ ਦੂਸਰੇ ਬੰਨ੍ਹੇ ਦੇ ਸਮਾਜ ਵਿਰੋਧੀ ਫਿਰਕੂ ਅਨਸਰਾਂ ਨੂੰ ਸਮੁੱਚੀਆਂ ਧਾਰਮਕ ਘੱਟ ਗਿਣਤੀਆਂ ਨੂੰ ਨਿੰਦਣ ਦਾ ਮੌਕਾ ਮਿਲ ਜਾਂਦਾ ਹੈ। ਸੰਸਾਰ ਪੱਧਰ ‘ਤੇ ਜਾਂ ਦੇਸ਼ ਅੰਦਰ ਅੱਤਵਾਦੀ ਤੇ ਦੇਸ਼ਧ੍ਰੋਹੀ ਕਾਰਵਾਈਆਂ ਕਰਨ ਵਾਲੇ ਫਿਰਕੂ ਅਨਸਰ ਸਾਰੇ ਹੀ ਧਰਮਾਂ ਅੰਦਰ ਮੌਜੂਦ ਹਨ। ਪ੍ਰੰਤੂ ਇਹ ਪ੍ਰਸਥਿਤੀਆਂ ਦੀ ਦੇਣ ਹੀ ਸਮਝੀ ਜਾਵੇ ਕਿ ਅਜੋਕੇ ਸਮੇਂ ‘ਚ ਅੱਤਵਾਦੀ ਕਾਰਵਾਈਆਂ ਦੀ ਸੂਈ ਜ਼ਿਆਦਾ ਤਰ ਮੁਸਲਮਾਨ ਧਰਮ ਨਾਲ ਸੰਬੰਧਤ ਵਿਅਕਤੀਆਂ ਵੱਲ ਹੀ ਉਠਦੀ ਹੈ। ਇਸ ਵਾਸਤੇ ਜ਼ਰੂਰੀ ਹੈ ਕਿ ਜਦੋਂ ਵੀ ਕਦੀ ਕੋਈ ਅਣਸੁਖਾਵੀਂ ਘਟਨਾ ਵਾਪਰੇ, ਸਮੂਹ ਮੁਸਲਮਾਨ ਭਾਈਚਾਰੇ ਨੂੰ ਇਕਮੁੱਠ ਹੋ ਕੇ ਸ਼ਰਾਰਤੀ ਤੱਤਾਂ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਅਜਿਹਾ ਕਰਨਾ ਸੰਘ ਪਰਿਵਾਰ ਨਾਲ ਸੰਬੰਧਤ ਕਿਸੇ ਫਿਰਕੂ ਅਨਸਰ ਦੀ ਤਸੱਲੀ ਵਾਸਤੇ ਨਹੀਂ, ਬਲਕਿ ਸਮੁੱਚੇ ਦੇਸ਼ਵਾਸੀਆਂ ਨੂੰ ਸਮਝਾਉਣ ਵਾਸਤੇ ਹੈ ਕਿ ਜਿੰਨਾ ਅੱਤਵਾਦ-ਵੱਖਵਾਦ ਬਾਰੇ ਉਹ ਚਿੰਤਤ ਹਨ, ਓਨੀ ਹੀ ਫਿਕਰਮੰਦੀ ਸਾਡੇ ਸਮਾਜ ਅੰਦਰ ਵੀ ਹੈ। ਅੱਤਵਾਦੀ ਤੱਤਾਂ ਦੀ ਫਿਰਕੂ ਅਧਾਰ ਉਪਰ ਕੀਤੀ ਜਾਂਦੀ ਨਿਸ਼ਾਨਦੇਹੀ ਸੰਸਾਰ ਭਰ ਦੇ ਅੱਤਵਾਦੀ ਸਰਗਨੇ, ਅਮਰੀਕਨ ਸਾਮਰਾਜ, ਤੇ ਉਨ੍ਹਾਂ ਦੇ ਹਮਜੋਲੀ ਦੇਸੀ ਲੁਟੇਰਿਆਂ ਨੂੰ ਲੋਕਾਂ ਦੀਆਂ ਨਿਗਾਹਾਂ ਤੋਂ ਬਚਾਉਣ ਵਿਚ ਮਦਦਗਾਰ ਬਣ ਰਹੀ ਹੈ।
ਬਿਨਾਂ ਸ਼ੱਕ 1984 ਵਿਚ ਦੇਸ਼ ਭਰ ਅੰਦਰ ਸਿੱਖ ਵਿਰੋਧੀ ਦੰਗੇ ਦੇਸ਼ ਦੀਆਂ ਹਾਕਮ ਜਮਾਤਾਂ ਦੀ ਇਕ ਗਿਣੀ ਮਿੱਥੀ ਯੋਜਨਾ ਤਹਿਤ ਹੋਏ; ਜਿਨ੍ਹਾਂ ਆਪਣੇ ਪ੍ਰਚਾਰ ਰਾਹੀਂ ਭਾਰਤੀ ਲੋਕਾਂ ਦੀਆਂ ਨਜ਼ਰਾਂ ਅੰਦਰ ਪੰਜਾਬ ਦੇ ਮੁੱਠੀ ਭਰ ਖਾਲਿਸਤਾਨੀ ਤੱਤਾਂ ਤੇ ਆਮ ਸਿੱਖਾਂ ਨੂੰ ਇਕੋ ਜਿਹੇ ਗੁਨਾਹਗਾਰ ਬਣਾ ਦਿੱਤਾ ਸੀ। ਇਸ ਅਤੀ ਮੰਦਭਾਗੀ ਘਟਨਾ ਪਿੱਛੇ ਕਿਰਿਆਸ਼ੀਲ ਰਹੀ, ਕਾਂਗਰਸੀ ਹਾਕਮਾਂ ਤੇ ਸੰਘ ਪ੍ਰਚਾਰਕਾਂ ਦੀ ਉਸ ਦੇਸ਼ ਪੱਧਰੀ ਨੀਤੀ ਨੂੰ ਵੀ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ ਜਿਹੜੀ ਕਿ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਵੱਲ ਸੇਧਤ ਰਹੀ। ਪ੍ਰੰਤੂ ਇਕ ਗੱਲ ਧਿਆਨ ਮੰਗਦੀ ਹੈ ਕਿ ਉਹ ਸਭ ਲੋਕ, ਜੋ ਸਿੱਖਾਂ ਨੂੰ ਲੋੜਵੰਦ ਤੇ ਮਜ਼ਲੂਮ ਲੋਕਾਂ ਦੇ ਮਦਦਗਾਰ ਸਮਝਦੇ ਸਨ, ਇੰਦਰਾ ਗਾਂਧੀ ਦੇ ਸਿੱਖ ਸੁਰੱਖਿਆ ਕਰਮਚਾਰੀਆਂ ਹੱਥੋਂ ਹੋਏ ਕਤਲ ਤੋਂ ਬਾਅਦ ਰਾਤੋ ਰਾਤ ਸਿੱਖਾਂ ਦੇ ਦੁਸ਼ਮਣ ਕਿਵੇਂ ਬਣ ਗਏ? ਸਿੱਖਾਂ ਪ੍ਰਤੀ ਅਜਿਹੀ ਨਫ਼ਰਤ ਭਰੀ ਦੁਰਭਾਵਨਾ ਪੈਦਾ ਹੋਣ ਪਿੱਛੇ ਉਨ੍ਹਾਂ ਖਾਲਿਸਤਾਨੀ ਦਹਿਸ਼ਤਗਰਦਾਂ ਦੀਆਂ ਹਿੰਸਕ ਕਾਰਵਾਈਆਂ ਦੇ ਨਾਲ ਉਨ੍ਹਾ ਦੀ ਹਮਾਇਤ ਵਿਚ ਤਾੜੀਆਂ ਮਾਰਨ ਵਾਲੇ ਸ਼ਰਾਰਤੀ ਲੋਕਾਂ ਤੇ ਸਿੱਖ ਰਾਜਸੀ ਆਗੂਆਂ ਵਲੋਂ ਮੌਕਾਪ੍ਰਸਤ ਰਾਜਸੀ ਸੋਚ ਅਧੀਨ ਖਾਲਿਸਤਾਨੀ ਆਗੂਆਂ ਦੀਆਂ ਬੇਦੋਸ਼ੇ ਲੋਕਾਂ ਨੂੰ ਮਾਰਨ ਦੀਆਂ ਘਟਨਾਵਾਂ ਦੀ ਸਪੱਸ਼ਟ ਨਿੰਦਿਆ ਤੇ ਨਿਖੇੜਾ ਨਾ ਕਰਨ ਦੀ ਨੀਤੀ ਵੀ ਸ਼ਾਮਲ ਹੈ। ਸਮੁੱਚੇ ਪੰਜਾਬੀਆਂ ਤੇ ਸਿੱਖ ਕਾਜ਼ ਪ੍ਰਤੀ ਪੂਰਨ ਹਮਾਇਤ ਦੇ ਨਾਲ ਨਾਲ, ਜੇਕਰ ਆਮ ਸਿੱਖਾਂ ਵਲੋਂ ਖਾਲਿਸਤਾਨੀ ਦਹਿਸ਼ਤਗਰਦਾਂ ਤੋਂ ਸਪੱਸ਼ਟ ਨਿਖੇੜੇ ਦਾ ਪੈਂਤੜਾ ਸਮੇਂ ਸਿਰ ਲਿਆ ਗਿਆ ਹੁੰਦਾ ਤਾਂ ਕਾਂਗਰਸ ਪਾਰਟੀ ਤੇ ਸੰਘ ਪਰਿਵਾਰ ਦੀਆਂ ਸਾਰੀਆਂ ਸਾਜਿਸ਼ਾਂ ਦੇ ਬਾਵਜੂਦ ਨਾ ਪੰਜਾਬ ਅੰਦਰ ਹਜ਼ਾਰਾਂ ਬੇਗੁਨਾਹ ਲੋਕਾਂ ਦੀਆਂ ਹੱਤਿਆਵਾਂ ਹੁੰਦੀਆਂ, ਨਾ ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਨ ਦੀ ਜ਼ੁਰਅਤ ਇੰਦਰਾ ਗਾਂਧੀ ਦੀ ਸਰਕਾਰ ਕਰਦੀ ਤੇ ਨਾ ਹੀ 1984 ਵਿਚ ਦਿੱਲੀ ਦੀਆਂ ਸੜਕਾਂ ਉਪਰ ਬੇਦੋਸ਼ ਸਿੱਖਾਂ ਦਾ ਖੂਨ ਡੁਲਦਾ। ਕਾਂਗਰਸ ਪਾਰਟੀ ਦੇ ਸ਼ਾਸਨ ਦੇ ਨਾਲ ਹੀ ਦਿੱਲੀ ‘ਚ ਆਰ.ਐਸ.ਐਸ. ਇਕ ਬਹੁਤ ਹੀ ਮਜ਼ਬੂਤ ਸ਼ਕਤੀ ਹੈ, ਜਿੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਜਦੋਂਕਿ ਪੱਛਮੀ ਬੰਗਾਲ ਵਿਚ, ਜਿੱਥੇ ਕਾਮਰੇਡ ਜਿਓਤੀ ਬਾਸੂ ਦੀ ਅਗਵਾਈ ਹੇਠ ਖੱਬੇ ਪੱਖ ਦੀ ਸਰਕਾਰ ਹੋਂਦ ਵਿਚ ਸੀ, ਕੁੱਝ ਕੁ ਇੱਕੜ-ਦੁੱਕੜ ਘਟਨਾਵਾਂ ਤੋਂ ਬਿਨਾਂ ਇਕ ਵੀ ਸਿੱਖ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਅਫਸੋਸ ਇਸ ਗੱਲ ਦਾ ਵੀ ਹੈ ਕਿ 1984 ਦੇ ਇਸ ਅਮਾਨਵੀ ਵਰਤਾਰੇ ਨੂੰ ਅਜੇ ਵੀ ਬਹੁਤ ਸਾਰੇ ਲੋਕ ਆਪਣੇ ਸੌੜੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਇਕ-ਪਾਸੜ ਤੇ ਤੰਗ ਨਜ਼ਰੀਏ ਨਾਲ ਹੀ ਪੇਸ਼ ਕਰਦੇ ਹਨ, ਜਦਕਿ ਜ਼ਰੂਰਤ ਉਸ ਵੇਲੇ ਦੇ ਹਾਲਤਾਂ ਨੂੰ ਦਵੰਦਵਾਦੀ ਢੰਗ ਨਾਲ ਘੋਖਣ ਦੀ ਹੈ, ਤਾਂ ਜੋ ਅੱਗੋਂ ਅਜਿਹਾ ਕਾਲਾ ਦੌਰ ਮੁੜ ਨਾ ਵਾਪਰ ਸਕੇ।
ਅੱਜ ਜਦੋਂਕਿ ਦੇਸ਼ ਦੀ ਸੱਤਾ ਉਪਰ ਆਰ.ਐਸ.ਐਸ. ਪ੍ਰਤੀ ਸਮਰਪਤ ਮੋਦੀ ਸਰਕਾਰ ਬੈਠੀ ਹੋਈ ਹੈ, ਅਤੇ ਹਿੰਦੂਤਵਵਾਦੀ ਸ਼ਕਤੀਆਂ ਨੇ ਧਰਮ ਅਧਾਰਤ ਰਾਸ਼ਟਰ ਕਾਇਮ ਕਰਨ ਵਾਸਤੇ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਕਮਿਊਨਿਸਟਾਂ ਸਮੇਤ ਸਮੂਹ ਅਗਾਂਹਵਧੂ ਲੋਕਾਂ, ਸਾਹਿਤਕਾਰਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਉਪਰ ਹਿੰਸਕ ਤੇ ਵਿਚਾਰਧਾਰਕ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ, ਤਦ ਸਾਨੂੰ ਇਸ ਤਰ੍ਹਾਂ ਦਾ ਸਾਂਝਾ ਪੈਂਤੜਾ ਅਖਤਿਆਰ ਕਰਨ ਦੀ ਜ਼ਰੂਰਤ ਹੈ, ਜੋ ਦੇਸ਼ ਅੰਦਰ ਹਕੀਕੀ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਦੀ ਰਾਖੀ ਕਰ ਸਕੇ ਤੇ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਨੂੰ ਭਾਂਜ ਦੇ ਸਕੇ। ਇਸ ਮੰਤਵ ਨੂੰ ਹਾਸਲ ਕਰਨ ਲਈ ਦੇਸ਼ ਭਰ ਦੇ ਸਮੂਹ ਲੋਕਾਂ ਨੂੰ, ਜਿਨ੍ਹਾਂ ਵਿਚ ਭਾਰੀ ਬਹੁਗਿਣਤੀ ਹਿੰਦੂ ਧਰਮ ਦੇ ਅਨੁਆਈ ਵੀ ਹਨ, ਨੇ ਜਿੱਥੋਂ ਮਿਲਕੇ ਫਿਰਕੂ ਫਾਸ਼ੀਵਾਦੀ ਸ਼ਕਤੀਆਂ ਵਿਰੁੱਧ ਸੰਘਰਸ਼ ਅੰਦਰ ਆਪਣਾ ਯੋਗਦਾਨ ਪਾਉਣਾ ਹੈ, ਉਥੇ ਦੇਸ਼ ਦੀਆਂ ਸਮੂਹ ਧਾਰਮਿਕ ਘੱਟ ਗਿਣਤੀਆਂ ਨੇ ਵੀ ਆਪਣੀ ਸੁਰੱਖਿਆ, ਸਨਮਾਨ ਤੇ ਵੱਖਰੀ ਪਹਿਚਾਨ ਕਾਇਮ ਰੱਖਣ ਵਾਸਤੇ ਧਰਮ ਨਿਰਪੱਖ ਤੇ ਜਮਹੂਰੀ ਨਜ਼ਰੀਏ ਤੋਂ ਦੇਸ਼ ਵਿਆਪੀ ਸਾਂਝੀ ਜਮਹੂਰੀ ਲਹਿਰ ਦੇ ਸੰਗ ਖੜਨਾ ਹੈ। ਇਹ ਧਿਆਨ ਰੱਖਣਾ ਹੋਵੇਗਾ ਕਿ ਧਾਰਮਿਕ ਘੱਟ ਗਿਣਤੀਆਂ ਵਿਚਲੇ ਫਿਰਕੂ, ਸ਼ਰਾਰਤੀ ਤੇ ਦੇਸ਼ ਵਿਰੋਧੀ ਤੱਤ ਆਪਣੇ ਨਫਰਤ ਭਰੇ ਫਿਰਕੂ ਪ੍ਰਚਾਰ ਰਾਹੀਂ ਸਥਿਤੀ ਦਾ ਲਾਹਾ ਲੈ ਕੇ ਧਾਰਮਿਕ ਘੱਟ ਗਿਣਤੀਆਂ ਦੇ ਸਧਾਰਨ ਲੋਕਾਂ ਨੂੰ ਗੁਮਰਾਹ ਨਾ ਕਰ ਸਕਣ। ਫਿਰਕਾਪ੍ਰਸਤ ਤੇ ਵੰਡਵਾਦੀ ਸ਼ਕਤੀਆਂ, ਭਾਵੇਂ ਉਹ ਕਿਸੇ ਵੀ ਧਰਮ, ਜਾਤੀ, ਫਿਰਕੇ ਜਾਂ ਇਲਾਕੇ ਨਾਲ ਸੰਬੰਧਤ ਹੋਣ, ਮਿਹਨਤਕਸ਼ ਲੋਕਾਂ ਦੀਆਂ ਮਿੱਤਰ ਨਹੀਂ ਹੋ ਸਕਦੀਆਂ। ਧਾਰਮਿਕ ਘੱਟ ਗਿਣਤੀਆਂ ਅੰਦਰਲੇ ਫਿਰਕੂ ਤੇ ਅੱਤਵਾਦੀ ਤੱਤ ਵੀ ਬੁੱਕਲ ਵਿਚਲੇ ਸੱਪ ਵਾਂਗ ਹਨ, ਜੋ ਓਨੇ ਹੀ ਜ਼ਹਿਰੀਲੇ ਤੇ ਖਤਰਨਾਕ ਹਨ, ਜਿਨ੍ਹੇ ਕਿ ਭਗਵੇਂ ਬ੍ਰਗੇਡ ਤੇ ਹਾਕਮ ਲੁਟੇਰੀਆਂ ਜਮਾਤਾਂ ਦੇ ‘ਭੱਦਰਪੁਰਸ਼’।