Now Reading
ਤੂੰ ਵਿਦਾ ਹੋਇਓਂ, ਦਿਲ ਤੇ ਉਦਾਸੀ ਛਾ ਗਈ….

ਤੂੰ ਵਿਦਾ ਹੋਇਓਂ, ਦਿਲ ਤੇ ਉਦਾਸੀ ਛਾ ਗਈ….

81 ਸਾਲਾਂ ਦੀ ਉਮਰ ਵਿਚੋਂ 60 ਸਾਲ ਲਾਲ ਝੰਡਾ ਮੋਢੇ ’ਤੇ ਚੁੱਕ ਕੇ ਕਿਰਤੀਆਂ ਦੀ ਬੰਦਖਲਾਸੀ ਲਈ ਜੂਝਦਾ ਹੋਇਆ ਜਦੋਂ ਕੋਈ ਇਨਸਾਨ ਸੰਸਾਰ ’ਚੋਂ ਵਿਦਾ ਹੁੰਦਾ ਹੈ, ਤਾਂ ਉਸਦੀ ਪਾਰਟੀ, ਪਰਿਵਾਰ ਤੇ ਦੁਨੀਆਂ ਵਾਲੇ ਉਸ ’ਤੇ ਹੱਕ ਵਜਾਨਬ ਮਾਣ ਕਰ ਸਕਦੇ ਹਨ। 6 ਦਹਾਕਿਆਂ ਦੇ ਇਸ ਇਨਕਲਾਬੀ ਸਫ਼ਰ ’ਚੋਂ ਹਮੇਸ਼ਾ ਇਨਕਲਾਬੀ ਧਾਰਾ ਵਾਲੀ ਕਮਿਊਨਿਸਟ ਲਹਿਰ ਨਾਲ ਜੁੜੇ ਰਹਿਣਾ ਤਾਂ ਹੋਰ ਵੀ ‘ਸੋਨੇ ’ਤੇ ਸੁਹਾਗੇ’ ਵਾਲੀ ਗੱਲ ਕਹੀ ਜਾ ਸਕਦੀ ਹੈ। ਅਜਿਹੇ ਹੀ ਇਕ ਯੋਧੇ, ਕਾਮਰੇਡ ਦੇਵ ਫਿਲੌਰ ਦੀ ਅੰਤਮ ਯਾਤਰਾ ਵਿਚ ਸ਼ਾਮਲ ਬੇਸ਼ੁਮਾਰ ਲੋਕਾਂ ਦਾ ਕਾਫ਼ਲਾ ਜਦੋਂ ਫਿਲੌਰ ਦੇ ਸਮਸ਼ਾਨ ਘਰ ਵੱਲ ਨੂੰ ਕਦਮ ਦਰ ਕਦਮ ਅੱਗੇ ਵੱਧ ਰਿਹਾ ਸੀ, ਤੇ ਹੱਥਾਂ ’ਚ 81 ਲਾਲ ਫੁਰੇਰਿਆਂ ਵਾਲੇ ਨੌਜਵਾਨਾਂ ’ਤੇ ਸੈਂਕੜੇ ਯੁੱਧ ਸਾਥੀਆਂ ਵਲੋਂ ਦੇਵ ਫਿਲੌਰ ਲਈ ਸੂਹੀ ਸਲਾਮ ਦੇ ਨਾਅਰੇ ਬੁਲੰਦ ਕੀਤੇ ਜਾ ਰਹੇ ਸਨ ਤਾਂ ਉਦੋਂ ਇਹ ਭਰੋਸਾ ਹੋਰ ਪਕੇਰਾ ਹੋ ਗਿਆ ਕਿ ਲੋਕਾਈ ਕਿਸੇ ਵੀ ਇਨਸਾਨ ਵਲੋਂ ਸਮਾਜਿਕ ਬਦਲਾਅ ਲਈ ਕੀਤੀ ਬੇਲਾਗ ਜਦੋ-ਜਹਿਦ ਨੂੰ ਕਦੀ ਵੀ ਮਨੋਂ ਨਹੀਂ ਵਿਸਾਰਦੀ। ਫਿਲੌਰ ਕਸਬੇ ਤੇ ਸਾਰੇ ਪੰਜਾਬ ਦੇ ਲੋਕ ਅਤੇ ਪਾਰਟੀ ਵਿਚਲੇ ਉਨ੍ਹਾਂ ਦੇ ਸੰਗੀ-ਸਾਥੀ ਉਨ੍ਹਾਂ ਨੂੰ ਕਾਮਰੇਡ ਦੇਵ ਕਹਿ ਕੇ ਪੁਕਾਰਦੇ ਸਨ। ਇਕ ਅਜਿਹਾ ਸੰਬੋਧਨ, ਜਿਸ ’ਚੋਂ ਨਿੱਕਲ ਕੇ ਜਦੋਂ ਕਰਾਂਤੀਕਾਰੀ ਭਾਵਨਾ ਦੀ ਮਹਿਕ ਚੁਫ਼ੇਰੇ ਖਿੰਡ ਜਾਂਦੀ ਹੁੰਦੀ ਸੀ ਤਾਂ ਉਦੋਂ ਸੱਚਮੁੱਚ, ਕਿਰਤੀ ਪਰਿਵਾਰ ’ਚੋਂ ਪੈਦਾ ਹੋਏ, ਆਰਥਿਕ ਤੇ ਸਮਾਜਿਕ ਨਪੀੜਨ ਦਾ ਦਰਦ ਹੰਢਾਉਂਦੇ ਹੋਏ ਵੀ, ਕਮਿਊਨਿਸਟ ਲਹਿਰ ਸੰਗ ਜੀਵਨ ਭਰ ਅਡੋਲ ਤੁਰਦੇ ਰਹੇ ਸਾਥੀ ਦੇਵ ਫਿਲੌਰ ਪ੍ਰਤੀ ਲੋਕਾਂ ਦੇ ਖਾਸ ਸਨੇਹ ਦਾ ਪ੍ਰਗਟਾਵਾ ਹੰੁਦਾ ਸੀ।
ਸਾਥੀ ਦੇਵ ਦੇ ਮਨ ਅੰਦਰ ਨਾ ਬਰਾਬਰੀ ਪੈਦਾ ਕਰਨ ਵਾਲੇ ਪੂੰਜੀਵਾਦੀ ਢਾਂਚੇ ਤੇ ਲੋਟੂ ਸ਼੍ਰੇਣੀ ਵਿਰੁੱਧ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹ ਹਮੇਸ਼ਾ ਕਿਰਤੀਆਂ ਦੇ ਏਕੇ ਅਤੇ ਖਾੜਕੂ ਸੰਘਰਸ਼ ਪ੍ਰਤੀ ਆਸ਼ਾਵਾਦੀ ਤਾਂਘ ਰੱਖਦਾ ਸੀ। ਮੈਂ ਜਦੋਂ ਵੀ ਕਦੀ ਦੇਵ ਨੂੰ ਮਿਲਿਆ, ਤਾਂ ਉਹੋ ਇਹ ਕਹਿੰਦਾ, ‘‘ਕਾਮਰੇਡ ਮੇਰਾ ਜੀਅ ਕਰਦਾ ਹੈ ਕਿ ਕਿਤੇ ਲੱਖ ਦੋ ਲੱਖ ਦਿਹਾਤੀ ਮਜ਼ਦੂਰ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੜਕਾਂ ਤੇ ਆ ਕੇ ਬਹਿ ਜਾਣ ਅਤੇ ਮੈਂ ਉਨ੍ਹਾਂ ਦੀ ਅਗਵਾਈ ਕਰਦਾ ਹੋਇਆ ਉਥੇ ਹੀ ਮੌਤ ਦੀ ਝੋਲੀ ਜਾ ਪਵਾਂ।’’ ਇੰਨ੍ਹਾਂ ਸ਼ਬਦਾਂ ’ਚੋਂ ਕਾਮਰੇਡ ਦਾ ਕਿਰਤੀ ਜਮਾਤ ਲਈ ਦਰਦ ਵੀ ਝਲਕਦਾ ਸੀ ਤੇ ਫੈਸਲਾਕੁੰਨ ਸੰਘਰਸ਼ ਵਿੱਢਣ ਦੀ ਤੀਬਰ ਇੱਛਾ ਵੀ ਡੁੱਲ੍ਹ-ਡੁੱਲ ਪੈਂਦੀ ਸੀ।
ਜਦੋਂ ਕਦੀ ਵੀ ਕਮਿਊਨਿਸਟ ਲਹਿਰ ਅੰਦਰ ਵਿਚਾਰਧਾਰਕ ਮੁੱਦਿਆਂ ਨੂੰ ਲੈ ਕੇ ਕੋਈ ਸੰਜ਼ੀਦਾ ਬਹਿਸ ਛਿੜੀ ਤਾਂ ਕਾਮਰੇਡ ਦੇਵ ਨੇ ਅਜਿਹੇ ਹਰ ਮੋੜ ’ਤੇ ਦਰੁਸਤ ਰਾਜਨੀਤਕ ਪੈਂਤੜਾ ਲਿਆ। ਇਹ ਵਜ੍ਹਾ ਹੈ ਕਿ 1964 ’ਚ ਕਮਿਊਨਿਸਟ ਪਾਰਟੀ ਦੇ ਦੋਫਾੜ ਹੋਣ ਸਮੇਂ ਉਸਨੇ ਸੀ.ਪੀ.ਆਈ.(ਐਮ) ਨਾਲ ਖੜ੍ਹਣ ਦਾ ਦਰੁਸਤ ਨਿਰਣਾ ਲਿਆ। ਪਿੱਛੋਂ ਜਾ ਕੇ ਜਦੋਂ ਸੀ.ਪੀ.ਆਈ. (ਐਮ) ਸੁਧਾਰਵਾਦ ਦੀ ਸ਼ਿਕਾਰ ਹੋ ਕੇ 1964 ਦੇ ਪ੍ਰੋਗਰਾਮ ਦੀਆਂ ਬੁਨਿਆਦੀ ਸਥਾਪਨਾਵਾਂ ’ਚ ਖੋਟ ਰਲਾਉਣ ਦੇ ਰਾਹੇ ਪੈ ਗਈ, ਤਾਂ ਕਾਮਰੇਡ ਦੇਵ ਫਿਰ ਸੂਹੀ ਤੇ ਖਰੀ ਵਿਚਾਰਧਾਰਕ ਸੇਧ ਦਾ ਪੱਲਾ ਫੜ੍ਹਕੇ ਸੀ.ਪੀ.ਐਮ.ਪੰਜਾਬ ਦੇ ਬਾਨੀ ਆਗੂਆਂ ’ਚ ਖਲੋਅ ਗਿਆ। ਇਹੀ ਪਾਰਟੀ, 2017 ’ਚ ਜਦੋਂ ਆਰ.ਐਮ.ਪੀ.ਆਈ. ਦੇ ਰੂਪ ’ਚ ਦੇਸ਼ ਪੱਧਰ ’ਤੇ ਠੰਗਠਿਤ ਹੋ ਗਈ ਤਾਂ ਇਸਦੇ ਸਤਿਕਾਰਤ, ਬਾਨੀ ਆਗੂਆਂ ’ਚ ਦੇਵ ਫਿਲੌਰ ਦਾ ਨਾਂ ਵੀ ਸ਼ੁਮਾਰ ਹੋ ਗਿਆ। ਉਹ ਸਿਰਫ ਆਪ ਹੀ ਕਿਰਤੀ ਦੀ ਬੰਦ ਖਲਾਸੇ ਦੇ ਬਿਖੜੇ ਰਾਹਾਂ ’ਤੇ ਸਾਬਤ ਕਦਮੀ ਨਹੀਂ ਤੁਰਿਆ, ਬਲਕਿ ਉਸਨੇ ਆਪਣੀ ਸੁਪਤਨੀ, ਦੋ ਸਪੁੱਤਰਾਂ, ਨੂੰਹਾਂ ਤੇ ਭੈਣਾਂ ਨੂੰ ਵੀ ਇਨਕਲਾਬੀ ਲਹਿਰ ਸੰਗ ਤੁਰਨ ਵਾਸਤੇ ਪ੍ਰੇਰਿਆ। ਇਕ ਵਾਰ ਜਦੋਂ ਮੈਂ ਕਿਸੇ ਸਮਾਜਿਕ ਫੰਕਸ਼ਨ ’ਤੇ ਉਨ੍ਹਾਂ ਦੇ ਘਰ ਗਿਆ ਤਾਂ ਉਨ੍ਹਾਂ ਆਪਣਾ ਪੋਤਾ ਮੇਰੀ ਝੋਲੀ ’ਚ ਲਿਆ ਪਾਇਆ। ਭਵਿੱਖ ਦੇ ਗਰਭ ’ਚ ਕੀ ਹੈ ਇਹ ਕਹਿਣਾ ਤਾਂ ਬਹੁਤ ਔਖਾ ਹੈ। ਪਰ ਉਪਰੋਕਤ ਘਟਨਾ ਇਹ ਸਿੱਧ ਕਰਦੀ ਹੈ ਕਿ ਕਾਮਰੇਡ ਦੇਵ ਦੀ ਇਹ ਦਿਲੀ ਇੱਛਾ ਸੀ ਕਿ ਉਸ ਦੀ ਤੀਜੀ ਪੀੜ੍ਹੀ ਵੀ ਲਾਲ ਝੰਡੇ ਦੀ ਲਹਿਰ ਸੰਗ ਜੁੜੇ। ਉਨ੍ਹਾਂ ਦੀ ਇਸੇ ਪ੍ਰਤੀਬੱਧਤਾ ਕਰਕੇ ਹੀ ਉਨ੍ਹਾਂ ਦੀ ਅੰਤਮ ਯਾਤਰਾ ’ਚ ਉਨ੍ਹਾਂ ਦੇ ਦੋ ਬੇਟੇ, ਨੂੰਹਾਂ, ਪੋਤੇ ਤੇ ਬਾਕੀ ਸਕੇ ਸਬੰਧੀ ਅਤੇ ਸੈਂਕੜੇ ਵਿਚਾਰਾਂ ਦੇ ਹਾਣੀ ਮਾਣ ਨਾਲ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਬੁਲੰਦ ਕਰ ਰਹੇ ਸਨ। ਉਨ੍ਹਾਂ ਦਾ ਇਕ ਬੇਟਾ ਜਰਨੈਲ ਫਿਲੌਰ ਆਰ.ਐਮ.ਪੀ.ਆਈ. ਦੀ ਜਲੰਧਰ-ਕਪੂਰਥਲਾ ਜ਼ਿਲ੍ਹਾ ਕਮੇਟੀ ਤੇ ਦਿਹਾਤੀ ਮਜ਼ਦੂਰ ਸਭਾ ਦੀ ਸੂਬਾਈ ਵਰਕਿੰਗ ਕਮੇਟੀ ਦਾ ਮੈਂਬਰ ਹੈ, ਜਦਕਿ ਦੂਸਰਾ ਪੰਜਾਬ ਦੀ ਮੁਲਾਜ਼ਮ ਲਹਿਰ ਦਾ ਸਿਰਮੌਰ ਆਗੂ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਨੂੰਹ ਸੁਨੀਤਾ ਰਾਣੀ ਵੀ ਜਨਵਾਦੀ ਇਸਤਰੀ ਸਭਾ ਦੇ ਹਰ ਸੱਦੇ ’ਤੇ ਸ਼ਾਮਿਲ ਹੋ ਕੇ ਕਾਮਰੇਡ ਦੇਵ ਦੀ ਇਨਕਲਾਬੀ ਵਿਰਾਸਤ ਨੂੰ ਅੱਗੇ ਤੋਰਦੀ ਹੈ।
ਦਲਿਤ ਪਰਿਵਾਰ ’ਚ ਜਨਮ ਲੈ ਕੇ, ਹਰ ਆਰਥਿਕ ਤੇ ਸਮਾਜਿਕ ਔਕੜ ਨਾਲ ਦੋ ਚਾਰ ਹੁੰਦੇ ਹੋਏ ਵੀ, ਸਾਥੀ ਦੇਵ ਨੇ ਅੰਤਿਮ ਸਾਹਾਂ ਤੱਕ ਇਨਕਲਾਬੀ ਵਿਚਾਰਧਾਰਾ ਦਾ ਸੂਹਾ ਪਰਚਮ ਹਮੇਸ਼ਾ ਬੁਲੰਦ ਰੱਖਿਆ। ਕੰਮ ਕਰਨ ਦੀ ਰਫਤਾਰ ਤਾਂ ਹਾਲਤਾਂ ਮੁਤਾਬਕ ਬੇਸ਼ਕ ਕਦੀ ਤੇਜ਼ ਜਾਂ ਹੌਲੀ ਹੋਈ ਹੋਵੇ, ਪਰ ਸੱਚੇ ਮਾਰਗ ਤੁਰਦਿਆਂ ਪੈਰਾਂ ਦੀ ਥਿੜਕਣ ਕਾਮਰੇਡ ਦੇਵ ਦੇ ਹਿੱਸੇ ਕਦੀ ਵੀ ਨਹੀਂ ਸੀ ਆਈ। ਉਹ ਸਮਾਜਿਕ ਤਬਦੀਲੀ ਦੀ ਅੰਤਮ ਸਫਲਤਾ ਵਾਸਤੇ ਪੂਰੀ ਤਰ੍ਹਾਂ ਨਾਲ ਦਿ੍ਰੜ ਸੰਕਲਪ ਵੀ ਸੀ ਤੇ ਇਸ ਸਫਲਤਾ ’ਚ ਉਸਦਾ ਵਿਸ਼ਵਾਸ਼ ਵੀ ਅਟੁੱਟ ਸੀ। ਮੈਂ ਉਨ੍ਹਾਂ ਦੀ ਮੌਤ ਤੋਂ ਦੋ ਕੁ ਹਫਤੇ ਪਹਿਲਾਂ ਜਦੋਂ ਮੰਜੇ ’ਤੇ ਬੈਠਾ ਉਨ੍ਹਾਂ ਨਾਲ ਗੱਲਬਾਤ ਕਰ ਰਿਹਾ ਸਾਂ ਤਾਂ ਦੇਵ ਨੇ ਇਕਦਮ ਬੈਠ ਕੇ ਮੇਰੇ ਨਾਲ ਸਾਂਝੀ ਫੋਟੋ ਖਿਚਵਾਈ। ਜਿੱਥੇ ਇਹ ਮੇਰੀ ਜ਼ਿੰਦਗੀ ਦੇ ਯਾਦਗਾਰੀ ਪਲ ਹਨ, ਉਥੇ ਕਾਮਰੇਡ ਦੇਵ ਨਾਲ ਵਿਚਾਰਧਾਰਕ ਸਾਂਝ ਦੀ ਖੂਬਸੂਰਤ ਨਿਸ਼ਾਨੀ ਵੀ ਨੇ। ਕਾਮਰੇਡ ਦੇਵ ਸਰੀਰਕ ਤੌਰ ’ਤੇ ਸੰਸਾਰ ’ਚੋਂ ਚਲਾ ਗਿਆ ਹੈ ਪਰ ਜਾਪਦਾ ਹੈ ਜਿਵੇਂ ਕੋਲ ਬੈਠਾ ਹੁਣ ਵੀ ਸੁਰਜੀਤ ਪਾਤਰ ਦੀ ਲਿਖੀ ਸਦਾ ਜੂਝਦੇ ਰਹਿਣ ਲਈ ਪ੍ਰੇਰਦੀ ਗਜ਼ਲ ਦੀਆਂ ਸਤਰਾਂ ਗੁਣਗੁਣਾ ਰਿਹਾ ਹੈ :
‘‘ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ,
ਪਾਣੀ ਨੇ ਮੇਰੇ ਗੀਤ ਤੇ ਮੈਂ ਪਾਣੀ ਤੇ ਲੀਕ ਹਾਂ।’’

  • ਮੰਗਤ ਰਾਮ ਪਾਸਲਾ
Scroll To Top