Now Reading
ਕੌਮਾਂਤਰੀ ਪਿੜ : ਸਮੁੱਚੇ ਏਸ਼ੀਆ ਵਿਚ ਜੰਗੀ ਤਣਾਅ ਦਾ ਕਾਰਨ ਬਣੇਗੀ ਅਮਰੀਕੀ ਸਪੀਕਰ ਨੈਨਸੀ ਪੇਲੋਸੀ ਦੀ ਤਾਈਵਾਨ ਫੇਰੀ

ਕੌਮਾਂਤਰੀ ਪਿੜ : ਸਮੁੱਚੇ ਏਸ਼ੀਆ ਵਿਚ ਜੰਗੀ ਤਣਾਅ ਦਾ ਕਾਰਨ ਬਣੇਗੀ ਅਮਰੀਕੀ ਸਪੀਕਰ ਨੈਨਸੀ ਪੇਲੋਸੀ ਦੀ ਤਾਈਵਾਨ ਫੇਰੀ

ਅਮਰੀਕੀ ਸੰਸਦ ਦੇ ਹੇਠਲੇ ਸਦਨ, ‘ਹਾਊਸ ਆਫ ਰਿਪ੍ਰੈਜੇਨਟੇਟਿਵਜ਼’, ਜਿਹੜਾ ਕਿ ਸਾਡੇ ਦੇਸ਼ ਦੀ ਲੋਕ ਸਭਾ ਦੀ ਤਰ੍ਹਾਂ ਹੈ, ਦੀ ਸਪੀਕਰ ਨੈਨਸੀ ਪੇਲੋਸੀ ਨੇ ਇਸੇ 2-3 ਅਗਸਤ ਨੂੰ ਤਾਈਵਾਨ ਦੀ ਯਾਤਰਾ ਕੀਤੀ ਸੀ। ਰਾਤ ਦੇ ਹਨੇਰੇ ਵਿਚ 2 ਅਗਸਤ ਨੂੰ ਉਹ ਤਾਈਵਾਨ ਦੀ ਰਾਜਧਾਨੀ ਤਾਈਪੇਹ ਪੁੱਜੀ। ਉਸਦੀ ਇਸ ਯਾਤਰਾ ਨੂੰ ਉਸਦੀ ਏਸ਼ੀਆ ਫੇਰੀ ਦੀ ਸਾਰਣੀ ਵਿਚ ਅਗਾਊ ਸ਼ਾਮਲ ਨਹੀਂ ਦਰਸਾਇਆ ਗਿਆ ਸੀ ਅਤੇ ਉਸਦੇ ਜ਼ਹਾਜ ਨੇ ਬੜੇ ਹੀ ਗੁਪਤ ਰੂਪ ਵਿਚ ਕਿਸੇ ਦੱਖਣੀ ਏਸ਼ੀਆਈ ਦੇਸ਼ ਤੋਂ ਤਾਈਪੇਹ ਲਈ ਉਡਾਨ ਭਰੀ ਸੀ। ਤਾਈਪੇਹ ਹਵਾਈ ਅੱਡੇ ’ਤੇ ਵੀ ਜਦੋਂ ਉਹ ਉਤਰੀ ਤਾਂ ਪੂਰਣ ਹਨੇਰਾ ਸੀ ਅਤੇ ਸਿਰਫ ਇਕ ਟਾਰਚ ਦੀ ਰੌਸ਼ਨੀ ਵਿਚ ਉਸਨੂੰ ਜ਼ਹਾਜ ਤੋਂ ਬਾਹਰ ਲਿਆਂਦਾ ਗਿਆ ਸੀ। ਹਵਾਈ ਜ਼ਹਾਜ ਵਲੋਂ ਤਾਈਪੇਹ ਲਈ ਉਡਾਨ ਭਰਨ ਵੇਲੇ ਵੀ ਪਹਿਲਾਂ ਉਸਦੇ ਹਵਾਈ ਜ਼ਹਾਜ ਦਾ ਰੁੱਖ ਕਿਸੇ ਹੋਰ ਦਿਸ਼ਾ ਵੱਲ ਸੀ ਜੋ ਇਕਦਮ ਤਾਈਵਾਨ ਵੱਲ ਮੋੜ ਦਿੱਤਾ ਗਿਆ ਸੀ। ਇਸ ਤਰ੍ਹਾਂ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਫੌਜੀ ਸ਼ਕਤੀ ਦੀ ਸਰਕਾਰ ਦੀ ਤੀਜੀ ਵੱਡੀ ਹਸਤੀ ਬੜੇ ਹੀ ਲੁਕੇ-ਛੁਪੇ ਢੰਗ ਨਾਲ ਤਾਈਵਾਨ ਪੁੱਜੀ। ਉਸਦੀ ਇਹ ਫੇਰੀ ਉਸ ਵੇਲੇ ਹੋ ਰਹੀ ਸੀ ਜਦੋਂ ਅਮਰੀਕੀ ਜਲ ਸੈਨਾ ਦੀ ਅਗਵਾਈ ਵਿਚ ਪ੍ਰਸ਼ਾਂਤ ਸਾਗਰ ਖੇਤਰ, ਜਿਹੜਾ ਕਿ ਤਾਈਵਾਨ ਦੇ ਨਾਲ ਲਗਦਾ ਹੈ, ਵਿਚ ਅਮਰੀਕਾ, ਜੀ-7 ਦੇ ਹੋਰ ਦੇਸ਼ਾਂ ਤੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ 19 ਦੇਸ਼ਾਂ ਦੀਆਂ ਸਾਂਝੀਆਂ ਫੌਜੀ ਮਸ਼ਕਾਂ ਚਲ ਰਹੀਆਂ ਸਨ। ਇਸ ਕਾਰਵਾਈ ’ਚ 170 ਹਵਾਈ ਜ਼ਹਾਜ, 38 ਸਮੁੰਦਰੀ ਜ਼ਹਾਜ, ਚਾਰ ਪਨਡੁੱਬੀਆਂ ਤੇ 25000 ਫੌਜੀ ਸ਼ਾਮਲ ਸਨ।
ਲੋਕ ਗਣਰਾਜ ਚੀਨ ਨੇ ਨੈਨਸੀ ਪੇਲੋਸੀ ਦੀ ਇਸ ਤਾਈਵਾਨ ਫੇਰੀ ’ਤੇ ਸਖਤ ਰੋਸ ਜਤਾਇਆ ਹੈ। ਚੀਨ ਦੀ ਵਿਦੇਸ਼ ਵਜਾਰਤ ਦੇ ਬੁਲਾਰੇ ਨੇ 2 ਅਗਸਤ ਨੂੰ ਹੀ ਤਿੱਖੀ ਪ੍ਰਤਿਕਿ੍ਰਆ ਦਿੰਦਿਆਂ ਕਿਹਾ ਸੀ, ‘‘ਜੇਕਰ ਅਮਰੀਕਾ ਆਪਣੀ ਇਸੇ ਚਾਲੇ ਚੱਲਦਾ ਰਿਹਾ ਤਾਂ ਇਸ ਤੋਂ ਨਿਕਲਣ ਵਾਲੇ ਸਭ ਤਰ੍ਹਾਂ ਦੇ ਗੰਭੀਰ ਸਿੱਟਿਆਂ ਲਈ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਅਮਰੀਕਾ ਨੂੰ ਦਹਾਕਿਆਂ ਪਹਿਲਾਂ ਚੀਨ ਨਾਲ ਕੀਤੇ ਸਮਝੌਤਿਆਂ, ਸ਼ਿੰਘਾਈ ਕਮਿਊਨਿਕੀ ਤੇ ਅਜਿਹੇ ਹੋਰਾਂ ਸੰਧੀਆਂ ਤੇ ਐਲਾਨਨਾਮਿਆਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਨ੍ਹਾਂ ਵਿਚ ਉਸਨੇ ਤਾਈਵਾਨ ਨੂੰ ਚੀਨ ਦਾ ਹਿੱਸਾ ਪ੍ਰਵਾਨ ਕੀਤਾ ਹੋਇਆ ਹੈ।’’
ਨੈਨਸੀ ਪੇਲੋਸੀ ਨੇ ਆਪਣੀ ਇਸ ਯਾਤਰਾ ਨੂੰ ਮਹੱਤਵਪੂਰਨ ਦੱਸਦੇ ਹੋਏ, ਇਸਨੂੰ ਅਮਰੀਕਾ ਦੀ ਤਾਈਵਾਨ ਦੇ 2 ਕਰੋੜਾਂ 30 ਲੱਖ ਲੋਕਾਂ ਨਾਲ ਇਕਜੁਟਤਾ ਕਰਾਰ ਦਿੱਤਾ ਹੈ। ਆਪਣੇ ਇਸ ਨਾਪਾਕ ਕਾਰੇ ਨੂੰ ਇਸ ਵੇਲੇ ਸਭ ਤੋਂ ਲੋੜੀਂਦਾ ਕਰਾਰ ਦਿੰਦਿਆਂ ਉਸ ਨੇ ਕਿਹਾ ਕਿ ਦੁਨੀਆਂ ਨੂੰ ਤਾਨਾਸ਼ਾਹੀ ਜਾਂ ਜਮਹੂਰੀਅਤ ਵਿਚੋਂ ਇਕ ਨੂੰ ਚੁਣਨਾ ਪਵੇਗਾ।
ਤਾਈਵਾਨ, 168 ਟਾਪੂਆਂ ’ਤੇ ਅਧਾਰਤ ਪੂਰਬੀ ਚੀਨੀ ਸਮੁੰਦਰ ਤੇ ਦੱਖਣੀ ਚੀਨੀ ਸਮੁੰਦਰ ਦੀ ਹੱਦ ’ਤੇ ਸਥਿਤ ਦੇਸ਼ ਹੈ। ਸਭ ਤੋਂ ਵੱਡਾ ਟਾਪੂ ਤਾਈਵਾਨ ਕਹਾਉਂਦਾ ਹੈ, ਜਿਸਨੂੰੂ ਫਾਰਮੋਸਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਟਾਪੂ ਹਜ਼ਾਰਾਂ ਸਾਲਾਂ ਤੋਂ ਆਬਾਦ ਹਨ। 17ਵੀਂ ਸਦੀ ਵਿਚ ਇੱਥੇ ਡੱਚ ਸਾਮਰਾਜੀਆਂ ਦਾ ਕਬਜ਼ਾ ਸੀ। 1683 ਵਿਚ ਉਦੋਂ ਦੇ ਚੀਨੀ ਬਾਦਸ਼ਾਹ ਨੇ ਇਸਨੂੰ ਜਪਾਨ ਦੇ ਹਵਾਲੇ ਕਰ ਦਿੱਤਾ ਸੀ। 1644-1911 ਤੱਕ ਚੀਨ ਵਿਚ ਚਿੰਗ ਬਾਦਸ਼ਾਹਤ ਦਾ ਰਾਜ ਸੀ। 19ਵੀਂ ਸਦੀ ਵਿਚ ਚੀਨ ਨੂੰ ਈਸਟ ਇੰਡੀਆ ਕੰਪਨੀ ਤੇ ਜਾਪਾਨ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਦੇਸ਼ ਵਿਚ ਜਮਹੂਰੀ ਲਹਿਰ ਸ਼ਕਤੀਸ਼ਾਲੀ ਬਣੀ ਅਤੇ 1911-12 ਦੌਰਾਨ ਚੀਨੀ ਗਣਤੰਤਰ ਹੋਂਦ ਵਿਚ ਆਇਆ। ਸਨ-ਯਾਤ-ਸੇਨ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ। 1921 ਵਿਚ ਚੀਨ ਦੀ ਕਮਿਊਨਿਸਟ ਪਾਰਟੀ ਹੋਂਦ ਵਿਚ ਆਈ ਜੋ ਤੇਜ਼ੀ ਨਾਲ ਵਧੀ ਤੇ ਇਸਨੇ ਪਹਿਲਾਂ-ਪਹਿਲ ਸਨ-ਯਾਤ-ਸੇਨ ਦੀ ਅਗਵਾਈ ਵਾਲੀ ਕਿਉਂਮਿੰਨਤਾਂਗ ਰਾਸ਼ਟਰਵਾਦੀ ਪਾਰਟੀ ਨਾਲ ਸਹਿਯੋਗ ਕੀਤਾ। 1925 ਵਿਚ ਸਨ-ਯਾਤ-ਸੇਨ ਦੀ ਮੌਤ ਤੋਂ ਬਾਅਦ ਕਿਉਮਿੰਨਤਾਂਗ ਵਿਚ ਕਮਿਊਨਿਸਟ ਵਿਰੋਧੀ ਰੁਝਾਨ ਉਭਰੇ। 1928 ਵਿਚ ਚਿੰਆਂਗ-ਕਾਈ-ਸ਼ੇਕ ਸਰਕਾਰ ਦਾ ਮੁੱਖੀ ਬਣਿਆ। ਦੇਸ਼ ਵਿਚ ਖਾਨਾਜੰਗੀ ਸ਼ੁਰੂ ਹੋ ਗਈ। 1927 ਵਿਚ ਅਤੇ ਉਸ ਤੋਂ ਬਾਅਦ ਕਮਿਊਨਿਸਟਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਕੀਤਾ ਗਿਆ। 1937 ਵਿਚ ਜਾਪਾਨ ਨੇ ਦੇਸ਼ ’ਤੇ ਮੁੜ ਹਮਲਾ ਕੀਤਾ, ਜਿਸ ਕਰਕੇ ਕਮਿਊਨਿਸਟ ਪਾਰਟੀ ਤੇ ਕਿਉਮਿੰਨਤਾਂਗ ਦਾ ਸਾਂਝਾ ਮੋਰਚਾ ਬਣਿਆ। ਜਾਪਾਨ ਵਿਰੁੱਧ ਲੜਾਈ ਦੌਰਾਨ ਚੀਨੀ ਕਮਿਊਨਿਸਟ ਪਾਰਟੀ ਦੇ ਵੱਡੇ ਯੋਗਦਾਨ ਸਦਕਾ ਇਸਦਾ ਦੇਸ਼ ਭਰ ਵਿਚ ਪ੍ਰਭਾਵ ਵਧਿਆ ਅਤੇ 1945 ਵਿਚ ਦੂਜੀ ਸੰਸਾਰ ਜੰਗ ਵਿਚ ਜਾਪਾਨ ਦੀ ਹਾਰ ਤੋਂ ਬਾਅਦ ਇਹ ਇਕ ਪ੍ਰਮੁੱਖ ਰਾਜਨੀਤਕ ਸ਼ਕਤੀ ਬਣ ਗਈ। ਕਿਉਮਿੰਨਤਾਂਗ ਨਾਲ ਭਿਅੰਕਰ ਲੜਾਈ ’ਚ ਗੁਜ਼ਰਨ ਤੋਂ ਬਾਅਦ ਚੀਨੀ ਕਮਿਊਨਿਸਟ ਪਾਰਟੀ ਦੇਸ਼ ਵਿਚ ਇੰਨਕਲਾਬ ਲਿਆਉਣ ਵਿਚ ਸਫਲ ਰਹੀ ਸੀ। ਅਕਤੂਬਰ 1949 ਵਿਚ ‘ਲੋਕ ਗਣਰਾਜ ਚੀਨ’ ਹੋਂਦ ਵਿਚ ਆਇਆ ਅਤੇ ਕਾਮਰੇਡ ਮਾਓ-ਜ਼ੇ-ਤੁੰਗ ਦੇਸ਼ ਦੇ ਆਗੂ ਬਣੇ ਸਨ। ਚਿੰਆਂਗ-ਕਾਈ-ਸ਼ੇਕ ਭੱਜਕੇ ਤਾਈਵਾਨ ਟਾਪੂ ’ਤੇ ਚਲਾ ਗਿਆ ਅਤੇ ਆਪਣੇ ਆਪ ਨੂੰ ‘ਰਿਪਬਲਿਕ ਆਫ ਚਾਈਨਾ’ ਅਖਵਾਉਂਦਾ ਰਿਹਾ। ਉਸਨੂੰ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਨੇ ਮਾਨਤਾ ਵੀ ਪ੍ਰਦਾਨ ਕਰ ਦਿੱਤੀ ਸੀ। ਸਾਮਰਾਜੀ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਮੁਤਾਬਕ ਚੀਨ ਵਿਚ ਕਮਿਊਨਿਸਟ ਸ਼ਾਸਨ ਹੈ ਜਦੋਂਕਿ ਤਾਈਵਾਨ ਇਕ ਜਮਹੂਰੀ ਦੇਸ਼ ਹੈ। ਇਸ ਤਰ੍ਹਾਂ ਇਤਿਹਾਸਕ ਰੂਪ ਵਿਚ ਤਾਈਵਾਨ ਹਮੇਸ਼ਾ ਹੀ ਚੀਨ ਦਾ ਭਾਗ ਰਿਹਾ ਹੈ।
1972 ਤੱਕ ਅਮਰੀਕਾ ਤੇ ਪੱਛਮ ਦੇ ਹੋਰ ਪੂੰਜੀਵਾਦੀ ਦੇਸ਼ਾਂ ਦੇ ਚੀਨ ਨਾਲ ਕੂਟਨੀਤਕ ਸੰਬੰਧ ਨਹੀਂ ਸਨ ਅਤੇ ਉਹ ਤਾਈਵਾਨ ਨੂੰ ਹੀ ਚੀਨ ਵਜੋਂ ਮਾਨਤਾ ਦਿੰਦੇ ਸਨ। 1971 ਵਿਚ, ਉਸ ਵੇਲੇ ਦੇ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਆਪਣੇ ਸੁਰੱਖਿਆ ਸਲਾਹਕਾਰ ਹੇਨਰੀ ਕਿੰਗਰ ਨੂੰ ਗੁਪਤ ਰੂਪ ਵਿਚ ਚੀਨ ਭੇਜਿਆ ਅਤੇ 1972 ਵਿਚ ਉਹ ਖ਼ੁਦ ‘ਲੋਕ ਚੀਨ ਗਣਰਾਜ’ ਦੀ ਯਾਤਰਾ ’ਤੇ ਆਇਆ ਸੀ। ਉਸਦੀ ਇਸ ਯਾਤਰਾ ਦੇ ਨਾਲ ਚੀਨ ਦੇ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਨਾਲ ਸਬੰਧ ਹੀ ਸਥਾਪਤ ਨਹੀਂ ਹੋਏ ਬਲਕਿ ‘ਲੋਕ ਗਣਰਾਜ ਚੀਨ’ ਨੂੰ ਚੀਨ ਵਜੋਂ ਮਾਨਤਾ ਵੀ ਮਿਲੀ ਅਤੇ ਕੌਮਾਂਤਰੀ ਸੰਸਥਾਵਾਂ ਜਿਵੇਂ ਕਿ ‘ਸੰਯੁਕਤ ਰਾਸ਼ਟਰ ਸੰਘ’ ਵਿਚ ਵੀ ਅਖੌਤੀ ‘ਰਿਪਬਲਿਕ ਆਫ ਚਾਇਨਾ’ ਭਾਵ ਤਾਈਵਾਨ ਦੀ ਜਗ੍ਹਾ ‘ਲੋਕ ਗਣਰਾਜ ਚੀਨ’ ਨੇ ਥਾਂ ਹਾਸਲ ਕੀਤੀ। ਨਿਕਸਨ ਦੀ ਇਸੇ ਯਾਤਰਾ ਦੌਰਾਨ ‘ਸ਼ਿੰਘਾਈ ਕਮਿਊਨਿਕੀ’ ਨਾਂਅ ਦਾ ਸਮਝੌਤਾ ਹੋਇਆ ਸੀ। ਇਸ ਸਮਝੌਤੇ ਵਿਚ ਸਪੱਸ਼ਟ ਰੂਪ ਵਿਚ ਦਰਜ ਹੈ, ‘‘ਅਮਰੀਕਾ ਪ੍ਰਵਾਨ ਕਰਦਾ ਹੈ ਕਿ ਤਾਈਵਾਨ ਖਾੜੀ ਦੇ ਦੋਵੇਂ ਪਾਸੇ ਸਭ ਚੀਨੀ ਹਨ, ਪਰ ਚੀਨ ਇਕ ਹੈ ਅਤੇ ਤਾਈਵਾਨ ਚੀਨ ਦਾ ਹਿੱਸਾ ਹੈ। ਅਤੇ ਅਮਰੀਕੀ ਸਰਕਾਰ ਉਸ ਸਥਿਤੀ ਨੂੰ ਚੁਣੌਤੀ ਨਹੀਂ ਦਿੰਦੀ ਹੈ। ਉਹ ਆਪਣੀ ਇਸ ਦਿਲਚਸਪੀ ਦੀ ਵੀ ਪੁਸ਼ਟੀ ਕਰਦੀ ਹੈ ਕਿ ਤਾਈਵਾਨ ਦੇ ਸਵਾਲ ਨੂੰ ਚੀਨ ਦੀ ਮੁੱਖ ਭੂਮੀ ਅਤੇ ਤਾਈਵਾਨ ਟਾਪੂ ਦੋਵਾਂ ਦੇ ਲੋਕ ਹੀ ਅਮਨਪੂਰਵਕ ਢੰਗ ਨਾਲ ਸੁਲਝਾ ਲੈਣਗੇ। ਅਤੇ ਇਹ ਸਭ ਦੇਸ਼ਾਂ ਦੇ ਹਿੱਤ ਵਿਚ ਹੈ ਕਿ ਅਮਰੀਕਾ ਤੇ ਚੀਨ ਆਪਣੇ ਸਬੰਧਾਂ ਨੂੰ ਸੁਖਾਵਾਂ ਬਨਾਉਣ ਵਾਲੇ ਪਾਸੇ ਵਧਣ ਅਤੇ ਜੰਗ ’ਤੇ ਅੰਕੁਸ਼ ਲਾਉਣ ਅਧਾਰਤ ਪ੍ਰਸਪਰ ਹਿਤਾਂ ਨੂੰ ਅੱਗੇ ਵਧਾਉਣ।’’
1839 ਤੋਂ 1949 ਦੇ ਸਮੇਂ, ਜਿਸਨੂੰ ਚੀਨ ‘ਅਪਮਾਨ ਦੀ ਸਦੀ’ ਗਰਦਾਨਦਾ ਹੈ, ਦਰਮਿਆਨ ਮਕਾਉ, ਹਾਂਗ ਕਾਂਗ ਤੇ ਤਾਈਵਾਨ ਨੂੰ ਪੱਛਮੀ ਸਾਮਰਾਜੀ ਤਾਕਤਾਂ ਨੇ ਚੀਨ ਨਾਲੋਂ ਤੋੜਿਆ ਸੀ। ਚੀਨ ਨੇ ਦੇਸ਼ ਦੇ ਇਨ੍ਹਾਂ ਹਿੱਸਿਆਂ ਨੂੰ ਮੁੜ ਇਕਜੁਟ ਕਰਨ ਹਿੱਤ 1949 ਦੇ ਇਨਕਲਾਬ ਤੋਂ ਬਾਅਦ ਦਹਾਕਿਆਂ ਬੱਧੀ ਸੰਘਰਸ਼ ਕੀਤਾ ਅਤੇ ਉਹ ਅਮਨਪੂਰਵਕ ਢੰਗ ਨਾਲ ਹਾਂਗ ਕਾਂਗ ਤੇ ਮਕਾਉ ਨੂੰ ਇਕਜੁਟ ਕਰਨ ਵਿਚ ਸਫਲ ਵੀ ਹੋ ਗਿਆ ਹੈ। ਚੀਨ, ਤਾਇਵਾਨ ਨੂੰ ਵੀ ਉਸੇ ਤਰ੍ਹਾਂ ਇਕਜੁੱਟ ਕਰਨਾ ਚਾਹੁੰਦਾ ਹੈ, ਜਿਸਨੂੰ ਕਿ ਜਾਪਾਨ ਨੇ ਆਪਣੀ ਬਸਤੀ ਬਣਾ ਲਿਆ ਸੀ ਅਤੇ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਨੂੰ ਸੌਂਪ ਦਿੱਤਾ ਸੀ। ਚੀਨ ਦਾ ਸੰਵਿਧਾਨ ਇਸ ਬਾਰੇ ਸਪੱਸ਼ਟ ਕਰਦਾ ਹੈ, ‘‘ਤਾਈਵਾਨ ਲੋਕ ਗਣਰਾਜ ਚੀਨ ਦੀ ਪਵਿੱਤਰ ਭੂਮੀ ਦਾ ਹਿੱਸਾ ਹੈ। ਇਹ ਚੀਨ ਦੇ ਸਮੁੱਚੇ ਲੋਕਾਂ ਸਮੇਤ ਤਾਈਵਾਨ ਵਿਚਲੇ ਸਾਡੇ ਭਰਾਵਾਂ ਦਾ ਸਭ ਤੋਂ ਉਤੱਮ ਫਰਜ਼ ਹੈ ਕਿ ਉਹ ਮਾਤਭੂਮੀ ਨੂੰ ਇਕਜੁਟ ਕਰਨ ਦੇ ਇਸ ਮਹਾਨ ਕਾਰਜ ਨੂੰ ਪੂਰਾ ਕਰਨ।’’
ਨੈਨਸੀ ਪੇਲੋਸੀ ਦੀ ਤਾਈਵਾਨ ਯਾਤਰਾ ਸਾਬਕਾ ਅਮਰੀਕੀ ਰਾਸ਼ਟਰਪਤੀ ਨਿਕਸਨ ਦੀ ਅਗਵਾਈ ਵਿਚ 1972 ਵਿਚ ਅਮਰੀਕੀ ਸਰਕਾਰ ਵਲੋਂ ਕੀਤੇ ਗਏ ਸਮਝੌਤੇ ਦੀ ਘੋਰ ਉਲੰਘਣਾ ਹੈ। ਅਮਰੀਕੀ ਪ੍ਰਸ਼ਾਸ਼ਨ ਦੀ ਤਾਈਵਾਨ ਨੂੰ ਸਮਰਥਨ ਦੇਣ ਦੀ ਗੱਲ, ਅਸਲ ’ਚ ਪਿਛਲੇ ਦਹਾਕੇ ਦੌਰਾਨ ਉਸ ਵਲੋਂ ਕੀਤੀ ਜਾ ਰਹੀ ਚੀਨ ਦੀ ਘੇਰੇਬੰਦੀ ਕਰਨ ਦੀ ਕਵਾਇਦ ਦਾ ਹਿੱਸਾ ਹੈ। ਪ੍ਰੰਤੂ ਸਿੱਧੇ ਤੇ ਸਪੱਸ਼ਟ ਰੂਪ ਵਿਚ ਚੀਨ ਤੇ ਤਾਈਵਾਨ ਦੇ ਮਾਮਲੇ ਵਿਚ ਤਾਈਵਾਨ ਦੇ ਹੱਕ ਵਿਚ ਦਖਲ ਦੇਣ ਤੋਂ ਗੁਰੇਜ਼ ਕਰਦਾ ਆ ਰਿਹਾ ਹੈ। ਨੈਨਸੀ ਪੇਲੋਸੀ ਦੀ ਫੇਰੀ ਨੂੰ ਵੀ ਅਮਰੀਕੀ ਪ੍ਰਸ਼ਾਸਨ ਉਸਦੀ ਆਜ਼ਾਦਾਨਾ ਹਸਤੀ ਦੇ ਰੂਪ ਵਿਚ ਕੀਤੀ ਗਈ ਯਾਤਰਾ ਗਰਦਾਨ ਰਿਹਾ ਹੈ।
ਪਿਛਲੇ ਦਿਨੀਂ ਹੋਏ ਨਾਟੋ ਦੇ ਸ਼ਿਖਰ ਸੰਮੇਲਨ ਵਿਚ ਚੀਨ ਨੂੰ ਜਿਸ ਤਰ੍ਹਾਂ ਦੁਸ਼ਮਣ ਐਲਾਨਿਆ ਗਿਆ ਹੈ, ਉਸ ਤੋਂ ਅਮਰੀਕੀ ਸਾਮਰਾਜ ਦੀ ਮਨਸ਼ਾ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ। ਉਹ ਰੂਸ-ਯੁਕਰੇਨ ਜੰਗ ਦੀ ਤਰਜ਼ ’ਤੇ ਏਸ਼ੀਆ ਮਹਾਂਦੀਪ ਵਿਚ ਵੀ ਅਜਿਹੀ ਸਥਿਤੀ ਪੈਦਾ ਕਰਨੀ ਚਾਹੁੰਦਾ ਹੈ ਜਿਸ ਨਾਲ ਜੰਗ ਨਾ ਵੀ ਹੋਵੇ ਤਾਂ ਵੀ ਜੰਗ ਵਾਲੀ ਤਣਾਅ ਪੂਰਣ ਸਥਿਤੀ ਬਣੀ ਰਹੇ। ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਆਸਟ੍ਰੇਲੀਆ, ਜਪਾਨ, ਭਾਰਤ ਤੇ ਅਮਰੀਕਾ ਵਲੋਂ ਗਠਿਤ ‘ਕੁਆਰਡ ਫੌਜੀ ਤੇ ਰਾਜਨੀਤਕ ਗਠਜੋੜ’ ਵੀ ਚੀਨ ਨੂੰ ਘੇਰਨ ਵੱਲ ਇਕ ਕਦਮ ਹੈ।
ਰੂਸ-ਯੂਕਰੇਨ ਵਰਗੀਆਂ ਸਥਿਤੀਆਂ ਦੁਨੀਆਂ ਵਿਚ ਬਣਨ ਵਿਚ ਅਮਰੀਕਾ ਦੀਆਂ ਪੌ-ਬਾਰ੍ਹਾਂ ਹਨ ਕਿਉਂਕਿ ਉਹ ਹਥਿਆਰਾਂ ਦਾ ਸਭ ਤੋਂ ਵੱਡਾ ਉਤਪਾਦਕ ਤੇ ਵਿਕਰੇਤਾ ਹੈ ਅਤੇ ਉਸਦੇ ਅਰਥਚਾਰੇ ਵਿਚ ਇਸ ਸਨਅਤ ਦਾ ਚੌਖਾ ਯੋਗਦਾਨ ਹੈ। ਇਹ ਤਾਂ ਹੀ ਫਲਦੀ-ਫੁੱਲਦੀ ਹੈ ਜੇਕਰ ਸੰਸਾਰ ਵਿਚ ਹਰ ਵੇਲੇ ਕਿਤੇ ਨਾ ਕਿਤੇ ਜੰਗ ਲੱਗੀ ਰਹੇ ਜਾਂ ਤਣਾਅ ਬਣਿਆ ਰਹੇ ਤੇ ਜੰਗ ਛਿੜਨ ਦੀਆਂ ਸੰਭਾਵਨਾਵਾਂ ਬਣੀਆਂ ਰਹਿਣ। ਅਮਰੀਕਾ ਦਾ ਫੌਜੀ ਬਜਟ ਦੁਨੀਆਂ ਦੇ ਹੋਰ ਸਭ ਤੋਂ ਵੱਡੇ 11 ਫੌਜੀ ਬਜਟਾਂ ਦੇ ਬਰਾਬਰ ਹੈ। ਇਸਦੇ ਸਮੁੱਚੀ ਦੁਨੀਆਂ ਵਿਚ ਫੌਜੀ ਅੱਡੇ ਹਨ। ਆਪਣੀ ਇਸ ਦਿਓਕੱਦ ਫੌਜੀ ਸ਼ਕਤੀ ਦੀ ਲੋੜ ਨੂੰ ਉਸ ਵੇਲੇ ਆਪਣੇ ਦੇਸ਼ ਦੇ ਲੋਕਾਂ ਸਾਹਮਣੇ ਜਾਇਜ਼ ਠਹਿਰਾਉਣ ਲਈ ਜਦੋਂ ਕਿ ਉਹ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੋਵੇ, ਅਜਿਹੀ ਹਾਲਤ ਵਿਚ ਦੁਨੀਆਂ ਵਿਚ ਕਿਤੇ ਨਾ ਕਿਤੇ ਤਣਾਅ ਅਤੇ ਜੰਗ ਛਿੜਣਾ ਇਸ ਦੀ ਲੋੜ ਹੈ।
ਅਮਰੀਕਾ ਵਲੋਂ ਆਰਥਿਕ ਰੂਪ ਵਿਚ ਵੀ ਚੀਨ ਨੂੰ ਘੇਰਨ ਦੇ ਯਤਨ ਜਾਰੀ ਹਨ। ਪਿਛਲੇ ਦਿਨੀਂ ਉਸਦੀ ਸੰਸਦ ਵਲੋਂ ਪਾਸ ਕੀਤੇ ਗਏ ਚੀਨ ਦੀ ਚਿਪ ਸਨਅੱਤ ਨੂੰ ਢਾਹ ਲਾਉਣ ਵਾਲੇ ‘ਚਿਪਸ ਐਕਟ’ ਰਾਹੀਂ ਉਸਨੇ ‘ਚਿਪ’ ਬਨਾਉਣ ਵਾਲੀਆਂ ਸਨਅਤਾਂ ਨੂੰ 52 ਅਰਬ ਡਾਲਰ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਹੈ, ਤਾਕਿ ਪਾਬੰਦੀਆਂ ਲਾ ਕੇ ਚੀਨ ਦੀਆਂ ਹਾਈ ਟੈਕ ਕੰਪਨੀਆਂ ਵਲੋਂ ਕੀਤੀ ਜਾ ਰਹੀ ਚਿਪ ਸਪਲਾਈ ਲੜੀ ਨੂੰ ਤੋੜਿਆ ਜਾ ਸਕੇ। ਪ੍ਰੰਤੂ ਅਮਰੀਕਾ ਤਾਈਵਾਨ ਨੂੰ ਵੀ ਵਪਾਰਕ ਪੱਖੋਂ ਪ੍ਰਭਾਵਤ ਨਹੀਂ ਕਰ ਸਕੇਗਾ, ਕਿਉਂਕਿ ਉਸਦਾ ਚੀਨ ਨਾਲ ਵਿਦੇਸ਼ੀ ਵਪਾਰ 126.2 ਅਰਬ ਡਾਲਰ ਦਾ ਹੈ। ਦੂਜੇ ਪਾਸੇ ਅਮਰੀਕਾ ਨਾਲ ਇਹ ਸਿਰਫ 65.9 ਡਾਲਰ ਦਾ ਹੀ ਹੈ। ਇਸੇ ਤਰ੍ਹਾਂ ਦੀ ਹਾਲਤ ਹੋਰ ਏਸ਼ੀਆਈ ਦੇਸ਼ਾਂ ਦੇ ਮਾਮਲੇ ਵਿਚ ਵੀ ਹੈ।
ਅਮਰੀਕੀ ਸਾਮਰਾਜ ਦੇ ਏਸ਼ੀਆ ਮਹਾਂਦੀਪ ਅਤੇ ਤਾਈਵਾਨ ਵਿਚ ਇਨ੍ਹਾਂ ਤਣਾਅ ਪੈਦਾ ਕਰਨ ਵਾਲੇ ਅਤੇ ਜੰਗੀ ਮਾਹੌਲ ਬਨਾਉਣ ਵਾਲੇ ਕਦਮਾਂ ਦਾ ਅਮਰੀਕਾ ਵਿਚ ਹੀ ਨਹੀਂ ਬਲਕਿ ਤਾਈਵਾਨ ਵਿਚ ਵੀ ਵਿਰੋਧ ਹੋ ਰਿਹਾ ਹੈ। ਅਮਰੀਕਾ ਦੀਆਂ ਕਈ ਜੰਗ ਵਿਰੋਧੀ ਜਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ‘ਪਿਵੋਟ ਟੂ ਪੀਸ’ ਨਾਂ ਦੀ ਜਥੇਬੰਦੀ ਦੀ ਆਗੂ ਸ਼ੀਲਾ ਸ਼ੀਆਓ ਨੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਡੀ ਦੁਸ਼ਮਣ ਮਹਿੰਗਾਈ ਤੇ ਆਰਥਿਕ ਸੰਕਟ ਹਨ। ਦੁਨੀਆਂ ਦੇ ਇਸ ਸਭ ਤੋਂ ਅਮੀਰ ਦੇਸ਼ ਵਿਚ ਲੋਕ ਸਿਰ ’ਤੇ ਛੱਤ ਤੋਂ ਬਿਨਾਂ ਗਲੀਆਂ ਵਿਚ ਸੌ ਰਹੇ ਹਨ। ਸਾਡੀ ਸਮੱਸਿਆ ਇਹ ਹੈ, ਨਾ ਕਿ ਚੀਨ!’’
ਤਾਈਵਾਨ ਵਿਚ ਵੀ ਕਈ ਜਗ੍ਹਾ ਨੈਨਸੀ ਪੇਲੋਸੀ ਦੀ ਫੇਰੀ ਵਿਰੁੱਧ ਮੁਜ਼ਾਹਰੇ ਹੋਏ ਸਨ। ਜਿਨ੍ਹਾਂ ਵਿਚ ਸ਼ਾਮਲ ਨਾਗਰਿਕਾਂ ਦਾ ਕਹਿਣਾ ਸੀ, ‘‘ਅਸੀਂ ਨਹੀਂ ਚਾਹੁੰਦੇ ਕਿ ਅਮਰੀਕਾ ਸਾਨੂੰ ਆਪਣੇ ਹੱਥਠੋਕੇ ਦੀ ਤਰ੍ਹਾਂ ਇਸਤੇਮਾਲ ਕਰੇ।’’
ਤਾਈਵਾਨ ਦੇ ਗੀਤਕਾਰ ਤੇ ਸਾਮਰਾਜ ਵਿਰੋਧੀ ਕਾਰਕੁੰਨ ਝੋਂਗ ਸ਼ੀਆਗਿਊ ਦਾ ਕਹਿਣਾ ਸੀ ‘‘ਅਮਰੀਕਾ ਕਦੇ ਵੀ ਤਾਈਵਾਨ ਦਾ ਰਖਿਅਕ ਨਹੀਂ ਰਿਹਾ। 1867 ਵਿਚ ਤਾਈਵਾਨ ਉਤੇ ਹਮਲਾ ਕਰਨ ਵਾਲੀ ਅਮਰੀਕੀ ਸਮੁੰਦਰੀ ਫੌਜ ਸੰਸਾਰ ਦੀ ਸਭ ਤੋਂ ਪਹਿਲੀ ਫੌਜ ਸੀ। 1874 ਵਿਚ ਅਮਰੀਕੀ ਸਮੁੰਦਰੀ ਫੌਜ ਨੇ ਤਾਈਵਾਨ ’ਤੇ ਹਮਲਾ ਕਰਨ ਸਮੇਂ ਜਾਪਾਨ ਦੀ ਮਦਦ ਕੀਤੀ ਸੀ। ਚੀਨ-ਜਪਾਨ ਜੰਗ ਦੌਰਾਨ ਜਾਪਾਨ ਨੂੰ ਅਮਰੀਕਾ ਨੇ ਹਥਿਆਰ ਦਿੱਤੇ ਸਨ। ਇਸੇ ਜੰਗ ਕਰਕੇ ਹੀ ਚੀਨ 1895 ਵਿਚ ਤਾਈਵਾਨ ਜਾਪਾਨ ਨੂੰ ਸੌਂਪਣ ਲਈ ਮਜ਼ਬੂਰ ਹੋਇਆ ਸੀ।’’
ਅਮਰੀਕਾ ਵਲੋਂ ਪਿਛਲੇ ਦਹਾਕੇ ਤੋਂ ਚਲ ਰਹੀ ਚੀਨ ਨੂੰ ਘੇਰਨ ਦੀ ਨੀਤੀ ਦਾ ਹੀ ਇਕ ਹਿੱਸਾ ਸੀ, ਨੈਨਸੀ ਪੇਲੋਸੀ ਦੀ ਤਾਈਵਾਨ ਦੀ ਹਾਲੀਆ ਗੁਪਤ ਫੇਰੀ ਅਤੇ ਉਸ ਤੋਂ ਪਿੱਛੋਂ 14 ਅਗਸਤ ਨੂੰ ਕੀਤੀ ਗਈ ਉਸਦੇ ਸੰਸਦ ਮੈਂਬਰਾਂ ਦੀ ਤਾਈਵਾਨ ਫੇਰੀ। ਅਜਿਹੀਆਂ ਭੜਕਾਹਟ ਪੈਦਾ ਕਰਨ ਵਾਲੀਆਂ ਕਾਰਵਾਈਆਂ ਰੂਸ-ਯੂਕਰੇਨ ਜੰਗ ਤੋਂ ਬਾਅਦ ਹੋਰ ਤੇਜ਼ ਹੋਈਆਂ ਹਨ। ਪਰ ਕੂਟਨੀਤਕਾਂ ਦਾ ਮੰਨਣਾ ਹੈ ਕਿ ਚੀਨ ਅਮਰੀਕਾ ਦੇ ਇਸ ਜਾਲ ਵਿਚ ਨਹੀਂ ਫਸੇਗਾ। ਕਿਉਂਕਿ ਚੀਨ ਦਾ ਰਾਜਨੀਤਕ ਫੈਸਲੇ ਲੈਣ ਦਾ ਇਤਿਹਾਸ ਇਹ ਸਪੱਸ਼ਟ ਦਰਸਾਉਂਦਾ ਹੈ ਕਿ ਉਹ ਭੜਕਾਹਟਾਂ ਵਿਚ ਨਹੀਂ ਫਸਦਾ। ਉਸਦਾ ਸੰਸਾਰ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ ਬਣਨਾ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਉਹ ਰਣਨੀਤਕ ਧੀਰਜ ਅਪਨਾਉਣ ਦੀ ਨੀਤੀ ’ਤੇ ਚੱਲਦਾ ਹੈ। ਚਾਹੇ ਉਸ ਵਲੋਂ ਤਾਈਵਾਨ ਦੇ ਆਲੇ-ਦੁਆਲੇ ਆਪਣੀ ਫੌਜੀ ਸਮਰਥਾ ਦਿਖਾਉਣ ਹਿੱਤ ਫੌਜੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਪਰੰਤੂ ਇਨ੍ਹਾਂ ਦੇ ਜੰਗ ਦਾ ਰੂਪ ਅਖ਼ਤਿਆਰ ਕਰਨ ਜਾਂ ਫੌਜੀ ਕਾਰਵਾਈ ਵਿਚ ਬਦਲ ਜਾਣ ਨਾਲ ਤਾਈਵਾਨ ’ਤੇ ਕਬਜ਼ਾ ਕਰ ਲੈਣ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹਨ।
ਪਰ, ਇਸ ਮਹਾਂਦੀਪ ਦੇ ਦੂਜੇ ਦੇਸ਼ਾਂ, ਵਿਸ਼ੇਸ਼ ਰੂਪ ਵਿਚ ਭਾਰਤ ਨੂੰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਚੌਕਸ ਰਹਿਣਾ ਹੋਵੇਗਾ। ਕਿਉਂਕਿ ਜੇਕਰ ਇਸਦੇ ਗੁਆਂਢ ਵਿਚ ਤਣਾਅ ਬਣਦਾ ਹੈ ਜਾਂ ਫੌਜੀ ਝੜਪਾਂ ਦੀ ਸਥਿਤੀ ਬਣਦੀ ਹੈ ਤਾਂ ਇਸਦਾ ਭਾਰਤ ਦੇ ਅਰਥਚਾਰੇ ਦੀ ਰਫਤਾਰ ਉਤੇ ਨਕਾਰਾਤਮਕ ਪ੍ਰਭਾਵ ਪਵੇਗਾ। (20-8-2022)

Scroll To Top