ਬਿ੍ਰਟੇਨ ਦੇ ਰੇਲ, ਮੈਟਰੋ ਅਤੇ ਟ੍ਰਾਂਸਪੋਰਟ ਕਾਮੇ 18-19 ਅਤੇ 20 ਅਗਸਤ ਨੂੰ ਮੁੜ ਹੜਤਾਲ ’ਤੇ ਸਨ। ਪਹਿਲਾਂ ਵੀ, ਉਨ੍ਹਾਂ ਨੇ 21, 23 ਤੇ 25 ਜੂਨ ਨੂੰ ਤਿੰਨ ਦਿਨ ਹੜਤਾਲ ਕੀਤੀ ਸੀ, ਜੋ ਕਿ 30 ਸਾਲ ਬਾਅਦ ਹੋਈ ਇਕ ਇਤਿਹਾਸਕ ਹੜਤਾਲ ਸੀ। ਦੇਸ਼ ਦੇ ਟ੍ਰਾਂਸਪੋਰਟ ਕਾਮਿਆਂ ਦੀ ਸਭ ਤੋਂ ਵੱਡੀ ਯੂਨੀਅਨ, ‘ਆਰ.ਐਮ.ਟੀ. (ਰੇਲ, ਮੈਰੀਟਾਇਮ ਤੇ ਟ੍ਰਾਂਸਪੋਰਟ ਯੂਨੀਅਨ)’ ਦੇ ਸੱਦੇ ’ਤੇ ਹੋਈ ਇਸ ਹੜਤਾਲ ਵਿਚ ਦੇਸ਼ ਦੀਆਂ ਹੋਰ ਯੂਨੀਅਨਾਂ ‘ਟੀ.ਐਸ.ਐਸ.ਏ.’ ਤੇ ‘ਯੂਨਾਇਟ’ ਵੀ ਸ਼ਾਮਲ ਸਨ। ਤਨਖਾਹਾਂ ਵਿਚ ਵਾਧਾ ਕਰਨ, ਆਧੁਨਿਕੀਕਰਨ ਦੇ ਨਾਂਅ ’ਤੇ ਕੀਤੀਆਂ ਜਾਣ ਵਾਲੀਆਂ ਛਾਂਟੀਆਂ ’ਤੇ ਰੋਕ ਲਾਉਣ ਅਤੇ ਬਚਤ ਦੇ ਨਾਂਅ ’ਤੇ ਕੰਮ ਥਾਵਾਂ ’ਤੇ ਸੁਰੱਖਿਆ ਕਦਮਾਂ ਵਿਚ ਕੀਤੀਆਂ ਜਾ ਰਹੀਆਂ ਕਟੌਤੀਆਂ ਬੰਦ ਕਰਨ ਆਦਿ ਪਿਛਲੀ ਹੜਤਾਲ ਦੀਆਂ ਮੰਗਾਂ ’ਤੇ ਕੋਈ ਸਨਮਾਨਜਨਕ ਸਮਝੌਤਾ ਨਾ ਹੋਣ ਕਾਰਨ ਫਿਰ ਤੋਂ ਹੜਤਾਲ ਕਰਨੀ ਪਈ।
ਦੇਸ਼ ਦੇ ਸਭ ਤੋਂ ਵੱਡੇ ਰੇਲ ਸੰਚਾਲਕ ‘ਰੇਲ ਨੈਟਵਰਕ’ ਅਤੇ 14 ਹੋਰ ਰੇਲ ਸੰਚਾਲਕ ਕੰਪਨੀਆਂ ਦੇ 40 ਹਜ਼ਾਰ ਕਾਮਿਆਂ ਦੀ ਇਸ ਹੜਤਾਲ ਨੇ ਘੱਟੋ-ਘੱਟ 80 ਫੀਸਦੀ ਰੇਲ ਆਵਾਜਾਈ ਨੂੰ ਪ੍ਰਭਾਵਤ ਕੀਤਾ।
ਹੜਤਾਲੀ ਰੇਲ ਕਾਮਿਆਂ ਨੇ ਰੇਲਵੇ ਸਟੇਸ਼ਨਾਂ ਅਤੇ ਹੋਰ ਸਬੰਧਤ ਥਾਵਾਂ ਜਿਵੇਂ ਸ਼ੈਡਾਂ ਤੇ ਵਰਕਸ਼ਾਪਾਂ ਸਾਹਮਣੇ ਪਿਕਟਿੰਗਾਂ ਕਰਕੇ ਧਰਨੇ ਮਾਰੇ। ਕੇਂਦਰੀ ਲੰਦਨ ਦੇ ਵਾਟਰਲੂ ਸਟੇਸ਼ਨ ਸਾਹਮਣੇ ਅਜਿਹੇ ਹੀ ਧਰਨੇ ਵਿਚ ਸ਼ਾਮਲ ਕਾਮੇ ਲੀ ਨੇ ਦੱਸਿਆ ‘‘ਸਾਡੀਆਂ ਕੰਮ ਸ਼ਰਤਾਂ ਅਤੇ ਜੀਵਨ ਬਸਰ ਕਰਨ ਉਤੇ ਹਮਲਾ ਕੀਤਾ ਗਿਆ ਹੈ। ਉਹ ਨੌਕਰੀਆਂ ਘਟਾਉਣ ਦੀਆਂ ਧਮਕੀਆਂ ਦੇ ਰਹੇ ਹਨ, ਸਮੁੱਚੀ ਮਹਾਂਮਾਰੀ ਦੌਰਾਨ ਕੰਮ ਕਰਨ ਦੇ ਬਾਵਜੂਦ ਵੀ ਸਾਡੀਆਂ ਤਨਖਾਹਾਂ ਸਭ ਤੋਂ ਘੱਟ ਹਨ ਅਤੇ ਇਨ੍ਹਾਂ ਵਿਚ ਵਾਧਾ ਨਹੀਂ ਕੀਤਾ ਜਾ ਰਿਹਾ। ਇਹ ਉਕਾ ਹੀ ਬਰਦਾਸ਼ਤ ਕਰਨ ਯੋਗ ਨਹੀਂ ਹੈ ਪਰ ਇਹ ਸਭ ਪਾਸੇ ਵਾਪਰ ਰਿਹਾ ਹੈ ਅਤੇ ਸਾਰੇ ਕਾਮਿਆਂ ਨੂੰ ਇਸ ਵਿਰੁੱਧ ਇਕਜੁਟ ਹੋਣ ਅਤੇ ਡਟਣ ਦੀ ਲੋੜ ਹੈ ਕਿਉਂਕਿ ਉਹ ਚੰਗੇ ਜੀਵਨ ਪੱਧਰ ਦੇ ਹੱਕਦਾਰ ਹਨ।’’
ਵੈਸਟ ਮਿਡਲੈਂਡਜ਼ ਵਿਚ ‘ਰੇਲ ਨੈਟਵਰਕ’ ਦੇ ਕਾਮੇ ਡਾਨ ਦਾ ਕਹਿਣਾ ਸੀ ‘‘ਟਰੇਡ ਯੂਨੀਅਨਾਂ ਨੂੰ ਇਕ ਦਿਨ ਐਲਾਨਣਾ ਚਾਹੀਦਾ ਹੈ ਜਿਸ ਦਿਨ ਰੇਲ, ਰੌਇਲ ਮੇਲ, ਬੀ.ਟੀ., ਡਾਕਖਾਨੇ, ਸਥਾਨਕ ਕੌਂਸਲਾਂ, ਸਿੱਖਿਆ ਸੇਵਾਵਾਂ ਤੇ ਸਿਹਤ ਸੇਵਾਵਾਂ ਆਦਿ ਸਭ ਅਦਾਰਿਆਂ ਦੇ ਕਾਮੇ ਹੜਤਾਲ ਕਰਨ, ਕਿਉਂਕਿ ਸਭ ਦੀਆਂ ਤਨਖਾਹਾਂ ’ਤੇ ਹਮਲਾ ਕੀਤੇ ਜਾਣ ਨਾਲ ਸਭ ’ਤੇ ਇਕੋ ਜਿਹਾ ਦੁਰਪ੍ਰਭਾਵ ਪੈ ਰਿਹਾ ਹੈ। ਜੇਕਰ ਅਸੀਂ ਸਭ ਇਕੱਠੇ ਇਕ ਜਮਾਤ ਦੇ ਰੂਪ ਵਿਚ ਹੜਤਾਲ ’ਤੇ ਜਾਂਦੇ ਹਾਂ ਇਸ ਦਾ ਅਸਰ ਕਿਤੇ ਵਧੇਰੇ, 1926 ਵਿਚ ਕੀਤੀ ਗਈ ਆਮ ਹੜਤਾਲ ਵਰਗਾ ਹੋਵੇਗਾ।’’
ਇਸ ਹੜਤਾਲ ਦੇ ਦੂਜੇ ਦਿਨ, 19 ਅਗਸਤ ਨੂੰ ਇਨ੍ਹਾਂ 40 ਹਜ਼ਾਰ ਰੇਲ ਕਾਮਿਆਂ ਨਾਲ ਆਰ.ਐਮ.ਟੀ. ਯੂਨੀਅਨ ਨਾਲ ਸਬੰਧਤ ਲੰਦਨ ਮੈਟਰੋ ਦੇ ਉਵਰਗ੍ਰਾਉਡ ਤੇ ਅੰਡਰਗ੍ਰਾਉਡ 10,000 ਕਾਮੇ ਵੀ ਹੜਤਾਲ ’ਤੇ ਚਲੇ ਗਏ। ਉਨ੍ਹਾਂ ਦੇ ਨਾਲ ਹੀ ਯੂਨਾਇਟ ਯੂਨੀਅਨ ਨਾਲ ਸਬੰਧਤ ‘ਟ੍ਰਾਂਸਪੋਰਟ ਫਾਰ ਲੰਦਨ’ ਦੇ ਇਕ ਹਜ਼ਾਰ ਤੋਂ ਵੱਧ ਕਾਮੇਂ ਵੀ ਹੜਤਾਲ ’ਤੇ ਚਲੇ ਗਏ ਅਤੇ ਰਾਜਧਾਨੀ ਲੰਦਨ ਦੇ ਪੱਛਮੀ ਹਿੱਸੇ ਨਾਲ ਸਬੰਧਤ ਸੜਕੀ ਟ੍ਰਾਂਸਪੋਰਟ ਦੇ 1600 ਬਸ ਡਰਾਈਵਰ ਵੀ ਹੜਤਾਲ ਵਿਚ ਸ਼ਾਮਲ ਹੋ ਗਏ ਅਤੇ ਰਾਜਧਾਨੀ ਲੰਦਨ ਦੀ ਰੇਲ, ਮੈਟਰੋ ਤੇ ਸੜਕੀ ਆਵਾਜਾਈ ਲਗਭਗ ਪੂਰੀ ਤਰ੍ਹਾਂ ਨਾਲ ਜਾਮ ਹੋ ਕੇ ਰਹਿ ਗਈ ਸੀ।
ਪੂਰਬੀ ਲੰਦਨ ਵਿਖੇ ਇਕ ਮੈਟਰੋ ਰੇਲ ਕਾਮੇ ਨੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ‘‘ਰੇਲ ਤੇ ਸੜਕੀ ਟ੍ਰਾਂਸਪੋਰਟ ਦੇ ਸਾਰੇ ਕਾਮੇ ਇਕਜੁਟ ਹੋ ਕੇ ਹੜਤਾਲ ’ਤੇ ਹਨ। ਅਸੀਂ ਸਭ ਇਕੋ ਲੜਾਈ ਲੜ ਰਹੇ ਹਾਂ, ਸਾਡਾ ਦੁਸ਼ਮਣ ਵੀ ਸਾਂਝਾ ਹੈ। ਹੜਤਾਲ ਹੁਣ ਰੇਲਵੇ ਤੋਂ ਅੱਗੇ ਚਲੀ ਗਈ ਹੈ।’’
ਲੰਦਨ ਮੈਟਰੋ ਦੇ ਉਵਰਗ੍ਰਾਉਡ ਕਾਮੇ ਪੀਟਰ ਨੇ ਕਿਹਾ ‘‘ਮੈਂ ਐਨੀ ਸੰਗਠਿਤ, ਇਕਜੁਟਤਾ ਭਰਪੂਰ ਤੇ ਕਾਮਯਾਬ ਹੜਤਾਲ ਪਹਿਲਾਂ ਕਦੇ ਨਹੀਂ ਦੇਖੀ। ਮਹਿੰਗਾਈ ਸਾਨੂੰ ਧੱਕ ਕੇ ਕੰਧ ਨਾਲ ਲਾ ਰਹੀ ਹੈ। ਉਹ ਸਾਡੀਆਂ ਤਨਖਾਹਾਂ ਸੁੰਗੇੜਨਾ ਚਾਹੁੰਦੇ ਹਨ, ਸਾਡੀਆਂ ਕੰਮ ਹਾਲਤਾਂ ਨੂੰ ਨਿਘਾਰਨਾ ਚਾਹੁੰਦੇ ਹਨ ਅਤੇ ਸਾਡੀ ਸਾਮੂਹਿਕ ਸੌਦੇਬਾਜ਼ੀ ਦੀ ਸਮਰੱਥਾ ਨੂੰ ਤੋੜਨਾ ਚਾਹੁੰਦੇ ਹਨ। ਇਹ ਇਕ ਪ੍ਰਕਿਰਿਆ ਹੈ ਜਿਸ ਰਾਹੀਂ ਉਹ ਸਾਨੂੰ ‘ਪੱਕੇ ਤੌਰ ’ਤੇ ਕੱਚਾ’ ਬਣਾ ਦੇਣਾ ਚਾਹੁੁੰਦੇ ਹਨ।’’
ਇਸ ਸੰਘਰਸ਼ ਦੌਰਾਨ ਇਕ ਹੋਰ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਉਹ ਹੈ ਸੰਘਰਸ਼ ਪ੍ਰਤੀ ਕਾਮਿਆਂ ਦਾ ਭਰੋਸਾ ਤੇ ਵਿਸ਼ਵਾਸ ਅਤੇ ਇਸਨੂੰ ਅੱਗੇ ਵਧਾਉਣ ਦੀ ਦਿ੍ਰੜ੍ਹਤਾ। ਮੈਟਰੋ ਕਾਮਿਆਂ ਦੀਆਂ ਪਿਕਟਾਂ ’ਤੇ ਆਮ ਹੀ ਚਰਚਾ ਸੀ ਕਿ ਇਕ ਦਿਨ ਦੀ ਹੜਤਾਲ ਨਾਲ ਗੱਲ ਨਹੀਂ ਬਨਣੀ। ਲਗਭਗ ਪੂਰੀ ਤਰ੍ਹਾਂ ਆਵਾਜਾਈ ਠੱਪ ਹੋਣ ਦੇ ਬਾਵਜੂਦ ਦੂਜੇ ਨਿੱਜੀ ਤੇ ਜਨਤਕ ਅਦਾਰਿਆਂ ਦੇ ਕਾਮੇ ਅਤੇ ਆਮ ਲੋਕ ਸਟੇਸ਼ਨਾਂ, ਬੱਸ ਅੱਡਿਆਂ ਤੇ ਹੋਰ ਥਾਵਾਂ ’ਤੇ ਲੱਗੇ ਧਰਨਿਆਂ ਵਿਚ ਹੜਤਾਲੀਆਂ ਨਾਲ ਸ਼ਾਮਲ ਹੋ ਕੇ ਇਕਜੁਟਤਾ ਦਰਸਾ ਰਹੇ ਸਨ।
ਮੈਟਰੋ ਕਾਮੇਂ ਇਸ ਸਾਲ ਵਿਚ ਹੀ ਪਹਿਲਾਂ ਚਾਰ ਵਾਰ ਹੜਤਾਲ ਕਰਕੇ ਸਟੇਸ਼ਨ ਸਟਾਫ ਦੀਆਂ 600 ਨੌਕਰੀਆਂ ਦੇ ਖਾਤਮੇ ਅਤੇ ਪੈਨਸ਼ਨ ਸਕੀਮ ਉਤੇ ਹਮਲੇ ਨੂੰ ਰੋਕਣ ਵਿਚ ਸਫਲ ਰਹੇ ਹਨ। ‘ਟਰਾਂਸਪੋਰਟ ਫਾਰ ਲੰਦਨ’ ਦੇ ਕਾਮਿਆਂ ਦਾ ਸੰਘਰਸ਼ ਉਨ੍ਹਾਂ ਦੀਆਂ ਤਨਖਾਹਾਂ, ਪੈਨਸ਼ਨਾਂ ਤੇ ਨੌਕਰੀ ਦੀ ਸੁਰੱਖਿਆ ਦੇ ਮੁੱਦੇ ’ਤੇ ਹੈ। ਲੰਦਨ ਮੈਟਰੋ ਦੇ ਓਵਰ ਗ੍ਰਾਊਂਡ ਕਾਮਿਆਂ ਦਾ ਸੰਘਰਸ਼ ਉਨ੍ਹਾਂ ਦੀਆਂ ਤਨਖਾਹਾਂ ਵਿਚ ਕਟੌਤੀ ਤੇ ਛਾਂਟੀਆਂ ਦੇ ਵਿਰੁੱਧ ਹੈ। ਜਦੋਂ ਕਿ ਪੱਛਮੀ ਲੰਦਨ ਦੇ 1600 ਬਸ ਡਰਾਈਵਰ ਤਨਖਾਹ ਵਿਚ ਵਾਧੇ ਲਈ ਹੜਤਾਲ ’ਤੇ ਸਨ। ਉਹ ਪ੍ਰਬੰਧਕਾਂ ਦੀ 4.2% ਵਾਧੇ ਦੀ ਪੇਸ਼ਕਸ਼ ਨੂੰ ਠੁਕਰਾ ਚੁੱਕੇ ਹਨ।
20 ਅਗਸਤ ਨੂੰ ਵੀ ਹੜਤਾਲ ਜਾਰੀ ਰਹੀ। ਤਿੰਨ ਦਿਨ ਦੀ ਇਹ ਹੜਤਾਲ ਬਿ੍ਰਟੇਨ ਦੇ ਰੇਲ, ਮੈਟਰੋ, ਟ੍ਰਾਂਸਪੋਰਟ ਭਾਵ ਆਵਾਜਾਈ ਸਨਅਤ ਨਾਲ ਜੁੜੇ ਕਾਮਿਆਂ ਦਾ ਸਭ ਤੋਂ ਵੱਡਾ ਇਕਜੁਟ ਐਕਸ਼ਨ ਹੈ।
ਟ੍ਰਾਂਸਪੋਰਟ ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟੋਰੀ ਸਰਕਾਰ (ਦੇਸ਼ ਦੀ ਮੌਜੂਦਾ ਕੰਜਰਵੇਟਿਵ ਪਾਰਟੀ ਦੀ ਸਰਕਾਰ) ਦੇ ਮੰਤਰੀ ਆਪਣੀ ਰੇਲ ਕਾਮਿਆਂ ਪ੍ਰਤੀ ਵਿਚਾਰਧਾਰਕ ਜੰਗ ਤੇ ਇਨ੍ਹਾਂ ਦੀਆਂ ਜੀਵਨ ਹਾਲਤਾਂ ’ਤੇ ਹਮਲੇ ਦੀ ਨੀਤੀ ਨਹੀਂ ਤਿਆਗਦੇ ਤਾਂ ਰੇਲਵੇ ਦੇ ਕਾਮੇਂ ਅਣਮਿੱਥੇ ਸਮੇਂ ਦੀ ਦੇਸ਼ ਪੱਧਰੀ ਹੜਤਾਲ ਵੱਲ ਵੱਧ ਸਕਦੇ ਹਨ।
ਆਰ.ਐਮ.ਟੀ. ਦੇ ਜਨਰਲ ਸਕੱਤਰ ਮਿਕ ਲਾਇੰਚ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਰੇਲ ਕਾਮਿਆਂ ਦੇ ਤਨਖਾਹਾਂ, ਨੌਕਰੀਆਂ ਤੇ ਕੰਮ ਸਥਿਤੀਆਂ ਨਾਲ ਸਬੰਧਤ ਵਿਵਾਦ ਵਿਚ ਦਖਲ ਦੇਣ ਤੋਂ ਇਨਕਾਰ ਕਰਨ ਦੀ ਆਪਣੀ ਪਹੰੁਚ ਨੂੰ ਛੱਡੇ।
ਉਨ੍ਹਾਂ ਨੇ ਟ੍ਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਨੂੰ ਪੱਤਰ ਲਿਖ ਕੇ ਕਿਹਾ ‘‘ਤੁਹਾਡੀ ਸਰਕਾਰ ਨੇ ਇਸ ਸਨਅਤੀ ਕਾਰਵਾਈ ਕਰਕੇ ਨਿੱਜੀ ਰੇਲ ਕੰਪਨੀਆਂ ਨੂੰ ਪੈਣ ਵਾਲੇ ਘਾਟੇ ਨੂੰ ਪੂਰਾ ਕਰਨ ਹਿੱਤ ਕਰ- ਦਾਤਿਆਂ ਦੇ ਪੈਸੇ ਤੋਂ ਰਾਹਤ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ। ਇਸ ਸ਼ਰਤ ’ਤੇ ਕਿ ਉਹ ਸਰਕਾਰ ਦੇ ਘੱਟ ਤਨਖਾਹਾਂ ਕਾਇਮ ਰੱਖਣ, ਹਜ਼ਾਰਾਂ ਸਨਅਤੀ ਸੁਰੱਖਿਆ ਨਾਲ ਸਬੰਧਤ ਨੌਕਰੀਆਂ ਨੂੰ ਖਤਮ ਕਰਨ, ਸਿਰਫ ਡਰਾਈਵਰਾਂ ਵਾਲੀਆਂ ਰੇਲ ਗੱਡੀਆਂ ਚਲਾਉਣ ਅਤੇ ਟਿਕਟਾਂ ਕੱਟਣ ਦੀ ਸਹੂਲਤ ਸਟੇਸ਼ਨਾਂ ਤੋਂ ਬੰਦ ਕਰਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ। ਅੱਜ ਤੱਕ 120 ਮਿਲੀਅਨ ਪਾਊਂਡ ਲੋਕਾਂ ਦੀ ਕਮਾਈ ’ਚੋਂ ਨਿੱਜੀ ਰੇਲ ਕੰਪਨੀਆਂ ਨੂੰ ਰਾਹਤ ਦੇ ਰੂਪ ਵਿਚ ਦਿੱਤੇ ਜਾ ਚੁੱਕੇ ਹਨ। ਟੋਰੀ ਪਾਰਟੀ ਵਲੋਂ ਟਰੇਡ ਯੂਨੀਅਨ ਵਿਰੋਧੀ ਅਜੰਡੇ ਨੂੰ ਪੂਰਾ ਕਰਨ ਹਿੱਤ ਕਰਦਾਤਿਆਂ ਦੇ ਪੈਸੇ ਦੀ ਦੁਰਵਰਤੋਂ ਸ਼ਰਮਨਾਕ ਹੈ। ਇਸਦਾ ਮਤਲਬ ਹੈ ਕਿ ਇਹ ਵਿਵਾਦ ਲੰਮਾ ਚੱਲੇਗਾ ਕਿਉਂਕਿ ਇਸ ਸਨਅਤੀ ਐਕਸ਼ਨ ਨਾਲ ਨਿੱਜੀ ਕੰਪਨੀਆਂ ਨੂੰ ਇਕ ਧੇਲੇ ਦਾ ਵੀ ਨੁਕਸਾਨ ਨਹੀਂ ਝੱਲਣਾ ਪਿਆ ਹੈ ਇਸ ਲਈ ਉਹ ਇਸ ਵਿਵਾਦ ਨੂੰ ਖਤਮ ਕਰਨ ਲਈ ਸਮਝੌਤਾ ਕਰਨ ਦੇ ਚਾਹਵਾਨ ਨਹੀਂ ਹੋਣਗੇ। ਰੇਲ ਕਾਮਿਆਂ ਤੇ ਲੱਖਾਂ ਵੋਟਰਾਂ ਵਿਰੁੱਧ ਵਿਚਾਰਧਾਰਕ ਜੰਗ ਲੜਨ ਦੀ ਥਾਂ ਸਰਕਾਰ ਢੁਕਵਾਂ ਸਮਝੌਤਾ ਕਰਵਾਉਣ ਲਈ ਦਖਲ ਦੇਵੇ।’’
ਟੀ.ਐਸ.ਐਸ.ਏ. ਯੂਨੀਅਨ ਦੇ ਮੁਖੀ ਮੈਨੁਅਲ ਕੋਰਟਸ ਨੇ ਹੜਤਾਲੀ ਕਾਮਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਿਨਾਂ ਸ਼ੱਕ ਟ੍ਰਾਂਸਪੋਰਟ ਮੰਤਰੀ ਗ੍ਰਾਂਟ ਸ਼ਾਪਸ ਦੇ ਸਮਰਥਨ ਤੇ ਚੁੱਕ ’ਚ ਆ ਕੇ ਉਨ੍ਹਾਂ ਦੇ ਮਾਲਕਾਂ ਵਲੋਂ ਇਹ ਹੜਤਾਲ ਉਨ੍ਹਾਂ ’ਤੇ ਲੱਦੀ ਗਈ ਸੀ। ਅਸੀਂ ਆਸ ਕਰਦੇ ਹਾਂ ਕਿ ਸਰਕਾਰ ਨੂੰ ਸੱਦਬੁੱਧੀ ਆਵੇਗੀ ਤੇ ਉਹ ਇਸ ਅੜਿਕੇ ਨੂੰ ਖਤਮ ਕਰਨ ਲਈ ਰੇਲ ਕੰਪਨੀਆਂ ਦੇ ਪ੍ਰਬੰਧਕਾਂ ਨੂੰ ਗੱਲਬਾਤ ਦੀ ਮੇਜ਼ ’ਤੇ ਬਿਠਾਉਣ ਲਈ ਦਖਲ ਦੇਵੇਗੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ‘‘ਕੋਈ ਗਲਤੀ ਨਾ ਕਰਿਓ, ਜਦੋਂ ਤੱਕ ਕੋਈ ਸਨਮਾਨਜਨਕ ਸਮਝੌਤਾ ਨਹੀਂ ਹੁੰਦਾ ਇਹ ਸੰਘਰਸ਼ ਚਲਦਾ ਰਹੇਗਾ।’’
ਪੂਰਬੀ ਲੀਡਜ਼ ਦੇ ਸੰਸਦ ਮੈਂਬਰ ਰਿਚਰਡ ਬਰਗੋਨ ਨੇ ਰੇਲ ਕਾਮਿਆਂ ਦੇ ਹੱਕ ਵਿਚ ਖਲੋਂਦਿਆਂ ਕਿਹਾ ‘‘ਜਦੋਂ ਮੰਤਰੀ ਟੀ.ਵੀ. ਸਟੂਡਿਓਜ਼ ਦਾ ਦੌਰਾ ਕਰਦਿਆਂ ਰੇਲ ਕਾਮਿਆਂ ਨੂੰ ਪ੍ਰਵਚਨ ਦੇ ਰਹੇ ਸਨ ਕਿ ਤਨਖਾਹਾਂ ਵਿਚ ਕਟੌਤੀ ਪ੍ਰਵਾਨ ਕਰ ਲਓ ਤਾਂ ਉਹ ਇਹ ਤੱਥ ਜਾਣਬੁੱਝ ਕੇ ਲੁਕਾ ਰਹੇ ਸਨ ਕਿ ਕੰਪਨੀਆਂ ਨੇ ਇਕ ਸਾਲ ਵਿਚ ਹੀ 500 ਮਿਲੀਅਨ ਪਾਊਂਡ ਦਾ ਮੁਨਾਫ਼ਾ ਕਮਾਇਆ ਹੈ। ਉਨ੍ਹਾਂ ਮੰਗ ਕੀਤੀ, ਮੁਨਾਫ਼ਿਆਂ ’ਚ ਕਟੌਤੀ ਕਰੋ, ਤਨਖਾਹਾਂ ਵਧਾਓ!’’
ਬਿ੍ਰਟੇਨ ਦੇ ਰੇਲ ਕਾਮਿਆਂ ਦੀ ਹੜਤਾਲ ਹੌਲੀ-ਹੌਲੀ ਦੇਸ਼ ਭਰ ਦੇ ਕਾਮਿਆਂ ਦੇ ਸਾਂਝੇ ਐਕਸ਼ਨ ਦਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਦੇਸ਼ ਦੀ ਸੱਜ-ਪਿਛਾਖੜ ਟੋਰੀ ਸਰਕਾਰ ਵਲੋਂ ਪੂੰਜੀਵਾਦ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਇਜ਼ਹਾਰ ਕਰਨ ਹਿੱਤ ਜਿਸ ਤਰ੍ਹਾਂ ਰੇਲ ਪ੍ਰਬੰਧਕਾਂ ਦੀ ਮਦਦ ਕੀਤੀ ਜਾ ਰਹੀ ਹੈ ਉਸਨੂੰ ਦੇਖਦਿਆਂ ਬਿ੍ਰਟੇਨ ਦੀ ਮਜ਼ਦੂਰ ਜਮਾਤ ਦੀ ਵਿਸ਼ਾਲ ਇਕਜੁਟਤਾ ਇਸ ਹਮਲੇ ਦਾ ਮੁੰਹ ਮੋੜਨ ਲਈ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਹ ਹੜਤਾਲ ਇਸ ਗੱਲ ਦਾ ਵੀ ਵੱਡਾ ਸੰਕੇਤ ਹੈ ਕਿ ਵਿਕਸਿਤ ਮੁਲਕਾਂ ਦੀ ਕਿਰਤੀ ਵਸੋਂ ਅਖੌਤੀ ਸੁਧਾਰਾਂ ਦੇ ਨਾਂ ’ਤੇ ਘੜੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਤੋਂ ਬਦਜ਼ਨ ਹੋ ਚੁੱਕੀ ਹੈ।
ਰਵੀ ਕੰਵਰ