ਅੰਮਿ੍ਤਸਰ : ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਧਨਵੰਤ ਸਿੰਘ ਖਤਰਾਏ ਕਲਾਂ, ਬਲਦੇਵ ਸਿੰਘ ਸੈਦਪੁਰ, ਸੁਖਦੇਵ ਸਿੰਘ ਝੰਜੋਟੀ ਅਤੇ ਜਗਜੀਤ ਸਿੰਘ ਵਰਪਾਲ ਦੀ ਅਗਵਾਈ ਹੇਠ ਜ਼ਿਲ੍ਹਾ ਮੰਡੀ ਦਫਤਰ ਦਾ ਘਿਰਾਓ ਕੀਤਾ ਤੇ ਜੰਮ੍ਹਕੇ ਨਾਅਰੇਬਾਜ਼ੀ ਕੀਤੀ | ਜਦਕਿ ਇਸ ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਮੋਟਾਸਾਇਕਲ ਮਾਰਚ ਕੱਢਿਆ ਗਿਆ ਜੋ ਨਹਿਰੀ ਦਫਤਰ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਮੰਡੀ ਦਫਤਰ ਨਜਦੀਕ ਚਾਟੀਵਿੰਡ ਗੇਟ ਵਿਖੇ ਸਮਾਪਤ ਕੀਤਾ | ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਜਨਰਲ ਸਕੱਤਰ ਦਤਾਰ ਸਿੰਘ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਹਰਜੀਤ ਸਿੰਘ ਝੀਤਾ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸਾਹਿਬ ਸਿੰਘ ਚਾਟੀਵਿੰਡ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਪੁਰਾਣਾ ਮੰਡੀਕਰਨ ਕਾਨੂੰਨ ਤੋੜਕੇ 2000 ਤੋਂ ਬਾਅਦ ਖੁੱਲ੍ਹੀ ਮੰਡੀ ਦੀ ਧਾਰਨਾਂ ਲਾਗੂ ਕਰਨ ਜਾ ਰਹੇ ਹਨ, ਜਿਸ ਨਾਲ ਮੰਡੀ ‘ਚ ਲਿਆਂਦੇ ਤੋਂ ਬਗੈਰ ਹੀ ਵੱਡੀਆਂ ਕੰਪਨੀਆਂ ਕਿਸਾਨਾਂ ਕੋਲੋਂ ਸਿੱਧੀ ਜਿਣਸ ਖਰੀਦ ਕਰਿਆ ਕਰਨਗੀਆਂ, ਅਜਿਹੇ ‘ਚ ਕਿਸਾਨ ਤਬਾਹੀ ਵੱਲ ਧੱਕਿਆ ਜਾਵੇਗਾ| ਉਨ੍ਹਾਂ ਕਿਹਾ ਕਿ 15 ਸਤੰਬਰ ਸਰਕਾਰੀ ਖਰੀਦ ਨਾ ਸ਼ੁਰੂ ਕਰਨ ਕਰਕੇ ਵਪਾਰੀ ਝੋਨੇ ਦੇ ਭਾਅ ‘ਚ ਵੱਡੀ ਘਪਲੇਬਾਜੀ ਕਰ ਰਹੇ ਹਨ| ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਹਰ ਸਾਲ 15 ਸਤੰਬਰ ਤੋਂ ਚਾਲੂ ਕੀਤੀ ਜਾਵੇ, ਬਾਸਮਤੀ ਦੀ ਲੁੱਟ ਬੰਦ ਕਰਵਾਉਣ ਲਈ ਪੂਸਾ ਬਾਸਮਤੀ 1121 ਤੇ ਪੂਸਾ ਬਾਸਮਤੀ 1509 ਦਾ ਘੱਟ ਤੋਂ ਘੱਟ ਖਰੀਦ ਮੁੱਲ 5 ਹਜਾਰ ਰੁਪਏ ਐਲਾਨਿਆ ਜਾਵੇ, ਝੋਨੇ ਦੀ ਸਿੱਲ 21 ਫੀਸਦੀ ਕੀਤੀ ਜਾਵੇ, ਕਿਉਂਕਿ ਇਸ ਵਾਰ ਪੰਜਾਬ ਸਰਕਾਰ ਨੇ 20 ਜੂਨ ਤੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕਰਵਾਈ ਸੀ ਜਿਸ ਕਰਕੇ ਝੋਨੇ ਦੀ ਸਿੱਲ ਵਧਦੀ ਲਾਜ਼ਮੀ ਹੈ| ਇਸ ਦੌਰਾਨ ਕਿਸਾਨ ਆਗੂਆਂ ਵਲੋਂ ਜ਼ਿਲ੍ਹਾ ਮੰਡੀ ਅਫਸਰ ਨੂੰ ਮੰਗ ਪੱਤਰ ਦਿੱਤਾ| ਇਸ ਮੌਕੇ ਰਤਨ ਸਿੰਘ ਰੰਧਾਵਾ, ਜਤਿੰਦਰ ਸਿੰਘ ਛੀਨਾ, ਅਵਤਾਰ ਸਿੰਘ ਚਾਹਲ, ਭੁਪਿੰਦਰ ਸਿੰਘ ਤਖਤ ਮੱਲ, ਸੁਖਦੇਵ ਸਿੰਘ ਡੱਬਰ, ਸ਼ੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ, ਸੁੱਚਾ ਸਿੰਘ ਤੇੜਾ, ਪਲਵਿੰਦਰ ਸਿੰਘ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ ਆਦਿ ਹਾਜ਼ਰ ਸਨ|