Now Reading
ਏਸ ਆਜ਼ਾਦੀ ਲਈ ਤਾਂ ਨਹੀਂ ਸੀ ਫਾਂਸੀ ਚੜ੍ਹੇ ਭਗਤ-ਸਰਾਭੇ

ਏਸ ਆਜ਼ਾਦੀ ਲਈ ਤਾਂ ਨਹੀਂ ਸੀ ਫਾਂਸੀ ਚੜ੍ਹੇ ਭਗਤ-ਸਰਾਭੇ

ਰਣਜੀਤ ਲਹਿਰਾ
ਕਾਮਰੇਡ ਭੀਮ ਸਿੰਘ ਆਲਮਪੁਰ 11 ਮਾਰਚ ਦੀ ਸ਼ਾਮ ਨੂੰ ਜਾਖਲ ਰੇਲਵੇ ਸਟੇਸ਼ਨ ਤੋਂ ਜ਼ਿੰਦਾ, ਪਰ ਬੁਰੀ ਹਾਲਤ ਵਿੱਚ, ਮਿਲ ਗਿਆ। ਉਹ ਸਾਡੇ (ਲਹਿਰਾਗਾਗਾ) ਇਲਾਕੇ ਦੇ ਸੂਝਵਾਨ, ਹੰਢੇ-ਵਰਤੇ ਤੇ ਦ੍ਰਿੜ੍ਹਤਾ ਵਾਲੇ ਕਾਮਰੇਡਾਂ ਵਿੱਚੋਂ ਇੱਕ ਹੈ। 9 ਮਾਰਚ ਦੀ ਸ਼ਾਮ ਨੂੰ ਉਹ ਜਲੰਧਰ ਵਿਖੇ ਇੱਕ ਮੀਟਿੰਗ ਅਟੈਂਡ ਕਰਨ ਤੋਂ ਬਾਅਦ ਸ਼ਾਮ ਨੂੰ ਲੁਧਿਆਣਾ-ਜਾਖਲ ਪਸੰਜਰ ਟਰੇਨ ਰਾਹੀਂ ਲਹਿਰਾਗਾਗਾ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ ਹੀ ਗੁੰਮ ਹੋ ਗਏ। ਕਾਮਰੇਡ ਭੀਮ ਨੇ 8 ਕੁ ਵਜੇ ਰਸਤੇ ਵਿੱਚੋਂ (ਅਹਿਮਦਗੜ੍ਹ ਮੰਡੀ ਕੋਲੋਂ) ਫੋਨ ਕਰਕੇ ਘਰ ਦੱਸਿਆ ਕਿ ਉਹ ਆ ਰਿਹਾ ਹੈ ਤੇ ਰਾਤੀਂ ਸਾਢੇ ਦਸ ਕੁ ਵਜੇ ਘਰ ਪਹੁੰਚ ਜਾਵੇਗਾ। ਪਰ ਸਾਰੀ ਰਾਤ ਲੰਘ ਗਈ, ਨਾ ਉਹ ਘਰ ਪਰਤਿਆ ਤੇ ਨਾ ਹੀ ਮੁੜ ਉਹਦੇ ਨਾਲ ਕੋਈ ਸੰਪਰਕ ਹੋ ਸਕਿਆ। ਇਲਾਕੇ ਦਾ ਜਾਣਿਆ-ਪਛਾਣਿਆ ਨਾਂਅ ਹੋਣ ਕਰਕੇ ਅਤੇ ਅੱਜਕੱਲ ਆਰ.ਐਮ.ਪੀ.ਆਈ. ਸੂਬਾ ਸਕੱਤਰੇਤ ਦਾ ਮੈਂਬਰ ਤੇ ਜਮਹੂਰੀ ਕਿਸਾਨ ਸਭਾ ਦਾ ਸਿਰਕੱਢ ਆਗੂ ਹੋਣ ਕਰਕੇ ਜਿਉਂ-ਜਿਉਂ ਦਿਨ ਚੜ੍ਹਦਾ ਗਿਆ, ਤਿਉਂ-ਤਿਉਂ ਕਾਮਰੇਡ ਭੀਮ ਦੇ ਗੁੰਮ ਹੋਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਖੱਬੇ ਪੱਖੀ, ਟਰੇਡ ਯੂਨੀਅਨ ਤੇ ਕਿਸਾਨ-ਮਜ਼ਦੂਰ ਹਲਕਿਆਂ ਵਿੱਚ ਫੈਲਦੀ ਗਈ । ਸੋਸ਼ਲ ਮੀਡੀਆ ‘ਤੇ ਧੜਾ-ਧੜ ਉਨ੍ਹਾਂ ਦੇ ਗੁੰਮ ਹੋਣ ਜਾਂ ਅਗਵਾ ਕਰ ਲਏ ਜਾਣ ਦੀਆਂ ਪੋਸਟਾਂ ਸ਼ੇਅਰ ਹੋਣ ਲੱਗੀਆਂ। ਪਰ 11 ਮਾਰਚ ਦੀ ਸ਼ਾਮ ਤੱਕ ਉਹਦੇ ਬਾਰੇ ਨਾ ਤਾਂ ਘਰਦਿਆਂ ਨੂੰ ਕੋਈ ਉੱਘ-ਸੁੱਘ ਲੱਗੀ ਤੇ ਨਾ ਹੀ ਉਸਦੇ ਸੰਗੀ-ਸਾਥੀਆਂ ਤੇ ਪੁਲਸ ਨੂੰ ਕੋਈ ਸੂਹ ਲੱਗ ਸਕੀ ।
ਕਾਮਰੇਡ ਭੀਮ ਸਿੰਘ ਉਹ ਸਖਸ਼ ਹੈ ਜਿਸ ਨੇ ਚਾਰ ਦਹਾਕੇ ਪਹਿਲਾਂ ਚੜ੍ਹਦੀ ਜਵਾਨੀ ਤੋਂ ਲੈ ਕੇ ਅੱਜ ਤੱਕ ਵੀ ਉਸ ਆਜ਼ਾਦੀ ਲਈ ਜੂਝਣ ਦਾ ਝੰਡਾ ਉਠਾਈਂ ਰੱਖਿਆ ਹੈ, ਜਿਸ ਆਜ਼ਾਦੀ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਰਾਭਾ ਤੇ ਊਧਮ ਸਿੰਘ ਵਰਗੇ ਸੈਂਕੜੇ-ਹਜ਼ਾਰਾਂ ਸ਼ਹੀਦਾਂ ਨੇ ਬਰਤਾਨਵੀ ਸਾਮਰਾਜਵਾਦ ਖਿਲਾਫ਼ ਲੜਦਿਆਂ ਹੱਸ-ਹੱਸ ਜਾਨਾਂ ਵਾਰੀਆਂ ਸਨ, ਫਾਂਸੀ ਦੇ ਰੱਸਿਆ ਨੂੰ ਚੁੰਮਿਆ ਸੀ। ਜਿਸ ਆਜ਼ਾਦੀ ਲਈ ਉਨ੍ਹਾਂ ਨੇ ਜਾਨਾਂ ਨਿਛਾਵਰ ਕੀਤੀਆਂ ਸਨ, ਉਸ ਆਜ਼ਾਦੀ ਦੇ ਅਰਥ ਗੋਰੇ ਹਾਕਮਾਂ ਨੂੰ ਕੁੱਟ-ਦਬੱਲ਼ ਕੇ ਕਾਲੇ ਹਾਕਮਾਂ ਨੂੰ ਰਾਜ ਗੱਦੀਆਂ ‘ਤੇ ਬਿਠਾਉਣਾ ਨਹੀਂ ਸੀ ਸਗੋਂ ਉਸ ਆਜ਼ਾਦੀ ਦੇ ਅਰਥ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੇ ਹਕੀਕੀ ਅਸੂਲਾਂ ਨੂੰ ਪ੍ਰਣਾਇਆ ਨਵਾਂ-ਨਰੋਆ ਸਮਾਜ ਕਾਇਮ ਕਰਨਾ ਸੀ । ਇੱਕ ਅਜਿਹਾ ਸਮਾਜ ਜਿਸ ਵਿੱਚ ਕਿਰਤੀ ਕਾਮਿਆਂ ਦੀ ਸਰਦਾਰੀ ਹੋਵੇ, ਜਿਸ ਵਿੱਚ ਪੈਦਾਵਾਰੀ ਵਸੀਲਿਆਂ ਤੇ ਕੁਦਰਤੀ ਸਰੋਤਾਂ ‘ਤੇ ਲੋਕਾਂ ਦੀ ਸਮੂਹਿਕ ਮਾਲਕੀ ਹੋਵੇ, ਪੈਦਾਵਾਰ ਤੇ ਆਮਦਨ ਦੀ ਨਿਆਂਈ ਵੰਡ ਹੋਵੇ, ਜਿਸ ਵਿੱਚ ਸਨਮਾਨਯੋਗ ਜ਼ਿੰਦਗੀ ਦਾ ਹੱਕ ਸਭ ਨੂੰ ਹੋਵੇ, ਜਾਤੀ, ਧਾਰਮਿਕ, ਲਿੰਗਕ, ਭਾਸ਼ਾਈ, ਨਸਲੀ ਵਿਤਕਰੇਬਾਜ਼ੀ ਦਾ ਨਾਂਅ ਤੱਕ ਨਾ ਹੋਵੇ। ਜਿਸ ਵਿੱਚ ਨਾ ਚੋਰੀ-ਠੱਗੀ ਦਾ ਭੈਅ ਹੋਵੇ ਤੇ ਨਾ ਕਿਸੇ ਦੇ ਮਾਣ-ਇੱਜਤ ਨੂੰ ਖ਼ਤਰਾ ਹੋਵੇ।
ਪਰ 15 ਅਗਸਤ, 1947 ਨੂੰ ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਵੀ ਅਜਿਹਾ ਹੋ ਨਾ ਸਕਿਆ। ਸੱਤਾ ਦੀ ਵਾਗਡੋਰ ਜਿਨ੍ਹਾਂ ਦੇ ਹੱਥ ਆਈ ਉਹ ਕਾਲੇ ਅੰਗਰੇਜ਼ ਹੀ ਸਾਬਤ ਹੋਏ। ਉਨ੍ਹਾਂ ਭਾਰਤ ਦੇਸ਼ ਨੂੰ ਦੇਸੀ-ਬਦੇਸ਼ੀ ਲੁਟੇਰਿਆਂ ਦੀ ਲੁੱਟ ਦੀ ਮੰਡੀ ਹੀ ਬਣਾ ਧਾਰਿਆ। ਉਸ ਦਾ ਸਿਖਰ ਅੱਜ ਦੇਸ਼ ਦੇ ਲੋਕ ਫਿਰਕੂ-ਫਾਸ਼ੀਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਮੋਦੀ ਰਾਜ ਦੇ ਰੂਪ ‘ਚ ਭੁਗਤ ਰਹੇ ਹਨ । ਇਸ ਰਾਜ ਵਿੱਚ ਸੱਤਾ ਜਿੱਥੇ ਹਰ ਸਿਆਸੀ ਵਿਰੋਧੀ ਦੀ ਜ਼ੁਬਾਨਬੰਦੀ ਕਰਨ ‘ਤੇ ਉਤਾਰੂ ਹੈ, ਉਥੇ ਸਮਾਜਿਕ-ਸਿਆਸੀ ਨਿਘਾਰ ਦੇ ਸਿੱਟੇ ਵੱਜੋਂ ਕਿਰਤੀ-ਕਮਾਊ ਲੋਕਾਂ ਵਿੱਚੋਂ ਹੀ ਇੱਕ ਹਿੱਸਾ ਆਵਾਰਾ ਭੀੜਾਂ ਦੇ ਰੂਪ ਵਿੱਚ ਜਾਂ ਚੋਰ-ਉਚੱਕਿਆਂ, ਠੱਗਾਂ-ਠੋਰਾਂ ਤੇ ਨਸ਼ੇੜੀਆਂ ਦੇ ਰੂਪ ਵਿੱਚ ਸਮਾਜ ਵਿਰੋਧੀ ਤਾਕਤ ਬਣ ਗਿਆ ਹੈ ਜਾਂ ਚੁੱਪ ਚੁਪੀਤੇ ਬਣਾ ਦਿੱਤਾ ਗਿਆ ਹੈ। ਇਹ ਕੋਈ ਅੰਬਾਨੀ-ਅਡਾਨੀ ਵਰਗੇ ਲੁਟੇਰੇ ਨਹੀਂ ਸਗੋਂ ਸਰਮਾਏਦਾਰਾਨਾ ਲੁੱਟ-ਖਸੁੱਟ ‘ਤੇ ਟਿਕੇ ਸਮਾਜ ਨੇ ਉਨ੍ਹਾਂ ਨੂੰ ਆਪਣੇ ਵਰਗੇ ਪੀੜਤ ਲੋਕਾਂ ਨੂੰ ਹੀ ਲੁੱਟਣ ਦੇ ਰਾਹ ਪਾ ਦਿੱਤਾ ਹੈ ਅਤੇ ਇੱਕ ਅਜਿਹਾ ਬੇਇਤਬਾਰੀ ਤੇ ਭੈਅ ਦਾ ਮਾਹੌਲ ਬਣ ਗਿਆ ਹੈ ਜਿਸ ਵਿੱਚ ਹਰ ਵਿਅਕਤੀ ਬਾਹਰ ਹੀ ਨਹੀਂ, ਆਪਣੇ ਘਰ ਵਿੱਚ ਵੀ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ।
ਸਾਰੀ ਉਮਰ ਕਿਰਤੀ-ਕਮਾਊ ਲੋਕਾਂ ਦੇ ਹੱਕਾਂ ਦੇ ਲੇਖੇ ਲਾਉਣ ਵਾਲਾ ਕਾਮਰੇਡ ਭੀਮ ਵੀ 9 ਮਾਰਚ ਨੂੰ ਅਜਿਹੇ ਹੀ ਲੰਪਨ ਲੋਕਾਂ ਦੇ ਇੱਕ ਗਿਰੋਹ ਦਾ ਸ਼ਿਕਾਰ ਹੋ ਗਿਆ, ਜਿਹੜੇ ਰੇਲ ਗੱਡੀਆਂ ਵਿੱਚ ਭੋਲੇ-ਭਾਲੇ ਲੋਕਾਂ ਨੂੰ ਨਸ਼ੀਲੀ ਵਸਤੂ ਖਵਾ ਕੇ ਲੁੱਟ ਲੈਂਦੇ ਹਨ। ਭਲੇ ਹੀ ਕਾਮਰੇਡ ਭੀਮ 11 ਮਾਰਚ ਦੀ ਸ਼ਾਮ ਨੂੰ ਜ਼ਿੰਦਾ ਹਾਲਤ ਵਿੱਚ ਮਿਲ ਗਿਆ ਪਰ ਨਸ਼ੀਲੀ ਵਸਤੂ ਨੇ ਜਿਹੜੀ ਹਾਲਤ ਉਸ ਦੀ ਦੋ ਦਿਨ ਤੇ ਦੋ ਰਾਤਾਂ ਬਣਾ ਕੇ ਰੱਖੀ ਉਸ ਹਾਲਤ ਵਿੱਚ ਉਸ ਨਾਲ ਕੁੱਝ ਵੀ ਵਾਪਰ ਸਕਦਾ ਸੀ । ਜਿਸ ਤਿੰਨ ਮੈਂਬਰੀ ਗਰੋਹ ਨੇ ਇਹ ਘਟਨਾ ਅੰਜ਼ਾਮ ਦਿੱਤੀ ਉਸ ਵਿੱਚ ਇੱਕ 80 ਸਾਲਾਂ ਨੂੰ ਢੁੱਕਿਆ ਬਜ਼ੁਰਗ ਵੀ ਸੀ। ਇਹ ਘਟਨਾ ਦੱਸਦੀ ਹੈ ਕਿ ਅਜਿਹੇ ਸ਼ਾਤਰ ਗਰੋਹ ਆਪਣੇ ਮਕਸਦ ਲਈ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਬੇਰਹਿਮੀ ਨਾਲ ਵਰਤਦੇ ਹਨ ਤੇ ਉਨ੍ਹਾਂ ਦੇ ਜ਼ਰੀਏ ਕਿਵੇਂ ਭੋਲ਼ੇ ਭਾਲ਼ੇ ਲੋਕਾਂ ਨੂੰ ਆਪਣੇ ਜਾਲ ‘ਚ ਫਸਾਉਂਦੇ ਹਨ। ਸਿਰਫ ਪੰਜ-ਚਾਰ ਹਜ਼ਾਰ ਰੁਪਏ ਲੁੱਟਣ ਲਈ ਕਿਸੇ ਦੀ ਬੇਸ਼ਕੀਮਤੀ ਜ਼ਿੰਦਗੀ ਦਾਅ ‘ਤੇ ਲਾ ਦੇਣ ਦੀਆਂ ਨਿੱਤ ਵਾਪਰਦੀਆਂ ਅਜਿਹੀਆਂ ਘਟਨਾਵਾਂ ਅਤੇ ਅਜਿਹੀਆਂ ਘਟਨਾਵਾਂ ਦੇ ਪ੍ਰਤੀਕਰਮ ਵੱਜੋਂ ਲੋਕ ਮਨਾਂ ‘ਚ ਘਰ ਕਰਦੀ ਜਾ ਰਹੀ ਇਹ ਸੋਚ ਕਿ ‘ਕਿਸੇ ‘ਤੇ ਵੀ ਯਕੀਨ ਨਾ ਕਰੋ’ ਸਾਡੇ ਸਭਨਾਂ ਲਈ ਇੱਕ ਨਵੀਂ ਚੁਣੌਤੀ ਵੀ ਹੈ ਤੇ ਸੁਆਲ ਵੀ ਹੈ ਕਿ ਅਸੀਂ ਕਿੰਨੇ ਕਰੂਰ ਸਮਾਜ ਵਿੱਚ ਜੀਅ ਰਹੇ ਹਾਂ। ਸਾਨੂੰ ਲੋਕਾਂ ਦੇ ਵਿਸ਼ਾਲ ਹਿੱਸਿਆਂ ‘ਤੇ ਭਰੋਸਾ ਵੀ ਰੱਖਣਾ ਹੋਵੇਗਾ ਤੇ ਲੰਪਨ ਅਨਸਰਾਂ ਤੋਂ ਚੌਕੰਨਾ ਵੀ ਰਹਿਣਾ ਹੋਵੇਗਾ।
ਪਰ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਅਜਿਹੇ ਨਿੱਘਰੇ ਹੋਏ ਸਮਾਜ/ਦੇਸ਼ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿਣਾ ਸਭ ਤੋਂ ਭੱਦਾ ਮਜ਼ਾਕ ਨਹੀਂ ਹੈ ਤਾਂ ਹੋਰ ਕੀ ਹੈ? ਕੀ ਇਹੋ ਜਿਹੀ ਆਜ਼ਾਦੀ ਜਾਂ ਜਮਹੂਰੀਅਤ ਲਈ ਹੀ ਭਗਤ-ਸਰਾਭੇ ਹੋਰੀਂ ਫਾਂਸੀਆਂ ‘ਤੇ ਚੜ੍ਹੇ ਸਨ? ਨਹੀਂ ਹਰਗਿਜ ਨਹੀਂ, ਜੇ ਉਹ ਅੱਜ ਜ਼ਿੰਦਾ ਹੁੰਦੇ ਤਾਂ ਉਹ ਵੀ ਅਜਿਹੇ ਸਮਾਜ ਨੂੰ ਮਿੱਟੀ ‘ਚ ਮਿਲਾ ਦੇਣ ਲਈ ਜੂਝਦੇ ਹੁੰਦੇ।

Scroll To Top