Now Reading
ਸੰਪਾਦਕੀ (ਸੰਗਰਾਮੀ ਲਹਿਰ-ਜੁਲਾਈ 2020)

ਸੰਪਾਦਕੀ (ਸੰਗਰਾਮੀ ਲਹਿਰ-ਜੁਲਾਈ 2020)

ਲੋਕ-ਪੱਖੀ ਸ਼ਕਤੀਆਂ ਦੀ ਵਿਆਪਕ ਲਹਿਰ ਹੀ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਦੁਆ ਸਕਦੀ ਹੈ। ਅਮੀਰ ਪ੍ਰਾਂਤ ਪੰਜਾਬ ਦੇ ਲੋਕ, ਅੱਜ ਵੱਡੀਆਂ ਮੁਸੀਬਤਾਂ ’ਚ ਘਿਰੇ ਹੋਏ ਹਨ। ਖੇਤੀ ਸੰਕਟ ਸਦਕਾ ਖੇਤ ਮਜ਼ਦੂਰ ਤੇ ਗਰੀਬ ਕਿਸਾਨ ਕਰਜ਼ੇ ਦੀ ਮਾਰ ਹੇਠ ਹਨ। ਸ਼ਹਿਰੀ ਤੇ ਪੇਂਡੂ ਕਿਰਤੀਆਂ ਤੇ ਬੇਜ਼ਮੀਨੇ ਲੋਕਾਂ ਦੀ ਮਾਲੀ ਸਥਿਤੀ ਡਾਢੀ ਤਰਸਯੋਗ ਬਣੀ ਹੋਈ ਹੈ। ਕਈ ਸਾਲਾਂ ਤੋਂ ਜਾਰੀ ਬੇਰੁਜ਼ਗਾਰੀ ਕਰੋਨਾ ਮਹਾਂਮਾਰੀ ਦੇ ਦੌਰ ’ਚ ਭਿਆਨਕ ਰੂਪ ਧਾਰਨ ਕਰ ਗਈ ਹੈ। ਛੋਟਾ ਵਿਉਪਾਰੀ, ਦੁਕਾਨਦਾਰ, ਦਿਹਾੜੀਦਾਰ ਕਾਮਾ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਹੈ। ਵਿਦਿਆ, ਸਮਾਜਿਕ ਸੁਰੱਖਿਆ ਤੇ ਸਿਹਤ ਸਹੂਲਤਾਂ ਦੀ ਜੋ ਸਥਿਤੀ ਹੈ, ਉਸਨੇ ਹਾਕਮਾਂ ਦੇ ਝੂਠੇ ਦਾਅਵਿਆਂ ਦੇ ਬਖੀਏ ਉਧੇੜ ਦਿੱਤੇ ਹਨ, ਜੋ ਕਹਿੰਦੇ ਸਨ ਕਿ ਕਿਸੇ ਵੀ ਬਿਮਾਰੀ (ਕਰੋਨਾ ਵਰਗੀ) ਨਾਲ ਸਫਲਤਾ ਪੂਰਬਕ ਨਜਿੱਠਣ ਲਈ ਉਹ ਤਿਆਰ-ਬਰ-ਤਿਆਰ ਬੈਠੇ ਹਨ। ਜੇਕਰ ਕਿਹਾ ਜਾਵੇ ਕਿ ਪ੍ਰਾਂਤ ਅੰਦਰ ਸਿਹਤ ਸਹੂਲਤਾਂ ਨਾ ਮਾਤਰ ਵੀ ਨਹੀਂ ਹਨ ਤਾਂ ਇਹ ਕੋਈ ਅਤਿ ਕਥਨੀ ਨਹੀਂ ਹੋਵੇਗੀ। ਜਿਸ ਤਰ੍ਹਾਂ ਦੀਆਂ ਅਵਸਥਾਵਾਂ ਅੰਦਰ ਸਾਡੇ ਸਿਹਤ ਕਰਮਚਾਰੀ ਕੰਮ ਕਰਦੇ ਹਨ, ਉਹ ਡਾਢੀਆਂ ਤਰਸਯੋਗ ਹੀ ਕਹੀਆਂ ਜਾ ਸਕਦੀਆਂ ਹਨ। ਸਰਕਾਰੀ ਹਸਪਤਾਲਾਂ ’ਚ ਨਾ ਲੋੜੀਂਦੇ ਉਪਰਕਨ ਤੇ ਨਾ ਹੀ ਦਵਾਈਆਂ ਉਪਲੱਬਧ ਹਨ। ਨਿੱਜੀ ਹਸਪਤਾਲ, ਜਿਨ੍ਹਾਂ ਦੇ ਮਾਲਕਾਂ ਨੇ ਲੋਕਾਂ ਦੀ ਅੰਨ੍ਹੀ ਲੁੱਟ ਕਰਕੇ ਆਪਣੀਆਂ ਕਈ-ਕਈ ਪੁਸ਼ਤਾਂ ਵਾਸਤੇ ਧਨ ਜੋੜ ਲਿਆ ਹੈ, ਕਰੋਨਾ ਮਹਾਂਮਾਰੀ ਸਮੇਂ ਹਸਪਤਾਲਾਂ ਨੂੰ ਜ਼ਿੰਦਰੇ ਲਾ ਕੇ ਭੱਜ ਗਏ।

‘ਸਮਾਜਿਕ ਜਬਰ’ ਵਰਗਾ ਸ਼ਬਦ ਵੀ ਸੁਣਨ ਨੂੰ ਨਹੀਂ ਸੀ ਮਿਲਣਾ ਚਾਹੀਦਾ, ਗੁਰੂਆਂ ਦੀ ਇਸ ਧਰਤੀ ’ਤੇ। ਪ੍ਰੰਤੂ ਇਹ ਦੁਖਾਂਤ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਜਿਨ੍ਹਾਂ ਦਲਿਤਾਂ ਤੇ ਹੋਰ ਕਥਿਤ ਅਛੂਤ ਕਹੀਆਂ ਜਾਣ ਵਾਲੀਆਂ ਜਾਤੀਆਂ ਦੇ ਲੋਕਾਂ ਦਾ ਗੁਰਬਾਣੀ ਅੰਦਰ ਗੁਣਗਾਨ ਕੀਤਾ ਗਿਆ ਹੈ, ਉਨ੍ਹਾਂ ਦੇ ਸਮਾਜਿਕ ਬਾਈਕਾਟ ਕਰਨ ਦੀਆਂ ਕਈ ਥਾਂਈਂ ਗੁਰਦੁਆਰਿਆਂ ’ਚ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਉਹ ਕੰਮ ਦੀ ਦਿਹਾੜੀ ਦੇ ਪੈਸੇ ਵਧਾਉਣ ਦੀ ਹੱਕੀ ਮੰਗ ਕਰ ਰਹੇ ਹਨ। ਨਸ਼ਿਆਂ ਦਾ ਧੰਦਾ ਵੀ ਬਦਸਤੂਰ ਜਾਰੀ ਹੈ ਤੇ ਤਰ੍ਹਾਂ-ਤਰ੍ਹਾਂ ਦੇ ਮਾਫੀਏ ਪ੍ਰਾਂਤ ਅੰਦਰ ‘ਲੁੱਟ ਦਾ ਕਾਰਖਾਨਾ’ ਬੇਰੋਕ ਟੋਕ ਚਲਾ ਰਹੇ ਹਨ।

1947 ਤੋਂ ਬਾਅਦ ਪੰਜਾਬ ਦੇ ਲੋਕੀਂ ਇਕ ‘ਲੋਕ ਪੱਖੀ ਸਰਕਾਰ’ ਤੇ ਨਿਆਂਪੂਰਬਕ ਪ੍ਰਸ਼ਾਸਨ ਦੀ ਸਥਾਪਨਾ ਲਈ ਆਸਵੰਦ ਰਹੇ। ਸ਼ੁਰੂਆਤੀ ਦੌਰ ’ਚ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦੀ ਚੰਗੀ ਹਮਦਰਦੀ ਸੀ, ਕਿਉਂਕਿ ਇਸਨੇ ਸਮੁੱਚੇ ਰੂਪ ’ਚ ਆਜ਼ਾਦੀ ਸੰਗਰਾਮ ਦੀ ਅਗਵਾਈ ਕੀਤੀ ਸੀ। ਹਾਲਾਂਕਿ ਇਹ ਕਾਰਜ ਕਰਦਿਆਂ ਕਾਂਗਰਸ ਆਗੂਆਂ ਵਲੋਂ ਅੰਗਰੇਜ਼ ਸਾਮਰਾਜ ਨਾਲ ਅਨੇਕਾਂ ਵਾਰ ਮੌਕਾਪ੍ਰਸਤ ਸਮਝੌਤੇ ਵੀ ਕੀਤੇ ਗਏ ਤੇ ਉਨ੍ਹਾਂ ਵਲੋਂ ਆਜ਼ਾਦੀ ਲਹਿਰ ਦੇ ਅਗਾਂਹਵਧੂ ਖੱਬੇ ਪੱਖੀ ਰੁਝਾਨ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਦੀ ਵੀ ਲੰਬੀ ਸੂਚੀ ਹੈ। ਇਸੇ ਦੌਰ ਅੰਦਰ ਕਮਿਊਨਿਸਟ ਤੇ ਖੱਬੇ ਪੱਖੀ ਲਹਿਰ ਦੀ ਹੋਂਦ ਵੀ ਪ੍ਰਤੱਖ ਦਿਖਾਈ ਦਿੰਦੀ ਰਹੀ, ਜਿਸਨੇ ਆਜ਼ਾਦੀ ਸੰਗਰਾਮ ਨੂੰ ਆਜ਼ਾਦੀ ਹਾਸਲ ਕਰਨ ਦੇ ਨਾਲ-ਨਾਲ ਸਮਾਜਿਕ ਤਬਦੀਲੀ ਦੇ ਰਸਤੇ ਤੋਰਨ ਦੀਆਂ ਵੀ ਅਥਾਹ ਕੋਸ਼ਿਸ਼ਾਂ ਕੀਤੀਆਂ। ਸਮਾਂ ਬੀਤਣ ਨਾਲ ਕਮਿਊਨਿਸਟ ਲਹਿਰ ਅੰਦਰ ਕਈ ਕਿਸਮ ਦੇ ਬਿਖਰਾਅ ਤੇ ਸਿਧਾਂਤਕ ਮੱਤਭੇਦ ਉਭਰਨ ਕਾਰਨ ਕਮਿਊਨਿਸਟ ਲਹਿਰ ਜਨ ਸਧਾਰਣ ’ਚੋਂ ਨਿੱਖੜ ਕੇ ਕਮਜ਼ੋਰ ਪੈਂਦੀ ਗਈ। ਇਸਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਜਿਸ ਕਿਸਾਨੀ ਤੇ ਮੱਧ ਸ਼੍ਰੇਣੀ ਦੇ ਵੱਡੇ ਭਾਗਾਂ ’ਚ ਕਮਿਊਨਿਸਟਾਂ ਦਾ ਨਿੱਗਰ ਅਧਾਰ ਸੀ, ਉਹ ਹਰੇ ਇਨਕਲਾਬ ਦੀ ਆਮਦ ਨਾਲ ਆਪਣੇ ਹਿਤਾਂ ਨੂੰ ਬੜ੍ਹਾਵਾ ਦੇਣ ਲਈ ਦੂਸਰੇ ਹਾਕਮ ਰਾਜਸੀ ਦਲਾਂ ’ਚ ਸ਼ਾਮਿਲ ਹੋ ਗਏ। ਕਮਿਊਨਿਸਟਾਂ ਨੇ ਇਸ ਘਾਟੇ ਦੀ ਭਰਪਾਈ ਦੂਸਰੀਆਂ ਪੀੜਤ ਜਮਾਤਾਂ ਜਿਵੇਂ ਦਲਿਤਾਂ, ਸਨਅਤੀ ਕਾਮਿਆਂ, ਅੰਤਰਰਾਜ਼ੀ ਕਿਰਤੀਆਂ ਤੇ ਛੋਟੇ ਕਾਰੋਬਾਰੀਆਂ ’ਚ ਪਾਰਟੀ ਗਤੀਵਿਧੀਆਂ ਦੇ ਵਾਧੇ ਰਾਹੀਂ ਨਹੀਂ ਕੀਤੀ। ਸਮੁੱਚੀ ਕਮਿਊਨਿਸਟ ਲਹਿਰ ਨੇ ਸਭਿਆਚਾਰਕ ਤੇ ਵਿਚਾਰਧਾਰਕ ਮੋਰਚੇ ਨੂੰ ਵੀ ਵੱਡੀ ਹੱਦ ਤੱਕ ਅਣਗੌਲਿਆ ਕਰੀ ਰੱਖਿਆ। ਇਸਦੇ ਆਗੂ ਲੋਕਾਂ ਦੀ ਸਹੀ ਨਬਜ਼ ਨਹੀਂ ਪਹਿਚਾਣ ਸਕੇ। ਬਹੁਤ ਸਾਰੇ ਸ਼ਾਨਦਾਰ ਜਨਤਕ ਘੋਲਾਂ, ਕੁਰਬਾਨੀਆਂ ਤੇ ਪ੍ਰਾਪਤੀਆਂ ਦੇ ਬਾਵਜੂਦ ਖੱਬੇ ਪੱਖੀ ਲਹਿਰ ਪੰਜਾਬ ਅੰਦਰ ਇਕ ਗੁੰਦਵੀਂ, ਸ਼ਕਤੀਸ਼ਾਲੀ, ਲੋਕਾਂ ਦੀ ਅਗਵਾਈ ਕਰਨ ਦੇ ਸਮਰੱਥ ਰਾਜਸੀ ਸ਼ਕਤੀ ਨਾ ਬਣ ਸਕਣ ਕਰਕੇ ਇਹ ਆਮ ਲੋਕਾਂ ਦੀ ਵੱਡੀ ਪੱਧਰ ’ਤੇ ਭਰੋਸੇਯੋਗਤਾ ਹਾਸਲ ਨਹੀਂ ਕਰ ਸਕੀ। ਹਾਲਾਂਕਿ ਰਾਜਨੀਤਕ ਤਬਕਿਆਂ ਅੰਦਰ ਕਿਸੇ ਨਾ ਕਿਸੇ ਢੰਗ ਨਾਲ ਇਸਦੇ ਆਗੂ ਇਕ ਹੱਦ ਤੱਕ ਆਪਣੀ ਵੱਖਰੀ ਪਹਿਚਾਣ ਨੂੰ ਬਣਾਈ ਰੱਖਣ ਦੇ ਸਮਰੱਥ ਰਹੇ। ਦੇਸ਼ ਭਰ ’ਚ 1960ਵਿਆਂ ਦੇ ਦੂਸਰੇ ਅੱਧ ’ਚ ਕਾਂਗਰਸ ਦੀ ਰਾਜਨੀਤਕ ਇਜ਼ਾਰੇਦਾਰੀ ਟੁੱਟਣ ਤੋਂ ਬਾਅਦ ਪੰਜਾਬ ਅੰਦਰ ਸਾਂਝੇ ਫਰੰਟ ਦੀਆਂ ਸਰਕਾਰਾਂ ਸਥਾਪਿਤ ਕਰਨ ’ਚ ਦੋਨਾਂ ਕਮਿਊਨਿਸਟ ਪਾਰਟੀਆਂ ਦੀ ਆਪਣੀ ਭੂਮਿਕਾ ਰਹੀ ਹੈ। ਹਾਲਾਂਕਿ ਇਹ ਭੂਮਿਕਾ ਨਿਭਾਉਣ ਦੇ ਨਤੀਜੇ ਵਜੋਂ ਕਮਿਊਨਿਸਟ ਲਹਿਰ ਨੂੰ ਰਾਜਸੀ ਲਾਹਾ ਕਿੰਨਾ ਕੁ ਮਿਲਿਆ, ਇਸ ਸਵਾਲ ਦਾ ਜਵਾਬ ਗੰਭੀਰ ਬਹਿਸ ਦੀ ਮੰਗ ਕਰਦਾ ਹੈ। ਐਮਰਜੈਂਸੀ ਵਿਰੁੱਧ ਸੀ.ਪੀ.ਆਈ.(ਐਮ) ਦਾ ਸਪੱਸ਼ਟ ਪੈਂਤੜਾ ਤੇ ਜਨਤਕ ਘੋਲਾਂ ਅੰਦਰ ਭਾਗੀਦਾਰੀ ਨਾਲ ਤੇ ਇਸ ਤੋਂ ਵੀ ਅੱਗੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ’ਚ ਹਥਿਆਰਬੰਦ ਗ੍ਰੋਹਾਂ ਦਾ ਟਾਕਰਾ ਕਰਦਿਆਂ ਦਰਜਨਾਂ ਸਾਥੀਆਂ ਦੀ ਸ਼ਹਾਦਤ ਨੇ ਇਸਦੇ ਰਾਜਸੀ ਕੱਦ ਨੂੰ ਗਿਣਨਯੋਗ ਹੱਦ ਤੱਕ ਵਧਾਉਣ ’ਚ ਮਦਦ ਕੀਤੀ। ਬਾਅਦ ’ਚ ਮੌਕਾਪ੍ਰਸਤ ਪਾਰਲੀਮਾਨੀ ਕੁਰਾਹੇ ਵੱਲ ਨੂੰ ਵੱਧਦੇ ਕਦਮਾਂ ਤੇ ਸੱਤਾ ਨਾਲ ਭਾਈਵਾਲੀ ਦੇ ਨਤੀਜੇ ਵਜੋਂ ਸਮੁੱਚੇ ਦੇਸ਼ ਵਾਂਗ ਪ੍ਰਾਂਤ ਅੰਦਰ ਵੀ ਖੱਬੀ ਲਹਿਰ ਕਮਜ਼ੋਰ ਹੋਈ ਹੈ। ਨਕਸਲਬਾੜੀ ਲਹਿਰ ਦੇ ਵੱਡੇ ਹਿੱਸੇ ਵਲੋਂ ਸਿਰਫ ਜਨਤਕ ਮੋਰਚਿਆਂ ਵਿਚ, ਖਾਸਕਰ ਕਿਸਾਨੀ ਮੋਰਚੇ ਉਪਰ ਆਰਥਿਕ ਸਵਾਲਾਂ ’ਤੇ ਸੰਘਰਸ਼ ਤਾਂ ਲੜੇ ਜਾਂਦੇ ਹਨ, ਪ੍ਰੰਤੂ ਹਰ ਕਿਸਮ ਦੀ ਰਾਜਨੀਤੀ ਨੂੰ ਛੁਟਿਆਉਣ ਦਾ ਨਾਅਰਾ ਦੇ ਕੇ ਸਿਰਫ ‘ਘੋਲਾਂ’ ਤੇ ਟੇਕ ਰੱਖਣ’ ਦਾ ਹੋਕਾ ਪੰਜਾਬ ਦੀਆਂ ਹਾਕਮ ਧਿਰਾਂ ਦੇ ਬਹੁਤ ਫਿਟ ਬੈਠਦਾ ਹੈ, ਜਿੱਥੇ ਕਾਂਗਰਸ ਤੇ ਅਕਾਲੀ ਦਲ-ਭਾਜਪਾ ਗਠਜੋੜ ਵਾਰੋ-ਵਾਰੀ ਇਸ ‘ਸੰਘਰਸ਼ਸ਼ੀਲ ਕਿਸਾਨੀ’ ਦੀ ਹਮਾਇਤ ਹਾਸਲ ਕਰਨ ’ਚ ਸਫਲ ਰਹਿੰਦੇ ਹਨ।

ਜਿਸ ਤਰ੍ਹਾਂ ਬਾਜ਼ਾਰ ’ਚ ਸਬਜ਼ੀ ਵੇਚਣ ਵਾਲੇ ਦਾ ਹੋਕਾ ਸੁਣ ਕੇ ਲੋਕ ਭੱਜੇ-ਭੱਜੇ ਸਬਜ਼ੀ ਖਰੀਦਣ ਲਈ ਆਉਂਦੇ ਹਨ ਤੇ ਖਰਾਬ ਸਬਜ਼ੀ ਦੇਖ ਕੇ ਬਿਨਾ ਕੁਝ ਖਰੀਦਣ ਤੋਂ ਨਿਰਾਸ਼ ਹੋ ਕੇ ਵਾਪਸ ਮੁੜ ਜਾਂਦੇ ਹਨ, ਇਸੇ ਤਰ੍ਹਾਂ ਰਾਜਨੀਤਕ ਬਾਜ਼ਾਰ ’ਚ ਆਮ ਲੋਕ ਕਈ ਵਾਰ ਇਕ ਲੋਕ ਪੱਖੀ, ਸੇਵਾ ਭਾਵਨਾ ਵਾਲੀ ਤੇ ਸਪੱਸ਼ਟ ਰੂਪ ਵਿਚ ਜਨਤਾ ਦੇ ਹੱਕ ਪੂਰਨ ਵਾਲੀਆਂ ਆਰਥਿਕ ਨੀਤੀਆਂ ਦੇ ਲਾਗੂ ਕਰਨ ਵਾਲੀ ਕੋਈ ਰਾਜਸੀ ਧਿਰ ਦੀ ਤਲਾਸ਼ ’ਚ ਵਾਹੋ ਦਾਹੀ ਦੌੜੇ ਆਉਂਦੇ ਹਨ। ਜਿਵੇਂ ਇਕ ਸਮੇਂ ਬਸਪਾ, ਮਨਪ੍ਰੀਤ ਬਾਦਲ ਦੀ ਪਾਰਟੀ ਤੇ ਬਾਅਦ ’ਚ ‘ਆਪ’ ਦੀ ਆਮਦ ਨਾਲ ਜਨ ਸਧਾਰਨ ਇਨ੍ਹਾਂ ਵੱਲ ਨੂੰ ਵੱਡੀਆਂ ਆਸਾਂ ਲੈ ਕੇ ਖਿੱਚਿਆ ਗਿਆ, ਪ੍ਰੰਤੂ ਇਨ੍ਹਾਂ ਦਲਾਂ ਦੇ ਅਮਲਾਂ ਸਦਕਾ ਵੱਡਾ ਭਾਗ ਨਿਰਾਸ਼ ਹੋ ਕੇ ਫਿਰ ਵਾਪਸ ਪਰਤ ਗਿਆ। ਅੱਜ ਵੀ ਜਦੋਂ ਕਦੀ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਜਸ਼ੈਲੀ ਦਾ ਲੇਖਾ-ਜੋਖਾ ਕਰਦੇ ਹੋਏ ਸਧਾਰਨ ਵਿਅਕਤੀ ਨਾਲ ਸੰਵਾਦ ਰਚਾਉਂਦੇ ਹਾਂ, ਤਾਂ ਉਹ ਝਟ ਹੀ ਇਨ੍ਹਾਂ ਦੋਨਾਂ ਸਰਕਾਰਾਂ ਵਿਰੁੱਧ ਗੁੱਸੇ ਤੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਾ ਹੋਇਆ ਕਿਸੇ ਤੀਸਰੇ ਯੋਗ ਮੁਤਬਾਦਲ ਨਾ ਮਿਲਣ ਦੀ ਮਜ਼ਬੂਰੀ ਜਾਹਰ ਕਰ ਦਿੰਦਾ ਹੈ।

ਫਿਰ ਲੋਕਾਂ ਦੀ ਇਸ ਆਸ ਨੂੰ ਬੂਰ ਪਾਉਣ ਲਈ ਕੀ ਕੀਤਾ ਜਾਵੇ ਤੇ ਕਿਹੋ ਜਿਹੇ ਉਪਰਾਲੇ ਜੁਟਾਏ ਜਾਣ? ਬਿਨਾਂ ਸ਼ੱਕ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਾਰੀਆਂ ਹੀ ਖੱਬੇ ਪੱਖੀ ਪਾਰਟੀਆਂ ਦਾ ਮਜ਼ਬੂਤ ਹੋਣਾ ਤੇ ਆਪਸ ’ਚ ਸਾਂਝਾ ਮੋਰਚਾ ਬਣਾ ਕੇ ਜਨਤਕ ਘੋਲਾਂ ਦਾ ਪਿੜ ਮੱਲਣਾ ਸਭ ਤੋਂ ਅਹਿਮ ਤੇ ਮੂਲ ਸ਼ਰਤ ਹੈ। ਇਸ ਏਕਤਾ ਤੇ ਸੰਘਰਸ਼ ਸਦਕਾ ਕਿਰਤੀ ਲੋਕਾਂ ’ਚ ਖੱਬੇ ਪੱਖੀ ਲਹਿਰ ਸੰਗ ਜੁੜਨ ਦੀ ਚੇਸ਼ਟਾ ਵਧੇਗੀ ਤੇ ਖੱਬੇ ਪੱਖੀ ਦਲਾਂ ਅੰਦਰ ਅੱਗੇ ਵੱਧਣ ਲਈ ਸਵੈ ਭਰੋਸਾ ਉਗਮੇਗਾ। ਪ੍ਰੰਤੂ ਕੀ ਸਿਰਫ ਖੱਬੇ ਪੱਖੀ ਦਲਾਂ ਦੇ ਪ੍ਰਭਾਵ ਹੇਠਲੇ ਜਨ ਸਮੂਹਾਂ ਤੇ ਮੈਂਬਰਾਂ ਦੀ ਸਹਾਇਤਾ ਨਾਲ ਪੰਜਾਬ ਦੀਆਂ ਦੂਸਰੀਆਂ ਰਾਜਨੀਤਕ ਪਾਰਟੀਆਂ ਦਾ ਜਨ ਆਧਾਰ, ਜੋ ਉਨਾਂ ਤੋਂ ਨਿਰਾਸ਼ ਹੋ ਕੇ ਇਕ ਭਰੋਸੇਯੋਗ ਰਾਜਸੀ ਮੁਤਬਾਦਲ ਦੀ ਤਲਾਸ਼ ’ਚ ਹੈ, ਖੱਬੇ ਪੱਖੀ ਦਲਾਂ ਦੀ ਮੌਜੂਦਾ ਅਵਸਥਾ ਤੇ ਸ਼ਕਤੀ ਦੁਆਲੇ ਇਕੱਤਰ ਹੋ ਕੇ ਤੀਸਰੇ ਲੋਕ ਪੱਖੀ ਮੁਤਬਾਦਲ ਵੱਲ ਨੂੰ ਤੇਜ਼ੀ ਨਾਲ ਅਗਰਸਰ ਹੋਏਗਾ? ਕੀ ਵੱਡੀ ਗਿਣਤੀ ’ਚ ਦਰਮਿਆਨੀ ਜਮਾਤ, ਜਿਹੜੀ ਪੂੰਜੀਵਾਦੀ ਵਿਕਾਸ ਦੇ ਮੌਜੂਦਾ ਦੌਰ ਅੰਦਰ ਨਵੀਂ ਕਿਸਮ ਦੇ ਵਿਚਾਰਾਂ, ਆਸ਼ਾਵਾਂ ਤੇ ਸੁਪਨਿਆਂ ਨਾਲ ਲੈਸ ਹੈ, ਇਨ੍ਹਾਂ ਖੱਬੇ ਪੱਖੀ ਦਲਾਂ ਸੰਗ ਉਨੀ ਤੇਜ਼ੀ ਨਾਲ ਜੁੜ ਸਕਣਗੇ, ਜਿਸਦੀ ਜ਼ਰੂਰਤ ਹੈ?

ਇਨ੍ਹਾਂ ਸਵਾਲਾਂ ਦਾ ਜਵਾਬ ਕਿਸੇ ਭਾਵਨਾਤਮਕ ਵਹਿਣ ’ਚ ਬਹਿਕੇ ਅੰਤਰਮੁਖਤਾ ਦੇ ਆਧਾਰ ’ਤੇ ਲੱਭਣ ਦੀ ਥਾਂ ਬਾਹਰਮੁਖੀ ਹਕੀਕਤਾਂ, ਖੱਬੇਪੱਖੀ ਦਲਾਂ ਪ੍ਰਤੀ ਲੋਕਾਂ ਦੀ ਭਰੋਸੇਯੋਗਤਾ ਦੀ ਮਾਤਰਾ ਤੇ ਜਨ ਸਧਾਰਨ ਦੀ ਮਾਨਸਿਕਤਾ ਬਾਰੇ ਡੂੰਘਾਈ ਨਾਲ ਵਿਚਾਰ ਕੇ ਲੱਭਣਾ ਹੋਵੇਗਾ।

ਇਸ ਵਿਚ ਕੋਈ ਦੂਸਰੀ ਰਾਇ ਨਹੀਂ ਹੋ ਸਕਦੀ ਕਿ ਇਸ ਖਿੱਤੇ ਅੰਦਰ ਮਾਰਕਸਵਾਦ ਦੀ ਵਿਗਿਆਨਕ ਸਮਾਜਵਾਦ ਦੀ ਧਾਰਣਾ ਤੇ ਪੂੰਜੀਵਾਦੀ ਢਾਂਚੇ ਦੇ ਵਿਕਾਸ ਤੋਂ ਕਾਫੀ ਪਹਿਲਾਂ ਹੀ ਸਾਂਝੀਵਾਲਤਾ, ਬਰਾਬਰਤਾ, ਨਿਮਰਤਾ, ਭਰਾਤਰੀ ਭਾਵ ਤੇ ਔਖੇ ਵੇਲੇ ਇਕ ਦੂਸਰੇ ਦੀ ਸਹਾਇਤਾ ਕਰਨ ਦੀਆਂ ਮਹਾਨ ਪ੍ਰੰਪਰਾਵਾਂ ਕਾਇਮ ਹੋ ਚੁੱਕੀਆਂ ਸਨ। ਇਸ ਤੋਂ ਵੀ ਅੱਗੇ ਆਰਥਿਕ ਤੇ ਰਾਜਨੀਤਕ ਸਭਿਆਚਾਰਕ ਖੇਤਰਾਂ ’ਚ ਦੁਸ਼ਮਣਾਂ ਤੇ ਮਿੱਤਰਾਂ ਦੀ ਸਪੱਸ਼ਟ ਨਿਸ਼ਾਨ ਦੇਹੀ ਤੇ ਲੋਕਾਈ ਉਪਰ ਜ਼ੁਲਮ ਕਰਨ ਵਾਲੇ ਰਾਜਿਆਂ, ਮਹਾਰਾਜਿਆਂ ਤੇ ਬਾਹੂਬਲੀਆਂ ਵਿਰੁੱੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਤੇ ਸੰਘਰਸ਼ ਕਰਨ ਦੀਆਂ ਵੀ ਸ਼ਾਨਾਮੱਤੀ ਕਹਾਣੀਆਂ ਹਨ, ਜੋ ਸਾਡੇ ਇਤਿਹਾਸ ਅੰਦਰ ਸਮੋਈਆਂ ਹੋਈਆਂ ਹਨ। ‘ਕੁਰਬਾਨੀਆਂ’ ਦੇ ਸ਼ਬਦ ਨੂੰ ਜਿਨਾਂ ਬੁਲੰਦੀਆਂ ਉਪਰ ਪਹੁੰਚਾ ਕੇ ਸਾਡੇ ਇਤਿਹਾਸ ਦੇ ਲੋਕ ਹਿਤਾਂ ਲਈ ਜੂਝਣ ਵਾਲੇ ਸੂਰਮਿਆਂ ਨੇ ਨਵੀਂ ਪਰਿਭਾਸ਼ਾ ਪ੍ਰਦਾਨ ਕੀਤੀ ਹੈ, ਉਸਨੇ ਸਾਡੇ ਸਾਰੇ ਲੋਕਾਂ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ। ਅੱਜ ਵੀ ਇਸ ਰੰਗ ’ਚ ਰੰਗੀਆਂ ਖੂਸ਼ਬੂਦਾਰ ਹਵਾਵਾਂ ਪੰਜਾਬ ਦੀ ਫਿਜ਼ਾ ’ਚ ਮੌਜੂਦ ਹਨ। ਲੋਕਾਂ ਦਾ ਵੱਡਾ ਹਿੱਸਾ ਧੋਖਾਧੜੀ ਨਾਲ ਪੈਸਾ ਕਮਾਉਣ ਵਾਲਿਆਂ, ਲੋਕਾਂ ਨਾਲ ਜ਼ਿਆਦਤੀਆਂ ਕਰਨ ਵਾਲਿਆਂ ਤੇ ਅਸੰਵੇਦਨਸ਼ੀਲ ਰਾਜਸੀ ਆਗੂਆਂ ਪ੍ਰਤੀ ਨਫਰਤ ਦੀ ਭਾਵਨਾ ਰੱਖਦਾ ਹੈ। ਦੂਸਰੇ ਪਾਸੇ ਲੋਕ-ਹਿਤਾਂ ਲਈ ਜੂਝਣ ਵਾਲੇ ਲੋਕਾਂ ਤੇ ਉਨ੍ਹਾਂ ਦੇ ਵਿਚਾਰਾਂ ਪ੍ਰਤੀ ਵਿਸ਼ੇਸ ਸ਼ਰਧਾ ਤੇ ਸਤਿਕਾਰ ਵੀ ਆਪਣੇ ਮਨਾਂ ਅੰਦਰ ਸਮੋਈ ਬੈਠਾ ਹੈ। ਇਹੀ ਕਾਰਨ ਹੈ ਕਿ ਹਾਕਮਾਂ ਤੇ ਫਿਰਕੂ ਤੱਤਾਂ ਵਲੋਂ ਪੰਜਾਬ ਅੰਦਰ ਕਮਿਊਨਿਸਟਾਂ ਬਾਰੇ ਅਨੇਕਾਂ ਗਲਤਫਹਿਮੀਆਂ ਤੇ ਨਫਰਤ ਫੈਲਾਉਣ ਲਈ ਹਰ ਹੀਲਾ ਵਰਤਿਆ ਤੇ ਕੁਫ਼ਰ ਤੋਲਿਆ ਗਿਆ ਪਰ ਉਹਨਾਂ ਦਾ ਕੂੜ ‘ਸੱਚ’ ਵਿਚ ਤਬਦੀਲ ਨਾ ਹੋਣਾ ਸੀ ਤੇ ਨਾ ਹੀ ਹੋਇਆ। ਅੱਤਵਾਦੀ ਦੌਰ ਦੇ ਕਾਲੇ ਦਿਨਾਂ ਅੰਦਰ ਖਾਲਿਸਤਾਨੀ ਤੱਤਾਂ ਵਲੋਂ ਕਮਿਊਨਿਸਟਾਂ ਬਾਰੇ ਅਨੇਕਾਂ ਝੂਠੇ ਤੇ ਮਨਘੜਤ ਇਲਜ਼ਾਮ ਲਗਾਉਣ ਦੇ ਬਾਵਜੂਦ ਗੁਰੂਆਂ ਦੀ ਧਰਤੀ ਦੇ ਲੋਕਾਂ ਨੇ ਕਮਿਊਨਿਸਟ ਵਿਚਾਰਧਾਰਾ ਤੋਂ ਮੁੱਖ ਨਹੀਂ ਮੋੜਿਆ।

ਅੱਜ ਪ੍ਰਾਂਤ ਅੰਦਰ ਬਹੁਤ ਵੱਡੀ ਗਿਣਤੀ ਐਸੇ ਲੋਕਾਂ ਦੀ ਹੈ, ਜੋ ਕਿਸੇ ਨਾ ਕਿਸੇ ਪੱਖ ਤੋਂ ਅਗਾਂਹਵਧੂ ਤੇ ਖੱਬੀ ਲਹਿਰ ਨਾਲ ਜੁੜੇ ਰਹੇ ਹਨ ਤੇ ਅੱਜ ਉਹ ਕਈ ਕਾਰਨਾਂ ਕਰਕੇ ਨਿਰਾਸ਼ ਹੋ ਕੇ ਘਰੀਂ ਬੈਠੇ ਹਨ। ਪ੍ਰੰਤੂ ਜਦੋਂ ਵੀ ਉਨ੍ਹਾਂ ਨੂੰ ਜਾਪਿਆ ਕਿ ਪੰਜਾਬ ਦੀ ਰਾਜਨੀਤੀ ’ਚ ਕੁਝ ਚੰਗਾ ਹੋਣ ਵਾਲਾ ਹੈ ਤਾਂ ਉਨ੍ਹਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਉਸ ਨੂੰ ਹੱਲਾਸ਼ੇਰੀ ਦਿੱਤੀ ਹੈ। ਸਮੂਹ ਪੰਜਾਬੀਆਂ ਦੀ ਇਸ ਨਰੋਈ ਸੋਚ ਨੂੰ ਕਿਰਤੀ ਲੋਕਾਂ ਦੀ ਅਗਾਂਹਵਧੂ ਲਹਿਰ ਦੇ ਵਾਧੇ ਲਈ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

ਜਾਪਦਾ ਹੈ ਕਿ ਅੱਜ ਦੀਆਂ ਗੁੰਝਲਦਾਰ ਸਥਿਤੀਆਂ ’ਚ ਜਦੋਂ ਹਾਕਮ ਧਿਰ ਆਪਣੀਆਂ ਲੋਕ ਮਾਰੂ ਨੀਤੀਆਂ ਕਾਰਨ ਜਨਤਾ ਦੀਆਂ ਨਿਗਾਂਹਾਂ ’ਚ ਬੱਦੂ ਬਣੀ ਹੋਈ ਹੈ, ਆਮ ਲੋਕ ਕਿਸੇ ਲੋਕ ਪੱਖੀ ਰਾਜਸੀ ਧਿਰ ਦੀ ਆਮਦ ਆਸ਼ਾ ਭਰੀਆਂ ਨਜ਼ਰਾਂ ਨਲ ਦੇਖ ਰਹੇ ਹਨ। ਪ੍ਰੰਤੂ ਸ਼ਾਇਦ ਅਜੇ ਉਹ ਪਲ ਨਹੀਂ ਆਇਆ ਜਦੋਂ ਇਹ ਵਿਸ਼ਾਲ ਜਨ ਸਮੂਹ ਇਕ ਦਮ ਲਾਲ ਝੰਡੇ ਫੜਕੇ ਕਮਿਊਨਿਸਟਾਂ ਨਾਲ ਸੜਕਾਂ ਤੇ ਨਿਕਲ ਪੈਣ। ਨਾ ਹੀ ਸਾਨੂੰ ਐਸੀ ਆਸ ਕਰਨੀ ਚਾਹੀਦੀ ਹੈ। ਹਾਂ, ਜੇਕਰ ਇਕ ਮਾਨਵਤਾ ਹਿਤੈਸ਼ੀ ਵਿਸ਼ਾਲ ਮੰਚ ਉਸਰੇ ਤੇ ਜਿਸ ਵਿਚ ਪ੍ਰਾਂਤ ਦੇ ਅਗਾਂਹਵਧੂ ਬੁਧੀਜੀਵੀ, ਪੱਤਰਕਾਰ, ਸਾਹਿਤਕਾਰ, ਦਰਮਿਆਨੀਆਂ ਜਮਾਤਾਂ ਨਾਲ ਸੰਬੰਧਤ ਲੋਕ ਜੋ ਸਮਾਜਿਕ ਬਦਲਾਅ ਦੇ ਹਮਾਇਤੀ ਹਨ, ਸਭ ਇਕੱਠੇ ਹੋ ਕੇ ਲੁਟੇਰੇ ਰਾਜਸੀ ਗਠਜੋੜਾਂ ਦੇ ਵਿਰੁੱਧ ਇਕ ਸਾਰਥਕ ਤੇ ਯਥਾਰਥ ਉਪਰ ਅਧਾਰਤ ਲੋਕ ਪੱਖੀ ਪ੍ਰੋਗਰਾਮ ਲੋਕਾਂ ਸਾਹਮਣੇ ਰੱਖਣ, ਤਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਪ੍ਰਾਂਤ ਅੰਦਰ ਲੋਕਾਂ ਨਾਲ ਧ੍ਰੋਹ ਕਰਨ ਵਾਲੇ ਮੌਜੂਦਾ ਰਾਜਸੀ ਗਠਜੋੜਾਂ ਦੇ ਮੁਕਾਬਲੇ ਇਕ ਲੋਕ ਹਿਤੈਸ਼ੀ ਮੁਤਬਾਦਲ ਕਾਇਮ ਨਾ ਹੋਵੇ। ਭਾਵੇਂ ਇਹ ਵਿਸ਼ਾਲ ਲੋਕਾਂ ਦਾ ਸਮੂਹ ਅੱਜ ਪੁਰਾਣੇ ਚਿਤਵੇ ਕਮਿਊਨਿਸਟ ਚੌਖਟੇ ’ਚ ਪੂਰੀ ਤਰ੍ਹਾਂ ਫਿਟ ਨਾ ਵੀ ਹੋਵੇ, ਪ੍ਰੰਤੂ ਵਗੇਗਾ, ਉਸੇ ਹੀ ਦਿਸ਼ਾ ’ਚ ਜਿਸ ’ਚ ਕਿਰਤੀਆਂ ਕਿਸਾਨਾਂ ਦੀ ਲਹਿਰ ਵਗਦੀ ਹੈ। ਦੁਨੀਆਂ ਦਾ ਕੋਈ ਵੀ ਰਾਜਨੀਤਕ ਬਦਲਾਅ ਇਕੱਲੇ ਕਮਿਊਨਿਸਟਾਂ ਨਾਲ ਪੂਰੀ ਤਰ੍ਹਾਂ ਜੁੜੇ ਲੋਕਾਂ ਨੇ ਹੀ ਨਹੀਂ ਕੀਤਾ, ਬਲਕਿ ਜਦੋਂ ਉਨ੍ਹਾਂ ਨਾਲ ਸਾਂਝੀਵਾਲਤਾ, ਬਰਾਬਰਤਾ ਤੇ ਆਜ਼ਾਦੀ ਦੇ ਅਣਗਿਣਤ ਪੈਰੋਕਾਰ ਵੀ ਮੋਢੇ ਨਾਲ ਮੋਢਾ ਜੋੜਕੇ ਤੁਰੇ, ਤਦ ਹੀ ਸਮਾਜਿਕ ਤਬਦੀਲੀ ਦੀ ਸਫਲਤਾ ਦੇ ਬੰਦ ਕਵਾੜ ਚੌੜ-ਚੁਪੱਟ ਖੁੱਲਦੇ ਦੇਖੇ ਗਏ ਹਨ। ਇਹ ਨਵੇਕਲਾ ਲੋਕ ਕਾਫ਼ਲਾ ਇਕ ਦਮ ਤਾਂ ਸਾਰੇ ਸਮਾਜ ਦੇ ਮਸਲੇ ਹੱਲ ਨਹੀਂ ਕਰ ਸਕੇਗਾ, ਪ੍ਰੰਤੂ ਇਸਦੇ ਦਬਾਅ ਅਧੀਨ ਸਰਕਾਰ ਵਲੋਂ ਆਮ ਲੋਕਾਂ ਲਈ ਮੁਫ਼ਤ ਤੇ ਮਿਆਰੀ ਵਿਦਿਆ, ਸਿਹਤ ਸਹੂਲਤਾਂ, ਸਮਾਜਿਕ ਸੁਰੱਖਿਆ, ਕਿਸਾਨਾਂ ਦੀਆਂ ਜਿਣਸਾਂ ਲਈ ਮੰਡੀਕਰਨ ਦੀਆਂ ਯੋਗ ਸਹੂਲਤਾਂ, ਕਰਜ਼ਾ ਮੁਆਫ਼ੀ, ਸਸਤੀ ਬਿਜਲੀ ਵਰਗੇ ਮੁੱਦੇ ਤਾਂ ਤੁਰੰਤ ਹੱਲ ਕੀਤੇ ਹੀ ਜਾ ਸਕਦੇ ਹਨ। ਅਜਿਹੀ ਲਹਿਰ ਹੀ ਲੋਕਾਂ ਨੂੰ ਵੱਖ ਵੱਖ ਰੰਗਾਂ ਦੇ ਮਾਫੀਏ ਤੇ ਗੁੰਡਾ ਅਨਸਰਾਂ ਤੋਂ ਨਿਜ਼ਾਤ ਦੁਆ ਸਕਦੀ ਹੈ। ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਇਹ ਲਹਿਰ ਫਿਰਕੂ-ਫਾਸ਼ੀਵਾਦੀ ਹਨ੍ਹੇਰੀ ਨੂੰ ਠੱਲ੍ਹ ਪਾਉਣ ’ਚ ਡਾਢੀ ਮਦਦਗਾਰ ਹੋਵੇਗੀ। ਇਸ ਦਿਸ਼ਾ ਵੱਲ ਨੂੰ ਤੁਰੰਤ ਯਤਨ ਆਰੰਭ ਕੀਤੇ ਜਾਣ ਦੀ ਜ਼ਰੂਰਤ ਹੈ।

– ਮੰਗਤ ਰਾਮ ਪਾਸਲਾ

Scroll To Top