Now Reading
ਸੰਪਾਦਕੀ : ”ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਵਾਰਿਸਾਂ ਨੂੰ ਵੰਗਾਰ”

ਸੰਪਾਦਕੀ : ”ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਵਾਰਿਸਾਂ ਨੂੰ ਵੰਗਾਰ”

ਭਾਰਤ ਦੇ ਸੁਤੰਤਰਤਾ ਸੰਗਰਾਮ ਦਾ ਇਤਿਹਾਸ ਲਾਸਾਨੀ ਸ਼ਖਸੀਅਤਾਂ ਦੇ ਬਾਕਮਾਲ ਕਾਰਨਾਮਿਆਂ, ਅਦੁੱਤੀ ਸ਼ਹਾਦਤਾਂ, ਬੇਮਿਸਾਲ ਕੁਰਬਾਨੀਆਂ ਅਤੇ ਯੁਗ ਪਲਟਾਊ ਘਟਨਾਵਾਂ ਦੀ ਸ਼ਾਨਾਂਮੱਤੀ  ਦਾਸਤਾਨ ਹੈ। ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਨਾਂਅ ਇਸ ਦਾਸਤਾਨ ਦੇ ਸੁਨਹਿਰੀ ਪੰਨਿਆਂ ‘ਤੇ ਸੁਰਖ਼ ਹਸਤਾਖ਼ਰ ਵਜੋਂ ਅੰਕਿਤ ਹੈ। ਸੁਤੰਤਰਤਾ ਪ੍ਰਾਪਤੀ ਲਈ ਜੂਝ ਰਹੇ ਜੁਝਾਰੂਆਂ ‘ਚ ਦੋ ਸਲਾਹੀਅਤਾਂ ਕੁੱਟ-ਕੁੱਟ ਕੇ ਭਰੀਆਂ ਹੋਈਆਂ ਸਨ। ਬਸਤੀਵਾਦੀ ਬ੍ਰਿਟਿਸ਼ ਰਾਜ ਖਿਲਾਫ਼ ਅੰਤਾਂ ਦੀ ਘਿਰਣਾ ਅਤੇ ਸਾਂਝੀਵਾਲਤਾ ਦਾ ਮਾਨਵਤਾਵਾਦੀ ਸੰਕਲਪ। ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਯੁੱਧ ਸਾਥੀਆਂ ਨੇ ਉਕਤ ਦੋਹੇਂ ਅਜ਼ੀਮ ਸਰੋਕਾਰਾਂ ਦੇ ਪਰਚਮ ਨੂੰ ਹੋਰ ਬੁਲੰਦ ਕੀਤਾ।
ਪਰ ਨਾਲ ਹੀ ਉਨ੍ਹਾਂ ਇਹ ਸੰਕਲਪ ਵੀ ਲੋਕਾਂ ਸਾਹਵੇਂ ਠੋਸ ਰੂਪ ਵਿੱਚ ਪੇਸ਼ ਕੀਤਾ ਕਿ ਸਿਰਫ ਬਸਤੀਵਾਦੀ ਅੰਗਰੇਜ਼ ਹਕੂਮਤ ਦੇ ਜੂਲੇ ਤੋਂ ਮੁਕਤੀ ਹੀ ਕਾਫੀ ਨਹੀਂ। ਬਲਕਿ ਕਰੋੜਾਂ ਭਾਰਤੀਆਂ ਦੀ ਹਰ ਕਿਸਮ ਦੀ ਲੁੱਟ ਚੋਂਘ ਅਤੇ ਅਨਿਆਂ ਤੋਂ ਬੰਦ ਖਲਾਸੀ ਵਾਲੇ ਸਮਾਜ ਦੀ ਸਿਰਜਣਾ ਭਾਰਤੀ ਆਵਾਮ ਸਮੇਤ ਸਮੁੱਚੀ ਮਾਨਵ ਸੱਭਿਅਤਾ ਦੀ ਪਲੇਠੀ ਲੋੜ ਹੈ। ਉਨ੍ਹਾਂ ਇਹ ਸਮਝਦਾਰੀ ਪੁਖ਼ਤਗੀ ਨਾਲ ਲੋਕਾਂ ਸਾਹਵੇਂ ਰੱਖੀ ਕਿ ਕਿਸੇ ਵੀ ਦੇਸ਼-ਕੌਮ ਦੀ ਕੁੱਲ ਜਾਇਦਾਦ ਅਤੇ ਵਸੀਲਿਆਂ ਦੇ ਮਾਲਕ ਉਸ ਰਾਸ਼ਟਰ ਦੇ ਸਮੁੱਚੇ ਬਸ਼ਿੰਦੇ ਹੁੰਦੇ ਹਨ ਨਾ ਕਿ ਮੁੱਠੀ ਭਰ ਵਿਦੇਸ਼ੀ ਧਾੜਵੀ ਜਾਂ ਸਥਾਨਕ ਲੋਟੂ ਵਰਗ।
ਸ਼ਹੀਦ ਭਗਤ ਸਿੰਘ ਮੈਦਾਨ-ਇ-ਜੰਗ ਦੇ ਅਮਲੀ ਯੋਧਾ ਹੋਣ ਦੇ ਨਾਲ ਹੀ ਇੱਕ ਜ਼ਹੀਨ ਚਿੰਤਕ ਵੀ ਸਨ। ਇਸ ਤੋਂ ਇਲਾਵਾ ਆਪਣੇ ਸੰਗਠਨ ਦੇ ਚੋਟੀ ਦੇ ਬਿਹਤਰੀਨ ਜੱਥੇਬੰਦਕਾਂ ਅਤੇ ਯੋਜਨਾਕਾਰਾਂ ‘ਚ ਵੀ ਉਨ੍ਹਾਂ ਦੇ ਨਾਮ ਦਾ ਸ਼ੁਮਾਰ ਹੁੰਦਾ ਹੈ। ਹਰ ਕਿਸਮ ਦੇ ਸਾਹਿਤ ਦਾ ਖੁੱਭਵਾਂ ‘ਤੇ ਘੋਖਵਾਂ ਅਧਿਐਨ ਉਨ੍ਹਾਂ ਦੀ ਸੰਗਠਨ ਦੇ ਬਾਕੀ ਸਾਥੀਆਂ ਦੇ ਮੁਕਾਬਲੇ ਨਿਵੇਕਲੀ ਖੂਬੀ ਸੀ। ਸਿਰਫ਼ 24 ਸਾਲ ਦੀ ਘਟਨਾਵਾਂ-ਘਾਲਣਾਵਾਂ ਭਰਪੂਰ ਜ਼ਿੰਦਗੀ ਵਿੱਚ ਉਨ੍ਹਾਂ ਵੱਲੋਂ ਪੜ੍ਹੀਆਂ ਗਈਆਂ ਅਣਗਿਣਤ ਮਿਆਰੀ ਕਿਤਾਬਾਂ, ਜਿਨ੍ਹਾਂ ਸਦਕਾ ਉਹ ਵਿਗਿਆਨਕ ਸਮਝਦਾਰੀ ਅਤੇ ਸਮਾਜਿਕ ਤਬਦੀਲੀ ਦੀ ਮਾਨਵਵਾਦੀ ਵਿਚਾਰਧਾਰਾ ਦੇ ਪੈਰੋਕਾਰ ਬਣੇ, ਦੀ ਲੰਮੀ ਸੂਚੀ ਹੈਰਾਨ ਕਰਨ ਵਾਲੀ ਵੀ ਹੈ ਅਤੇ ਅਧਿਐਨ ਦੇ ਮਹੱਤਵ ਤੋਂ  ਅਗਲੇਰੀਆਂ ਨਸਲਾਂ ਨੂੰ ਚੇਤੰਨ ਕਰਨ ਵਾਲੀ ਵੀ।
ਭਗਤ ਸਿੰਘ  ਕਰਾਂਤੀ ਦੇ ਮੁੱਦਈ ਹੋਣ ਦੇ ਨਾਲ-ਨਾਲ ਬਹੁ ਵਿਧਾਈ ਕਲਾ ਅਤੇ ਸਾਹਿਤ ਦੇ ਵੀ ਵੱਡੇ ਆਸ਼ਿਕ ਸਨ। ਉਨ੍ਹਾਂ ਨੂੰ  ਜਿੰਨਾ ਪਰੇਸ਼ਾਨ ਆਰਥਿਕ ਨਾਬਰਾਬਰੀ ਅਤੇ ਸ਼ੋਸ਼ਣ ਨੇ ਕੀਤਾ ਉਸ ਤੋਂ ਕਿਤੇ ਵਧੇਰੇ ਬੇਚੈਨ ਉਹ ਜਾਤਪਾਤ ਆਧਾਰਤ ਵਿਤਕਰੇ ਅਤੇ ਅਮਾਨਵੀ ਅੱਤਿਆਚਾਰਾਂ ਤੋਂ ਵੀ ਰਹੇ । ਇਸਤਰੀ ਜਾਤੀ ‘ਤੇ ਹੁੰਦੇ ਜ਼ੁਲਮਾਂ ਤੋਂ ਵੀ ਉਹ ਡਾਢੇ ਦੁਖੀ ਸਨ । ਉਨ੍ਹਾਂ ਬਾਰੇ ਇਹ ਗੱਲ ਤਾਂ ਬਹੁਤ ਮਸ਼ਹੂਰ ਹੈ ਕਿ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸਨ। ਪਰ ਇਸ ਤੋਂ ਵੀ ਹਸੀਨ ਪਹਿਲੂ ਇਹ ਹੈ ਕਿ ਉਹ ਸਿੱਖ ਗੁਰੂਆਂ ਸਮੇਤ ਅਤੀਤ ਦੇ ਸਾਰੇ ਲੋਕ ਪੱਖੀ ਅੰਦੋਲਨਾਂ ਤੋਂ ਬਹੁਤ ਪ੍ਰਭਾਵਿਤ ਸਨ। ਅੰਗਰੇਜ਼ ਸਾਮਰਾਜ ਅਤੇ ਉਨ੍ਹਾਂ ਦੇ ਹੱਥਠੋਕਾ ਫਿਰਕੂ ਸੰਗਠਨਾਂ ਦੇ ਨਾਪਾਕ ਵਿਚਾਰਾਂ ਅਤੇ ਫੁੱਟ ਪਾਊ ਗਤੀਵਿਧੀਆਂ ਤੋਂ ਉਹ ਡਾਢੇ ਚਿੰਤਾਤੁਰ ਸਨ ਅਤੇ ਬਾਦਲੀਲ ਲਿਖਤਾਂ ਰਾਹੀਂ ਲੋਕਾਂ ਨੂੰ ਇਨ੍ਹਾਂ ਗੱਦਾਰਾਂ ਦੀਆਂ ਕਰਤੂਤਾਂ ਤੋਂ ਚੌਕਸ ਕਰਦੇ ਸਨ । ਉਨ੍ਹਾਂ ਵੱਲੋਂ ਲਿਖੇ ਦਸਤਾਵੇਜ਼, ਲੇਖ, ਚਿਠੀਆਂ, ਅਧਿਐਨ ਨੋਟ ਆਦਿ ਉਕਤ ਬੁਰਾਈਆਂ ਖਿਲਾਫ਼ ਉਨ੍ਹਾਂ ਦੇ ਸਮਝੌਤਾਹੀਨ ਸੰਘਰਸ਼ ਦੀ ਪੁਸ਼ਟੀ ਕਰਦੇ ਹਨ ਅਤੇ ਕਿਰਤੀ ਸ਼੍ਰੇਣੀ ਨੂੰ ਦਰੁਸਤ ਰਾਹੇ ਤੁਰਨ ਦੀ ਸੋਝੀ ਦਿੰਦੇ ਹਨ। ਇਸ ਸੰਦਰਭ ਵਿੱਚ ਉਨ੍ਹਾਂ ਵੱਲੋਂ ਲਿਖੇ ਗਏ ਤਿੰਨ ਲੇਖ/ਕਿਤਾਬਚੇ; ”ਮੈਂ ਨਾਸਤਿਕ ਕਿਉਂ ਹਾਂ?”, ”ਅਛੂਤ ਦਾ ਸਵਾਲ”, ਤੇ ”ਫਿਰਕੂ ਦੰਗੇ ਅਤੇ ਉਨ੍ਹਾਂ ਦਾ ਇਲਾਜ” ਉਚੇਚੇ ਜਿਕਰ ਅਤੇ ਡੂੰਘੇ ਅਧਿਐਨ ਦੇ ਹੱਕਦਾਰ ਹਨ। ਇਸ ਤੋਂ ਛੁੱਟ ਬੱਬਰ ਅਕਾਲੀਆਂ, ਗਦਰੀ ਸੂਰਬੀਰਾਂ ਬਾਰੇ ਲਿਖੇ ਉਨ੍ਹਾਂ ਦੇ ਲੇਖ ਵੀ ਬੜਾ ਹਲੂਣਾਂ ਦਿੰਦੇ ਹਨ।
ਇਹ ਗੱਲ ਵਡੇਰੇ ਮਾਣ ਵਾਲੀ ਹੈ ਕਿ ਭਗਤ ਸਿੰਘ ਹਰ ਦੌਰ ਦੀ ਯੁਵਾ ਪੀੜ੍ਹੀ ਦੇ ਚਹੇਤੇ ਨਾਇਕ ਰਹੇ ਹਨ ਅਤੇ ਉਨ੍ਹਾਂ ਦੀ ਸ਼ਖਸੀਅਤ ਪ੍ਰਤੀ ਆਕਰਸ਼ਨ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਹ ਉਨ੍ਹਾਂ ਦੀ ਸ਼ਖਸੀਅਤ ਦਾ ਹੀ ਪ੍ਰਭਾਵ ਹੈ ਕਿ ਸਾਡੇ ਹਮਸਾਇਆ ਦੇਸ਼ ਪਾਕਿਸਤਾਨ ਦੇ ਵੱਡੇ ਨਾਮਣੇ ਵਾਲੇ ਇਤਿਹਾਸਕ ਸ਼ਹਿਰ ਲਾਹੌਰ ਦੇ ‘ਸ਼ਾਦਮਾਨ ਚੌਂਕ’ ਦਾ ਨਾਂਅ ਲੋਕ ਭਾਵਨਾਵਾਂ ਨੂੰ ਸਨਮੁੱਖ ਰਖਦਿਆਂ ‘ਸ਼ਹੀਦ ਭਗਤ ਸਿੰਘ ਚੌਂਕ’ ਰੱਖ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਪਿੰਡ ਚੱਕ ਬੰਗਾ ਵਿਚਲੇ ਉਨ੍ਹਾਂ ਦੇ ਘਰ ਨੂੰ ਅਜਾਇਬ ਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਭਾਰਤੀ ਉਪ ਮਹਾਦੀਪ ਦੀ ਵੱਕਾਰੀ ਯੂਨੀਵਰਸਿਟੀ ‘ਪੰਜਾਬ ਯੂਨੀਵਰਸਿਟੀ ਲਾਹੌਰ’ ਵਿਖੇ ਉਨ੍ਹਾਂ ਬਾਰੇ ਬੜੇ ਅਰਥ ਭਰਪੂਰ ਖੋਜ ਕਾਰਜ ਹੋ ਰਹੇ ਹਨ। ਇਸ ਦੇ ਉਲਟ ਭਾਰਤ ਵਿੱਚ ਹਾਕਮ ਜਮਾਤਾਂ ਅਤੇ ਕੱਟੜ ਫਿਰਕੂ ਸ਼ਕਤੀਆਂ ਵੱਲੋਂ ਉਨ੍ਹਾਂ ਦੇ ਵਿਚਾਰਾਂ ਵਿੱਚ ਖੋਟ ਰਲਾ ਕੇ ਅਗਲੀ ਪੀੜ੍ਹੀ ਨੂੰ ਉਨ੍ਹਾਂ ਦੇ ਰਾਹ ਤੇ ਤੁਰਨੋਂ ਰੋਕਣ ਦੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹ ਸ਼ਕਤੀਆਂ ਇੰਨੀਆਂ ਸ਼ਾਤਿਰ ਹਨ ਕਿ ਸ਼ਹੀਦ ਦੇ ਦਿਨ ਮਨਾਉਂਦਿਆਂ ਹੋਇਆਂ ਹੀ ਉਨ੍ਹਾਂ ਦੇ ਭਵਿੱਖਮੁਖੀ ਵਿਚਾਰਾਂ ਨੂੰ ਅਤੀਤ ਦੀਆਂ ਸੜਾਂਧ ਮਾਰਦੀਆਂ ਹਨੇਰੀਆਂ ਕੋਠੜੀਆਂ ਵਿਚ ਸੁੱਟਣ ਦਾ ਯਤਨ ਕਰਦੀਆਂ ਹਨ। ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਸਾਰਾ ਕੁੱਝ ਉਹ ਕੀਤਾ ਜਾ ਰਿਹਾ ਹੈ ਜੋ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਚੂਰ-ਚੂਰ ਕਰਨ ਵਾਲਾ ਹੈ ।
ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਜਿਹੇ ਅਨੇਕਾਂ ਸੁਤੰਤਰਤਾ ਸੰਗਰਾਮੀਆਂ ‘ਤੇ ਜ਼ਬਰ ਕਰਨ ਲਈ ਅੰਗਰੇਜ਼ ਹੁਕਮਰਾਨਾਂ ਵਲੋਂ ਘੜੇ ਗਏ ਜਾਬਰ ਕਾਨੂੰੂਨ ਅੱਜ ਭਾਰਤੀ ਹਾਕਮਾਂ ਵਲੋਂ ਸਰਕਾਰ ਵਿਰੋਧੀਆਂ ਖਿਲਾਫ਼ ਧੜੱਲੇ ਨਾਲ ਵਰਤੇ ਜਾ ਰਹੇ ਹਨ। ਇਸ ਤੋਂ ਇਲਾਵਾ ਹੋਰ ਨਵੇਂ-ਨਵੇਂ ਜਾਬਰ ਕਾਨੂੰਨ ਘੜੇ ਅਤੇ ਅਜ਼ਮਾਏ ਜਾ ਰਹੇ ਹਨ। ਇਨ੍ਹਾਂ ਸਾਰੇ ਕਾਨੂੰਨਾਂ ਦਾ ਮੁੱਖ ਨਿਸ਼ਾਨਾ ਜਮਹੂਰੀ ਅਤੇ ਪ੍ਰਗਤੀਸ਼ੀਲ ਅੰਦੋਲਨ ਹੈ।
ਅਜੋਕਾ ਭਾਰਤ
ਇਤਿਹਾਸ ਦਾ ਇਸ ਤੋਂ ਭੱਦਾ ਅਤੇ ਕਰੂਰ ਮਜ਼ਾਕ ਹੋਰ ਕੀ ਹੋ ਸਕਦਾ ਹੈ ਕਿ ਵਰਤਮਾਨ ਦੌਰ ਵਿੱਚ ਭਾਰਤ ਦੇ ਰਾਜ-ਭਾਗ ਦਾ ਸੰਚਾਲਨ ਉਸ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੀ ਸਿਆਸੀ ਜਮਾਤ, ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.) ਦੇ ਹੱਥ ਹੈ, ਜਿਹੜਾ ਦੇਸ਼ ਦੇ ਨੌਜਵਾਨਾਂ ਨੂੰ ਕਹਿੰਦਾ ਸੀ ਕਿ ”ਭਗਤ ਸਿੰਘ ਦੇ ਮਗਰ ਲੱਗ ਕੇ ਅੰਗਰੇਜ਼ ਸਾਮਰਾਜ ਖਿਲਾਫ਼ ਲੜਣ ‘ਚ ਤਾਕਤ ਜਾਇਆ ਨਾ ਕਰੋ, ਸਾਡੇ ਅਸਲੀ ਦੁਸ਼ਮਣ ਮੁਸਲਮਾਨ, ਸ਼ੂਦਰ ਅਤੇ ਕਮਿਊਨਿਸਟ ਹਨ, ਇਨ੍ਹਾਂ ਦੇ ਖਾਤਮੇ ਲਈ ਸਾਰਾ ਜ਼ੋਰ ਲਾ ਦਿਓ।”
ਸ਼ਹੀਦ-ਇ-ਆਜ਼ਮ ਭਗਤ ਸਿੰਘ, ਉਨ੍ਹਾਂ ਦੇ ਸਾਥੀਆਂ ਅਤੇ ਸੁਤੰਤਰਤਾ ਸੰਗਰਾਮ ਦੇ ਹੋਰਨਾਂ ਯੋਧਿਆਂ ਦੇ ਬਸਤੀ ਵਾਦੀ ਲੁੱਟ ਦੇ ਖਾਤਮੇ, ਲੋਕਾਈ ਦੀ ਸਾਂਝੀਵਾਲਤਾ ਅਤੇ ਸਮਾਨਤਾ ਆਧਾਰਿਤ ਸਮਾਜ ਦੀ ਉਸਾਰੀ ਦੀ ਤਾਂਘ ਨਾਲ ਇਸ ਤੋਂ ਭੱਦਾ ਮਜ਼ਾਕ ਹੋਰ ਕੀ ਹੋਰ ਕੀ ਹੋ ਸਕਦਾ ਹੈ ?
ਸੁਤੰਤਰਤਾ ਪ੍ਰਾਪਤੀ ਸਮੇਂ ਅੰਗਰੇਜ਼ ਸਾਮਰਾਜ ਦੇ ਵਿਸ਼ਵਾਸ਼ ਪਾਤਰ ਰਹੇ ਆਰ.ਐਸ.ਐਸ. ਦੀ ਇੰਨੀ ਔਕਾਤ ਕਿਵੇਂ ਬਣ ਗਈ?
15 ਅਗਸਤ 1947 ਨੂੰ ਲੋਕ ਸੰਘਰਸ਼ਾਂ ਦੀ ਚੜ੍ਹਦੀ ਕਾਂਗ ਦੇ ਡਰੋਂ ਭਾਰਤ ਛੱਡ ਕੇ ਜਾਣ ਲਈ ਮਜਬੂਰ ਹੋਏ ਬਸਤੀਵਾਦੀ ਅੰਗਰੇਜ਼ ਹਾਕਮਾਂ ਦੀ ਥਾਂ ਦੇਸ਼ ਦੀ ਰਾਜ ਸੱਤਾ ਉੱਪਰ ਕਾਬਜ਼ ਹੋਏ ਅਜ਼ਾਰੇਦਾਰ ਪੂੰਜੀਪਤੀ ਵਰਗ, ਜਿਸ ਨੇ ਰਾਜਵਾੜਾਸ਼ਾਹੀ ਨੂੰ ਸੱਤਾ ‘ਚ ਭਾਗੀਦਾਰ ਬਣਾ ਲਿਆ ਅਤੇ ਸਾਮਰਾਜੀਆਂ ਨਾਲ ਸਾਂਝ ਭਿਆਲੀ ਪਾ ਲਈ, ਦੀਆਂ ਜਮਾਤੀ ਨੀਤੀਆਂ ਅਜੋਕੀ ਅਵਸਥਾ ਲਈ ਜ਼ਿੰਮੇਵਾਰ ਹਨ।
ਇਸ ਨਾਪਾਕ ਗਠਜੋੜ ਨੇ ਸਭ ਤੋਂ ਵੱਡਾ ਗੁਨਾਹ ਧਰਮ ਅਧਾਰਤ ਭਾਰਤ-ਪਾਕ ਦੀ ਵੰਡ ਕਰਨ ਦਾ ਕੀਤਾ। ਨਿਰੋਲ ਫਿਰਕੂ ਆਧਾਰ ਤੇ ਕੀਤੀ ਗਈ ਇਸ ਜਬਰੀ ਵੰਡ ਦੇ ਦੋਹਾਂ ਦੇਸ਼ਾਂ ਦੇ ਲੋਕਾਂ ਨੇ ਬੜੇ ਭਿਆਨਕ ਸਿੱਟੇ ਭੁਗਤੇ ਅਤੇ ਹਾਲੇ ਵੀ ਭੁਗਤ ਰਹੇ ਹਨ। ਅੰਦਾਜਨ  ਇੱਕ ਕਰੋੜ ਲੋਕਾਂ ਨੂੰ ਖਾਲੀ ਹੱਥੀਂ ਹਿਜਰਤ ਕਰਨ ਲਈ ਮਜਬੂਰ ਹੋਣਾ ਪਿਆ। 10 ਲੱਖ ਬੇਗੁਨਾਹਾਂ ਦਾ ਕਤਲ ਹੋਇਆ। ਲੱਖਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ। ਜਿਵੇਂ ਨਾਜ਼ੀ ਹਿਟਲਰ ਦੂਜੀ ਸੰਸਾਰ ਜੰਗ ਦੌਰਾਨ ਕਰੋੜਾਂ ਲੋਕਾਂ ਦੇ ਕਤਲੇਆਮ ਦਾ ਗੁਨਾਹਗਾਰ ਹੈ ਇਵੇਂ ਹੀ ਅੰਗਰੇਜ਼ ਹਾਕਮ, ਮੁਸਲਿਮ ਲੀਗ ਤੇ ਕਾਂਗਰਸ ਦੇ ਆਗੂ ਭਾਰਤ ਵੰਡ ਸਮੇਂ ਹੋਏ ਕਤਲੇਆਮ ਤੇ ਉਕਤ ਚੌਤਰਫਾ ਤਬਾਹੀ ਦੇ ਅਪਰਾਧੀ ਹਨ।
ਜਗੀਰਦਾਰੀ ਬਿਨਾਂ ਮੁਆਵਜ਼ਾ ਖਤਮ ਕਰਕੇ ਬੇਜ਼ਮੀਨਿਆਂ ਵਿੱਚ ਵੰਡਣ ਅਤੇ ਅੰਗਰੇਜ਼ ਪੂੰਜੀਪਤੀਆਂ ਦਾ ਸਰਮਾਇਆ ਜ਼ਬਤ ਕਰਨ ਤੋਂ ਭਗੌੜੇ ਹੋਕੇ ਭਾਰਤੀ ਹਾਕਮਾਂ ਨੇ ਭਾਰਤ ਦੀਆਂ ਪੈਦਾਵਾਰੀ ਸ਼ਕਤੀਆਂ ਨੂੰ ਆਜ਼ਾਦੀ ਦੇ ਲਾਭਾਂ ਤੋਂ ਵਿਰਵੇ ਕਰਨ ਦਾ ਘਿਨਾਉਣਾ ਅਪਰਾਧ ਕੀਤਾ।
ਨਤੀਜੇ ਵੱਜੋਂ ਮੁੱਠੀ ਭਰ ਧਨਾਢਾਂ ਕੋਲ ਧਨ ਦੇ ਪਹਾੜਾਂ ਜਿੱਡੇ ਅੰਬਾਰ ਲੱਗ ਗਏ ਅਤੇ ਆਮ ਲੋਕਾਂ ਦੇ ਪੱਲੇ ਕੇਵਲ ਕੰਗਾਲੀ ਪਈ। ਅਮੀਰੀ-ਗਰੀਬੀ ਦੇ ਪਾੜੇ ਨੇ ਸਿਖਰਾਂ ਛੂਹ ਲਈਆਂ।
ਪਿਛਲੇ 73 ਸਾਲਾਂ ਵਿੱਚ ਦੇਸ਼ ਵਿੱਚ ਹੋਏ ਵਿਕਾਸ ਨੇ ਆਮ ਲੋਕਾਈ ਦੀ ਹਾਲਤ ਵਿੱਚ ਰੱਤੀ ਭਰ ਵੀ ਸੁਧਾਰ ਨਹੀਂ ਲਿਆਂਦਾ ਜਦਕਿ ਰਾਜ ਕਰਦੀਆਂ ਜਮਾਤਾਂ ਲੱਖਾਂ ਕਰੋੜ ਰੁਪਏ ਦੀਆਂ ਜਾਇਦਾਦਾਂ ਅਤੇ ਅਸਾਸਿਆਂ ਦੀਆਂ ਮਾਲਕ ਬਣ ਗਈਆਂ।
ਇਹ ਵੀ ਸੱਚ ਹੈ ਕਿ ਸ਼ਹੀਦ ਭਗਤ ਸਿੰਘ ਦੇ ਵਾਰਸ ਇਸ ਸਥਿਤੀ ਵਿੱਚ ਮੁਸੀਬਤਾਂ ਮਾਰੇ ਲੋਕਾਂ ਦੀ ਅਗਵਾਈ ਕਰਨ ਅਤੇ ਵਿਸ਼ਾਲ ਜਨ ਸੰਘਰਸ਼ਾਂ ਰਾਹੀਂ ਸਥਿਤੀ ਬਦਲਣ ਦੀ ਆਪਣੀ ਜਿੰਮੇਵਾਰੀ ਨਿਭਾਉਣ ‘ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੇ।
ਅਸਾਡੀ ਇਸ ਕਮਜ਼ੋਰੀ ਦੇ ਚਲਦਿਆਂ ਹੀ ਲੋਕਾਂ ‘ਚ ਪੈਦਾ ਹੋਈ ਬੇਚੈਨੀ ਨੂੰ ਪੁੱਠਾ ਗੇੜਾ ਦੇਣ ਵਿੱਚ ਆਰ.ਐਸ.ਐਸ. ਦੀ ਅਗਵਾਈ ਵਿੱਚ ਪਿਛਾਖੜੀ ਤਾਕਤਾਂ ਸਫਲ ਰਹੀਆਂ ਅਤੇ ਕੇਂਦਰੀ ਸੱਤਾ ‘ਤੇ ਕਾਬਜ਼ ਹੋ ਗਈਆਂ।
ਇਹ ਤੈਅ ਹੈ ਕਿ ਸੱਤਾ ‘ਤੇ ਕਾਬਜ਼ ਫਿਰਕੂ-ਫਾਸ਼ੀ ਤਾਕਤਾਂ ਕੋਲ ਲੋਕਾਈ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਨਾ ਇੱਛਾ ਸ਼ਕਤੀ ਹੈ ਅਤੇ ਨਾ ਹੀ ਇਸ ਦੇ ਜਮਾਤੀ ਹਿੱਤ ਲੋਕਾਂ ਦੇ ਮਸਲੇ ਹੱਲ ਕਰਨ ਦੀ ਇਜ਼ਾਜਤ ਦਿੰਦੇ ਹਨ। ਇਹ ‘ਕਲ੍ਹ’ ਵੀ ਸਾਮਰਾਜੀ ਹਿਤਾਂ ਦੇ ਪਹਿਰਾਬਰਦਾਰ ਸਨ ਤੇ ‘ਅੱਜ’ ਵੀ ਇਨ੍ਹਾਂ ਦਾ ਇਹੀ ਕਿਰਦਾਰ ਹੈ। 1947 ਵਿੱਚ ਪਾਕਿਸਤਾਨ ਤਾਂ ਧਰਮ ਆਧਾਰਿਤ ‘ਇਸਲਾਮਿਕ ਰਾਸ਼ਟਰ’ ਬਣ ਗਿਆ ਪਰ ਅੰਗਰੇਜ਼ ਸਾਮਰਾਜ ਵੱਲੋਂ  ਈਜਾਦ ਕੀਤੇ ਅਤੇ ਭਾਰਤ ਦੇ ਹਿੰਦੂ-ਮੁਸਲਮਾਨ ਕੱਟੜਪੰਥੀਆਂ ਵੱਲੋਂ ਖੂਬ ਪਰਚਾਰੇ ਗਏ ‘ਦੋ ਕੌਮਾਂ ਦੇ ਸਿਧਾਂਤ’ ਨੂੰ ਰੱਦ ਕਰਦਿਆਂ ਭਾਰਤੀ ਲੋਕਾਂ ਨੇ ਇੱਕ ਜਮਹੂਰੀ, ਸੈਕੁਲਰ ਅਤੇ ਫੈਡਰਲ ਢਾਂਚੇ ਦੇ ਤੌਰ ‘ਤੇ ਅੱਗੇ ਵਧਣ ਦਾ ਰਸਤਾ ਅਪਣਾਇਆ। ਸੁਤੰਤਰਤਾ ਪ੍ਰਾਪਤੀ ਦੇ 73 ਸਾਲਾਂ ਬਾਅਦ ਅੱਜ ਆਰ.ਐਸ.ਐਸ ਦੀ ਅਗਵਾਈ ਵਿੱਚ ਭਾਰਤ ਦੀਆਂ ਕੱਟੜਪੰਥੀ ਤਾਕਤਾਂ ਅੰਗਰੇਜ਼ ਸਾਮਰਾਜੀਆਂ ਦੇ ”ਅਧੂਰੇ ਕਾਜ ਪੂਰੇ ਕਰਨ” ਲਈ ਤਰਲੋਮੱਛੀ ਹੋ ਰਹੀਆਂ ਹਨ ਤੇ ਉਹ ਵੀ ‘ਰਾਸ਼ਟਰ ਭਗਤੀ’ ਦੇ ਲਬਾਦੇ ਹੇਠ। ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿੱਥੇ ਇਹ ‘ਨਾਗਪੁਰੀ’ ਰਾਹ ਅਮੀਰੀ-ਗਰੀਬੀ ਦੇ ਪਾੜੇ ਦੇ ਖਾਤਮੇ ਦੇ ਯੁੱਧ ਨੂੰ ਸਾਬੋਤਾਜ ਕਰਨ ਵਾਲਾ ਹੈ, ਉੱਥੇ ਭਾਰਤ ਦੀਆਂ ਇੱਕ ਆਜ਼ਾਦ ਰਾਸ਼ਟਰ ਵਜੋਂ ਕੀਤੀਆਂ ਪਿਛਲੇ 73 ਸਾਲਾਂ ਦੀਆਂ ਸਾਰੀਆਂ ਹਾਂ-ਪੱਖੀ ਪ੍ਰਾਪਤੀਆਂ ਦਾ ਖਾਤਮਾ ਕਰਨ ਵਾਲਾ ਵੀ ਹੈ। ਦੇਸ਼ ਦਾ ਜਮਹੂਰੀ, ਧਰਮਨਿਰਪੱਖ, ਸੰਘੀ ਢਾਂਚਾ, ਆਵਾਮ ਦੀ ਭਾਈਚਾਰਕ ਸਾਂਝ, ਸੋਚਣ ਦਾ ਵਿਗਿਆਨਕ ਢੰਗ, ਅਗਾਂਹਵਧੂ ਨਜ਼ਰੀਆ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ, ਅਸਹਿਮਤੀ ਦਾ ਅਧਿਕਾਰ, ਭਾਰਤੀ ਸੰਵਿਧਾਨ ਵਿਚਲੀਆਂ ਦਲਿਤਾਂ, ਇਸਤਰੀਆਂ, ਘੱਟ ਗਿਣਤੀਆਂ, ਕਬਾਇਲੀਆਂ ਅਤੇ ਹੋਰਨਾਂ ਹਾਸ਼ੀਆਗਤ ਆਬਾਦੀ ਸਮੂਹਾਂ ਦੇ ਹਿਤਾਂ ਦੀ ਸੀਮਤ ਰਖਵਾਲੀ ਦੀ ਗਰੰਟੀ ਕਰਦੀਆਂ ਧਾਰਾਵਾਂ ਸਭ ਕੁੱਝ ਸੰਘੀ ਸੰਗਠਨਾਂ ਦੇ ਨਿਸ਼ਾਨੇ ‘ਤੇ ਹਨ। ਅਤੇ ਉਕਤ ਸਾਰਾ ਕੁੱਝ ‘ਨਵਉਦਾਰਵਾਦੀ ਸੰਸਾਰ ਨਿਜ਼ਾਮ’ ਭਾਵ ਵਿੱਤੀ ਪੂੰਜੀ ਦੀਆਂ ਸੰਸਾਰ ਭਰ ਦੀ ਲੁੱਟ ਦੀ ਲਾਲਸਾ ਦੀ ਪੂਰਤੀ ਲਈ ਕੀਤਾ ਜਾ ਰਿਹਾ ਹੈ।
ਇਸ ਲਈ ਇਨ੍ਹਾਂ ਕੋਲ ਲੋਕਾਂ ਨੂੰ ਭਰਮਾਉਣ ਅਤੇ ਹਕੂਮਤ ਖਿਲਾਫ਼ ਸੰਘਰਸ਼ ਤੋਂ ਡੱਕਣ ਲਈ  ਫਿਰਕੂ ਕਤਾਰਬੰਦੀ ਤੇ ਜਾਬਰ ਹਥਕੰਡਿਆਂ ਤੋਂ ਬਗੈਰ ਹੋਰ ਕੋਈ ਹਥਿਆਰ ਨਹੀਂ।
ਆਉਣ ਵਾਲੀ 28 ਸਤੰਬਰ ਨੂੰ ਆਪਾਂ ਸਾਰੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਜਨਮ  ਦਿਵਸ ਮਨਾਉਣ ਜਾ ਰਹੇ ਹਾਂ। ਅਸਾਡੀ ਇਹ ਪੁਰਜ਼ੋਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹ ਦਿਹਾੜਾ ਰਸਮੀ ਕਾਰਵਾਈਆਂ ਦੀ ਭੇਂਟ ਨਾ ਚੜ੍ਹੇ ਬਲਕਿ ਇਹ ਦਿਨ ਸਾਨੂੰ ਇਸ ਤਰ੍ਹਾਂ ਮਨਾਉਣਾ ਚਾਹੀਦਾ ਹੈ ਕਿ ਕਿਰਤੀ, ਕਿਸਾਨ ਤੇ ਹੋਰ ਮਿਹਨਤੀ ਵਰਗ, ਖਾਸ ਕਰਕੇ ਨੌਜਵਾਨ  ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਵਿਚਾਰਾਂ ਤੇ ਜੀਵਨ ਸੰਗਰਾਮ ਤੋਂ ਪ੍ਰੇਰਣਾ ਤੇ ਅਗਵਾਈ ਲੈਂਦੇ ਹੋਏ ਮੌਜੂਦਾ ਲੁੱਟ-ਘਸੁੱਟ ਵਾਲੇ ਰਾਜ ਤੋਂ ਭਾਰਤੀ ਲੋਕਾਈ ਦੀ ਬੰਦ ਖਲਾਸੀ ਦੇ ਰਾਹ ‘ਤੇ ਅੱਗੇ ਵਧਣ। ਇਹ ਸੁਵੱਲਾ ਸੰਘਰਸ਼ ਹੀ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੇ ਅਨੁਸਾਰ, ਸਭਨਾਂ ਲਈ ਹਰ ਖੇਤਰ ਵਿੱਚ ਸਮਾਨ ਤਰੱਕੀ ਦੇ ਮੌਕੇ ਮੁਹੱਈਆ ਕਰਵਾਉਣ ਵਾਲੇ ”ਜਮਾਤ ਰਹਿਤ, ਜਾਤੀ ਵਿਹੀਣ, ਨਾਰੀ ਮੁਕਤੀ ਵੱਲ ਸੇਧਿਤ, ਸੈਕੁਲਰ ਸਮਾਜ” ਦੀ ਸਥਾਪਨਾ ਦੀ ਗਰੰਟੀ ਕਰ ਸਕਣ ਯੋਗ ਹੈ।
ਮਹੀਪਾਲ

Scroll To Top