ਪੰਜਾਬ ਜਮਹੂਰੀ ਗਠਜੋੜ (PDA) ਨੂੰ ਜਿਤਾਓ
ਪ੍ਰਾਂਤ ਦੇ ਰਾਜਸੀ ਦਰਿਸ਼ ਅੰਦਰ, ਮਾਰਚ ਮਹੀਨੇ ਦੀ 11 ਤਾਰੀਖ ਨੂੰ ਹੋਂਦ ਵਿਚ ਆਇਆ ”ਪੰਜਾਬ ਜਮਹੂਰੀ ਗਠਜੋੜ” ਬੜੀ ਤੇਜ਼ੀ ਨਾਲ ਇਕ ਲੋਕ ਪੱਖੀ ਰਾਜਸੀ ਬਦਲ ਵਜੋਂ ਆਪਣੀ ਭਰੋਸੇਯੋਗ ਪਛਾਣ ਬਣਾ ਗਿਆ ਹੈ। ਦੇਸ਼ ਅੰਦਰ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿਚ, ਪੰਜਾਬ ਦੀਆਂ 7 ਰਾਜਨੀਤਕ ਪਾਰਟੀਆਂ-ਬਹੁਜਨ ਸਮਾਜ ਪਾਰਟੀ, ਸੀ.ਪੀ.ਆਈ., ਲੋਕ ਇਨਸਾਫ ਪਾਰਟੀ, ਪੰਜਾਬ ਏਕਤਾ ਪਾਰਟੀ, ਆਰ.ਐਮ.ਪੀ. ਆਈ., ਨਵਾਂ ਪੰਜਾਬ ਪਾਰਟੀ ਅਤੇ ਐਮ.ਸੀ.ਪੀ.ਆਈ.(ਯੂ) ‘ਤੇ ਆਧਾਰਤ ਇਸ ਜਮਹੂਰੀ ਗੱਠਜੋੜ ਨੇ ਪ੍ਰਾਂਤ ਦੇ 13 ਹੀ ਲੋਕ ਸਭਾ ਹਲਕਿਆਂ ਲਈ ਆਪਣੇ ਸਾਂਝੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਹਨ। ਬਠਿੰਡਾ ਤੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ‘ਤੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਸ਼੍ਰੀ ਸੁਖਪਾਲ ਸਿੰਘ ਖਹਿਰਾ ਚੋਣ ਲੜ ਰਹੇ ਹਨ ਜਦੋਂਕਿ ਪਟਿਆਲਾ ਤੋਂ ਮੌਜੂਦਾ ਪਾਰਲੀਮੈਂਟ ਮੈਂਬਰ ਤੇ ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਡਾ. ਧਰਮਬੀਰ ਗਾਂਧੀ ਦੁਬਾਰਾ ਚੋਣ ਮੈਦਾਨ ਵਿਚ ਹਨ। ਏਸੇ ਤਰ੍ਹਾਂ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ਼੍ਰੀ ਸਿਮਰਜੀਤ ਸਿੰਘ ਬੈਂਸ, ਜਿਹੜੇ ਕਿ ਏਸੇ ਪਾਰਟੀ ਦੇ ਵਿਧਾਨ ਸਭਾ ਮੈਂਬਰ ਵੀ ਹਨ, ਲੋਕ ਸਭਾ ਲਈ ਉਮੀਦਵਾਰ ਹਨ। ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ (ਐਮ.ਐਲ.ਏ. ਜੈਤੋਂ) ਪੰਜਾਬ ਏਕਤਾ ਪਾਰਟੀ ਦੇ ਪ੍ਰਤੀਨਿੱਧ ਹਨ। ਖਡੂਰ ਸਾਹਿਬ ਹਲਕੇ ਤੋਂ ਵੀ ਏਸੇ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਵਿਚ ਹੈ। ਆਨੰਦਪੁਰ ਸਾਹਿਬ ਤੋਂ ਬੀ.ਐਸ.ਪੀ. ਦੇ ਸੋਢੀ ਬਿਕਰਮ ਸਿੰਘ, ਹੁਸ਼ਿਆਰਪੁਰ ਤੋਂ ਏਸੇ ਪਾਰਟੀ ਦੇ ਸੇਵਾ ਮੁਕਤ ਆਈ.ਏ.ਐਸ. ਚੌਧਰੀ ਖੁਸ਼ੀ ਰਾਮ ਅਤੇ ਜਲੰਧਰ ਤੋਂ ਵੀ ਏਸੇ ਪਾਰਟੀ ਦੇ ਉਮੀਦਵਾਰ ਸ਼੍ਰੀ ਬਲਵਿੰਦਰ ਕੁਮਾਰ ਖੜ੍ਹੇ ਹਨ। ਗੁਰਦਾਸਪੁਰ ਤੋਂ ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਤੇ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦੇ ਸਕੱਤਰ ਕਾਮਰੇਡ ਲਾਲ ਚੰਦ ਕਟਾਰੂਚੱਕ ਚੋਣ ਲੜ ਰਹੇ ਹਨ। ਜਦੋਂਕਿ ਅੰਮ੍ਰਿਤਸਰ ਤੋਂ ਸੀ.ਪੀ.ਆਈ. ਦੇ ਉਘੇ ਆਗੂ ਕਾਮਰੇਡ ਦਸਵਿੰਦਰ ਕੌਰ ਤੇ ਫਿਰੋਜ਼ਪੁਰ ਤੋਂ ਏਸੇ ਪਾਰਟੀ ਦੀ ਸੂਬਾਈ ਕੌਂਸਲ ਦੇ ਮੈਂਬਰ ਕਾਮਰੇਡ ਹੰਸ ਰਾਜ ਗੋਲਡਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਫਤਿਹਗੜ੍ਹ ਸਾਹਿਬ ਤੋਂ ਲੋਕ ਇਨਸਾਫ ਪਾਰਟੀ ਦੇ ਆਗੂ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸੰਗਰੂਰ ਤੋਂ ਉਘੇ ਗੀਤਕਾਰ ਤੇ ਏਸੇ ਪਾਰਟੀ ਦੇ ਪ੍ਰਤੀਨਿੱਧ ਸ਼੍ਰੀ ਜਸਰਾਜ ਸਿੰਘ ਜੱਸੀ ਉਮੀਦਵਾਰ ਹਨ।
ਇਹਨਾਂ ਸਾਰੇ ਉਮੀਦਵਾਰਾਂ ਦੀ ਚੋਣ ਮੁਹਿੰਮ ਸੱਤਾਂ ਪਾਰਟੀਆਂ ਦੇ ਵਰਕਰਾਂ ਵਲੋਂ ਮਿਲਕੇ ਚਲਾਈ ਜਾ ਰਹੀ ਹੈ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਹਰ ਹਲਕੇ ਵਿਚ ਜਨਸੰਪਰਕ ਮੁਹਿੰਮ ਨੂੰ ਲੋਕਾਂ ਵਲੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਗਠਜੋੜ ਦੇ ਸਾਰੇ ਉਮੀਦਵਾਰਾਂ ਦੇ ਸਾਫ ਸੁਥਰੇ ਤੇ ਲੜਾਕੂ ਕਿਰਦਾਰ ਅਤੇ ਗਠਜੋੜ ਵਿਚ ਸ਼ਾਮਲ ਪਾਰਟੀਆਂ ਦਾ ਲੋਕਾਂ ਦੀਆਂ ਮੰਗਾਂ-ਉਮੰਗਾਂ ਪ੍ਰਤੀ ਸੁਹਿਰਦਤਾ ਭਰਪੂਰ ਸੰਘਰਸ਼ਾਂ ਦਾ ਇਤਿਹਾਸ ਤੇ ਲੋਕ ਪੱਖੀ ਸਾਰਥਕ ਨੀਤੀਆਂ ਵੋਟਰਾਂ ਨੂੰ ਆਪਣੇ ਵੱਲ ਤੇਜ਼ੀ ਨਾਲ ਖਿੱਚ ਰਹੀਆਂ ਹਨ।
ਮੋਦੀ ਸਰਕਾਰ ਵਲੋਂ 2014 ਦੀਆਂ ਪਿਛਲੀਆਂ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੀ ਤਰ੍ਹਾਂ ਭੁਲਾ ਦੇਣ, ਖੋਖਲੀਆਂ ਜ਼ੁਮਲੇਬਾਜ਼ੀਆਂ ਰਾਹੀਂ ਲੋਕਾਂ ਨਾਲ ਧੋਖਾਧੜੀ ਕਰਨ ਅਤੇ ਸਰਕਾਰੀ ਸ਼ਹਿ ‘ਤੇ ਦੇਸ਼ ਭਰ ਵਿਚ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਉਪਰ ਵਧੇ ਫਿਰਕੂ ਫਾਸ਼ੀਵਾਦੀ ਹਮਲਿਆਂ ਕਾਰਨ ਇਸ ਸਰਕਾਰ ਵਿਰੁੱਧ ਦੇਸ਼ ਭਰ ਵਿਚ ਫੈਲੀ ਹੋਈ ਵਿਆਪਕ ਗੁੱਸੇ ਦੀ ਲਹਿਰ ਦੇ ਨਾਲ ਨਾਲ ਪੰਜਾਬ ਅੰਦਰ ਮੌਜੂਦਾ ਕਾਂਗਰਸੀ ਸਰਕਾਰ ਦੀਆਂ ਵਾਇਦਾ ਖਿਲਾਫੀਆਂ ਤੋਂ ਵੀ ਲੋਕੀਂ ਸਖਤ ਨਾਰਾਜ਼ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਇਸ ਸਰਕਾਰ ਨੇ ਵੀ ਅਕਾਲੀ-ਭਾਜਪਾ ਗਠਜੋੜ ਦੇ ਦਸ ਸਾਲਾ ਦੁਰਰਾਜ ਨੂੰ ਖਤਮ ਕਰਨ ਦੀ ਥਾਂ ਉਸੇ ਲੋਕ ਮਾਰੂ ਰਾਜਤੰਤਰ ਨੂੰ ਹੋਰ ਅਗਾਂਹ ਵਧਾਇਆ ਹੈ। ਨਾ ਨੀਤੀਆਂ ਪੱਖੋਂ ਇਸ ਸਰਕਾਰ ਨੇ ਪਿਛਲੀ ਸਰਕਾਰ ਨਾਲੋਂ ਕੋਈ ਫਰਕ ਪਾਇਆ ਹੈ ਅਤੇ ਨਾ ਹੀ ਆਗੂਆਂ ਦੇ ਲੁਟੇਰੇ ਕਿਰਦਾਰ ਪੱਖੋਂ। ਹੱਕ ਮੰਗਦੇ ਸੰਘਰਸ਼ਸ਼ੀਲ ਲੋਕਾਂ ‘ਤੇ ਜਬਰ ਜ਼ੁਲਮ ਵੀ ਉਵੇਂ ਹੀ ਜਾਰੀ ਹੈ ਅਤੇ ਸਰਕਾਰੀ ਖਜ਼ਾਨੇ ਤੇ ਪ੍ਰਾਂਤ ਦੇ ਕੁਦਰਤੀ ਵਸੀਲਿਆਂ ਦੀ ਲੁੱਟ ਖਸੁੱਟ ਵੀ ਨਿਰੰਤਰ ਵੱਧਦੀ ਹੀ ਜਾ ਰਹੀ ਹੈ। ਸੁਭਾਵਕ ਹੀ ਅਜਿਹੀ ਚਿੰਤਾਜਨਕ ਸਥਿਤੀ ਵਿਚ ਲੋਕ ਇਹਨਾਂ ਦੋਵਾਂ ਵੱਡੀਆਂ ਰਾਜਸੀ ਧਿਰਾਂ ਦੇ ਟਾਕਰੇ ਵਿਚ ਕਿਸੇ ਤੀਜੇ ਲੋਕ ਪੱਖੀ ਰਾਜਸੀ ਬਦਲ ਦੀ ਉਡੀਕ ਵਿਚ ਸਨ। ਅਤੇ, ਲੋਕਾਂ ਨੂੰ ਅਜੇਹਾ ਬਦਲ ”ਪੰਜਾਬ ਜਮਹੂਰੀ ਗਠਜੋੜ” ਦੇ ਰੂਪ ਵਿਚ ਸਾਕਾਰ ਹੁੰਦਾ ਦਿਖਾਈ ਦੇ ਰਿਹਾ ਹੈ। ਏਸੇ ਲਈ ਪੀ.ਡੀ.ਏ. ਦੇ ਉਮੀਦਵਾਰਾਂ ਦਾ ਪਿੰਡ-ਪਿੰਡ ਭਰਵਾਂ ਸਵਾਗਤ ਹੋ ਰਿਹਾ ਹੈ ਅਤੇ ਕਾਰਪੋਰੇਟ ਤੇ ਧਨਾਢਾਂ ਪੱਖੀ ਪਾਰਟੀਆਂ ਦੇ ਟਾਕਰੇ ਵਿਚ ਇਹ ਤੀਜਾ ਸਿਆਸੀ ਬਦਲ ਲੋਕਾਂ ਵਾਸਤੇ ਆਸ ਦੀ ਨਵੀਂ ਕਿਰਨ ਲੈ ਕੇ ਉਹਨਾਂ ਦੇ ਦਰਾਂ ‘ਤੇ ਦਸਤਕ ਦੇ ਰਿਹਾ ਹੈ।
ਇਸ ਜਮਹੂਰੀ ਗਠਜੋੜ ਨੇ ਹੁਣ ਤੱਕ ਚੱਲੀ ਜਨ ਸੰਪਰਕ ਮੁਹਿੰਮ ਦੌਰਾਨ ਕਈ ਠੋਸ ਤੇ ਉਤਸ਼ਾਹਜਨਕ ਪ੍ਰਾਪਤੀਆਂ ਕੀਤੀਆਂ ਹਨ। ਸਾਰੀਆਂ ਪਾਰਟੀਆਂ ਦੇ ਵਰਕਰ ਇਕੱਠੇ ਮਿਲਕੇ ਚੋਣ ਮੁਹਿੰਮ ਚਲਾ ਰਹੇ ਹਨ। ਸਾਰੀਆਂ ਪਾਰਟੀਆਂ ਦੇ ਆਗੂ ਜਦੋਂ ਲੋਕਾਂ ਦੇ ਸਨਮੁੱਖ ਇਕਸੁਰ ਹੋ ਕੇ ਆਪਣੇ ਵਿਚਾਰ ਪੇਸ਼ ਕਰਦੇ ਹਨ ਤਾਂ ਸੌੜੀ ਪਛਾਣਵਾਦੀ ਰਾਜਨੀਤੀ ਦੀ ਥਾਂ ਇਹ ਉਚੇਰੀ, ਲੋਕ ਪੱਖੀ ਰਾਜਨੀਤੀ ਵੱਲ ਇਕ ਠੋਸ, ਭਰਵਾਂ ਤੇ ਸਾਰਥਕ ਕਦਮ ਸਿੱਧ ਹੋ ਰਿਹਾ ਹੈ। ਜਿਸ ਨਾਲ ਨਿਸ਼ਚੇ ਹੀ ਦੱਬੇ ਕੁਚਲੇ ਵਰਗਾਂ ਦੇ ਲੋਕਾਂ ਅੰਦਰ ਆਤਮ ਵਿਸ਼ਵਾਸ ਵੀ ਵੱਧਦਾ ਹੈ ਅਤੇ ਚੰਗੇਰੇ ਭਵਿੱਖ ਪ੍ਰਤੀ ਭਰੋਸਾ ਵੀ। ਸਰਮਾਏਦਾਰ ਪੱਖੀ ਪਾਰਟੀਆਂ ਨੂੰ ਚੋਣ ਪ੍ਰਚਾਰ ਲਈ ਉਪਲੱਬਧ ਵੱਡ ਅਕਾਰੀ ਵਸੀਲਿਆਂ ਦੇ ਟਾਕਰੇ ਵਿਚ ਇਸ ਜਮਹੂਰੀ ਗਠਜੋੜ ਦੇ ਵਰਕਰ ਆਪਣੇ ਵਸੀਲੇ ਸਥਾਨਕ ਪੱਧਰ ‘ਤੇ ਆਪ ਹੀ ਪੈਦਾ ਕਰਦੇ ਹਨ ਅਤੇ ਚੋਣ ਮੁਹਿੰਮ ਨੂੰ ਹਰ ਪੱਖੋਂ ਪ੍ਰਭਾਵਸ਼ਾਲੀ ਬਣਾ ਰਹੇ ਹਨ। ਇਸ ਨਾਲ ਪੀ.ਡੀ.ਏ. ਦੇ ਸਾਰੇ ਹੀ ਉਮੀਦਵਾਰਾਂ ਵਾਸਤੇ ਜੇਤੂ ਸੰਭਾਵਨਾਵਾਂ ਬੜੀ ਤੇਜ਼ੀ ਨਾਲ ਉਭਰ ਰਹੀਆਂ ਹਨ। ਅਸੀਂ ਪ੍ਰਾਂਤ ਦੇ ਸਮੂਹ ਧਰਮ ਨਿਰਪੱਖ, ਜਮਹੂਰੀ ਤੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸਰਵਪੱਖੀ ਵਿਕਾਸ ਲਈ ਇਹਨਾਂ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਹਰ ਸੰਭਵ ਉਪਰਾਲਾ ਕੀਤਾ ਜਾਵੇ, ਵਿਰੋਧੀਆਂ ਦੇ ਕੂੜ ਪ੍ਰਚਾਰ ਤੇ ਲੋਭ ਲਾਲਚਾਂ ਨੂੰ ਠੁਕਰਾਇਆ ਜਾਵੇ ਤੇ ”ਪੰਜਾਬ ਜਮਹੂਰੀ ਗਠਜੋੜ” ਦੇ ਉਮੀਦਵਾਰਾਂ ਦੇ ਪੱਖ ਵਿਚ ਵੱਧ ਤੋਂ ਵੱਧ ਵੋਟ ਭੁਗਤਾਈ ਜਾਵੇ।
– ਹਰਕੰਵਲ ਸਿੰਘ (25.4.2019)