7 ਨਵੰਬਰ 1917 ਦਾ ਇਤਿਹਾਸਕ ਦਿਹਾੜਾ ਦੁਨੀਆਂ ਭਰ ਦੇ ਕਿਰਤੀਆਂ ਤੇ ਲੁੱਟੇ ਪੁੱਟੇ ਜਾਂਦੇ ਲੋਕਾਂ ਲਈ ਇਕ ਨਵੇਂ ਯੁਗ ਦੀ ਸ਼ੁਰੂਆਤ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਜਦੋਂ ਰੂਸ ਵਿਚ ਸਰਮਾਏਦਾਰੀ ਪ੍ਰਬੰਧ ਦਾ ਖਾਤਮਾ ਕਰਕੇ ਬਰਾਬਰਤਾ ਦੇ ਅਸੂਲਾਂ ‘ਤੇ ਅਧਾਰਤ ਲੁੱਟ-ਖਸੁੱਟ ਰਹਿਤ ਨਵੇਂ ਸਮਾਜ ਦੀ ਸਿਰਜਣਾ ਦਾ ਨੀਂਹ ਪੱਥਰ ਰੱਖਿਆ ਗਿਆ। ਅਕਤੂਬਰ ਇਨਕਲਾਬ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਲਈ ਰੂਸ ਦੀ ਕਮਿਊਨਿਸਟ ਪਾਰਟੀ, ਰੂਸ ਦੀ ਮਿਹਨਤਕਸ਼ ਜਨਤਾ ਤੇ ਦਬੀਆਂ-ਕੁਚਲੀਆਂ ਕੌਮਾਂ ਦੇ ਲੋਕਾਂ ਨੇ ਇਕਜੁਟ ਹੋ ਕੇ ਜ਼ਾਰਸ਼ਾਹੀ ਤੇ ਸਾਮਰਾਜੀ ਲੁੱਟ ਦਾ ਖਾਤਮਾ ਕੀਤਾ ਤੇ ਰਾਜਸੱਤਾ ਉਪਰ ਕਬਜ਼ਾ ਕਰਕੇ ਇਕ ‘ਸਵਰਗ ਨੁਮਾ’ ਰਾਜਨੀਤਕ ਤੇ ਆਰਥਿਕ ਢਾਂਚਾ ਉਸਾਰਨ ਲਈ ਕਮਰਕੱਸੇ ਕਰ ਲਏ। ਇਸ ਨਵੇਂ ਸਮਾਜਵਾਦੀ ਪ੍ਰਬੰਧ ਦੀਆਂ ਕੀ-ਕੀ ਬਰਕਤਾਂ ਰਹੀਆਂ ਤੇ ਇਸ ਇਤਿਹਾਸਕ ਘਟਨਾ ਨੇ ਕਿਵੇਂ ਦੁਨੀਆਂ ਦੀ ਹੋਣੀ ਨੂੰ ਵੱਡੇ ਪੈਮਾਨੇ ‘ਤੇ ਪ੍ਰਭਾਵਿਤ ਕੀਤਾ, ਇਹ ਚਰਚਾ ਇਸੇ ਅੰਕ ‘ਚ ਛਪੇ ਹੋਰ ਲੇਖਾਂ ਵਿਚ ਕੀਤੀ ਗਈ ਹੈ। ਦੁਨੀਆਂ ਦੇ ਇਸ ਪਹਿਲੇ ਸਮਾਜਵਾਦੀ ਪ੍ਰਬੰਧ ਦੇ ਢਹਿ ਢੇਰੀ ਹੋਣ ਲਈ ਜ਼ਿੰਮੇਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਨਾ ਵੀ ਹਥਲੇ ਲੇਖ ਦਾ ਵਿਸ਼ਾ ਨਹੀਂ ਹੈ। ਪ੍ਰੰਤੂ ਅਸੀਂ ਭਾਰਤ ਦੇ ਮਿਹਨਤਕਸ਼ ਲੋਕ ਤੇ ਇਨਕਲਾਬੀ ਸ਼ਕਤੀਆਂ, ਆਪਣੇ ਦੇਸ਼ ਅੰਦਰ ਕਿਰਤੀਆਂ ਦਾ ਰਾਜ ਸਿਰਜਣ ਹਿਤ ਅਕਤੂਬਰ ਇਨਕਲਾਬ ਦੀ ਜੁਗ ਪਲਟਾਊ ਘਟਨਾ ਤੇ ਇਸ ਦੇ ਗਰਭ ‘ਚੋਂ ਪੈਦਾ ਹੋਏ ਸਮਾਜਵਾਦ ਰੂਪੀ ਸੁੰਦਰ ‘ਬਾਲਕ’ ਨੂੰ ਖਤਮ ਕਰਨ ਲਈ ਜ਼ਿੰਮੇਵਾਰ ਹਾਲਤਾਂ, ਵਿਚਾਰਧਾਰਕ ਤੇ ਜਥੇਬੰਦਕ ਘਾਟਾਂ ਤੇ ਦੁਸ਼ਮਣ ਜਮਾਤਾਂ ਦੀਆਂ ਕੁਚਾਲਾਂ ਦੀ ਨਿਸ਼ਾਨਦੇਹੀ ਜ਼ਰੂਰ ਕਰ ਸਕਦੇ ਹਾਂ। ਇਸ ਢੰਗ ਨਾਲ ਸਵੈ-ਪੜਚੋਲ ਰਾਹੀਂ ਭਾਰਤੀ ਸਮਾਜ ਅੰਦਰਲੇ ਆਰਥਿਕ, ਰਾਜਨੀਤਕ ਤੇ ਸਮਾਜਿਕ ਯਥਾਰਥ ਅਨੁਸਾਰ ਅਪਣਾਏ ਜਾਣ ਵਾਲੇ ਯੁਧਨੀਤਕ ਤੇ ਦਾਅ ਪੇਚਕ ਪੈਂਤੜਿਆਂ ਦੀ ਸਹੀ ਯੋਜਨਾਬੰਦੀ ਵੀ ਕੀਤੀ ਜਾ ਸਕਦੀ ਹੈ।
ਭਾਰਤੀ ਲੋਕਾਂ ਸਾਹਮਣੇ ਮੌਜੂਦਾ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਸਰਕਾਰ ਨੂੰ ਸੱਤਾ ਤੋਂ ਉਤਾਰ ਕੇ ਲੋਕ ਜਮਹੂਰੀ ਇਨਕਲਾਬ ਸਿਰੇ ਚਾੜ੍ਹਨ ਦੀ ਇਤਿਹਾਸਕ ਚੁਣੌਤੀ ਹੈ। ਇਸ ਆਸ਼ੇ ਦੀ ਪ੍ਰਾਪਤੀ ਲਈ ਸਾਨੂੰ ਪੂੰਜੀਵਾਦੀ ਪ੍ਰਬੰਧ ਦੀ ਇਕ ਸੰਗਠਤ ਦਬਾਊ ਮਸ਼ੀਨਰੀ, ਅਥਾਹ ਵਿੱਤੀ ਸਾਧਨ, ਸੰਸਾਰ ਭਰ ਦੀਆਂ ਨਿਰੰਕੁਸ਼ ਸਾਮਰਾਜੀ ਤਾਕਤਾਂ, ਜਿਹੜੀਆਂ ਇਨਕਲਾਬੀ ਲਹਿਰ ਨੂੰ ਕੁਚਲਣ ਲਈ ਦੇਸ਼ ਦੀਆਂ ਹਾਕਮ ਧਿਰਾਂ ਨਾਲ ਖੜੋ ਕੇ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ, ਦਾ ਯੋਜਨਾਬੱਧ ਢੰਗ ਨਾਲ ਟਾਕਰਾ ਕਰਨਾ ਪੈਣਾ ਹੈ। ਇਸਦੇ ਨਾਲ ਹੀ ਲੁੱਟੀ-ਪੁੱਟੀ ਜਾ ਰਹੀ ਲੋਕਾਈ ਦੇ ਵੱਡੇ ਹਿੱਸੇ ‘ਤੇ ਹੁਕਮਰਾਨ ਟੋਲੇ ਦੇ ਰਾਜਨੀਤਕ, ਵਿਚਾਰਧਾਰਕ ਤੇ ਸਭਿਆਚਾਰਕ ਪ੍ਰਭਾਵ ਅਤੇ ਇਨਕਲਾਬੀ ਸ਼ਕਤੀਆਂ ਦੀ ਹਕੀਕੀ ਤਾਕਤ ਨੂੰ ਵੀ ਧਿਆਨ ਗੋਚਰੇ ਰੱਖਣਾ ਹੋਵੇਗਾ। ਸਮਾਜਿਕ ਤਬਦੀਲੀ ਵਾਸਤੇ ਐਸੇ ਇਨਕਲਾਬੀ ਸੰਗਠਨ ਦੀ ਜ਼ਰੂਰਤ ਪ੍ਰਮੁੱਖਤਾ ਦੇ ਆਧਾਰ ‘ਤੇ ਵਿਚਾਰਨੀ ਹੋਵੇਗੀ, ਜੋ ਲੁੱਟੇ ਪੁੱਟੇ ਜਾਂਦੇ ਮਿਹਨਤਕਸ਼ ਲੋਕਾਂ ਅਤੇ ਆਮ ਜਨਤਾ ਨਾਲ ਨੇੜਿਓਂ ਜੁੜਿਆ ਹੋਵੇ। ਸਾਨੂੰੂ ਰੂਸੀ ਇਨਕਲਾਬ ਦੀ ਸਫਲਤਾ ਤੋਂ ਇਕ ਹੋਰ ਸਬਕ ਸਿੱਖਣ ਦੀ ਵੀ ਲੋੜ ਹੈ। ਕਾਰਲ ਮਾਰਕਸ ਦੀ ਇਸ ਧਾਰਨਾ ਕਿ ਪਹਿਲਾ ਸਮਾਜਵਾਦੀ ਇਨਕਲਾਬ ਵਿਕਸਤ ਪੂੰਜੀਵਾਦੀ ਦੇਸ਼ ਇੰਗਲੈਂਡ ‘ਚ ਹੋਵੇਗਾ, ਜਿਥੇ ਇਨਕਲਾਬ ਦੀ ਮੂਲ ਚਾਲਕ ਸ਼ਕਤੀ, ਮਜ਼ਦੂਰ ਜਮਾਤ, ਵੱਡੀ ਮਾਤਰਾ ‘ਚ ਹੋਂਦ ਵਿਚ ਆ ਚੁੱਕੀ ਹੈ, ਦੇ ਉਲਟ ਕਾਮਰੇਡ ਲੈਨਿਨ ਦੀ ਅਗਵਾਈ ‘ਚ ਸਾਮਰਾਜ ਦੀ ਕਮਜ਼ੋਰ ਕੜੀ ਰੂਸ, ਜੋ ਪੂੰਜੀਵਾਦੀ ਵਿਕਾਸ ਦੇ ਪੱਖ ਤੋਂ ਕਾਫੀ ਪਛੜਿਆ ਹੋਇਆ ਸੀ, ਅੰਦਰ ਪਹਿਲਾਂ ਸਫਲ ਜਮਹੂਰੀ ਇਨਕਲਾਬ (ਫਰਵਰੀ 1917 ‘ਚ) ਤੇ ਉਸ ਤੋਂ ਪਿਛੋਂ 7 ਨਵੰਬਰ 1917 ਨੂੰ ਸਮਾਜਵਾਦੀ ਇਨਕਲਾਬ ਦੀ ਜਿੱਤ ਦਾ ਡੰਕਾ ਵਜਾ ਦਿੱਤਾ ਗਿਆ। ਕਾਮਰੇਡ ਲੈਨਿਨ ਦੀ ਇਸ ਮੌਲਿਕ ਸਮਝਦਾਰੀ ਨੇ ਮਾਰਕਸਵਾਦੀ ਫਲਸਫੇ ‘ਚ ਗੁਣਾਤਮਕ ਵਾਧਾ ਕੀਤਾ ਤੇ ਮਾਰਕਸਵਾਦ-ਲੈਨਿਨਵਾਦ ਸੰਸਾਰ ਭਰ ਦੇ ਕਿਰਤੀ ਲੋਕਾਂ ਲਈ ਇਕ ਰਾਹ ਦਸੇਰੇ ਵਿਗਿਆਨ ਵਜੋਂ ਸਥਾਪਤ ਹੋ ਗਿਆ। ਇਸੇ ਤਜਰਬੇ ਦੇ ਅਧਾਰ ‘ਤੇ ਭਾਰਤੀ ਲੋਕਾਂ ਲਈ ਸਮਾਜਵਾਦੀ ਇਨਕਲਾਬ ਨੂੰ ਸਿਰੇ ਚਾੜ੍ਹਨ ਦਾ ਕੰਮ ਇਥੋਂ ਦੀਆਂ ਠੋਸ ਆਰਥਿਕ, ਰਾਜਨੀਤਕ ਤੇ ਸਮਾਜਿਕ ਪ੍ਰਸਥਿਤੀਆਂ ਨੂੰ ਸਾਹਮਣੇ ਰੱਖ ਕੇ ਹੀ ਕੀਤਾ ਜਾ ਸਕਦਾ ਹੈ।
ਸਮਾਜਵਾਦੀ ਇਨਕਲਾਬ ਨੂੰ ਸਿਰੇ ਚਾੜ੍ਹਨ ਵਾਲੀ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਵਾਂਗ ਇਥੇ ਵੀ ਕਮਿਊਨਿਸਟ ਲਹਿਰ ‘ਚ ਆਉਣ ਵਾਲੇ ਸੱਜੇ ਤੇ ਖੱਬੇ ਕੁਰਾਹਿਆਂ ਵਿਰੁੱਧ ਬੇਕਿਰਕੀ ਨਾਲ ਸੰਘਰਸ਼ ਕੀਤੇ ਜਾਣ ਦੀ ਜ਼ਰੂਰਤ ਹੈ। ਸਾਡਾ ਇਹ ਵਿਚਾਰਧਾਰਕ ਸੰਘਰਸ਼ ਸੰਸਾਰ ਤੇ ਦੇਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ਅੰਦਰ ਹੋਰ ਵੀ ਜ਼ਰੂਰੀ ਹੈ, ਕਿਉਂਕਿ ਲੰਬੇ ਸਮੇਂ ਲਈ ਸਰਮਾਏਦਾਰੀ ਪਾਰਲੀਮਾਨੀ ਜਮਹੂਰੀ ਢਾਂਚੇ ਦੀ ਹੋਂਦ ਨੇ ਦੋਨਾਂ ਤਰ੍ਹਾਂ ਦੇ ਕੁਰਾਹਿਆਂ ਨੂੰ ਸਿਰ ਚੁੱਕਣ ਦਾ ਢੁਕਵਾਂ ਮਾਹੌਲ ਪ੍ਰਦਾਨ ਕੀਤਾ ਹੈ। ਇਕ ਪਾਸੇ ਨਿਕ-ਬੁਰਜ਼ੁਆ ਤੱਤਾਂ ‘ਚ ਮੁਸ਼ਕਿਲਾਂ ਭਰੇ ਲੰਬੇ ਸੰਘਰਸ਼ ਤੋਂ ਭੈਭੀਤ ਹੋ ਕੇ ਸੱਤਾ ਮਾਨਣ ਦੀ ਲਾਲਸਾ ਅਧੀਨ ਇਨਕਲਾਬੀ ਤਬਦੀਲੀ ਕਰਨ ਦੀ ਥਾਂ ਲੁਟੇਰੀਆਂ ਜਮਾਤਾਂ ਸੰਗ ਸੱਤਾ ‘ਚ ਭਾਗੀਦਾਰੀ ਕਰਕੇ ਸੱਤਾ ਮਾਨਣ ਦਾ ਸੌਖਾ ਰਾਹ ਚੁਣਨ ਦੀਆਂ ਸੰਭਾਵਨਾਵਾਂ ਭਾਰੂ ਹੋਣੀਆਂ ਸੁਭਾਵਕ ਹਨ। ਦੂਜੇ ਪਾਸੇ ਪੂੰਜੀਵਾਦੀ ਪ੍ਰਬੰਧ ਦੀ ਸੰਗਠਤ ਸ਼ਕਤੀ ਦੇ ਮੁਕਾਬਲੇ ਇਨਕਲਾਬੀ ਤਾਕਤਾਂ ਦੀ ਕਮਜ਼ੋਰ ਸਥਿਤੀ, ਹਾਕਮ ਜਮਾਤਾਂ ਦਾ ਲੋਕਾਂ ਦੀ ਮਾਨਸਿਕਤਾ ਉਪਰ ਚੋਖਾ ਪ੍ਰਭਾਵ ਤੇ ਅੰਤਰ ਰਾਸ਼ਟਰੀ ਪੱਧਰ ‘ਤੇ ਇਨਕਲਾਬੀ ਲਹਿਰ ਦੇ ਵਾਧੇ ਲਈ ਅਣਸੁਖਾਵੀਆਂ ਪ੍ਰਸਥਿਤੀਆਂ ਦੀ ਮੌਜੂਦਗੀ ਇਨ੍ਹਾਂ ਹੀ ਨਿੱਕ-ਬੁਰਜ਼ੂਆ ਤੱਤਾਂ ਨੂੰ ਲੋਕਾਂ ਦੀ ਸ਼ਕਤੀ ਨੂੰ ਵੱਡੀ ਪੱਧਰ ‘ਤੇ ਇਕੱਠਿਆਂ ਕਰਨ ਤੇ ਲੰਬਾ ਸਮਾਂ ਸਿਰੜੀ ਘੋਲ ਕਰਨ ਦੀ ਥਾਂ ਥੋੜੀ ਗਿਣਤੀ ‘ਚ ‘ਬਹਾਦਰ ਲੋਕਾਂ’ ਦੀ ਸੂਰਮਗਤੀ ਰਾਹੀਂ ਜਲਦੀ ਤੋਂ ਜਲਦੀ ਇਨਕਲਾਬ ਸਿਰੇ ਚਾੜ੍ਹਨ ਦੀ ਖਾਹਸ਼ (ਗਲਤਫਹਿਮੀ) ‘ਚੋਂ ਉਪਜੇ ਖੱਬੇ ਪੱਖੀ ਕੁਰਾਹੇ ਦਾ ਸ਼ਿਕਾਰ ਬਣਾ ਦਿੰਦੀ ਹੈ। ਕਾਰਜ ਪ੍ਰਤੀ ਪੂਰਨ ਸੁਹਿਰਦਤਾ ਹੋਣ ਦੇ ਬਾਵਜੂਦ ਮਾਅਰਕੇਬਾਜ਼ੀ ਸਫਲਤਾ ਦਾ ਮੂੰਹ ਨਹੀਂ ਦਿਖਾਅ ਸਕਦੀ। ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਨੇ ਅਕਤੂਬਰ ਇਨਕਲਾਬ ਦੀ ਸਫਲਤਾ ਲਈ ਉਪਰੋਕਤ ਦੋਨਾਂ ਕੁਰਾਹਿਆਂ ਵਿਰੁੱਧ ਲੜਨ ਦੀ ਮਹਾਨਤਾ ‘ਤੇ ਬਹੁਤ ਜ਼ੋਰ ਦਿੱਤਾ।
ਆਰਥਿਕ ਯੋਜਨਾਬੰਦੀ ਦੀਆਂ ਘਾਟਾਂ ਅਤੇ ਵਿਚਾਰਧਾਰਕ ਤੇ ਰਾਜਨੀਤਕ ਕਮਜ਼ੋਰੀਆਂ ਦੇ ਸਿੱਟੇ ਵਜੋਂ 70 ਸਾਲਾਂ ਤੱਕ ਸੋਵੀਅਤ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਤੇ ਪਛੜੇ ਰੂਸ ਨੂੰ ਦੁਨੀਆਂ ਦੀ ‘ਮਹਾਂ ਸ਼ਕਤੀ’ ‘ਚ ਤਬਦੀਲ ਕਰਨ ਵਾਲਾ ਸਮਾਜਵਾਦੀ ਢਾਂਚਾ ਤਾਸ਼ ਦੇ ਪੱਤਿਆਂ ਵਾਂਗ ਢੈਅ ਢੇਰੀ ਹੋ ਗਿਆ। ਕਰੋੜਾਂ ਪਾਰਟੀ ਮੈਂਬਰਾਂ ਦੀ ਸੰਗਠਤ ਸ਼ਕਤੀ ਤੇ ਤਾਕਤਵਰ ਸਮਝੀ ਜਾਂਦੀ ਸੋਵੀਅਤ ਦੀ ਲਾਲ ਫੌਜ ਨਾ ਤਾਂ ਸਮਾਜਵਾਦ ਤਬਾਹ ਕਰਨ ਵਾਲੀਆਂ ਤਾਕਤਾਂ ਦੀ ਪਛਾਣ ਹੀ ਕਰ ਸਕੀਆਂ ਤੇ ਨਾ ਹੀ ਸਮਾਂ ਆਉਣ ਤੇ ਇਨ੍ਹਾਂ ਦੁਸ਼ਮਣਾਂ ਦਾ ਟਾਕਰਾ ਕਰਕੇ ਉਨ੍ਹਾਂ ਨੂੰ ਭਾਂਜ ਦੇ ਸਕੀਆਂ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਏਡੀ ਵੱਡੀ ਉਲਟ ਇਨਕਲਾਬੀ ਕਾਰਵਾਈ ਨੂੰ ਰੋਕਣ ਲਈ ਕਿਸੇ ਕਮਿਊਨਿਸਟ ਨੇ ਇਕ ਗੋਲੀ ਤੱਕ ਨਹੀਂ ਖਾਧੀ! ਸਭ ਕੁੱਝ ‘ਪੁਰ ਅਮਨ’ ਢੰਗ ਨਾਲ ਸਿਰੇ ਚਾੜ੍ਹ ਲਿਆ ਗਿਆ! ਸਪੱਸ਼ਟ ਹੈ ਕਿ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਵਿਚਾਰਧਾਰਕ, ਰਾਜਨੀਤਕ ਤੇ ਜਥੇਬੰਦਕ ਤੌਰ ‘ਤੇ ਉਹ ਨਹੀਂ ਰਹੀ ਸੀ, ਜੋ 1917 ਦੇ ਅਕਤੂਬਰ ਇਨਕਲਾਬ ਨੂੰ ਸਫਲ ਕਰਨ ਵਾਸਤੇ ਕਾਮਰੇਡ ਲੈਨਿਨ ਦੀ ਅਗਵਾਈ ‘ਚ ਖੜ੍ਹੀ ਕੀਤੀ ਗਈ ਅਨੁਸ਼ਾਸਨਬੱਧ ਤੇ ਆਪਾਵਾਰੂ ਪਾਰਟੀ ਹੋਇਆ ਕਰਦੀ ਸੀ। ਸ਼ਾਇਦ ਇਸੇ ਕਰਕੇ ਅੱਜ ਵੀ ਰੂਸ ਤੇ ਇਸ ਤੋਂ ਅਲੱਗ ਹੋਏ ਦੇਸ਼ਾਂ ਅੰਦਰ ਅਕਤੂਬਰ ਇਨਕਲਾਬ ਨੂੰ ਇਸ ਦੀ ਸਹੀ ਭਾਵਨਾ ‘ਚ ਯਾਦ ਤੱਕ ਨਹੀਂ ਕੀਤਾ ਜਾਂਦਾ। ਭਾਰਤ ਅੰਦਰ ਵੀ ਸਾਨੂੰ ਠੀਕ ਅਰਥਾਂ ‘ਚ ਇਨਕਲਾਬੀ ਕਮਿਊਨਿਸਟ ਪਾਰਟੀ ਨੂੰ ਖੜ੍ਹੀ ਕਰਨ ਦੀ ਜ਼ਰੂਰਤ ਹੈ, ਜੋ ਵਿਚਾਰਧਾਰਕ ਤੌਰ ‘ਤੇ ਮਜ਼ਬੂਤ ਹੋਵੇ ਤੇ ਸਾਰੇ ਮੋੜਾਂ ਘੋੜਾਂ ‘ਚ ਔਕੜਾਂ ਦਾ ਟਾਕਰਾ ਕਰ ਸਕੇ। ਇਸ ਪਾਰਟੀ ਦੇ ਸੰਗਠਨ ਅੰਦਰ ਪੂਰਨ ਰੂਪ ‘ਚ ਜਮਹੂਰੀਅਤ ਹੋਵੇ ਤੇ ਬਾਹਰਮੁਖੀ ਤੌਰ ‘ਤੇ ਜਮਹੂਰੀ ਕੇਂਦਰੀਵਾਦ ਦੇ ਅਸੂਲਾਂ ਦੀ ਪਾਲਣਾ ਕਰਦੀ ਹੋਵੇ। ਐਸੀ ਕਮਿਊਨਿਸਟ ਪਾਰਟੀ, ਜਿਸ ‘ਚ ਇਰਾਦੇ ਦੀ ਸੰਪੂਰਨ ਏਕਤਾ ਹੋਵੇ, ਧੜੇਬੰਦੀ ਤੋਂ ਪੂਰੀ ਤਰ੍ਹਾਂ ਰਹਿਤ ਇਕ ਸੰਗਠਤ ਫੌਜੀ ਦਸਤੇ ਦੀ ਤਰ੍ਹਾਂ ਅਨੁਸ਼ਾਸਤ ਹੋਵੇ ਤੇ ਜਿਸਦਾ ਮਿਹਨਤਕਸ਼ ਲੋਕਾਂ ਨਾਲ ਇਕ ਸੇਵਾਦਾਰ ਵਜੋਂ ‘ਮੱਛੀ ਤੇ ਪਾਣੀ’ ਵਰਗਾ ਰਿਸ਼ਤਾ ਹੋਵੇ। ਸਾਡੀਆਂ ਜਮਾਤੀ ਤੇ ਜਨਤਕ ਜਥੇਬੰਦੀਆਂ ਹਕੀਕੀ ਤੌਰ ‘ਤੇ ‘ਜਨਤਕ ਕਿਰਦਾਰ’ ਦੀਆਂ ਹੋਣ ਤੇ ਜਮਹੂਰੀ ਢੰਗ ਨਾਲ ਕੰਮ ਕਰਨ, ਜਿਸ ‘ਚ ਵੱਖ-ਵੱਖ ਰਾਜਨੀਤਕ ਵਿਚਾਰਾਂ ਦੇ ਲੋਕ ਬਿਨਾਂ ਝਿਜਕ ਸ਼ਾਮਿਲ ਹੋ ਸਕਣ। ਇਹ ਜਥੇਬੰਦੀਆਂ ਕਮਿਊਨਿਸਟ ਪਾਰਟੀ ਤੇ ਲੋਕਾਂ ਵਿਚਕਾਰ ਇਕ ਪਟੇ ਦਾ ਕੰਮ ਕਰਨ, ਭਾਵ ਲੋਕਾਂ ਦੀ ਆਵਾਜ਼ ਪਾਰਟੀ ਤੱਕ ਪਹੁੰਚਾਉਣ ਤੇ ਪਾਰਟੀ ਦਾ ਸੁਨੇਹਾ ਤੇ ਵਿਚਾਰਧਾਰਾ ਲੋਕ ਮਨਾਂ ਅੰਦਰ ਭਰਨ ਦਾ ਯਤਨ ਕਰਨ।
ਸੋਵੀਅਤ ਯੂਨੀਅਨ ਅੰਦਰ ਅਕਤੂਬਰ ਇਨਕਲਾਬ ਤੋਂ ਬਾਅਦ ਨਵੇਂ ਪ੍ਰਬੰਧ ਹੇਠ ਆਮ ਲੋਕਾਂ ਨੂੰ ਆਰਥਿਕ ਬਰਾਬਰੀ, ਰੁਜ਼ਗਾਰ, ਸਿਹਤ, ਵਿਦਿਆ, ਰਿਹਾਇਸ਼, ਚੰਗੀਆਂ ਕੰਮ ਹਾਲਤਾਂ ਤੇ ਸਮਾਜਿਕ ਸੁਰੱਖਿਆ ਦੀਆਂ ਸਹੂਲਤਾਂ ਪ੍ਰਦਾਨ ਕੀਤੇ ਜਾਣ ਦੇ ਬਾਵਜੂਦ ਸਮਾਜਵਾਦੀ ਢਾਂਚੇ ਦੇ ਢਹਿ ਢੇਰੀ ਹੋਣ ਸਮੇਂ ਜਾਂ ਅੱਜ 30 ਸਾਲਾਂ ਬਾਅਦ ਵੀ ਇਸ ਘਟਨਾ ਬਾਰੇ ਉਨ੍ਹਾਂ ਦੇ ਮਨਾਂ ‘ਚ ਕੋਈ ਗੁੱਸਾ ਜਾਂ ਪਸ਼ਚਾਤਾਪ ਨਹੀਂ ਦੇਖਿਆ ਜਾ ਰਿਹਾ। ਜਿਹੋ ਜਿਹਾ ”ਅਸਲੀ ਮਨੁੱਖ” ਇਨਕਲਾਬ ਦੀ ਕਾਮਯਾਬੀ ਵੇਲੇ ਦਿਸ ਰਿਹਾ ਸੀ, ਉਸ ਦੀ ਹੋਂਦ ਸਮਾਜਵਾਦੀ ਢਾਂਚਾ ਢਹਿ ਢੇਰੀ ਹੋਣ ਸਮੇਂ ਕਿਉਂ ਨਹੀਂ ਦੇਖੀ ਗਈ? ਕਿਉਂਕਿ ਅਜਿਹਾ ਮਨੁੱਖ ਪੈਦਾ ਕਰਨ ਵਾਸਤੇ ਲੋੜੀਂਦਾ ਸਭਿਆਚਾਰਕ ਤੇ ਸਮਾਜਿਕ ਚੋਗਿਰਦਾ ਤੇ ਲੋਕ ਮਨਾਂ ਦੀਆਂ ਕੋਮਲ ਭਾਵਨਾਵਾਂ ਨੂੰ ਛੋਹਣ ਤੇ ਵਿਕਸਤ ਕਰਨ ਵਾਲਾ ਭਾਵਨਾਤਮਕ ਮਾਹੌਲ ਨਹੀਂ ਸਿਰਜਿਆ ਗਿਆ। ਢਾਂਚੇ ਪ੍ਰਤੀ ‘ਆਪਣਾਪਣ’ ਸਿਰਜਣ ਤੋਂ ਬਿਨਾਂ ਤੁਸੀਂ ਲੋਕਾਂ ਅੰਦਰ ਉਸ ਢਾਂਚੇ ਦੀ ਰਾਖੀ ਵਾਸਤੇ ਮਰ ਮਿੱਟਣ ਦੀ ਭਾਵਨਾ ਨਹੀਂ ਭਰ ਸਕਦੇ। ਹੁਣ ਜਦੋਂ ਅਸੀਂ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ‘ਇਕ ਖਾਸ ਕਿਸਮ ਦੇ ਸਮਾਜਵਾਦੀ ਢਾਂਚੇ’ ਦਾ ਡਿਗਣਾ ਦੇਖ ਚੁੱਕੇ ਹਾਂ, ਤਦ ਉਨ੍ਹਾਂ ਘਟਨਾਵਾਂ ਤੇ ਕਮਜ਼ੋਰੀਆਂ ਨੂੰ ਭਾਰਤ ‘ਚ ਇਨਕਲਾਬੀ ਲਹਿਰ ਸਿਰਜਣ ਲਈ ਇਕ ‘ਸਾਰਥਕ ਸਬਕ’ ਦੇ ਤੌਰ ‘ਤੇ ਲੈਣਾ ਚਾਹੀਦਾ ਹੈ। ਭਾਰਤ ‘ਚ ਅਜਿਹੀ ਕਮਿਊਨਿਸਟ ਪਾਰਟੀ ਸਿਰਜਣ ਦੀ ਜ਼ਰੂਰਤ ਹੈ ਜੋ ਆਮ ਲੋਕਾਂ ਅੱਗੇ ਇਕ ਐਸਾ ਰਾਜਨੀਤਕ, ਆਰਥਿਕ, ਸਮਾਜਿਕ ਤੇ ਸਭਿਆਚਾਰਕ ਮੁਤਬਾਦਲ ਪੇਸ਼ ਕਰੇ, ਜੋ ਉਨ੍ਹਾਂ ਨੂੰ ਅਜੋਕੇ ਪ੍ਰਬੰਧ ਨਾਲੋਂ ਸਿਰਫ ਆਰਥਿਕ ਖੇਤਰ ‘ਚ ਹੀ ਨਹੀਂ, ਬਲਕਿ ਜੀਵਨ ਦੇ ਹਰ ਪਹਿਲੂ ਤੋਂ ਵਧੇਰੇ ਦਿਲ ਖਿਚਵਾਂ ਤੇ ਆਨੰਦ ਦੇਣ ਵਾਲਾ ਹੋਵੇ। ਇਸ ਮੁਤਬਾਦਲ ‘ਚ ਆਮ ਲੋਕਾਂ ਦੇ ਹਿਤਾਂ ਤੇ ਅਕਾਂਖਾਵਾਂ ਨਾਲ ਪੂਰੀ ਤਰ੍ਹਾਂ ਆਤਮਸਾਤ ਕਰਨ ਦੀ ਯੋਗਤਾ ਹੋਵੇ। ਅਫਸੋਸ ਹੈ ਕਿ ਦੇਸ਼ ਦੀ ਕਮਿਊਨਿਸਟ ਲਹਿਰ ਦਾ ਵੱਡਾ ਹਿੱਸਾ ਅਜੇ ਆਰਥਿਕ ਤੇ ਇਕ ਛੋਟੀ ਹੱਦ ਤੱਕ ਰਾਜਨੀਤਕ ਤੌਰ ‘ਤੇ ਤਾਂ ਪੂੰਜੀਵਾਦੀ ਪ੍ਰਬੰਧ ਵਿਰੁੱਧ ਸੰਘਰਸ਼ ਕਰਦਾ ਹੈ, ਪ੍ਰੰਤੂ ਵਿਚਾਰਧਾਰਕ ਤੇ ਸਭਿਆਚਾਰਕ ਤੌਰ ‘ਤੇ ਇਸਨੇ ਅਜੇ ਆਟੇ ‘ਚ ਲੂਣ ਬਰਾਬਰ ਵੀ ਕੰਮ ਨਹੀਂ ਕੀਤਾ। 37 ਸਾਲਾਂ ਦੀ ਖੱਬੇ ਪੱਖੀ ਸਰਕਾਰ, ਪੱਛਮੀ ਬੰਗਾਲ (ਇਸ ਦੇ ਨਾਲ ਹੀ ਕੇਰਲਾ) ਅੰਦਰ ਪੂੰਜੀਵਾਦੀ ਵਿਦਿਅਕ ਸਿਲੇਬਸ ਦੇ ਮੁਕਾਬਲੇ ‘ਚ ਇਕ ਮਜ਼ਦੂਰ ਵਰਗ ਦੇ ਵਿਗਿਆਨਕ ਨਜ਼ਰੀਏ ਨੂੰ ਪੇਸ਼ ਕਰਨ ਵਾਲਾ ਸਿਲੇਬਸ ਵੀ ਤਿਆਰ ਨਹੀਂ ਕਰ ਸਕੀ, ਹਾਲਾਂਕਿ ਵਿਦਿਆ ਦਾ ਵਿਸ਼ਾ ‘ਰਾਜਾਂ ਦੀ ਅਧਿਕਾਰ ਸੂਚੀ’ ‘ਚ ਆਉਂਦਾ ਹੈ। ਦੂਸਰੇ ਬੰਨ੍ਹੇ ਮੋਦੀ ਸਰਕਾਰ ਤੇ ਆਰ.ਐਸ.ਐਸ. ਦੀ ਯੋਜਨਾਬੰਦੀ ਨੂੰ ਦੇਖੀਏ, ਜਿਸਨੇ ਦੇਸ਼ ਪੱਧਰ ਉਤੇ ‘ਨਵੀਂ ਵਿਦਿਅਕ ਨੀਤੀ’, ਜੋ ਹਰ ਪੱਖ ਤੋਂ ਪਿਛਾਂਹ ਖਿੱਚੂ, ਸਮਾਂ ਵਿਹਾ ਚੁੱਕੀਆਂ ਮਾਨਤਾਵਾਂ ਨਾਲ ਲੱਦੀ ਹੋਈ ਤੇ ਅਣਵਿਗਿਆਨਕ ਹੈ, ਨੂੰ ਲਾਗੂ ਕਰਨ ਲਈ ਕਿੰਨੀ ਜਲਦਬਾਜ਼ੀ ਤੇ ਫੁਰਤੀ ਦਿਖਾਈ ਹੈ! ਇਸ ਤੋਂ ਬਿਨਾਂ ਦੂਸਰੇ ਮੁੱਦਿਆਂ ਬਾਰੇ ਵੀ ਇਹ ਖੱਬੇ ਪੱਖੀ ਸਰਕਾਰਾਂ ਇਕ ਨਿਵੇਕਲੀ ਪਹੁੰਚ ਨੂੰ ਆਮ ਲੋਕਾਂ ‘ਚ ਪ੍ਰਵਾਨ ਨਹੀਂ ਕਰਾ ਸਕੀਆਂ, ਜਿਸ ‘ਚ ਉਨ੍ਹਾਂ ਦੀ ਭਾਗੀਦਾਰੀ ਹੋਵੇ। ਜੇਕਰ ਸਿਰਫ ਜਮਾਤੀ ਸੰਘਰਸ਼ਾਂ ਦੇ ਆਰਥਿਕ ਤੇ ਰਾਜਨੀਤਕ ਪਹਿਲੂਆਂ ‘ਤੇ ਜ਼ੋਰ ਦਿੰਦੇ ਹੋਏ ਅਸੀਂ ਵਿਚਾਰਧਾਰਕ ਤੇ ਸਭਿਆਚਾਰਕ ਮੋਰਚੇ ‘ਤੇ ਬਰਾਬਰ ਦਾ ਸੰਘਰਸ਼ ਨਹੀਂ ਕਰਦੇ ਤੇ ਲੋਕਾਂ ਸਾਹਮਣੇ ਮੁਕਾਬਲੇ ਦਾ ਇਕ ਦਿਲ ਖਿੱਚਵਾਂ ਮੁਤਬਾਦਲ ਪੇਸ਼ ਨਹੀਂ ਕਰਦੇ, ਤਾਂ ਜਨ ਸਮੂਹ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਤੇ ਕੁਰਬਾਨੀਆਂ ਦੇ ਬਾਵਜੂਦ ਇਨਕਲਾਬੀ ਲਹਿਰ ਸੰਗ ਨਹੀਂ ਜੁੜਨਗੇ। ਫਿਰ ਅਸੀਂ ਸਿਰਫ ਲੋਕਾਂ ਦੀ ਨੀਵੀਂ ਚੇਤਨਾ ਨੂੰ ਨਿੰਦਣ ‘ਚ ਹੀ ਲੱਗੇ ਰਹਾਂਗੇ, ਜਿਸ ਨੂੰ ਉਚਿਆਉਣ ਵਾਸਤੇ
ਅਸੀਂ ਲੋੜੀਂਦਾ ਉਪਰਾਲਾ ਨਹੀਂ ਕੀਤਾ।
ਸਾਨੂੰ ਆਰਥਿਕ ਪਿੜ ‘ਚ ਉਨ੍ਹਾਂ ਸਾਰੀਆਂ ਹੀ ਪੈਦਾਵਾਰੀ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨੀ ਹੋਵੇਗੀ, ਜੋ ਆਪੋ ਆਪਣੀ ਥਾਂ ‘ਤੇ ਸਮਾਜਕ ਪੈਦਾਵਾਰ ‘ਚ ਹਿੱਸਾ ਤਾਂ ਪਾ ਰਹੀਆਂ ਹਨ, ਪ੍ਰੰਤੂ ਪੈਦਾਵਾਰ ਦੇ ਲਾਭਾਂ ਤੋਂ ਪੂਰੀ ਤਰ੍ਹਾਂ ਵਿਰਵੀਆਂ ਹਨ। ਅਸੀਂ ਉਨ੍ਹਾਂ ਦੀ ਠੀਕ ਪਹਿਚਾਣ ਕਰਕੇ ਉਨ੍ਹਾਂ ਨੂੰ ਦੇਸ਼ ਵਿਆਪੀ ਜਮਾਤੀ ਸੰਘਰਸ਼ਾਂ ਦਾ ਅੰਗ ਨਹੀਂ ਬਣਾ ਸਕੇ। ਮੰਤਕੀ ਤੌਰ ‘ਤੇ ਪੂੰਜੀਵਾਦੀ ਵਿਕਾਸ ਨੇ, ਖਾਸ ਕਰਕੇ ਮੌਜੂਦਾ ਨਵਉਦਾਰਵਾਦੀ ਨੀਤੀ ਚੌਖਟੇ ਨੇ ਗਰੀਬ ਤੇ ਛੋਟੀ ਕਿਰਸਾਨੀ ਅਤੇ ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰ ਦੇਣਾ ਹੈ। ਮੋਦੀ ਸਰਕਾਰ ਤੇਜ਼ੀ ਨਾਲ ਉਸੇ ਰਸਤੇ ਉਪਰ ਚਲ ਰਹੀ ਹੈ। ਇਸ ਸੰਕਟ ‘ਚੋਂ ਲੱਖਾਂ ਕਰੋੜਾਂ ਦੀ ਗਿਣਤੀ ਅੰਦਰ ਬੇਕਾਰ ਹੱਥਾਂ ਦਾ ਪੈਦਾਵਾਰੀ ਪ੍ਰਕਿਰਿਆ ‘ਚੋਂ ਬਾਹਰ ਕੱਢੇ ਜਾਣ ਦਾ ਖਤਰਾ ਹੁਣ ਪ੍ਰਤੱਖ ਸਾਹਮਣੇ ਆ ਖਲੋਤਾ ਹੈ। ਇਹ ਸਭ ਲੋਕ ਮਜ਼ਦੂਰ ਜਮਾਤ ਦਾ ਹੀ ਅੰਗ ਹਨ, ਜਿਨ੍ਹਾਂ ਨੇ ਆਪਣਾ ਪੇਟ ਭਰਨ ਵਾਸਤੇ ਨਵੇਂ-ਨਵੇਂ ਧੰਦਿਆਂ ਤੇ ਦਿਸ਼ਾਵਾਂ ਵੱਲ ਨੂੰ ਵਧਣਾ ਹੈ। ਇਨ੍ਹਾਂ ਪੈਦਾਵਾਰੀ ਸ਼ਕਤੀਆਂ ਦੀ ਪਹਿਚਾਣ ਕਰਕੇ ਜਥੇਬੰਦ ਕਰਨਾ ਇਨਕਲਾਬੀ ਲਹਿਰ ਦਾ ਜ਼ਿੰਮਾ ਹੈ। ਮਜ਼ਦੂਰਾਂ, ਕਿਸਾਨਾਂ ਤੇ ਵਿਉਪਾਰੀਆਂ ਤੋਂ ਬਿਨਾਂ ਪਿੰਡਾਂ, ਸ਼ਹਿਰਾਂ, ਮੁਹੱਲਿਆਂ ‘ਚ ਹੋਰ ਵੀ ਅਨੇਕਾਂ ਵੰਨਗੀਆਂ ਦੀ ਮਜਦੂਰ ਜਮਾਤ ਮੌਜੂਦ ਹੈ, ਜੋ ਅਜੇ ਸਾਡੀ ਪਹੁੰਚ ਤੋਂ ਬਾਹਰ ਹੈ। ਦੂਰ ਦੁਰਾਡੇ ਥਾਵਾਂ ‘ਤੇ ਜੰਗਲੀ ਇਲਾਕਿਆਂ ਅੰਦਰ ਕਬਾਇਲੀ ਲੋਕਾਂ ਦੀ ਪੂੰਜੀਵਾਦੀ ਸਮਾਜ ‘ਚ ਹੋ ਰਹੀ ਲੁੱਟ ਖਸੁੱਟ ਤੇ ਅਣਦੇਖੀ ਸਾਡੀਆਂ ਨਿਗਾਹਾਂ ਤੋਂ ਕਾਫ਼ੀ ਪਰਾਂਹ ਰਹੀ ਹੈ। ਉਥੇ ਵੀ ਖੇਤੀਬਾੜੀ ਤੋਂ ਬਿਨਾਂ ਹੋਰ ਅਨੇਕਾਂ ਤਰ੍ਹਾਂ ਦੇ ਧੰਦਿਆਂ ‘ਚ ਮਰਦਾਂ ਤੇ ਔਰਤਾਂ ਨੂੰ ਵੱਖ-ਵੱਖ ਢੰਗਾਂ ਨਾਲ ਸਮਾਜਿਕ ਪੈਦਾਵਾਰ ‘ਚ ਰੁੱਝੇ ਹੋਏ ਦੇਖਿਆ ਜਾ ਸਕਦਾ ਹੈ। ਦੇਸ਼ ਦੀ ਸਮਾਜਿਕ ਬਣਤਰ ‘ਚ ਦਲਿਤਾਂ, ਪਛੜੀਆਂ ਜਾਤੀਆਂ ਤੇ ਔਰਤਾਂ ਦੀ ਹੋ ਰਹੀ ਦੁਰਦਸ਼ਾ ਵੱਲ ਜਮਾਤੀ ਨਜ਼ਰੀਏ ਤੋਂ ਧਿਆਨ ਦੇ ਕੇ ਹੀ ਅਸੀਂ ਉਨ੍ਹਾਂ ਨੂੰ ਸਾਂਝੀ ਜਦੋਜਹਿਦ ‘ਚ ਖਿੱਚ ਸਕਦੇ ਹਾਂ।
ਜਿਸ ਤਰ੍ਹਾਂ ਰੂਸ ਅੰਦਰ ਅਕਤੂਬਰ ਇਨਕਲਾਬ ਤੋਂ ਪਹਿਲਾਂ, ਇਸ ਦੀ ਤਿਆਰੀ ਹਿੱਤ ਹਰ ਪੱਖ ਨੂੰ ਧਿਆਨ ‘ਚ ਰੱਖਿਆ ਗਿਆ, ਉਸੇ ਤੋਂ ਸਾਨੂੰ ਵੀ ਸੇਧ ਲੈਣੀ ਹੋਵੇਗੀ। ਰੂਸ ਤੋਂ ਭਿੰਨ ਸਰਮਾਏਦਾਰ ਜਮਹੂਰੀਅਤ ਦੇ ਦੌਰ ‘ਚ ਕਿਸ ਤਰ੍ਹਾਂ ਦੀ ਪਾਰਟੀ ਜਥੇਬੰਦੀ ਹੋਵੇ? ਸਮਾਜ ਦਾ ਵੱਡਾ ਹਿੱਸਾ, ਜੋ ਤਕਨੀਕੀ ਤੌਰ ‘ਤੇ ਤਾਂ ਕਮਿਊਨਿਸਟ ਪਾਰਟੀ ਦਾ ਮੈਂਬਰ ਨਹੀਂ ਬਣਦਾ ਤੇ ਨਾ ਹੀ ਇਸਦੇ ‘ਫੌਲਾਦੀ ਅਨੁਸ਼ਾਸਨ’ ‘ਚ ਰਹਿਕੇ ਇਨਕਲਾਬੀ ਲਹਿਰ ‘ਚ ਆਪਣਾ ਯੋਗਦਾਨ ਪਾ ਸਕਦਾ ਹੈ, ਪ੍ਰੰਤੂ ਉਹ ਵਿਚਾਰਧਾਰਕ, ਸਭਿਆਚਾਰਕ, ਸਾਹਿਤਕ, ਸਮਾਜਿਕ ਭਾਵ ਹਰ ਖੇਤਰ ‘ਚ ਇਨਕਲਾਬੀ ਦਿਸ਼ਾ ‘ਚ ਇਕ ਸਾਜ਼ਗਾਰ ਰਾਜਸੀ ਮਾਹੌਲ ਸਿਰਜਣ ‘ਚ ਭਰਪੂਰ ਹਿੱਸਾ ਜ਼ਰੂਰ ਪਾ ਸਕਦਾ ਹੈ, ਨੂੰ ਸਮਾਜਕ ਤਬਦੀਲੀ ਵਡੇਰੇ ਕਾਜ਼ ਨਾਲ ਕਿਵੇਂ ਜੋੜਿਆ ਜਾਵੇ? ਇਹ ਵੱਡੇ ਸੁਆਲ ਹਨ। ਇਸ ਦੇ ਨਾਲ ਹੀ ਭਾਰਤੀ ਲੋਕਾਂ ਦੇ ਵੱਖ-ਵੱਖ ਧਾਰਮਕ ਵਿਸ਼ਵਾਸਾਂ, ਸਮਾਜਿਕ ਰਸਮੋ ਰਿਵਾਜਾਂ, ਸਭਿਆਚਾਰ ਤੇ ਆਪੋ ਆਪਣੇ ਢੰਗ ਨਾਲ ਜ਼ਿੰਦਗੀ ਜੀਉਣ ਲਈ ਖੋਜੀ ‘ਜੀਵਨ ਜਾਂਚ’ ਨੂੰ ਡੂੰਘਾਈ ਨਾਲ ਘੋਖਣ ਤੇ ਸਮਝਣ ਦੀ ਜ਼ਰੂਰਤ ਹੈ। ਸੋਵੀਅਤ ਸਮਾਜ ਤੇ ਭਾਰਤੀ ਸਮਾਜ ਅੰਦਰ ਭਾਰੀ ਵੱਖਰੇਵਿਆਂ ਦੇ ਬਾਵਜੂਦ ਦੋਨਾਂ ਅੰਦਰ ਇਨਕਲਾਬੀ ਲਹਿਰ ਦੇ ਵਿਕਾਸ ਹਿੱਤ ਇਕੋ ਜਿਹੀ ਯੁਧਨੀਤੀ ਤੇ ਦਾਅਪੇਚਕ ਲਾਈਨ ਲਾਗੂ ਕਰਨਾ ਨਿਰਾ ‘ਉਜੱਡਵਾਦ’ ਹੋਵੇਗਾ। ਇਨ੍ਹਾਂ ਭਿੰਨਤਾਵਾਂ ਨੂੰ ਧਿਆਨ ਗੋਚਰੇ ਰੱਖ ਕੇ ਭਾਰਤੀ ਸਮਾਜ ਅੰਦਰ ਮੇਚਵੇਂ ਪ੍ਰਵਾਨਤ ਨਾਅਰੇ ਤੇ ਨਿਸ਼ਾਨੇ ਮਿੱਥ ਕੇ ਹੀ ਲੋਕਾਂ ਨੂੰ ਪੂੰਜੀਵਾਦੀ ਪ੍ਰਬੰਧ ਵਿਰੁੱਧ ਲਾਮਬੰਦ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਦਾ ਵਿਵਹਾਰ ਸੋਵੀਅਤ ਰੂਸ ਦੀ ਪਾਰਟੀ ਲੀਡਰਸ਼ਿਪ, ਪਾਰਟੀ ਮੈਂਬਰਸ਼ਿਪ ਦੇ ਵੱਡੇ ਹਿੱਸੇ ਤੇ ਅਫਸਰਸ਼ਾਹੀ ਨੇ ਅਕਤੂਬਰ ਇਨਕਲਾਬ ਤੋਂ ਬਾਅਦ ਦੇ 70 ਸਾਲਾਂ ਦੌਰਾਨ ਆਮ ਲੋਕਾਂ ਨਾਲ ਕੀਤਾ ਤੇ ਹਰ ਖੇਤਰ ‘ਚ ਲੋਕਾਂ ਨੂੰ ਪ੍ਰਵਾਨਤ ਨਮੂੰਨੇ ਦਾ ਮੁਤਬਾਦਲ ਪ੍ਰਦਾਨ ਨਹੀਂ ਕਰ ਸਕੇ, ਉਥੇ 1990 ਵਿਆਂ ‘ਚ ਮੰਦਭਾਗੀਆਂ ਉਲਟ ਇਨਕਲਾਬੀ ਘਟਨਾਵਾਂ ਦਾ ਵਾਪਰਨਾ ਪੂਰੀ ਤਰ੍ਹਾਂ ਅਣਕਿਆਸਿਆ ਨਹੀਂ ਕਿਹਾ ਜਾ ਸਕਦਾ। ਇਹੋ ਜਿਹੀਆਂ ਘਾਟਾਂ ਤੇ ਕਮਜ਼ੋਰੀਆਂ ਦੀ ਭਾਰਤੀ ਕਮਿਊਨਿਟ ਲਹਿਰ ‘ਚ ਵੱਡੀ ਭਰਮਾਰ ਹੈ, ਜਿਨ੍ਹਾਂ ‘ਤੇ ਸਮੇਂ ਸਿਰ ਕਾਬੂ ਪਾਇਆ ਜਾਣਾ ਚਾਹੀਦਾ ਹੈ। ਅਜਿਹਾ ਨਾ ਕਰ ਸਕਣ ਦੀ ਸਥਿਤੀ ‘ਚ ਇਨਕਲਾਬੀ ਲਹਿਰ ਦਾ ਅੱਗੇ ਵੱਧਣਾ ਤਾਂ ਸ਼ਾਇਦ ਸੰਭਵ ਨਾ ਹੋਵੇ, ਸਗੋਂ ਸੁੰਗੜਣ ਦੀ ਪ੍ਰਕਿਰਿਆ ਤੇਜ਼ ਤੋਂ ਤੇਜ਼ਤਰ ਹੁੰਦੀ ਜਾਵੇਗੀ। ਪੱਛਮੀ ਬੰਗਾਲ, ਕੇਰਲਾ ਤੇ ਤਰੀਪੁਰਾ ‘ਚ ਸਰਮਾਏਦਾਰੀ ਪ੍ਰਬੰਧ ਦੇ ਚੌਖਟੇ ‘ਚ ਕੰਮ ਕਰਦਿਆਂ ਹੋਇਆਂ ਅਸੀਂ ਪਹਿਲਾਂ ਹੀ ਸ਼ਕਤੀਸ਼ਾਲੀ ਸਮਾਜਵਾਦੀ ਸੋਵੀਅਤ ਯੂਨੀਅਨ ਵਰਗੀਆਂ ਗਲਤੀਆਂ ਨੂੰ ਦੁਹਰਾ ਕੇ ਜਾਂ ਉਨ੍ਹਾਂ ਤੋਂ ਸਾਵਧਾਨ ਨਾ ਰਹਿਕੇ ਵੱਡੀ ਕੀਮਤ ਚੁਕਾ ਚੁੱਕੇ ਹਾਂ।
ਅਕਤੂਬਰ ਇਨਕਲਾਬ ਦੀ ਸਫਲਤਾ ਤੇ ਸਮਾਜਵਾਦੀ ਪ੍ਰਬੰਧ ਦੇ ਢਹਿ ਢੇਰੀ ਹੋਣ ਦੇ ਤਜ਼ਰਬਿਆਂ ਤੋਂ ਸਿੱਖ ਕੇ ਹੀ ਅਸੀਂ ਭਾਰਤੀ ਇਲਕਲਾਬ ਦੀ ਸਫਲਤਾ ਵੱਲ ਅੱਗੇ ਵੱਧ ਸਕਦੇ ਹਾਂ। ਮਹਾਨ ਅਕਤੂਬਰ ਇਨਕਲਾਬ ਨੂੰ ਯਾਦ ਕਰਨ ਦਾ ਇਹੀ ਅਸਲ ਤਰੀਕਾ ਹੋ ਸਕਦਾ ਹੈ।
– ਮੰਗਤ ਰਾਮ ਪਾਸਲਾ