Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਦਸੰਬਰ 2018)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਦਸੰਬਰ 2018)

ਹਿੰਦੀ ਕਹਾਣੀ

ਮੈਂ ਹਿੰਦੂ ਹਾਂ
– ਅਸਗਰ ਵਜਾਹਤ
ਅਜਿਹੀ ਚੀਕ ਕਿ ਮੁਰਦੇ ਵੀ ਕਬਰ ਵਿਚੋਂ ਉਠਕੇ ਖੜੇ ਹੋ ਜਾਣ। ਇਵੇਂ ਲੱਗਾ ਕਿ ਆਵਾਜ਼ ਜਿਵੇਂ ਕੰਨਾਂ ਦੇ ਬਿਲਕੁਲ ਨੇੜਿਓਂ ਆਈ ਹੋਵੇ। ਉਸ ਹਾਲਤ ‘ਚ …ਮੈਂ ਉਛਲ ਕੇ ਮੰਜੇ ‘ਤੇ ਉਠ ਬੈਠਾ। ਅਸਮਾਨ ਵਿਚ ਅਜੇ ਵੀ ਤਾਰੇ ਸਨ…. ਸ਼ਾਇਦ ਰਾਤ ਦੇ ਤਿੰਨ ਵੱਜੇ ਹੋਣਗੇ। ਅੱਬਾ ਜਾਨ ਵੀ ਉਠ ਬੈਠੇ। ਚੀਕ ਫੇਰ ਸੁਣਾਈ ਦਿੱਤੀ। ਸੈਫੂ ਆਪਣੇ ਢਿੱਲੇ ਮੰਜੇ ‘ਤੇ ਪਿਆ ਚੀਖ ਰਿਹਾ ਸੀ। ਵਿਹੜੇ ਵਿਚ ਇਕ ਸਿਰਿਓਂ ਸਭ ਦੇ ਮੰਜੇ ਡੱਠੇ ਸਨ।
”ਲਾਹੌਲ ਵਿਲਾ ਕੁਵੱਅਤ…” ਅੱਬਾ ਜਾਨ ਨੇ ਲਾਹੌਲ ਪੜ੍ਹੀ।
”ਖ਼ੁਦਾ ਜਾਣੇ ਇਹ ਸੁੱਤਾ ਪਿਆ ਰੌਲ਼ਾ ਕਿਉਂ ਪਾਉਣ ਲੱਗ ਪੈਂਦਾ ਹੈ” ਅੰਮਾ ਬੋਲੀ।
”ਅੰਮਾ ਇਹਨੂੰ ਰਾਤ ਭਰ ਮੁੰਡੇ ਡਰਾਉਂਦੇ ਹਨ…” ਮੈਂ ਦੱਸਿਆ।
”ਉਨ੍ਹਾਂ ਮਰ ਜਾਣਿਆਂ ਨੂੰ ਵੀ ਚੈਨ ਨਹੀਂ ਆਉਂਦਾ… ਲੋਕਾਂ ਦੀ ਜਾਨ ਨੂੰ ਬਣੀ ਐ ਤੇ ਉਨ੍ਹਾਂ ਨੂੰੂ ਸ਼ਰਾਰਤਾਂ ਸੁੱਝਦੀਆਂ ਹਨ” ਅੰਮਾ ਕਹਿਣ ਲੱਗੀ।
ਸਫ਼ੀਆ ਨੇ ਚਾਦਰ ਵਿਚੋਂ ਮੂੰਹ ਬਾਹਰ ਕੱਢਦਿਆਂ ਕਿਹਾ ”ਇਹਨੂੰ ਕਹੋ ਕਿ ਛੱਤ ਉਤੇ ਸੌਂਇਆ ਕਰੇ।”
ਸੈਫ਼ੂ ਅਜੇ ਤੱਕ ਨਹੀਂ ਜਾਗਿਆ ਸੀ। ਮੈਂ ਉਸਦੇ ਮੰਜੇ ਕੋਲ ਗਿਆ ਅਤੇ ਝੁਕ ਕੇ ਦੇਖਿਆ ਤਾਂ ਉਸਦੇ ਚਿਹਰੇ ‘ਤੇ ਪਸੀਨਾ ਸੀ। ਵਾਲ ਪਸੀਨੇ ਨਾਲ ਤਰ ਹੋਏ ਪਏ ਸਨ ਅਤੇ ਕੁੱਝ ਲਟਾਂ ਮੱਥੇ ਉਤੇ ਚਿਪਕ ਰਹੀਆਂ ਸਨ। ਮੈਂ ਸੈਫ਼ੂ ਨੂੰ ਦੇਖਦਾ ਰਿਹਾ ਅਤੇ ਉਨ੍ਹਾਂ ਮੁੰਡਿਆਂ ਦੇ ਪ੍ਰਤੀ ਮਨ ਵਿਚ ਗੁੱਸਾ ਆਉਂਦਾ ਰਿਹਾ ਜਿਹੜੇ ਉਸਨੂੰ ਡਰਾਉਂਦੇ ਹਨ।
ਉਦੋਂ ਦੰਗੇ ਇੰਜ ਨਹੀਂ ਹੁੰਦੇ ਸਨ ਜਿਵੇਂ ਅੱਜਕਲ ਹੁੰਦੇ ਹਨ। ਦੰਗਿਆਂ ਦੇ ਪਿੱਛੇ ਲੁਕੀ ਰਾਜਨੀਤੀ, ਰਣਨੀਤੀ, ਕਾਰਜਵਿਧੀ ਅਤੇ ਰਫ਼ਤਾਰ ਵਿਚ ਬਹੁਤ ਤਬਦੀਲੀ ਆਈ ਹੈ। ਅੱਜ ਤੋਂ ਪੰਝੀ ਤੀਹ ਸਾਲ ਪਹਿਲਾਂ ਨਾ ਤਾਂ ਲੋਕਾਂ ਨੂੰ ਜਿਉਂਦਿਆਂ ਸਾੜਿਆਂ ਜਾਂਦਾ ਸੀ ਅਤੇ ਨਾ ਹੀ ਸਮੁੱਚੀਆਂ ਬਸਤੀਆਂ ਉਜਾੜ ਦਿੱਤੀਆਂ ਜਾਂਦੀਆਂ ਸਨ। ਉਸ ਜ਼ਮਾਨੇ ਵਿਚ ਪ੍ਰਧਾਨ ਮੰਤਰੀਆਂ, ਗ੍ਰਹਿ ਮੰਤਰੀਆਂ ਅਤੇ ਮੁੱਖ ਮੰਤਰੀਆਂ ਦਾ ਆਸ਼ੀਰਵਾਦ ਵੀ ਦੰਗਾਕਾਰੀਆਂ ਨੂੰ ਨਹੀਂ ਮਿਲਦਾ ਸੀ। ਇਹ ਕੰਮ ਛੋਟੇ ਮੋਟੇ ਸਥਾਨਕ ਨੇਤਾ ਆਪਣਾ ਲੋਕਲ ਤੇ ਘਟੀਆ ਕਿਸਮ ਦਾ ਸਵਾਰਥ ਪੂਰਾ ਕਰਨ ਵਾਸਤੇ ਕਰਦੇ ਸਨ। ਵਿਉਪਾਰਕ ਸ਼ਰੀਕੇਬਾਜ਼ੀ, ਜ਼ਮੀਨ ‘ਤੇ ਕਬਜ਼ਾ ਕਰਨਾ, ਮਿਉਂਸਪੈਲਟੀਆਂ ਦੀਆਂ ਚੋਣਾਂ ਵਿਚ ਹਿੰਦੂ ਜਾਂ ਮੁਸਲਿਮ ਵੋਟ ਠੱਗਣ ਵਰਗੇ ਉਦੇਸ਼ ਹੋਇਆ ਕਰਦੇ ਸਨ। ਹੁਣ ਤਾਂ ਦਿੱਲੀ ਦਰਬਾਰ ‘ਤੇ ਕਬਜ਼ਾ ਕਰਨ ਵਾਸਤੇ ਸਾਧਨ ਬਣ ਗਏ ਹਨ ਫਿਰਕਾਪ੍ਰਸਤ ਦੰਗੇ। ਦੁਨੀਆਂ ਦੇ ਵਿਸ਼ਾਲ ਲੋਕਤੰਤਰ ਦੇ ਨੱਕ ਵਿਚ ਉਹੀ ਨੱਥ ਪਾ ਸਕਦਾ ਹੈ ਜੋ ਫਿਰਕੂ ਹਿੰਸਾ ਅਤੇ ਨਫਰਤ ਦੇ ਆਸਰੇ ਖੂਨ ਦੀਆਂ ਨਦੀਆਂ ਵਹਾ ਸਕਦਾ ਹੋਵੇ।
ਸੈਫ਼ੂ ਨੂੰ ਜਗਾਇਆ ਗਿਆ। ਉਹ ਬੱਕਰੀ ਦੇ ਮਾਸੂਮ ਛਲਾਰੂ ਦੀ ਤਰ੍ਹਾਂ ਚਾਰੇ ਪਾਸੇ ਇੰਜ ਦੇਖ ਰਿਹਾ ਸੀ ਜਿਵੇਂ ਮਾਂ ਨੂੰ ਲੱਭ ਰਿਹਾ ਹੋਵੇ। ਅੱਬਾ ਜਾਨ ਨੂੰ ਮਤ੍ਰੇਏ ਭਰਾ ਦੀ ਸਭ ਤੋਂ ਛੋਟੀ ਔਲਾਦ ਸੈਫ਼ੂਦੀਨ ਉਰਫ ਸੈਫ਼ੂ ਨੇ ਜਦੋਂ ਆਪਣੇ ਆਪ ਨੂੰ ਘਰ ਦੇ ਸਭ ਜੀਆਂ ਵਿਚ ਘਿਰਿਆ ਦੇਖਿਆ ਤਾਂ ਹੱਕਾ ਬੱਕਾ ਜਿਹਾ ਹੋ ਕੇ ਖੜਾ ਹੋ ਗਿਆ।
ਸੈਫ਼ੂ ਦੇ ਅੱਬਾ ਕੌਸਰ ਚਾਚਾ ਦੇ ਮਰਨ ਦਾ ਆਇਆ ਇਕ ਖੂੰਜੇ   ਤੋਂ ਪਾੜਿਆ ਹੋਇਆ ਕਾਰਡ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਪਿੰਡ ਵਾਲਿਆਂ ਨੇ ਕਾਰਡ ਵਿਚ ਕੌਸਰ ਚਾਚਾ ਦੇ ਮਰਨ ਦੀ ਖ਼ਬਰ ਹੀ ਨਹੀਂ ਦਿੱਤੀ ਸੀ। ਸਗੋਂ ਇਹ ਵੀ ਲਿਖਿਆ ਸੀ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਸੈਫ਼ੂ ਹੁਣ ਇਸ ਦੁਨੀਆਂ ਵਿਚ ਬਿਲਕੁਲ ਇਕੱਲਾ ਰਹਿ ਗਿਆ ਹੈ। ਸੈਫ਼ੂ ਦੇ ਵੱਡੇ ਭਰਾ ਉਸਨੂੰ ਆਪਣੇ ਨਾਲ ਬੰਬਈ ਨਹੀਂ ਲੈ ਕੇ ਗਏ। ਉਨ੍ਹਾਂ ਨੇ ਸਾਫ਼ ਆਖ ਦਿੱਤਾ ਹੈ ਕਿ ਸੈਫੂ ਵਾਸਤੇ ਉਹ ਕੁੱਝ ਨਹੀਂ ਕਰ ਸਕਦੇ। ਹੁਣ ਅੱਬਾ ਜਾਨ ਤੋਂ ਬਿਨਾਂ ਦੁਨੀਆਂ ਵਿਚ ਉਸਦਾ ਕੋਈ ਨਹੀਂ ਹੈ। ਇਕ ਖੂੰਜੇ ਤੋਂ ਪਾਟਿਆ ਪੋਸਟ ਕਾਰਡ ਫੜੀ ਅੱਬਾ ਜਾਨ ਬਹੁਤ ਦੇਰ ਤੱਕ ਚੁੱਪ ਬੈਠੇ ਰਹੇ ਸਨ। ਅੰਮਾ ਨਾਲ ਕਈ ਵਾਰ ਲੜਾਈ ਹੋਣ ਤੋਂ ਬਾਅਦ ਅੱਬਾ ਜਾਨ ਜੱਦੀ ਪਿੰਡ ਧਨਵਾ ਖੇੜਾ ਗਏ ਸਨ ਅਤੇ ਬਚੀ ਖੁਚੀ ਜ਼ਮੀਨ ਵੇਚ ਸੈਫ਼ੂ ਨੂੰ ਨਾਲ ਲੈ ਕੇ ਵਾਪਸ ਆਏ ਸਨ।
ਸੈਫ਼ੂ ਨੂੰ ਦੇਖਕੇ ਸਾਨੂੰ ਸਭ ਨੂੰ ਹਾਸਾ ਆਇਆ ਸੀ। ਕਿਸੇ ਗੰਵਾਰ ਲੜਕੇ ਨੂੰ ਦੇਖਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਕੂਲ ਵਿਚ ਪੜ੍ਹਨ ਵਾਲੀ ਸਫ਼ੀਆ ਦੀ ਹੋਰ ਕੀ ਪ੍ਰਤੀਕਿਰਿਆ ਹੋ ਸਕਦੀ ਸੀ? ਪਹਿਲੇ ਦਿਨ ਹੀ  ਅਜਿਹਾ ਲੱਗਾ ਸੀ ਕਿ ਸੈਫੂ ਸਿਰਫ਼ ਗੰਵਾਰ ਹੀ ਨਹੀਂ ਸਗੋਂ ਨੀਮ ਪਾਗਲ ਹੋਣ ਦੀ ਹੱਦ ਤੱਕ ਸਿੱਧਾ ਜਾਂ ਬੇਵਕੂਫ ਹੈ। ਅਸੀਂ ਉਸਨੂੰ ਵੱਖੋ ਵੱਖ ਤਰ੍ਹਾਂ ਚਿੜ੍ਹਾਇਆ ਜਾਂ ਬੇਵਕੂਫ਼ ਬਣਾਇਆ ਕਰਦੇ ਸੀ। ਇਸਦਾ ਇਕ ਫਾਇਦਾ ਸੈਫ਼ੂ ਨੂੰ ਇਹ ਹੋਇਆ ਕਿ ਅੱਬਾ ਜਾਨ ਤੇ ਅੰਮੀਜਾਨ ਦਾ ਉਸਨੇ ਦਿਲ ਜਿੱਤ ਲਿਆ। ਸੈਫ਼ੂ ਮਿਹਨਤ ਦਾ ਪੁਤਲਾ ਸੀ। ਕੰਮ ਕਰਦਿਆਂ ਕਦੀ ਨਹੀਂ ਥੱਕਦਾ ਸੀ। ਅੰਮਾ ਨੂੰ ਉਸਦੀ ਇਹ ‘ਅਦਾ’ ਬਹੁਤ ਪਸੰਦ ਸੀ। ਜੇ ਉਹ ਦੋ ਰੋਟੀਆਂ ਵੱਧ ਖਾਂਦਾ ਹੈ ਤਾਂ ਕੀ? ਕੰਮ ਵੀ ਤਾਂ ਜਾਨ ਤੋੜ ਕੇ ਕਰਦਾ ਹੈ। ਸਾਲਾਂ ਦੇ ਸਾਲ ਲੰਘਦੇ ਗਏ ਤੇ ਸੈਫ਼ੂ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਗਿਆ। ਅਸੀਂ ਸਾਰੇ ਉਸ ਨਾਲ ਸਹਿਜ ਹੁੰਦੇ ਚਲੇ ਗਏ। ਹੁਣ ਮੁਹੱਲੇ ਦਾ ਕੋਈ ਮੁੰਡਾ ਉਸਨੂੰ ਪਾਗਲ ਕਹਿ ਦਿੰਦਾ ਤਾਂ ਮੈਂ ਉਸਦਾ ਮੂੰਹ ਭੰਨ ਦਿੰਦਾ ਸੀ। ਸਾਡਾ ਭਰਾ ਹੈ ਤੂੰ ਪਾਗਲ ਕਿਹਾ ਕਿਵੇਂ? ਪਰ ਘਰ ਦੇ ਅੰਦਰ ਸੈਫ਼ੂ ਦੀ ਹੈਸੀਅਤ ਕੀ ਸੀ ਇਹ ਅਸੀਂ ਹੀ ਜਾਣਦੇ ਸਾਂ।
ਸ਼ਹਿਰ ਵਿਚ ਦੰਗਾ ਉਵੇਂ ਹੀ ਸ਼ੁਰੂ ਹੋਇਆ ਜਿਵੇਂ ਹੋਇਆ ਕਰਦਾ ਸੀ, ਭਾਵ ਮਸਜਿਦ ਵਿਚ ਕਿਸੇ ਨੂੰ ਇਕ ਪੋਟਲੀ ਮਿਲੀ ਸੀ ਜਿਸ ਵਿਚ ਕਿਸੇ ਕਿਸਮ ਦਾ ਗੋਸ਼ਤ (ਮਾਸ) ਸੀ। ਅਤੇ ਗੋਸ਼ਤ ਨੂੰ ਦੇਖੇ ਬਗੈਰ ਹੀ ਇਹ ਤੈਅ ਕਰ ਲਿਆ ਗਿਆ ਸੀ ਕਿਉਂਕਿ ਉਹ ਮਸਜਿਦ ਵਿਚ ਸੁੱਟਿਆ ਗਿਆ ਹੈ ਇਸ ਕਰਕੇ ਇਹ ਸੂਰ ਦੇ ਗੋਸ਼ਤ ਤੋਂ ਬਿਨਾਂ ਹੋਰ ਕਿਸੇ ਜਾਨਵਰ ਦਾ ਹੋ ਹੀ ਨਹੀਂ ਸਕਦਾ। ਇਸ ਦੇ ਬਦਲੇ ਵਿਚ ਮੁਗਲਪੁਰਾ ਮੁਹੱਲੇ ਵਿਚ ਗਾਂ ਵੱਢ ਦਿੱਤੀ ਗਈ ਸੀ ਅਤੇ ਦੰਗਾ ਭੜਕ ਪਿਆ ਸੀ। ਕੁੱਝ ਦੁਕਾਨਾਂ ਸੜੀਆਂ ਸਨ ਅਤੇ ਬਹੁਤੀਆਂ ਲੁੱਟੀਆਂ ਗਈਆਂ ਸਨ। ਚਾਕੂ, ਛੁਰੀ ਦੀਆਂ ਵਾਰਦਾਤਾਂ ਵਿਚ ਲਗਭਗ ਸੱਤ ਅੱਠ ਲੋਕ ਮਰੇ ਸਨ। ਪਰ ਪ੍ਰਸ਼ਾਸਨ ਇੰਨਾ ਸੰਵੇਦਨਸ਼ੀਲ ਸੀ ਕਿ ਕਰਫਿਊ ਲਾ ਦਿੱਤਾ ਗਿਆ ਸੀ। ਅੱਜਕੱਲ੍ਹ ਵਾਲੀ ਗੱਲ ਨਹੀਂ ਸੀ ਕਿ ਹਜ਼ਾਰਾਂ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਵੀ ਮੁੱਖ ਮੰਤਰੀ ਮੁੱਛਾਂ ਨੂੰ ਤਾਅ ਦੇ ਕੇ ਘੁੰਮਦਾ ਹੈ ਅਤੇ ਕਹਿੰਦਾ ਹੈ ਕਿ ਜੋ ਕੁੱਝ ਹੋਇਆ ਠੀਕ ਹੀ ਹੋਇਆ।
ਦੰਗਾ ਕਿਉਂਕਿ ਆਸਪਾਸ ਦੇ ਪਿੰਡਾਂ ਵਿਚ ਵੀ ਫੈਲ ਗਿਆ ਸੀ। ਇਸ ਕਰਕੇ ਕਰਫਿਊ ਦਾ ਅਸਰ ਵੀ ਸੀ ਅਤੇ ਜਿਹਾਦ ਵਰਗਾ ਮਾਹੌਲ ਵੀ ਬਣ ਗਿਆ ਸੀ। ਮੁਹੱਲੇ ਦੀਆਂ ਗਲੀਆਂ ਤਾਂ ਸਨ ਹੀ ਪਰ ਕਈ ਦੰਗਿਆਂ ਤੇ ਤਜ਼ਰਬਿਆਂ ਨੇ ਇਹ ਵੀ ਸਿਖਾ ਦਿੱਤਾ ਸੀ ਕਿ ਘਰਾਂ ਦੇ ਵਿਚੋਂ ਵਿਚੀ ਵੀ ਰਸਤੇ ਬਣੇ ਹੋਣੇ ਚਾਹੀਦੇ ਹਨ। ਭਾਵ ਐਮਰਜੈਂਸੀ ਪੈਕੇਜ। ਘਰਾਂ ਦੇ ਅੰਦਰੋਂ ਤੇ ਛੱਤਾਂ ਦੇ ਉਪਰੋਂ ਕੰਧਾਂ ਨੂੰ ਟੱਪਦੇ ਹੋਏ ਕੁੱਝ ਅਜਿਹੇ ਰਸਤੇ ਵੀ ਬਣ ਗਏ ਸਨ ਕਿ ਕੋਈ ਜੇ ਉਨ੍ਹਾਂ ਨੂੰ ਜਾਣਦਾ ਹੋਵੇ ਤਾਂ ਮੁਹੱਲੇ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੱਕ ਜਾ ਸਕਦਾ ਸੀ। ਮੁਹੱਲੇ ਵਿਚਲੀ ਤਿਆਰੀ ਜੰਗੀ ਕਿਸਮ ਦੀ ਸੀ। ਸੋਚਿਆ ਗਿਆ ਸੀ ਕਿ ਜੇ ਕਰਫਿਊ ਮਹੀਨਾ ਭਰ ਵੀ ਲੱਗਾ ਰਹੇ ਤਾਂ ਲੋੜ ਦੀਆਂ ਸਭ ਚੀਜਾਂ ਮੁਹੱਲੇ ਵਿਚੋਂ ਹੀ ਮਿਲ ਜਾਣ।
ਦੰਗਾ ਮੁਹੱਲੇ ਦੇ ਮੁੰਡਿਆਂ ਵਾਸਤੇ ਇਕ ਅਜੀਬ ਕਿਸਮ ਦਾ ਉਤਸ਼ਾਹ ਵਿਖਾਉਣ ਦਾ ਮੌਸਮ ਹੋਇਆ ਕਰਦਾ ਸੀ। ”ਵੇਖਦਾ ਰਵ੍ਹੀਂ ਅਸੀਂ ਤਾਂ ਹਿੰਦੂਆਂ ਨੂੰ ਜ਼ਮੀਨ ਚਟਾ ਦਿਆਂਗੇ, ਸਮਝ ਕੀ ਰੱਖਿਆ ਹੈ ਇਨ੍ਹਾਂ ਧੋਤੀ ਬੰਨ੍ਹਾਂ ਨੇ… ਇਹ ਤਾਂ ਬੁਜ਼ਦਿਲ ਹੁੰਦੇ ਹਨ… ਇਕ ਮੁਸਲਮਾਨ ਤਾਂ ਦਸ ਹਿੰਦੂਆਂ ਤੋਂ ਵੀ ਤਕੜਾ ਹੁੰਦਾ ਹੈ… ਹੱਸ ਕੇ ਲਿਆ ਹੈ ਪਾਕਿਸਤਾਨ ਲੜਕੇ ਲਵਾਂਗੇ ਹਿੰਦੂਸਤਾਨ” ਵਰਗਾ ਮਾਹੌਲ ਬਣ ਜਾਂਦਾ ਸੀ। ਪਰ ਮੁਹੱਲੇ ਤੋਂ ਬਾਹਰ ਨਿਕਲਦਿਆਂ ਸਭ ਦੀ ਨਾਨੀ ਮਰਦੀ ਸੀ। ਪੀ.ਏ.ਸੀ ਦੀ ਚੌਕੀ ਦੋਹਾਂ ਸਿਰਿਆਂ ‘ਤੇ ਸੀ। ਪੀ.ਏ.ਸੀ. ਦੇ ਬੂਟਾਂ ਅਤੇ ਉਨ੍ਹਾਂ ਦੀਆਂ ਰਾਈਫਲਾਂ ਦੇ ਬੱਟਾਂ ਦੀ ਮਾਰ ਕਈਆਂ ਨੂੰ ਯਾਦ ਸੀ। ਇਸ ਕਰਕੇ ਜ਼ੁਬਾਨੀ ਜਮ੍ਹਾ-ਖਰਚ ਤਾਂ ਸਭ ਠੀਕ ਸੀ ਪਰ ਉਸਤੋਂ ਅੱਗੇ…
ਸੰਕਟ ਏਕਤਾ ਸਿਖਾ ਦਿੰਦਾ ਹੈ। ਏਕਤਾ ਅਨੁਸ਼ਾਸਨ ਅਤੇ ਅਨੁਸ਼ਾਸਨ ਵਿਵਹਾਰਿਕਤਾ। ਹਰ ਘਰ ਤੋਂ ਇਕ ਲੜਕਾ ਪਹਿਰੇ ‘ਤੇ ਰਿਹਾ ਕਰੇਗਾ। ਸਾਡੇ ਘਰ ਵਿਚ ਮੈਥੋਂ ਬਿਨਾਂ, ਉਸ ਜ਼ਮਾਨੇ ਵਿਚ ਮੈਨੂੰ ਮੁੰਡਾ ਨਹੀਂ ਕਿਹਾ ਜਾ ਸਕਦਾ ਸੀ ਕਿਉਂਕਿ ਮੈਂ ਤਾਂ ਪੰਝੀਆਂ ਨੂੰ ਟੱਪ ਚੁੱਕਾ ਸੀ। ਮੁੰਡਾ ਸੈਫ਼ੂ ਹੀ ਸੀ ਇਸ ਕਰਕੇ ਉਹਨੂੰ ਰਾਤ ਦੇ ਪਹਿਰੇ ‘ਤੇ ਰਹਿਣਾ ਪੈਂਦਾ ਸੀ। ਰਾਤ ਦਾ ਪਹਿਰਾ ਛੱਤਾਂ ‘ਤੇ ਹੋਇਆ ਕਰਦਾ ਸੀ। ਮੁਗਲਪੁਰਾ ਕਿਉਂਕਿ ਸ਼ਹਿਰ ਦੇ ਸਭ ਤੋਂ ਉਚੇ ਹਿੱਸੇ ਵਿਚ ਪੈਂਦਾ ਸੀ। ਇਸ ਤਰ੍ਹਾਂ ਛੱਤਾਂ ਉਪਰੋਂ ਸਾਰਾ ਸ਼ਹਿਰ ਦਿਖਾਈ ਦਿੰਦਾ ਸੀ। ਮੁਹੱਲੇ ਦੇ ਮੁੰਡਿਆਂ ਨਾਲ ਸੈਫ਼ੂ ਪਹਿਰੇ ‘ਤੇ ਜਾਇਆ ਕਰਦਾ ਸੀ। ਇਹ ਮੇਰੇ ਅੱਬਾ ਜਾਨ,  ਅੰਮਾ ਅਤੇ ਸਫ਼ੀਆ ਸਾਰਿਆਂ ਲਈ ਬਹੁਤ ਅੱਛਾ ਸੀ। ਜੇ ਸਾਡੇ ਘਰ ਵਿਚ ਸੈਫ਼ੂ ਨਾ ਹੁੰਦਾ ਤਾਂ ਸ਼ਾਇਦ ਮੈਨੂੰ ਰਾਤ ਦੇ ਧੱਕੇ ਖਾਣੇ ਪੈਂਦੇ। ਸੈਫ਼ੂ ਦੇ ਪਹਿਰੇ ‘ਤੇ ਜਾਣ ਕਰਕੇ ਉਹਨੂੰ ਕੁੱਝ ਸਹੂਲਤਾਂ ਵੀ ਦੇ ਦਿੱਤੀਆਂ ਗਈਆਂ ਸਨ, ਜਿਵੇਂ ਉਹਨੂੰ ਅੱਠ ਵਜੇ ਤੱਕ ਸੌਣ ਦਿੱਤਾ ਜਾਂਦਾ ਸੀ। ਉਹਨੂੰ ਝਾੜੂ ਵੀ ਨਹੀਂ ਦੇਣਾ ਪੈਂਦਾ ਸੀ। ਇਹ ਕੰਮ ਸਫ਼ੀਆ ਦੇ ਹਵਾਲੇ ਹੋ ਗਿਆ ਸੀ ਜਿਹੜੀ ਇਹਨੂੰ ਬੇਹੱਦ ਨਾਪਸੰਦ ਕਰਦੀ ਸੀ।
ਕਦੀ ਕਦੀ ਰਾਤ ਵੇਲੇ ਮੈਂ ਵੀ ਛੱਤਾਂ ਉਪਰ ਪਹੁੰਚ ਜਾਂਦਾ ਸੀ। ਛੱਤਾਂ ਦੀ ਦੁਨੀਆਂ ਉਤੇ ਮੁਹੱਲੇ ਦੇ ਮੁੰਡਿਆਂ ਦਾ ਰਾਜ ਹੋਇਆ ਕਰਦਾ ਸੀ। ਲਾਠੀਆਂ, ਡੰਡੇ, ਗੰਡਾਸੇ ਅਤੇ ਇੱਟਾਂ ਦੇ ਢੇਰ ਇੱਧਰ ਉਧਰ ਲਾਏ ਗਏ ਸਨ। ਦੋ ਚਾਰ ਮੁੰਡਿਆਂ ਕੋਲ ਦੇਸੀ ਪਸਤੌਲ ਅਤੇ ਬਹੁਤਿਆਂ ਕੋਲ ਚਾਕੂ ਸਨ। ਉਹ ਸਾਰੇ ਹੀ ਛੋਟਾ ਮੋਟਾ ਕੰਮ ਕਰਨ ਵਾਲੇ ਕਾਰੀਗਰ ਸਨ। ਬਹੁਤੇ ਜ਼ਿੰਦਰਿਆਂ ਦੇ ਕਾਰਖਾਨੇ ਵਿਚ ਕੰਮ ਕਰਦੇ ਸਨ। ਕਿਉਂਕਿ ਇੱਧਰ ਬਜ਼ਾਰ ਬੰਦ ਸੀ। ਇਸ ਕਰਕੇ ਉਨ੍ਹਾਂ ਦੇ ਧੰਦੇ ਵੀ ਠੱਪ ਸਨ। ਉਨ੍ਹਾਂ ‘ਚੋਂ ਬਹੁਤਿਆਂ ਦੇ ਘਰਾਂ ਵਿਚ ਕਰਜ਼ੇ ਨਾਲ ਹੀ ਚੁੱਲ੍ਹਾ ਜਲ ਰਿਹਾ ਸੀ। ਪਰ ਉਹ ਖੁਸ਼ ਸਨ। ਛੱਤਾਂ ਉਤੇ ਬੈਠ ਕੇ ਉਹ ਦੰਗਿਆਂ ਦੀਆਂ ਤਾਜ਼ਾ ਖਬਰਾਂ ‘ਤੇ ਤਬਸਰਾ ਕਰਦੇ ਸਨ। ਜਾਂ ਹਿੰਦੂਆਂ ਨੂੰ ਗਾਲਾਂ ਕੱਢਿਆ ਕਰਦੇ ਸਨ। ਹਿੰਦੂਆਂ ਨਾਲੋਂ ਵੀ ਬਹੁਤੀਆਂ ਗਾਲਾਂ ਉਹ ਪੀ.ਏ.ਸੀ. ਨੂੰ ਦਿੰਦੇ ਸਨ। ਪਾਕਿਸਤਾਨੀ ਰੇਡੀਓ ਦਾ ਪੂਰਾ ਪ੍ਰੋਗਰਾਮ ਉਨ੍ਹਾਂ ਨੂੰ ਜ਼ੁਬਾਨੀ ਯਾਦ ਸੀ ਅਤੇ ਹੌਲੀ ਆਵਾਜ਼ ਵਿਚ ਉਹ ਰੇਡੀਓ ਲਾਹੌਰ ਸੁਣਿਆ ਕਰਦੇ ਸਨ। ਇਨ੍ਹਾਂ ਮੁੰਡਿਆਂ ਵਿਚੋਂ ਦੋ-ਚਾਰ ਜਿਹੜੇ ਪਾਕਿਸਤਾਨ ਦੀ ਰੇਲਗੱਡੀ ‘ਤੇ ‘ਜਗਾਮ’ ਅਤੇ ‘ਗੁਲਸ਼ਨੇ ਇਕਬਾਲ ਕਲੋਨੀ’ ਦੇ ਅਜਿਹੇ ਕਿੱਸੇ ਸੁਣਾਉਂਦੇ ਸਨ ਤਾਂ ਲੱਗਦਾ ਕਿ ਸਵਰਗ ਜੇ ਧਰਤੀ ‘ਤੇ ਕਿਧਰੇ ਹੈ ਤਾਂ ਪਾਕਿਸਤਾਨ ਵਿਚ ਹੈ। ਪਾਕਿਸਤਾਨ ਦੀਆਂ ਸਿਫ਼ਤਾਂ ਤੋਂ ਜਦੋਂ ਉਨ੍ਹਾਂ ਦਾ ਦਿਲ ਭਰ ਜਾਇਆ ਕਰਦਾ ਸੀ ਤਾਂ ਸੈਫ਼ੂ ਨਾਲ ਛੇੜਛਾੜ ਕਰਿਆ ਕਰਦੇ ਸਨ। ਸੈਫ਼ੂ ਨੇ ਪਾਕਿਸਤਾਨ ਅਤੇ ਪਾਕਿਸਤਾਨ ਦਾ ਹਾਲ ਹਵਾਲ ਸੁਣਨ ਤੋਂ ਬਾਅਦ ਇਕ ਦਿਨ ਪੁੱਛਿਆ ਸੀ ਕਿ ਪਾਕਿਸਤਾਨ ਹੈ ਕਿੱਥੇ? ਇਸ ਗੱਲ ‘ਤੇ ਮੁੰਡਿਆਂ ਨੇ ਉਸਦੀ ਖੂਬ ਗੱਤ ਬਣਾਈ ਸੀ। ਉਹ ਕੁੱਝ ਸਮਝਿਆ ਤੇ ਕੁੱਝ ਨਹੀਂ ਸਮਝਿਆ ਪਰ ਉਸਨੂੰ ਇਹ ਪਤਾ ਨਹੀਂ ਸੀ ਲੱਗਿਆ ਕਿ ਪਾਕਿਸਤਾਨ ਕਿੱਥੇ ਹੈ।
ਗਸ਼ਤੀ ਮੁੰਡੇ ਸੈਫ਼ੂ ਨੂੰ ਮਖੌਲ ਜਹੇ ਵਿਚ ਹੀ ਸੰਜ਼ੀਦਗੀ ਨਾਲ ਡਰਾਇਆ ਕਰਦੇ ਸਨ, ”ਦੇਖ, ਸੈਫ਼ੂ ਜੇ ਤੈਨੂੰ ਹਿੰਦੂਆਂ ਨੇ ਫੜ ਲਿਆ ਨਾ, ਤਾਂ ਪਤੈ ਕੀ ਕਰਨਗੇ? ਪਹਿਲਾਂ ਤਾਂ ਤੈਨੂੰ ਨੰਗਾ ਕਰ ਦੇਣਗੇ” ਮੁੰਡੇ ਜਾਣਦੇ ਸਨ ਕਿ ਸੈਫ਼ੂ ਨੀਮ ਪਾਗਲ ਹੋਣ ਦੇ ਬਾਵਜੂਦ ਨੰਗਾ ਹੋਣ ਨੂੰ ਬਹੁਤ ਬੁਰਾ ਤੇ ਖਰਾਬ ਚੀਜ਼ ਸਮਝਦਾ ਹੈ ”ਉਸ ਤੋਂ ਬਾਅਦ ਹਿੰਦੂ ਤੇਰੇ ਤੇਲ ਮਲਣਗੇ।”
”ਕਿਉਂ, ਤੇਲ ਕਿਉਂ ਮਲਣਗੇ?”
”ਇਸ ਕਰਕੇ ਕਿ ਜਦੋਂ ਉਹ ਤੈਨੂੰ ਬੈਂਤ ਨਾਲ ਕੁੱਟਣ ਤਾਂ ਤੇਰੀ ਚਮੜੀ ਉਧੜ ਜਾਵੇ। ਉਸਤੋਂ ਬਾਅਦ ਗਰਮ ਸਲਾਖਾਂ ਨਾਲ ਤੈਨੂੰ ਦਾਗਣਗੇ…”
”ਨਹੀਂ” ਉਹਨੂੰ ਵਿਸ਼ਵਾਸ ਨਹੀਂ ਹੋਇਆ।
ਰਾਤ ਨੂੰ ਮੁੰਡੇ ਜਿਹੜੇ ਡਰਾਉਣੇ ਤੇ ਹਿੰਸਕ ਕਿੱਸੇ ਸੁਣਾਇਆ ਕਰਦੇ ਸਨ ਉਨ੍ਹਾਂ ਕਰਕੇ ਉਹ ਬਹੁਤ ਡਰ ਗਿਆ ਸੀ। ਕਦੀ ਕਦੀ ਮੇਰੇ ਨਾਲ ਪੁੱਠੀਆਂ ਸਿੱਧੀਆਂ ਗੱਲਾਂ ਕਰਿਆ ਕਰਦਾ ਸੀ। ਮੈਂ ਬੁਰਾ ਮਹਿਸੂਸ ਕਰਦਾ ਤੇ ਉਹਨੂੰ ਚੁੱਪ ਕਰਾ ਦਿੰਦਾ ਸੀ। ਪਰ ਉਹਦੇ ਅੰਦਰਲੀ ਜਗਿਆਸਾ ਸ਼ਾਂਤ ਨਹੀਂ ਹੁੰਦੀ ਸੀ। ਇਕ ਦਿਨ ਪੁੱਛਣ ਲੱਗਾ ”ਬੜੇ ਭਾਈ ਕੀ ਪਾਕਿਸਤਾਨ ਵਿਚ ਵੀ ਮਿੱਟੀ ਹੁੰਦੀ ਹੈ?”
”ਕਿਉਂ, ਉਥੇ ਮਿੱਟੀ ਕਿਉਂ ਨਹੀਂ ਹੋਵੇਗੀ।”
”ਸੜਕਾਂ ਹੀ ਸੜਕਾਂ ਨਹੀਂ… ਉਤੇ ਟੈਰਾਲੀਨ ਵੀ ਮਿਲਦੀ ਹੈ… ਉਥੇ ਸਸਤੀ ਹੈ…”
”ਦੇਖ ਇਹ ਸਾਰੀਆਂ ਗੱਲਾਂ ਮਨਘੜਤ ਹਨ… ਤੂੰ ਅਲਤਾਫ਼ ਬਗੈਰਾਂ ਦੀਆਂ ਗੱਲਾਂ ਤੇ ਬਹੁਤਾ ਕੰਨ ਨਾ ਧਰਿਆ ਕਰ” ਮੈਂ ਉਹਨੂੰ ਸਮਝਾਇਆ।
”ਬੜੇ ਭਾਈ, ਕੀ ਹਿੰਦੂ ਅੱਖਾਂ ਕੱਢ ਲੈਂਦੇ ਹਨ….”
”ਬਕਵਾਸ ਹੈ,… ਇਹ ਤੈਨੂੰ ਕੀਹਨੇ ਕਿਹਾ?”
”ਵੱਛਣ ਨੇ”
”ਤਾਂ, ਚਮੜੀ ਵੀ ਨਹੀਂ ਉਧੇੜਦੇ?”
”ਉਹ ਹੋ, ਇਹ ਤੂੰ ਕੀ ਬਕਵਾਸ ਕਰ ਰਿਹੈਂ…”
ਉਹ ਚੁੱਪ ਹੋ ਗਿਆ ਪਰ ਉਸਦੀਆਂ ਅੱਖਾਂ ਵਿਚ ਸੈਂਕੜੇ ਸਵਾਲ ਸਨ। ਮੈਂ ਬਾਹਰ ਚਲਾ ਗਿਆ। ਉਹ ਸਫ਼ੀਆਂ ਨਾਲ ਇਸੇ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਿਆ।
ਕਰਫਿਊ ਲੰਬਾ ਹੁੰਦਾ ਚਲਾ ਗਿਆ। ਰਾਤ ਦੀ ਗਸ਼ਤ ਜਾਰੀ ਰਹੀ। ਸਾਡੇ ਘਰ ਵਲੋਂ ਸੈਫ਼ੂ ਹੀ ਜਾਂਦਾ ਰਿਹਾ। ਕੁੱਝ ਦਿਨਾਂ ਦੇ ਬਾਅਦ ਇਕ ਦਿਨ ਸੁੱਤਾ ਪਿਆ ਸੈਫ਼ੂ ਚੀਕਣ-ਚਿਲਾਉਣ ਲੱਗ ਪਿਆ। ਅਸੀਂ ਸਭ ਘਬਰਾ ਗਏ ਪਰ ਇਹ ਸਮਝਣ ਵਿਚ ਦੇਰ ਨਾ ਲੱਗੀ ਕਿ ਇਹ ਸਭ ਉਹਨੂੰ ਡਰਾਏ ਜਾਣ ਕਰਕੇ ਹੀ ਹੈ। ਅੱਬਾ ਜਾਨ ਨੂੰ ਮੁੰਡਿਆਂ ‘ਤੇ ਬਹੁਤ ਗੁੱਸਾ ਆਇਆ ਸੀ ਅਤੇ ਉਨ੍ਹਾਂ ਨੇ ਮੁਹੱਲੇ ਦੇ ਕੁੱਝ ਬਜ਼ੁਰਗਾਂ ਨੂੰ ਕਿਹਾ ਵੀ ਪਰ ਉਸਦਾ ਕੋਈ ਅਸਰ ਨਾ ਹੋਇਆ। ਮੁੰਡੇ, ਉਹ ਵੀ ਮੁਹੱਲੇ ਦੇ ਮੁੰਡੇ ਉਹ ਕਿਸੇ ‘ਮਨੋਰੰਜਨ’ ਤੋਂ ਕਿਉਂ ਵਾਂਝੇ ਹੋ ਜਾਂਦੇ?
ਗੱਲ ਕਿਥੋਂ ਤੋਂ ਕਿੱਥੇ ਪਹੁੰਚ ਗਈ ਹੈ ਇਸਦਾ ਅੰਦਾਜ਼ਾ ਮੈਨੂੰ ਉਸ ਵਕਤ ਨਹੀਂ ਸੀ। ਜਦੋਂ ਇਕ ਦਿਨ ਸੈਫ਼ੂ ਨੇ ਬੜੀ ਗੰਭੀਰਤਾ ਨਾਲ ਮੈਨੂੰ ਪੁੱਛਿਆ ”ਬੜੇ ਭਾਈ, ਮੈਂ ਹਿੰਦੂ ਹੋ ਜਾਵਾਂ?”
ਸਵਾਲ ਸੁਣ ਕੇ ਮੈਂ ਸੁੰਨ ਹੀ ਹੋ ਗਿਆ। ਪਰ ਜਲਦੀ ਹੀ ਸਮਝ ਗਿਆ ਕਿ ਇਹ ਰਾਤ ਨੂੰ ਡਰਾਉਣੇ ਕਿੱਸੇ ਸੁਣਾਏ ਜਾਣ ਦਾ ਨਤੀਜਾ ਹੈ। ਮੈਨੂੰ ਗੁੱਸਾ ਆਇਆ, ਫੇਰ ਸੋਚਿਆ ਕਿ ਪਾਗਲ ਉਤੇ ਗੁੱਸਾ ਕਰਨ ਦੀ ਥਾਂ ਗੁੱਸਾ ਪੀ ਹੀ ਜਾਵਾਂ ਅਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ।
ਮੈਂ ਪੁੱਛਿਆ ”ਕਿਉਂ, ਤੂੰ ਹਿੰਦੂ ਕਿਉਂ ਹੋਣਾ ਚਾਹੁੰਦਾ ਹੈਂ?”
”ਬਚ ਜਾਵਾਂਗਾ” ਸੈਫ਼ੂ ਬੋਲਿਆ।
”ਇਸਦਾ ਮਤਲਬ ਹੈ ਕਿ ਮੈਂ ਨਹੀਂ ਬਚ ਸਕਾਂਗਾ” ਮੈਂ ਉਹਨੂੰ ਪੁੱਛਿਆ।
”ਤਾਂ ਤੁਸੀਂ ਵੀ ਹੋ ਜਾਓ” ਉਹਨੇ ਫੇਰ ਕਿਹਾ।
”ਅਤੇ ਤੇਰੇ ਤਾਇਆ, ਅੱਬਾ” ਮੈਂ ਆਪਣੇ ਪਿਉ ਤੇ ਉਹਦੇ ਤਾਏ ਦੀ ਗੱਲ ਕੀਤੀ।
”ਨਹੀਂ…. ਉਨ੍ਹਾਂ ਨੂੰ…”, ਉਹ ਕੁੱਝ ਸੋਚਣ ਲੱਗਾ। ਅੱਬਾ ਜਾਨ ਦੀ ਸਫੈਦ ਤੇ ਲੰਬੀ ਦਾੜ੍ਹੀ ਵਿਚ ਉਹ ਕਿਧਰੇ ਉਲਝ ਗਿਆ ਹੋਵੇਗਾ।
”ਦੇਖ ਇਹ ਸਭ ਮੁੰਡਿਆਂ ਦੀ ਸ਼ਰਾਰਤ ਹੈ ਜੋ ਤੈਨੂੰ ਬਹਿਕਾਉਂਦੇ ਹਨ। ਇਹ ਜੋ ਕੁੱਝ ਵੀ ਤੈਨੂੰ ਦੱਸਦੇ ਹਨ, ਸਭ ਝੂਠ ਹੈ। ਹਾਂਅ! ਤੂੰ ਮਹੇਸ਼ ਨੂੰ ਨਹੀਂ ਜਾਣਦਾ?”
”ਉਹ ਜੋ ਸਕੂਟਰ ‘ਤੇ ਆਉਂਦੇ ਹਨ…” ਉਹ ਖੁਸ਼ ਹੋ ਗਿਆ।
”ਹਾਂ… ਹਾਂ ਉਹ ਹੀ।”
”ਹਾਂ ਉਹ ਹਿੰਦੂ ਹੈ” ਮੈਂ ਕਿਹਾ, ਪਹਿਲਾਂ ਤਾਂ ਉਹਦੇ ਚਿਹਰੇ ‘ਤੇ ਨਿਰਾਸ਼ਾ ਭਰੀ ਹਲਕੀ ਜਹੀ ਉਦਾਸੀ ਉਭਰੀ, ਫੇਰ ਉਹ ਚੁੱਪ ਹੋ ਗਿਆ।
”ਇਹ ਤਾਂ ਸਭ ਗੁੰਡੇ, ਬਦਮਾਸ਼ਾਂ ਦੇ ਕੰਮ ਹਨ… ਨਾ ਹਿੰਦੂ ਲੜਦੇ ਹਨ ਨਾ ਹੀ ਮੁਸਲਮਾਨ… ਗੁੰਡੇ ਲੜਦੇ ਹਨ ਸਮਝਿਆ।”
ਦੰਗਾ ਸ਼ੈਤਾਨ ਦੀ ਆਂਦਰ ਵਾਂਗ ਖਿੱਚਦਾ ਚਲਾ ਗਿਆ ਅਤੇ ਮੁਹੱਲੇ ਵਿਚ ਲੋਕ ਤੰਗ ਆਉਣ ਲੱਗ ਪਏ। ਯਾਰ, ਸ਼ਹਿਰ ਵਿਚ ਦੰਗਾ ਕਰਨ ਵਾਲੇ ਬਦਮਾਸ਼ਾਂ ਨੂੰ ਮਿਲਾ ਵੀ ਲਿਆ ਜਾਵੇ ਤਾਂ ਕਿੰਨੇ ਕੁ ਹੋਣਗੇ? ਵੱਧ ਤੋਂ ਵੱਧ ਇਕ ਹਜ਼ਾਰ। ਚਲੋ, ਦੋ ਹਜ਼ਾਰ ਮੰਨ ਲਉ। ਤਾਂ ਭਾਈ ਦੋ ਹਜ਼ਾਰ ਆਦਮੀਆਂ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਰੱਖਿਆ ਹੈ ਤੇ ਅਸੀਂ ਲੋਕ ਘਰਾਂ ਵਿਚ ਲੁੱਕ ਕੇ ਬੈਠੇ ਹੋਏ ਹਾਂ। ਇਹ ਤਾਂ ਉਂਜ ਹੀ ਹੋਇਆ ਜਿਵੇਂ ਕਿ ਦਸ ਹਜ਼ਾਰ ਅੰਗਰੇਜ਼ ਕਰੋੜਾਂ ਹਿੰਦੋਸਤਾਨੀਆਂ ਉਪਰ ਰਾਜ ਕਰਦੇ ਸਨ ਅਤੇ ਸਾਰਾ ਨਿਜ਼ਾਮ ਉਨ੍ਹਾਂ ਦੇ ਅਧੀਨ ਚਲਦਾ ਰਹਿੰਦਾ ਸੀ। ਫੇਰ, ਇਨ੍ਹਾਂ ਦੰਗਿਆਂ ਤੋਂ ਫਾਇਦਾ ਕਿਸਨੂੰ ਹੈ? ਫਾਇਦਾ? ਹੋਰ ਕੀ, ਹਾਜ਼ੀ ਅਬਦੁਲ ਕਰੀਮ ਨੂੰ ਫਾਇਦਾ ਹੈ ਜੋ ਮਿਉਂਸਪੈਲਟੀ ਦੀ ਚੋਣ ਲੜੇਗਾ ਅਤੇ ਉਹਨੂੰ ਮੁਸਲਮਾਨ ਵੋਟ ਮਿਲਣਗੇ, ਫਾਹਿਦਾ ਪੰਡਿਤ ਜੋਗੇਸ਼ਵਰ ਨੂੰ ਹੈ, ਜਿਹਨੂੰ ਹਿੰਦੂਆਂ ਦੇ ਵੋਟ ਮਿਲਣਗੇ ਤਾਂ ਫੇਰ ਅਸੀਂ ਕੀ ਹਾਂ? ਤੁਸੀਂ ਵੋਟਰ ਹੋ-ਹਿੰਦੂ ਵੋਟਰ, ਮੁਸਲਮਾਨ ਵੋਟਰ, ਪੱਛੜੇ ਵੋਟਰ, ਸੁੰਨੀ ਵੋਟਰ, ਸ਼ੀਆ ਵੋਟਰ। ਇਹੀ ਸਭ ਹੁੰਦਾ ਰਹੇਗਾ ਇਸ ਦੇਸ਼ ਵਿਚ? ਹਾਂ ਕਿਉਂ ਨਹੀਂ? ਇੱਥੇ ਲੋਕ ਜ਼ਾਹਿਲ ਹਨ। ਇੱਥੇ ਕਿਰਾਏ ਦੇ ਹਤਿਆਰੇ ਮਿਲ ਜਾਂਦੇ ਹਨ। ਜਿੱਥੇ ਰਾਜਸੀ ਨੇਤਾ ਆਪਣੀਆਂ ਗੱਦੀਆਂ ਖਾਤਰ ਦੰਗੇ ਕਰਵਾਉਂਦੇ ਹਨ, ਉਥੇ ਹੋਰ ਕੀ ਹੋ ਸਕਦਾ ਹੈ? ਯਾਰ, ਕੀ ਅਸੀਂ ਲੋਕਾਂ ਨੂੰ ਪੜ੍ਹਾ ਨਹੀਂ ਸਕਦੇ? ਸਮਝਾ ਨਹੀਂ ਸਕਦੇ? ਹਾਂ… ਹਾਂ… ਹਾਂ… ਤੁਸੀਂ ਕੌਣ ਹੁੰਦੇ ਹੋ ਪੜ੍ਹਾਉਣ ਵਾਲੇ, ਸਰਕਾਰ ਪੜ੍ਹਾਵੇਗੀ ਜੇ ਚਾਹੇਗੀ। ਜੇ ਸਰਕਾਰ ਨਾ ਚਾਹਵੇ ਤਾਂ ਇਸ ਦੇਸ਼ ਵਿਚ ਕੁੱਝ ਨਹੀਂ ਹੋ ਸਕਦਾ?
ਹਾਂ… ਅੰਗਰੇਜ਼ਾਂ ਨੇ ਸਾਨੂੰ ਇਹ ਹੀ ਸਿਖਾਇਆ ਹੈ… ਅਸੀਂ ਇਸ ਦੇ ਆਦੀ ਹਾਂ… ਚਲੋ ਛੱਡੋ। ਤਾਂ ਦੰਗੇ ਹੁੰਦੇ ਰਹਿਣਗੇ? ਹਾਂ, ਹੁੰਦੇ ਰਹਿਣਗੇ। ਮੰਨ ਲਉ ਕਿ ਇਸ ਦੇਸ਼ ਦੇ ਸਾਰੇ ਮੁਸਲਮਾਨ ਹਿੰਦੂ ਹੋ ਜਾਣ? ਲਾਹੌਲ ਵਿਲਾ ਕੁੱਅਵਤ, ਇਹ ਕੀ ਕਹਿ ਰਹੇ ਹੋ ਤੁਸੀਂ? ਅੱਛਾ ਫ਼ਰਜ਼ ਕਰੋ ਕਿ ਇਸ ਦੇਸ਼ ਦੇ ਸਾਰੇ ਹਿੰਦੂ ਮੁਸਲਮਾਨ ਹੋ ਜਾਣ? ਸੁਭ੍ਹਾਨ ਅੱਲ੍ਹਾ?… ਵਾਹ ਵਾਹ ਕੀ ਗੱਲ ਕਹੀ ਹੈ… ਤਾਂ ਕੀ ਦੰਗੇ ਰੁਕ ਜਾਣਗੇ?
ਇਹ ਤਾਂ ਸੋਚਣ ਦੀ ਗੱਲ ਹੈ… ਪਾਕਿਸਤਾਨ ਵਿਚ ਸ਼ੀਆ-ਸੁੰਨੀ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਹਨ… ਬਿਹਾਰ ਵਿਚ ਬ੍ਰਾਹਮਣ-ਹਰੀਜਨ ਦੇ ਪ੍ਰਛਾਵੇਂ ਤੋਂ ਵੀ ਬਚਦੇ ਹਨ… ਤਾਂ ਕੀ ਯਾਰ ਆਦਮੀ ਜਾਂ ਕਹੋ ਇਨਸਾਨ ਸਾਲਾ ਹੈ ਹੀ ਅਜਿਹਾ ਜੋ ਲੜਦਾ ਹੀ ਰਹਿਣਾ ਚਾਹੁੰਦਾ ਹੈ? ਉਂਝ ਦੇਖੋ ਤਾਂ ਜੁੰਮਨ ਤੇ ਮੈਕੂ ਦੀ ਬੜੀ ਦੋਸਤੀ ਹੈ ਤਾਂ ਫੇਰ ਕਿਉਂ ਨਾ ਅਸੀਂ ਮੈਕੂ ਤੇ ਜੁੰਮਨ ਬਣ ਜਾਈਏ… ਵਾਹ ਕਿੰਨੇ ਪਤੇ ਦੀ ਗੱਲ ਕੀਤੀ, ਮਤਲਬ… ਮਤਲਬ… ਮਤਲਬ…
ਮੈਂ ਸਵੇਰੇ ਸੁਵਖਤੇ ਹੀ ਰੇਡੀਓ ਦੇ ਕੰਨ ਮਰੋੜ ਰਿਹਾ ਸੀ। ਸਫ਼ੀਆ ਝਾੜੂ ਦੇ ਰਹੀ ਸੀ ਕਿ ਰਾਜਾ ਦਾ ਛੋਟਾ ਭਰਾ ਅਕਰਮ ਦੌੜਦਾ ਹੋਇਆ ਆਇਆ ਅਤੇ ਆਪਣੇ ਤੇਜ਼ ਚੱਲਦੇ ਹੋਏ ਸਾਹ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕਰਦਾ ਹੋਇਆ ਕਹਿਣ ਲੱਗਾ, ਸੈਫ਼ੂ ਨੂੰ ਪੀ.ਏ.ਸੀ. ਵਾਲੇ ਕੁੱਟ ਰਹੇ ਹਨ।
”ਕੀ? ਕੀ ਕਹਿ ਰਿਹੈਂ?”
”ਸੈਫ੍ਰੂ ਨੂੰ ਪੀ.ਏ.ਸੀ.ਵਾਲੇ ਕੁੱਟ ਰਹੇ ਹਨ” ਉਹ ਅਟਕ ਕੇ ਬੋਲਿਆ।
”ਕਿਉਂ ਕੁੱਟ ਰਹੇ ਹਨ? ਕੀ ਗੱਲ ਹੈ?”
”ਪਤਾ ਨਹੀਂ… ਨੁੱਕਰ ‘ਤੇ…”
”ਉਤੇ, ਜਿੱਥੇ ਪੀ.ਏ.ਸੀ. ਦੀ ਚੌਕੀ ਹੈ?”
”ਹਾਂ, ਉਥੇ ਹੀ”
”ਪਰ ਕਿਉਂ…”
ਮੈਨੂੰ ਪਤਾ ਸੀ ਕਿ ਅੱਠ ਵਜੇ ਤੋਂ ਦਸ ਵਜੇ ਤੱਕ ਕਰਫਿਊ ਖੁੱਲ੍ਹਣ ਲੱਗ ਪਿਆ ਹੈ ਅਤੇ ਸੈਫ਼ੂ ਨੂੰ ਅੱਠ ਵਜੇ ਦੇ ਕਰੀਬ ਅੰਮਾ ਨੇ ਦੁੱਧ ਲੈਣ ਭੇਜਿਆ ਸੀ। ਸੈਫ਼ੂ ਵਰਗੇ ਪਾਗਲ ਨੂੰ ਵੀ ਪਤਾ ਸੀ ਕਿ ਉਹਨੇ ਜਲਦੀ ਤੋਂ ਜਲਦੀ ਵਾਪਸ ਆਉਣਾ ਹੈ ਪਰ ਹੁਣ ਤਾਂ ਦਸ ਵੱਜ ਗਏ ਹਨ।
”ਚੱਲ, ਮੈਂ ਚਲਦਾ ਹਾਂ” ਰੇਡੀਓ ਵਿਚੋਂ ਆਉਂਦੀ ਬੇਢੰਗੀ ਆਵਾਜ਼ ਦਾ ਫ਼ਿਕਰ ਕੀਤੇ ਬਗੈਰ ਮੈਂ ਤੇਜ਼ ਕਦਮੀਂ ਬਾਹਰ ਨਿਕਲ ਗਿਆ। ਪਾਗਲ ਨੂੰ ਕਿਉਂ ਮਾਰ ਰਹੇ ਹਨ ਪੀ.ਏ.ਸੀ. ਵਾਲੇ ਉਹਨੇ ਕਿਹੜਾ ਅਜਿਹਾ ਜੁਰਮ ਕੀਤਾ ਹੈ? ਉਹ ਕਰ ਹੀ ਕੀ ਸਕਦਾ ਹੈ? ਉਹ ਖ਼ੁਦ ਹੀ ਇੰਨਾ ਡਰਿਆ ਹੋਇਆ ਰਹਿੰਦਾ ਹੈ ਕਿ ਉਹਨੂੰ ਕੁੱਟਣ ਦੀ ਕੀ ਜ਼ਰੂਰਤ ਹੈ… ਫੇਰ ਕੀ ਕਾਰਨ ਹੋ ਸਕਦਾ ਹੈ? ਪੈਸੇ? ਉਹਨੂੰ ਤਾਂ ਅੰਮਾ ਨੇ ਦੋ ਰੁਪਏ ਦਿੱਤੇ ਸਨ। ਦੋ ਰੁਪਏ ਵਾਸਤੇ ਪੀ.ਏ.ਸੀ. ਵਾਲੇ ਉਹਨੂੰ ਕਿਉਂ ਕੁੱਟਣਗੇ?
ਨੁੱਕਰ ‘ਤੇ ਮੁੱਖ ਸੜਕ ਦੇ ਬਰਾਬਰ ਮਕਾਨਾਂ ਉਤੇ ਮਹੱਲੇ ਦੇ ਕੁੱਝ ਲੋਕ ਜਮ੍ਹਾਂ ਸਨ। ਸਾਹਮਣੇ ਸੈਫ਼ੂ ਪੀ.ਏ.ਸੀ. ਵਾਲਿਆਂ ਦੇ ਅੱਗੇ ਖੜਾ ਸੀ। ਉਹਦੇ ਸਾਹਮਣੇ ਪੀ.ਏ.ਸੀ. ਦੇ ਜਵਾਨ ਸਨ। ਸੈਫ਼ੂ ਜੋਰ ਸ਼ੋਰ ਨਾਲ ਆਕੜ ਰਿਹਾ ਸੀ ”ਮੈਨੂੰ ਤੁਸੀਂ ਕਿਉਂ ਮਾਰਿਆ… ਮੈਂ ਹਿੰਦੂ ਹਾਂ… ਹਿੰਦੂ ਹਾਂ…।”
ਮੈਂ ਅੱਗੇ ਵਧਿਆ। ਮੈਨੂੰ ਦੇਖਣ ਤੋਂ ਬਾਅਦ ਵੀ ਸੈਫ਼ੂ ਚੁੱਪ ਨਹੀਂ ਹੋਇਆ। ਉਹ ਕਹਿੰਦਾ ਰਿਹਾ ”ਹਾਂਅ… ਹਾਂ ਮੈਂ ਹਿੰਦੂ ਹਾਂ” ਉਹ ਲੜਖੜਾ ਰਿਹਾ ਸੀ। ਉਹਦੇ ਬੁੱਲ੍ਹਾਂ ਦੇ ਕੋਨਿਆਂ ਤੋਂ ਖੂਨ ਦੀ ਇਕ ਬੂੰਦ ਨਿਕਲ ਕੇ ਠੋਡੀ ‘ਤੇ ਜੰਮ ਗਈ ਸੀ।
”ਤੁਸੀਂ ਮੈਨੂੰ ਕੁੱਟਿਆ ਕਿਵੇਂ… ਮੈਂ ਹਿੰਦੂ …।”
”ਸੈਫ਼ੂ… ਇਹ ਕੀ ਹੋ ਰਿਹਾ ਹੈ… ਘਰ ਚੱਲ।”
”ਮੈਂ … ਮੈਂ ਹਿੰਦੂ ਹਾਂ।”
ਮੈਨੂੰ ਬਹੁਤ ਹੈਰਾਨੀ ਹੋਈ… ਕੀ ਇਹ ਉਹ ਹੀ ਸੈਫ਼ੂ ਹੈ ਜੋ ਸੀ… ਇਹਦੀ ਤਾਂ ਕਾਇਆ ਹੀ ਪਲਟ ਗਈ ਹੈ। ਇਹਨੂੰ ਹੋ ਕੀ ਗਿਆ?
”ਸੈਫ਼ੂ ਹੋਸ਼ ਵਿਚ ਆ” ਮੈਂ ਉਹਨੂੰ ਜ਼ੋਰ ਨਾਲ ਡਾਂਟਿਆ।
ਮੁਹੱਲੇ ਦੇ ਦੂਸਰੇ ਲੋਕ ਪਤਾ ਨਹੀਂ ਕੀਹਦੇ ਉਤੇ ਅੰਦਰ ਹੀ ਅੰਦਰ ਦੂਰ ਤੋਂ ਹੱਸ ਰਹੇ ਸਨ। ਮੈਨੂੰ ਗੁੱਸਾ ਆਇਆ। ਸਾਲੇ ਇਹ           ਨਹੀਂ ਸਮਝਦੇ ਕਿ ਇਹ ਪਾਗਲ ਹੈ।
”ਇਹ ਤੁਹਾਡਾ ਕੀ ਲੱਗਦਾ ਹੈ” ਇਕ ਪੀ.ਏ.ਸੀ. ਵਾਲੇ ਨੇ ਮੈਨੂੰ ਪੁੱਛਿਆ।
”ਮੇਰਾ ਭਰਾ ਹੈ… ਥੋੜੀ ਮੈਂਟਲ ਪ੍ਰਾਬਲਮ ਹੈ ਇਹਨੂੰ।”
”ਤਾਂ ਇਹਨੂੰ ਘਰ ਲੈ ਜਾਓ” ਇਕ ਸਿਪਾਹੀ ਬੋਲਿਆ।
”ਸਾਨੂੰ ਤਾਂ ਪਾਗਲ ਕਰ ਦਿੱਤਾ ਇਹਨੇ” ਦੂਸਰੇ ਨੇ ਕਿਹਾ।
”ਚੱਲ… ਸੈਫ਼ੂ ਘਰ ਚੱਲ। ਕਰਫਿਊ ਲੱਗ ਗਿਆ ਹੈ… ਕਰਫਿਊ…”
”ਨਹੀਂ…. ਨਹੀਂ… ਜਾਊਂਗਾ…. ਮੈਂ ਹਿੰਦੂ ਹਾਂ… ਹਿੰਦੂ… ਮੈਨੂੰ…. ਮੈਨੂੰ….”
ਉਹ ਧਾਹਾਂ ਮਾਰ ਕੇ ਰੋਣ ਲੱਗ ਪਿਆ… ”ਕੁੱਟਿਆ…. ਮੈਨੂੰ ਮਾਰਿਆ… ਮੈਨੂੰ ਮਾਰਿਆ…. ਮੈਂ ਹਿੰਦੂ ਹਾਂ… ਮੈਂ…”
ਸੈਫ਼ੂ ਘੜੰਮ ਕਰਕੇ ਜ਼ਮੀਨ ‘ਤੇ ਡਿੱਗ ਪਿਆ…. ਸ਼ਾਇਦ ਬੇਹੋਸ਼ ਹੋ ਗਿਆ ਸੀ…. ਹੁਣ ਉਹਨੂੰ ਚੁੱਕ ਕੇ ਲੈ ਜਾਣਾ ਸੌਖਾ ਸੀ।                     ਅਨੁਵਾਦ : ਕੇਹਰ ਸ਼ਰੀਫ਼, ਜਰਮਨੀ

ਗਊ ਮਾਤਾ ਬਨਾਮ ਬੱਛੜੇ
ਤੁਸੀਂ ਪੁੱਛੋਗੇ ਕਿ ਇਹਨਾਂ ਤਸਵੀਰਾਂ ਵਿੱਚ ਕੀ ਰੱਖਿਐ,
ਗਊਆਂ ਹੀ ਤਾਂ ਹਨ ।
ਜੀ ਗਊਆਂ ਹੀ ਹਨ ! ਮੋਟੀਆਂ ਤਾਜ਼ਾ ਗਊਆਂ !!
ਮਿਊਂਸਿਪਲ ਕਮੇਟੀ ਦੇ ਚਮਕਦਾਰ ਹਰੇ ਪਟੇ ਗਲ਼ ਵਿੱਚ ਪਾਈ ਫਿਰਦੀਆਂ ਗਊਆਂ !!
ਆਪਣੀ ਮਸਤੀ ਵਿੱਚ ਕੂੜੇ ਦੇ ਢੇਰ ‘ਚੋਂ ਪੇਟ ਭਰਦੀਆਂ ਗਊਆਂ !
ਕੋਲੋਂ ਲੰਘਦੇ ਨੂੰ ਅੱਖਾਂ ਕੱਢਦੀਆਂ ਗਊਆਂ !
ਬੜੀ ਆਨੰਦਮਈ ਅਵਸਥਾ ‘ਚ ਇਹ ਦ੍ਰਿਸ਼ ਮਾਣ ਰਿਹਾ ਸਾਂ ਕਿ ਅਚਾਨਕ ਮਨ ਗੁੱਸੇ ਨਾਲ ਭਰ ਗਿਆ ।
ਦੋ ਲੱਤਾਂ ਵਾਲੇ ਦੋ ਵੱਛੜੇ ਵੀ ਕੂੜਾ ਖਾਣ ਦੀ ਹਿਮਾਕਤ ਕਰ ਰਹੇ ਸਨ ।
ਇੱਕ ਤਾਂ ਦੋ ਲੱਤਾਂ,  ਦੂਸਰਾ ਗਲ਼ ਵਿੱਚ ਪਟਾ ਵੀ ਨਹੀਂ !
ਇਹ ਤਾਂ ਪ੍ਰਵਾਨ ਨਹੀਂ !
ਜੇ ਕੂੜਾ ਛਕਣੈ ਤਾਂ ਚਾਰ ਲੱਤਾਂ ਤਾਂ ਜਰੂਰੀ ਚਾਹੀਦੀਆਂ ਹਨ!
ਜੇ ਚਾਰ ਲੱਤਾਂ ਨਹੀਂ ਤਾਂ ਘੱਟੋ ਘੱਟ ਗਲ਼ ਵਿੱਚ ਪਟਾ ਤਾਂ ਲਾਜ਼ਮੀ ਹੋਣਾ ਚਾਹੀਦੈ !
ਜੀਅ ਕੀਤਾ ਕਿ ਸੋਟਾ ਚੁੱਕਾਂ ਤੇ ਪਾਸੇ ਭੰਨ ਦੇਵਾਂ ।
ਅਜੇ ਉਧੇੜ ਬੁਣ ‘ਚ ਹੀ ਸੀ ਕਿ ਇੱਕ ਪਰਉਪਕਾਰੀ ‘ਤੇ ਨਿਗਾਹ ਜਾ ਪਈ ।
ਲੰਮੀ ਚਿੱਟੀ ਲਿਸ਼ ਲਿਸ਼ ਕਰਦੀ ਗੱਡੀ ‘ਚੋਂ ਉਤਰ ਕੇ ਉਹ ਇੱਕ ਵੱਡੇ ਸਾਰੇ ਲਿਫਾਫੇ ਵਿੱਚੋਂ ਤਾਜ਼ੀਆਂ-ਚੋਪੜੀਆਂ ਰੋਟੀਆਂ ਗਊਆਂ ਦੇ ਮੂੰਹ ‘ਚ ਦੇਣ ਲੱਗ ਪਿਆ ।
ਮਾੜੀ ਆਦਤ, ਰਿਹਾ ਨਾ ਗਿਆ !
ਜਾ ਕੇ ਆਖ ਦਿੱਤਾ,”ਗਊਆਂ ਦੇ ਨਾਲ ਨਾਲ ਇਨ੍ਹਾਂ ਵੱਛੜਿਆਂ ਦੇ ਮੂੰਹ ਵਿੱਚ ਵੀ ਕੁੱਝ ਪਾ ਦੇਵੋ । ਜੇ ਉਹ ਬੇਵਕੂਫ ਹਨ ਤਾਂ ਤੁਸੀਂ ਹੀ ਨਜ਼ਰ ਸਵੱਲੀ ਕਰ ਛੱਡੋ ਇਨ੍ਹਾਂ ‘ਤੇ!”
ਹੱਸਣ ਲੱਗਾ ਉਹ, ”ਚੰਗਾ ਮਜ਼ਾਕ ਕਰ ਲੈਂਦੇ ਓ, ਬੱਚਿਆਂ ਨੂੰ ਵੱਛੜੇ ਬਣਾ ਦਿੱਤਾ।”
”ਜੇ ਉਹ ਬੱਚੇ ਹਨ ਤਾਂ ਕੂੜਾ ਕਿਓਂ ਖਾ ਰਹੇ ਐ?” ਮੇਰਾ ਸਵਾਲ ਸੀ । ਕੂੜੇ ‘ਚੋਂ ਖਾਣਾ ਤਲਾਸ਼ ਰਹੇ ਵੱਛੜਿਆਂ, ਮੁਆਫ ਕਰਨਾ, ਬੱਚਿਆਂ ਵੱਲ ਉਸ ਨੇ ਬੜੀ ਹਿਕਾਰਤ ਨਾਲ ਦੇਖਿਆ।
ਮੈਨੂੰ ਵੀ ਮੁਸ਼ਕ ਆਉਣ ਲੱਗ ਪਿਆ, ਪਹਿਲਾਂ ਨਹੀਂ ਸੀ ਆਇਆ ।
ਪਤਾ ਨਹੀਂ, ਕੂੜੇ ਦਾ ਮੁਸ਼ਕ ਸੀ ਜਾਂ ਕਿਸੇ ਹੋਰ ਚੀਜ਼ ਦਾ, ਮੁਸ਼ਕ ਜਰੂਰ ਆ ਰਿਹਾ ਸੀ ।
ਜਦ ਉਸ ਨੇ ਮੇਰੇ ਲਾਗੇ ਹੋ ਕੇ ਮੇਰਾ ਮੋਢਾ ਘੁੱਟਿਆ ਤਾਂ ਪਤਾ ਲੱਗਾ ਕਿ ਮੁਸ਼ਕ ਕਿੱਥੋਂ ਆ ਰਿਹਾ ਸੀ!
ਉਹ ਆਖ ਰਿਹਾ ਸੀ, ”ਹਰ ਐਰੇ ਗੈਰੇ ਦੀ ਰੋਟੀ ਦਾ ਜੁਗਾੜ ਮੇਰਾ ਕੰਮ ਨਹੀਂ। ਗਊ ਤਾਂ ਮਾਂ ਹੁੰਦੀ ਹੈ ਬਰਖੁਰਦਾਰ, ਮੈਂ ਤਾਂ ਉਸ ਦੀ ਹੀ ਸੇਵਾ ਕਰਦਾਂ ਹਰ ਐਤਵਾਰ! ਤੁਸੀਂ ਵੀ ਕਰਿਆ ਕਰੋ, ਗਊ ਮਾਤਾ ਦੀ ਸੇਵਾ ਨਾਲ ਜੋ ਪੁੰਨ ਮਿਲਦੈ, ਉਹ ਤੀਰਥ ਯਾਤਰਾ ਨਾਲ ਵੀ ਨਹੀਂ ਮਿਲ ਸਕਦਾ।”
”ਉਹ ਤਾਂ ਠੀਕ ਐ, ਪਰ ਇਹ ਤੁਹਾਡੀ ਮਾਂ ਹੋ ਸਕਦੀ ਹੈ, ਮੇਰੀ ਨਹੀਂ। ਮੇਰੀ ਮਾਂ ਕੂੜਾ ਨਹੀਂ ਖਾਂਦੀ, ”ਮੇਰੇ ਇਸ ਜੁਆਬ ਤੋਂ ਉਹ ਹੋਰ ਮੁਸ਼ਕ ਮਾਰਨ ਲੱਗ ਪਿਆ।
”ਆਪਣਾ ਇਲਾਜ ਕਰਵਾਓ ਪਿਆਰੇ, ”ਇਹ ਆਖ ਕੇ ਉਹ ਕਾਰ ਵੱਲ ਵਧਣ ਲੱਗਾ।
”ਤੁਹਾਡੀ ਸਲਾਹ ਜਰੂਰ ਮੰਨਾਗਾ, ਪਰ ਇੱਕ ਪ੍ਰਬੰਧ ਜਰੂਰ ਕਰ ਲੈਣਾ, ”ਮੇਰੀ ਇਸ ਗੱਲ ‘ਤੇ ਉਹ ਪਿਛੇ ਮੁੜ ਕੇ ਕੌੜ ਨਾਲ  ਦੇਖਣ ਲੱਗਾ ।
ਫੇਰ ਤਲਖੀ ਨਾਲ ਆਖਣ ਲੱਗਾ, ”ਹਾਂ ਦੱਸ, ਹੁਣੇ ਕਰ ਦਿੰਦਾਂ।”
”ਆਪਣੀ ਮਾਂ ਵਾਸਤੇ ਘਰ ‘ਚ ਜਗ੍ਹਾ ਦਾ ਪ੍ਰਬੰਧ ਕਰ ਛੱਡਣਾ। ਮਾਵਾਂ ਘਰਾਂ ‘ਚ ਈ ਸ਼ੋਭਦੀਆਂ, ਕੂੜੇ ਦੇ ਢੇਰਾਂ ‘ਤੇ ਨਹੀਂ। ……
ਇੱਕ ਗੱਲ ਹੋਰ, ਆਹ ਵੱਛੜਿਆਂ, ਜਿਨ੍ਹਾਂ ਨੂੰ ਤੁਸੀਂ ਬੱਚੇ ਕਹਿੰਦੇ ਓ, ਦੇ ਗਲ਼ੇ ‘ਚ ਪਟੇ ਪਾਉਣ ਦੀ ਹਿਮਾਕਤ ਨਾ ਕਰ ਬੈਠਣਾ। ਇਹ ਢੁੱਠ ਮਾਰ ਕੇ ਕਿਸੇ ਦਿਨ ਤੁਹਾਡੇ ਢਿੱਡ ਪਾੜ ਦੇਣਗੇ! ਜਿੰਨੇ ਵੀ ਦਿਨ ਕੱਢ ਹੁੰਦੇ ਆ, ਕੱਢ ਲਓ। ਫੇਰ ਨਾ ਕਹਿਣਾ ਕਿ ਦੱਸਿਆ ਨਹੀਂ!!”
ਉਹ ਤਿਲਮਿਲਾ ਉੱਠਿਆ, ਬਿਨ ਬੋਲੇ ਚਲੇ ਗਿਆ ।
ਮੈਨੂੰ ਪਤਾ ਨਹੀਂ ਕੀ ਸੁੱਝੀ, ਜੇਬ ‘ਚੋਂ ਦਸ-ਦਸ ਦੇ ਦੋ ਨੋਟ ਕੱਢ ਕੇ ਉਨ੍ਹਾਂ ਵੱਛੜੇਨੁਮਾ ਬੱਚਿਆਂ ਦੀ ਜੇਬ ‘ਚ ਪਾਓਂਦਿਆਂ ਉਨ੍ਹਾਂ ‘ਚੋਂ ਇੱਕ ਦੇ ਪੋਲੀ ਜਿਹੀ ਚਪੇੜ ਜੜਦਿਆਂ ਕਿਹਾ, ”ਕੰਜਰੋ ਦਫ਼ਾ ਹੋ ਜਾਓ, ਉਹ ਪਟਾ ਲੈ ਕੇ ਨਾ ਆ ਜਾਵੇ, ”ਉਨ੍ਹਾਂ ਬੱਚਿਆਂ ਨੂੰ ਮੇਰੇ ਕਮਲਪੁਣੇ ਦੀ ਭਲਾ ਕੀ ਸਮਝ ਆਉਣੀ ਸੀ! ਸਿੱਲ੍ਹੀਆਂ ਅੱਖਾਂ ਲਈ ਤੁਰਨ ਈ ਲੱਗਾ ਸੀ ਕਿ ਇੱਕ ਹੋਰ ਪਰਉਪਕਾਰੀ, ਜੋ ਕਾਰ ਵਾਲਾ ਤਾਂ ਨਹੀਂ ਸੀ, ਕੋਈ ਚੌਥਾ ਦਰਜਾ ਕਰਮਚਾਰੀ ਜਾਪ ਰਿਹਾ ਸੀ, ਗਊਆਂ ਨੂੰ ਭੋਜਨ ਕਰਵਾਉਣ ਲੱਗ ਪਿਆ।
(ਚਮਕਦਾਰ ਪਟੇ ਗਊਆਂ ਦੇ ਗਲਾਂ ਵਿੱਚ ਇਸ ਲਈ ਪਾਏ ਜਾਂਦੇ ਹਨ ਤਾਂ ਕਿ ਰਾਤ ਨੂੰ ਦੂਰੋਂ ਪਤਾ ਲੱਗ ਜਾਵੇ ਕਿ ਗਊ ਮਾਤਾ ਆਵਾਰਾ ਘੁੰਮ ਰਹੀ ਹੈ ਤੇ ਲੰਘਣ ਵਾਲਾ ਚੌਕਸ ਹੋ ਜਾਵੇ ।)
– ਰਾਹਗੀਰ

ਗੀਤ
– ਗੁਰਮੀਤ ਕੌਰ ਸੰਧਾ
ਸੂਹਾ ਸੂਹਾ ਸਾਲੂ ਤੇ ਸੋਨ ਕਿਨਾਰੀ,
ਬਾਹੀਂ ਨਵੇਂ  ਚੂੜੇ ਰੱਤੜੇ ਵੇ ਹੋ।

ਨੈਣ ਕਿਆਰੀਆਂ ‘ਚ ਪੋਰੇ ਕੋਰੇ ਸੁਪਨੇ,
ਪਾਣੀ ਉਮੀਦਾਂ ਦੇ ਝੱਟੜੇ ਵੇ ਹੋ।

ਬੀਜੀਆਂ ਮੁਹੱਬਤਾਂ ਪੁੰਗਰ ਪਈਆਂ ਆਸਾਂ,
ਰੀਝਾਂ ਪਈਆਂ ਢੋਂਦੀਆਂ ਭੱਤੜੇ ਵੇ ਹੋ।

ਡਾਲੀ ਡਾਲੀ ਚੰਨ ਨਾਲੇ ਖਿੜੇ ਨੇ ਸਿਤਾਰੇ,
ਰਿਸ਼ਮਾਂ ਦੇ ਦੇਨੀ ਆਂ ਛੱਟੜੇ ਵੇ ਹੋ।

ਮਿਹਨਤਾਂ ਦੇ ਮੁੱਲ ਪੂਰੇ ਮਿਲੇ ਨਾ ਬਜਾਰੀਂ
ਗਰਜਾਂ ਦੇ ਭਾਰੇ ਨੇ ਵੱਟੜੇ ਵੇ ਹੋ।

ਬੀਜੀਆਂ ਉਮੀਦਾਂ ਤੇ ਉੱਗ ਪਈਆਂ ਥੋੜਾਂ,
ਫ਼ਿਕਰਾਂ ਦੀ ਵੱਲ ਕੱਢੇ ਪੱਤੜੇ ਵੇ ਹੋ।

ਐਤਕੀਂ ਦੇ ਨਰਮੇ ਤੋਂ ਤਰੀ ਨਾ ਤਕਾਵੀ,
ਚਰਖੇ ਚੜ੍ਹੇ ਪਰਛੱਤੜੇ ਵੇ ਹੋ।

ਸ਼ਾਹ ਕੋਲੇ ਗਹਿਣੇ ਕੰਨਾਂ ਦੀਆਂ ਡੰਡੀਆਂ,
ਹਾਲੀ ਸਾਡੇ ਚਾਅ ਵੀ ਨਾ ਲੱਥੜੇ ਵੇ ਹੋ।

See Also

ਹੀਰਾਂ ਦੀਆਂ ਚੁੰਨੀਆਂ ਚੋਂ  ਝਾਕਣ ਬਾਂਵਰੀਆਂ
ਰਾਂਝਿਆਂ ਦੇ ਰੁੱਖੇ ਰੁੱਖੇ ਛੱਤੜੇ ਵੇ ਹੋ।

ਬਲਣਾ ਨਾ ਬੁਝਣਾ ਹੌਲੀ ਹੌਲੀ ਧੁਖਣਾ,
ਲੇਖ ਲਿਖਾਏ ਅਸਾਂ ਤੱਤੜੇ ਵੇ ਹੋ।

ਖਾਲੀ ਖਾਲੀ ਅੱਖੀਆਂ, ਧੁਆਂਖੇ ਹੋਏ ਮੁਖੜੇ,
ਪੈਰ ਬਿਆਈਆਂ ਸੰਗ ਅੱਟੜੇ ਵੇ ਹੋ।

ਲੱਥ ਗਈ ਕਿਨਾਰੀ ਲੰਗਾਰ ਹੋਇਆ ਸਾਲੂ,
ਚੂੜਿਆਂ ਦੇ ਰੰਗ ਉੱਡੇ  ਰੱਤੜੇ ਵੇ ਹੋ।

ਅੱਧੀ ਅੱਧੀ ਰੈਣ ਤਾਈਂ ਸੌਣ ਨਹੀਂਓਂ ਦੇਂਦੇ,
ਫਰਜ਼ਾਂ ਦੇ ਫ਼ਿਕਰ ਕੁਪੱਤੜੇ  ਵੇ ਹੋ।

ਕਵਿਤਾ
ਰਾਜਿਆ ਰਾਜ ਕਰੇਂਦਿਆ
ਸੁਣ ਰਾਜ ਤੇਰੇ ਦਾ ਹਾਲ ਵੇ
ਅੱਜ ਖੱਟੀਆਂ ਚੁੰਨੀਆਂ ਰੋਂਦੀਆਂ
ਸੱਧਰਾਂ ਦੇ ਦੀਵੇ ਬਾਲ ਵੇ
ਰਾਜਿਆ ਰਾਜ ਕਰੇਂਦਿਆ
ਤੇਰੇ ਮਹਿਲੀਂ ਲੱਗੇ ਭਾਗ ਵੇ
ਸਾਡੇ ਚੁੱਲ੍ਹੇ ਠੰਡੇ ਹੋ ਗਏ
ਸਾਥੋਂ ਜਾਏ ਨਾ ਚੀਰਿਆ ਸਾਗ ਵੇ
ਰਾਜਿਆ ਰਾਜ ਕਰੇਂਦਿਆ
ਸਾਡੇ ਕਾਹਤੋਂ ਮਾਰੇਂ ਹੱਕ ਵੇ
ਕਿਉਂ ਨੋਚੇਂ ਸਾਡਾ ਮਾਸ ਵੇ
ਸਾਡੀ ਕਾਹਤੋਂ ਪੀਵੇਂ ਰੱਤ ਵੇ
ਰਾਜਿਆ ਰਾਜ ਕਰੇਂਦਿਆ
ਕੁੱਝ ਹੱਥ ਅਕਲ ਨੂੰ ਮਾਰ ਵੇ
ਨਾ ਕਰ ਇੰਨਾ ਮਜਬੂਰ ਵੇ
ਕਿ ਚੁੱਕ ਲਈਏ ਹਥਿਆਰ ਵੇ
ਰਾਜਿਆ ਰਾਜ ਕਰੇਂਦਿਆ
ਤੇਰੇ ਜੀਵਣ ਧੀਆਂ ਪੁੱਤ ਵੇ
ਨਾ ਸਾਡੇ ਧੀਆਂ ਪੁੱਤਰਾਂ
ਨੂੰ ਕੰਗਲੇ ਕਰਕੇ ਲੁੱਟ ਵੇ
ਰਾਜਿਆ ਰਾਜ ਕਰੇਂਦਿਆ
ਤੂੰ ਬਣ ਬੈਠਾ ਏਂ ਪੀਰ ਵੇ
ਅਸੀਂ ਪੀਰ ਮਨਾਉਣਾ ਜਾਣਦੇ
ਤੇ ਜਾਣੀਏ ਕੱਢਣਾ ਟੀਰ ਵੇ
ਰਾਜਿਆ ਰਾਜ ਕਰੇਂਦਿਆ
ਗਿਆ ਸਿਰਾਂ ਤੋਂ ਪਾਣੀ ਲੰਘ ਵੇ
ਨਾਂ ਰਾਹ ਕੋਈ ਵਿੱਚ ਵਿਚਾਲੜਾ
ਇਹ ਆਰ ਪਾਰ ਦੀ ਜੰਗ ਵੇ॥
ਗੱਗਬਾਣੀ

Scroll To Top