ਕਹਾਣੀ
ਬਾਲਣ ਦੀ ਭਰੀ
– ਸੁਰਿੰਦਰ ਸਿੰਘ ਰਾਏ ਆਸਟਰੇਲੀਆ
”ਇਹ ਥੋਡੇ ਬਾਪ ਦੀ ਜੰਗਲਾਤ ਥੋੜ੍ਹੇ ਆ, ਜਿੱਥੋਂ ਮੂੰਹ ਚੁੱਕੀ ਜਦ ਮਰਜੀ ਲੱਕੜਾਂ ਵੱਢ ਲਿਆਓ! ਬੂਟੇ ਲਾਉਣ ਨੂੰ ਅਸੀਂ, ਵੱਢਣ ਨੂੰ ਤੁਸੀਂ। ਵੱਡੀਆਂ ਚਲਾਕ ਬਣੀਆਂ ਫਿਰਦੀਆਂ ਵਾਂ। ਜੇ ਭਲੀ ਚਾਹੁੰਨੀਆਂ ਤਾਂ ਆਪੋ ਆਪਣੀ ਭਰੀ ਲਾਹ ਕੇ ਹੇਠਾਂ ਰੱਖ ਦਿਓ।” ਇਕ ਦਿਨ ਬਾਲੂ ਨੇ ਸਵੱਖਤੇ ਹੀ ਜੰਗਲਾਤ ਵੱਲੋਂ ਸਿਰਾਂ ‘ਤੇ ਲੱਕੜਾਂ ਚੁੱਕੀ ਆਉਂਦੀਆਂ ਕੁੱਝ ਤ੍ਰੀਮਤਾਂ ਨੂੰ ਵੇਖ ਕੇ ਬਿਫਰਦਿਆਂ ਆਖਿਆ।
ਉਹ ਤ੍ਰੀਮਤਾਂ ਬੇਫਿਕਰ ਤੇਜ਼-ਤੇਜ਼ ਤੁਰੀਆਂ ਜਾ ਰਹੀਆਂ ਸਨ, ਜਿਵੇਂ ਉਨ੍ਹਾਂ ਨੂੰ ਬਾਲੂ ਦੇ ਗੁੱਸੇ ਦੀ ਰਤਾ ਵੀ ਸ਼ਰਮ ਨਾ ਹੋਵੇ। ਉਹ ਤੁਰਦੀਆਂ ਤੁਰਦੀਆਂ ਖਾਸਾ ਅੱਗੇ ਲੰਘ ਗਈਆਂ ਸਨ। ਬਾਲੂ ਗੁੱਸੇ ਨਾਲ ਬੁੜ ਬੁੜ ਕਰਦਾ ਬਿਟਰ ਬਿਟਰ ਉਨ੍ਹਾਂ ਕੰਨੀਂ ਝਾਕੀ ਜਾ ਰਿਹਾ ਸੀ ਪਰ ਉਨ੍ਹਾਂ ਜ਼ਨਾਨੀਆਂ ਵੱਲੋਂ ਫਿਰ ਵੀ ਕੋਈ ਜਵਾਬ ਨਾ ਆਇਆ।
ਬਾਲੂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ। ਉਹ ਖਿੱਝ ਕੇ ਉਚੀ ਦੇਣੀ ਚੀਕਿਆ, ”ਹੁਣ ਚੁੱਪ ਵੱਟੀ ਇਕ ਦੂਜੀ ਤੋਂ ਮੂਹਰੇ ਮੂਹਰੇ ਦੌੜ ਲਾਈਓ ਆ। ਮੂੰਹੋਂ ਵੀ ਫੁੱਟੋ ਕੁਝ। ਮੈਂ ਦੱਸਦਾਂ ਸਾਬ੍ਹ ਨੂੰ ਜਾ ਕੇ ਅੱਜ। ਕਰਦੇਂ ਫਿਰ ਥੋਡਾ ਕੋਈ ਹੱਲ।” ”ਵੇ ਬਾਲੂ, ਚੁੱਲ੍ਹੇ ਜਾਣਿਆਂ, ਆਪਣੇ ਪਿੰਡ ਦਿਆਂ ਨਾਲ ਤਾਂ ਰੈਤ ਕਰ ਲਿਆ ਕਰ। ਮਾੜਾ ਮੋਟਾ ਮੂੰਹ ਮੁਲਾਜ਼ਾ ਈ ਰੱਖ ਲਈਦਾ। ਅਸੀਂ ਕਿਹੜੇ ਕੋਈ ਵਪਾਰ ਕਰਦੀਆਂ। ਰੋਟੀ-ਟੁੱਕ ਜੋਗਾ ਬਾਲਣ ਈ ਲਿਆਈਦਾ। ਤੈਥੋਂ ਇਹ ਵੀ ਨੀਂ ਝੱਲਿਆ ਜਾਂਦਾ। ਜਿਹੜੇ ਰਾਤ-ਬਰਾਤੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਲੈ ਜਾਂਦੇ ਆ, ਉਹ ਤਾਂ ਤੈਥੋਂ ਫੜ ਨੀਂ ਹੁੰਦੇ। ਮਾਤ੍ਹੜਾਂ ‘ਤੇ ਊਈਂ ਰੋਅਬ ਛਾਂਟੀ ਜਾਨਾਂ।” ਆਖਿਰ ਇਕ ਅਧੇੜ੍ਹ ਉਮਰ ਦੀ ਤ੍ਰੀਮਤ ਨੇ ਸ਼ਿਕਾਇਤ ਦੇ ਡਰੋਂ ਨਿਹੋਰਾ ਜਿਹਾ ਮਾਰਦਿਆਂ ਜਵਾਬ ਦਿੱਤਾ।
”ਚੋਰ ਛੋਟਾ ਹੋਵੇ, ਚਾਹੇ ਬੜਾ। ਸਾਡੇ ਲਈ ਤਾਂ ਸਭ ਬਰਾਬਰ ਈ ਆ। ਜਦ ਉਹ ਮੇਰੇ ਅੜਿੱਕੇ ਆ ਗਏ, ਉਹ ਕਿਹੜੇ ਛੱਡਣੇ ਆਂ ਮੈਂ, ਸਾਬ੍ਹ ਨੇ ਫੁੱਲ ਪਾਵਰਾਂ ਦਿੱਤੀਆਂ ਵਾਂ ਮੈਨੂੰ। ਇਕ ਸਰਕਾਰੀ ਨੁਕਸਾਨ ਕਰਦੀਆਂ, ਦੂਜਾ ਅੱਗੋਂ ਔਖੀਆਂ-ਭਾਰੀਆਂ ਹੁੰਦੀਆਂ ਵਾਂ।” ਬਾਲੂ ਅੱਜ ਪੂਰਾ ਤੈਸ਼ ਵਿਚ ਸੀ।
”ਚੱਲ ਬਾਬਾ, ਅੱਗੇ ਤੋਂ ਨੀਂ ਅਸੀਂ ਤੇਰੀਆਂ ਲੱਕੜੀਆਂ ਵੱਢਦੀਆਂ। ਅੱਜ ਨਾ ਸਾਡੀ ਸ਼ਿਕਾਇਤ ਆਪਣੇ ਸਾਬ੍ਹ ਕੋਲ ਲਾ ਦੇਵੀਂ। ਚਲੋ ਕੁੜੀਓ ਚਲੋ। ਅੱਗੇ ਤੋਂ ਨਾ ਇੱਧਰ ਆਇਆ ਕਰੋ।” ਪਾਸ਼ੋ ਨੇ ਬਾਲੂ ਤੋਂ ਖਹਿੜਾ ਛੁਡਾਉਣ ਲਈ ਆਪਣੇ ਨਾਲ ਤੁਰੀਆਂ ਜਾਂਦੀਆਂ ਕੁੜੀਆਂ ਨੂੰ ਹੌਂਸਲਾ ਦਿੰਦਿਆਂ ਆਖਿਆ, ਜੋ ਬਾਲੂ ਦੇ ਦਬਕਾ ਮਾਰਨ ਕਰਕੇ ਕੁੱਝ ਸਹਿਮ ਗਈਆਂ ਸਨ।
ਬਾਲੂ ਅੱਜ ਪੂਰੇ ਕ੍ਰੋਧ ਵਿਚ ਸੀ, ਭਾਵੇਂ ਪਾਸ਼ੋ ਦੇ ਗਲਤੀ ਮੰਨ ਲੈਣ ਨਾਲ ਉਹ ਕੁਝ ਸ਼ਾਂਤ ਹੋ ਗਿਆ ਸੀ ਪਰ ਚਿਹਰੇ ਦੀ ਉਦਾਸੀ ਉਵੇਂ ਦੀ ਉਵੇਂ ਹੀ ਸੀ, ਜਿਵੇਂ ਕਿਸੇ ਜੇਬਕਤਰੇ ਨੇ ਉਸ ਦੀ ਜੇਬ ਕੱਟ ਲਈ ਹੋਵੇ। ਨਰਸਰੀ ਵੱਲ ਤੁਰਿਆ ਜਾਂਦਾ ਵੀ ਉਹ ਦੁਖੀ ਜਾਪ ਰਿਹਾ ਸੀ। ਪਤਾ ਨਹੀਂ, ਬਾਲੂ ਦੇ ਸਾਬ੍ਹ ਨੇ ਉਸ ਨੂੰ ਕਿਹੜੀ ਪਾਵਰ ਦਿੱਤੀ ਹੋਈ ਸੀ। ਜੰਗਲਾਤ ਵਲੋਂ ਜੋ ਕਿਸੇ ਨੂੰ ਲੱਕੜਾਂ ਚੁੱਕੀ ਆਉਂਦਾ ਵੇਖ ਲੈਂਦਾ ਤਾਂ ਉਸ ਵੱਲ ਕੰਨਖੀਆਂ ਵੇਖਦਾ ਰਹਿੰਦਾ ਭਾਵੇਂ ਅਗਲਾ ਆਪਣੀ ਪੈਲੀ ‘ਚੋਂ ਹੀ ਲੱਕੜਾਂ ਵੱਢ ਕੇ ਲਿਆਇਆ ਹੋਵੇ। ਇਹ ਉਸ ਦਾ ਸੁਭਾਅ ਹੀ ਬਣ ਗਿਆ ਸੀ। ਨਰਸਰੀ ਵੱਲ ਜਾਂਦੇ ਹਰ ਵਿਅਕਤੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਾ। ਕਈ ਵਾਰ ਤੇ ਅਗਲੇ ਨੂੰੂ ਬੋਲ-ਕਬੋਲ ਕਹਿ ਕੇ ਲੰਮੇ ਸਮੇਂ ਦੀ ਬਣੀ ਕੋਈ ਪਰਿਵਾਰਕ ਸਾਂਝ ਵੀ ਵਿਗਾੜ ਲੈਂਦਾ ਸੀ। ਪਿੰਡ ਦੀਆਂ ਕਈ ਜ਼ਨਾਨੀਆਂ ਉਸ ਦੀ ਮਾਂ ਨੂੰ ਉਲਾਂਭਾ ਵੀ ਦਿੰਦੀਆਂ ਪਰ ਉਹ ਕਿਸੇ ਦੀ ਗੱਲ ਹੀ ਨਹੀਂ ਸੀ ਮੰਨਦਾ। ਬੱਚਿਆਂ ਵਾਂਗ ਆਪਣੀ ਅੜੀ ਪੁਗਾਉਂਦਾ। ਆਪਦੇ ਸਾਬ੍ਹ ਦੇ ਸਿਰ ‘ਤੇ ਤਾਂ ਉਹ ਆਪਣੇ ਨਾਲ ਹੀ ਕੰਮ ਕਰਦੇ ਸਾਥੀ ਮਜ਼ਦੂਰਾਂ ਨੂੰ ਵੀ ਟਿੱਚ ਨਹੀਂ ਸੀ ਜਾਣਦਾ। ਉਹ ਇਉਂ ਸਮਝਦਾ ਸੀ ਜਿਵੇਂ ਉਹ ਸਾਰੇ ਉਸ ਦੇ ਮਾਤਹਿੱਤ ਹੀ ਕੰਮ ਕਰਦੇ ਹੋਣ।
ਰਾਹ ਵਿਚ ਪਏ ਅਲ੍ਹਸੇਟੇ ਕਾਰਨ ਅੱਜ ਬਾਲੂ ਨਰਸਰੀ ਪਹੁੰਚਦਾ ਕੁਝ ਲੇਟ ਹੋ ਗਿਆ ਸੀ। ਸਭ ਮਜ਼ਦੂਰ ਆਪੋ ਆਪਣੇ ਆਹਰੇ ਲੱਗੇ ਹੋਏ ਸਨ। ਕਈ ਮਜ਼ਦੂਰ ਤੁਰੇ ਆਉਂਦੇ, ਬਾਲੂ ਵੱਲ ਅੱਖਾਂ ਤਾੜ ਕੇ ਵੇਖਦੇ ਤੇ ਝੱਟ ਨੀਵੀਂ ਪਾ ਲੈਂਦੇ, ਜਿਵੇਂ ਬਾਲ੍ਹ ਨੂੰ ਲੇਟ ਆਉਣ ਦਾ ਅਹਿਸਾਸ ਕਰਾ ਰਹੇ ਹੋਣ ਪਰ ਬਾਲੂ ਨੂੰੂ ਕਿਹੜੀ ਪ੍ਰਵਾਹ ਸੀ। ਉਸ ਨੇ ਪਾਣੀ ਵਾਲਾ ਫੁਹਾਰਾ ਚੁੱਕਿਆ ਤੇ ਮੜਕ ਜਿਹੀ ਨਾਲ ਬੂਟਿਆਂ ਨੂੰ ਪਾਣੀ ਲਾਉਣ ਲੱਗ ਪਿਆ।
ਕੁਝ ਸਮੇਂ ਬਾਅਦ ਉਸ ਨੂੰ ਫਾਰੈਸਟ ਗਾਰਡ ਦੇ ਬੁਲੇਟ ਮੋਟਰ ਸਾਇਕਲ ਦੀ ਡੁੱਗ-ਡੁੱਗ ਸੁਣਾਈ ਦਿੱਤੀ। ਉਹ ਖੁਸ਼ ਹੋ ਗਿਆ, ਜਿਵੇਂ ਕੋਈ ਫੌਜਣ ਆਪਣੇ ਕੰਤ ਦੇ ਆਉਣ ‘ਤੇ ਝੱਲੀ ਹੋ ਗਈ ਹੋਵੇ। ਉਸ ਨੇ ਪਾਣੀ ਵਾਲਾ ਫੁਹਾਰਾ ਹੇਠਾਂ ਰੱਖਿਆ ਤੇ ਨੱਸ ਕੇ ਆਪਣੇ ਸਾਬ੍ਹ ਦਾ ਮੋਟਰਸਾਇਕਲ ਖੜ੍ਹਾ ਕਰਨ ਜਾ ਪਹੁੰਚਿਆ। ਫਿਰ ਉਸ ਨੇ ਸਾਬ੍ਹ ਨੂੰ ਮੋਟਰ ਤੋਂ ਲਿਆਂਦਾ ਤਾਜ਼ਾ ਪਾਣੀ ਪਿਲਾਇਆ ਅਤੇ ਰੋਜ਼ਾਨਾ ਦੀ ਡਿਊਟੀ ਵਾਂਗ ਚਾਹ ਬਣਾਉਣ ਕਮਰੇ ਅੰਦਰ ਚਲੇ ਗਿਆ।
”ਸਾਬ੍ਹ ਜੀ, ਅੱਜ ਸਵੇਰ ਜਦੋਂ ਮੈਂ ਨਰਸਰੀ ਕੰਮ ‘ਤੇ ਆ ਰਿਹਾ ਸੀ ਤਾਂ ਮੇਰੇ ਪਿੰਡ ਦੀਆਂ ਕੁੱਝ ਜ਼ਨਾਨੀਆਂ ਜੰਗਲਾਤ ਵੱਲੋਂ ਲੱਕੜਾਂ ਦੀਆਂ ਮੋਟੀਆਂ ਮੋਟੀਆਂ ਭਰੀਆਂ ਚੁੱਕੀ ਆਉਣ। ਦੇਖ ਕੇ ਮੈਥੋਂ ਰਹਿ ਨੀ ਹੋਇਆ। ਮੈਂ ਬਹੁਤ ਸ਼ਰਮਿੰਦੀਆਂ ਕੀਤੀਆਂ। ਫਿਰ ਮਿੰਨਤਾਂ-ਤਰਲੇ ਕਰਨ ਲੱਗ ਪਈਆਂ। ਕਹਿੰਦੀਆਂ ਬਾਲੂ ਅੱਜ ਛੱਡ ਦੇ, ਅੱਗੋ ਤੋਂ ਨੀਂ ਇੱਧਰ ਆਉਂਦੀਆਂ। ਮੈਂ ਕਿਹਾ ਜੇ ਫੇਰ ਕਦੇ ਵੇਖ ਲਈਆਂ ਤਾਂ ਥੋਡੇ ਸਿਰ ਚੋਰੀ ਦਾ ਕੇਸ ਪਾਵਾਂਗੇ।” ਚਾਹ ਦਾ ਕੱਪ ਫੜਾਉਂਦਿਆਂ ਸਭ ਤੋਂ ਪਹਿਲਾਂ ਬਾਲੂ ਨੇ ਆਪਣੇ ਸਾਬ੍ਹ ਨੂੰ ਅੱਜ ਸਵੇਰੇ ਵਾਪਰੀ ਘਟਨਾ ਸੁਣਾਈ। ”ਸ਼ਾਬਾਸ਼-ਸ਼ਾਬਾਸ਼ ਬਾਲੂ ਬਹੁਤ ਵਧੀਆ ਕੀਤੈ। ਅੱਗੇ ਤੋਂ ਵੀ ਜੰਗਲਾਤ ਦਾ ਇਵੇਂ ਹੀ ਖਿਆਲ ਰੱਖਿਆ ਕਰ। ਤੇਰਾ ਬਾਪ ਕਰਮੂੰ ਵੀ ਇੰਦਾਂ ਦਾ ਹੁੰਦਾ ਸੀ। ਮਜਾਲ ਐ ਓਹਦੇ ਹੁੰਦੇ ਕੋਈ ਜੰਗਲਾਤ ਵੱਲ ਮੂੰਹ ਵੀ ਕਰ ਜਾਂਦਾ। ਬੜਾ ਆਗਿਆਕਾਰ ਬੰਦਾ ਸੀ ਉਹ। ਤੂੰ ਵੀ ਓਹਦੇ ਵਾਂਗ ਈ ਦਬਕਾ ਰੱਖਿਆ ਕਰ।”
ਫਾਰੈਸਟ ਗਾਰਡ ਨਛੱਤਰ ਸਿੰਘ ਨੇ ਉਸ ਦੀ ਚਾਪਲੂਸੀ ਨੂੰ ਆਗਿਆਕਾਰੀ ਦੀ ਪੁੱਠ ਚਾੜ੍ਹ ਕੇ ਹੋਰ ਵੀ ਹੱਲਸ਼ੇਰੀ ਦੇ ਦਿੱਤੀ ਤੇ ਫਿਰ ਉਹ ਹੌਲੀ ਹੌਲੀ ਗੱਲਾਂ ਕਰਦਾ ਆਪਣੇ ਸਾਬ੍ਹ ਦੇ ਮੰਜੇ ‘ਤੇ ਹੀ ਪੈਂਦ ਵਾਲੇ ਪਾਸੇ ਬੈਠ ਗਿਆ। ਉਹ ਇੰਨੇ ਨਾਲ ਹੀ ਖੁਸ਼ ਹੋ ਗਿਆ ਸੀ। ਉਹ ਕਾਫੀ ਸਮਾਂ ਮੰਜੇ ‘ਤੇ ਬੈਠਾ ਸਾਬ੍ਹ ਨਾਲ ਹੌਲੀ ਹੌਲੀ ਗੁਫਤਗੂ ਕਰਦਾ ਰਿਹਾ। ਵਿਚ ਵਿਚਾਲੇ ਕਦੇ ਕਦਾਈਂ ਉਹ ਨਰਸਰੀ ਵਿਚ ਕੰਮ ‘ਚ ਰੁੱਝੇ ਆਪਣੇ ਸਾਥੀਆਂ ਵੱਲ ਵੀ ਚੋਰ ਝਾਤੀ ਮਾਰ ਲੈਂਦਾ ਸੀ, ਜਿਵੇਂ ਉਨ੍ਹਾਂ ਨੂੰ ਆਪਣੀ ਸਾਬ੍ਹ ਨਾਲ ਬਣੀ ਨੇੜਤਾ ਦਰਸਾ ਕੇ ਸਾੜ ਰਿਹਾ ਹੋਵੇ। ”ਬਾਲੂ,ਅੱਜ ਤੁਹਾਨੂੰ ਤਨਖਾਹ ਦੇਣੀ ਏਂ। ਸਾਰੇ ਬੰਦਿਆਂ ਨੂੰ ਮੇਰੇ ਕੋਲ ਬੁਲਾ ਕੇ ਲਿਆ।” ਗੱਲਾਂ ਬਾਤਾਂ ਚੱਲਦਿਆਂ ਹੀ ਫਾਰੈਸਟ ਗਾਰਡ ਨਛੱਤਰ ਸਿੰਘ ਨੇ ਬਾਲੂ ਨੂੰ ਆਖਿਆ। ਤਨਖਾਹ ਦਾ ਨਾਂਅ ਸੁਣ ਕੇ ਬਾਲੂ ਆਪਣੇ ਮਜ਼ਦੂਰ ਸਾਥੀਆਂ ਕੋਲ ਨੱਸਾ ਹੀ ਗਿਆ ਜਿਵੇਂ ਤਨਖਾਹ ਦੇ ਮਸਲੇ ‘ਤੇ ਸਭ ਮਜ਼ਦੂਰਾਂ ਦੀਆਂ ਭਾਵਨਾਵਾਂ ਇਕਮਿਕ ਹੋ ਗਈਆਂ ਹੋਣ। ਉਨ੍ਹਾਂ ਦੇ ਨਿੱਕੇ ਨਿੱਕੇ ਗਿੱਲੇ ਸ਼ਿਕਵੇ ਪਤਾ ਨਹੀਂ ਕਿੱਧਰ ਉਡ ਪੁੱਡ ਗਏ ਸਨ। ਅੱਜ ਉਨ੍ਹਾਂ ਸਭ ਨੂੰ ਬਾਲੂ ਬਹੁਤ ਪਿਆਰਾ ਪਿਆਰਾ ਲੱਗ ਰਿਹਾ ਸੀ। ਤਨਖਾਹ ਦੇ ਮਸਲੇ ‘ਤੇ ਸਭ ਦੀ ਇਕੋ ਜਿਹੀ ਕਹਾਣੀ ਸੀ। ਕਿਸੇ ਦੇ ਘਰ ਰੋਟੀ ਪਕਾਉਣ ਲਈ ਆਟਾ ਨਹੀਂ ਸੀ। ਕਿਸੇ ਨੇ ਪਾਣੀ ਪੀਣ ਲਈ ਘਰ ਦਾ ਨਲਕਾ ਲਗਵਾਉਣਾ ਸੀ। ਕਿਸੇ ਨੇ ਬੱਚਿਆਂ ਲਈ ਸਰਦੀਆਂ ਦੇ ਕੱਪੜਿਆਂ ਦਾ ਪ੍ਰਬੰਧ ਕਰਨਾ ਸੀ। ਸਭ ਗਰੀਬੀ ਦੇ ਮਿੱਧਿਓਂ, ਮਹਿੰਗਾਈ ਦੇ ਭੰਨਿਓਂ, ਥੁੜ੍ਹਾਂ ਮਾਰੇ ਲੋਕ….। ਅੱਜ ਮਿਲਣ ਵਾਲੀ ਤਨਖਾਹ ਨਾਲ ਉਨ੍ਹਾਂ ਨੂੰ ਕੁੱਝ ਰਾਹਤ ਮਿਲ ਜਾਣੀ ਸੀ। ਸਾਰੇ ਜਣੇ ਬਾਲੂ ਦੇ ਗਿਰਦ ਘੇਰਾ ਪਾਈ ਚਾਂਗਰਾਂ ਮਾਰਦੇ ਆਪਣੇ ਸਾਬ੍ਹ ਕੋਲੋਂ ਤਨਖਾਹ ਲੈਣ ਚੱਲ ਪਏ। ਆਪਣੇ ਸਾਥੀਆਂ ਵਿਚ ਘਿਰੇ ਬਾਲੂ ਦੀ ਟੌਹਰ ਅੱਜ ਵੇਖਣ ਵਾਲੀ ਸੀ ਪਰ ਉਹ ਫਾਰੈਸਟ ਗਾਰਡ ਕੋਲ ਪਹੁੰਚ ਕੇ ਇਉਂ ਦੁਬਕ ਕੇ ਬੈਠ ਗਏ, ਜਿਵੇਂ ਆਪਣੇ ਕੰਮ ਦੀ ਤਨਖਾਹ ਲੈਣਾ ਵੀ ਉਨ੍ਹਾਂ ਸਿਰ ਹੀ ਅਹਿਸਾਨਮੰਦੀ ਹੋਵੇ। ਫਾਰੈਸਟ ਗਾਰਡ ਦੇ ਆਖੇ ਖਾਲੀ ਪਈ ਪੇਅ ਰੋਲ ‘ਤੇ ਕਿਸੇ ਨੇ ਆਪਣਾ ਅੰਗੂਠਾ ਲਾ ਦਿੱਤਾ ਤੇ ਕਿਸੇ ਨੇ ਦਸਤਖਤ ਕਰ ਦਿੱਤੇ।
ਇਹ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਭ ਨੂੰ ਵਾਰੋ ਵਾਰੀ ਤਨਖਾਹ ਦੇ ਪੈਸੇ ਦੇ ਦਿੱਤੇ ਗਏ। ਆਪੋ ਆਪਣੀ ਤਨਖਾਹ ਲੈ ਕੇ ਸਭ ਮਜਦੂਰ ਵਾਪਸ ਨਰਸਰੀ ਵਿਚ ਕੰਮ ‘ਤੇ ਜਾ ਲੱਗੇ। ਆਪਦਾ ਖਾਸ ਬੰਦਾ ਹੋਣ ਕਾਰਨ ਬਾਲੂ ਦਾ ਹਿਸਾਬ ਕਿਤਾਬ ਬਾਅਦ ਵਿਚ ਕੀਤਾ ਗਿਆ। ਉਸ ਤੋਂ ਉਸਦੇ ਪਰਿਵਾਰਕ ਮੈਂਬਰ ਦੇ ਨਾਂਅ ਅੱਗੇ ਤਿੰਨ-ਚਾਰ ਅੰਗੂਠੇ ਵਾਧੂ ਲਗਵਾ ਲਏ ਸਨ। ਇਸ ਗੱਲ ਵਿਚ ਉਸ ਨੇ ਕੋਈ ਉਜਰ ਵੀ ਨਹੀਂ ਸੀ ਕੀਤਾ। ਉਹ ਆਪਣੇ ਪਿਓ ਵਾਂਗ ਸਾਬ੍ਹ ਦੇ ਹੁਕਮ ਦੀ ਅਵੱਗਿਆ ਨਹੀਂ ਸੀ ਕਰਨੀ ਚਾਹੁੰਦਾ। ”ਬਾਲੂ, ਅਹਿ ਫੜ ਸੌ ਰੁਪਈਆ। ਇਸ ਦੀ ਤੂੰ ਆਪਣੇ ਬੱਚਿਆਂ ਲਈ ਕੋਈ ਮਠਿਆਈ ਲੈ ਜਾਵੀਂ।” ਸੌ ਦਾ ਨੋਟ ਫੜਾਉਂਦਿਆਂ ਫਾਰੈਸਟ ਗਾਰਡ ਨੇ ਬਾਲੂ ਨੂੰ ਆਖਿਆ। ਤਨਖਾਹ ਤੋਂ ਇਲਾਵਾ ਵਾਧੂ ਸੌ ਦਾ ਨੋਟ ਮਿਲਣ ਕਾਰਨ ਬਾਲੂ ਖੁਸ਼ ਹੋ ਗਿਆ ਸੀ।
”ਸਾਬ੍ਹ ਨੇ ਮੇਰੇ ਕੋਲੋਂ ਖਾਲੀ ਥਾਂ ‘ਤੇ ਅੰਗੂਠਾ ਲਗਵਾ ਲਿਆ। ਹੁਣ ਮੈਨੂੰ ਕਿਆ ਪਤਾ, ਸਰਕਾਰ ਵੱਲੋਂ ਮਜ਼ਦੂਰ ਨੂੰ ਦਿਹਾੜੀ ਦਾ ਕਿੰਨਾ ਰੇਟ ਮਿਲਦਾ ਐ।” ਵੀਰੂ ਦੀ ਆਖੀ ਇਹ ਗੱਲ ਸੁਣ ਕੇ ਸਭ ਮਜਦੂਰ ੳਸ ਵੱਲ ਗਹੁ ਨਾਲ ਵੇਖਣ ਲੱਗੇ।
”ਵੀਰੂ ਗੱਲ ਤਾਂ ਤੇਰੀ ਠੀਕ ਐ। ਮੇਰੇ ਨਾਲ ਵੀ ਇੰਝ ਹੀ ਹੋਈ ਐ। ਮੈਥੋਂ ਅੰਗੂਠਾ ਵੀ ਲੁਆ ਲਿਆ ਤੇ ਦਸਤਖਤ ਵੀ ਕਰਾ ਲਏ। ਬਈ ਰੱਬ ਜਾਣੇ। ਚਲੋ, ਜੋ ਮਿਲਿਆ, ਉਹੀ ਸਹੀ।” ਕੋਲ ਹੀ ਬੈਠੇ ਕਾਲੇ ਨੇ ਵੀ ਵੀਰੂ ਦੀ ਆਖੀ ਗੱਲ ਦੀ ਝੱਟ ਹੀ ਸ਼ਾਅਦੀ ਭਰ ਦਿੱਤੀ।
ਅੱਧੀ ਛੁੱਟੀ ਵੇਲੇ ਖਾਣਾ ਖਾਂਦੇ ਹੋਏ ਸ਼ੁਰੂ ਹੋਏ ਇਸ ਟਾਪਿਕ ਨਾਲ ਸਭ ਮਜ਼ਦੂਰ ਸ਼ਸ਼ੋਪੰਜ ਜਹੀ ‘ਚ ਪੈ ਗਏ ਤੇ ਫਿਰ ਬਾਲੂ ਨੂੰ ਨਰਸਰੀ ਵੱਲ ਤੁਰਿਆ ਆਉਂਦਾ ਵੇਖ ਟਾਪਿਕ ਬਦਲ ਲਿਆ। ਸਭ ਮਜ਼ਦੂਰ ਬਾਲੂ ਦੀ ਪਿੱਠ ਪਿੱਛੇ ਮੰਦਾ-ਚੰਗਾ ਬੋਲ ਕੇ ਆਪਣੇ ਮਨ ਦਾ ਗੁਬਾਰ ਕੱਢ ਲੈਂਦੇ ਪਰ ਬਾਲੂ ਸਾਹਮਣੇ ਚੁੱਪ ਵੱਟ ਲੈਂਦੇ ਸਨ। ਅਜੇ ਕੁਝ ਸਮਾਂ ਪਹਿਲਾਂ ਹੀ ਇਕ ਮੁੰਡਾ ਕਿਸੇ ਦੇ ਚੁੱਕੇ ਚੁਕਾਏ ਬਾਲੂ ਨਾਲ ਪੰਗਾ ਲੈ ਬੈਠਾ ਸੀ। ਬਾਲੂ ਨੇ ਪਤਾ ਨਹੀਂ ਉਸ ਦੀ ਸਾਬ੍ਹ ਕੋਲ ਕੀ ਸ਼ਿਕਾਇਤ ਲਗਾਈ ਸੀ। ਸਾਬ੍ਹ ਨੇ ਬਿਨਾਂ ਪੁੱਛ ਪੜਤਾਲ ਕੀਤੇ ਉਸ ਮੁੰਡੇ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਸੀ। ਤਿੰਨ-ਚਾਰ ਮਹੀਨੇ ਪਹਿਲਾਂ ਵਾਪਰੀ ਇਹ ਘਟਨਾ ਅਜੇ ਤੱਕ ਵੀ ਸਭ ਮਜਦੂਰ ਨੂੰ ਯਾਦ ਸੀ। ਇਸੇ ਡਰ ਕਾਰਨ ਸਾਰੇ ਮਜ਼ਦੂਰ ਬਾਲੂ ਨਾਲ ਘੱਟ ਹੀ ਵਿਗਾੜਦੇ ਸਨ। ਨਾ ਚਾਹੁੰਦੇ ਵੀ ਉਸ ਦੀ ਹਾਂ ਵਿਚ ਹਾਂ ਮਿਲਾਂਦੇ ਰਹਿੰਦੇ ਸਨ।
”ਵੇ ਬਾਲੂ, ਦਾਦੇ ਮਰਾਇਆਂ। ਅੱਜ ਤੂੰ ਆਪਣੇ ਸਾਈਕਲ ਪਿੱਛੇ ਲੱਕੜਾਂ ਦੀ ਪੂਲੀ ਰੱਖੀ ਤੁਰਿਆ ਵਾਂ। ਮਾਤੜਾਂ ਨੂੰ ਤੂੰ ਉਂਈ ਟੋਕਦਾ ਰਹਿਨਾਂ, ਤੇਰੇ ਲਈ ਕੋਈ ਵੱਖਰਾ ਈ ਕਾਨੂੰਨ ਐ।” ਇਕ ਦਿਨ ਸੰਝ ਵੇਲੇ ਬਾਲੂ ਕੋਲ ਲੱਕੜਾਂ ਦੀ ਪੂਲੀ ਵੇਖ ਕੇ ਪਾਸ਼ੋ ਖਿੱਝ ਕੇ ਪਈ ਜਿਵੇਂ ਅੱਜ ਮਸਾਂ ਹੀ ਉਸ ਨੂੰ ਬਦਲਾ ਲੈਣ ਦਾ ਮੌਕਾ ਮਿਲਿਆ ਹੋਵੇ।
”ਪਾਸ਼ੋ। ਮੈਂ ਤਾਂ ਜੰਗਲਾਤ ਦਾ ਮੁਲਾਜ਼ਮ ਵਾਂ। ਨਾਲੈ ਮੈਨੂੰ ਤਾਂ ਸਾਬ੍ਹ ਨੇ ਵੀ ਕਿਹਾ ਵਾ ਐਂ ਕਿ ਬਾਲੂ ਤੂੰ ਜੰਗਲਾਤ ਦੀ ਰਾਖੀ ਰੰਖਦਾ ਵਾਂ। ਆਪਣੇ ਚੁੱਲ੍ਹੇ ਚੌਕੇ ਜੋਗਾ ਬਾਲਣ ਲੈ ਜਾਇਆ ਕਰ।”
”ਵੇ, ਇਹ ਤੇਰੀ ਤੇ ਤੇਰੇ ਸਾਬ੍ਹ ਦੀ ਜੰਗਲਾਤ ਥੋੜ੍ਹੇ ਆ। ਇਹ ਤਾਂ ਸਰਕਾਰੀ ਜੰਗਲਾਤ ਆ। ਇੰਨਾ ਕੁ ਤਾਂ ਮੈਨੂੰ ਵੀ ਪਤਾ ਐ। ਦੂਜਿਆਂ ਨੂੰ ਬੁੱਧੂ ਨੀ ਸਮਝੀਦਾ…।”
”ਪਾਸ਼ੋ। ਤੇਰੀ ਗੱਲ ਬਿਲਕੁਲ ਸਹੀ ਆ। ਪਰਸੋਂ-ਚੌਥੇ ਮੈਂ ਬੱਕਰੀਆਂ ਦਾ ਇੱਜੜ ਲੈ ਕੇ ਜੰਗਲਾਤ ਵੱਲ ਚਲੇ ਗਿਆ। ਇਕ ਬੱਕਰੀ ਨੇ ਕਿਤੇ ਕਿਸੇ ਬੂਟੇ ਦੇ ਪੱਤਿਆਂ ਨੂੰ ਮਾੜਾ ਮੋਟਾ ਮੂੰਹ ਮਾਰ ਦਿੱਤਾ। ਇਹ ਬਹੁਤ ਦੇਰ ਖੜ੍ਹਾ ਘੁਰ-ਘੁਰ ਕਰੀ ਗਿਆ ਜਿੱਦਾਂ ਜੰਗਲ ਇਹਦੇ ਪਿਉ ਦਾ ਹੁੰਦਾ ਐ।”
ਇਹ ਬੋਲਣ ਲੱਗਾ ਵੱਡਾ ਛੋਟਾ ਵੀ ਨ੍ਹੀ ਵੇਖਦਾ। ਝੱਟ ਅਗਲੇ ਦੀ ਲਾਹ ਪਾਹ ਕਰਕੇ ਰੱਖ ਦਿੰਦਾ ਐ।” ਜੰਗਲਾਤ ਵਾਲੇ ਪਾਸਿਓਂ ਬੱਕਰੀਆਂ ਚਾਰ ਕੇ ਆਏ ਬਾਜ਼ੀਗਰ ਮੋਹਰੂ ਨੇ ਵੀ ਪਾਸ਼ੋ ਦੀ ਗੱਲ ਵਿਚ ਹਾਂ ਨਾਲ ਹਾਂ ਮਿਲਾਈ। ”ਮੈਂ ਤਾਂ ਆਪਣੀ ਡਿਊਟੀ ਵਜਾਨਾਂ ਵਾ। ਜੇ ਥੋਨੂੰ ਕੋਈ ਤਕਲੀਫ ਆ ਤਾਂ ਸਾਬ੍ਹ ਨਾਲ ਗੱਲ ਕਰ ਲਓ। ਅਸੀਂ ਜੰਗਲਾਤ ਦਾ ਨੁਕਸਾਨ ਥੋੜ੍ਹੇ ਹੋਣ ਦੇਣਾ ਵਾ। ਐਂਦਾਂ ਤਾਂ ਲੋਕ ਸਾਰਾ ਜੰਗਲ ਈ ਵੱਢ ਕੇ ਲੈ ਜਾਊਗੇ।” ਮੇਹਰੂ ਦੀ ਗੱਲ ਸੁਣ ਕੇ ਬਾਲੂ ਨੂੰੂ ਮਿਰਚਾਂ ਲੱਗੀਆਂ ਤੇ ਫਿਰ ਉਹ ਮੂੰਹ ‘ਚ ਕੁਝ ਬੁੜ-ਬੁੜ ਕਰਦਾ ਸਾਈਕਲ ਨੂੰ ਪੈਡਲ ਮਾਰ ਝੱਟ ਉਥੋਂ ਖਿਸਕ ਗਿਆ।
ਅੱਜ ਸਵੇਰੇ ਜਦੋਂ ਫਾਰੈਸਟ ਗਾਰਡ ਨਛੱਤਰ ਸਿੰਘ ਆਪਣੀ ਡਿਊਟੀ ‘ਤੇ ਆਇਆ ਤਾਂ ਉਹ ਬਹੁਤ ਖੁਸ਼-ਖੁਸ਼ ਨਜ਼ਰ ਆ ਰਿਹਾ ਸੀ। ਆਪਣੇ ਸਾਬ੍ਹ ਨੂੰ ਖੁਸ਼ ਵੇਖ ਕੇ ਬਾਲੂ ਉਸ ਕੋਲ ਨੱਸਾ ਹੀ ਗਿਆ। ਮੋਟਰਸਾਈਕਲ ਖੜ੍ਹਾ ਕਰਦੇ ਸਾਰ ਹੀ ਉਸ ਨੇ ਬਾਲੂ ਨੂੰ ਦੋ ਲੱਡੂਆਂ ਦੇ ਡੱਬੇ ਫੜਾਏ। ”ਸਾਬ੍ਹ ਜੀ। ਇਹ ਕਾਹਦੀ ਖੁਸ਼ੀ ਵਿਚ।” ਬਾਲੂ ਨੇ ਹੈਰਾਨੀ ਵਿਚ ਪੁੱਛਿਆ।
”ਬਾਲੂ ਤੈਨੂੰ ਪਤਾ ਨਹੀਂ। ਅੱਜ ਮੇਰੀ ਤਰੱਕੀ ਹੋਈ ਏ। ਹੁਣ ਮੈਂ ਫਾਰੈਸਟ ਅਫਸਰ ਬਣ ਗਿਐਂ।” ਆਪਣੇ ਸਾਬ੍ਹ ਦੀ ਹੋਈ ਤਰੱਕੀ ਸੁਣ ਕੇ ਬਾਲੂ ਦਾ ਧਰਤ ‘ਤੇ ਪੈਰ ਨਹੀਂ ਸੀ ਲੱਗ ਰਿਹਾ। ਤਰੱਕੀ ਨਛੱਤਰ ਸਿੰਘ ਦੀ ਹੋਈ ਸੀ ਪਰ ਤੋਰ ਬਾਲੂ ਦੀ ਬਦਲ ਗਈ ਸੀ। ਤੇ ਫਿਰ ਉਹ ਸਾਬ੍ਹ ਵੱਲੋਂ ਦਿੱਤੇ ਦੋ ਲੱਡੂਆਂ ਦੇ ਡੱਬੇ ਲੈ ਕੇ ਕਾਹਲੀ-ਕਾਹਲੀ ਆਪਣੇ ਸਾਥੀ ਮਜ਼ਦੂਰਾਂ ਕੋਲ ਪਹੁੰਚ ਗਿਆ। ਬਾਲੂ ਦੇ ਹੱਥਾਂ ਵਿਚ ਲੱਡੂਆਂ ਦੇ ਡੱਬੇ ਵੇਖ ਕੇ ਸਭ ਮਜ਼ਦੂਰਾਂ ਦੇ ਚਿਹਰੇ ਖਿੜ ਗਏ। ਲੱਡੂ ਖਾਂਦੇ ਹੋਏ ਅੱਜ ਉਹ ਸਭ ਆਪਣੇ ਸਾਬ੍ਹ ਦੀਆਂ ਖੂਬ ਸਿਫਤਾਂ ਕਰ ਰਹੇ ਸਨ ਤੇ ਫਿਰ ਉਹ ਸਾਬ੍ਹ ਨੂੰ ਵਧਾਈਆਂ ਦੇਣ ਤੁਰ ਪਏ। ਵਧਾਈਆਂ ਦੇਣ ਮੌਕੇ ਨਛੱਤਰ ਸਿੰਘ ਨੇ ਬਾਲੂ ਕੋਲ ਉਨ੍ਹਾਂ ਦੇ ਸ਼ਾਮ ਦੇ ਜੁਗਾੜ ਲਈ ਪੰਜ ਸੌ ਰੁਪਿਆ ਹੋਰ ਫੜਾ ਦਿੱਤਾ। ਸ਼ਾਮ ਦੇ ਜੁਗਾੜ ਬਾਰੇ ਸੁਣ ਕੇ ਸਭ ਮਜ਼ਦੂਰ ਖੁਸ਼ੀ ਵਿਚ ਉਡੂੰ ਉਡੂੰ ਕਰਨ ਲੱਗ ਪਏ ਤੇ ਬੇਸਬਰੀ ਨਾਲ ਛੁੱਟੀ ਹੋਣ ਦੀ ਉਡੀਕ ਕਰਨ ਲੱਗੇ।
ਨਰਸਰੀ ਵਿਚ ਛੁੱਟੀ ਹੋਣ ਸਾਰ ਹੀ ਬਾਲੂ ਤੇ ਉਸ ਦੇ ਸਭ ਸਾਥੀ ਮਜ਼ਦੂਰ ਪਿੰਡ ਦੇ ਨਜ਼ਦੀਕ ਹੀ ਨਹਿਰ ‘ਤੇ ਬਣੇ ਢਾਬੇ ‘ਤੇ ਪਹੁੰਚ ਗਏ। ਢਾਬੇ ‘ਤੇ ਬੈਠੇ ਵੀ ਉਹ ਅੱਜ ਆਪਣੇ ਸਾਬ੍ਹ ਦੀਆਂ ਖੂਬ ਸਿਫਤਾਂ ਕਰੀ ਜਾ ਰਹੇ ਸਨ ਜਿਵੇਂ ਇਸ ਇਲਾਕੇ ਵਿਚ ਉਨ੍ਹਾਂ ਦੇ ਸਾਬ੍ਹ ਦੇ ਮੇਚ ਦਾ ਕੋਈ ਹੋਰ ਵਿਅਕਤੀ ਨਾ ਹੋਵੇ। ਗਰਮ-ਗਰਮ ਤਿੱਖੀ ਮਿਰਚ ਵਾਲੇ ਪਕੌੜਿਆਂ ਤੇ ਲੰਮੀ ਧੌਣ ਵਾਲੀ ਸੁਰਾਹੀ ਵਿਚ ਮੇਲ੍ਹਦੀ ਲਾਲ ਪਰੀ ਨੇ ਉਨ੍ਹਾਂ ਦੀ ਗੁਫਤਗੂ ਨੂੰ ਹੋਰ ਵੀ ਰਮਣੀਕ ਬਣਾ ਦਿੱਤਾ ਸੀ। ਛੇਤੀ ਹੀ ਉਹ ਸਭ ਰੰਗ ਵਿਚ ਹੋ ਗਏ ਸਨ।
ਯਾਰ, ਸਾਡੇ ਸਾਬ੍ਹ ਵਰਗਾ ਕਿਨ ਹੋ ਲੈਣਾਂ ਵਾ। ਮੈਂ ਤਾਂ ਕਈ ਵੇਰ ਇਨ੍ਹਾਂ ਦੇ ਘਰ ਵੀ ਜਾ ਆਇਆਂ ਵਾ। ਦੋ ਤਾਂ ਕੋਠੀਆਂ ਸਾਬ੍ਹ ਕੋਲ। ਇਕ ਪਿੰਡ ‘ਚ ਆ, ਦੂਜੀ ਮੋਹਾਲੀ ਵਿਚ। ਦੋ ਨਵੀਆਂ ਕਾਰਾਂ ਰੱਖੀਆਂ ਵਾ। ਇਕ ਆਪਣੇ ਲਈ ਤੇ ਦੂਜੀ ਆਪਣੇ ਮੁੰਡੇ ਲਈ ਕਾਲਜ ਜਾਣ ਨੂੰ। ਕੁੜੀ ਹੋਸਟਲ ‘ਚ ਰਹਿ ਕੇ ਚੰਡੀਗੜ੍ਹ ਪੜ੍ਹਦੀ ਆ। ਸਾਡੇ ਸਾਬ੍ਹ ਦੀਆਂ ਰੀਸਾਂ ਕਿਨ ਕਰ ਲੈਣੀਆਂ ਵਾ।’ ਨਸ਼ੇ ਵਿਚ ਖਿੜੇ ਬਾਲੂ ਨੇ ਆਪਣੇ ਸਾਬ੍ਹ ਦੀ ਖੂਬ ਸਿਫਤ ਕੀਤੀ।
”ਬਈ ਵੱਡੇ ਬੰਦਿਆਂ ਦੇ ਵੱਡੇ ਕੰਮ। ਸਾਬ੍ਹ ਨੂੰ ਕਾਹਦਾ ਘਾਟਾ।” ਲੋਰ ਵਿਚ ਹੋਏ ਵੀਰੂ ਨੇ ਬਾਲੂ ਦੀ ਸੁਣਾਈ ਗੱਲ ਦੀ ਝੱਟ ਸ਼ਾਅਦੀ ਭਰ ਦਿੱਤੀ।
”ਐਦਾਂ ਦੇ ਦਲੇਰ ਅਫਸਰ ਨੀ ਮਿਲਣੇ। ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ। ਵੇਖੋ ਨਾ ਅੱਜ ਬਿਨਾਂ ਮੰਗੇ ਸਾਨੂੰ ਪਾਰਟੀ ਲਈ ਪੰਜ ਸੌ ਰੁਪਇਆ ਕੱਢ ਕੇ ਫੜ੍ਹਾ ਦਿੱਤਾ। ਕਿਹੜਾ ਅਫਸਰ ਇੱਦਾਂ ਕਰਦਾ।” ਬਾਲੂ ਨੇ ਹੱਥ ਵਿਚ ਫੜਿਆ ਲਾਲ ਪਰੀ ਵਾਲਾ ਗਲਾਸ ਇਕੋ ਛੀਟੇ ਖਿੱਚਦਿਆਂ ਦੁਬਾਰਾ ਫਿਰ ਸਿਫਤ ਕੀਤੀ । ਰੰਗ ਵਿਚ ਹੋਇਆ ਬਾਲੂ ਅੱਜ ਗੱਲਾਂ ਦੀ ਲੜੀ ਟੁੱਟਣ ਹੀ ਨਹੀਂ ਸੀ ਦਿੰਦਾ। ਪਤਾ ਨਹੀਂ ਉਸ ਨੂੰ ਅੱਜ ਕਿੱਥੋਂ ਗੱਲਾਂ ਉਤਰ ਰਹੀਆਂ ਸਨ। ਮੁੜ-ਘਿੜ ਉਸ ਦੀ ਸੂਈ ਸਾਬੂ ‘ਤੇ ਆ ਟਿਕਦੀ ।
ਟੱਲੀ ਹੋਏ ਉਸ ਦੇ ਦੂਜੇ ਸਾਥੀ ਵੀ ਅੱਜ ਉਸ ਦੀ ਹਾਂ ਵਿਚ ਹਾਂ ਮਿਲਾਈ ਜਾ ਰਹੇ ਸਨ। ਬਾਲੂ ਦੀਆਂ ਗੱਲਾਂ ਸੁਣ-ਸੁਣ ਕੇ ਸਭ ਮਜ਼ਦੂਰ ਆਪਣੇ ਸਾਬ੍ਹ ਦੀ ਅਮੀਰੀ ‘ਤੇ ਅਸ਼-ਅਸ਼ ਕਰ ਰਹੇ ਸਨ। ਇਕ ਦਿਨ ਕੰਮ ‘ਤੇ ਆਉਂਦਿਆਂ ਹੀ ਬਾਲੂ ਫੁਹਾਰਾ ਚੱਕ ਕੇ ਪਨੀਰੀ ਨੂੰ ਪਾਣੀ ਸਪਰੇਅ ਕਰਨ ਲੱਗ ਪਿਆ। ਉਸ ਦੇ ਦੂਜੇ ਸਾਥੀ ਮਜ਼ਦੂਰ ਕੁਝ ਕੁ ਦੂਰ ਕਿਆਰੀਆਂ ਦੀ ਗੁਡਾਈ ਕਰ ਰਹੇ ਸਨ। ਗੁਡਾਈ ਕਰਦੇ-ਕਰਦੇ ਕਦੇ-ਕਦਾਈਂ ਉਹ ਬਾਲੂ ਵੱਲ ਵੇਖ ਮੀਸਣੀ ਹਾਸੀ ਹੱਸਦੇ ਤੇ ਆਪਸ ਵਿਚ ਗੱਲਾਂ ਕਰਨ ਲੱਗ ਜਾਂਦੇ।
ਅੱਜ ਉਨ੍ਹਾਂ ਦੀਆਂ ਗੱਲਾਂ ਪਹਿਲਾਂ ਵਾਂਗ ਸੰਜਮੀ ਨਹੀਂ ਸਨ ਜਿਵੇਂ ਉਨ੍ਹਾਂ ਨੂੰ ਬਾਲੂ ਦੀ ਸਾਬ੍ਹ ਕੋਲ ਸ਼ਿਕਾਇਤ ਲਾ ਦੇਣ ਦਾ ਕੋਈ ਭੈਅ ਹੀ ਨਾ ਹੋਵੇ। ਬਾਲੂ ਕਿਆਰੀਆਂ ਨੂੰ ਪਾਣੀ ਲਾਉਂਦਾ ਸ਼ਸ਼ੋਪੰਜ ਵਿਚ ਪਿਆ ਹੋਇਆ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਸੀ ਲੱਗ ਰਹੀ। ਉਹ ਉਨ੍ਹਾਂ ਦੀਆਂ ਸ਼ਰਾਰਤੀ ਹਰਕਤਾਂ ਤੋਂ ਮਨੋਂ-ਮਨੀਂ ਖਿਝਿਆ ਪਿਆ ਸੀ।
”ਬਾਲੂ! ਅੱਜ ਤੈਂ ਕੋਈ ਗੱਲ ਵੀ ਸੁਣੀ ਆਂ?” ਕੁਝ ਸਮੇਂ ਬਾਅਦ ਬੀਰੂ ਬਾਲੂ ਅਹੁਲ ਕੇ ਬੋਲਿਆ। ”ਅਖਬਾਰ ‘ਚ ਮੋਟੀ ਤਾਂ ਖਬਰ ਛਪੀ ਐ। ਸਾਡਾ ਸਾਬ੍ਹ ਨਛੱਤਰ ਸਿੰਘ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਸਸਪੈਂਡ ਹੋ ਗਿਐ। ਲੱਖਾਂ ਦਾ ਲੱਕੜ ਚੋਰੀ ਦੇ ਸਕੈਂਡਲ ਫੜਿਆ ਗਿਆ ਐ।” ਬੀਰੂ ਦੀ ਇਹ ਗੱਲ ਸੁਣ ਕੇ ਬਾਲੂ ਸੁੰਨ ਜਿਹਾ ਹੋ ਗਿਆ। ਕੁਝ ਚਿਰ ਦੀ ਖਾਮੋਸ਼ੀ ਬਾਅਦ ਉਹ ਗੁੱਸੇ ‘ਚ ਬੋਲਿਆ। ”ਇਹ ਗੱਲ ਹੋਏ ਨੀ ਸਕਦੀ। ਸਾਡਾ ਸਾਬ੍ਹ ਐਨਾ ਅਮੀਰ ਐ, ਉਨ ਭ੍ਰਿਸ਼ਟਾਚਾਰ ਕਾਹਦੇ ਲਈ ਕਰਨਾ ਐ। ਉਹ ਤਾਂ ਮੈਨੂੰ ਜੰਗਲਾਤ ਦੀ ਰਾਖੀ ਕਰਨ ਨੂੰ ਕਹਿੰਦਾ ਹੁੰਦਾ ਐ। ਇਹ ਝੂਠੀ ਖਬਰ ਐ।”
”ਜੇ ਤੈਨੂੰ ਨਹੀਂ ਯਕੀਨ ਆਉਂਦਾ ਤਾਂ ਅਖਬਾਰ ਪੜ੍ਹ ਲੈ ਜਾ ਕੇ। ਮੇਰੇ ਨਾਲ ਕਾਹਨੂੰ ਔਖਾ ਭਾਰਾ ਹੁੰਨਾ ਐ। ” ਬੀਰੂ ਨੇ ਹਿਰਖਦਿਆਂ ਜਵਾਬ ਦਿੱਤਾ ਤੇ ਵਾਪਿਸ ਆਪਣੇ ਕੰਮ ‘ਤੇ ਜਾ ਲੱਗਾ। ਬੀਰੂ ਦੇ ਇੰਝ ਆਖਣ ਨਾਲ ਬਾਲੂ ਦਾ ਮਨ ਸ਼ੰਕਾ ਵਿਚ ਪੈ ਗਿਆ। ਉਸ ਦੇ ਮਨ ਨੂੰ ਅੱਚੋਤਾਈ ਜਿਹੀ ਲੱਗ ਗਈ। ਉਹ ਵਾਰ-ਵਾਰ ਸੜਕ ਵੱਲ ਵੇਖਦਾ ਪਰ ਉਸ ਨੂੰ ਆਪਣੇ ਸਾਬ੍ਹ ਦੇ ਬੁਲੇਟ ਮੋਟਰ ਸਾਈਕਲ ਦੀ ਆਵਾਜ਼ ਕਿੱਧਰੇ ਵੀ ਸੁਣਾਈ ਨਾ ਦਿੰਦੀ। ਅਜ ਉਸ ਦਾ ਸਾਬ੍ਹ ਹਰ ਰੋਜ਼ ਦੀ ਤਰ੍ਹਾਂ ਨਰਸਰੀ ਵਿਚ ਵੀ ਨਹੀਂ ਸੀ ਆਇਆਂ। ਇਸ ਗਲੱ ਨੇ ਉਸ ਦੇ ਮਨ ਵਿਚ ਹੋਰ ਵੀ ਸ਼ੰਕੇ ਖੜ੍ਹੇ ਕਰ ਦਿੱਤੇ। ਉਸ ਦਾ ਨਰਸਰੀ ਵਿਚ ਟਿਕਣਾ ਭਾਰੀ ਹੋਇਆ ਪਿਆ ਸੀ। ਆਖਿਰ ਬੁਝੇ ਜਹੇ ਮਨ ਨਾਲ ਉਹ ਸਾਈਕਲ ਚੁੱਕ ਢਾਬੇ ‘ਤੇ ਅਖਬਾਰ ਪੜ੍ਹਨ ਚਲੇ ਗਿਆ। ਉਸ ਨੇ ਆਪਣੇ ਸਾਬ੍ਹ ਵਾਲੀ ਖਬਰ ਘੋਖ-ਘੋਖ ਕੇ ਪੜ੍ਹੀ। ਹੁਣ ਉਸ ਨੂੰ ਵਿਸ਼ਵਾਸ ਆ ਗਿਆ ਸੀ। ਉਹ ਬਹੁਤ ਨਮੋਸ਼ੀ ਵਿਚ ਡੁੱਬ ਗਿਆ ਜਿਵੇਂ ਉਸ ਦਾ ਸਾਬ੍ਹ ਨਹੀਂ, ਉਹ ਖੁਦ ਹੀ ਸਸਪੈਂਡ ਹੋ ਗਿਆ ਹੋਵੇ। ਨਰਸਰੀ ਵਿਚ ਕੰਮ ਕਰਦਾ ਹੋਇਆ ਵੀ ਉਹ ਉਦਾਸ ‘ਤੇ ਉੱਖੜਿਆ-ਉੱਖੜਿਆ ਸੀ। ਐਨਾ ਉਦਾਸ ਉਸ ਨੂੰ ਪਹਿਲਾਂ ਕਦੇ ਨਹੀਂ ਸੀ ਵੇਖਿਆ। ਸੰਝ ਵੇਲੇ ਘਰ ਪਹੁੰਚ ਕੇ ਵੀ ਉਸ ਦਾ ਮਨ ਉਦਾਸ ਹੀ ਸੀ। ਆਪਣੀ ਘਰਵਾਲੀ ਤੇ ਬੱਚਿਆਂ ਨਾਲ ਵੀ ਵੱਟਿਆ-ਵੱਟਿਆ ਹੀ ਰਿਹਾ।
ਰਾਤ ਭਰ ਹਨੇਰੀ ਚੱਲਦੀ ਰਹੀ ਜਿਵੇਂ ਤੂਫਾਨ ਹੀ ਆ ਗਿਆ ਹੋਵੇ। ਤੂਫਾਨ ਦੀ ਸ਼ੂਕਦੀ ਆਵਾਜ਼ ਬਾਲੂ ਨੂੰ ਹੋਰ ਵੀ ਡਰਾਈ ਜਾ ਰਹੀ ਸੀ। ਉਹ ਸੌਣ ਦੀ ਕੋਸ਼ਿਸ਼ ਕਰਦਾ ਪਰ ਗੱਲ ਨਾ ਬਣਦੀ। ਸਾਰੀ ਰਾਤ ਉਸਲਵੱਟੇ ਲੈਂਦਿਆਂ ਤੇ ਬੇਚੈਨੀ ਵਿਚ ਹੀ ਬੀਤੀ। ਸਵੇਰ ਹੋਈ ਤਾਂ ਉਹ ਉਨੀਂਦਰੇ ਦਾ ਭੰਨਿਆ ਮਸੋਸਿਆਂ ਵਾਂਗ ਉੱਠਿਆ ਤੇ ਬਿਨ੍ਹਾਂ ਕੁਝ ਖਾਧੇ ਕੰਮ ‘ਤੇ ਚਲੇ ਗਿਆ।
ਰਾਤ ਭਰ ਚੱਲਦੇ ਰਹੇ ਝੱਖੜ ਕਾਰਨ ਜੰਗਲਾਤ ਦੇ ਬਹੁਤ ਸਾਰੇ ਦਰੱਖਤ ਜੜ੍ਹੋਂ ਉਖੜੇ ਪਏ ਸਨ। ਨਹਿਰ ਕਿਨਾਰੇ ਖੜ੍ਹੇ ਲੰਬੇ-ਲੰਬੇ ਸਫੈਦਿਆਂ ਦੇ ਟਾਹਣੇ ਲੋਕ ਮੋਢਿਆਂ ‘ਤੇ ਚੁੱਕੀ ਆਪੋ-ਆਪਣੇ ਘਰਾਂ ਨੂੰ ਲਈ ਜਾ ਰਹੇ ਸਨ। ਕਈ ਬੱਚੇ ਲੱਕੜਾਂ ਚੁੱਕਣ ਲਈ ਵਾਰ-ਵਾਰ ਗੇੜੇ ਲਾ ਰਹੇ ਸਨ। ਕਈ ਲੱਕੜਾਂ ਢੋਣ ਲਈ ਰੇੜ੍ਹੇ ਜੋਤ ਕੇ ਤੁਰੇ ਹੋਏ ਸਨ। ਬਾਲੂ ਤੋਂ ਇਹ ਦ੍ਰਿਸ਼ ਵੇਖਿਆ ਨਹੀਂ ਸੀ ਜਾਂਦਾ। ਨਰਸਰੀ ਵੱਲ ਤੁਰਿਆ ਜਾਂਦਾ ਉਹ ਖਿਝਿਆ ਪਿਆ ਸੀ। ਉਹ ਹੁਣ ਕਿਸ ਦੇ ਸਿਰ ‘ਤੇ ਬੋਲਦਾ। ਉਸ ਦਾ ਸਾਬ੍ਹ ਤਾਂ ਸਸਪੈਂਡ ਹੋ ਗਿਆ ਸੀ। ਉਹ ਸੜਿਆ ਭੁੱਜਿਆ ਨਰਸਰੀ ਪਹੁੰਚਿਆ ਤੇ ਚੁੱਪਚਾਪ ਬੂਟਿਆਂ ਨੂੰ ਪਾਣੀ ਪਾਉਣ ਲੱਗ ਪਿਆ। ਇੰਝ ਕਈ ਦਿਨ ਬੀਤੇ ਗਏ। ਉਹ ਆਪਣੇ ਕੰਮ ਨਾਲ ਹੀ ਵਾਹ-ਵਾਸਤਾ ਰੱਖਦਾ। ਆਪਣੇ ਨਾਲ ਕੰਮ ਕਰਦੇ ਸਾਥੀ ਮਜ਼ਦੂਰਾਂ ਨਾਲ ਵੀ ਉਹ ਹੁਣ ਮਤਲਬ ਦੀ ਗੱਲ ਹੀ ਕਰਦਾ ਸੀ। ਜਦੋਂ ਉਸ ਦੇ ਸਾਥੀ ਆਪਸ ਵਿਚ ਕਿਸੇ ਗੱਲੋਂ ਹਾਸਾ-ਠੱਠਾ ਵੀ ਕਰਦੇ ਤਾਂ ਉਹ ਉਨ੍ਹਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਹੀ ਵੇਖਦਾ।
ਅਜਿਹੇ ਸ਼ੱਕੀ ਹਾਲਾਤ ਕਾਰਨ ਉਸ ਦਾ ਸੁਭਾਅ ਪਹਿਲਾਂ ਨਾਲੋਂ ਰੁੱਖਾ ਤੇ ਚਿੜਚਿੜਾ ਜਿਹਾ ਬਣ ਗਿਆ ਸੀ। ਇਕ ਦਿਨ ਆਪਣੇ ਸਾਬ੍ਹ ਨੂੰ ਯਾਦ ਕਰ ਕੇ ਬਾਲੂ ਦਾ ਮਨ ਉਚਾਟ ਜਿਹਾ ਹੋ ਗਿਆ। ਛੁੱਟੀ ਵਾਲੇ ਦਿਨ ਉਸ ਨੇ ਸਵੱਖਤੇ ਹੀ ਮੋਹਾਲੀ ਵਾਲੀ ਬੱਸ ਫੜੀ ਤੇ ਆਪਣੇ ਸਾਬ੍ਹ ਦੀ ਕੋਠੀ ਜਾ ਪਹੁੰਚਿਆ। ”ਬਾਲੂ! ਕੀ ਹਾਲ ਏ ਤੇਰਾ?” ਆਪਣੀ ਕੋਠੀ ਪਹੁੰਚੇ ਬਾਲੂ ਨੂੰ ਵੇਖ ਕੇ ਫਾਰੈਸਟ ਅਫਸਰ ਨਛੱਤਰ ਸਿੰਘ ਨੇ ਪੁੱਛਿਆ। ”ਸਾਬ੍ਹ ਜੀ, ਕੀ ਦੱਸਾਂ, ਪੁੱਛੋ ਨਾ। ਮਨ ਬਹੁਤ ਦੁਖੀ ਆ।”
”ਕੀ ਗੱਲ? ਮਨ ਨੂੰ ਕੀ ਹੋ ਗਿਆ?” ਨਛੱਤਰ ਸਿੰਘ ਨੇ ਟਿੱਚਰ ਜਿਹੀ ਨਾ ਪੁੱਛਿਆ। ‘ਸਾਬ੍ਹ ਜੀ, ਜਦੋਂ ਦੇ ਤੁਸ਼ੀਂ ਸਸਪੈਂਡ ਹੋਏ ਓ ਨਰਸਰੀ ਦੇ ਦੋ-ਤਿੰਨ ਬੰਦੇ ਤਾਂ ਬਾਹਲੇ ਈ ਖੁਸ਼ ਆ। ਮੈਨੂੰ ਛੇੜ-ਛੇੜ ਕੇ ਚਿੜਾਂਦੇ ਬਹੁਤ ਆ। ਮੈਂ ਬੜਾ ਦੁਖੀ ਆਂ ਉਨ੍ਹਾਂ ਤੋਂ। ਸੱਚ ਪੁੱਛੋਂ ਮੇਰਾ ਤਾਂ ਹੁਣ ਨਰਸਰੀ ਵਿਚ ਕੰਮ ਕਰਨ ਨੂੰ ਜੀ ਈ ਨਹੀਂ ਕਰਦਾ।”
”ਬਾਲੂ। ਤੂੰ ਕਿਓ ਫਿਕਰ ਕਰਦੈਂ? ਬਸ ਇਕ ਮਹੀਨਾ ਹੋਰ ਏ। ਮੈਂ ਆਇਆ ਕਿ ਆਇਆ। ਕਿਸੇ ਤੋਂ ਡਰੀਦਾ ਨੀਂ ਹੁੰਦਾ। ਪਹਿਲਾਂ ਵਾਂਗ ਈ ਦਬਕਾ ਰੱਖਿਆ ਕਰ। ਜਦ ਮੈਂ ਨਰਸਰੀ ‘ਚ ਆਉਂਗਾ, ਫਿਰ ਮੈਨੂੰ ਦੱਸੀਂ। ਸਾਲਿਆਂ ਨੂੰ ਕੰਮ ਤੋਂ ਨਾ ਕੱਢਿਆ। ਉਹ ਵੀ ਕੀ ਜਾਣਨਗੇ।”
ਨਛੱਤਰ ਸਿੰਘ ਦੀ ਦਿੱਤੀ ਹੱਲਾਸ਼ੇਰੀ ਨਾਲ ਬਾਲੂ ਹੌਂਸਲੇ ਵਿਚ ਆ ਗਿਆ। ਉਸ ਦੇ ਮੁਰਝਾਏ ਚਿਹਰੇ ‘ਤੇ ਇਕ ਨਿੱਕੀ ਜਿਹੀ ਮੁਸਕਾਨ ਉਭਰ ਆਈ। ਛੇਤੀ ਹੀ ਨਛੱਤਰ ਸਿੰਘ ਨੇ ਆਪਣਾ ਘਰੇਲੂ ਨੌਕਰ ਭੇਜ ਕੇ ਬਾਲੂ ਲਈ ਬਾਜ਼ਾਰੋਂ ਮਠਿਆਈ ਤੇ ਸਮੋਸੇ ਮੰਗਵਾ ਲਏ। ਚਾਹ ਪੀਂਦਾ ਹੋਇਆ ਖੁਸ਼ ਰੌਂਅ ਵਿਚ ਬੈਠਾ ਬਾਲੂ ਆਪਣੇ ਸਾਬ੍ਹ ਨਾਲ ਢੇਰ ਸਮਾਂ ਗੱਲਾਂ ਕਰਦਾ ਰਿਹਾ। ਆਪਣੀ ਹੋਈ ਸੇਵਾ ਕਾਰਨ ਅੱਜ ਉਹ ਸਾਬ੍ਹ ‘ਤੇ ਹੋਰ ਵੀ ਨਿਹਾਲ ਹੋ ਗਿਆ ਸੀ। ਆਪਣੇ ਮਨ ਦਾ ਗੁਬਾਰ ਕੱਢ ਕੇ ਜਦੋਂ ਬਾਲੂ ਤੁਰਨ ਲੱਗਾ ਤਾਂ ਨਛੱਤਰ ਸਿੰਘ ਨੇ ਮੱਲੋ-ਮੱਲੀ ਉਸ ਦੀ ਜੇਬ ਵਿਚ ਸੌ ਦਾ ਨੋਟ ਪਾ ਦਿੱਤਾ। ਬਾਲੂ ਨੂੰ ਤਾਂ ਉਸ ਦੇ ਬੱਸ ਕਿਰਾਏ ‘ਤੇ ਲੱਗੇ ਪੈਸਿਆਂ ਨਾਲੋਂ ਵੀ ਵੱਧ ਪੈਸੇ ਮਿਲ ਗਏ ਸਨ। ਉਹ ਖੁਸ਼ ਹੋ ਗਿਆ। ਅੱਜ ਉਸ ਨੂੰ ਆਪਣਾ ਸਾਬ੍ਹ ਪਹਿਲਾਂ ਨਾਲੋਂ ਵੀ ਚੰਗਾ-ਚੰਗਾ ਲੱਗ ਰਿਹਾ ਸੀ। ਬੱਸ ਅੱਡੇ ਵੱਲ ਤੁਰਿਆ ਜਾਂਦਾ ਵੀ ਉਹ ਆਪਣੇ ਸਾਬ੍ਹ ਲਈ ਦੁਆਵਾਂ ਕਰੀ ਜਾ ਰਿਹਾ ਸੀੇ। ਅੱਜ ਬਾਲੂ ਦਾ ਮਨ ਪਹਿਲਾਂ ਨਾਲੋਂ ਕਾਫੀ ਹਲਕਾ ਹੋ ਗਿਆ ਸੀ। ਘਰ ਪਹੁੰਚ ਕੇ ਵੀ ਅੱਜ ਉਸ ਨੇ ਆਪਣੀ ਘਰਵਾਲੀ ਤੇ ਬੱਚਿਆਂ ਨਾਲ ਖੂਬ ਗੱਲਾਂ ਕੀਤੀਆਂ ਸਨ।
ਇਕ ਦਿਨ ਨਵੀਂ-ਨਕੋਰ ਨਵੇਂ ਮਾਡਲ ਦੀ ਇਕ ਕਾਰ ਨਰਸਰੀ ਕੋਲ ਆ ਕੇ ਰੁਕੀ। ਸਭ ਮਜ਼ਦੂਰ ਉਸ ਕਾਰ ਵੱਲ ਗਹੁ ਨਾਲ ਵੇਖਣ ਲੱਗੇ। ਕਾਰ ਵਿਚ ਤਾਂ ਫਾਰੈਸਟ ਅਫਸਰ ਨਛੱਤਰ ਸਿੰਘ ਹੀ ਸੀ। ਉਹ ਤੇ ਸੱਚਮੁੱਚ ਹੀ ਆਪਣੀ ਨੌਕਰੀ ‘ਤੇ ਬਹਾਲ ਹੋ ਗਿਆ ਸੀ। ਅਚਾਨਕ ਨਰਸਰੀ ਵਿਚ ਆਏ ਆਪਣੇ ਸਾਬ੍ਹ ਨੂੰ ਵੇਖ ਕੇ ਬਾਲੂ ਭੁਚੱਕਾ ਰਹਿ ਗਿਆ। ਉਹ ਖੁਸ਼ੀ ਵਿਚ ਖੀਵਾ ਹੋਇਆ ਝੱਲਿਆਂ ਵਾਂਗ ਇਧਰ-ਉਧਰ ਨੱਸਾ ਫਿਰੀ ਜਾ ਰਿਹਾ ਹੋਵੇ। ਸਾਬ੍ਹ ਨੂੰ ਸਲਾਮ ਕਰਨ ਤੋਂ ਬਾਅਦ ਸਭ ਮਜ਼ਦੂਰ ਵਾਪਸ ਨਰਸਰੀ ਵਿਚ ਆਪਣੇ ਕੰਮ ‘ਤੇ ਜਾ ਲੱਗੇ।
‘ਬਾਲੂ! ਅਹਿ ਫੜਾ ਪੰਜ ਸੌ ਰੁਪਈਆ। ਇਕ ਡੱਬਾ ਮਠਿਆਈ ਦਾ ਆਪਣੇ ਬੱਚਿਆਂ ਲਈ ਲੈ ਜਾਵੀਂ, ਬਾਕੀ ਬਚਦੇ ਪੈਸਿਆਂ ਨਾਲ ਆਪਣੇ ਸਾਰੇ ਸਾਥੀਆਂ ਨੂੰ ਅੱਜ ਖੁਸ਼ ਕਰ ਦੇਵੀਂ।’
ਫਾਰੈਸਟ ਅਫਸਰ ਨੇ ਕੁਝ ਸਮੇਂ ਬਾਅਦ ਬਾਲੂ ਨੂੰ ਪੰਜ ਸੌ ਦਾ ਨੋਟ ਫੜਾਂਦਿਆਂ ਆਖਿਆ।
‘ਸਾਬ੍ਹ ਜੀ, ਅਜੱ ਨੀ ਪਾਰਟੀ ਲੈਣੀ ਅਸੀਂ। ਤਨਖਾਹ ਮਿਲੀ ‘ਤੇ ਕਰ ਦਿਓ। ਤਿੰਨ-ਚਾਰ ਮਹੀਨੇ ਥੋਨੂੰ ਤਨਖਾਹ ਮਿਲੀ ਨੂੰ ਹੋ ਗਏ ਆ।’ ਬਾਲੂ ਨੇ ਆਪਣੇ ਸਾਬ੍ਹ ਨਾਲ ਹਮਦਰਦੀ ਜਤਾਉਂਦਿਆਂ ਜਵਾਬ ਦਿੱਤਾ।
”ਬਾਲੂ। ਕੋਈ ਗੱਲ ਨਹੀਂ । ਇਸ ਗੱਲ ਨਾਲ ਕੀ ਫਰਕ ਪੈਣਾ ਏੰ। ਤਨਖਾਹ ਤਾਂ ਮੈਂ ਕਦੇ ਪਹਿਲਾਂ ਨੀ ਬੈਂਕ ‘ਚੋਂ ਕਢਾਈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਮੇਰੀ ਤਨਖਾਹ ਹੈ ਕਿੰਨੀ ਏ?” ਫਾਰੈਸਟ ਅਫਸਰ ਨੇ ਬਾਲੂ ਨੂੰ ਮਾਣ ਨਾਲ ਆਖਿਆ।
ਆਪਣੇ ਸਾਬ੍ਹ ਦੀ ਇਹ ਗੱਲ ਸੁਣ ਕੇ ਬਾਲੂ ਦਾ ਮੱੱਥਾ ਠਣਕਿਆ। ਉਹ ਦੂਰ ਖੜ੍ਹੀ ਸਾਬ੍ਹ ਦੀ ਨਵੀਂ-ਨਕੋਰ ਕਾਰ ਵੱਲ ਢੇਰ ਸਮਾਂ ਟਿਕਟਿਕੀ ਲਾਈ ਵੇਖਦਾ ਰਿਹਾ। ਫਿਰ ਉਸ ਨੂੰ ਆਪਣੇ ਮੋਏ ਬਾਪ ਦੀ ਯਾਦ ਆਈ। ਜੇ ਤਨਖਾਹ ਵਾਲੇ ਦਿਨ ਦੀ ਕਿਵੇਂ ਬੇਸਬਰੀ ਨਾਲ ਉਡੀਕ ਕਰਦਾ ਹੁੰਦਾ ਸੀ। ਸਾਰੀ ਉਮਰ ਮਿਹਨਤ-ਮੁਸ਼ੱਕਤ ਕਰਦਾ ਵੀ ਉਹ ਕਰਜ਼ਾਈ ਹੀ ਰਿਹਾ ਸੀ। ਆਖਿਰ ਖੁਦਕੁਸ਼ੀ ਕਰ ਕੇ ਹੀ ਉਹ ਕਰਜ਼ੇ ਤੋਂ ਮੁਕਤ ਹੋਇਆ ਸੀ। ਫਿਰ ਉਸ ਨੇ ਆਪਣੀ ਜੇਬ ‘ਚੋਂ ਸਾਬ੍ਹ ਦਾ ਦਿੱਤਾ ਪੰਜ ਸੌ ਦਾ ਨੋਟ ਕੱਢਿਆ ਤੇ ਉਸ ਵੱਲ ਗਹੁ ਨਾਲ ਵੇਖਣ ਲੱਗਾ ਜਿਵੇਂ ਪ੍ਰੀਖਿਆ ਕੇਂਦਰ ਵਿਚ ਬੈਠਾ ਕੋਈ ਵਿਦਿਆਰਥੀ ਪ੍ਰਸ਼ਨ ਪੱਤਰ ਘੋਖ ਰਿਹਾ ਹੋਵੇ।
ਹੁਣ ਜਦੋਂ ਕਦੇ ਵੀ ਬਾਲੂ ਕਿਸੇ ਤ੍ਰੀਮਤ ਜਾਂ ਬਜ਼ੁਰਗ ਨੂੰ ਜੰਗਲਾਤ ਵੱਲੋਂ ਲੱਕੜਾਂ ਦੀ ਭਰੀ ਚੁੱਕੀ ਆਉਂਦਾ ਵੇਖਦਾ ਤਾਂ ਕਦੇ ਵੀ ਟੋਕਾਟਾਕੀ ਨਾ ਕਰਦਾ।
ਮਿੰਨੀ ਕਹਾਣੀ
ਦਰਦਨਾਕ ਦੁਬਿਧਾ
– ਬਲਜੀਤ ਮਲਹਾਂਸ
ਮੈਂ ਇੱਕ ਜੱਟ ਦੀ ਧੀ ਹਾਂ । ਮੇਰਾ ਪਿਓ ਸਰਦਾਰ ਸੀ…. ਪਰਵਾਸੀ ਮਜ਼ਦੂਰਾਂ ਦਾ ਸਰਦਾਰ । ਉਂਝ ਜਦੋਂ ਤੋਂ ਮੇਰੀ ਸੁਰਤ ਸੰਭਲ਼ੀ, ਮੈਂ ਬੇਬੇ-ਬਾਪੂ ਨੂੰ ਹਮੇਸ਼ਾ ਕਰਜ਼ੇ ਦੀਆਂ ਗੱਲਾਂ ਕਰਦੇ ਹੀ ਸੁਣਿਆ ।
ਜ਼ਮੀਨ ਠੇਕੇ ‘ਤੇ ਲੈਣੀ ਹੁੰਦੀ ਜਾਂ ਯੂਰੀਆ ਖਰੀਦਣਾ ਹੁੰਦਾ, ਸਪਰੇਅ ਕਰਨੀ ਹੁੰਦੀ ਜਾਂ ਨਾਨਕਛੱਕ ਪੂਰਨ ਜਾਣਾ ਹੁੰਦਾ……ਹਰ ਵਾਰ ਬਾਪੂ ਦਾ ਅੰਗੂਠਾ ਸ਼ਾਹੂਕਾਰ ਦੀ ਵਹੀ ‘ਤੇ ਲੱਗਦਾ ।
ਹਰ ਛਿਮਾਹੀ ਭਰਵੀਂ ਫ਼ਸਲ ਹੁੰਦੀ, ਟਰਾਲੀਆਂ ਭਰ ਭਰ ਮੰਡੀ ਵੱਲ ਜਾਂਦੀਆਂ ।
ਹਰ ਛਿਮਾਹੀ ਮਾਂ ਆਖਦੀ, ”ਐਤਕੀਂ ਮੈਂ ਵੀ ਆਉਣ-ਜਾਣ ਨੂੰ ਨਮਾਂ ਸੂਟ ਲੈਣਾਂ ।”
ਪਰ ਮਾਂ ਦੇ ਜਿੁਉਂਦੇ ਜੀਅ ਉਹ ਛਿਮਾਹੀ ਕਦੇ ਨਾ ਆਈ ।
ਹਰ ਵਾਰ ਬਾਪੂ ਖਾਲੀ ਖੀਸਾ ਤੇ ‘ਨੀਲਾ ਗੂਠਾ’ ਲੈ ਮੰਡੀਓਂਂ ਮੁੜਦਾ। ਕਈ ਵਾਰ ਨੀਲੀ ਸਿਆਹੀ ਉਸਦੀਆਂ ਅੱਖਾਂ ਦੇ ਕੋਇਆਂ ‘ਤੇ ਵੀ ਲੱਗੀ ਹੁੰਦੀ । ਉਸ ਰਾਤ ਬਾਪੂ ਰੱਜ ਕੇ ਦਾਰੂ ਪੀਂਦਾ ਤੇ ਬਿਨਾਂ ਰੋਟੀ ਖਾਧੇ ਸੌਂ ਜਾਂਦਾ ।
ਮੈਨੂੰ ਯਾਦ ਹੈ ਇੱਕ ਵਾਰ ਜਦੋਂ ਸਾਰੇ ਘਰਦਿਆਂ ਨੇ ਫੁੱਫੜ ਦੀ ਮਕਾਣ ਜਾਣਾ ਸੀ ਤਾਂ ਬੇਬੇ ਨੇ ਬਾਪੂ ਦੀ ਜੁੱਤੀ ਗੰਢਵਾਉਣ ਮੈਨੂੰ ਜੀਤੇ ਮੋਚੀ ਕੋਲ਼ ਭੇਜਿਆ ਸੀ ।
ਜੀਤੇ ਮੋਚੀ ਨੇ ਜੁੱਤੀ ਨੂੰ ਪੁੱਠੀ-ਸਿੱਧੀ ਕਰਦਿਆਂ ਕਿਹਾ ਸੀ, ” ਕੁੜੀਏ! ਇਹ ਨੀ ਗੰਢੀ ਜਾ ਸਕਦੀ ਹੋਰ ਕਿਤਿਓਂ, ਪਹਿਲਾਂ ਈ ਬਥੇਰੀ ਵਾਰ ਗੰਢ ਚੁੱਕਾਂ ।”
ਤੇ ਫਿਰ ਉਸ ਅਪਣੇ ਬਕਸੇ ਜਿਹੇ ‘ਚੋਂ ਇੱਕ ਜੁੱਤੀ ਕੱਢ ਮੈਨੂੰ ਦਿੰਦਿਆਂ ਕਿਹਾ ਸੀ, ”ਲੈ ਫੜ ਮੱਲਾ ! ਆਹ ਲੈਜਾ….ਸਾਲ ਭਰ ਤੋਂ ਪਈ ਆ ਐਥੇ …ਇਹਦਾ ਕੋਈ ਵਾਲੀ-ਵਾਰਸ ਨੀ ਹੈਗਾ।”
ਮੈਂ ਜੁੱਤੀ ਫੜ ਸਾਹੋ-ਸਾਹ ਹੋਈ ਬਾਪੂ ਕੋਲ਼ ਭੂਰੇ ਆਲ਼ੀ ਮੋਟਰ ‘ਤੇ ਜਾ ਪਹੁੰਚੀ । ਪਰ ਜੁੱਤੀ ਨੂੰ ਵੇਖ ਬਾਪੂ ਪਤਾ ਨੀ ਕਿਉਂ ਅੱਗ ਵਾਂਗੂੰ ਮੱਚ ਉਠਿਆ ਸੀ।
ਸ਼ਾਮ ਨੂੰ ਘਰ ਦੀ ਕੱਢੀ ਦਾ ਗਲਾਸ ਅੰਦਰ ਸਿੱਟ ਉਸ ਜੀਤੇ ਮੋਚੀ ਸਮੇਤ ਸਾਰੇ ਪਿੰਡ ਦੀ ਮਾਂ-ਭੈਣ ਇੱਕ ਕਰ ਦਿੱਤੀ ਸੀ । ਅਖੇ ‘ਅਸੀਂ ਜੱਟ ਹੁੰਨੇ ਆਂ, ਮੰਗਤੇ ਨੀ।’
ਮੈਨੂੰ ਤਾਂ ਇਹ ਵੀ ਯਾਦ ਐ ਕਿ ਮਾਂ ਜਦੋਂ ਵੀ ਪੇਕਿਆਂ ਤੋਂ ਆਉਂਦੀ, ਕੁੱਜੇ, ਭੜੋਲੀਆਂ ਵਿੱਚ ਕੁੱਝ ਲੁਕੋਂਦੀ ਰਹਿੰਦੀ । ਜਦੋਂ ਮੈਂ ਤੇ ਮੇਰਾ ਛੋਟਾ ਭਰਾ ਸਕੂਲ ਦੀ ਫ਼ੀਸ ਲਈ ਪੈਸੇ ਮੰਗਦੇ ਜਾਂ ਕੋਈ ਨਿੱਕੀ-ਮੋਟੀ ਚੀਜ਼ ਲੈਣ ਦੀ ਜ਼ਿੱਦ ਕਰਦੇ ਤਾਂ ਮਾਂ ਓਹੀ ਕੁੱਜੇ, ਭੜੋਲੀਆਂ ਫ਼ੋਲ ਮੁੜੇ-ਤੁੜੇ ਨੋਟ ਸਾਨੂੰ ਦਿੰਦੀ ।
ਹਾਂ ਸੱਚ, ਇਹ ਤਾਂ ਦੱਸਣੋਂ ਰਹਿ ਈ ਗਿਆ ਕਿ ਜਿਵੇਂ ਮੇਰਾ ਬਾਪੂ ਸਰਦਾਰ ਸੀ ਉਵੇਂ ਮੇਰੀ ਬੇਬੇ ਵੀ ਸਰਦਾਰਨੀ ਸੀ । ਨਰਮਾਂ ਜਾਂ ਕਪਾਹ ਚੁੱਗ ਕੇ ਆਈਆਂ ਚੁਗਾਵੀਆਂ ਉਸ ਦੇ ਬਰਾਬਰ ਮੰਜੇ ਤੇ ਨਹੀਂ ਸੀ ਬਹਿੰਦੀਆਂ ਸਗੋਂ ਭੁੰਜੇ ਬਹਿੰਦੀਆਂ ਤੇ ਮਾਂ ਨੂੰ ਸਰਦਾਰਨੀ-ਸਰਦਾਰਨੀ ਕਹਿੰਦੀਆਂ ।
ਜ਼ਮੀਨ ਤਾਂ ਬਾਪੂ ਦੇ ਜਿਉਂਦਿਆਂ ਹੀ ਮੁੱਕ ਗਈ ਸੀ ਤੇ ਬਾਪੂ ਦੇ ਨਹਿਰ ‘ਚ ਡੁੱਬਣ ਤੋਂ ਬਾਅਦ ਘਰ ਵੀ ਕੁਰਕੀ ਹੋ ਗਿਆ ਸੀ। ਮਾਂ ਨੇ ਅਜਿਹਾ ਹੌਂਕਾ ਲਿਆ ਕਿ ਪੇਕੇ ਜਾ ਦਿਨਾਂ ਵਿੱਚ ਹੀ ਮੁੱਕ ਗਈ।
ਉਸਦੀਆਂ ਅੰਤਮ ਰਸਮਾਂ ਨਿਭਾਉਣੀਆਂ ਸਨ। ਮਾਮੇ ਪਿੰਡ ਦੀਆਂ ਸਾਰੀਆਂ ਲਾਗਣਾਂ ਨੂੰ ਸੂਟ ਦੇ ਕੇ ਗਏ ਸੀ ….ਅਖੇ ਤਾਂ ਕੀ ਹੋਇਆ ਜੇ ਅੱਜ ਘਰਬਾਰ ਨ੍ਹੀ ਰਿਹਾ…..ਆਖਿਰ ਨੂੰ ਜੱਟ ਹੁੰਨੇ ਆਂ, ਲਾਗੀਆਂ ਦਾ ਲਾਗ ਥੋੜ੍ਹੀ ਮਾਰਨਾ।’
ਹੁਣ ਹਾਲਾਤ ਕੁੱਝ ‘ਬਦਲ’ ਗਏ ਨੇ !
ਮੈਂ ਅਪਣੇ ਦਹਾਜੂ ਪਤੀ ਤੇ ਉਸਦੇ ਪਹਿਲੇ ਤਿੰਨ ਨਿਆਣਿਆਂ ਨਾਲ਼ ਇੱਥੇ ਬਾਹਰਲੇ ਮੁਲਕ ਵਿੱਚ ‘ਸੈੱਟ’ ਹਾਂ।
ਰਾਤ ਨੂੰ ਫੈਕਟਰੀ ਵਿੱਚ ਕੰਮ ਕਰਦੀ ਹਾਂ ਤੇ ਦਿਨੇ ਜੇ ਵਿਹਲ ਮਿਲ਼ੇ ਤਾਂ ਆਹ ਸਭ ਲਿਖ ਲੈਂਦੀ ਹਾਂ।
ਕਦੀ ਕਦੀ ਵੀਰੇ ਦੀ ਬਹੁਤ ਯਾਦ ਆਉਂਦੀ ਆ ਜਿਸਨੇ ਪਿੰਡ ਤੋਂ ਕਿਤੇ ਦੂਰ ਚਾਹ ਦੀ ਦੁਕਾਨ ਕਰ ਲਈ ਸੀ …. ਅਖੇ ‘ਪਿੰਡ ‘ਚ ਇਹ ਕੰਮ ਕੀਤਾ ਤਾਂ ਲੋਕ ਕੀ ਕਹਿਣਗੇ ……ਫੇਰ ਵੀ ਆਪਾਂ ਜੱਟ ਹੁੰਨੇ ਆਂ।’
ਕੋਟਲ਼ੇ ਧਾਗਾ ਮਿੱਲ ‘ਚ ਕੰਮ ਕਰਦੀ ਭਰਜਾਈ ਨਾਲ਼ ਦੁੱਖ-ਸੁੱਖ ਕਰ ਲਈਦਾ। ਉਹ ਵੀ ਕਈ ਵਾਰ ਨਿਰਾਸ਼ ਜਿਹੀ ਹੋ ਕੇ ਆਖਦੀ ਆ, ”ਬੀਬੀ ! ਤੇਰੇ ਭਤੀਜੇ ਦੇ ਲੱਛਣ ਠੀਕ ਜੇ ਨੀ ਲੱਗਦੇ ….ਬਾਣੀਆਂ ਦੀ ਕੁੜੀ ਦਾ ਖਹਿੜਾ ਈ ਨ੍ਹੀ ਛੱਡਦਾ ਭੈੜਾ….ਡਰ ਲੱਗਦਾ ਕਿਤੇ ਹੋਰ ਜਾਤ-ਕੁਜਾਤ ਨਾ ਵਿਆਹ ਲਿਆਵੇ …. ਐਂ ਜਰਿਆ ਨੀ ਜਾਣਾ ਅੜੀਏ….ਆਪਾਂ ਤਾਂ ਫੇਰ ਵੀ ਜੱਟ ਆਂ”
ਤੇ ਓਧਰ ਭਤੀਜਾ ਸਾਰਾ ਦਿਨ ਫੇਸਬੁੱਕ ‘ਤੇ ਸੈਲਫੀਆਂ ਜਿਹੀਆਂ ਖਿੱਚ-ਖਿੱਚ ਪਾਈ ਜਾਂਦਾ….’ਅਖੇ …..’ ਜੱਟ ਤਾਂ ਜੁਗਾੜੀ ਹੁੰਦੇ ਆ’
ਪਤਾ ਨੀ ਉਹ ਕਿਹੜਾ ਜੁਗਾੜ ਸੀ ਜੋ ਬਾਪੂ ਤੇ ਵੀਰੇ ਨੂੰ ਲੜਾਉਣਾ ਨੀ ਆਇਆ?
ਜੱਟ ਹੋਣਾ ਵਰ ਹੈ ਕਿ ਸਰਾਪ ? ਸਮਝ ਨੀ ਆਉਂਦੀ…..!
ग़ज़ल
– गोयल दास नीरज
अब तो मज़हब कोई ऐसा भी चलाया जाए।
जिसमें इंसान को इंसान बनाया जाए।
जिसकी ख़ुशबू से महक जाय पड़ोसी का भी घर
फूल इस कि़स्म का हर सिम्त खिलाया जाए।
आग बहती है यहाँ गंगा में झेलम में भी
कोई बतलाए कहाँ जाके नहाया जाए।
प्यार का ख़ून हुआ क्यों ये समझने के लिए
हर अँधेरे को उजाले में बुलाया जाए।
मेरे दुख-दर्द का तुझ पर हो असर कुछ ऐसा
मैं रहूँ भूखा तो तुझसे भी न खाया जाए।
जिस्म दो होके भी दिल एक हों अपने ऐसे
मेरा आँसू तेरी पलकों से उठाया जाए।
गीत उन्मन है, गज़़ल चुप है, रूबाई है दुखी
ऐसे माहौल में ‘नीरज’ को बुलाया जाए।
ग़ज़ल
– महेश सुगम
बेकाुबाँ माहौल में शामिल हमारी चीख है
गौर करियेगा जरा ये मुआमला बारीक है
रोटियों की खोज में हैं इस तरह मसरूफ हम
पूछिए मत कौन सा दिन कौन सी तारीख है
हो रहीं गुमनाम मौतें किाक्र तक जिनका नहीं
पर छपी मुख पृष्ठ पर जो इक सियासी छींक है
रात भर थाने में अबला की हुई दुर्गति हुजूर
खून से कपड़े सने हैं और तो सब ठीक है
चंद लोगों में सिमटकर रह गयी दौलत यहां
हर तरफ ही मुफलिसी इस बात की तस्दीक है
इस सियासत ने नए सामन्त पैदा कर दिए
चल पड़ी आज फिर सदियों पुरानी लीक है
ਗ਼ਜ਼ਲ
– ਮੱਖਣ ਕੁਹਾੜ
ਵੱਡਿਆਂ ਲੋਕਾਂ ਦੇ ਦੁਰਕਾਰੇ, ਸਾਰੇ ਮੇਰੀ ਦੌਲਤ ਹਨ।
ਜੀਵਨ ਲਈ ਜੀਵਨ ਵਾਰਨ ਹਾਰੇ, ਸਾਰੇ ਮੇਰੀ ਦੌਲਤ ਹਨ।
ਭੁੱਖਣ ਭਾਣੇ ਬਾਲ ਜੋ ਵਿਲਕਣ ਮੁੱਠ ਆਟੇ ਲਈ ਅਜ਼ਮਤ ਵੇਚਣ,
ਬਿਰਧ ਜੋ ਤਰਸਣ ਬਾਲ ਸਹਾਰੇ, ਸਾਰੇ ਮੇਰੀ ਦੌਲਤ ਹਨ।
ਰਾਹਾਂ ‘ਚੋਂ ਜੋ ਪਰਬਤ ਢਾਹੁੰਦੇ, ਦਰਿਆਵਾਂ ਤੇ ਜੋ ਪੁਲ ਬਣਾਉਂਦੇ,
ਸੁੰਦਰ ਜੀਵਨ ਦੇ ਹਰਕਾਰੇ, ਸਾਰੇ ਮੇਰੀ ਦੌਲਤ ਹਨ।
ਤੇਰੇ ਨਾਲ ਰਲੇ ਨਾ ਜਿਹੜੇ, ਤੇਲ ਮੁਕਾ ਕੇ ਠਰੇ ਨਾ ਜਿਹੜੇ
ਐਸੇ ਦੀਪਕਾਂ ਦੇ ਬਲਿਹਾਰੇ ਸਾਰੇ ਮੇਰੀ ਦੌਲਤ ਹਨ।
ਕਾਲ-ਕਲੋਟੇ ਚਿਹਰਿਆਂ ਵਾਲੇ, ਢਠੇ ਹੋਏ ਬਨੇਰਿਆਂ ਵਾਲੇ,
ਜੋਬਨ ਰੁੱਤੇ ਮਰਨ ਕਿਨਾਰੇ, ਸਾਰੇ ਮੇਰੀ ਦੌਲਤ ਹਨ।
ਬੋਟ ਜੋ ਆਹਲਣਿਆਂ ‘ਚੋਂ ਡਿੱਗੇ, ਉਹ ਜੋ ਕੁਤਰੇ ਖੰਭੀ ਉਡੇ,
ਸਹਿੰਦੇ ਰਹੇ ਜੋ ਸਭ ਵਰਤਾਰੇ, ਸਾਰੇ ਮੇਰੀ ਦੌਲਤ ਹਨ।
ਚਿੜੀਆਂ ਜੋ ਚਹਿਕਣ ਤੋਂ ਝਿਜਕਣ, ਪੰਛੀ ਜੋ ਉਡਣ ਲਈ ਤੜਪਨ
ਉਡਣ ਲਈ ਜਿਸ ਖੰਭ ਖਲਾਰੇ, ਸਾਰੇ ਮੇਰੀ ਦੌਲਤ ਹਨ।
ਗ਼ਜ਼ਲ
– ਸਰਵਨ ਰਾਹੀ
ਜ਼ਿੰਦਗੀ ਦੇਵੀ ਨੂੰ ਦੈਤਾਂ ਤੋਂ ਬਚਾਓ ਸਾਥੀਓ।
ਪਰਬਤਾਂ ਨੂੰ ਚੀਰ ਕੇ ਹੁਣ ਨਿਕਲ ਜਾਓ ਸਾਥੀਓ।
ਸਾਡਿਆਂ ਹੱਥਾਂ ‘ਚ ਹੈ ਬਾਜ਼ਾਂ ਦੀ ਹੋਣੀ ਕੂਕਦੀ,
ਫੇਰ ਗੋਬਿੰਦ ਵਾਂਗ ਅੱਜ ਚਿੜੀਆਂ ਬਚਾਓ ਸਾਥੀਓ।
ਜ਼ੁਲਮ ਨੇ ਆਖ਼ਰ ਕਦੋਂ ਤਕ ਜਕੜਨਾਂ ਤੇ ਲਤੜਨਾ,
ਮੁਸਕਰਾ ਕੇ ਸੂਲੀਆਂ ‘ਤੇ ਲਟਕ ਜਾਓ ਸਾਥੀਓ।
ਪੈੜ ਪਾ ਕੇ ਰਾਹ ਨਵੇਂ ਜਿਨ੍ਹਾਂ ਉਲੀਕੇ ਨੇ ਸਦਾ,
ਲੈ ਕੇ ਧੂੜੀ ਉਨ੍ਹਾਂ ਦੀ ਮੱਥੇ ਛੁਹਾਓ ਸਾਥੀਓ।
ਗ਼ਮ ਨਈਂ ਜੇ ਸ਼ੂਕਦੇ ਸਾਗਰ ਚੁਫ਼ੇਰੇ ਸ਼ੂਕਦੇ,
ਚੀਰ ਜਾਓ ਸਾਗਰਾਂ ਨੂੰ ਚੀਰ ਜਾਓ ਸਾਥੀਓ।
ਹਰਕਤ ਬਿਨਾ
– ਸ਼ਿਵ ਨਾਥ
ਦੇਸ਼-ਧਰੋਹ ਤੇ ਮਤਭੇਦਾਂ ਵਿੱਚ ਅੰਤਰ ਦੱਸਣ
ਭਾਵੇਂ ਕੋਈ ਕਠਿਨ ਨਹੀਂ ਹੈ
ਬਹੁਤ ਕਠਿਨ ਹੈ ਸੱਚ ਬੋਲਣਾ ਹਰ ਮੁਨਸਫ਼ ਦਾ।
ਬਹੁ-ਗਿਣਤੀ ਅੱਜ-ਘੱਟ-ਗਿਣਤੀਆਂ ਦਰੜ ਰਹੀ ਹੈ।
ਹਰ ਇਕ ਨੂੰ ਈਮਾਨ ਬਚਾਣਾ ਔਖਾ ਜਾਪੇ
ਜਾਪੇ ਅੱਜ ਸੰਕਟ ਵਿੱਚ ਸਾਡਾ ਲੋਕ-ਰਾਜ ਵੀ।
ਔਖਾ ਹੈ ਇਸ ਦੌਰ ਦੇ ਵਿਚੋਂ ਸਾਬਤ ਲੰਘਣਾ।
ਅਟਲ ਸੱਚਾਈਆਂ ਤੋਂ ਫਿਰ ਵੀ ਕਿਉਂ
ਅੱਖ ਚੁਰਾਈਏ?
ਬਿਹਤਰ ਹੈ ਕਿ ਕੁਝ ਤਾਂ ਆਪਣੇ ਫ਼ਰਜ ਨਿਭਾਈਏ।
ਬਿਨ੍ਹਾਂ ਏਸ ਤੋਂ ਵੀ ਨਹੀਂ ਸਰਨਾ
ਮਹਿੰਗਾ ਪੈ ਜਾਉੂ ਹੁਣ ਡਰਨਾ।
ਪਹਿਲਾਂ ਵੀ ਤਾਂ ਨਾਲ ਅਸਾਡੇ ਹੋਇਐ ‘ਕਾਰਾ’
ਵੇਖ ਰਿਹਾ ਸੀ ਹਰ ਜੁਗ ਅੰਦਰ,
ਆਲਮ ਸਾਰਾ
ਸਦੀਆਂ ਤੀਕਰ ਬੋਝ ਨੇ ਢੋਏ
ਹਰਕਤ ਬਿਨ੍ਹਾਂ, ਜਿਉਂਦੇ ਮੋਏ।
ਵਾਘਿਓ ਪਾਰ
– ਅਫਜ਼ਲ ਤੌਸੀਫ਼
ਅਮਨ ਕਿਤੇ ਨਹੀਂ
ਤੁਸੀਂ ਸ਼ਾਇਰ ਲੋਕ ਚੰਗੇ ਓ
ਅਮਨ ਦੀ ਗੱਲ ਕਰਦੇ ਓ
ਮਿਹਰ ਕਰੋ ਜੋ ਅਮਨ ਦਾ ਪਤਾ ਚਾਂ ਦੱਸੋ
ਅਮਨ ਕਿੱਥੇ ਵੱਸਦਾ ਏ।
ਤੇਰੇ ਸ਼ਹਿਰ ਵਿਚ ਨਹੀਂ
ਮੇਰੇ ਪਿੰਡ ਵਿਚ ਨਹੀਂ
ਘੁੱਗੀ ਨਿਮਾਣੀ ਦੇ ਆਲ੍ਹਣੇ ਨਹੀਂ
ਪਿੱਪਲਾਂ ਵਾਲੇ ਖੂਹ ਤੇ ਵੀ ਨਹੀਂ
ਅਮਨ ਕਿਧਰੇ ਵੀ ਨਹੀਂ
ਘਰ ਦੀਆਂ ਚੌਂਹ ਕੰਧਾਂ ਅੰਦਰ
ਕਈ ਫਿਕਰਾਂ, ਕਈ ਖਤਰੇ
ਕਈ ਅੰਦੇਸ਼ੇ ਕਈ ਜੰਗਾਂ, ਕਈ ਅਲਸੇਟ
ਬੁੱਢੜੀ ਮਾਈ ਨੂੰ ਡਾਕੂ ਲੁੱਟੇ ਨਿੱਤ ਨਿੱਤ
ਗਲ਼ੀ ਗਲ਼ੀ ਬਾਲਾਂ ਦਾ ਕਾਤਲ ਖੜ੍ਹਾ
ਸੜਕ ਸੜਕ ਕਲਪਨਾ ਦੀ ਕੋਣ ਚੱਲਦੀ
ਤੇ ਰੇਪ ਵਾਲੇ ਗੈਂਗੀ, ਹਰ ਥਾਂ ਸ਼ਹਿਰ ਗਰਾਂ
ਅਮਨ ਦੀ ਜੂਹ ਉਜਾੜੀ ਜਾਂਦੇ।
ਕੀ ਹਾਕਮ, ਕੀ ਗੁੰਡੇ ਰਲ ਕੇ
ਆਪਣੇ ਦੇਸ਼ ਅਜੇ ਅਮਨ ਦੀ ਗੱਲ
ਔਖੀ ਥੀ ਗਈ ਏ।
ਚਲੋ ਬਾਹਰ ਕਿਤੇ ਚਲ ਕੇ ਪੁੱਛੀਏ
ਕਿਸ ਭਾਅ ਵਿਕੇਂਦੀ ਏ ਇਹ ਦਾਤ
ਬੋਸਨੀਆਂ ਦੇ ਸ਼ਹਿਰਾਂ ਵਿਚ
ਕਸ਼ਮੀਰ ਦੀਆਂ ਵਾਦੀਆਂ ਵਿਚ
ਅਫ਼ਗਾਨ ਪਹਾੜਾਂ ਉਤੇ
ਇਰਾਕ ਦੇ ਮਾਰੂਥਲ ਕੋਲੋਂ ਪੁੱਛ ਲਈਏ
ਬੰਬਈ ਦੀਆਂ ਗਲੀਆਂ ਵੇਖਣ ਚੱਲੀਏ
ਹੈਰਾਨ ! ਸੌ ਅਫਸੋਸ!
ਇਨਸਾਨਾਂ ਦੀਆਂ ਲਾਸ਼ਾਂ ਬੇਕਫਨ
ਹਰ ਥਾਂ, ਹਰ ਪਾਸੇ
ਅਮਨ ਦੀ ਇੱਜ਼ਤ ਰੇਜੀ ਹਰ ਥਾਂ ਹਰ ਪਾਸੇ
ਫੇਰ ਵੀ ਉਹ ਕਹਿੰਦੇ ਨੇ ”ਫਿਕਰ ਦੀ ਗੱਲ ਨਹੀਂ”
ਕੱਲ ਨੂੰ ਏਥੇ ਵੀ ਸ਼ਹੀਦੀ ਕਬਰਾਂ
ਫੁੱਲ ਚੜਾਵੇ ਮੰਗ ਲੈਣਗੀਆਂ।
ਜਿਵੇਂ ਅੱਜ ਹੀਰੋਸ਼ੀਮਾ ਨੂੰ ਗੁਲਾਬੀ ਫੁੱਲਾਂ ਦੇ
ਗੁਲਦਸਤੇ ਚੜ੍ਹਦੇ
ਵੀਅਤਨਾਮ ਵਾਲੇ ਤਾਂ ਅਣਖੀ ਬੰਦੇ
ਬਗਦਾਦ ਵਾਲਿਆਂ ਦੇ ਸਬਰ ਦਾ ਕੋਈ ਅੰਤ ਨਹੀਂ।
ਪਰ ਫਲਸਤੀਨ ਦੀਆਂ ਉੱਜੜੀਆਂ,
ਗਲੀਆਂ ਅੱਜ ਵੀ ਬੁੁੱਕ ਬੁੱਕ ਰੋਂਦੀਆਂ
ਰੋਣਾ ਤਾਂ ਕਦੇ ਮੈਨੂੰ ਵੀ ਆਉਂਦਾ
ਜਦ ਕੋਈ ਆ ਕੇ ਦੱਸਦਾ
ਰਾਵੀ ਕੰਢੇ ਮੋਰ ਮੁੱਕ ਗਏ
ਨਿੱਕੀ ਕਾਕੀ ਦੀ ਇੱਜ਼ਤ ਲੁੱਟ ਗਈ
ਤਾਲਬ ਇਲਮਾਂ ਦਾ ਕਤਲ ਹੋਇਆ
ਲੈਨਿਨ ਗਰਾਡ ਹੁਣ
ਰੱਤੜੇ ਫੁਲਾਂ ਦਾ ਸ਼ਹਿਰ ਵੀ ਨਹੀਂ ਰਿਹਾ।
ਬੁਰਾ ਨਾ ਮੰਨੀ ਵੀਰਾ
ਜੇ ਮੈਂ ਆਖਾਂ
ਤੂੰ ਨਿਰਾ ਸ਼ਾਇਰ ਹੋ ਕੇ
ਦੁਨੀਆਂ ਤੋਂ ਪਛੜ ਗਿਆਂ ਏਂ,
ਛੱਡ ਪੁਰਾਣੀਆਂ ਤਸ਼ਬੀਹਾਂ ਦੀ ਗੱਲ,
ਕੋਈ ਨਵਾਂ ਹਿਸਾਬ ਚਾਂ ਕਰ ਲਈਏ ਬਹਿਕੇ
ਤੈਨੂੰ ਪਤਾ ਹੀਰੋਸ਼ੀਮਾ ਉਤੇ ਸੁੱਟੇ ਗਏ
ਬੰਬ ਦਾ ਵਜ਼ਨ?
ਕੁੱਲ ਤੇਰਾਂ ਕਿਲੋ ਟੰਨ।
ਬਸ ਤੇਰਾਂ ਹਜ਼ਾਰ ਟਨ ਦਾ ਨਿੱਕਾ ਜਿਹਾ ਖਡੋਣਾ ਸੀ ਉਹ।
ਪਰ ਅੱਜ ਪੰਜਾਹ ਵਰ੍ਹੇ ਹੰਢਾ ਕੇ
ਉਹ ਸੌ ਗੁਣਾ ਵੱਡਾ ਹੋ ਚੁੱਕਾ।
ਉਸ ਵੇਲੇ ਉਹਨਾਂ ਕੋਲ
ਤੀਸਰਾ ਦਾਣਾ ਤਿਆਰ ਨਹੀਂ ਸੀ।
ਸੋ ਤੀਸਰਾ ਸ਼ਹਿਰ ਬਚ ਗਿਆ।
ਤੀਸਰਾ ਸ਼ਹਿਰ ਜੋ ਟੋਕੀਓ ਨਹੀਂ ਸੀ
ਮਾਸਕੋ ਸੀ।
ਮਾਸਕੋ ਜੋ ਅੱਜ ਮੰਗਤਾ
ਕੰਲ੍ਹ ਦਿਆਲੂ ਸੀ
ਫਾਸ਼ੀਵਾਦ ਵੀ ਸਵਾਹ ਵਿਚੋਂ ਅਮਨ ਦਾ ਅਜ਼ਲੀ ਵੈਰੀ
ਵੱਡਾ ਸਾਮਰਾਜ ਪੰਜਾਹ ਵਰ੍ਹੇ ਦਾ ਹੋ ਚੁੱਕਾ।
ਅੱਜ ਉਹਦੇ ਕੋਲ ਬੰਬ ਗੋਲੇ ਬਹੁਤ ਨੇ
ਦੁਨੀਆਂ ਕੋਲ ਸ਼ਹਿਰ ਥੋਹੜੇ
ਤਬਾਹ ਕਰਨ ਦੀ ਤਾਕਤ
ਕੁੱਲ ਦੁਨੀਆਂ ਅੱਠ ਵਾਰੀ ਸੜਕੇ ਬੁੱਝ ਸਕਦੀ ਏ।
ਜਿੰਦਗੀ ਸਦਾ ਲਈ ਮੁਕ ਸਕਦੀ ਏ।
ਪਰ ਜੇ ਬੰਬ ਗੋਲੇ ਨਾ ਵੀ ਚੱਲਣ ਤਾਂ ਵੀ
ਅਮਨ ਤੇ ਜ਼ਿੰਦਗੀ ਨੂੰ ਖਤਰਾ ਟਲਣਾ ਨਹੀਂ
ਕਿਉਂਕਿ ਜੋ ਅਮਨ ਜ਼ੁਲਮ ਦੇ ਨਾਲ ਰਹਿ ਨਹੀਂ ਸਕਦਾ
ਉਸੇ ਤਰ੍ਹਾਂ ਜਿਵੇਂ ਭੁੱਖ ਦੀ ਡਾਇਣ
ਇਕ ਨਾਜ਼ੁਕ ਜੇਹੀ ਬਾਲੜੀ ਦਾ
ਹੁਸਨ ਤੇ ਮਾਸ ਚੱਟ ਜਾਂਦੀ ਏ।
ਅੱਜ ਦੁਨੀਆਂ ਉਤੇ ਜ਼ੁਲਮ ਵੀ ਵੱਧ ਗਿਆ ਏ
ਸੌ ਕਰੋੜ ਭੁੱਖੇ ਢਿੱਡ ਅੱਗੋਂ ਹੋਰ ਵਧ ਰਹੇ ਨੇ
ਇਨਸਾਨ ਦੀ ਜਾਨ ਨੂੰ ਖਤਰਾ
ਆਲਮੀ ਅਮਨ ਨੂੰ ਖਤਰਾ
ਸਦਾ ਕੋਲੋਂ ਬਹੁਤਾ ਆਪ ਸ਼ਾਇਰੀ ਨੂੰ ਖਤਰਾ ਏ।
ਅੱਜ ਸ਼ਾਇਰ ਨੂੰ ਚਾਹੀਦਾ
ਅਮਨ ਤੇ ਨਜ਼ਮ ਦੋਵਾਂ ਦੀ ਰਾਖੀ ਕਰੇ
ਸੌ ਹਜ਼ਾਰ ਐਟਮ ਬੰਬਾਂ ਦਾ ਤੋੜ ਲੱਭ ਕੇ
ਸੌ ਕਰੋੜ ਭੁੱਖਿਆਂ ਲਈ ਕਣਕਾਂ ਬੀਜਕੇ
ਨਿੱਕੀ ਗੁਜ਼ਰੀ ਦੇ ਪੀਂਘਾਂ ਝੂਟਣ ਲਈ
ਉਚੀਆਂ ਲੰਮੀਆਂ ਟਾਹਲੀਆਂ ਲਾ ਕੇ
ਰੇਪ-ਗੈਂਗਾਂ ਦਾ ਬੀ ਮਾਰ ਕੇ
ਜੇ ਕੋਈ ਕਰ ਸਕਦਾ ਏ
ਤਾਂ ਜ਼ਿੰਦਗੀ ਦੀ
ਤਾਂ ਜ਼ਿੰਦਗੀ ਦੀ ਭਾਲ ਕਰੇ।
– ਪੰਜਾਬੀ ਰੂਪ ਹਰਭਜਨ ਸਿੰਘ ਹੁੰਦਲ
ਗ਼ਜ਼ਲ
– ਸਰਵਨ ਰਾਹੀ
ਅੱਜ ਨਾ ਚੰਚਲ ਗੱਲਾਂ ਭਾਵਣ ਭੁੱਖੇ ਢਿੱਡ ਨੂੰ ਪਿਆਰ ਦੀਆਂ।
ਅੱਜ ਤਾਂ ਜੋਬਨ ਵਾਂਗੂੰ ਚੱੜ੍ਹੀਆਂ ਪੰਡਾਂ ਸਿਰੀਂ ਉਧਾਰ ਦੀਆਂ।
ਖ਼ਾਲੀ ਜੇਬਾਂ ਸੱਖਣੇ ਹੱਥ ਨੇ ਕੰਮ ਧੰਦਾ ਕੋਈ ਮਿਲਦਾ ਨਹੀਂ,
ਲਹੂ ਪੀਣੀਆਂ ਨੀਤੀਆਂ ਵੇਖੋ ਜੀਵਨ ਨੂੰ ਕਿੰਝ ਖਾਰਦੀਆਂ।
ਮੇਰੇ ਘਰ ਸ਼ੋਖ ਚਾਨਣੀ ਆਟੇ ਦੇ ਲਈ ਤਰਸ ਰਹੀ,
ਕੂਲੀਆਂ ਕੂਲੀਆਂ ਰਿਸ਼ਮਾਂ ਜਾਪਣ ਪੀਲੀਆਂ ਭੂਕ ਬਹਾਰ ਦੀਆਂ।
ਲੱਕ ਤੋੜਵੀਂ ਮਹਿੰਗਾਈ ਨੇ ਮਿੱਟੀ ਵਿਚ ਮਿਲਾਇਆ ਹੈ,
ਲਹੂ ਪਸੀਨਾ ਡੋਹਲ ਕੇ ਲੋੜਾਂ ਪੂਰਾਂ ਨਾ ਪਰਵਾਰ ਦੀਆਂ।
ਲਾਸ਼ਾਂ ਵਾਂਗੂੰ ਫਿਰਦੇ ਲੋਕੀਂ ਬੋਝਲ-ਬੋਝਲ ਨਗਰੀ ਵਿਚ,
ਹਰ ਬੂਹੇ ‘ਤੇ ਦਸਤਕ ਦਿੱਤਿਆਂ ਚੀਕਾਂ ‘ਵਾਜ਼ਾਂ ਮਾਰਦੀਆਂ।
ਦੇਸ਼ ਮੇਰੇ ਦੇ ਕੁਝ ਧਨਵਾਨਾਂ ਦੇਸ਼ ਮੇਰਾ ਹਥਿਆਇਆ ਹੈ,
ਜਿਨ੍ਹਾਂ ਲਹੂ ਲੁਹਾਨ ਕੀਤੀਆਂ ਮਹਿਕਾਂ ਇਸ ਗੁਲਜ਼ਾਰ ਦੀਆਂ।
ਜਿਉਂਦੇ ਅਤੇ ਜਾਗਦੇ ‘ਰਾਹੀ’ ਜ਼ੁਲਮ ਜਬਰ ਪਏ ਸਹਿੰਦੇ ਹਾਂ,
ਰੰਜੋ ਗ਼ਮ ਵਿਚ ਡੁੱਬ ਗਈਆਂ ਨੇ ਖ਼ੁਸ਼ੀਆਂ ਸਭ ਸੰਸਾਰ ਦੀਆਂ।
