Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ – ਫਰਵਰੀ 2020)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ – ਫਰਵਰੀ 2020)

ਕਹਾਣੀ
ਆਤੂ ਖੋਜੀ
– ਗੁਰਮੀਤ ਕੜ੍ਹਿਆਲਵੀ     
ਆਤੂ ਦੇ ਨਾਂਹ-ਨਾਂਹ ਕਰਦਿਆਂ ਵੀ ਮੈਂ ਦੂਜਾ ਪੈੱਗ ਉਸਦੀ ਗਿਲਾਸੀ ਵਿਚ ਪਾ ਦਿੱਤਾ। ਆੜ ਵਿਚ ਵਗਦੇ ਪਾਣੀ ’ਚੋਂ ਕੱਪ ਭਰਿਆ ਤੇ ਥੋੜ੍ਹਾ ਜਿਹਾ ਉਸਦੀ ਗਿਲਾਸੀ ਵਿਚ ਪਾਉਂਦਿਆਂ ਆਖਿਆ, ‘‘ਚੱਕਦੇ… ਚੱਕਦੇ ਤਾਇਆ। ਕੁਛ ਨੀ ਕਹਿੰਦੀ ਤੈਨੂੰ। ਥੋਡੀਆਂ ਪੁਰਾਣੀਆਂ ਖੁਰਾਕਾਂ ਖਾਧੀਆਂ। ਥੋਨੂੰ ਏਹ ਕੁਛ ਨੀ ਕਰਦੀ। ਨਾਲੇ ਏਹਦੇ ’ਚ ਹੈ ਕੀ, ਤੱਤਾ ਪਾਣੀ, ਵਿਚ ਗੁੜ ਤੇ ਕਿੱਕਰ ਦਾ ਸੱਕ ਜਾਂ ਚਾਰ ਛਿਲੜ ਸੰਤਰੇ ਦੇ। ਹੋਰ ਕੀ-? ਨਾਲੇ ਪਰਖ ਕਰੀਂ… ਕੈਹੋ ਜ੍ਹੀ ਬਣੀ ਏ। ਤੂੰ ਤਾਂ ਫੇਰ ਵੀ ਖੋਜੀ ਬੰਦਾ।’’
-ਚੀਜ ਤਾਂ ਮਛਟਰਾ ਠੀਕੈ। ਅੰਦਰ ਜ੍ਹਾ ਨੀ ਵੱਢਦੀ ਪਰ ਹੁਣ ਪਚਦੀ ਨੀ। ਬਥੇਰੀ ਪੀਤੀ ਜਵਾਨੀ ਵਾਰੇ। ਮੱਟਾਂ ਦੇ ਮੱਟ ਖਾਲੀ ਕਰਤੇ ਪਰ ਹੁਣ ਉਹ ਗੱਲ ਕਿੱਥੇ ਰਹੀ। ਊਂ ਮਛਟਰਾ, ਗੱਲ ਤੇਰੀ ਵੀ ਸੋਲਾਂ ਆਨੇ। ਸਾਡੀ ਹੱਡੀ ਚੀੜ੍ਹੀ ਐ। ਤੇਰੇ ਹਸਾਬ ਨਾਲ ਮੇਰੀ ਉਮਰ ਕੈ ਸਾਲ ਹੋਊ?’’ ਆਤੂ ਨੇ ਇਕੋ ਸਾਹੇ ਗਿਲਾਸੀ ਖਾਲੀ ਕਰਕੇ ਪਾਸੇ ਰੱਖ ਦਿੱਤੀ। ਸਰੋ੍ਹਂ ਦੀ ਗੰਦਲ ਤੋੜ ਕੇ ਉਸ ਨੇ ਮੂੰਹ ਵਿਚ ਪਾ ਲਈ।
– ਹੋਊ ਕੋਈ ਪਚਵੰਜਾ-ਸੱਠ ਦੇ ਲਾਗੇ-ਚਾਗੇ।’’ ਮੈਂ ਐਵੇਂ ਅੱਟੇ-ਸੱਟੇ ਨਾਲ ਆਖ ਦਿੱਤਾ। ਉਂਝ ਆਤੂ ਦੀ ਸਿਹਤ ਮੁਤਾਬਕ ਉਸਦੀ ਉਮਰ ਪੰਜਾਹਾਂ ਕੁ ਦੇ ਨੇੜੇ-ਤੇੜੇ ਲਗਦੀ ਸੀ।
– ਖਾ ਗਿਆ ਕਨ੍ਹੀ ਟਪਲਾ। ਐਸ ਟੈਮ ਮੇਰੀ ਉਮਰ ਪੂਰੇ ਦੋ ਘੱਟ ਅੱਸੀ ਸਾਲ ਐ। ਜਿਹੜੇ ਸਾਲ ਕੱਤੇ ਦੀ ਤਪਾਲੀ ਪਈ ਸੀ, ਓਸ ਵਰ੍ਹੇ ਦਾ ਜਰਮ ਆ ਮੇਰਾ।’’
-ਲਗਦਾ ਨੀ…ਕਮਾਲ ਐ।’’ ਸੱਚਮੁੱਚ ਮੇਰੇ ਲਈ ਇਹ ਹੈਰਾਨੀ ਦਾ ਸਬੱਬ ਸੀ।
– ਆਹੀ ਸਾਡੀ ਕੌਮ ’ਚ ਖਾਸੀਅਤ ਐ। ਮਛਟਰਾ! ਸਾਡੀ ਕੌਮ ’ਚ ਨਾ ਮਿਲੂ ਥੋਨੂੰ ਕੋਈ ਡਿੱਗਿਆ-ਢੱਠਿਆ ਜਿਆ। ਜਮ੍ਹਾ ਨੌ-ਬਰ-ਨੌ ਮਿਲਣਗੇ। ਸਾਡਾ ਬੰਦਾ ਛੇਤੀ ਕੀਤਿਆਂ ਗੋਡੇ ਰਗੜ-ਰਗੜ ਕੇ ਨਹੀਂ ਮਰਦਾ। ਤੁਰਦਾ-ਫਿਰਦਾ ਚੜ੍ਹਾਈ ਕਰਜੂ।’’
– ਹੈਂ?’’ ਮੈਂ ਆਤੂ ਦੀ ਬਰਾਦਰੀ ਨਾਲ ਸੰਬੰਧਤ ਪਿੰਡ ਦੇ ਲੋਕਾਂ ’ਤੇ ਨਿਗਾਹ ਮਾਰੀ। ਸੱਚਮੁੱਚ ਕੋਈ ਬਜ਼ੁਰਗ ਮੰਜੇ ’ਤੇ ਪੈ ਕੇ ਹੱਡ ਗੋਡੇ ਨਹੀਂ ਸੀ ਰਗੜ ਰਿਹਾ। ਜਦਕਿ ਬਾਕੀ ਪਿੰਡ ਵਿਚਲੇ ਸਰਦਾਰਾਂ ਦੇ ਕਈ ਬਜ਼ੁਰਗ ਮੰਜੇ ’ਤੇ ਪਏ-ਪਏ ਗਲ-ਸੜ ਰਹੇ ਸਨ ਅਤੇ ਘਰਦਿਆਂ ਦੀਆਂ ਗਾਲ੍ਹਾਂ-ਦੁੱਪੜ ਖਾਂਦੇ ਰੱਬ ਨੂੰ ਚੱਕ ਲੈਣ ਦੀਆਂ ਅਰਦਾਸਾਂ ਕਰਦੇ ਰਹਿੰਦੇ ਸਨ।
– ਮਛਟਰਾ ਸਾਡੀ ਕੌਮ ਅਣਖੀ ਬਹੁਤ ਐ। ਅਸੀਂ ਰਾਜਪੂਤਾਂ ਦੀ ਅਣਸ਼ ’ਚੋਂ ਹੁੰਨੇ ਆਂ। ਚੌਹਾਨ ਰਾਜਪੂਤ। ਤੂੰ ਤਾਂ ਲਿਖਿਆ-ਪੜ੍ਹਿਆਂ। ਪਿ੍ਰਥੀ ਚੰਦ ਚੌਹਾਨ ਰਾਜੇ ਬਾਰੇ ਸੁਣਿਆ ਈ ਹੋਊ। ਉਹ ਸਾਡਾ ਵੱਡ-ਵਡੇਰਾ ਆ। ਤੁਸੀਂ ਸਾਰੇ ਮੈਨੂੰ ਆਤੂ-ਆਤੂ ਕਹੀ ਜਾਨੇ ਓਂ। ਅਸਲੀ ਨਾਉਂ ਮੇਰਾ ਥੋਨੂੰ ਪਤਾ ਨੀ ਹੋਣਾ। ਮੇਰਾ ਸਿੱਧਾ ਨਾਉਂ ‘ਆਤਮਾ ਰਾਮ ਚੌਹਾਨ’ ਐ। ਕਿਸੇ ਟੈਮ ਦੂਰ ਦੂਰ ਤਕ ਰਾਜ ਪਾਟ ਹੁੰਦਾ ਸੀ ਸਾਡਾ। ਫਿਰ ਜਦੋਂ ਮੁਗਲਾਂ ਹੱਥੋਂ ਹਾਰ ਹੋਗੀ, ਸਾਡੀ ਕੌਮ ਜੰਗਲਾਂ-ਪਹਾੜਾਂ ਅੱਲੀਂ ਚਲੇ ਗਈ। ਜੰਗਲਾਂ-ਬੇਲਿਆਂ ’ਚ ਰਹਿਕੇ ਗੁਜ਼ਾਰਾ ਕਰ ਲਿਆ ਪਰ ਮੁਗਲਾਂ ਦੀ ਈਨ ਨੀ ਮੰਨੀ। ਸਾਢੇ ਚਾਰ ਸੌ ਸਾਲ ਜੰਗਲਾਂ-ਪਹਾੜਾਂ ’ਚ ਰਹੀ ਐ ਸਾਡੀ ਕੌਮ। ਚੋਰੀ ਕਰਨ ਦੀ ਵਾਦੀ ਵੀ ਪੈਗੀ। ਫੇਰ ਗਰੇਜ਼ ਆਗੇ। ਸਾਡੀ ਕੌਮ ਨੇ ਈਨ ਇਹਨਾਂ ਦੀ ਵੀ ਨੀ ਮੰਨੀ। ਮਛਟਰਾ ਸਾਲੀ ਗਰੇਜ਼ ਕੌਮ ਬੜੀ ਚਾਲੂ ਸੀ ਸਾਡੇ ਤੋਂ। ਗਰੇਜ਼ ਨੇ ਪਾਬੰਦ ਲਾਈ ਰੱਖੀ ਸਾਡੀ ਕੌਮ ’ਤੇ। ਮੈਂ ਗਹੁ ਨਾਲ ਆਤੂ ਦੀਆਂ ਅੱਖਾਂ ਵਿਚ ਵੇਖਿਆ, ਉਸ ਵਿਚ ਸਵੈਮਾਣ ਤਾਰੀਆਂ ਲਾ ਰਿਹਾ ਸੀ। ਮੈਨੂੰ ਉਸਦੀ ਗੱਲ ਸੌ ਫੀਸਦੀ ਸੱਚ ਲੱਗੀ। ਅਜਿਹੇ ਲੋਕ ਕਿਸੇ ਦੀ ਈਨ ਮੰਨ ਈ ਕਿਵੇਂ ਸਕਦੇ ਸਨ। ਇਨ੍ਹਾਂ ਕਿਹੜਾ ਰਾਏ ਬਹਾਦਰੀਆਂ, ਸਰਦਾਰੀਆਂ, ਚੋਬਦਾਰੀਆਂ, ਸਫੈਦਪੋਸ਼ੀਆਂ, ਜਗੀਰਦਾਰੀਆਂ ਜਾਂ ਲੰਬੜਦਾਰੀਆਂ ਲੈਣੀਆਂ ਸਨ। ਮੈਂ ਪਿੰਡ ਵਿਚ, ਆਪਣੇ ਆਲੇ-ਦੁਆਲੇ ਬਾਰੇ ਸੋਚਿਆ। ਆਤੂ ਦੀ ਗੱਲ ਅਜੇ ਵੀ ਕਿੰਨੀ ਸੱਚ ਸੀ। ਮਜ੍ਹਬੀਆਂ, ਰਮਦਾਸੀਆਂ ਅਤੇ ਹੋਰ ਨੀਵੀਆਂ ਕਹੀਆਂ ਜਾਂਦੀਆਂ ਜਾਤਾਂ ਦੇ ਲੋਕ ਜਿੱਥੇ ਜੱਟਾਂ ਨਾਲ ਸੀਰੀ-ਸਾਂਝੀ ਰਲੇ ਹੋਏ ਸਨ ਉੱਥੇ ਬੌਰੀਆ ਬਰਾਦਰੀ ਦੇ ਲੋਕ ਆਪਣੇ-ਆਪਣੇ ਕੰਮਾਂ ਧੰਦਿਆਂ ਵਿਚ ਲੱਗੇ ਹੋਏ ਸਨ। ਕੋਈ ਸਬਜ਼ੀ ਵੇਚਦਾ ਸੀ, ਕੋਈ ਸਾਈਕਲ ’ਤੇ ਫੇਰੀ ਲਾਉਂਦਾ ਸੀ, ਕਿਸੇ ਪਰਿਵਾਰ ਨੇ ਜੱਟਾਂ ਤੋਂ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀ-ਭਾਜ਼ੀ, ਖੱਖੜੀਆਂ-ਖਰਬੂਜੇ, ਤਰਾਂ-ਮਤੀਰੇ ਆਦਿ ਬੀਜੇ ਹੋਏ ਸਨ। ਕਈ ਘਰ ਬੇਰੀਆਂ ਦੇ ਠੇਕੇ ਲੈਣ ਲਈ ਦੂਰ-ਦੂਰ ਗਏ ਹੋਏ ਸਨ। ਕਈ ਬੰਦੇ ਸ਼ਹਿਰ ਰਿਕਸ਼ਾ ਚਲਾਉਣ ਲੱਗੇ ਸਨ।
– ਸਾਲੀ ਅੰਗਰੇਜ਼ ਕੌਮ ਨੂੰ ਕੀ ਤਕਲੀਫ ਸੀ? ਮੰਨਿਆ ਕੋਈ ਇਕ-ਅੱਧ ਬੰਦਾ ਮਾੜਾ ਪਰ ਕੋਈ ਕੌਮ ਤਾਂ ਨੀ ਮਾੜੀ ਸਾਰੀ ਦੀ ਸਾਰੀ। ਇਹ ਤਾਂ ਜੱਗੋਂ ਤੇ੍ਹਰਵੀਂ ਗੱਲ ਸੀ, ਅਖੇ ਸਾਰੀ ਕੌਮ ’ਤੇ ਈ ਪਾਬੰਦੀ ਲਾਤੀ।’’ ਜਦੋਂ ਬਾਪੂ ਜਿਉਂਦਾ ਸੀ ਅਕਸਰ ਅਜਿਹੀਆਂ ਗੱਲਾਂ ਸੁਣਾਉਂਦਾ ਰਹਿੰਦਾ ਸੀ। ਬੌਰੀਆ ਬਰਾਦਰੀ ਨੂੰ ਜੁਰਾਇਮ ਪੇਸ਼ਾ ਕਰਾਰ ਦੇਣ ਅਤੇ ਅਠਾਰਾਂ ਸਾਲਾਂ ਤੋਂ ਵੱਧ ਉਮਰ ਵਾਲੇ ਬੌਰੀਆ ਬਰਾਦਰੀ ਦੇ ਹਰੇਕ ਨੌਜੁਆਨ ਅਤੇ ਬਜ਼ੁਰਗ ਲਈ ਥਾਣੇ ਹਾਜ਼ਰੀ ਲਵਾਉਣੀ ਜ਼ਰੂਰੀ ਰਹੀ ਹੋਣ ਬਾਰੇ ਬਾਪੂ ਨੇ ਹੀ ਜਾਣਕਾਰੀ ਦਿੱਤੀ ਸੀ।
– ਮਛਟਰਾ! ਹੁਣ ਕਿੱਥੇ ਰਹੀਆਂ ਉਹ ਗੱਲਾਂ… ਬੜੇ ਮਾੜੇ ਦਿਨ ਦੇਖੇ। ਗਰੇਜ਼ ਕੌਮ ਬੜੀ ਚਾਲੂ ਸੀ ਸਾਡੇ ਤੋਂ। ਉਹ ਤਾਂ ਸਾਡੀ ਬੋਲੀ ਤੋਂ ਵੀ ਡਰਦੀ ਸੀ। ਕੁੱਲ ਦੁਨੀਆਂ ’ਤੇ ਰਾਜ ਕੀਤਾ ਉਹਨੇ। ਘਾਟ-ਘਾਟ ਦਾ ਪਾਣੀ ਵੀ ਪੀਤਾ ਪਰ ਪਤੰਦਰ ਨੂੰ ਸਾਡੀ ਬੋਲੀ ਸਮਝ ਨੀ ਆਈ। ਬਥੇਰਾ ਮੱਥਾ ਮਾਰਿਆ। ਕੁੱਲ ਦੁਨੀਆਂ ਦੀਆਂ ਪੋਥੀਆਂ ਫਰੋਲ ਮਾਰੀਆਂ, ਪਰ ਇਹ ਨ੍ਹੀ ਪਤਾ ਲੱਗਾ ਵਈ ਏਹ ਬੋਲੀ ਹੈ ਕਿਹੜੀ। ਏਹਦਾ ਨਾਂਅ ਕੀ ਐ? ਮਛਟਰਾ! ਤੂੰ ਤਾਂ ਲਿਖਿਆ-ਪੜ੍ਹਿਆਂ। ਸਾਡੇ ਆਲੀ ਬੋਲੀ, ਕਿਤੇ ਲਿਖਣ-ਪੜ੍ਹਨ ਵਿਚ ਤਾਂ ਆਉਂਦੀ ਨੀ, ਪੱਲੇ ਕੀ ਪੈਣਾ ਸੀ ਛੁਣਛੁਣਾ?’’
– ਤਾਇਆ ਸਾਡੇ ਨਾਲ ਤਾਂ ਤੁਸੀਂ ਚੰਗੀ-ਭਲੀ ਪੰਜਾਬੀ ’ਚ ਗੱਲਾਂ ਕਰਦੇ ਓਂ, ਜਦੋਂ ਕਦੇ ਆਪਸ ਵਿਚ ਬੈਠੇ ਹੋਵੋਂ, ਥੋਡੀ ਗਿੱਟ-ਮਿੱਟ, ਗਿੱਟ-ਮਿੱਟ ਕਿਸੇ ਦੇ ਪੱਲੇ ਨੀ ਪੈਂਦੀ।’’ ਮੈਨੂੰ ਅੱਠਵੀਂ ਤਕ ਪੜ੍ਹਦੇ ਰਹੇ ਸੁਖਦੇਵ ਅਤੇ ਖੁਸ਼ਹਾਲਾ ਚੇਤੇ ਆਏ। ਅਸੀਂ ਦੋ-ਤਿੰਨ ਮੁੰਡੇ ਉਨ੍ਹਾਂ ਤੋਂ ਬੋਲੀ ਸਿੱਖਣ ਦੀ ਕੋਸ਼ਿਸ਼ ਕਰਦੇ ਰਹੇ। ਬਹੁਤ ਮੱਥਾ ਮਾਰਨ ਤੋਂ ਬਾਅਦ ਵੀ ਸਾਡੇ ਪਿੜ ਪੱਲੇ ਕੱੁਝ ਨਹੀਂ ਸੀ ਪਿਆ।
– ਮਛਟਰਾ! ਬੱਸ ਏਸੇ ਗਿੱਟ-ਮਿੱਟ, ਗਿੱਟ-ਮਿੱਟ ਤੋਂ ਈ ਡਰਦੀ ਸੀ ਗਰੇਜ਼ ਕੌਮ।’’ ਆਤੂ ਹਿੜ-ਹਿੜ ਕਰਕੇ ਕਿੰਨਾ ਚਿਰ ਹੱਸਦਾ ਰਿਹਾ।
– ਮਛਟਰਾ ! ਇਕ ਗੱਲ ਦਾ ਮੈਨੂੰ ਬੜਾ ਫਿਕਰ ਆ। ਸਾਡੇ ਹੁਣ ਆਲੇ ਛੋਹਰ, ਲੌਡੀ ਦੇਣੇ, ਆਵਦੀ ਬੋਲੀ ਭੁੱਲੀ ਜਾਂਦੇ। ਹੁਣ ਤੂੰ ਈ ਦੱਸ, ਜਦੋਂ ਬੰਦੇ ਦੀ ਬੋਲੀ ਈ ਨਾ ਰਹੀ, ਪਿੱਛੇ ਕੀ ਰਹਿਜੂ, ਛੁਣਛੁਣਾ?’’ ਦਿਨੋਂ ਦਿਨ ਖਤਮ ਹੁੰਦੀਆਂ ਜਾਂਦੀਆਂ ਖੇਤਰੀ ਅਤੇ ਕਬੀਲਾਈ ਬੋਲੀਆਂ ਬਾਰੇ ਚਿੰਤਾ ਕਰਨ ਵਾਲੇ ਭਾਸ਼ਾ ਵਿਗਿਆਨੀਆਂ ਜਿਹੀ ਚਿੰਤਾ ਆਤੂ ਵਰਗੇ ਸਾਧਾਰਨ ਅਨਪੜ੍ਹ ਬੰਦੇ ਅੰਦਰ ਵੇਖਕੇ ਮੈਂ ਹੈਰਾਨ ਰਹਿ ਗਿਆ। ਮੈਨੂੰ ਆਤੂ ਕੋਈ ਚੇਤੰਨ ਭਾਸ਼ਾ ਵਿਗਿਆਨੀ ਜਾਪਿਆ।
– ਮਛਟਰਾ! ਗਰੇਜ਼ ਕੌਮ ਨੇ ਪਾਬੰਦੀ ਪਤਾ ਕਦੋਂ ਲਾਈ?’’ ਆਤੂ ਨੇ ਮੈਨੂੰ ਗੁਆਚਿਆ ਜਿਹਾ ਦੇਖਕੇ ਮੇਰਾ ਹੁੰਗਾਰਾ ਭਰਾਇਆ।
– ਕਦੋਂ?’’
– ਫਰੀਦਕੋਟੀਏ ਰਾਜੇ ਦਾ ਮਹਿਲ ਸੀ ਬੜਾ ਉੱਚਾ। ਉਹਦੇ ਚਾਰ-ਚੁਫੇਰੇ ਸ਼ੀਸ਼ੇ ਅਰਗਾ ਪੱਥਰ ਲੱਗਾ, ਤਿਲਕਵਾਂ। ਮਹਿਲ ਉੱਤੇ ਬਣਾਇਆ ਗੁੰਬਦ ਤੇ ਗੁੰਬਦ ਉੱਤੇ ਸੋਨੇ ਦਾ ਕਲਸ। ਮਹਿਲ ਐਸ ਹਸਾਬ ਨਾਲ ਬਣਾਇਆ ਵਈ ਬੰਦਾ ਤਾਂ ਕੀ, ਜਾਨਵਰ ਵੀ ਉੱਤੇ ਨਾ ਚੜ੍ਹ ਸਕੇ। ਚੜ੍ਹਨਾ ਕੀ? ਚਾਰ-ਚੁਫੇਰੇ ਤਿਲਕਵਾਂ ਪੱਥਰ, ਤੇ ਹੱਥ ਪਾਉਣ ਨੂੰ ਥਾਂ ਕੋਈ ਨਾ। ਰਾਜੇ ਦੇ ਰੱਖੇ ਵੱਡੇ-ਵੱਡੇ ਕੁੱਤੇ। ਬੰਦੇ ਨੂੰ ਪਾੜਕੇ ਖਾ ਜਾਣ ਵਾਲੇ। ਸਾਡੀ ਕੌਮ ਦੇ ਚੋਰ ਹੋਏ ਆ ਟੇਕੂ ਤੇ ਪੇਕੂ। ਸਾਦਕ ਕੰਨੀ ਦੇ ਸੀਗੇ। ਬੜੀ ਮਸ਼ਹੂਰੀ ਸੀਗੀ ਦੋਵਾਂ ਭਰਾਵਾਂ ਦੀ। ਰਾਜੇ ਨੇ ’ਲਾਨ ਕਰਤਾ ਵਈ ਜੇ ਟੇਕੂ ਤੇ ਪੇਕੂ ਏਡੇ ਈ ਸ਼ੇਰ ਨੇ ਮੇਰੇ ਮਹਿਲਾਂ ’ਚੋਂ ਚੋਰੀ ਕਰਕੇ ਵਿਖਾਉਣ। ਜਦੋਂ ਟੇਕੂ ਤੇ ਪੇਕੂ ਨੂੰ ਪਤਾ ਲੱਗਾ-ਉਨ੍ਹਾਂ ਰਾਜੇ ਦੀ ਹਿੰਡ ਜਿਹੀ ਭੰਨਣ ਦੀ ਸਕੀਮ ਬਣਾਈ। ਉਨ੍ਹਾਂ ਪਾਲੀ ਹੋਈ ਸੀ ਗੋਹ। ਇਹ ਬੜਾ ਔਤਰਾਂ ਜੀਅ ਐ। ਸ਼ੈਂਤ ਤੂੰ ਕਿਤੇ ਦੇਖੀ ਹੋਵੇ। ਅੱਬਲ ਤਾਂ ਅੱਜ ਕੱਲ੍ਹ ਕਿਤੇ ਦਿਖਦੀ ਨੀ। ਜਿਮੇ ਪਾਥੀ ਹੁੰਦੀ ਐ। ਐਕਣ ਦੀ ਹੁੰਦੀਓ। ਜਿੱਥੇ ਚੁੰਬੜਜੇ ਲਹਿੰਦੀ ਨੀ। ਸੁਣਿਆ ਨੀ ਅਖੇ ਫਲਾਣੇ ਦਾ ਜੱਫਾ ਤਾਂ ਗੋਹ ਆਲਾ। ਉਨ੍ਹਾਂ ਰੱਬ ਦਿਆਂ ਬੰਦਿਆਂ ਗੋਹ ਦੀ ਪੂੰਛ ਨੂੰ ਪਾਇਆ ਲੰਮਾ ਰੱਸਾ ਤੇ ਵਗਾਹ ਮਾਰੀ ਬੰਗਲੇ ਦੇ ਗੁੰਬਦ ’ਤੇ। ਮਰੇ ਜਾਨਵਰ ਦੇ ਸਿੰਗ ਲੈਗੇ ਸੀ ਨਾਲ। ਸਿੰਗਾਂ ਦੇ ਪੋਪਲਿਆਂ ਵਿਚ ਕੁੱਟ ਕੁੱਟ ਕੇ ਚੂਰੀ ਭਰੀ ਸੀ। ਸਿੰਗ ਹੌਲੀ ਜਏ ਕੁੱਤਿਆਂ ਵੱਲ ਨੂੰ ਚਲਾ ਮਾਰੇ। ਕੁੱਤੇ ਸਿੰਗਾਂ ’ਚ ਮੂੰਹ ਫਸਾਕੇ ਲੱਗੇ ਚੂਰੀ ਕੱਢਣ। ਕੱੁਤਿਆਂ ਨੂੰ ਐਸਾ ਆਹਰ ਲਾਇਆ, ਉਹ ਤਾਂ ਕਿਸੇ ਪਾਸੇ ਝਾਕਣ ਵੀ ਨਾ। ਉਧਰ ਗੋਹ ਨੇ ਜੱਫਾ ਪਾ ਲਿਆ ਗੁੰਬਦ ਨੂੰ। ਦੋਵੇਂ ਭਾਈ ਚੜ੍ਹ ਗਏ ਉਤਾਂਹ, ਮਿਲਟੀਂ-ਸਕਿੰਲਟੀ। ਸੋਨੇ ਦਾ ਕਲਸ਼ ਲਾਹਿਆ ਤੇ ਹੋਗੇ ਰਫੂ ਚੱਕਰ। ਦਿਨ ਚੜ੍ਹੇ ਰਾਜੇ ਦੇ ਨੌਕਰਾਂ-ਚਾਕਰਾਂ ਰੌਲਾ ਪਾਤਾ, ਅਖੇ ਕਲਸ ਹੈਨੀ। ਰਾਜਾ ਹੈਰਾਨ-ਪ੍ਰੇਸ਼ਾਨ, ਏਹ ਹੋ ਕੀ ਗਿਆ? ਲੈ ਵੀ ਮਛਟਰਾ, ਉਹਨੇ ਮੁਨਿਆਦੀ ਕਰਾਤੀ ਵਈ ਜੀਹਨੇ ਚੋਰੀ ਕੀਤੀ ਐ, ਆਪ ਆਕੇ ਪੇਸ਼ ਹੋਜੇ। ਚੋਰ ਨੂੰ ਸਜ਼ਾ ਕੋਈ ਨ੍ਹੀ, ਸਗੋਂ ਅਨਾਮ ਦਿੱਤਾ ਜਾਊ। ਸਾਡੇ ਆਲੇ ਸੂਰਮੇ ਜਾ ਪੇਸ਼ ਹੋਏ। ਰਾਜਾ ਉਨ੍ਹਾਂ ਦੇ ਅੱਗੇ-ਪਿੱਛੇ, ਉਤੇ-ਹੇਠਾਂ ਦੇਖੀ ਜਾਵੇ, ਨਾਲੇ ਸੋਚੀ ਜਾਵੇ ਵਈ ਆਹ ਚਿੱਬ-ਖੜਿੱਬੇ ਜਏ ਦੇਗੇ ਦੱਖੂ-ਦਾਣਾ। ਲੈ ਵਈ ਮਛਟਰਾ ਰਾਜਾ ਜ਼ੁਬਾਨ ਦਾ ਪੱਕਾ ਸੀ। ਉਨ੍ਹੇਂ ਭਲੇਮਾਣਸਾਂ ਨੂੰ ਆਖਿਆ ਵੀ ਕੁੱਝ ਨਾ, ਇਨਾਮ ਵੀ ਦਿੱਤਾ ਤੇ ਕਲਸ ਵੀ ਉਨ੍ਹਾਂ ਕੋਲ ਈ ਰਹਿਣ ਦਿੱਤਾ। ਰਾਜੇ ਨੇ ਸਾਰੀ ਰਾਮ ਘਾਣੀ ਜਾ ਸੁਣਾਈ ਵੱਡੇ ਲਾਟ ਸਾਬ੍ਹ ਨੂੰ ਵਈ ਕੌਮ ਬੜੀ ਖਤਰਨਾਕ ਆ। ਲਾਟ ਸਾਬ੍ਹ ਨੇ ਉਸੇ ਟੈਮ ਕੌਮ ’ਤੇ ਪਾਬੰਦ ਲਾਤੀ। ਕਰਨੀ ਦੋ ਬੰਦਿਆਂ ਦੀ, ਸਜ਼ਾ ਸਾਰੀ ਕੌਮ ਨੂੰ। ਬੱਸ ਜੀ ਉਦੋਂ ਲੱਗੀ ਫਿਰ ਕੌਮ ’ਤੇ ਪਾਬੰਦੀ।’’
– ਤਾਇਆ ਸਿਆਂ! ਆਂਏ ਈ ਹੁੰਦਾ।’’ ਮੈਂ ਗੋਲ-ਮੋਲ ਜਿਹਾ ਜੁਆਬ ਦਿੱਤਾ। ਉਂਝ ਮੇਰਾ ਜੀਅ ਕੀਤਾ ਸੀ ਕਿ ਆਤੂ ਨੂੰ ਆਖਾਂ, ‘‘ਬੀਬੀ ਮਾਰੀ ਤਾਂ ਦੋ ਬੰਦਿਆਂ ਨੇ ਸੀ, ਸਜ਼ਾ ਸਾਰੀ ਕੌਮ ਨੂੰ ਭੁਗਤਣੀ ਪਈ।’’ ਪਰ ਮੈਂ ਚੁੱਪ ਹੀ ਰਿਹਾ।
– ਪਰ ਏਹ ਨਸਾਫ਼ ਆਲੀ ਤਾਂ ਗੱਲ ਹੈਨੀ ਸੀ। ਗੋਰੇ ਦੀ ਲਾਈ ਪਾਬੰਦ ’ਜ਼ਾਦੀ ਮਿਲਣ ਤੋਂ ਬਾਅਦ ਵੀ ਪੰਜ ਸਾਲ ਲੱਗੀ ਰਈ।’’
– ਹਾਂ! ਹਾਅੋ….।’’ ਮੈਨੂੰ ਪਤਾ ਨਾ ਲੱਗਾ, ਮੈਂ ਆਪਣੀ ਹੀ ਗੱਲ ਦਾ ਜੁਆਬ ਦਿੱਤਾ ਸੀ ਕਿ ਆਤੂ ਦੀ ਗੱਲ ਦਾ।
– ਇਨਸਾਫ਼ ਹੈ ਕਿਥੇ?’’ ਮੇਰੇ ਅੰਦਰੋਂ ਆਪ ਮੁਹਾਰੇ ਠੰਡਾ ਹਉਕਾ ਨਿਕਲ ਗਿਆ। ਮੇਰੇ ਆਪਣੇ ਸਮੇਤ ਪੀਰਾਂ ਵਾਲੀ ਹਾਈ ਸਕੂਲ ਵਿਚ ਪੜ੍ਹਾਉਂਦੇ ਚਾਰ ਮਾਸਟਰਾਂ ਨਾਲ ਹੋਈ ਧੱਕੇਸ਼ਾਹੀ ਸਾਹਮਣੇ ਆ ਖਲੋਤੀ। ਅਸੀਂ ਨਵੇਂ-ਨਵੇਂ ਭਰਤੀ ਹੋਏ ਚਾਰਾਂ ਹੀ ਮਾਸਟਰਾਂ ਨੇ ਦਿਨ-ਰਾਤ ਮਿਹਨਤ ਕਰਕੇ ਸਕੂਲ ਨੂੰ ਨੰਬਰ ਇਕ ’ਤੇ ਲੈ ਆਂਦਾ ਸੀ। ਸਾਡੀ ਦੇਖਾ-ਦੇਖੀ ਕੁਝ ਹੋਰ ਅਧਿਆਪਕ ਵੀ ਮਿਹਨਤ ਕਰਨ ਲੱਗੇ ਸਨ। ਲੋਕਾਂ ਨੇ ਨੇੜੇ-ਤੇੜੇ ਚਾਹ-ਗੁੜ ਦੀਆਂ ਦੁਕਾਨਾਂ ਵਾਂਗ ਖੁਲ੍ਹੇ ਪ੍ਰਾਈਵੇਟ ਸਕੂਲਾਂ ’ਚੋਂ ਜੁਆਕ ਹਟਾ ਕੇ ਸਰਕਾਰੀ ਸਕੂਲ ਵਿਚ ਦਾਖਲ ਕਰਵਾ ਦਿੱਤੇ ਸਨ। ਸਾਡੇ ਈ ਸਕੂਲ ਪੜ੍ਹਾਉਂਦੇ ਮਾਸਟਰ ਗੁਲਵੰਤ ਸਿੰਘ ਉਰਫ ਗਿੱਲ ਸਾਹਬ ਨੂੰ ਇਸਦੀ ਬੜੀ ਤਕਲੀਫ ਸੀ। ਇਸ ਤਕਲੀਫ ਦੇ ਛੋਟੇ-ਛੋਟੇ ਕਾਰਨ ਤਾਂ ਹੋਰ ਵੀ ਸਨ ਪਰ ਵੱਡਾ ਕਾਰਨ ਇਹ ਸੀ ਕਿ ਉਸਦੀ ਬਾਰਾਂ ਜਮਾਤਾਂ ਪਾਸ ਘਰ ਵਾਲੀ ਵੱਲੋਂ ਪੰਜ-ਸੱਤ ਮੈਟਿ੍ਰਕ ਪਾਸ ਕਰੀ ਬੈਠੀਆਂ ਕੁੜੀਆਂ ਰੱਖਕੇ, ਸਾਡੇ ਸਕੂਲ ਦੇ ਨੇੜੇ ਹੀ ‘‘ਗੁਰੂ ਨਾਨਕ ਪਬਲਿਕ ਮਾਡਲ ਸਕੂਲ’’ ਚਲਾਇਆ ਜਾ ਰਿਹਾ ਸੀ। ਸਾਡੀ ਮਿਹਨਤ ਸਦਕਾ ‘‘ਗਿੱਲ ਸੈ੍ਹਬਣੀ’’ ਦੇ ਸਕੂਲ ਵਿਚ ਭਾਂ-ਭਾਂ ਹੋਣ ਲੱਗੀ ਸੀ। ਸਾਨੂੰ ਆਪਣੀ ਮਿਹਨਤ ’ਤੇ ਮਾਣ ਸੀ। ਅਸੀਂ ਸਾਰੀ ਛੁੱਟੀ ਤੋਂ ਬਾਅਦ ਚੌੜੇ ਹੋ-ਹੋ ਕੇ ਸਾਈਕਲਾਂ ਸਕੂਟਰਾਂ ’ਤੇ ਘਰਾਂ ਨੂੰ ਜਾਂਦੇ। ਸਾਡਾ ਮਾਣ ਉਸ ਦਿਨ ਕੱਚ ਵਾਂਗ ਤਿੜਕ ਗਿਆ ਸੀ ਜਿਸ ਦਿਨ ਪ੍ਰਬੰਧਕੀ ਆਧਾਰ ’ਤੇ ਹੋਈਆਂ ਬਦਲੀਆਂ ਦੇ ਆਰਡਰ ਹੈਡਮਾਸਟਰ ਨੇ ਸਾਡੇ ਹੱਥਾਂ ਵਿਚ ਫੜਾ ਦਿੱਤੇ ਸਨ। ਪਰਾਂਹ ਟਾਹਲੀ ਥੱਲੇ ਖੜ੍ਹੇ ‘ਗਿੱਲ ਸਾਹਬ’ ਦੀਆਂ ਕਰੜ-ਬਰੜੀਆਂ ਚੂਹੇ ਦੀ ਪੂਛ ਵਰਗੀਆਂ ਮੁੱਛਾਂ ਖਚਰੀ ਹਾਸੀ ਹੱਸਦੀਆਂ ਸਨ। ਅਸੀਂ ਬਦਲੀ ਦਾ ਕਾਰਨ ਜਾਨਣ ਲਈ ਡੀ.ਈ.ਓ. ਦਫਤਰ ਜਾ ਵੱਜੇ। ਸਾਡੇ ਚਾਰਾਂ ’ਤੇ ਸਕੂਲ ਵਿਚ ਸ਼ਰਾਬ ਪੀਣ, ਲੜਕੀਆਂ ਨੂੰ ਗੁੰਮਰਾਹ ਕਰਨ ਅਤੇ ਮਾਸਟਰਣੀਆਂ ਨੂੰ ਅਸ਼ਲੀਲ ਇਸ਼ਾਰੇ ਕਰਨ ਦਾ ਦੋਸ਼ ਲਾਇਆ ਗਿਆ ਸੀ। ਸਾਡੇ ਖਿਲਾਫ ਦਰਖਾਸਤ ਵੀ ਪਿੰਡ ਦੀ ਪੰਚਾਇਤ ਵੱਲੋਂ ਸੀ। ਹਿਸਾਬ ਵਾਲਾ ਮਹਿੰਦਰ ਸਿੰਘ ਤਾਂ ਹੁਬਕੀਂ-ਹੁਬਕੀਂ ਰੋਣ ਲੱਗ ਗਿਆ ਸੀ। ਇਸ ਸ਼ਿਕਾਇਤ ’ਤੇ ਉੱਚ ਅਧਿਕਾਰੀ ਵੱਲੋਂ ਸਕੂਲ ਵਿਚ ਜਾ ਕੇ ਕੀਤੀ ਇਨਕੁਆਰੀ ਦੀ ਰਿਪੋਰਟ ਵੀ ਦਰਜ ਸੀ, ਜਿਸਨੇ ਇਸ ਸ਼ਿਕਾਇਤ ਦੀ ਪੁਸ਼ਟੀ ਕੀਤੀ ਸੀ। ਅਸੀਂ ਹੈਰਾਨ ਰਹਿ ਗਏ। ਇਹ ਇਨਕੁਆਰੀ ਹੋਈ ਕਦੋਂ? ਇਹ ਘਟਨਾ ਚੇਤੇ ਆਉਂਦਿਆਂ ਹੀ ਮੂੰਹ ਕੁੜੱਤਣ ਨਾਲ ਭਰ ਗਿਆ ਜਿਵੇਂ ਕੁਨੈਣ ਪੀਤੀ ਹੋਵੇ। ਮੈਂ ਬੋਤਲ ਚੁੱਕੀ, ਮੂੰਹ ’ਤੇ ਲੱਗਾ ਗੁੱਲ ਬਾਹਰ ਖਿੱਚਿਆ ਤੇ ਦੂਰ ਵਗਾਹ ਮਾਰਿਆ। ਜਿਵੇਂ ਗਿੱਲ ਮਾਸਟਰ ਦੇ ਮੂੰਹ ’ਤੇ ਮਾਰਿਆ ਹੋਵੇ।
– ਲੈ ਤਾਇਆ, ਨਬੇੜੀਏ ਕੰਮ!’’ ਮੈਂ ਬਾਕੀ ਬਚਦੀ ਸ਼ਰਾਬ ਦੋਵਾਂ ਗਿਲਾਸੀਆਂ ਵਿਚ ਪਾ ਕੇ ਬੋਤਲ ਟਿੱਬੇ ਵੱਲ ਵਗਾਹ ਦਿੱਤੀ। ਆਤੂ ਨੇ ਵੀ ਹੁਣ ਕੋਈ ਨਾਂਹ-ਨੁੱਕਰ ਨਹੀਂ ਸੀ ਕੀਤੀ, ਸ਼ਾਇਦ ਪਹਿਲਾਂ ਪੀਤੀ ਦੇ ਸਰੂਰ ਵਿਚ ਹੀ। ਮੈਂ ਕੱਪੀ ਨਾਲ ਥੋੜ੍ਹਾ-ਥੋੜ੍ਹਾ ਪਾਣੀ ਦੋਵਾਂ ਗਿਲਾਸੀਆਂ ਵਿਚ ਪਾਇਆ। ਆਤੂ ਨੇ ਅੱਧੀ ਗਿਲਸੀ ਚਾੜ੍ਹਕੇ ਬਾਕੀ ਵੱਟ ’ਤੇ ਰੱਖ ਦਿੱਤੀ।
– ਤਾਇਆ! ਬੰਦਾ ਕਾਹਨੂੰ ਬੁੱਢਾ ਹੁੰਦਾ, ਬੰਦੇ ਨੂੰ ਤਾਂ ਬੱਸ ਐਧਰ-ਉਧਰ ਦੀਆਂ ਸੱਟਾਂ ਬੁੱਢਾ ਕਰਦੀਆਂ।’’ ਮੈਂ ਆਵਦੇ ਵੱਲੋਂ ‘ਇਧਰ-ਉਧਰ’ ਦੀਆਂ ਬੇਇਨਸਾਫੀਆਂ ਕਹਿਣਾ ਸੀ ਪਰ ਪਤਾ ਨਹੀਂ ਕਿਉਂ ਮੈਥੋਂ ‘ਇਧਰ-ਉਧਰ’ ਦੀਆਂ ਸੱਟਾਂ ਕਹਿ ਹੋ ਗਿਆ ਸੀ। ਮੈਨੂੰ ਆਪਣੇ ਨਾਲ ਹੋਈ ਬੇਇਨਸਾਫੀ ਅੰਦਰੋਂ-ਅੰਦਰੀਂ ਵੱਢਦੀ ਰਹਿੰਦੀ ਸੀ। ਅਸੀਂ ਇਸ ਬੇਇਨਸਾਫੀ ਦੇ ਖਿਲਾਫ ਡੀ.ਪੀ.ਆਈ. ਦਫਤਰ, ਸੈਕਟਰੀਏਟ ਅਤੇ ਮੰਤਰੀ ਦੇ ਘਰ ਦੀਆਂ ਪੌੜੀਆਂ ਚੜ੍ਹਦੇ ਉਤਰਦੇ ਰਹੇ, ਪਰ ਇਨਸਾਫ਼ ਕਿਤੋਂ ਨਹੀਂ ਸੀ ਮਿਲਿਆ। ਵਾਹ ਨਾ ਚਲਦੀ ਵੇਖ ਅਸੀਂ ਚਾਰਾਂ ਨੇ ਹੀ ਨਵੇਂ ਸਕੂਲ ਵਿਚ ਜੁਆਇਨ ਕਰ ਲਿਆ ਸੀ।     
– ਮਛਟਰਾ! ਤੀਹ ਸਾਲ ਨੀ ਸੀ ਮਰਦਾ ਹਜੇ ਮੈਂ। ਜਮਦੂਤ ਲੈਣ ਵੀ ਆਉਂਦੇ, ਸਾਲਿਆਂ ਨੂੰ ਡਾਂਗਾਂ ਮਾਰ-ਮਾਰ ਮੋੜ ਦੇਣਾ ਸੀ ਪਰ ਧੀਆਂ ਦਾ ਦੁੱਖ ਬੁਰਾ, ਏਹ ਲੈ ਬੈਠਾ। ਏਹਨੇ ਅੰਦਰੋਂ-ਅੰਦਰੀਂ ਖੋਰਤਾ ਲੂਣ ਦੀ ਡਲੀ ਵਾਂਗੂੰ। ਰੱਬ ਨੇ ਪੁੱਤ ਦਿੱਤਾ ਕੋਈ ਨਾ, ਸੋਚਿਆ ਜਵਾਈ ਪੁੱਤਾਂ ਵਰਗੇ ਈ ਹੁੰਦੇ। ਧੀ ਦੇ ਕੇ ਪੁੱਤ ਬਣਾਈ ਦੇ। ਰੱਬ ਦੀ ਕੈਸੀ ਮਰਜ਼ੀ… ਦੋ ਧੀਆਂ, ਔਖੋ ਹੋ ਕੇ ਵਿਆਹੀਆਂ, ਦੋਵੇਂ ਈ ਬਾਪ ਦੇ ਬੂਹੇ ਆ ਬੈਠੀਆਂ।’’ ਅੱਥਰੂ ਆਤੂ ਦੀਆਂ ਅੱਖਾਂ ਵਿਚੋਂ ਨਿਕਲਕੇ ਉਸਦੀ ਵਿਰਲੀ-ਵਿਰਲੀ ਤੇ ਖੋਦੀ ਜਿਹੀ ਦਾੜ੍ਹੀ ਵਿਚ ਗੁਆਚ ਗਏ।
– ਮਛਟਰਾ! ਪੂਰੇ ਪੱਚੀ ਸਾਲ ਐਨ੍ਹਾਂ ਬੁੱਢੇ ਹੱਡਾਂ ਨਾਲ ਮਿਹਨਤ ਕਰਕੇ ਦੋਵੇਂ ਧੀਆਂ ਦੇ ਜੀਅ-ਜੰਤ ਨੂੰ ਪਾਲਿਆ। ਜਿੰਨਾ ਚਿਰ ਵਿਧਵਾ ਧੀਆਂ ਦੀ ਕਬੀਲਦਾਰੀ ਨੀ ਕਿਉਂਟੀ ਗਈ, ਡੋਲਣ ਨੀ ਦਿੱਤਾ ਆਪਣੇ ਆਪ ਨੂੰ, ਪਰ ਹੁਣ?… ਹੁਣ ਬੱਸ ਹੋਗੀ। ਮਛਟਰਾ, ਕੀ ਦੱਸਾਂ? ਧੀਆਂ ਦੇ ਦੁੱਖ ਬੁਰੇ।’’
– ਤਾਇਆ… ਰੱਬ ਨੂੰ ਕੌਣ ਆਖੇ ਇਉਂ ਨੀ ਇਉਂ ਕਰ।’’ ਮੈਨੂੰ ਸਮਝ ਨਹੀਂ ਸੀ ਆਈ ਕਿ ਆਤੂ ਨਾਲ ਕਿਹੜੇ ਸ਼ਬਦਾਂ ਦੁਆਰਾ ਹਮਦਰਦੀ ਪ੍ਰਗਟਾਈ ਜਾਏ।
– ਮਛਟਰਾ ! ਵੱਡੀ ਕੁੜੀ ਦੇ ਘਰ ਆਲਾ, ਮੋਟਰ ਲਾਰੀ ਦੇ ਐਕਸੀਡੰਟ ’ਚ ਪੂਰਾ ਹੋ ਗਿਆ। ਮੈਂ ਸਬਰ ਕਰ ਲਿਆ, ਚਲੋ ਕੁਜ਼ਰਤ ਦੀ ਮਰਜ਼ੀ। ਛੋਟੀ ਤਾਂ ਸਮਝ ਲੈ ਆਵਦੇ ਹੱਥੀਂ ਰੰਡੀ ਕੀਤੀ।’’ ਆਤੂ ਨੇ ਗਿਲਾਸੀ ਮੂੰਹ ਨੂੰ ਲਾ ਲਈ।
– ਆਵਦੇ ਹੱਥੀਂ……..?’’
– ਹਾਂਅ………. ਆਵਦੇ ਹੱਥੀਂ!’’
– ਆਵਦੇ ਹੱਥੀਂ?’’
– ਬਸ ਕਿਸਬ ਈ ਵੈਰੀ ਬਣ ਖਲੋਤਾ…।’’ ਆਤੂ ਖਿਲਾਅ ਵਿਚ ਦੇਖਣ ਲੱਗਾ ਜਿਵੇਂ ਬੀਤੀਆਂ ਘਟਨਾਵਾਂ ਦੀਆਂ ਤੰਦਾਂ ਫੜ ਰਿਹਾ ਹੋਵੇ।
– ਤਾਇਆ ਪੂਰੀ ਗੱਲ ਦੱਸ… ਮਨ ਹੌਲਾ ਹੋਜੂ।’’ ਮੈਂ ਆਤੂ ਦੇ ਰਿਸਦੇ ਜ਼ਖਮ ’ਚੋਂ ਪੱਸ ਕੱਢ ਦੇਣ ਦੀ ਨੀਅਤ ਨਾਲ ਪੁੱਛਿਆ। ਮੈਂ ਸੋਚਿਆ, ਇਸ ਨਾਲ ਆਤੂ ਨੂੰ ਆਰਾਮ ਮਿਲਣਾ ਸੀ।
ਆਤੂ ਨੇ ਦੋ-ਤਿੰਨ ਲੰਮੇ ਹਉਕੇ ਭਰੇ।
– ਮਛਟਰਾ! ਵਖਤ-ਵਖਤ ਦੀਆਂ ਗੱਲਾਂ ਹੁੰਦੀਆਂ। ਕੋਈ ਟੈਮ ਆ, ਆਤੂ ਤੇਰੇ ਸਾਹਮਣੇ ਰਿੱਗੀ ਢਾਹੀ ਬੈਠਾ, ਕੋਈ ਟੈਮ ਸੀ ਏਹੀ ਆਤੂ ਸੌ-ਸੌ ਕੋਹ ਤਕ ਮਸ਼ਹੂਰ ਸੀ। ਤੂੰ ਤਾਂ ਹਜੇ ਕੱਲ ਜੰਮਿਆਂ। ਤੇਰਾ ਪਿਉ ਵੀ ਮੈਂ ਹੱਥੀਂ ਖਿਡਾਇਆ। ਤੈਨੂੰ ਕੀ ਪਤਾ ਆਤੂ ਖੋਜੀ ਬਾਰੇ। ਬਾਹਰਲੇ ਪਿੰਡਾਂ ਆਲੇ ਆਪਣੇ ਪਿੰਡ ਨੂੰ ਆਤੂ ਖੋਜੀ ਆਲਾ ਬੁੱਟਰ ਆਂਹਦੇ ਸੀ। ਮਾਰ ਬਠਿੰਡੇ-ਮਾਨਸੇ ਤੱਕ ਦੇ ਲੋਕ ਲਿਜਾਂਦੇ ਸੀ, ਪੈੜ ਕਢਵਾਉਣ ਵਾਸਤੇ।’’ ਆਤੂ ਉਠਕੇ ਗੰਦਲ ਤੋੜਨ ਚਲਾ ਗਿਆ। ਭਾਵੇਂ ਉਹ ਮੇਰੀ ਸੁਰਤ ਤੋਂ ਪਹਿਲਾਂ ਹੀ ਖੋਜਪੁਣੇ ਦਾ ਕੰਮ ਛੱਡ ਚੁੱਕਾ ਸੀ ਪਰ ਉਸਦੇ ਇਕ ਮੰਨਿਆ ਦੰਨਿਆ ਖੋਜੀ ਰਿਹਾ ਹੋਣ ਬਾਰੇ ਮੈਨੂੰ ਪਤਾ ਸੀ। ਆਤੂ ਨੂੰ ਪਿੰਡ ਦੇ ਲੋਕ ਅਜੇ ਵੀ ਆਤੂ ਖੋਜੀ ਹੀ ਆਖਦੇ। ਆਤੂ ਬਾਰੇ ਮਸ਼ਹੂਰ ਸੀ ਕਿ ਚੋਰੀ ਦੇ ਜਿਸ ਮਾਮਲੇ ਦੀ ਪੈੜ ਕੱਢਣ ਦਾ ਕੰਮ ਆਪਣੇ ਹੱਥ ਲੈ ਲੈਂਦਾ ਸੀ, ਚੋਰ ਫੜੇ ਜਾਣ ਦੇ ਡਰੋਂ ਰਾਤ-ਬਰਾਤੇ ਚੋਰੀ ਕੀਤੇ ਸਾਮਾਨ ਮਾਲਕਾਂ ਘਰ ਸੁੱਟ ਜਾਂਦਾ ਸੀ। ਕਈ ਤਾਂ ਗਿੜਗਿੜਾ ਕੇ ਘਰ ਵਾਲਿਆਂ ਤੋਂ ਜਾਨ ਬਖਸ਼ੀ ਕਰਵਾ ਲੈਂਦੇ ਸਨ। ਮੈਂ ਇਹ ਵੀ ਸੁਣਿਆ ਸੀ ਕਿ ਜਿੱਥੇ ਦੂਜੇ ਖੋਜੀ ਕਈ ਵਾਰ ਚੋਰਾਂ ਨਾਲ ਰਲ ਜਾਂਦੇ ਸਨ ਉੱਥੇ ਆਤੂ ਅਜਿਹਾ ਨਹੀਂ ਸੀ ਕਰਦਾ। ਬਾਪੂ ਦੱਸਦਾ ਹੁੰਦਾ ਸੀ ਕਿ ਆਤੂ ਖੋਜੀ ਦੇ ਨਾਂਅ ਤੋਂ ਹੀ ਚੋਰ ਭੈਅ ਖਾਂਦੇ ਸਨ। ਇਲਾਕੇ ਦੇ ਪੱਕੇ ਚੋਰਾਂ ਪੈਸੇ ਦੇ ਕੇ ਆਤੂ ਨੂੰ ਆਪਣੇ ਨਾਲ ਗੰਢਣ ਦੀ ਕੋਸ਼ਿਸ਼ ਵੀ ਕੀਤੀ। ਫੇਰ ਵਾਹ ਨਾ ਚਲਦੀ ਵੇਖ ਆਤੂ ਨੂੰ ਮਾਰਨ ਦੀ ਚਾਲ ਚੱਲੀ ਪਰ ਚੰਗੀ ਕਿਸਮਤ ਨੂੰ ਆਤੂ ਬਚ ਗਿਆ।
– ਮਛਟਰਾ! ਆਪਣੇ ਕਿਸਬ ਨੂੰ ਇਮਾਨਦਾਰੀ ਨਾਲ ਕਰਨਾ ਈ ਬੰਦੇ ਦਾ ਧਰਮ ਹੁੰਦਾ। ਜਿਮੇਂ ਤੂੰ ਮਛਟਰੀ ਕਰਦੈਂ, ਪੜ੍ਹਾਉਣਾ ਤੇਰਾ ਧਰਮ ਐ। ਬਾਜੇ-ਬਾਜੇ ਬੰਦੇ ਏਹ ਗੱਲ ਨੀ ਸਮਝਦੇ। ਆਹ ਸੂਰਜ ਮੱਥੇ ਲੱਗਦਾ, ਮੈਂ ਆਪਣੇ ਕਿਸਬ ਨੂੰ ਧਰਮ ਸਮਝਦਾ ਰਿਹਾਂ, ਏਸੇ ਕਰਕੇ ਛੋਟੀ ਕੁੜੀ ਬੂਹੇ ਬਹਾਈ।’’ ਆਪਣੀ ਗੱਲ ਦੇ ਹੁੰਗਾਰੇ ਲਈ ਆਤੂ ਗਹੁ ਨਾਲ ਮੇਰੀਆਂ ਅੱਖਾਂ ਵਿਚ ਝਾਕਿਆ। ਮੈਨੂੰ ਆਪਣੇ ਆਪ ’ਤੇ ਸ਼ਰਮ ਆਈ। ਮੈਂ ਤਲਵੰਡੀ ਆਪਣੇ ਹੁਣ ਵਾਲੇ ਸਕੂਲ ਪਹੁੰਚ ਗਿਆ ਸਾਂ। ਕਲਾਸ ਅੰਦਰ ਕੁਰਸੀ ਵਿਚ ਘੁਸਿਆ ਅਤੇ ਮੂਹਰਲੇ ਟੇਬਲ ’ਤੇ ਲੱਤਾਂ ਪਸਾਰੀ ਪਿਆ ਸਾਇੰਸ ਮਾਸਟਰ ਮੱਖਣ ਸਿੰਘ ਮਾਨ ਮੇਰੀਆਂ ਅੱਖਾਂ ਅੱਗੇ ਆ ਖੜੋਤਾ।
– ਸੰਧੂ ਸੈਬ੍ਹ… ਐਸ਼ ਕਰਿਆ ਕਰੋ ਐਸ਼। ਐਏਂ ਨਾ ਮੱਥਾ ਮਾਰਿਆ ਕਰੋ ਕੋਟੇ ਆਲਿਆਂ ਨਾਲ…. ਇਹਨਾਂ ਪੜ੍ਹਕੇ ਆਪਣੇ ਹੈਡਮਾਸਟਰ ਵਾਂਗੂੰ ਆਪਣੇ ਜੁਆਕਾਂ ’ਤੇ ਈ ਅਫਸਰ ਆ ਲੱਗਣਾ। ਆਪਣੇ ਐਕਸ਼ਨ ਦਾ ਉਲਟਾ ਰੀਐਕਸ਼ਨ ਹੋਣਾ। ਸੁਣਿਆ ਨੀ, ਐਕਸ਼ਨ ਐਂਡ ਰੀਐਕਸ਼ਨ ਆਰ ਈਕੁਅਲ ਐਂਡ ਆਪੋਜ਼ਿਟ। ਇਹ ਸਾਲਾ ਚੀਂਗਰਪੋਟ ਅਨਪੜ੍ਹ ਈ ਠੀਕ ਹੈ। ਨਾ ਪੜ੍ਹਨ ਨਾ ਕੁਰਸੀਆਂ ਸਾਂਭਣ। ਕੀ ਖਿਆਲ?’’ ਮਾਸਟਰ ਮਾਨ ਹੱਥ ’ਤੇ ਹੱਥ ਮਾਰ ਹੱਸਿਆ, ਜਿਵੇਂ ਸਾਰੇ ਸਿੱਖਿਆ ਢਾਂਚੇ ਨੂੰ ਦੰਦੀਆਂ ਚਿੜਾ ਰਿਹਾ ਹੋਵੇ। ਮੈਂ ਉਸਦੀ ਗੱਲ ਅਣਸੁਣੀ ਕਰਕੇ ਤੁਰ ਪਿਆ ਸਾਂ।
– ਇਕ ਤਾਂ ਇਹਨਾਂ ਨੂੰ ਕਾਮਰੇਟੀ ਨੀ ਟਿਕਣ ਦਿੰਦੀ…।’’ ਆਵਦੇ ਵੱਲੋਂ ਉਸਨੇ ਮੈਨੂੰ ਭੱਦੀ ਗਾਹਲ ਕੱਢੀ ਸੀ।
– ਸੁਣਦੈਂ?’’ ਆਤੂ ਦੀ ਆਵਾਜ਼ ਨੇ ਮੈਨੂੰ ਨੀਂਦ ’ਚੋਂ ਕੱਢ ਲਿਆਂਦਾ।
– ਹਾਂਅ!’’
– ਕੀ ਆਖਿਆ ਭਲਾ?’’ ਆਤੂ ਨੂੰ ਲੱਗਾ ਸੀ ਜਿਵੇਂ ਮੈਂ ਉਸਦੀ ਗੱਲ ਧਿਆਨ ਨਾਲ ਸੁਣ ਨਹੀਂ ਸੀ ਰਿਹਾ।
– ਏਹੀ ਕਿ ਆਪਣੇ ਕਿਸਬ ਨੂੰ ਇਮਾਨਦਾਰੀ ਨਾਲ ਕਰਨਾ ਈ ਬੰਦੇ ਦਾ ਅਸਲੀ ਧਰਮ ਹੁੰਦਾ। ਏਸ ਧਰਮ ਨੂੰ ਨਿਭਾਉਣ ਲਈ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ।’’ ਮੇਰੇ ਜੁਆਬ ਨਾਲ ਆਤੂ ਸੰਤੁਸ਼ਟ ਹੋ ਗਿਆ ਸੀ।
– ਮਛਟਰਾ! ਮਾੜਾ ਜਿਹਾ ਧਰਮ ਛੱਡਣ ਦੀ ਲੋੜ ਸੀ, ਰੁਪਈਏ ਭਮੇ ਫਹੁੜੀ ਨਾਲ ਕੱਠੇ ਕਰ ਲੈਂਦਾ। ਨਹੀਂ ਛੱਡਿਆ। ਮਛਟਰਾ, ਧਰਮ ਨੀ ਛੱਡਿਆ ਮੈਂ। ਧੀ ਜਰੂਰ ਬੂਹੇ ਬਹਾਲੀ ਪਰ ਧਰਮ ਨੀ ਛੱਡਿਆ ਆਤੂ ਖੋਜੀ ਨੇ।’’ ਨਸ਼ਾ ਆਤੂ ਦੇ ਸਿਰ ਉਤੋਂ ਦੀ ਹੋ ਗਿਆ ਸੀ ਜਾਂ ਫਿਰ ਯਾਦਾਂ ਨੇ ਹੀ ਆਤੂ ਨੂੰ ਬੌਰਾ ਕਰ ਦਿੱਤਾ ਸੀ।
– ਹੱਲੂ ਪੱਤੀ ਆਲੇ ਜੂੰ-ਖਾਣੇ ਲੱਭੂ ਨੂੰ ਜਾਣਦੈਂ?’’
– ਜਾਣਦਾਂ!’’
– ਏਹਨਾਂ ਦਾ ਬੁੜ੍ਹਾ ਹੁੰਦਾ ਸੀ ਨੌਹਰੀਆ। ਬੜਾ ਔਂਤਰਾ ਬੁੜ੍ਹਾ ਸੀ। ਕੰਜਰ ਨੇ ਗਰੀਬ-ਗੁਰਬੇ ਨੂੰ ਦਾਸਾ-ਬੀਸਾ ਦੇ ਕੇ ਵਹੀ ’ਤੇ ਗੂੰਠਾ ਲਵਾ ਲੈਣਾਂ। ਵਿਆਜ ਲਾ ਕੇ ਡੂਢਾ-ਸਵਾਇਆ ਕਰੀ ਜਾਣਾਂ। ਰੱਤ ਚੂਸ ਲੈਂਦਾ ਸੀ ਅਗਲੇ ਦੀ। ਏਹਨਾਂ ਦੇ ਸੀਰੀ ਹੁੰਦਾ ਸੀ ਗੁੱਦੜ ਮਜ੍ਹਬੀ। ਕੇਰਾਂ ਵਿਚਾਰੇ ਦੀ ਘਰਵਾਲੀ ਬਿਮਾਰ-ਠਮਾਰ ਹੋਗੀ। ਉਸਨੂੰ ਦਾਸਾ-ਬੀਸਾ ਫੜਨਾ ਪੈ ਗਿਆ ਜੂੰ-ਖਾਣੀਏਂ ਤੋਂ। ਏਹਨੇ ਵਿਆਜ ਤੇ ਵਿਆਜ, ਵਿਆਜ ਤੇ ਵਿਆਜ ਲਾ ਕੇ ਬਣਾ ਧਰੀ ਰਕਮ। ਗੁੱਦੜ ਵਿਚਾਰੇ ਤੋਂ ਦੇ ਕਿੱਥੋਂ ਹੋਣੇ ਸੀ। ਨੌਹਰੀਏ ਨੇ ਏਸੇ ਰਕਮ ਦੇ ਵੱਟੇ ਗੁੱਦੜ ਦੀ ਸੱਜਰ ਸੂਈ ਝੋਟੀ ਕਿੱਲੇ ਤੋਂ ਖੋਹਲ ਲੀ। ਵਿਚਾਰੇ ਗਰੀਬ ਦੇ ਢਿੱਡ ’ਤੇ ਲੱਤ ਮਾਰੀ।’’
– ਹੱਤ ਤੇਰੇ….।’’ ਮੈਂ ਨੌਹਰੀਆ ਬੁੜ੍ਹਾ ਦੇਖਿਆ ਨਹੀਂ ਸੀ ਪਰ ਉਸਦੀ ਥਾਵੇਂ ਗਿੱਲ ਮਾਸਟਰ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਗਿਆ।
– ਮਛਟਰਾ! ਕਰਨੀ ਰੱਬ ਦੀ, ਜੂੰ-ਖਾਣਿਆਂ ਦੇ ਕਿੱਲੇ ਤੋਂ ਚੋਰ ਰਾਤ-ਬਰਾਤੇ ਝੋਟੀ ਖੋਹਲਣ ਆ ਪਿਆ। ਨੌਹਰੀਏ ਕਾ ਬਿਮਾਰੀ ਖਾਧਾ ਬੁੜ੍ਹਾ ਪਿਆ ਸੀ ਪਸ਼ੂਆਂ ਦੀ ਰਾਖੀ। ਮਾੜੀ ਕਿਸਮਤ, ਉਹਨੂੰ ਕਿਤੇ ਜਾਗ ਆਗੀ। ਉਹਨੇ ਚੋਰ ਨੂੰ ਪਿੱਛੋਂ ਜੱਫਾ ਮਾਰ ਲਿਆ। ਅੱਗਿਉਂ ਚੋਰ ਸੀ ਮੁੰਡਾ-ਖੁੰਡਾ, ਉਹਨੇ ਬੁੜ੍ਹੇ ਨੂੰ ਭੂਆਂ ਮਾਰਿਆ। ਬੁੜ੍ਹਾ ਕਿਤੇ ਰੌਲਾ ਨਾ ਪਾ ਦੇਵੇ ਚੋਰ ਨੇ ਗੋਹਾ ਹਟਾਉਣ ਵਾਲਾ ਫਹੁੜਾ ਬੁੜ੍ਹੇ ਦੇ ਸਿਰ ’ਚ ਟਿਕਾਤਾ। ਬੁੜ੍ਹਾ ਤਾਂ ਰੇਲ ਦੇ ਕੰਨ ਆਂਗੂੰ ਉਥੇ ਹੀ ਟੇਢਾ ਹੋ ਗਿਆ। ਚੋਰ ਲੈ ਗਿਆ ਕੱਟਰੂ ਸਣੇ ਝੋਟੀ ਖੋਹਲ ਕੇ। ’’
– ਸੁਆਦ ਆ ਗਿਆ!’’ ਮੈਨੂੰ ਅਥਾਹ ਖੁਸ਼ੀ ਹੋਈ। ਬਿਲਕੁਲ ਉਸੇ ਤਰ੍ਹਾਂ ਦੀ ਖੁਸ਼ੀ ਜਿਹੋ ਜਿਹੀ ਮਾਸਟਰ ਮੱਖਣ ਸਿੰਘ ਮਾਨ ਦੇ ਫਰਜ਼ੰਦ ਦੇ ਪ੍ਰੈਪ ਵਿਚੋਂ ਲਗਾਤਾਰ ਦੂਜੀ ਵਾਰ ਫੇਹਲ ਹੋ ਜਾਣ ਬਾਰੇ ਪਤਾ ਲੱਗਣ ’ਤੇ ਹੋਈ ਸੀ। ਮਾਨ ਮਾਸਟਰ ਆਪਣੇ ਇਸ ਫਰਜ਼ੰਦ ਨੂੰ ਡਾਕਟਰ ਬਣਾਉਣ ਦੇ ਸੁਪਨੇ ਲੈਂਦਾ ਰਹਿੰਦਾ ਸੀ।
– ਲਉ ਜੀ, ਦੁਪਹਿਰ ਨੂੰ ਥਾਣਾ ਚੜ੍ਹਕੇ ਆ ਗਿਆ। ਚੋਰੀ ਤੋਂ ਵਧਕੇ ਮਾਮਲਾ ਕਤਲ ਅਤੇ ਡਾਕੇ ਦਾ ਬਣ ਗਿਆ। ਸਪ੍ਹਾਟਿਆਂ ਨੇ ਖੋਜੀ ਕੁੱਤੇ ਲਿਆਂਦੇ। ਉਨ੍ਹਾਂ ਇਧਰ-ਉਧਰ ਨੱਕ-ਮੂੰਹ ਮਾਰਿਆ। ਪੈੜਾਂ ਸੁੰਘਦੇ ਥੋੜ੍ਹੀ ਦੂਰ ਗਏ ਤੇ ਪਿੰਡ ਆਲੇ ਟਿੱਬਿਆਂ ’ਚ ਜਾ ਕੇ ਬਹਿਗੇ। ਅਗਾਂਹ ਤੁਰਨ ਈ ਨਾ। ਸਪ੍ਹਾਟੇ ਤੇ ਥਾਣੇਦਾਰ ਸਿਰ ਫੇਰ ਗਏ। ਜਾਣ ਤਾਂ ਕਿਧਰ ਜਾਣ? ਫੇਰ, ਜੂੰ-ਖਾਣਿਆਂ, ਸਪ੍ਹਾਟਿਆਂ ਨੂੰ ਹੱਥ ਪੱਲਾ ਝਾੜਿਆ ਕੋਈ ਨਾ। ਉਨ੍ਹਾਂ ਕਾਗਤੀਂ-ਪੱਤਰੀਂ ਤਿੰਨ-ਪੰਜ ਕੀਤੀ ਤੇ ਤੁਰਗੇ। ਪਿੰਡ ਦੇ ਸਿਆਣੇ ਬੰਦਿਆਂ ਜੂੰ-ਖਾਣਿਆਂ ਨੂੰ ਰੈਅ ਦਿੱਤੀ, ਅਖੇ ਆਤੂ ਨੂੰ ਲਿਆਉ। ਉਹ ਕੱਢੂ ਖੁਰਾ ਖੋਜ। ਬੰਦੇ ‘ਕੱਠੇ ਹੋਕੇ ਮੇਰੇ ਕੋਲ ਆਗੇ। ਮੈਂ ਅੱਗੋਂ ਸਤਿ ਬਚਨ ਆਖ ਦਿੱਤਾ। ਤੈਨੂੰ ਪਤਾ ਸਾਡੀ ਕੌਮ ਗੁਰੂ ਗੁਸਾਂਈ ਨੂੰ ਬੜਾ ਮੰਨਦੀ ਆ। ਮੈਂ ਗੁਰੂ ਗੁਸਾਂਈ ਨੂੰ ਧਿਆਇਆ, ਮੱਥਾ ਟੇਕਿਆ ਤੇ ਜਾ ਪੈੜ ਨੱਪੀ।’’
– ਖੋਜੀ ਨੂੰ ਪੈੜ ਦੀ ਪਛਾਣ ਕਿਵੇਂ ਆ ਜਾਂਦੀ?’’ ਮੈਂ ਪੁੱਛਿਆ।
– ਮਛਟਰਾ ! ਜਿਵੇਂ ਤੁਸੀਂ ਜੁਆਕਾਂ ਦੀ ਲਿਖਾਈ ਪਛਾਣ ਲੈਨੇ ਓਂ, ਉਵੇਂ ਜਿਵੇਂ ਸਾਨੂੰ ਪੈੜ ਦੀ ਸਿਆਣ ਆ ਜਾਂਦੀ। ਕੁਜ਼ਰਤ ਵੱਲੋਂ ਕਿਸੇ ਬੰਦੇ ਦਾ ਪੈਰ ਦੂਜੇ ਬੰਦੇ ਦੇ ਪੈਰ ਨਾਲ ਨੀ ਰਲਦਾ। ਇਕ ਦੀ ਤੋਰ ਵੀ ਨਈਂ ਰਲਦੀ ਦੂਜੇ ਨਾਲ। ਕਿਸੇ ਦਾ ਪੈਰ ਲੰਮਾ ਹੁੰਦਾ ਕਿਸੇ ਦਾ ਮਧਰਾ। ਕੋਈ ਚਪਟਾ ਹੁੰਦਾ, ਕੋਈ ਡੂੰਘ ਆਲਾ। ਕਿਸੇ ਦੀਆਂ ਉਂਗਲਾਂ ਲੰਮੀਆਂ ਹੁੰਦੀਆਂ ਕਿਸੇ ਦੀਆਂ ਛੋਟੀਆਂ। ਕਿਸੇ ਦੇ ਪੈਰ ਦਾ ਅੰਗੂਠਾ ਮੋਟਾ ਹੁੰਦਾ ਕਿਸੇ ਦਾ ਪਤਲਾ। ਕਿਸੇ ਦੀ ਅੱਡੀ ਚੌੜੀ ਹੁੰਦੀ, ਚਾਪੜ ਅਰਗੀ। ਕਿਸੇ ਦੀ ਛੋਟੀ ਠੀਕਰੀ ਅਰਗੀ। ਇਵੇਂ ਤੋਰ ਦਾ ਹੁੰਦਾ। ਤੁਰਨ ਲੱਗੇ ਕਿਸੇ ਦਾ ਪੱਬ ਧਰਤੀ ’ਤੇ ਪੂਰਾ ਲੱਗਦਾ ਕਿਸੇ ਦਾ ਅੱਧਾ। ਕੋਈ ਉਂਗਲਾਂ ਦਬਾ ਕੇ ਤੁਰਦਾ ਤਾਂ ਕੋਈ ਅੱਡੀ ’ਤੇ ਜ਼ੋਰ ਦੇ ਕੇ। ਕਈਆਂ ਦੇ ਤੁਰਦਿਆਂ ਅੱਡੀ ਭੁੰਜੇ ਲਗਦੀ ਈ ਨ੍ਹੀ। ਕਈ ਟੇਢੇ ਰੋਕ ਪੈਰ ਚੱਕਦੈ ਕਈ……।’’
– ਤਾਇਆ ਸਿਆਂ! ਤੂੰ ਪੈੜ ਜਾ ਨੱਪੀ, ਫੇਰ ਕੀ ਹੋਇਆ?’’ ਮੈਂ ਵਿਚਾਲਿਉਂ ਟੋਕ ਦਿੱਤਾ। ਮੈਨੂੰ ਲੱਗਾ ਪੈੜਾਂ ਦੀ ਤਫ਼ਸੀਲ ਦੱਸਦਾ ਆਤੂ ਕਿਤੇ ਸ਼ੁਰੂ ਕੀਤੀ ਤਵਾਰੀਖ ਹੀ ਭੁੱਲ ਨਾ ਜਾਵੇ।
– ਭਤੀਜ ! ਮੈਂ ਪੈੜ ਫੜੀ ਤੇ ਹੋ ਲਿਆ ਪੈੜ ਦੇ ਮਗਰ। ਪਿੰਡ ਦੀ ਖਲਕਤ ਮੇਰੇ ਮਗਰ-ਮਗਰ। ਤੈਨੂੰ ਪਤਾ ਈਆ, ਤਮਾਸ਼ਾ ਦੇਖਣ ਵਾਲੇ ਭੂੰਡਾਂ ਦੀ ਖੱਖਰ ਆਂਗੂ ਆ ਜੁੜਦੇ। ਹੋ…ਹੋਅ ਕਰਦੀ ਮੁੰਡੀਹਰ ਮਗਰੇ ਤੁਰੀ ਆਵੇ। ਮੈਂ ਪੈੜ ਸਿਆਣਦਾ-ਸਿਆਣਦਾ ਲੈ ਆਇਆ ਗੱਜੂਪੁਰੇ ਬੁੱਟਰਾਂ ਤੋਂ ਪੰਜਵੇਂ ਪਿੰਡ। ਪਿੰਡ ’ਚ ਆ ਕੇ ਪੈੜ ਔਟਲ ਗੀ। ਮੈਂ ਜੂੰ-ਖਾਣੀਏ ਨੌਹਰੀਏ ਨੂੰ ਆਖਿਆ ਥੋਡਾ ਚੋਰ ਐਸੇ ਪਿੰਡ ਐ। ਥੋਡੀ ਮੱਝ ਐਦੂੰ ਗਾਂਹ ਨੀ ਗਈ। ਚੋਰ ਵੀ ਐਸ ਪਿੰਡ ਤੋਂ ਗਾਂਹ ਨੀ ਗਿਆ।’’
– ਗੱਜੂਪੁਰੇ ਆ ਕੇ ਪੈੜ ਕਿਵੇਂ ਗੁਆਚਗੀ?’’ ਗੱਲ ਮੇਰੀ ਸਮਝੋਂ ਬਾਹਰ ਹੋ ਚੱਲੀ ਸੀ।
– ਮਛਟਰਾ! ਚੋਰੀ ਆਲੀ ਗੱਲ ਨੂੰ ਤੀਆ ਦਿਨ ਹੋ ਗਿਆ ਸੀ। ਪਿੰਡ ’ਚ ਸੁਆਣੀਆਂ ਬਹੁਕਰ-ਬਹਾਰੀ ਕਰ ਦਿੰਦੀਆਂ। ਮਿਟ ਜਾਂਦੀਆਂ ਪੈੜਾਂ। ਬਾਕੀ ਪਿੰਡ ’ਚ ਆਵਾਜਾਈ ਵੀ ਹੁੰਦੀ ਰਹਿੰਦੀ ਆ। ਪੈੜਾਂ ’ਤੇ ਚੜ੍ਹ ਜਾਂਦੀਆਂ। ਆਂਏ ਪੈੜ ਦਾ ਪੂਰਾ ਲੱਖਣ ਨੀ ਲਗਦਾ। ਡਰ ਰਹਿੰਦਾ ਐਮੇ ਨਜ਼ੈਜ਼ ਬੰਦੇ ਘਰ ਨਾ ਚਲੇ ਜਾਈਏ। ਐਮੇ ਖਾਹ-ਮਖਾਹ ਕੋਈ ਔਬੜ ਬੰਦਾ ਫਸਜੇ। ਕਈ ਬਾਜੇ-ਬਾਜੇ ਖੋਜੀ ਫਸਾ ਵੀ ਦਿੰਦੇ ਸੀਗੇ ਮਾਤੜ੍ਹ-ਤੁਮਾਤੜ੍ਹ ਨੂੰ।’’
– ਰਹਿਗੀ ਫਿਰ ਵਿਚੇ ਕੀਤੀ ਕੱਤਰੀ?’’
– ਕਾਹਨੂੰ? ਆਤੂ ਦੇ ਹੁੰਦਿਆਂ-ਸੁੰਦਿਆਂ ਵਿਚੇ ਕਿੱਥੇ ਰਹਿਣੀ ਸੀ। ਮੈਂ ਆਖਿਆ ਮੈਨੂੰ ਪਿੰਡ ਦੇ ਕੱਲੇ-ਕੱਲੇ ਬੰਦੇ ਦੀ ਪੈੜ ਦਿਖਾ ਦਿਉ, ਮੈਂ ਚੋਰ ਦੀ ਪੈੜ ਸਿਆਣ ਦੂੰ। ਨਾਲ ਗਏ ਬੰਦਿਆਂ ਗੱਜੂਪੁਰੀਏ ਸਰਪੈਂਚ ਨਾਲ ਗੱਲ ਕੀਤੀ। ਸਰਪੈਂਚ ਮੇਰਾ ਵੀ ਵਾਕਫ਼ ਸੀ। ਛੋਟੀ ਕੁੜੀ ਉਥੇ ਈ ਤਾਂ ਵਿਆਹੀ ਸੀ। ਕੁੜੀ ਕੋਲ ਆਉਣ-ਜਾਣ ਤਾਂ ਬਣਿਆ ਈ ਰਹਿੰਦਾ ਸੀ। ਨਾਲੇ ’ਲਾਕੇ ਦਾ ਐਹੇ ਜ੍ਹਾ ਕਿਹੜਾ ਬੰਦਾ ਸੀ ਜਿਹੜਾ ਆਤੂ ਨੂੰ ਭੁੱਲਿਆ ਹੋਵੇ। ਸਰਪੈਂਚ ਨੇ ਆਵਦੇ ਪੰਚੈਤੀ ਬੰਦਿਆਂ ਨਾਲ ਗੱਲ ਕੀਤੀ। ਫੈਸਲਾ ਹੋਇਆ ਵਈ ਪਿੰਡ ਦੇ ਅਠਾਰਾਂ ਸਾਲ ਤੋਂ ਉੱਤੇ ਆਲੇ ਬੰਦਿਆਂ ਦੀ ਪੈੜ ਵੇਖੀ ਜਾਵੇ। ਸਪੀਕਰ ’ਚ ਲੋਸਮੈਂਟ ਕਰਤੀ ਵਈ ਜਿਹੜਾ ਘਰੇ ਰਿਹਾ, ਸਮਝ ਲੋ ਉਹੀ ਚੋਰ ਆ ਬੁੱਟਰ ਆਲਿਆਂ ਦਾ। ਚੋਰੀ ਉਹਦੇ ਨਾਉਂ ਲੱਗੂ। ਘਰੇ ਫਿਰ ਕੀਹਨੇ ਰਹਿਣਾ ਸੀ? ਸਾਰਾ ਪਿੰਡ ਆ ’ਕੱਠਾ ਹੋਇਆ ਸ਼ਾਮਲਾਟ ’ਚ।’’
– ਲੈ….।’’ ਆਤੂ ਦੀ ਸਿਖਰ ਵੱਲ ਜਾਂਦੀ ਕਹਾਣੀ ਨੇ ਮੇਰੀ ਉਤਸੁਕਤਾ ਵਧਾ ਦਿੱਤੀ।
– ਮੇਲਾ ਲੱਗ ਗਿਆ ਉਥੇ ਤਾਂ। ਦੋ ਪਿੰਡ ਤਾਂ ਜੁੜੇ ਵੀ ਸੀ। ਮੈਂ ਕਹੀ ਮੰਗਾ ਕੇ ਥੋੜ੍ਹੀ ਜਿਹੀ ਥਾਂ ਪੁੱਟਕੇ ਮਿੱਟੀ ਪੋਲੀ ਕਰ ਲੀ। ਵਾਰੋ-ਵਾਰੀ ਕੱਲਾ-ਕੱਲਾ ਬੰਦਾ ਮਿੱਟੀ ਤੋਂ ਦੀ ਲੰਘਣ ਲੱਗਾ। ਆਪਣੀ ਕੁੜੀ ਦੇ ਪ੍ਰਾਹੁਣੇ ਹੱਥੀਂ ਝਾੜੂ ਫੜਿਆ ਵਿਐ ਸੀ। ਜਦੋਂ ਕੋਈ ਬੰਦਾ ਲੰਘਜੇ, ਮੈਂ ਪੈੜ ਧਿਆਨ ਨਾਲ ਦੇਖਾਂ। ਮੇਰੇ ਨਾਂਹ ਵਿਚ ਸਿਰ ਫੇਰਦਿਆਂ ਹੀ ਪ੍ਰਾਹੁਣਾ ਪੈੜ ਸਾਫ ਕਰ ਦੇਵੇ। ਲਉ ਜੀ, ਇਕ-ਇਕ ਕਰਕੇ ਸਾਰਾ ਪਿੰਡ ਲੰਘ ਗਿਆ। ’ਕੱਠ ’ਚੋਂ ਆਵਾਜ਼ਾਂ ਵੀ ਆਈ ਜਾਣ, ਅਖੇ ਆਤੂਆ, ਕਿਉਂ ਭਕਾਈ ਕਰਾਉਨਾਂ ਪਿੰਡ ਆਲਿਆਂ ਦੀ, ਐਤਕੀਂ ਨੀ ਚੱਲਣੀ ਤੇਰੀ ਕਾਰਾਗਰੀ। ਪਰੇਸ਼ਾਨ ਮੈਂ ਵੀ ਸੀਗਾ। ਪਿੱਛੇ ਰਹਿ ਗਿਆ ’ਕੱਲਾ ਜੁਆਈ। ਉਹਦਾ ਕਿਸੇ ਪਿੰਡ ਆਲੇ ਨੂੰ ਚਿੱਤ ਚੇਤਾ ਈ ਨਾ। ਮੈਂ ਪ੍ਰਾਹੁਣੇ ਨੂੰ ਆਖਿਆ, ‘‘ਲਿਆ ਵਈ ਜੁਆਨਾ, ਝਾੜੂ ਫੜਾ ਮੈਨੂੰ ਤੇ ਲੰਘ ਤੂੰ ਵੀ ਭਉਜਲ।’’ ਲਉ ਜੀ ਪ੍ਰਾਹੁਣਾ ਪੋਲੇ-ਪੋਲੇ ਪੈਰੀਂ ਲੰਘ ਗਿਆ। ਮੈਂ ਧਿਆਨ ਨਾਲ ਪੈੜ ਦੇਖੀ ਗਿਆ। ਮੇਰਾ ਸਿਰ ਚਕਰਾਉਣ ਲੱਗ ਪਿਆ। ਸਿਰ ਵਿਚ ਜਿਵੇਂ ਬੰਬ ਫਟਣ ਲੱਗੇ। ਮੈਂ ਸਿਰ ਫੜ ਕੇ ਬੈਠ ਗਿਆ। ਲੋਕ ਹੈਰਾਨ।’’
– ਹੱਛਾ।’’ ਆਪ ਮੁਹਾਰੇ ਮੇਰੇ ਮੂੰਹੋਂ ਨਿਕਲ ਗਿਆ।
– ਡਮਾਕ ਕੁਛ ਦਾ ਕੁਛ ਸੋਚ ਗਿਆ। ਸੋਚਿਆ ਜੂੰ ਖਾਣੀਏ ਦੀ ਕਿਹੜੀ ਦਸਾਂ ਨੁਹਾਂ ਦੀ ਕਿਰਤ ਐ। ਇਹਨੇ ਵਿਚਾਰੇ ਗਰੀਬ ਗੁੱਦੜ ਨਾਲ ਗਰੀਬ ਮਾਰ ਕੀਤੀ ਐ। ਜੇ ਚੋਰੀ ਨਾ ਵੀ ਫੜੀ ਗਈ ਫੇਰ ਕਿਹੜਾ ਸਾਲੇ ਜੂੰ-ਖਾਣੇ ਨੌਹਰੀਏ ਦੀ ਕੋਈ ਗੁੱਠ ਲਿੱਸੀ ਪੈਜੂ। ਮਛਟਰਾ! ਵਿਧਵਾ ਹੋ ਕੇ ਘਰੇ ਬੈਠੀ ਧੀ ਮੇਰੀਆਂ ਅੱਖਾਂ ਅੱਗੇ ਆ ਖੜੋਤੀ। ਵਾਰ-ਵਾਰ ਡਮਾਕ ’ਚ ਇਹੀ ਆਈ ਜਾਵੇ ਵਈ ਇਕ ਤਾਂ ਵਿਧਵਾ ਹੋ ਕੇ ਆਈ ਆ, ਦੂਜੀ ਨੂੰ ਕਿਉਂ ਬਹਾਵਾਂ। ਕਤਲ ਡਾਕੇ ਦੇ ਕੇਸ ’ਚ ਪ੍ਰਾਹੁਣਾ ਫਾਹੇ ਲੱਗੂ, ਨਹੀਂ ਵੀਹ ਸਾਲ ਦੀ ਬੱਝੂ ਈ ਬੱਝੂ। ਮੈਂ ਨਾਂਹ ਵਿਚ ਸਿਰ ਮਾਰਨ ਦਾ ਫੈਸਲਾ ਕੀਤਾ ਪਰ ਸਿਰ ਤਾਂ ਸੱਜੇ-ਖੱਬੇ ਹਿੱਲੇ ਈ ਨਾ। ਫੇਰ ਜਾਣੀਦਾ ਅੰਦਰੋਂ ’ਵਾਜ਼ ਆਈ, ‘ਆਤੂਆ ਏਹ ਕੋਈ ਧਰਮ ਨੀ। ਕੁਜ਼ਰਤ ਨੇ ਤੇਰੇ ਹੱਥ ਨਸਾਫ਼ ਦੀ ਤੱਕੜੀ ਦਿੱਤੀ ਐ… ਸੱਚੋ….ਸੱਚ ਤੋਲ।’’ ਫੇਰ ਮਛਟਰਾ….।’’ ਆਤੂ ਦੀ ਆਵਾਜ਼ ਭਾਰੀ ਹੋਣ ਲੱਗੀ। ਉਹਦਾ ਗੱਚ ਭਰ ਆਇਆ ਸੀ। ਉਹਨੇ ਨੱਕ ’ਚ ਵਗ ਆਏ ਪਾਣੀ ਨੂੰ ਸਾਫ ਕੀਤਾ ਅਤੇ ਬੋਲਿਆ, ‘‘ਲਊ ਫੜੋ ਐਹ ਜੇ ਥੋਡਾ ਚੋਰ।’’ ਮਛਟਰਾ! ਮੈਂ ਪ੍ਰਾਹੁਣੇ ਨੂੰ ਗਲ੍ਹਮਿਓਂ ਫੜਕੇ ਨੌਹਰੀਏ ਵੱਲ ਧੱਕ ਦਿੱਤਾ ਤੇ ਵਾਹੋ-ਦਾਹੀ ਪਿੰਡ ਵੱਲ ਨੂੰ ਭੱਜ ਪਿਆ।
– ਮਛਟਰਾ! ਪ੍ਰਾਹੁਣੇ ਕੋਲੋਂ ਚੋਰੀ ਬਰਾਮਦ ਹੋਗੀ। ਕਤਲ ਦਾ ਕੇਸ ਪੈ ਗਿਆ। ਮੈਂ ’ਦਾਲਤਾਂ ਦੇ ਚੱਕਰ ਕੱਟੇ। ਪੈਰਵਾਈ ਕੀਤੀ। ਏਹ ਵੀ ਮੇਰਾ ਧਰਮ ਸੀ। ਜੁਆਈ ਸੀ-ਕਰਨੀਓਂ ਸੀ। ਪਰ….ਹੋਣੀਹਾਰ। ਦੂਜੀ ਕੁੜੀ ਵੀ ਸਿਰੋਂ ਨੰਗੀ ਹੋ ਕੇ ਪਿਉ ਦੇ ਬੂਹੇ ਆ ਬੈਠੀ। ਮੇਰਾ ਬੁਢਾਪਾ ਰੁਲ ਗਿਆ।’’ ਆਤੂ ਨੇ ਲੰਬਾ ਸਾਹ ਲਿਆ।
ਮੈਂ ਆਤੂ ਨਾਲ ਅੱਖਾਂ ਨਾ ਮਿਲਾ ਸਕਿਆ। ਉਸ ਕੋਲੋਂ ਦੂਰ ਜਾ ਕੇ ਅੱਖ ’ਚ ਸਿੰਮ ਆਇਆ ਪਾਣੀ ਸਾਫ਼ ਕੀਤਾ। ਵਗਦੀ ਆੜ ’ਚੋਂ ਪਾਣੀ ਦੇ ਛਿੱਟੇ ਅੱਖਾਂ ’ਤੇ ਮਾਰੇ। ਕਿੰਨਾ ਚਿਰ ਆਵਾਗੌਣ ਹੀ ਵੱਟਾਂ ’ਤੇ ਫਿਰਦਾ ਰਿਹਾ। ਇਕ ਹਲਚਲ ਜਿਹੀ ਮੇਰੇ ਦਿਮਾਗ ਵਿਚ ਮੱਚ ਗਈ ਸੀ। ਮਾਸਟਰ ਮੱਖਣ ਸਿੰਘ ਮਾਨ ਮੇਰਾ ਜ਼ਿਹਨ ਮੱਲ ਖੜੋਤਾ ਸੀ। ਇਸ ਸਾਲ ਅਧਿਆਪਕ ਦਿਵਸ ’ਤੇ ਸਿੱਖਿਆ ਮੰਤਰੀ ਨੇ ਉਸਨੂੰ ‘ਸਟੇਟ ਅਵਾਰਡ’ ਨਾਲ ਸਨਮਾਨਤ ਕੀਤਾ ਸੀ। ਅੱਜਕੱਲ੍ਹ ਉਹ ਆਪਣੇ ਨਾਂਅ ਨਾਲ ਸਟੇਟ ਐਵਾਰਡੀ ਲਿਖਣ ਲੱਗਿਆ ਸੀ। ਉਸਦੇ ਬਾਰੇ ਲੇਖ ਵੀ ਅਖਬਾਰਾਂ ਵਿਚ ਛਪੇ ਸਨ।
– ਤਾਇਆ! ਤੂੰ ਪ੍ਰਾਹੁਣੇ ਨੂੰ ਬਚਾਅ ਸਕਦਾ ਸੀ ਨਾ? ਕੀ ਲੋੜ ਸੀ ਤੈਨੂੰ ਚੋਰੀ ਫੜਾਉਣ ਦੀ? ਠੀਕ ਕੀਤੈ ਸੀ ਤੂੰ?
– ਮਛਟਰਾ! ਆਵਦੇ ਜਾਣੀ ਤਾਂ ਠੀਕ ਕੀਤਾ ਸੀ। ਬਾਕੀ ਤੂੰ ਸਿਆਣਾ। ਤੂੰ ਦੱਸ ਠੀਕ ਕੀਤੈ ਮੈਂ?’’ ਆਤੂ ਨੇ ਉਲਟਾ ਮੈਨੂੰ ਸਵਾਲ ਕਰ ਦਿੱਤਾ ਸੀ। ਕੀ ਜੁਆਬ ਦਿੰਦਾ ਮੈਂ? 

Scroll To Top