ਕਹਾਣੀ
ਦਰਖਤ
– ਰਘਬੀਰ ਢੰਡ
(1950-53 ਦਰਮਿਆਨ ਕੋਰੀਆਈ ਪ੍ਰਾਇਦੀਪ ਵਿਚ ਹੋਈ ਜੰਗ ਸਮੇਂ ਅਮਰੀਕੀ ਸਾਮਰਾਜ ਦੇ ਵਹਿਸ਼ੀਪੁਣੇ ‘ਤੇ ਅਧਾਰਤ ਕਹਾਣੀ)
ਉਸ ਦਿਨ ਵੀ ਪ੍ਰੋਫੈਸਰ ਰਿਊ ਸਾਡੇ ਨਾਲ ਸੀ। ਅਸੀਂ, ਖਾਸ ਕਰ, ਮੈਂ ਬੜਾ ਖੁਸ਼ ਸਾਂ।
ਮੈਨੂੰ ਆਪਣੇ ਗਿਆਨ ‘ਤੇ ਬੜਾ ਮਾਣ ਸੀ। ਮਾਣ ਨਹੀਂ ਸ਼ਾਇਦ ਅਭਿਮਾਨ ਵੀ ਸੀ। ਇਸੇ ਲਈ ਮੈਂ ਕੁਝ ਜ਼ਿਆਦਾ ਹੀ ਬਾਰੀਕੀਆਂ-ਕਮਰੀਕੀਆਂ ਜਿਹੀਆਂ ਛਾਂਟਣ ਲੱਗ ਪਿਆ ਸਾਂ। ਪਰ ਪ੍ਰੋਫੈਸਰ ਰਿਊ ਦੇ ਇਕੋ ਝਟਕੇ ਨੇ ਮੇਰੇ ਮਾਣ-ਅਭਿਮਾਨ ਦੀ ਪਤੰਗ ਧਰਤੀ ‘ਤੇ ਪਟਕਾ ਮਾਰੀ।
ਬੜਾ ਗਿਆਨਵਾਨ ਸੀ ਪ੍ਰੋਫੈਸਰ ਰਿਊ।
ਦੁਭਾਸ਼ੀਏ ਨੇ ਦੱਸਿਆ ਸੀ ਸਾਡੇ ਕੋਰੀਆ ਵਿਚ ਬੜੇ ਵਿਦਵਾਨ ਦੇਖੋਗੇ ਜਿਨ੍ਹਾਂ ਦੇ ਦਿਮਾਗਾਂ ਵਿਚ ਐਨਸਾਈਕਲੋਪੀਡੀਏ ਫਿੱਟ ਨੇ।
ਐਨਸਾਈਕਲੋਪੀਡੀਆ ਨਹੀਂ ਤਾਂ ਹੋਰ ਕੀ ਸੀ ਪ੍ਰੋਫੈਸਰ ਰਿਊ?
ਕਹਿਣ ਲੱਗਿਆ – ‘ਏਹ ਅੰਡਰ ਗਰਾਊਂਡ ਹੈਡਕੁਆਰਟਰ ਨੇ। ਔਹ ਸਾਡੇ ਮਹਾਨ ਤੇ ਮਹਿਬੂਬ ਨੇਤਾ ਮਾਰਸ਼ਲ ਕਿਮ ਇਲ ਸੁੰਗ ਦਾ ਕਮਰਾ ਹੈ ਤੇ ਔਹ ਕਿਮ ਚਕ ਦਾ। ਲੜਾਈ ਸਿਖਰਾਂ ‘ਤੇ ਸੀ। ਕਿਮ ਚਕ ਕਿਸੇ ਕੰਮ ਮਾਰਸ਼ਲ ਦੇ ਕਮਰੇ ਵਿਚ ਆਇਆ। ਗੱਲ ਹੋਈ, ਚਲਿਆ ਗਿਆ। ਮਾਰਸ਼ਲ ਨੇ ਪਿਛੋਂ ਵੇਖਿਆ ਕਿਮ ਚਕ ਦੇ ਪੈਰਾਂ ਵਿਚ ਜੁਰਾਬਾਂ ਨਹੀਂ ਹਨ। ਹਾਕ ਮਾਰੀ ਤੇ ਆਪਣਾ ਜੋੜਾ ਦੇ ਦਿੱਤਾ। ਕੁਝ ਮਿੰਟਾਂ ਬਾਅਦ ਮਾਰਸ਼ਲ ਨੂੰ ਉਹਦੇ ਗੋਚਰਾ ਕੋਈ ਕੰਮ ਪੈ ਗਿਆ। ਤੇ ਕੀ ਵੇਖਿਆ ਕਿ ਕਿਮ ਚਕ ਕੁਰਸੀ ‘ਤੇ ਮਰਿਆ ਪਿਆ ਹੈ। ਤੇ ਕੋਰੀਆ ਦੀ ਜ਼ਿੰਦਗੀ ਮੌਤ ਬਾਰੇ ਅੰਤਿਮ ਸ਼ਬਦ ਕਹਿਣ ਵਾਲਾ ਮਾਰਸ਼ਲ ਬਿਲਕੁਲ ਬੱਚਾ ਬਣ ਗਿਆ। ਮੋਏ ਕਿਮ ਚਕ ਦੇ ਉਪਰ ਡਿੱਗ, ਵੈਣ ਪਾਉਣ ਲੱਗ ਪਿਆ-ਵਾਪਸ ਆ ਜਾ ਕਿਮ ਚਕ! ਮੈਥੋਂ ਤੇਰੀ ਜੁਦਾਈ ਝੱਲੀ ਨਹੀਂ ਜਾਣੀ। ਤੂੰ ਤਾਂ ਇਕੱਠਿਆਂ ਜੀਣ ਮਰਨ ਦੀਆਂ ਸੌਂਹਾਂ ਖਾਧੀਆਂ ਸਨ। ਤੂੰ ਤਾਂ ਇਕ-ਇਕ ਅਮਰੀਕਨ ਧਾੜਵੀ ਨੂੰ ਮਾਂ ਕੋਰੀਆ ‘ਚੋਂ ਵਗਾਹ ਮਾਰਨ ਦਾ ਵਚਨ ਦਿੱਤਾ ਸੀ। ਨਾ ਜਾ ਕਿਮ ਚਕ! … ਮੈਨੂੰ ਇਕੱਲਿਆਂ ਛੱਡ ਕੇ ਨਾ ਜਾ…
ਅਸੀਂ ਸਾਰੇ ਰੋਣ ਲੱਗ ਪਏ। ਪਰ ਪ੍ਰੋਫੈਸਰ ਰਿਊ ਨਾ ਰੋਇਆ। ਮੈਂ ਜ਼ਰਾ ਖਿੱਝ ਕੇ ਬੋਲਿਆ-ਪ੍ਰੋਫੈਸਰ, ਤੇਰਾ ਦਿਲ ਪੱਥਰ ਦਾ ਬਣਿਆ ਹੋਇਐ? ਤੈਨੂੰ ਰੋਣ ਨ੍ਹੀਂ ਆਉਂਦਾ?
ਉਹ ਬੱਚਿਆਂ ਵਾਂਗ ਕਹਿਕਹਾ ਮਾਰ ਕੇ ਹੱਸ ਪਿਆ। ਬੋਲਿਆ-ਪਤਾ ਨਹੀਂ ਹੁਣ ਮੈਨੂੰ ਰੋਣ ਕਿਉਂ ਨਹੀਂ ਆਉਂਦਾ। ਰੋਣਾ ਮੈਨੂੰ ਹੱਥ ‘ਤੇ ਹੱਥ ਧਰ ਕੇ ਬੈਠਣ ਵਾਲੇ ਬੁੱਧੀਜੀਵੀਆਂ ਦਾ ਇਕ ਜਜ਼ਬਾਤੀ ਉਭਾਰ ਹੀ ਜਾਪਦੈ। ਰੋਣਾ ਇਕ ਬੇਵੱਸ ਜਿਹਾ ਪ੍ਰੋਟੈਸਟ ਹੈ, ਅਮਲ ਨਹੀਂ….
ਮੈਂ ਲਾ-ਜਵਾਬ ਹੋ ਗਿਆ। ਐਨਸਾਈਕਲੋਪੀਡੀਆ ਸਿਰਫ ਬਿਆਨ ਹੀ ਨਹੀਂ ਕਰਦਾ, ਤਬਸਰਾ ਵੀ ਕਰਦਾ ਸੀ….
ਅਸੀਂ ਇਕ ਉਚੀ ਪਹਾੜੀ ‘ਤੇ ਆ ਗਏ। ਰਾਜਧਾਨੀ ਪਿੰਗਯਾਂਗ ਵਾਲਾਂ ‘ਚ ਬੇਅੰਤ ਫੁੱਲ ਸਜਾਈ ਧੁੱਪ ਸੇਕ ਰਹੀ ਸੀ। ਪਾਰਕਾਂ ਵਾਲੀ ਰਾਜਧਾਨੀ। ਡੈਡੰਗ ਨਦੀ ਦੀ ਸੀਤਲਤਾ ਨਾਲ ਤ੍ਰਿਪਤਾਈ ਰਾਜਧਾਨੀ ਪਿੰਗਯਾਂਗ-ਏਨੀ ਸਾਫ ਸਵੱਛ ਜਿਵੇਂ ਬਰਖਾ ਪਿੱਛੋਂ ਨਿਰਮਲ ਆਕਾਸ਼ ਹੋਵੇ।
ਮੈਂ ਵੇਖਿਆ-ਇੰਗਲੈਂਡ ਦੇ ਸ਼ਹਿਰਾਂ ਵਿਚ ਅਸੀਂ ਧੂੰਆ ਤੇ ਬਦਬੂ ਫੱਕਦੇ ਹਾਂ। ਪੌਲਿਨ ਹੁਣ ਕੌਰਨ ਫਲੇਕਸ ਵਾਂਗ ਸਾਡੀ ਖੁਰਾਕ ਦਾ ਹਿੱਸਾ ਬਣ ਚੁੱਕੀ ਹੈ। ਫਰਕ ਸਿਰਫ ਏਨਾ ਹੀ ਹੈ ਕਿ ਕੌਰਨ ਫਲੇਕਸ ਸਿਰਫ ਨਾਸ਼ਤੇ ਵੇਲੇ ਹੀ ਵਰਤਦੇ ਹਾਂ। ਪਰ ਪੌਲਿਨ ਲੰਚ, ਡਿਨਰ ਤੇ ਚਾਹ-ਪਾਣੀ ਨਾਲ ਵੀ ਖਾਂਦੇ-ਪੀਂਦੇ ਹਾਂ ਤੇ ਨੀਂਦ ਵੀ ਪੌਲਿਨ ਦੀਆਂ ਗੋਲੀਆਂ ਨਾਲ ਹੀ ਲਿਆਉਂਦੇ ਹਾਂ।
– ਜਦੋਂ ਮੈਂ ਮਾਸਕੋ ਆਇਆ ਤਾ ਮਾਸਕੋ ਏਨਾ ਸਾਫ-ਸੁਥਰਾ ਲੱਗਿਆ ਕਿ ਇੰਗਲੈਂਡ ਡਿਪਰੈਸ਼ਨ ਦੇ ਮਰੀਜ਼ ਵਾਂਗ ਜਾਪਣ ਲੱਗ ਪਿਆ। ਪਰ ਤੁਹਾਡੇ ਪਿੰਗਯਾਂਗ ਦੇ ਸਾਹਮਣੇ ਮਾਸਕੋ ਤਾਂ ਇੰਜ ਜਾਪਦੈ ਜਿਵੇਂ… ਜਿਵੇਂ…
– ਕਿਵੇਂ? … ਪ੍ਰੋਫੈਸਰ ਨੇ ਜ਼ਰੂਰਤ ਤੋਂ ਜ਼ਿਆਦਾ ਦਿਲਚਸਪੀ ਵਿਖਾਈ।
… ਜਿਵੇਂ ਇਕ ਸਾਲ ਦੀ ਮੁਟਿਆਰ ਨੂੰ ਬਾਹਠ ਸਾਲਾਂ ਦਾ ਕੱਟੜ ਤੇ ਅੜਬ ਨੀਂਗਰ ਵਿਆਹੁਣ ਢੁੱਕਿਆ ਹੋਵੇ ਤੇ ਭੈੜੇ ਨੇ ਵਟਣਾ ਮਲਣਾ ਵੀ ਜ਼ਰੂਰੀ ਨਾ ਸਮਝਿਆ ਹੋਵੇ।
ਪ੍ਰੋਫੈਸਰ ਦੇ ਕਹਿਕਹੇ ਗੂੰਜਣ ਲੱਗੇ। ਨਾਲ ਹੀ ਉਹਦੇ ਚਿੱਟੇ ਦੰਦ ਲਿਸ਼ਕਣ ਲੱਗ ਪਏ। ਬੋਲਿਆ-ਸ਼ਾਇਦ ਤੂੰ ਸ਼ਇਰ ਏਂ। ਜੇ ਨਹੀਂ ਤਾਂ ਵੀ ਤਾਂ ਹੋਵੇਂਗਾ। ਪੂਰਬ ਨੂੰ ਕੁਦਰਤ ਨੇ ਸੁੰਦਰ ਹੀ ਏਨਾ ਬਣਾਇਆ ਹੈ ਕਿ ਇੱਥੋਂ ਹਰ ਬੰਦੇ ਦਾ ਸ਼ਾਇਰ ਹੋਣਾ ਕੋਈ ਅਣਹੋਣੀ ਗੱਲ ਨਹੀਂ… ਪੂਰਬ ਦਾ ਪੱਛਮ ਨਾਲੋਂ ਸਾਫ-ਸਵੱਛ ਹੋਣਾ ਵੀ ਠੀਕ ਹੀ ਹੈ। ਪੂਰਬ ਸੂਰਜ ਦੇਵਤੇ ਦੇ ਦਰਸ਼ਨ ਪਹਿਲਾਂ ਕਰਦਾ ਹੈ ਤੇ ਪੱਛਮ ਵੱਲ ਕਿਰਨਾਂ ਭੇਜਦਾ ਹੈ। ਪੂਰਬ ਕਲਾਕਾਰ ਹੈ ਤੇ ਕਲਾਕਾਰ ਹਮੇਸ਼ਾ ਧੋਖਾ ਖਾਂਦਾ ਹੈ। ਕਲਾਕਾਰ ਕਦੀ ਚੰਗਾ ਹੁਕਮਰਾਨ ਨਹੀਂ ਬਣ ਸਕਦਾ।
– ਕਿਉਂ ਨਹੀਂ ਬਣ ਸਕਦਾ? ਕਲਾਕਾਰ ਚੰਗੇ ਦਿਲ ਦਾ ਮਾਲਕ ਹੁੰਦਾ ਹੈ। ਚੰਗੇ ਦਿਲ ਵਾਲਾ ਹਾਕਮ ਕਿਸੇ ਦਾ ਦਿਲ ਨਹੀਂ ਦੁਖਾ ਸਕਦਾ…। ਮੈਂ ਆਖਿਆ।
ਇਕ ਕਹਿਕਹਾ ਹੋਰ ਗੂੰਜਿਆ! ਉਹ ਕਹਿਣ ਲੱਗਿਆ-ਹਕੂਮਤਾਂ ਚੰਗੇ ਦਿਲਾਂ ਨਾਲ ਨਹੀਂ ਹੁੰਦੀਆਂ। ਦਿਲ ਨੂੰ ਦਿਮਾਗ ਵਿਚ ਰੱਖ ਕੇ ਹੁੰਦੀਆਂ ਹਨ।
ਮੈਂ ਚੁੱਪ ਹੋ ਗਿਆ। ਖ਼ੈਰ, ਬਰਫ਼ ‘ਚ ਤਾਂ ਲੱਗ ਹੀ ਗਿਆ ਸਾਂ। ਪ੍ਰੋਫੈਸਰ ਵੀ ਚੁੱਪ ਸੀ। ਡਰਨੇ ਵਾਂਗ ਖਲੋਤਾ ਪਿੰਗਯਾਂਗ ਨੂੰ ਪੁਣ ਰਿਹਾ ਸੀ। ਹੂੰ! ਲੋਹੇ ਦਾ ਥਣ-ਹਠ ਧਰਮੀ ਅਮੋੜ ਦੋ ਤੇ ਦੋ ਚਾਰ।
– ਪਿੰਗਯਾਂਗ ਬਾਰੇ ਤਾਂ ਗੱਲ ਵਿਚਕਾਰ ਹੀ ਰਹਿ ਗਈ… ਮੈਂ ਆਖਿਆ।
– ਉਹ ਹਾਂ, ਪਿੰਗਯਾਂਗ ਨੇ ਬੜਾ ਕੁਝ ਜਰਿਆ ਹੈ-ਬੜਾ ਕੁਝ! ਪਿੰਗਯਾਂਗ ਸਾਡੇ ਮੁਲਕ ਦੇ ਅਮੀਰ ਸੱਭਿਆਚਾਰ ਦਾ ਪੰਘੂੜਾ ਹੈ। ਬੜਾ ਵੀਰ ਇਤਿਹਾਸ ਹੈ, ਇਸ ਨਗਰ ਦਾ। ਡੈਡੰਗ ਤੇ ਬੋਟੰਗ-ਦੋ ਨਦੀਆਂ ਨੇ ਇਸ ਨੂੰ ਲੋਰੀਆਂ ਦੇ ਦੇ ਪਾਲਿਆ ਹੈ। ਅਮਰੀਕਨਾਂ ਨੇ ਤਿੰਨ ਸਾਲ ਜੰਗ ਦੌਰਾਨ ਇਸ ਨੂੰ ਧਰਤੀ ਤੋਂ ਹੂੰਝਣ ਲਈ 248900 ਬੰਬ ਸੁੱਟੇ। ਹਵਾਬਾਜ਼ ਪਰਤ ਕੇ ਰਿਪੋਰਟਾਂ ਕਰਦੇ-ਪਿੰਗਯਾਂਗ ਵਿਚ ਹੁਣ ਇਕ ਵੀ ਮਕਾਨ ਸਾਬਤ ਨਹੀਂ ਖਲੋਤਾ।… ਹੁਕਮ ਮਿਲਦਾ-ਜਾਓ, ਦਰੱਖਤਾਂ ਦੇ ਪੱਤੇ ਜਾਲ ਦੇਵੋ। ਪੱਤੇ ਖਾਣ ਦੇ ਕੰਮ ਆ ਸਕਦੇ ਹਨ। ਕੋਈ ਬੱਚਾ ਜੀਂਦਾ ਨਾ ਰਹੇ। ਬੱਚੇ ਜਵਾਨ ਹੋ ਕੇ ਆਪਣੇ ਪੁਰਖਿਆਂ ਦੀਆਂ ਕਬਰਾਂ ਦਾ ਹਿਸਾਬ ਮੰਗਣ ਲੱਗ ਪੈਂਦੇ ਹਨ। ਕੋਈ ਕੁੱਤਾ ਵੀ ਨਾ ਬਚੇ। ਭੁੱਖੇ ਬੰਦੇ ਕੁਝ ਵੀ ਖਾ ਸਕਦੇ ਹਨ। ਨਾ ਕੋਈ ਬੁੱਢਾ ਜੀਂਦਾ ਰਹੇ। ਬੁੱਢੇ ਬਾਤਾਂ ਪਾਣ ਵਿਚ ਬਹੁਤ ਮਾਹਰ ਹੁੰਦੇ ਹਨ। ਹਾਂ ਜਾਓ-ਇਕ ਵਾਰ ਨਹੀਂ ਵਾਰ ਵਾਰ ਜਾਓ। ਬੁੱਢੀ ਦਾਦੀ ਯੂ.ਐਨ.ਓ. ਦਾ ਹੱਥ ਸਾਡੇ ਸਿਰ ਉਤੇ ਹੈ… ਤੇ ਹਵਾਬਾਜ਼ ਮੁੜ-ਮੁੜ ਜਾਂਦੇ ਰਹੇ। ਮੁੜ-ਮੁੜ ਯੂ.ਐਨ.ਓ. ਦਾ ਪਰਚਮ ਅੱਗ ਉਗਲਦਾ ਰਿਹਾ। ਤੇ ਪਿੰਗਯਾਂਗ ਮਿਸਮਾਰ ਹੁੰਦਾ ਰਿਹਾ। ਮਲਬੇ ਹੇਠ ਵੀ ਪਿੰਗਯਾਂਗ ਇਤਿਹਾਸ ਬਣਾਂਦਾ ਰਿਹਾ।
– ਅਸਮਾਨੀ ਅੱਗ ਜ਼ਰਾ ਮੱਠੀ ਹੁੰਦੀ ਤਾਂ ਜ਼ਿੰਦਗੀ ਦੀ ਤਲਾਸ਼ ਲਈ ਪੁੱਟ-ਪਟਾਈ ਹੁੰਦੀ। ਪੈਰ-ਪੈਰ ‘ਤੇ ਜੀਂਦੇ ਨਾਟਕ ਸਾਕਾਰ ਹੁੰਦੇ। ਇਕ ਕੁੱਤੀ ਦੇ ਸਾਰੇ ਕਤੂਰੇ ਮਰ ਗਏ, ਕੁੱਤੀ ਆਪ ਜ਼ਖ਼ਮੀ ਹੋ ਗਈ। ਅਸੀਂ ਵੇਖਿਆ ਜ਼ਖ਼ਮੀ ਕੁੱਤੀ ਮੋਏ ਕਤੂਰਿਆਂ ਨੂੰ ਮੂੰਹ ਵਿਚ ਲੈ ਕੇ ਕਿਸੇ ਸ਼ਾਂਤ ਨੁੱਕਰ ਲਈ ਇੱਧਰ ਉਧਰ ਭਟਕ ਰਹੀ ਹੈ।
– ਪਘੂੰੜਾ ਹਿੱਲ ਰਿਹਾ ਹੈ, ਟੱਲੀਆਂ ਲੋਰੀਆਂ ਦੇ ਰਹੀਆਂ ਹਨ, ਪਰ ਬੱਚਾ ਕਿਤੇ ਨਜ਼ਰ ਨਹੀਂ ਆ ਰਿਹਾ। ਵੇਖਿਆ ਮਾਂ-ਬੱਚੇ ਨੂੰ ਬਚਾਉਣ ਲਈ ਉਹਦੇ ਉਪਰ ਮੂਧੀ ਹੋ ਕੇ ਮਰ ਮੋਈ ਤੇ ਬੱਚਾ ਹਾਲੀਂ ਵੀ ਉਹਦਾ ਦੁੱਧ ਚੁੰਘ ਰਿਹਾ ਹੈ-ਅਸੀਂ ਕੋਲ ਹੋਏ ਉਹ ਮੁਸਕਰਾ ਰਿਹਾ ਸੀ। ਅਸੀਂ ਗੋਦੀ ਚੁੱਕ ਲਿਆ ਤਾਂ ਉਹਨੇ ਅਸਮਾਨ ਸਿਰ ‘ਤੇ ਚੁੱਕ ਲਿਆ ਤੇ ਸਾਡੀਆਂ ਬਾਹਾਂ ਤੋੜ-ਤੋੜ ਮਾਂ ਵੱਲ ਉਲਰ ਪਿਆ। ਤੇ… ਬਸ-ਬਸ ਪ੍ਰੋਫੈਸਰ ਰਿਊ, ਮੇਰਾ ਕਲੇਜਾ ਬਾਹਰ ਆ ਰਿਹੈ… ਮੈਂ ਹੋਰ ਨਹੀਂ ਸੁਣ ਸਕਦਾ…
ਅਸੀਂ ਜਿਵੇਂ ਪੱਥਰ ਹੋ ਗਏ।
ਇਕ ਕਹਿਕਹਾ ਹੋਰ ਉਠਿਆ। ਉਹਨੇ ਜ਼ੋਰ ਨਾਲ ਮੇਰਾ ਮੋਢਾ ਹਲੂਣਿਆ। ਪੱਥਰ ‘ਚ ਜਾਨ ਧੜਕੀ। ਅੰਤਾਂ ਦਾ ਗੁੱਸਾ ਆਇਆ ਮੈਨੂੰ। ਜੀਅ ਕੀਤਾ ਇਸ ਖੁਸ਼ਕ ਚੱਟਾਨ ਨੂੰ ਕਿਸੇ ਮੰਦਰ ਵਿਚ ਰੱਖ ਦਿਆਂ। ਨਾ ਰਹਿਮ-ਨਾ ਰਵਾਦਾਰੀ। ਆਪੇ ਵਰ੍ਹਿਆਂ ਬੱਧੀ ਸਿਰ ਰਗੜਦੇ ਰਹਿਣਗੇ। ਏਹਨੇ ਤਾਂ ਧੰਨੇ ਭਗਤ ਤੋਂ ਵੀ ਨਹੀਂ ਪਸੀਜਣਾ। ਮੈਂ ਉਹਨੂੰੂ ਝਾੜ ਪਾਈ।… ਯਾਰ ਪ੍ਰੋਫੈਸਰ, ਤੇਰੇ ਜਿੰਨੇ ਠੰਢੇ ਤਾਂ ਅੰਗਰੇਜ਼ ਵੀ ਨਹੀਂ ਹੁੰਦੇ-ਏਨੀ ਤਬਾਹੀ ਦੀ ਵਾਰਤਾ ਤੈਨੂੰ ਭੋਰਾ ਵੀ ਉਦਾਸ ਨਹੀਂ ਕਰਦੀ? … ਲਾਹਨਤ ਐ ਤੇਰੇ ਜੀਣ ‘ਤੇ…।
ਇਕ ਹੋਰ ਕਹਿ-ਕਹਾ!… ਚਿੱਟੇ ਚਿੱਟੇ ਦੰਦ ਜਿਵੇਂ ਕਿਰਚ ਮਿਆਨੋਂ ਬਾਹਰ ਨਿਕਲ ਆਈ ਹੋਵੇ। ਬੋਲਿਆ ਉਦਾਸੀ? …ਉਦਾਸੀ ਸੁਪਨਸਾਜ਼ਾਂ ਦੀ ਬੇਅਮਲੀ ਹੁੰਦੀ ਹੈ… ਮਜ਼ਦੂਰ ਜਮਾਤ ਇੰਜ ਨਹੀਂ ਕਰਿਆ ਕਰਦੀ। ਤੂੰ ਹੈਮਿੰਗਵੇ ਦਾ ਬੁੱਢੇ ਮਛੇਰੇ ਬਾਰੇ ਨਾਵਲ ਪੜ੍ਹਿਆ ਹੋਏਗਾ-ਉਹਨੂੰ ਫਨਾਹ ਤਾਂ ਕੀਤਾ ਜਾ ਸਕਦਾ ਸੀ, ਹਰਾਇਆ ਨਹੀਂ ਸੀ ਜਾ ਸਕਦਾ। ਬਰਬਾਦੀ ਦੇ ਮੁਕਾਬਲੇ ਵਿਚ ਸਿਰਜਣਾ ਜ਼ਿਆਦਾ ਤਾਕਤਵਰ ਹੈ। ਵੇਖ ਲੈ, ਅਸੀਂ ਪਹਿਲਾਂ ਨਾਲੋਂ ਵੀ ਦਸ ਗੁਣਾਂ ਸੋਹਣਾ ਪਿੰਗਯਾਂਗ ਉਸਾਰ ਲਿਆ ਹੈ…
ਮੈਂ ਮੁੜ ਲਾ-ਜਵਾਬ ਹੋ ਗਿਆ।… ਹੂੰ, ਖੁਸ਼ਕ ਐਨਸਾਈਕਲੋਪੀਡੀਆ! ਵਾਲ ਦੀ ਖੱਲ ਉਤਾਰਨ ਵਾਲਾ ਵਕੀਲ… ਠੀਕ ਏ, ਮੈਂ ਇਹਦੇ ਨਾਲ ਕੋਈ ਗੱਲ ਨਹੀਂ ਕਰਾਂਗਾ… ਪੱਥਰ ‘ਤੇ ਬੂੰਦ ਪਈ ਨਾ ਪਈ।
ਕਾਰਾਂ ਉਡਦੀਆਂ ਗਈਆਂ। ਝੋਨੇ, ਮੱਕੀ ਅਤੇ ਤੰਬਾਕੂ ਦੇ ਖੇਤ ਲਹਿਰਾਉਂਦੇ ਗਏ। ਪਹਾੜਾਂ ਦੀਆਂ ਢਲਾਣਾਂ ਉਤੇ ਉਗਾਏ ਫੁੱਲਾਂ ਦੇ ਦਰਖਤ ਝੂਮਦੇ ਗਏ। ਤੇ ਪ੍ਰੋਫੈਸਰ ਰਿਊ ਦਾ ਐਨਸਾਈਕਲੋਪੀਡੀਆ ਬੋਲਦਾ ਗਿਆ-ਸਾਡੇ ਮੁਲਕ ਵਿਚ ਸਿਰਫ ਵੀਹ ਫੀਸਦੀ ਧਰਤੀ ਵਾਹੀਯੋਗ ਹੈ… ਬਾਕੀ ਪਹਾੜ ਨੇ। ਇਹ ਬੜੀ ਵੱਡੀ ਘਾਟ ਹੈ… ਪਰ ਏਨੀ ਕੁ ਧਰਤੀ ‘ਚੋਂ ਵੀ ਅਸੀਂ ਆਪਣੀਆਂ ਲੋੜਾਂ ਨਾਲੋਂ ਦੁੱਗਣਾ ਅਨਾਜ ਪੈਦਾ ਕਰ ਲੈਂਦੇ ਹਾਂ। ਔਹ ਪਹਾੜਾਂ ‘ਤੇ ਦਰੱਖਤ ਈ ਦਰਖਤ ਵੇਖਦਾ ਐਂ ਨਾ? ਇਹ ਸਿਓਆਂ ਦੇ ਦਰਖਤ ਹਨ। ਸਾਡੇ ਪਹਾੜ ਬੜੇ ਮਿਹਰਬਾਨ ਹਨ। ਜੰਗ ਸਮੇਂ ਸਾਨੂੰ ਆਪਣੀ ਕੁੱਖ ਵਿਚ ਲੁਕਾ ਲੈਂਦੇ ਹਨ, ਅਤੇ ਅਮਨ ਸਮੇਂ ਸਿਓ ਖੁਆਂਦੇ ਹਨ।
– ਹਾ-ਹਾ-ਹਾ.. ਇਕ ਹੋਰ ਠਹਾਕਾ।
ਤੇ ਅਸੀਂ ਕੇਸੌਗ ਦੀ ਜੂਹ ਵਿਚ ਆਣ ਵੜੇ ਸਾਂ। ਸੂਰਜ ਸਿਰ ‘ਤੇ ਆ ਗਿਆ ਸੀ। ਕਾਰਾਂ ਵਿਚੋਂ ਨਿਕਲ ਅਸੀਂ ਇਕ ਸੁਰੰਗ ਵਿਚ ਆ ਵੜੇ। ਅੰਦਰ ਕਮਰੇ ਸਨ।
– ਇਹ ਕੀ ਏ? ਮੈਂ ਪੁੱਛਿਆ।
– ਇਹ? … ਪ੍ਰੋਫੈਸਰ ਮੁਸਕਰਾਇਆ… ਇੱਥੇ ਆਜ਼ਾਦ ਦੁਨੀਆਂ ਨੇ ਮਨੁੱਖੀ ਅਧਿਕਾਰਾਂ ਦਾ ਪਰਚਮ ਬੁਲੰਦ ਕੀਤਾ ਸੀ। ਜਦੋਂ ਅਮਰੀਕਨ ਧਾੜਵੀ ਕੋਰੀਅਨ ਫੌਜਾਂ ਮੂਹਰੇ ਨੱਸਣ ਲੱਗੇ ਤਾਂ ਉਨ੍ਹਾਂ ਸੋਚਿਆ ਕਿ ਇਸ ਸੁਰੰਗ ਵਿਚ ਜਿਹੜੀਆਂ ਦੋ ਸੌ ਮਾਵਾਂ ਤੇ ਬੱਚੇ ਹਨ, ਉਨ੍ਹਾਂ ਵਿਚਾਰਿਆਂ ਨੂੰ ਕੋਰੀਅਨ ਕਮਿਊਨਿਸਟਾਂ ਦੀ ਗੁਲਾਮੀ ਤੋਂ ਜ਼ਰੂਰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਬਿਜਲੀ ਕੱਟ ਦਿੱਤੀ। ਗੇਟ ਨੂੰ ਜੰਦਰੇ ਲਾ ਦਿੱਤੇ ਅਤੇ ਅੰਦਰ ਬੰਬ ਸੁੱਟ ਦਿੱਤੇ…
-ਫਿਰ? … ਮੇਰੀ ਪਤਨੀ ਨੇ ਇੰਜ ਉਤਸੁਕਤਾ ਨਾਲ ਪੁੱਛਿਆ ਜਿਵੇਂ ਸੁਰੰਗ ਵਿਚਲੇ ਉਹਦੇ ਵੀ ਕੁਝ ਲੱਗਦੇ ਹੋਣ।
– ਫਿਰ ਮੈਡਮ, ਮਾਂ ਤਾਂ ਕੋਈ ਬਚੀ ਨਹੀਂ ਸੀ। ਹਾਂ, ਚਾਰ ਬੱਚੇ ਬਚੇ ਸਨ-ਅੱਧਮੋਏ। ਉਨ੍ਹਾਂ ਦੇ ਫੇਫੜੇ ਏਨੇ ਨਿਕਾਰੇ ਹੋ ਗਏ ਸਨ ਕਿ ਉਹ ਵੀ ਬਹੁਤੇ ਦਿਨ ਜੀਂਦੇ ਨਾ ਰਹਿ ਸਕੇ।
ਮੇਰੀ ਪਤਨੀ ਪੂਰਬੀ ਸੰਗ ਲਾਹ, ਮੇਰੇ ਗਲ਼ ਨਾਲ ਆ ਲੱਗੀ। ਬੋਲੀ-ਮੈਨੂੰ ਬਾਹਰ ਲੈ ਚੱਲੋ? ਮੈਂ ਇਕ ਪਲ ਵੀ ਇੱਥੇ ਨਹੀਂ ਖਲੋ ਸਕਦੀ।
ਅਸੀਂ ਜਦੋਂ ਮੁੜ ਰਹੇ ਸਾਂ ਤਾਂ ਦੁਭਾਸ਼ੀਏ ਨੇ ਮੈਨੂੰ ਦੱਸਿਆ-ਏਹਨਾਂ ਵਿਚ ਪ੍ਰੋਫੈਸਰ ਰਿਊ ਦੀ ਮਾਂ ਤੇ ਛੋਟਾ ਭਰਾ ਵੀ ਸੀ।
ਮੈਂ ਬੜੇ ਦੁੱਖ ਨਾਲ ਪ੍ਰੋਫੈਸਰ ਦਾ ਹੱਥ ਫੜ ਘੁੱਟ ਲਿਆ। ਮੇਰੀਆਂ ਅੱਖਾਂ ਭਰ ਆਈਆਂ-ਮੈਨੂੰ ਬੜਾ ਅਫਸੋਸ ਐ। … ਮੈਂ ਆਖਿਆ।
– ਠੀਕ ਐ, ਠੀਕ ਐ… ਪ੍ਰੋਫੈਸਰ ਨੇ ਜ਼ਰਾ ਰੁੱਖੀ ਤਰ੍ਹਾਂ ਆਖਿਆ… ਤੇ ਬੋਲਦਾ ਗਿਆ-ਜੰਗ ਸਾਡੀ ਚੋਣ ਨਹੀਂ ਸੀ। ਸਾਡੇ ਉਤੇ ਠੋਸੀ ਗਈ ਸੀ। ਦੋ ਈ ਰਾਹ ਸਨ। ਹਾਰ ਮੰਨ ਲੈਣ ਦਾ ਜਾਂ ਦੁਸ਼ਮਣ ਨਾਲ ਲੋਹਾ ਲੈਣ ਦਾ। ਵੇਖ, ਅਸੀਂ ਬਰਫ਼ਾਂ ਮਿੱਧ ਕੇ ਇਕ ਇਕ ਇੰਚ ਲਈ ਲੜੇ ਸਾਂ ਜਪਾਨੀਆਂ ਵਿਰੁੱਧ। ਈਨ ਕਿਵੇਂ ਮੰਨ ਸਕਦੇ ਸਾਂ? .. ਬਸ ਅਸੀਂ ਲੜੇ। ਅਸੀਂ ਮਰੇ ਅਤੇ ਏਨਾ ਵਧੀਆ ਮਰੇ ਕਿ ਦੁਸ਼ਮਣ ਗੋਡਿਆਂ ਭਾਰ ਸੁਲਾਹ ਦੀ ਭੀਖ ਮੰਗਣ ਆਇਆ। ਗੈਰਤਮੰਦ ਕੌਮਾਂ ਨੂੰ ਆਪਣੀ ਆਤਮਾ ਬਚਾਉਣ ਲਈ ਮਰਨਾ ਤਾਂ ਪੈਂਦਾ ਹੀ ਹੈ। ਸਵਾਲਾਂ ਦਾ ਸਵਾਲ ਇਹ ਹੈ ਕਿ ਉਹ ਮਰਦੀਆਂ ਕਿਵੇਂ ਹਨ।
ਉਹ ਬੋਲਦਾ-ਬੋਲਦਾ ਇਕ ਦਮ ਰੁਕ ਗਿਆ। ਫਿਰ ਬੋਲਿਆ-ਸੁਣ!
ਸੁਣਨ ਲਈ ਮੈਨੂੰ ਉਚੇਚ ਨਹੀਂ ਕਰਨੀ ਪਈ। ਸਾਹਮਣੇ ਇਨਸਾਮ ਦੇ ਖੇਤਾਂ ਵਿਚ ਕੋਈ ਮੁਟਿਆਰ ਗਾ ਰਹੀ ਸੀ। ਮੈਨੂੰ ਸਮਝ ਤਾਂ ਕੁੱਝ ਪੈ ਨਹੀਂ ਸੀ ਰਹੀ। ਪਰ ਲੈਅ ਧੁਰ ਅੰਦਰ ਲਹਿੰਦੀ ਜਾ ਰਹੀ ਸੀ। ਪ੍ਰੋਫੈਸਰ ਤਸ਼ਰੀਹ ਕਰਨ ਲੱਗਿਆ। ਪਰ ਮੈਂ ਆਪਣੇ ਬੁੱਲ੍ਹਾਂ ‘ਤੇ ਉਂਗਲ ਰੱਖ ਉਹਨੂੰ ਨਾ ਬੋਲਣ ਦਾ ਇਸ਼ਾਰਾ ਕਰ ਦਿੱਤਾ।
– ਵਿਰਾਗ ਦਾ ਗੀਤ ਜਾਪਦੈ…। ਗੀਤ ਮੁੱਕਣ ‘ਤੇ ਮੈਂ ਆਖਿਆ।
– ਵਾਹ! ਬਿਲਕੁਲ ਠੀਕ! ਤੂੰ ਠੀਕ ਬੁੱਝਿਆ ਹੈ… ਏਹੀ ਕਲਾ ਹੁੰਦੀ ਹੈ, ਜਿਹੜੀ ਬਿਨਾਂ ਬੋਲੇ ਆਪਣਾ ਬਿਆਨ ਦੇਣਾ ਜਾਣੇ… ਏਹ ਵਿਰਾਗ ਦਾ ਹੀ ਗੀਤ ਸੀ।
– ਕੀ ਅਸੀਂ ਗਾਉਣ ਵਾਲੀ ਨੂੰ ਮਿਲ ਸਕਦੇ ਹਾਂ? … ਮੈਂ ਆਖਿਆ।
-ਕਿਉਂ ਨਹੀਂ?
ਪੱਚੀ ਕੁ ਸਾਲਾਂ ਦੀ ਮੁਟਿਆਰ ਸੀ ਉਹ। ਪੀਲਾ ਚਿਹਰਾ, ਉਦਾਸ ਮੁਸਕਾਨ, ਅੱਖਾਂ ਵਿਚ ਬੁੁੱਝੀ ਹੋਈ ਚਮਕ। ਉਹਨੇ ਰਿਵਾਜ਼ ਅਨੁਸਾਰ ਸਿਰ ਝੁਕਾਇਆ। ਟੀਮ ਲੀਡਰ ਕਹਿਣ ਲੱਗੀ-ਇਹ ਸਾਡੀ ਬੜੀ ਉਦਾਸ ਕੁੜੀ ਹੈ। ਸਾਰੇ ਏਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਪਰ ਇਹ ਉਦਾਸ ਹੀ ਰਹਿੰਦੀ ਹੈ, ਤੇ ਉਦਾਸ ਹੀ ਗੀਤ ਗਾਉਂਦੀ ਹੈ। ਜਦੋਂ ਅਮਰੀਕਣ ਧਾੜਵੀ ਕੇਸੌਂਗ ਵਿਚੋਂ ਨੱਸਣ ਲੱਗੇ ਤਾਂ ਇਹਦੇ ਬਾਪ ਨੂੰ ਵੀ ਚੁੱਕ ਕੇ ਲੈ ਗਏ। ਏਹ ਇਸ ਘਟਨਾ ਤੋਂ ਛੇ ਮਹੀਨੇ ਪਿਛੋਂ ਜੰਮੀ ਸੀ। ਨਾ ਏਹਦੇ ਬਾਪ ਦਾ ਕਦੀ ਖ਼ਤ ਆਇਆ ਹੈ, ਨਾ ਕੋਈ ਖ਼ਬਰ ਸਾਰ। ਫਿਰ ਵੀ ਪਤਾ ਨਹੀਂ ਉਹਨੂੰ ਏਨਾ ਕਿਉਂ ਯਾਦ ਕਰਦੀ ਹੈ। ਗੀਤ ਲਿਖਦੀ ਹੈ ਤੇ ਗਾਉਂਦੀ ਹੈ-ਇਹੋ ਜਿਹੇ ਉਦਾਸ-ਉਦਾਸ ਗੀਤ।
ਮੁਟਿਆਰ ਰੋਣ ਲੱਗ ਪਈ। ਉਹਨੂੰ ਗਲਵਕੜੀ ਪਾ ਕੇ ਮੇਰੀ ਪਤਨੀ ਵੀ ਰੋਣ ਲੱਗ ਪਈ। ਮੇਰੀਆਂ ਵੀ ਅੱਖਾਂ ਭਰ ਆਈਆਂ-ਇਸ ਗੀਤ ਦਾ ਕੀ ਮਤਲਬ ਹੈ? … ਮੈਂ ਪੁੱਛਿਆ…
ਟੀਮ ਲੀਡਰ ਦੁਭਾਸ਼ੀਏ ਰਾਹੀਂ ਮੈਨੂੰ ਸਮਝਾਉਣ ਲੱਗੀ-ਪਾਪਾ! ਅਣਵੇਖੇ ਪਾਪਾ! ਤੇਰੀ ਧੀ ਬਹੁਤ ਉਦਾਸ ਹੈ। ਆ ਜਾ ਪਾਪਾ। .. ਤੇਰੀ ਨਾਰਾਜ਼ਗੀ ਦੀ ਉਮਰ ਬਹੁਤ ਲੰਮੀ ਹੈ-ਤੂੰ ਜ਼ਿੰਦਾ ਏਂ.. ਸਬਰ ਕਿਵੇਂ ਆਵੇ?… ਆ ਜਾ ਪਾਪਾ!… ਵੇਖ, ਪੰਛੀ, ਬੱਦਲ ਤੇ ਸੁਪਨੇ ਹਦਬੰਦੀ ਰੇਖਾ ਉਲੰਘ ਰਹੇ ਨੇ। ਲੱਖਾਂ ਹੰਝੂ ਮੈਂ ਇਨ੍ਹਾਂ ਕੋਲ ਘਲਾਏ ਨੇ!… ਤੂੰ ਚੁੱਪ ਕਿਉਂ ਏਂ ਪਾਪਾ ਇਹ ਅਮੁੱਕ ਚੁੱਪ ਮੈਨੂੰ ਨਿਗਲ ਜਾਵੇਗੀ। … ਪਾਪਾ ਆ ਜਾ! ਨਹੀਂ ਤਾਂ ਮੈਂ ਰੋ ਪਵਾਂਗੀ।
ਮੁਟਿਆਰ ਹੋਰ ਵੀ ਰੋਣ ਲੱਗ ਪਈ। ਮੇਰੀ ਪਤਨੀ ਵੀ। ਦੁਭਾਸ਼ੀਆ ਰੁਮਾਲ ਨਾਲ ਅੱਖਾਂ ਪੂੰਝ ਰਿਹਾ ਸੀ ਤੇ ਟੀਮ ਲੀਡਰ ਵੀ। ਮੇਰਾ ਵੀ ਜ਼ਬਤ ਟੁੱਟ ਗਿਆ। ਪਰ ਉਹ! … ਕਮਬਖਤ ਪ੍ਰੋਫੈਸਰ ਰਿਊ ਦਾ ਦਿਲ ਤਾਂ ਸੱਖਣਾ ਹੈ-ਅਭਿੱਜ ਪੱਥਰ! … ਫਰਹਾਦ ਦੇ ਤੇਸੇ ਨਾਲ ਵੀ ਨਹੀਂ ਸੀ ਟੁੱਟਣਾ…
ਮੇਰਾ ਗੁੱਸਾ ਚੁੱਪ ਵਿਚ ਬਦਲ ਗਿਆ। ਮੈਂ ਫੈਸਲਾ ਕਰ ਲਿਆ ਕਿ ਪ੍ਰੋਫੈਸਰ ਨਾਲ ਨਾ ਕੋਈ ਗੱਲ ਕਰਾਂਗਾ ਤੇ ਨਾ ਅੱਖ ਮਿਲਾਵਾਂਗਾ। ਉਹਨੂੰ ਜ਼ਾਹਰ ਕਰਾਂਗਾ ਕਿ ਅਜਿਹੇ ਬੇਕਿਰਕ ਨੂੰ ਮੈਂ ਸਖਤ ਨਾ-ਪਸੰਦ ਕਰਦਾ ਹਾਂ।
ਹੁਣ ਅਸੀਂ ਹੱਦ-ਬੰਦੀ ਰੇਖਾ ਕੋਲ ਜਾ ਪੁੱਜੇ ਸਾਂ। ਧੁੱਪ ਹੋਰ ਵੀ ਤਿੱਖੀ ਹੋ ਗਈ ਸੀ। ਉਤਰੀ ਕੋਰੀਆ ਦੀ ਫੌਜ ਦਾ ਕਪਤਾਨ ਹੱਦ-ਬੰਦੀ ਰੇਖਾ ਬਾਰੇ ਜਾਣ-ਪਛਾਣ ਕਰਵਾਉਣ ਲੱਗਿਆ।
– ਏਹ ਜੰਗਬੰਦੀ ਰੇਖਾ ਹੈ- ਬਿਲਕੁਲ ਗੈਰ ਕੁਦਰਤੀ। ਔਹ ਸਾਹਮਣੇ ਪੋਸਟਾਂ ਵਿਚ ਅਮਰੀਕਣ ਧਾੜਵੀ ਸਾਡਾ ਦੇਸ਼ ਮੱਲੀ ਬੈਠੇ ਹਨ।… ਦੱਖਣ ਵੱਲ ਵੇਖ ਕਿਵੇਂ ਸੰਘਣੀਆਂ ਝਾੜੀਆਂ ਤੇ ਦਰੱਖਤ ਉਗ ਪਏ ਹਨ-ਮੀਲਾਂ ਤੀਕ ਨਾ ਆਦਮੀ ਤੇ ਨਾ ਆਦਮੀ ਦੀ ਜਾਤ। ਔਹ ਵੇਖ ਸਾਡੇ ਪਾਸੇ ਧੁਰ ਰੇਖਾ ਤੀਕ ਝੋਨੇ ਦੇ ਖੇਤ ਲਹਿਰਾ ਰਹੇ ਹਨ, ਤੇ ਕਿਸਾਨ ਕੰਮ ਕਰ ਰਹੇ ਹਨ। ਔਹ ਰੇਲਵੇ ਲਾਈਨ ਹੈ। ਕਿਸੇ ਸਮੇਂ ਕੇਸੌਂਗ ਤੋਂ ਸਿਓਲ ਤੀਕ ਨੱਕੋ ਨੱਕ ਭਰੀ ਗੱਡੀ ਜਾਂਦੀ ਹੁੰਦੀ ਸੀ। ਪਰ ਹੁਣ ਪੱਚੀ ਸਾਲਾਂ ਤੋਂ ਕੋਈ ਗੱਡੀ ਨਹੀਂ ਗਈ। … ਖੈਰ, ਪ੍ਰੋਫੈਸਰ ਰਿਊ ਤੈਨੂੰ ਜ਼ਿਆਦਾ ਦੱਸ ਸਕਦਾ ਹੈ।
ਇਹ ਆਖ ਕਪਤਾਨ ਨੇ ਇੱਧਰ ਉਧਰ ਵੇਖਿਆ। ਪ੍ਰੋਫੈਸਰ ਕਿਥੇ ਚਲਿਆ ਗਿਆ?
ਅਸੀਂ ਪ੍ਰੋਫੈਸਰ ਨੂੰ ਇੱਧਰ-ਉਧਰ ਵੇਖਣ ਲੱਗ ਪਏ। ਉਹ ਰੇਲਵੇ ਲਾਈਨ ਦੇ ਐਨ ਵਿਚਕਾਰ ਉਗੇ ਵੱਡੇ ਦਰੱਖਤਾਂ ਨਾਲ ਸਿਰ ਜੋੜੀ ਖਲੋਤਾ ਸੀ। ਅਸੀਂ ਵੀ ਉਧਰ ਤੁਰ ਪਏ। ਕਪਤਾਨ ਬੋਲਿਆ-ਏਹ ਦਰੱਖਤ ਜੰਗਬੰਦੀ ਵਾਲੇ ਸਾਲ ਉਗਿਆ ਸੀ-ਰੇਲਵੇ ਲਾਈਨ ਦੇ ਐਨ ਵਿਚਕਾਰ। ਪੱਚੀ ਸਾਲਾਂ ਤੋਂ ਅਮਰੀਕਨ ਧਾੜਵੀ ਤੇ ਉਨ੍ਹਾਂ ਦੇ ਦੱਖਣੀ ਕੋਰੀਅਨ ਪਾਲਤੂ ਕੁੱਤੇ ਇਸ ਨੂੰ ਪਾਲਦੇ ਆ ਰਹੇ ਹਨ… ਸਾਡੇ ਇਕ ਸ਼ਾਇਰ ਨੇ ਇਸ ਨੂੰ ਮਾਂ ਕੋਰੀਆ ਦੀਆਂ ਦੋਹਾਂ ਦੋਧੀਆਂ ਵਿਚਕਾਰ ਗੱਡਿਆ ਹੋਇਆ ਜ਼ਹਿਰ ਦੀ ਪਾਨ ਚੜ੍ਹਿਆ ਬਿਰਛ ਆਖਿਆ ਹੈ…
ਬੋਲਦਿਆਂ-ਬੋਲਦਿਆਂ ਕਪਤਾਨ ਇਕ ਦਮ ਰੁਕ ਗਿਆ। ਸਾਹਮਣੇ ਦਰਖਤ ਸੀ ਤੇ ਉਹਦੇ ਨਾਲ ਸਿਰ ਜੋੜੀ ਖਲੋਤਾ ਪ੍ਰੋਫੈਸਰ ਰਿਊ। ਕਪਤਾਨ ਨੇ ਉਹਦਾ ਮੋਢਾ ਪਲੋਸਿਆ। ਪ੍ਰੋਫੈਸਰ ਨੇ ਮੂੰਹ ਭੁਆਇਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮੈਂ ਪ੍ਰੋਫੈਸਰ ਰਿਊ ਦੀਆਂ ਅੱਖਾਂ ਪਟਕੇਰੂ ਵਰਗੀਆਂ ਵੇਖੀਆਂ -ਮੈਂ ਉਹਨੂੰ ਗਲਵਕੜੀ ਪਾ ਲਈ ਤੇ ਉਹ ਤਾਂ ਜਿਵੇਂ ਚਿੰਬੜ ਹੀ ਗਿਆ ਮੈਨੂੰ। ਵਹਿੰਦੀਆਂ ਅੱਖਾਂ ਨਾਲ ਬਸ ਇਹੀ ਆਖੀ ਜਾ ਰਿਹਾ ਸੀ-ਅਸੀਂ ਇਸ ਦਰੱਖਤ ਨੂੰ ਨਹੀਂ ਪੁੱਟ ਸਕੇ। ਅਸੀਂ ਇਸ ਦਰਖਤ ਨੂੰ ਨਹੀਂ ਪੁੱਟ ਸਕੇ…
ਕਵਿਤਾ
– ਸੁਭਾਸ਼ ਦੀਵਾਨਾ
ਸਾਮਰਾਜ ਦੇ ਬੀਬੇ ਪੁੱਤਰੋ….!
ਸਾਮਰਾਜ ਦੇ ਬੀਬੇ ਪੁੱਤਰੋ! ਜੁਗਤ ਬਣਾਓ।
ਜਨ-ਪੁੱਤਰਾਂ ਨੂੰ ਚੁਣ ਚੁਣ ਕੇ ਸੂਲੀ ਲਟਕਾਓ।
ਸਾਮਰਾਜ ਦੀਆਂ ਨੀਹਾਂ ਵਿਚ ਜਨ-ਹਿਤ ਚਿਣਵਾਕੇ,
ਭਾਰਤ ਦੀ ਇੱਜ਼ਤ ਦੇ ਸੌਦਾਗਰ ਅਖਵਾਓ।
ਹੂੰਝ ਕੇ ਕੁਲ ਰੁਜ਼ਗਾਰ ਪੁਚਾਓ ਧਾੜਵੀਆਂ ਘਰ,
ਆਪਣੇ ਸਾਰੇ ਲੋਕਾਂ ਨੂੰ ਜੋਕਾਂ ਲਗਵਾਓ।
ਰੈਡੀ-ਮੇਡ ਇੰਪੋਰਟਿਡ ਨੀਤੀਆਂ ਲਾਗੂ ਕਰਕੇ,
ਰਾਜ ਭਾਗ ਪ੍ਰਬੰਧ ਨੂੰ ਸਿੱਧਾ ਸਰਲ ਬਣਾਓ।
ਸੀਲ ਮੇਮਣੇਂ ਸੁੱਟ ਦਿਓ ਬਘਿਆੜਾਂ ਅੱਗੇ,
ਖੁੱਲ੍ਹੀ ਮੰਡੀ ਦਾ ਲੋਕਾਂ ਨੂੰ ਸਬਕ ਪੜ੍ਹਾਓ।
ਫਾਸ਼ੀਵਾਦੀ, ਜਾਤੀਵਾਦੀ ਟੀਕਾ ਲਾਕੇ,
ਸੋਚ ਜ਼ਮੀਰ ਤੇ ਚੇਤੰਨਤਾ ਨੂੰ ਸੁੱਨ ਬਣਾਓ।
ਗੂੰਜੇ ਚੰਦ ਘਰੀਂ ਭਾਵੇਂ ਜ਼ਹਿਰੀਲਾ ਹਾਸਾ,
ਆਮ ਘਰਾਂ ਵਿਚ ਤੁਸੀਂ ਮਾਤਮੀ ਸਫ਼ਾਂ ਵਿਛਾਓ।
ਬਣਨ ਦਿਓ ਘਾਹੀਆਂ ਦੇ ਪੁੱਤਰਾਂ ਨੂੰ ਮੁੜ ਘਾਹੀ,
‘ਚੰਦ ਘਰਾਂ’ ਨੂੰ ਰਾਜ ਕਰਨ ਦਾ ਵੱਲ ਸਿਖਲਾਓ।
ਕਵਿਤਾ
– ਇੰਦਰਜੀਤ ਚੁਗਾਵਾਂ
ਕੋਈ ਮੁਰਗੀਖਾਨਾ ਨਹੀਂ
ਮੈਂ ਤਾਂ ਤਿਤਲੀ ਹੀ ਸੀ
ਸਬਜ਼ ਬਾਗਾਂ ਦੀ ਤਿਤਲੀ !
ਚੁੰਮਦੀ ਛੂਹਦੀਂ ਫੁੱਲ ਬੂਟੇ
ਲਾਉਂਦੀ ਫਿਰਦੀ ਉਡਾਰੀਆਂ
ਗਾਉਂਦੀ ਫਿਰਦੀ ਮਲਿਹਾਰ
ਹਵਾ ਨਾਲ ਕਰਦੀ ਸੀ
ਗੱਲਾਂ ਪਿਆਰੀਆਂ ਚਟਕਾਰੀਆਂ !
ਬਾਬਲ ਦੇ ਕੰਧਾੜੇ ਚੜ੍ਹ
ਲਾਉਂਦੀ ਸੀ ਕਿਲਕਾਰੀਆਂ
ਖੁਸ਼ ਹੁੰਦਾ ਸੀ ਬਾਬਲ ਵੀ
ਦੇਖ ਮੇਰੀਆਂ ਖੁਮਾਰੀਆਂ !
ਅਚਾਨਕ ਪਤਾ ਲੱਗਾ
ਤਿਤਲੀ ਨਹੀਂ ਕੁੜੀ ਸੀ ਮੈਂ
ਮੁਸਕਾਨ ਦੀ ਥਾਂ ਤਿਊੜੀਆਂ
ਫਿਕਰਾਂ ਦੀਆਂ ਲੀਕਾਂ ਦੇਖ
ਬਾਬਲ ਦੇ ਮੱਥੇ ਨੇ ਦੱਸਿਆ
ਕੁੜੀ ਤਾਂ ਜਵਾਨ ਹੋ ਗਈ !
ਹੁਣ ਕੌਣ ਚੁੱਕੇ
ਭਲਾ ਫਿਕਰਾਂ ਦੀ ਪੰਡ ?
ਹੋ ਗਈ ਸ਼ੁਰੂ ਵਰ ਦੀ ਭਾਲ
ਬਾਬਲ ਨੂੰ ਇਹ ਕੀ ਥਿਆਇਆ
ਖੂਬਸੂਰਤ ਪੱਥਰੀਲਾ ਫੁੱਲ?
ਉਂਝ ਮਨ ਦੀ ਚਾਹਤ
ਧੀ ਕਰੇਗੀ ਰਾਜ
ਪਰ ਹਾੜਾ
ਕੋਈ ਇੱਕ ਵਾਰ ਤਾਂ ਪੁੱਛੇ
ਮੇਰੇ ਦਿਲ ਦੀ ਪੁਕਾਰ!
ਪੱਥਰ ਨਹੀਂ, ਮੈਂ ਤਾਂ ਚਾਹਾਂ
ਇੱਕ ਖੁਸ਼ਬੂਦਾਰ ਫੁੱਲ !
ਪੱਥਰ ਭਲਾ ਕਦ ਦਿੰਦੈ ਖੁਸ਼ਬੂ !!
ਮੇਰੀ ਵਿਦਵਤਾ, ਸੰਵੇਦਨਾ
ਮੇਰੀ ਕਲਾ ਸਭ ਖੂਹ ਖਾਤੇ
ਲੋਹ ਕੰਧਾਂ ਖਾ ਗਈਆਂ ਮੇਰੇ ਹਾਸੇ !
ਬਹੁਤ ਚਾਹਾਂ
ਇੱਕ ਵਾਰ ਤਾਂ ਪੁੱਛਾਂ
ਬਾਬਲ ਕਿੰਨਾ ਕੁ ਸੀ ਭਲਾ ਮੇਰਾ ਭਾਰ ?
ਪਰ ਚਿੰਤਾਮੁਕਤ ਬਾਪ ਨੂੰ
ਇਹ ਕਹਿਣ ਦੀ ਹਿੰਮਤ
ਭਲਾ ਕੌਣ ਜੁਟਾਵੇ ?
ਧੀ ਵੀ ਤਾਂ ਇੱਕ ਜੀਅ ਹੁੰਦੀ ਹੈ
ਉਸ ਦੀ ਰੱਤ ਕਿਓਂ ਪੀ ਹੁੰਦੀ ਹੈ !
ਵਸ ਚੱਲੇ ਤਾਂ ਆਖ ਦਿਆਂ ਮੈਂ
ਮੇਰੇ ਤੋਂ ਕੋਈ ਆਸ ਨਾ ਰੱਖੋ
ਆਪਣੇ ਭਾਰ ਹੁਣ ਆਪ ਈ ਚੁੱਕੋ
ਇਹ ਨਹੀਂ ਕੋਈ ਮੁਰਗੀਖਾਨਾ
ਨਾ ਭਾਲੋ ਕੋਈ ਕੁਲ ਦਾ ਚਿਰਾਗ
ਉਦੋਂ ਤੱਕ ਨਾ ਚਾਹਾਂ ਮਾਂ ਦਾ ਖਿਤਾਬ
ਜਦ ਤੱਕ ਨਾ ਹੋ ਜਾਵੇ ਯਕੀਨ
ਮੇਰੀ ਤਿਤਲੀ ਨੂੰ ਮਿਲੇਗਾ
ਜਰੂਰ ਉਸ ਦੇ ਹਿੱਸੇ ਦਾ ਅੰਬਰ!