Now Reading
ਸਹਿਜ ਸੁਭਾਅ ਦਾ ਤਰਕ

ਸਹਿਜ ਸੁਭਾਅ ਦਾ ਤਰਕ

ਕਾਲਜ ਦੀ ਪੜ੍ਹਾਈ ਵੇਲੇ ਵਿਦਿਆਰਥੀ ਲਹਿਰ ਦੇ ਨਾਲ ਨੌਜਵਾਨ ਸਭਾ ਵਿਚ ਕੰਮ ਕਰਨ ਦਾ ਚਾਅ ਰਹਿੰਦਾ ਸੀ। ਦਿਨੇ ਕਾਲਜਾਂ ‘ਚ ਹੜਤਾਲਾਂ, ਰਾਤੀਂ ਪਿੰਡਾਂ ਦੀਆਂ ਮੀਟਿੰਗਾਂ। ਨਕਲ ਮਾਰਨ ਦੇ ਦੋਸ਼ਾਂ (U.M.C.) ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੇ ਸੈਂਕੜੇ ਵਿਦਿਆਰਥੀ ਫਸ ਗਏ। ਹੜਤਾਲ ਸਾਰੇ ਕਾਲਜ ‘ਚ ਕਰਾ ਦਿੱਤੀ। ਰੋਜ਼ ਮੁਜ਼ਾਹਰੇ, ਵੀ.ਸੀ. ਦਾ ਪੁਤਲਾ ਸਾੜੋ, ਡੀ.ਸੀ. ਨੂੰ ਮੰਗ ਪੱਤਰ ਦੇਵੋ। ਵਿਦਿਆਰਥੀ ਲਹਿਰ ਪੂਰੇ ਜੋਸ਼ ਵਿਚ ਸੀ। ਜਿਨ੍ਹਾਂ ਵਿਦਿਆਰਥੀ ਨੇਤਾਵਾਂ ਦੇ ਪੁਲਸ ਨੇ ਵਾਰੰਟ ਕੱਢੇ ਸਨ, ਉਨ੍ਹਾਂ ਵਿਚ ਮੈਂ ਵੀ ਇਕ ਛੋਟਾ ਜਿਹਾ ਪਰਿੰਦਾ ਸਾਂ। ਪੁਲਸ ਕਾਲਜ ਦੇ ਨੇੜੇ-ਤੇੜੇ ਗੇੜੇ ਮਾਰਦੀ ਰਹਿੰਦੀ ਸੀ। ਪ੍ਰੰਤੂ ਏਨੀ ਫਿਕਰਮੰਦੀ ਫੜਨ ਦੀ ਨਹੀਂ ਸੀ ਕਰਦੀ, ਕਿਉਂਕਿ ਇਸ ਨਾਲ ਮਹਿਕਮੇ ‘ਚ ਤਰੱਕੀ ਨਾਲੋਂ ਵਿਦਿਆਰਥੀਆਂ ਦਾ ਰੌਲਾ-ਰੱਪਾ ਜ਼ਿਆਦਾ ਪ੍ਰੇਸ਼ਾਨ ਕਰਨ ਵਾਲਾ ਬਣ ਸਕਦਾ ਸੀ।
ਸਾਲ 1973 ਦੇ ਸਿਆਲੂ ਦਿਨਾਂ ਅੰਦਰ ਰਾਮ ਤੀਰਥ ਦਾ ਮੇਲਾ ਆ ਗਿਆ। ਦੱਸਿਆ ਜਾਂਦਾ ਹੈ ਕਿ ਇਸ ਜਗ੍ਹਾ ਸੀਤਾ ਮਾਤਾ ਨੂੰ ਸ਼੍ਰੀ ਰਾਮ ਜੀ ਵਲੋਂ ਜਲਾਵਤਨ ਕਰਕੇ ਭੇਜ ਦਿੱਤਾ ਗਿਆ ਸੀ। ਮਾਤਾ ਬਾਰੇ ਇਕ ਧੋਬੀ ਵਲੋਂ ਜਿਹੜੇ ਸ਼ੱਕ ਸ਼ੁਭਹੇ ਧਮਾਏ ਗਏ ਸਨ, ਉਸਦੇ ਪ੍ਰੀਖਣ ਕਰਨ ਦਾ ਇਹੀ ਤਰੀਕਾ ਠੀਕ ਸਮਝਿਆ ਗਿਆ। ਔਰਤਾਂ ਲਈ ਅਜਿਹੇ ਕਾਇਦੇ ਕਾਨੂੰਨ ਸਦੀਆਂ ਤੋਂ ਸ਼ੁਰੂ ਹੋ ਕੇ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹਨ।
ਮੈਂ ਅੰਮ੍ਰਿਤਸਰ ਤੋਂ ਬਸ ‘ਚ ਬੈਠ ਕੇ ਰਾਮਤੀਰਥ ਮੇਲੇ ‘ਤੇ ਨੌਜਵਾਨ ਸਭਾ ਦੇ ਜਲਸੇ ‘ਚ ਬੋਲਣ ਲਈ ਜਾ ਰਿਹਾ ਸਾਂ। ਬਸ ਖਚਾਖਚ ਭਰੀ ਹੋਈ ਸੀ। ਭਰੀ ਕਾਹਨੂੰ, ਤੂੜੀ ਹੋਈ ਕਹੋ। ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਸੀਤਾ ਮਾਤਾ ਪ੍ਰਤੀ ਸ਼ਰਧਾ ਲੋਕਾਂ ਨੂੰ ਖਿੱਚੀ ਜਾ ਰਹੀ ਸੀ ਰਾਮ ਤੀਰਥ ਦੇ ਅਸਥਾਨ ਵੱਲ ਨੂੰ।
ਇਕ ਸ਼ਰਧਾਲੂ ਦੂਸਰੇ ਨਾਲ ਵਿਖਿਆਨ ਕਰਦਾ ਕਹਿ ਰਿਹਾ ਸੀ ਕਿ ਰਾਮ ਤੀਰਥ ਵਾਲਾ ਵਿਸ਼ਾਲ ਤਲਾਬ (ਕਈ ਏਕੜਾਂ ‘ਚ) ਰਾਮ ਭਗਤ ਹਨੂੰੂਮਾਨ ਜੀ ਨੇ ਕਹੀ ਦੇ ਸਿਰਫ ਢਾਈ ਟੱਪ ਲਾ ਕੇ ਪੁੱਟਿਆ ਸੀ। ‘ਕਿੰਨਾ ਬਹਾਦਰ ਸੀ ਪਵਨ ਪੁੱਤਰ’ ਦੂਸਰੇ ਦੇ ਮੂੰਹੋ ਝਬਦੇ ਹੀ ਨਿਕਲ ਗਿਆ।
ਇਕ ਸੱਤਰ ਕੁ ਸਾਲ ਦਾ ਬਜ਼ੁਰਗ, ਕੱਪੜੇ ਮੈਲੇ, ਢਿਲੀ ਜਿਹੀ ਪੱਗ, ਟੁੱਟੀਆਂ ਜਿਹੀਆਂ ਚਪਲਾਂ ਫਸਾਈਆਂ ਹੋਈਆਂ ਸਨ ਪੈਰਾਂ ‘ਚ। ”ਹਨੂੰੂਮਾਨ ਤਾਂ ਰਾਮ ਭਗਤ ਸੀ ਭਾਊ, ਉਸ ਮਿਸਤਰੀ ਦੀ ਕਮਾਲ ਦੇਖ, ਜੀਹਨੇ ਉਸ ਕਹੀ ਦਾ ਡੈਹਾ ਬਣਾਇਆ ਹਊ” ਬਾਬੇ ਦੇ ਸਹਿ ਸੁਭਾਅ ਮੂੰਹੋਂ ਨਿਕਲ ਗਿਆ।
ਸਾਰੀਆਂ ਸਵਾਰੀਆਂ ਦਾ ਧਿਆਨ ਉਸ ਬਾਬੇ ਵੱਲ ਕੇਂਦਰਤ ਹੋ ਗਿਆ। ਕਈਆਂ ਦੇ ਚਿਹਰਿਆਂ ‘ਤੇ ਕੁਝ ਗੁੱਸੇ ਦੇ ਚਿੰਨ੍ਹ ਦਿਸਦੇ ਸਨ। ਪ੍ਰੰਤੂ ਜ਼ਿਆਦਾ ਸਵਾਰੀਆਂ ਬਾਬੇ ਦੀ ਅਕਲ ਦਾ ਅੰਦਾਜ਼ਾ ਲਾਉਣ ਲੱਗ ਪਈਆਂ। ਇਹ ਵਾਦ-ਵਿਵਾਦ ਮੈਨੂੰ ਵੀ ਬੜਾ ਦਿਲਚਸਪ ਲੱਗ ਰਿਹਾ ਸੀ।
ਏਨੇ ਨੂੰ ਬਸ ਰੁਕ ਗਈ, ਮੈਂ ਅਗਲੀ ਤਾਕੀ ‘ਚ ਖੜ੍ਹਾ ਸਿਪਾਹੀ ਦੇਖ ਕੇ… ਪਿਛਲੀ ਬਾਰੀ ਹੇਠਾਂ ਉਤਰ ਗਿਆ।
ਕਈ ਵਾਰ ਡਰ ਤਰਕ ਨਾਲੋ ਬਲਵਾਨ ਹੋ ਜਾਂਦਾ। ਅਜਿਹਾ ਹੋਣਾ ਕੁਦਰਤੀ ਹੀ ਹੈ।
– ਰਾਹਗੀਰ

Scroll To Top