ਫਿਲੌਰ : ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਸੱਦੇ ’ਤੇ ਇਕੱਠੇ ਹੋਏ ਕਾਰਕੁਨਾਂਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਸ਼ਰਧਾ ਰਾਮ ਫਿਲੌਰੀ ਚੌਂਕ ’ਚ ਆਰਐਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ ਨੇ ਕਿਹਾ ਕਿ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਕੇਂਦਰ ਅਤੇ ਪੰਜਾਬ ਦੀ ਸਰਕਾਰ ਲਗਾਤਾਰ ਲੋਕਾਂ ’ਤੇ ਮਹਿੰਗਾਈ ਦਾ ਭਾਰ ਲੱਦ ਰਹੀ ਹੈ ਜਿਸ ਦੇ ਸਿੱਟੇ ਵਜੋਂ ਹਰ ਰੋਜ਼ ਤੇਲ ਦੀਆਂ ਕੀਮਤਾਂ ਅਤੇ ਰਸੋਈ ਗੈਸ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ’ਚ ਵਾਧਾ ਕਰਨ ਲਈ ਸਿਰਫ਼ ਭਾਜਪਾ ਹੀ ਜ਼ਿੰਮੇਵਾਰ ਨਹੀਂ ਹੈ ਸਗੋਂ ਇਸ ਤੋਂ ਪਹਿਲਾ ਕਾਂਗਰਸ ਵੀ ਅਜਿਹੀਆਂ ਨੀਤੀਆਂ ਲਈ ਜ਼ਿੰਮੇਵਾਰ ਰਹੀ ਹੈ। ਇਸ ਮੌਕੇ ਪਾਰਟੀ ਦੇ ਆਗੂ ਕੁਲਦੀਪ ਫਿਲੌਰ, ਮੇਜਰ ਫਿਲੌਰ, ਜਰਨੈਲ ਫਿਲੌਰ, ਅੰਮ੍ਰਿਤ ਨੰਗਲ ਅਤੇ ਕਾਮਰੇਡ ਦੇਵ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰੀ ’ਚ ਵਾਧਾ ਹੋਣ ਨਾਲ ਲੋਕਾਂ ਦੀ ਹਾਲਤ ਹੋਰ ਵੀ ਪਤਲੀ ਹੋ ਰਹੀ ਹੈ।
ਪੁਤਲਾ ਸਾੜਨ ਵੇਲੇ ਇਕੱਠੇ ਹੋਏ ਕਾਰਕੁਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਰਾਮ ਲੁਭਾਇਆ ਭੈਣੀ, ਜਸਵੀਰ ਸਿੰਘ, ਕੁਲਜਿੰਦਰ ਸਿੰਘ, ਮੱਖਣ ਸੰਗਰਾਮੀ, ਸੰਨੀ ਫਿਲੌਰ, ਗੋਗੀ ਫਿਲੌਰ, ਗੁਰਦੇਵ ਸਿੰਘ ਮਹਿਸਮਪੁਰ, ਬਲਬੀਰ ਬੀਰੀ, ਸੋਢੀ ਸਿੰਘ ਔਜਲਾ ਆਦਿ ਹਾਜ਼ਰ ਸਨ।