ਰਾਜਸਥਾਨ ਵਿੱਚ ਚੁਰੂ ਨਿਵਾਸੀ ਸ਼੍ਰੀ ਕਿਸ਼ਨਾ ਰਾਮ ਗੁੱਜਰ ਨੇ ਆਪਣੀ ਦੋਹਤੀ ਦੀ ਭਾਂਤ (ਨਾਨਕ ਛੱਕ) ਭਰੀ ਹੈ। ਵੱਟਸਐਪ ‘ਤੇ ਵਾਇਰਲ ਹੋਈ ਖ਼ਬਰ ਅਨੁਸਾਰ ਉਸਨੇ ਭਾਂਤ ਵਿੱਚ ਲੜਕੀ ਨੂੰ ਇਕਵੰਜਾ ਲੱਖ ਰੁਪਈਆ, ਇਕਵੰਜਾ ਤੋਲੇ ਸੋਨਾ ਭੇਂਟ ਦਿੱਤਾ ਅਤੇ ਪਿੰਡ ਨਿਵਾਸੀ ਹਰ ਪਰਵਾਰ ਨੂੰ ਇੱਕ ਅੰਗੂਠੀ ਅਤੇ ਇੱਕ ਮੱਝ।
ਕੁਝ ਸਾਲ ਪਹਿਲਾਂ ਦੋ ਸਾਬਕਾ ਰਾਜ ਘਰਾਣਿਆਂ ਦੇ ਬੱਚਿਆਂ ਦੀ ਸ਼ਾਦੀ ਹੋਈ ਸੀ। ਉਸ ਸਮੇਂ ਹੋਰ ਟਹਿਲ ਸੇਵਾ ਤੋਂ ਇਲਾਵਾ, ਹਰ ਬਰਾਤੀ ਨੂੰ ਉਹ ਸੋਨੇ-ਚਾਂਦੀ ਦੇ ਭਾਂਡੇ, ਜਿਨ੍ਹਾਂ ਵਿੱਚ ਖਾਣਾ ਪਰੋਸਿਆ ਗਿਆ ਸੀ ਅਤੇ ਇੱਕ-ਇੱਕ ਕਾਰ ਭੇਂਟ ਵਿੱਚ ਦਿੱਤੀ ਗਈ ਸੀ। ਲੜਕੀ ਦੇ ਦਾਜ ਦਹੇਜ ਦੀ ਤਾਂ ਗੱਲ ਹੀ ਛੱਡੋ।
ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ (ਮਰਹੂਮ) ਜੈ ਲਲਿਤਾ ਨੇ, ਆਪਣੀ ਸਹੇਲੀ ਸ਼ਸ਼ੀ ਕਲਾ ਦੇ ਲੜਕੇ ਦੀ ਬਹੁ ਚਰਚਿਤ ਸ਼ਾਦੀ ਉਪਰ ਇੱਕ ਸੌ ਦਸ ਕਰੋੜ ਰੁਪਏ ਖਰਚ ਕੀਤੇ ਸਨ।
ਅਜੀਬੋ-ਗਰੀਬ ਮਹਿੰਗੀਆਂ ਸ਼ਾਦੀਆਂ ਦੀ ਲਿਸਟ ਬਹੁਤ ਲੰਬੀ ਹੈ। ਜਿਸ ਵਿੱਚ ਅਨੇਕਾਂ ਅਜਿਹੇ ਕਾਰਪੋਰੇਟ ਘਰਾਣਿਆਂ, ਧੰਨਾ ਸੇਠਾਂ, ਵਪਾਰੀਆਂ ਅਤੇ ਰਾਜਨੀਤਕ ਲੀਡਰਾਂ ਦੇ ਨਾਮ ਸ਼ਾਮਲ ਹਨ ਜਿਨ੍ਹਾਂ ਨੇ ਸ਼ਾਦੀ-ਵਿਆਹਾਂ ‘ਤੇ ਅੰਨ੍ਹਾ ਖਰਚ ਕਰਕੇ ਆਪਣੀ ਹੈਸੀਅਤ ਦਾ ਭੌਂਡਾ ਵਿਖਾਵਾ ਕੀਤਾ। ਇਹ ਉਸੇ ਕੁਨਬੇ ਵਿਚੋਂ ਹਨ ਜਿਹੜੇ ਦੇਸ਼ ਦੇ ਵਸਨੀਕਾਂ ਦੀ ਗਾੜ੍ਹੇ ਖੂਨ ਪਸੀਨੇ ਦੀ ਕਮਾਈ ਲੁੱਟ ਕੇ, ਟੈਕਸਾਂ ਦੀ ਚੋਰੀ, ਕਾਲਾ ਬਾਜਾਰੀ ਰਾਹੀਂ ਅਤੇ ਬੈਕਾਂ ਨਾਲ ਅਰਬਾਂ-ਖਰਬਾਂ ਦੀ ਠੱਗੀ ਮਾਰਕੇ ਭੱਜ ਰਹੇ ਹਨ ਜਾਂ ਸਵਾ-ਸਵਾ ਲੱਖ ਕਰੋੜ ਰੁਪਏ ਦੱਬਕੇ ਵੀ ਦੇਸ਼ ਦੇ ਪਤਵੰਤੇ ਸ਼ਹਿਰੀ ਵਜਦੇ ਹਨ। ਸਮੇਂ ਦੀਆਂ ਸਰਕਾਰਾਂ, ਇਨ੍ਹਾਂ ਤੋਂ ਕਰਜੇ ਉਗਰਾਹੁਣ ਦੀ ਥਾਂ, ਬੈਡ-ਡੈਵਿਟ ਕਹਿਕੇ ਵੱਟੇ ਖਾਤੇ ਪਾ ਦਿੰਦੀਆਂ ਹਨ।
ਅੱਗੋਂ ਪੂੰਜੀਵਾਦੀ ਪ੍ਰਬੰਧ ਵੱਲੋਂ ਨਵਾਂ ਜਣਿਆ ਮੱਧ-ਵਰਗ, ਨਵੀਂ-ਨਵੀਂ ਆਈ ਅਮੀਰੀ ਦੀ ਚਕਾਚੌਂਧ ਦਾ ਚੁੰਧਿਆਇਆ, ਸਮਾਜ ਉਪਰ ਅਮੀਰੀ ਦਾ ਰੋਅਬ ਪਾਉਣ ਦੀ ਖਾਤਰ, ਰੀਸੋ-ਰੀਸੀ ਭੇਡ ਚਾਲ ‘ਚ ਫਸਿਆ, ਇੱਕ ਦੂਜੇ ਤੋਂ ਵਧਕੇ, ਅੱਡੀਆਂ ਚੁੱਕ-ਚੁੱਕ ਫਾਹਾ ਲੈਂਦਾ ਹੈ। ”ਅਸੀਂ ਘੱਟ ਨਹੀਂ ਸ਼ਰੀਕਾਂ ਨਾਲੋਂ ਰਹਿਣਾ ਤੇ ਭਾਵੇਂ ਸਾਡੀ ਮੱਝ ਵਿੱਕ ਜੇ”।
ਇਸ ਦਕਿਆਨੂਸੀ ਮਾਨਸਿਕਤਾ ਅਧੀਨ ਸ਼ੁਰੂ ਹੁੰਦੀਆਂ ਹਨ ਵਿਆਹ-ਸ਼ਾਦੀ ਦੀਆਂ ਰਸਮਾਂ। ਦੱਸ-ਦਸਾਈ, ਪੁੱਛ-ਪੁੱਛਾਈ, ਦੇਖ-ਦਿਖਾਈ ਅਤੇ ਲੈਣ-ਦੇਣ ਦਾ ਸੌਦਾ ਤਹਿ ਹੋ ਜਾਣ ਤੋਂ ਪਿੱਛੋਂ ਹੁੰਦੀ ਹੈ ਲੜਕੀ ਲਈ ਰੋਕ-ਰੁਕਾਈ ਭਾਵ ਸ਼ਗਨ ਪਾਉਣ ਦੀ ਰਸਮ। ਇਸ ਰਸਮ ਨੂੰ ਨਿਭਾਉਣ ਲਈ ਮੁੰਡੇ ਦੇ ਮਾਂ-ਬਾਪ, ਚਾਚੇ-ਚਾਚੀਆਂ, ਤਾਏ-ਤਾਈਆਂ, ਭੂਆ-ਫੁੱਫੜ, ਮਾਸੀਆਂ-ਮਾਸੜ, ਭੈਣਾਂ-ਭਣੋਈਏ ਆ ਢੁੱਕਦੇ ਹਨ ਲੜਕੀ ਵਾਲਿਆਂ ਦੇ ਘਰ, ਕਈ ਗੱਡੀਆਂ ਭਰਕੇ। ਕੁੜੀ ਨੂੰ ਸ਼ਗਨ ਪਾਉਣ ਦੀ ਰਸਮ ਹੁੰਦੀ ਹੈ (ਅੰਗਰੇਜੀ ਪੜ੍ਹੇ ਇਸ ਨੂੰ ਰਿੰਗ ਸੈਰੀਮਨੀ ਕਹਿੰਦੇ ਹਨ)। ਫਿਰ ਆਏ-ਗਿਆਂ ਦੀ ਚਾਹ, ਪਾਣੀ ਠੰਡੇ ਅਤੇ ਵਿਦਾਈ ਸਮੇਂ ਸਾਰਿਆਂ ਨੂੰ ਕੰਬਲ/ਸੂਟ ਅਤੇ ਸ਼ਗਨ ਦਿੱਤਾ ਜਾਂਦਾ ਹੈ ਯਾਨਿ ਆਮ ਘਰ ਦੇ ਵਿਆਹ ਜਿੰਨਾ ਖਰਚ ਕੀਤਾ ਜਾਂਦਾ ਹੈ। ਫਿਰ ਸ਼ਾਦੀ ਤੋਂ ਇੱਕ ਦਿਨ ਪਹਿਲਾਂ ਓਨਾਂ ਕੁ ਹੀ ਲਾਮ-ਲਸ਼ਕਰ ਲੈ ਕੇ ਕੁੜੀ ਵਾਲੇ ਮੁੰਡੇ ਨੂੰ ਸ਼ਗਨ ਪਾਉਣ ਆਉਦੇਂ ਹਨ। ਅਤੇ ਦਾਜ ਦਾ ਸਮਾਨ ਵੀ ਨਾਲ ਹੀ ਲੈ ਕੇ ਆਉਂਦੇ ਹਨ। ਇਥੇ ਫਿਰ ਉਹੀ ਸਭ ਦੁਹਰਾਇਆ ਜਾਂਦਾ ਹੈ। ਸੇਵਾ, ਸ਼ਗਨ ਆਦਿ। ਅੱਜ ਕੱਲ੍ਹ ਇਕ ਹੋਰ ਰਿਵਾਜ਼ ਚਲ ਰਿਹਾ ਹੈ। ਵਿਆਹ ਦੇ ਕਾਰਡ ਦੇ ਨਾਲ ਹੀ ਮਿਠਾਈ ਦੇ ਕੇ ਜਾਣ ਦਾ। ਕਈ ਵਾਰ ਡੱਬੇ ‘ਚ ਮਿਠਿਆਈ ਓਨੀ ਕੀਮਤ ਦੀ ਨਹੀਂ ਹੁੰਦੀ ਜਿੰਨੀ ਕੀਮਤ ਦਾ ਡੱਬਾ ਅਤੇ ਕਾਰਡ ਹੁੰਦਾ ਹੈ।
ਫਿਰ ਆਉਂਦਾ ਹੈ ਸ਼ਾਦੀ ਵਾਲਾ ਦਿਨ। ਇਸ ਦਿਨ ਲਈ ਵਧੀਆ ਤੋਂ ਵਧੀਆ ਮੈਰਿਜ-ਪੈਲੇਸ/ਹੋਟਲ ਬੁੱਕ ਕੀਤਾ ਜਾਂਦਾ ਹੈ। ਨੱਚਣ ਗਾਉਣ/ਡੀ.ਜੇ ਵਾਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਮੱਕੀ ਦੀਆਂ ਖਿੱਲਾਂ, ਟਿੱਕੀਆਂ, ਗੋਲ-ਗੱਪੇ, ਫਾਸਟ-ਫੂਡ, ਫਲਾਂ ਦੀ ਚਾਟ ਤੋਂ ਲੈ ਕੇ ਮਹਿੰਗੀ ਸ਼ਰਾਬ ਤੱਕ ਦੀਆਂ ਸਟਾਲਾਂ ਲਗਾਈਆਂ ਜਾਂਦੀਆਂ ਹਨ। ਚਾਹ-ਕੌਫੀ ਵਰਤਾਈ ਜਾਂਦੀ ਹੈ। ਕਈ ਕਿਸਮ ਦੀਆਂ ਰੋਟੀਆਂ/ਚਾਵਲ, ਸਬਜੀਆਂ, ਪਕੌੜੇ ਅਤੇ ਮਹਿੰਗੀਆਂ ਮਠਿਆਈਆਂ ਅਤੇ ਆਈਸਕਰੀਮ ਪਰੋਸੀ ਜਾਂਦੀ ਹੈ। ਮਹਿੰਗੀ ਸ਼ਰਾਬ ਪਾਣੀ ਦੀ ਤਰ੍ਹਾਂ ਵਹਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮੀਟ-ਮੱਛੀ ਵਰਤਾਏ ਜਾਂਦੇ ਹਨ। ਰਿਸ਼ਤੇਦਾਰਾਂ, ਮਿੱਤਰਾਂ ਵੱਲੋਂ ਕਿਰਾਏ ਤੇ ਲਿਆਂਦੀਆਂ ਸੈਂਕੜੇ ਗੱਡੀਆਂ ਦਾ ਕਿਰਾਇਆ ਵੱਖਰਾ। ਇਸ ਤਰ੍ਹਾਂ ਅਜਿਹੇ ਵਿਆਹ ਦਾ ਕੁਲ ਖਰਚ ਕਰੋੜਾਂ ਤੱਕ ਪੁੱਜ ਜਾਂਦਾ ਹੈ। ਇਸ ਤਰ੍ਹਾਂ ਲੱਖਾਂ ਰੁਪਈਆ ਫਜ਼ੂਲ ਵਿੱਚ ਅਮੀਰੀ ਦੇ ਦਿਖਾਵੇ ਲਈ ਉੱਡਾ ਦਿੱਤਾ ਜਾਂਦਾ ਹੈ (ਜਿਸ ਨਾਲ ਇੱਕ ਚੰਗਾ-ਦਰਮਿਆਨਾ ਵਿਆਹ ਹੋ ਸਕਦਾ ਹੈ)। ਫਿਰ ਆਮ ਤੌਰ ‘ਤੇ ਡੀਜੇ ਵਾਲੀਆਂ ਲੜਕੀਆਂ ਨਾਲ ਨੱਚਣ ਜਾਂ ਮਨਪਸੰਦ ਗੀਤ ਗਵਾਉਣ ਲਈ, ਮੱਛਰੀ ਮੁੰਡ੍ਹੀਰ ਵਿੱਚ ਝਗੜੇ ਹੁੰਦੇ ਹਨ। ਕਈ ਕੁੱਟਮਾਰ ਤੋਂ ਸੁਰੂ ਹੋਈ ਗੱਲ ਕਤਲਾਂ ਤੱਕ ਪਹੁੰਚਦੀ ਦੇਖੀ ਗਈ ਹੈ। ਕਲਾਕਾਰ ਵੀ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਚੁੱਕੇ ਹਨ।
ਸ਼ਾਦੀ ਤੋਂ ਬਾਅਦ ਦਰੌਜਾ, ਤਰੌਜਾ, ਕਰਵਾ ਚੌਥ, ਲੜਕੀ ਦੇ ਘਰ ਕੂਲਰ, ਫਰਿੱਜ ਤੋਂ ਸ਼ੁਰੂ ਹੋ ਕੇ ਏ.ਸੀ. ਲਗਵਾਉਣ ਤਕ ਦਾ ਰਿਵਾਜ਼। ਉਪਰੋਂ ਲੜਕੇ ਵਾਲੇ ਕਹਿਣਗੇ ਕਿ ਇਹ ਸਭ ਕੁੱਝ ਤਾਂ ਤੁਹਾਡੀ ਲੜਕੀ ਨੇ ਹੀ ਵਰਤਣਾ ਹੈ। ਕੋਈ ਪੁੱਛੇ ਬਈ ਤੁਹਾਡਾ ਮੁੰਡਾ ਅਤੇ ਪਰਵਾਰ ਗਲੀ ‘ਚ ਸੌਂਇਆ ਕਰੇਗਾ?
ਇਸ ਤੋਂ ਬਾਅਦ ਲੜਕੀ ਕੋਲ ਹੋ ਗਿਆ, ਸੁੱਖ ਨਾਲ ਮੁੰਡਾ। 10 ਕੁ ਗੱਡੀਆਂ ‘ਚ 40 ਕੁ ਬੰਦੇ ਆ ਗਏ। ਮੈਰਿਜ ਪੈਲੇਸ ‘ਚ ਚੰਗੀ ਸੇਵਾ ਕੀਤੀ। ਸਾਰਿਆਂ ਨੂੰ ਕੰਬਲ/ਸੂਟ ਦਿੱਤੇ। ਲੜਕੀ ਵਾਲਿਆਂ ਦਾ ਚੋਖਾ ਖਰਚਾ ਹੋ ਗਿਆ। ਰਸਮ ਕੀ ਸੀ? ਕਹਿੰਦੇ ਲੜਕੀ ਵਾਸਤੇ ਪੰਜੀਰੀ ਲੈ ਕੇ ਆਏ ਸੀ ਅਤੇ ਮੁੰਡਾ ਵੇਖਣ। ਕੋਈ ਪੁੱਛੇ ਭਾਈ 3-4 ਜਣੇ ਗੱਡੀ ਲੈ ਕੇ ਆ ਜਾਂਦੇ, ਪੰਜੀਰੀ ਦੇ ਜਾਂਦੇ। ਮੁੰਡਾ ਜਦੋਂ ਤੁਹਾਡੇ ਘਰ ਜਾਂਦਾ ਤਾਂ ਵੇਖ ਲੈਂਦੇ। ਗੱਲ ਮੁੰਡਾ ਵੇਖਣ ਦੀ ਥੋੜਾ ਸੀ। ਗੱਲ ਤਾਂ ਕੁੜੀ ਵਾਲਿਆਂ ਤੋਂ ਕੰਬਲ, ਸੂਟ ਅਤੇ ਸ਼ਗਨ ਉਗਰਾਹੁਣ ਦੀ ਸੀ। ਉਸ ਤੋਂ ਬਾਅਦ ਆ ਗਿਆ ਦੋਹਤੇ /ਦੋਹਤੀ ਦਾ ਵਿਆਹ। ਚੱਲੋ ਨਾਨਕੀਛੱਕ, ਸ੍ਰੀ ਕਿਸ਼ਨਾ ਰਾਮ ਗੁੱਜਰ ਵਰਗੀ ਨਾ ਸਹੀ ਪਰ 2-4 ਲੱਖ ਤਾਂ ਨਾਨਕਿਆਂ ਨੂੰ ਖਰਚਣਾ ਹੀ ਪਵੇਗਾ। ਨਹੀਂ ਤਾਂ ਸ਼ਰੀਕੇ ‘ਚ ਬੀਬੀ ਦਾ ਨੱਕ ਨਹੀਓਂ ਰਹਿਣਾ।
ਇਹ ਵਿਹਾਰ ਤਿਉਹਾਰ ਅਜੇ ਮੁੱਕੇ ਨਹੀਂ ਹੁੰਦੇ, ਐਨੇ ਨੂੰ ਕੁੜੀ ਦੇ ਸੱਸ-ਸਹੁਰੇ ਦੇ ਜਾਣ ਦਾ ਵੇਲਾ ਆ ਢੁੱਕਦਾ ਹੈ। ਦਾਹ-ਸੰਸਕਾਰ ਕਰਾਉਣ ਗਿਆਂ ਨੂੰ ਬੀਬੀ ਸੁਨਾਉਣੀ ਦੇ ਦਿੰਦੀ ਹੈ ਕਿ ਕੁਝ ਬਣਕੇ ਆਇਓ ਭੋਗ ‘ਤੇ ਕਿਤੇ ਮੇਰੀ ਨੱਕ ਨਾ ਵਢਾ ਦਿਓ। ਇਥੇ ਫੇਰ ਛਾਪਾਂ, ਕੜੇ, ਕੰਬਲ, ਸੂਟ ਦੇਣੇ ਪੈਂਦੇ ਐ।
ਉਧਰ ਮਰਗ ਵਾਲੇ ਘਰ ਪਹਿਲਾਂ ਦਾਹ ਸੰਸਕਾਰ ‘ਤੇ ਇੱਕਠ ਫਿਰ ਤੀਸਰੇ ਦਿਨ ਫੁੱਲ ਚੁੱਗਣ ਦਾ ਇਕੱਠ ਕਈ ਬਿਰਾਦਰੀਆਂ ‘ਚ ਅਜੀਬ ਰਿਵਾਜ ਹੈ ਕਿ ਬੁੱਢਾ/ਬੁੱਢੀ ਮਰਿਆ ਪੁੱਤ ਵਾਲਿਆਂ ਦਾ ਅਤੇ ਆਏ-ਗਿਆਂ ਨੂੰ ਰੋਟੀ-ਚਾਹ ਖਵਾਉਣ/ਪਿਆਉਣਗੇ ਨੂੰਹਾਂ ਦੇ ਪੇਕੇ (ਦਾਹ ਸੰਸਕਾਰ ਸਮੇਂ ਕੱਪੜੇ ਪਾਉਣਗੇ ਬੁੱਢੀ ਦੇ ਪੇਕੇ ਅਤੇ ਬੁੱਢੇ ਦੇ ਸਹੁਰੇ)! ਫਿਰ ਮੋੜਵੀਂ ਮਕਾਣ ਅਤੇ ਫਿਰ ਅੰਤਿਮ ਸੰਸਕਾਰ ਯਾਨੀ ਭੋਗ।
ਉਧਰ ਬੁੱਢੇ/ਬੁੱਢੀ ਵਾਲਿਆਂ ਨੇ ਜਾਂ ਤਾਂ ਮੈਰਿਜ ਪੈਲੇਸ ਬੁੱਕ ਕੀਤਾ ਹੁੰਦਾ ਹੈ ਜਾਂ ਫਿਰ ਅੱਧੇ ਕੁ ਕਿੱਲੇ (ਏਕੜ) ‘ਚ ਟੈਂਟ ਲਾਇਆ ਹੁੰਦਾ ਹੈ। ਰਿਸ਼ਤੇਦਾਰ, ਦੋਸਤ, ਮਿੱਤਰ ਅਤੇ ਪਿੰਡ/ਸ਼ਹਿਰ ਨਿਵਾਸੀ ਵੀ ਹੁੰਮ ਹੁੰਮਾਕੇ ਪਹੁੰਚਦੇ ਹਨ। ਕੁੜਮ ਤਾਂ ਚਾਰ-ਚਾਰ ਟਾਇਰਾਂ ਵਾਲੀਆਂ ਟਰੈਕਟਰ ਟਰਾਲੀਆਂ ਭਰਕੇ ਢੁੱਕਦੇ ਹਨ। 500-700 ਤੋਂ ਲੈਕੇ 2-3 ਹਜ਼ਾਰ ਤੱਕ ਇਕੱਠ ਹੁੰਦਾ ਹੈ। ਖੂਬ ਜਲੇਬੀਆਂ, ਮਟਰ, ਪਨੀਰ, ਰਾਇਤਾ, ਦਾਲ ਚਾਵਲ ਅਤੇ ਚਾਹ ਪਾਣੀ ਦੀ ਸੇਵਾ ਚਲਦੀ ਹੈ। ਸਿਆਸੀ ਲੀਡਰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ ਸੱਚੀਆਂ-ਝੂਠੀਆਂ ਸਿਫਤਾਂ ਦੇ ਪੁੱਲ ਬੰਨ੍ਹਦੇ ਹਨ। ਕੁੜੀਆਂ ਦੇ ਸਹੁਰਿਆਂ ਵਲੋਂ ਆਏ ਰਿਸ਼ਤੇਦਾਰਾਂ ਨੂੰ ਕੰਬਲ/ਸੂਟ, ਗਲਾਸ ਅਤੇ ਮਠਿਆਈ ਦੇ ਡੱਬੇ ਵੰਡੇ ਜਾਂਦੇ ਹਨ। 2-4 ਲੱਖ ਰੁਪਈਆ ਖਰਚ ਕੇ ਬੇਬੇ/ਬਾਪੂ ਨੂੰ ਵੱਡਾ ਕੀਤਾ ਜਾਂਦਾ ਹੈ। ਪ੍ਰੰਤੂ ਇਹ ਕੋਈ ਨੀ ਸੋਚਦਾ ਕਿ ਜਦੋਂ ਅਖਬਾਰਾਂ ਵਿਚ ਬੈਂਕ ਦੇ ਡਿਫਾਲਟਰਾਂ ‘ਚ ਨਾਂਅ ਛਪਦਾ ਹੈ ਜਾਂ ਜਮੀਨ/ਮਕਾਨ/ਦੁਕਾਨ ਦੀ ਕੁਰਕੀ ਦਾ ਨੋਟਿਸ ਛਪਦਾ ਹੈ ਤਾਂ ਉਸ ਵੇਲੇ ਨੱਕ ਉੱਚਾ ਹੁੰਦਾ ਹੈ ਕਿ ਵੱਢਿਆ ਜਾਂਦਾ ਹੈ?
ਇਸ ਸਭ ਕੁਝ ਦੀ ਦੇਖਾ ਦੇਖੀ ਦਰਮਿਆਨੀ ਸ਼੍ਰੇਣੀ ਅਤੇ ਗਰੀਬ ਲੋਕ ਵੀ, ਵੱਡੇ ਦਿਸਣ ਦੀ ਲਾਲਸਾ ਕਾਰਨ, ਵਿੱਤੋਂ ਬਾਹਰੇ ਖਰਚੇ ਕਰਕੇ ਆਪਣਾ ਝੁੱਗਾ ਚੌੜ ਕਰਵਾ ਬੈਠਦੇ ਹਨ। ਇਨ੍ਹਾਂ ਦੇ ਕਰਜ਼ਾਈ ਹੋਣ ਵਿੱਚ , ਇਨ੍ਹਾਂ ਰਸਮਾਂ ਉਪਰ ਹੁੰਦੀ ਫਜੂਲ ਖਰਚੀ ਦਾ ਵੀ ਕੁਝ ਨਾ ਕੁਝ ਹਿੱਸਾ ਹੈ। ਅੱਗੇ ਇਸ ਤੋਂ ਨਿਕਲ ਰਹੇ, ਨਤੀਜਿਆਂ ਨੂੰ ਸਭ ਜਾਣਦੇ, ਸਮਝਦੇ ਹਨ। ਇਨ੍ਹਾਂ ਬੇਲੋੜੀਆਂ, ਫਜੂਲ ਅਤੇ ਖਰਚੀਲੀਆਂ ਰਸਮਾਂ ਦੇ ਮੰਤਕੀ ਨਤੀਜਿਆਂ ਤੋਂ ਪ੍ਰੇਸ਼ਾਨ ਸੂਝਵਾਨ, ਸੁਹਿਰਦ ਲੋਕ-ਸੇਵਕ, ਸਮਾਜ ਸੇਵੀ ਮਹਾਪੁਰਸ਼ਾਂ ਅਤੇ ਪੰਚਾਇਤਾਂ ਨੇ ਇਨ੍ਹਾਂ ਵਿਰੁੱਧ ਸੋਚਣਾ ਅਤੇ ਇਨ੍ਹਾਂ ਦਾ ਅਮਲ ‘ਚ ਵਿਰੋਧ ਕਰਨਾ ਸ਼ੁਰੂ ਕੀਤਾ ਹੈ। ਇਹ ਇੱਕ ਬਹੁਤ ਸ਼ਲਾਘਾਯੋਗ ਕੰਮ ਹੈ। ਜਿਨ੍ਹਾਂ ਵੀ ਲੋਕਾਂ ਨੇ ਪਹਿਲਕਦਮੀ ਕਰਨ ਦਾ ਚੰਗਾ ਉਪਰਾਲਾ ਕੀਤਾ ਹੈ, ਉਹ ਸੱਚ ਮੁੱਚ ਵਧਾਈ ਦੇ ਪਾਤਰ ਹਨ। ਉਹ ਪੰਚਾਇਤਾਂ ਜਿੰਨ੍ਹਾਂ, ਨੇ ਜਨਤਕ ਇਕੱਠ ਕਰਕੇ, ਇਨ੍ਹਾਂ ਲਾਹਨਤਾਂ ਨੂੰ ਨੱਥ ਪਾਉਣ ਦੀ ਸ਼ੁਰੂਆਤ ਕੀਤੀ ਹੈ ਪ੍ਰਸੰਸਾ ਦੇ ਯੋਗ ਹਨ। ਦਾਜ, ਦਹੇਜ ਦਾ ਲੈਣ ਦੇਣ ਬੰਦ ਕਰਨਾ, ਬੋਲੋੜੇ, ਇੱਕਠ ਬੰਦ ਕਰਨੇ ਚੰਗੇ ਫੈਸਲੇ ਹਨ। ਸਬਜ਼ੀਆਂ, ਦਾਲਾਂ ਆਪ ਉਗਾਉਣੀਆਂ, ਉਹ ਵੀ ਰਸਾਇਣਕ ਖਾਦ ਅਤੇ ਕੀਟਨਾਸ਼ਕਾਂ ਤੋਂ ਬਿਨਾਂ ਸਿਹਤ ਲਈ ਜਰੂਰੀ ਹੋ ਗਿਆ ਹੈ। ਇਸ ਦੇ ਨਾਲ-ਨਾਲ ਸ਼ਰਾਬ ਸਮੇਤ ਨਸ਼ਿਆਂ ਉਪਰ ਵੀ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਇਹ ਫੈਸਲੇ ਸਮਾਜ ਲਈ ਲੰਬੀ ਔੜ ਤੋਂ ਬਾਅਦ ਪਏ ਮੀਂਹ ਵਾਂਗ ਠੰਡਕ ਪਹੁੰਚਾ ਰਹੇ ਹਨ। ਸਮਾਜ ਦੇ ਹਰ ਸੂਝਵਾਨ ਵਿਅਕਤੀ, ਸੰਸਥਾ ਅਤੇ ਜਨਤਕ ਜਥੇਬੰਦੀ ਦਾ ਫਰਜ ਬਣਦਾ ਹੈ ਕਿ ਇਸ ਲਹਿਰ ਨੂੰ ਮੰਜ਼ਿਲ ਤੱਕ ਪਹੁੰਚਾਉਣ ਵਿਚ ਬਣਦਾ ਯੋਗਦਾਨ ਪਾਵੇ। ਆਓ, ਸਾਰੇ ਮਿਲਕੇ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਈਏ ਅਤੇ ਭੈੜੀਆ ਰਸਮਾਂ, ਰਿਵਾਜਾਂ, ਕੁਰੀਤੀਆਂ, ਨਸ਼ਿਆਂ ਤੋਂ ਰਹਿਤ ਖੁਸ਼ੀਆਂ ਖੇੜਿਆਂ ਭਰਿਆ ਸਮਾਜ ਬਣਾਈਏ।
– ਛੱਜੂ ਰਾਮ ਰਿਸ਼ੀ