Now Reading
ਰਾਸ਼ਟਰਵਾਦ ਬਨਾਮ ਅੰਧਰਾਸ਼ਟਰਵਾਦ

ਰਾਸ਼ਟਰਵਾਦ ਬਨਾਮ ਅੰਧਰਾਸ਼ਟਰਵਾਦ

ਮਹੀਪਾਲ
ਸਾਡਾ ਪ੍ਰਾਚੀਨ ਅਤੇ ਵਿਸ਼ਾਲ ਦੇਸ਼ ਭਾਰਤ, ਬੇਸ਼ਕੀਮਤੀ ਕੁਦਰਤੀ ਸੰਸਾਧਨਾਂ ਦਾ ਅਮੁੱਕ ਭੰਡਾਰ ਹੈ । ਮੌਸਮੀ ਅਤੇ ਫਸਲੀ ਵਿਭਿੰਨਤਾ ਇਸ ਖੂਬਸੂਰਤੀ ਨੂੰ ਅੱਗੋਂ ਹੋਰ ਚਾਰ ਚੰਨ ਲਾਉਂਦੀਆਂ ਹਨ । ਪਰ ਇਸ ਸਾਰੇ ਕੁੱਝ ਤੋਂ ਵੀ ਵੱਧ ਕੇ ਇਸ ਦੀ ਮਹਾਨਤਾ ਦਾ ਸੋਮਾ ਹੈ ਇੱਥੋਂ ਦੀ ਅਨੇਕਾਂ ਵਿਭਿੰਨਤਾਵਾਂ ਭਰਪੂਰ ਵਸੋਂ। ਇਹ ਵਿਭਿੰਨਤਾਵਾਂ ਵੱਖੋ-ਵੱਖਰੇ ਧਾਰਮਿਕ ਅਕੀਦਿਆਂ, ਭਾਸ਼ਾਈ ਵਖਰੇਵੇਂ, ਬਹੁਰੰਗੇ ਸਭਿਆਚਾਰ ਅਤੇ ਰਸਮਾਂ ਰਿਵਾਜਾਂ ਆਦਿ ‘ਤੇ ਆਧਾਰਿਤ ਹਨ । ਕੌਮੀਅਤਾਂ ਦਾ ਵੱਖਰਾਪਨ ਇਸ ਤੋਂ ਵੀ ਅਗਾਂਹ ਹੈ । ਇਕ ਪਾਸੇ ਮੱਧ ਏਸ਼ੀਆ ਅਤੇ ਯੂਰੋਪ ਤੋਂ ਆਏ ਆਰੀਅਨ ਹਨ, ਨਾਲ ਹੀ ਅਨੇਕਾਂ ਆਦਿਵਾਸੀ ਸਮੂਹ ਹਨ ਜੋ ਅੱਗੋਂ ਅਣਗਿਣਤ ਉਪ ਸਮੂਹਾਂ ‘ਚ ਵੰਡੇ ਹੋਏ ਹਨ । ਇੱਕ -ਇੱਕ ਭਾਸ਼ਾ ਦੇ ਅਧੀਨ ਕਈ ਕਈ ਉਪ ਭਾਸ਼ਾਵਾਂ ਹਨ । ਪੰਜਾਬੀ ਦੀ ਇਕ ਕਹਾਵਤ ਹੈ ਕਿ ਇਥੇ ਹਰ ਪੰਜ ਕੋਹ ‘ਤੇ ਬੋਲੀ ਬਦਲ ਜਾਂਦੀ ਹੈ । ਜੇ ਸੰਖੇਪ ਸ਼ਬਦਾਂ ‘ਚ ਸਪਸ਼ਟ ਕਹਿਣਾ ਹੋਵੇ ਤਾਂ ਬੇਝਿਜਕ ਕਿਹਾ ਜਾ ਸਕਦਾ ਹੈ ਕਿ ਭਾਰਤ, ‘ਵੱਖੋ ਵੱਖਰੇ ਧਰਮਾਂ ਨੂੰ ਮੰਨਣ ਵਾਲੇ,  ਅਨੇਕਾਂ ਭਾਸ਼ਾਵਾਂ ਬੋਲਣ ਵਾਲੇ, ਬਦਲਵੀਆਂ ਰੀਤ – ਰਿਵਾਜਾਂ ਤੇ ਸਭਿਆਚਾਰਕ ਮੁਹਾਂਦਰਿਆਂ ਵਾਲੇ ਅਨੇਕਾਂ ਕੌਮੀਅਤਾਂ ‘ਚ ਵੰਡੇ, ਵਸੋਂ ਦੇ ਅਣਗਿਣਤ ਉਪਸਮੂਹਾਂ ਦਾ ਵਿਸ਼ਾਲ ਸਮੂਹ ਹੈ । ਉਪਰੋਕਤ ਨਸਲੀ, ਧਾਰਮਿਕ,  ਭਾਸ਼ਾਈ,  ਸਭਿਆਚਾਰਕ,  ਪਛਾਣਮੂਲਕ ਵਿਭਿੰਨਤਾਵਾਂ ਦੀ ਹੋਂਦ ਦੇ ਬਾਵਜੂਦ ਇਕਜੁੱਟ ਰਹਿਣਾ ਨਾ ਕੇਵਲ ਭਾਰਤ ਦੀ ਮਹਾਨਤਾ ਦਾ ਲੱਛਣ ਹੈ ਬਲਕਿ ਇਸ ਦੀ ਹੋਂਦ ਦਾ ਪ੍ਰਮੁੱਖ ਆਧਾਰ ਸਤੰਭ ਵੀ ਹੈ । ਜੇ ਉਪਰੋਕਤ ਵਿਭਿੰਨਤਾਵਾਂ ਜਾਂ ਜੀਵਨ ਜਾਚ ਨੂੰ ਮਤਭੇਦਾਂ ਅਤੇ ਅਲਹਿਦਗੀ ਦਾ ਸੰਦ ਬਣਾ ਲਿਆ ਜਾਵੇ ਤਾਂ ਭਾਰਤ ਦੀ ਇਕਜੁੱਟ ਹੋਂਦ ਕਿਸੇ ਹੀਲੇ ਕਾਇਮ ਨਹੀਂ ਰਹਿਣੀ ।
ਕਈ ਸਦੀਆਂ ਤੋਂ ਚੱਲੀ ਆ ਰਹੀ ਇਹ ਵਿਭਿੰਨਤਾ ਰਜਵਾੜਾਸ਼ਾਹੀ ਦੇ ਦੌਰ ਵਿੱਚ ਵੀ ਕਾਇਮ ਰਹੀ। ਵਿਦੇਸ਼ਾਂ ਤੋਂ ਆ ਕੇ ਭਾਰਤ ‘ਤੇ ਰਾਜ ਕਰਨ ਅਤੇ ਸਦਾ ਲਈ ਇੱਥੇ ਹੀ ਵਸ ਜਾਣ ਵਾਲੇ ਮੁਗਲਾਂ ਨੇ ਵੀ ਇਸ ਵਿਭਿੰਨਤਾ ਨਾਲ ਛੇੜਛਾੜ ਕਰਨ ਦੀ ਬਜਾਇ ਇਸ ਦੀ ਹੋਂਦ ਨੂੰ ਕਬੂਲ ਕੀਤਾ । ਏਥੋਂ ਤੱਕ ਕਿ ਪੂੰਜੀਵਾਦੀ ਪਰਸ਼ਾਸਕੀ ਪਰਣਾਲੀ ਤਹਿਤ ਰਾਜ ਭਾਗ ਚਲਾਉਣ ਵਾਲੇ ਬਸਤੀਵਾਦੀ ਅੰਗਰੇਜ਼ ਹਾਕਮਾਂ ਨੇ ਵੀ ਇਸ ਵਿਭਿੰਨਤਾ ਨੂੰ ਕਾਇਮ ਰੱਖਿਆ । ਹਾਲਾਂਕਿ ਅੰਗਰੇਜ਼ ਹੁਕਮਰਾਨ ਇਸ ਵਿਭਿੰਨਤਾਵਾਂ ਭਰਪੂਰ ਜੀਵਨ ਸ਼ੈਲੀ ਨੂੰ ਆਪਣੇ ਬਸਤੀਵਾਦੀ ਰਾਜ ਦੀ ਉਮਰ ਲੰਮੀ ਤੋਂ ਲੰਮੇਰੀ ਕਰਨ ਦਾ ਜਰੀਆ ਸਮਝਦੇ ਸਨ ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਾ ਪਿਆ । ਬਸਤੀਵਾਦੀ ਧਾੜਵੀਆਂ ਦੇ ਅਣਮਨੁੱਖੀ ਜ਼ੁਲਮ,  ਘੋਰ ਨਸਲੀ ਵਿਤਕਰੇ ਅਤੇ ਬੇਕਿਰਕ ਆਰਥਕ ਲੁੱਟ ਦੇ ਖਾਤਮੇ ਦੀਆਂ ਮਾਨਵੀ ਭਾਵਨਾਵਾਂ ‘ਤੇ ਆਧਾਰਤ ਸੁਤੰਤਰਤਾ ਸੰਗਰਾਮ ਨੇ ਉਪਰੋਕਤ ਵਿਭਿੰਨਤਾਵਾਂ ਦੇ ਬਾਵਜੂਦ ਲੋਕਾਂ ਦੀ ਸਿੱਕੇਬੰਦ ਏਕਤਾ ਦੀ ਉਸਾਰੀ ਕਰਨ ‘ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ । ਅੱਜ ਜਿਸ ‘ਅਨੇਕਤਾ ‘ਚ ਏਕਤਾ’  ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਸਹੀ ਅਰਥਾਂ ਵਿੱਚ ਇਹ ਮਾਣਮੱਤੀ ਏਕਤਾ ਲਹੂ ਵੀਟਵੇਂ ਆਜ਼ਾਦੀ ਸੰਗਰਾਮ ਦੀ ਹੀ ਉਪਜ ਹੈ । ਅੰਗਰੇਜ਼ੀ ਹੁਕੂਮਤ ਨੇ ਇਕ ਪਾਸੇ ਇਸ ਸ਼ਾਨਾਮੱਤੇ ਸੰਗਰਾਮ ਨੂੰ ਹਰ ਕਿਸਮ ਦੇ ਜਾਬਰ ਕਦਮਾਂ ਰਾਹੀਂ ਦਬਾਉਣ ਦਾ ਹਰ ਸੰਭਵ ਉਪਰਾਲਾ ਕੀਤਾ, ਉੱਥੇ ਨਾਲੋ ਨਾਲ ਵੇਲੇ ਦੀਆਂ ਪਿਛਾਖੜੀ ਸ਼ਕਤੀਆਂ ਦੀ ਮਦਦ ਨਾਲ ਇਸ ਬੇਸ਼ਕੀਮਤੀ ਏਕਤਾ ਨੂੰ ਲੀਰੋ ਲੀਰ ਕਰਨ ਲਈ ਵੀ ਬਥੇਰੇ ਹੱਲੇ ਕੀਤੇ ।
ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਮੁਸਲਿਮ ਲੀਗ ਜਿਹੇ ਸਾਮਰਾਜੀ ਹੱਥਠੋਕਾ ਸੰਗਠਨਾਂ ਦੀ ਕਾਇਮੀ ਬਰਤਾਨਵੀ ਸਰਕਾਰ ਦੇ ਉਕਤ ਸਾਜ਼ਿਸ਼ੀ ਹੱਲਿਆਂ ਦੀਆਂ ਕੋਝੀਆਂ ਮਿਸਾਲਾਂ ਹਨ । ਪਰ ਸਭ ਯਤਨਾਂ ਦੇ ਬਾਵਜੂਦ ਆਜ਼ਾਦੀ ਸੰਗਰਾਮ ਦੀ ਕਾਂਗ ਚੜ੍ਹਦੀ ਗਈ ਅਤੇ ਅਖੀਰ ਬਦੇਸ਼ੀ ਹੁਕਮਰਾਨਾਂ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਇਹ ਹੈ ਰਾਸ਼ਟਰਵਾਦ। ਹਕੀਕੀ ਰਾਸ਼ਟਰਵਾਦ। ਦੇਸ਼ ਭਗਤੀ ਨੂੰ ਰੂਪਮਾਨ ਕਰਦਾ ਰਾਸ਼ਟਰਵਾਦ। ਬਦੇਸ਼ੀ ਹਾਕਮਾਂ ਦੀ ਚੌਤਰਫਾ ਲੁੱਟ ਅਤੇ ਦਾਬੇ ਦੇ ਖਾਤਮੇ ਦੀ ਜਾਮਣੀ ਕਰਦਾ ਰਾਸ਼ਟਰਵਾਦ । ਹਰ ਧਰਮ ਨੂੰ ਮੰਨਣ ਵਾਲੇ, ਕੋਈ ਵੀ ਭਾਸ਼ਾ ਬੋਲਣ ਵਾਲੇ, ਕਿਸੇ ਵੀ ਭੂਗੋਲਕ ਖਿੱਤੇ ਦੇ ਵਸਨੀਕ, ਕਿਸੇ ਵੀ ਕੌਮੀਅਤ ਨਾਲ ਸਬੰਧਤ ਰੱਖਣ ਵਾਲੇ ਸਾਰੇ ਲੋਕਾਂ ਦੇ ਅਮਨ ਅਮਾਨ ਨਾਲ ਰਹਿਣ ਅਤੇ ਸਮਾਨ ਵਿਕਾਸ ਦੇ ਮੌਕੇ ਪੈਦਾ ਕਰਨ ਵਾਲਾ ਮਾਹੌਲ ਸਿਰਜਣ ਦੀ ਜਾਮਨੀ ਕਰਦੀ ਲਹਿਰ ਹੀ ਸਹੀ ਅਰਥਾਂ ਵਿੱਚ ਰਾਸ਼ਟਰਵਾਦ ਕਹਾਉਣ ਦੀ ਹੱਕਦਾਰ ਹੈ। ਐਪਰ ਅੰਧਰਾਸ਼ਟਰਵਾਦ ਇਸ ਦੇ ਠੀਕ ਵਿਪਰੀਤ ਖਾਸੇ ਵਾਲਾ ਅਤੇ ਉਲਟਪਰਭਾਵੀ ਨਤੀਜੇ ਦੇਣ ਵਾਲਾ ਹੁੰਦਾ ਹੈ ।
ਇਹ ਵੀ ਸਿਰੇ ਦਾ ਤਕਲੀਫ਼ਦੇਹ ਤੱਥ ਹੈ ਕਿ ਜਾਂਦੇ-ਜਾਂਦੇ ਬਸਤੀਵਾਦੀ ਬਰਤਾਨਵੀ ਹਾਕਮ ਦੇਸ਼ ਵਾਸੀਆਂ ਨੂੰ ਨਿਰੋਲ ਫਿਰਕੂ ਆਧਾਰ ‘ਤੇ ਕੀਤੀ ਗਈ ਦੇਸ਼ ਵੰਡ ਦੇ ਰੂਪ ਵਿੱਚ ਨਾਸੂਰ ਵਾਂਗ ਰਿਸਦਾ ਇੱਕ ਸਦੀਵੀਂ ਜਖ਼ਮ ਦੇ ਗਏ ਸਨ । ਇਹ ਵੀ ਇਕ ਸਦੀਵੀਂ ਸੱਚ ਹੈ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਭਾਰਤ ਦੇ ਰਾਜ ਭਾਗ ਤੇ ਕਾਬਜ਼ ਹੋਣ ਵਾਲੇ ਭਾਰਤੀ ਹੁਕਮਰਾਨਾਂ ਦੇ ਰਾਜਨੀਤਕ ਨੁਮਾਇੰਦਿਆਂ ਦੀ ਸਹਿਮਤੀ ਵੀ ਇਸ ਦੁਖਦਾਈ ਦੇਸ਼ ਵੰਡ ਲਈ ਬਰਾਬਰ ਦੀ ਜਿੰਮੇਵਾਰ ਹੈ । ਇਹ ਦੇਸ਼ ਵੰਡ ਲੋਕਾਂ ਦਾ ਕੋਈ ਸਹਿਜ ਪਰਵਾਸ ਨਹੀਂ ਸੀ । ਇਸ ਦੇਸ਼ ਵੰਡ ਨੇ ਰਾਤੋ-ਰਾਤ ਖਿੱਚੀ ਗਈ ਵੰਡ ਦੀ ਲਕੀਰ ਦੇ ਦੋਹੀਂ ਪਾਸੀਂ ਬੇਗੁਨਾਹਾਂ ਦੇ ਭਿਆਨਕ ਕਤਲੇਆਮ ਨੂੰ ਜਨਮ ਦਿੱਤਾ । ਲੋਕਾਂ ਨੂੰ ਆਪਣੀ ਜੰਮਣ ਭੌਂ, ਖੇਤੀ ਯੋਗ ਜ਼ਮੀਨ ਅਤੇ ਚਲਦੇ ਕਾਰੋਬਾਰ ਛੱਡ ਕੇ ਜਾਨ ਬਚਾ ਕੇ ਭੱਜਣ ਲਈ ਮਜਬੂਰ ਹੋਣਾ ਪਿਆ । ਮਾਸੂਮ ਬਾਲਾਂ ਨੂੰ  ਬੇਰਹਿਮੀ ਨਾਲ ਕਤਲ ਕੀਤਾ ਗਿਆ । ਧੀਆਂ ਭੈਣਾਂ ਦੀਆਂ ਇੱਜਤਾਂ  ਖੁਆਰ ਕਰਨ ਪਿੱਛੋਂ ਕੋਹ-ਕੋਹ ਕੇ ਮਾਰਿਆ ਗਿਆ । ਅਨੇਕਾਂ ਧੀਆਂ ਨੇ ਇਸ ਵਹਿਸ਼ੀ ਜਬਰ ਤੋਂ ਬਚਣ ਲਈ ਸਵੈਘਾਤ ਕਰ ਲਏ। ਮਨੁੱਖਾਂ ਨੇ  ਵਹਿਸ਼ੀ ਦਰਿੰਦਿਆਂ ਦਾ ਰੂਪ ਧਾਰ ਲਿਆ । ਦੋਹਾਂ ਦੇਸ਼ਾਂ,  ਭਾਰਤ ਅਤੇ ਪਾਕਿਸਤਾਨ ‘ਚੋਂ ਪਰਵਾਸ ਕਰਨ ਵਾਲੀ ਹਿੰਦੂ ਅਤੇ ਮੁਸਲਮਾਨ ਵਸੋਂ ਦਾ ਇਕ ਵਿਸ਼ਾਲ ਭਾਗ ਆਪਣੇ ਤੋਂ ਵਿਪਰੀਤ ਧਰਮ ਨੂੰ ਮੰਨਣ ਵਾਲਿਆਂ ਪ੍ਰਤੀ ਸਥਾਈ ਵੈਰ ਭਾਵਨਾ ਦਾ ਸ਼ਿਕਾਰ ਬਣ ਗਿਆ।  ਉਪਰੋਕਤ ਖੌਫਨਾਕ ਵਰਤਾਰੇ ਨੂੰ ਜਨਮ ਦੇਣ ਵਾਲੀਆਂ ਸੋਚਾਂ ਅੰਧਰਾਸ਼ਟਰਵਾਦ ਰੂਪੀ ਲਾਹਣਤੀ ਵਰਤਾਰੇ ਦੀ ਪੈਦਾਇਸ਼ ਹਨ । ਕਿੰਨਾ ਫਰਕ ਹੈ ਹਕੀਕੀ ਰਾਸ਼ਟਰਵਾਦ ਅਤੇ ਅੰਧਰਾਸ਼ਟਰਵਾਦ ਦਰਮਿਆਨ!
ਬਸਤੀਵਾਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਉਪਰੰਤ ਦੋਹਾਂ ਦੇਸ਼ਾਂ ਵਿਚਲੇ ਕੱਟੜਪੰਥੀ ਤੱਤਾਂ ਨੇ ਉਪਰੋਕਤ ਮਾਹੌਲ ਦਾ ਲਾਹਾ ਲੈਂਦਿਆਂ ਭੋਲੇ-ਭਾਲੇ ਲੋਕਾਂ ਦੇ ਦਿਲ ਦਿਮਾਗਾਂ ਅੰਦਰ ਫਿਰਕਾਪ੍ਰਸਤੀ ਦਾ ਬਾਰੂਦ ਭਰਨ ਲਈ ਪੂਰਾ ਟਿੱਲ ਲਾਇਆ ਅਤੇ ਅੱਜ ਵੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ । ਇਹ ਜਹਿਰ ਫੈਲਾਉਣ ਵਾਲੇ ਲੋਕ ਅੰਧਰਾਸ਼ਟਰਵਾਦੀਆਂ ਦੀ ਸ਼ਰੇਣੀ ‘ਚ ਆਉਂਦੇ ਹਨ। ਮਾਨਵਤਾ ਦਾ ਕਲਿਆਣ ਲੋਚਦੀ ਕੌਮਪਰਸਤੀ ਜਾਂ ਰਾਸ਼ਟਰਵਾਦ ਨਾਲ ਅੰਧਰਾਸ਼ਟਰਵਾਦੀ ਸੋਚ ਦਾ ਦੂਰ-ਦੂਰ ਤੱਕ ਵੀ ਕੁੱਝ ਲੈਣਾ ਦੇਣਾ ਨਹੀਂ । ਹਕੀਕੀ ਰਾਸ਼ਟਰਵਾਦੀ ਬਦੇਸ਼ੀ ਲੋਟੂਆਂ ਭਾਵ ਬਸਤੀਵਾਦੀ ਜਾਂ ਨਵਬਸਤੀਵਾਦੀ ਹਾਕਮਾਂ ਦੀ ਹਰ ਕਿਸਮ ਦੀ ਲੁੱਟ ਅਤੇ ਦਖਲਅੰਦਾਜ਼ੀ ਦਾ ਖਾਤਮਾ ਲੋਚਦੇ ਹਨ ਜਦਕਿ ਅੰਧਰਾਸ਼ਟਰਵਾਦੀ ਬਦੇਸ਼ੀ ਲੋਟੂਆਂ ਭਾਵ ਬਸਤੀਵਾਦੀ ਜਾਂ ਨਵਬਸਤੀਵਾਦ ਹਾਕਮਾਂ ਦੇ ਤਲਵੇ ਚੱਟਣ ਤੱਕ ਜਾਂਦੇ ਹਨ । ਰਾਸ਼ਟਰਵਾਦੀ ਪ੍ਰਗਤੀ ਹਾਮੀ ਅਤੇ ਵਿਗਿਆਨਕ ਵਿਚਾਰਾਂ ਦੇ ਮੁਦਈ ਹੁੰਦੇ ਹਨ ਜਦਕਿ ਅੰਧਰਾਸ਼ਟਰਵਾਦੀ ਪਿਛਾਖੜੀ ਵਿਚਾਰ ਚੌਖਟੇ ਦੇ ਪੋਸ਼ਕ ਤੇ ਹਿਮਾਇਤੀ ਹੁੰਦੇ ਹਨ ।
‘ਅਨੇਕਤਾ ਵਿਚ ਏਕਤਾ’ ‘ਤੇ ਵਧੇ ਹਮਲੇ
ਇਹ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਸੁਤੰਤਰਤਾ ਸੰਗਰਾਮ ਦੌਰਾਨ ਕਾਇਮ ਹੋਈ ਅਤੇ ਵਧੀ ਫੁੱਲੀ ‘ਅਨੇਕਤਾ ‘ਚ ਏਕਤਾ’ ਰੂਪੀ ਸੋਚ ਭਾਵ ਹਕੀਕੀ ਕੌਮਪਰਸਤੀ ਨੂੰ ਭਾਰਤੀ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਨੁਮਾਇੰਦੇ ਰਾਜਸੀ ਤਾਣੇ-ਬਾਣੇ ਨੇ ਇਕ ਨਾਹਰੇ ਜਾਂ ਜੁਮਲੇ ਤੋਂ ਵਧ ਕੇ ਕੁੱਝ ਨਹੀਂ ਸਮਝਿਆ । ਲੋਕਾਂ ਦੀਆਂ ਸਰਵਪੱਖੀ ਵਿਕਾਸ ਦੀਆਂ ਆਸਾਂ ਉਮੰਗਾਂ ਦੀ ਪੂਰਤੀ ਦੇ ਸੁਹਿਰਦ ਯਤਨ ਕਰਨ  ਦੀ ਥਾਂ ਮੁੱਠੀ ਭਰ ਧਨ ਕੁਬੇਰਾਂ,  ਰਾਜੇ ਰਜਵਾੜਿਆਂ ਦੇ ਘਰ ਭਰਨ ਨੂੰ ਹੀ ਪਹਿਲ ਦਿੱਤੀ ।  ਹਾਕਮ ਜਮਾਤੀ ਰਾਜਸੀ ਆਗੂਆਂ, ਨੌਕਰਸ਼ਾਹਾਂ,  ਕਾਲੇ ਕਾਰੋਬਾਰ ਵਾਲਿਆਂ  ਅਤੇ ਸਮਾਜ ਵਿਰੋਧੀ ਤੱਤਾਂ ਨੇ ਰੱਜ ਕੇ ਚਾਂਦੀ ਕੁੱਟੀ। ਭਾਰਤ ਦੇ ਨਵੇਂ ਹੁਕਮਰਾਨ ਵੱਡੇ ਪੂੰਜੀਪਤੀਆਂ ਨੇ ਦੇਸ਼ ਨੂੰ ਦੋਹੀਂ ਹੱਥੀਂ ਲੁੱਟਣ ਵਾਲੇ ਸਾਮਰਾਜੀਆਂ ਅਤੇ ਇਨ੍ਹਾਂ ਦੇ ਸਭ ਤੋਂ ਵੱਡੇ ਖੈਰ ਖਵਾਹ ਰਜਵਾੜਿਆਂ ਨਾਲ ਸਾਂਝ ਭਿਆਲੀ ਪਾ ਲਈ । ਲੋਕਾਂ ਦੇ ਮਨਾਂ ‘ਚੋਂ ਆਜ਼ਾਦੀ ਦਾ ਚਾਅ ਲੱਥ ਗਿਆ । ਬੇਚੈਨੀ ਪੈਦਾ ਹੋ ਗਈ । ਇਸ ਲੋਕ ਬੇਚੈਨੀ ਨੂੰ ਜਮਹੂਰੀ ਲੀਹਾਂ ‘ਤੇ ਢਾਲ ਕੇ ਲੋਕਾਂ ਨੂੰ ਅਗਵਾਈ ਦਿੰਦਿਆਂ ਸਮਾਜਕ ਤਬਦੀਲੀ ਦੇ ਸੰਘਰਸ਼ ਲਾਮਬੰਦ ਕਰਨ ਵਾਲੀ ਖੱਬੀ ਲਹਿਰ, ਜੋ ਆਜ਼ਾਦੀ ਪ੍ਰਾਪਤੀ ਵੇਲੇ ਚੋਖੀ ਸ਼ਕਤੀਸ਼ਾਲੀ ਸੀ , ਆਪਣੀਆਂ ਗਲਤੀਆਂ ਕਾਰਣ ਕਮਜ਼ੋਰ ਪੈ ਗਈ ਅਤੇ ਆਪਣੀ ਬਣਦੀ ਭੂਮਿਕਾ ਨਾ ਨਿਭਾ ਸਕੀ । ਇਸ ਸਥਿਤੀ ਵਿੱਚ ਅੰਧਰਾਸ਼ਟਰਵਾਦੀ ਸ਼ਕਤੀਆਂ, ਜਿਨ੍ਹਾਂ ਦੀ ਅਗਵਾਈ ਰਾਸ਼ਟਰੀ ਸੋਇਮ ਸੇਵਕ ਸੰਘ ਕਰਦਾ ਹੈ, ਆਪਣੇ ਭਰਮਾਊ ਨਾਹਰਿਆਂ ਰਾਹੀਂ ਲੋਕਾਈ ਨੂੰ ਗੁਮਰਾਹ ਕਰਨ ਵਿੱਚ ਵੱਡੀ ਹੱਦ ਤੱਕ ਕਾਮਯਾਬ ਹੋ ਗਈਆਂ । ਸੰਸਾਰ ਭਰ ‘ਚ ਅੰਧਰਾਸ਼ਟਰਵਾਦੀ ਤੱਤ, ਲੋਕਾਈ ਦੀ ਕੰਗਾਲੀ ਅਤੇ ਹੋਰ ਮੁਸੀਬਤਾਂ ਲਈ ਜਿੰਮੇਵਾਰ ਧਨ ਸੰਪਤੀ ਦੀ ਕਾਣੀ ਵੰਡ ਦੀ ਹਮੇਸ਼ਾਂ ਪਰਦਾਪੋਸ਼ੀ ਕਰਦੇ ਹਨ ਅਤੇ ਇੱਕ  ਵਿਸ਼ੇਸ਼ ਫਿਰਕੇ ਦੇ ਲੋਕਾਂ ਦੇ ਮਨਾਂ ‘ਚ ਇਹ ਜਹਿਰ ਭਰਦੇ ਹਨ ਕਿ ਤੁਹਾਡੇ ਤਮਾਮ ਦੁਖਾਂ ਦਰਦਾਂ ਦਾ ਕਾਰਨ ਫਲਾਣੇ ਵਿਰੋਧੀ ਫਿਰਕੇ ਵਾਲੇ ਹਨ। ਠੀਕ ਜਿਵੇਂ  ਸੰਘ-ਭਾਜਪਾ, ਭਾਰਤੀ ਲੋਕਾਂ ਦੀ ਬਦਹਾਲੀ ਲਈ ਜਿੰਮੇਵਾਰ  ਦੇਸੀ-ਬਦੇਸ਼ੀ ਧੱਨਾਢਾਂ ਦੀ ਬੇਰਹਿਮ ਲੁੱਟ ਪ੍ਰਤੀ ਪੂਰੀ ਤਰ੍ਹਾਂ ਚੁੱਪ ਹਨ ਅਤੇ ਵਿਸ਼ਾਲ ਹਿੰਦੂ ਵਸੋਂ ਨੂੰ ਹਰ ਹੀਲੇ ਇਹ ਸਮਝਾਉਣ ‘ਚ ਲੱਗੇ ਹੋਏ ਹਨ ਕਿ ਤੁਹਾਡੀ ਕੰਗਾਲੀ ਲਈ ਮੁਸਲਮਾਨਾਂ ਨੂੰ ਦਿੱਤੀਆਂ ਜਾਂਦੀਆਂ ਵਿਸ਼ੇਸ਼ ਰਿਆਇਤਾਂ ਜਿੰਮੇਵਾਰ ਹਨ । ਜਦਕਿ ਹਕੀਕਤ ‘ਚ ਮੁਸਲਮਾਨ ਵਸੋਂ ਦਾ ਵੱਡਾ ਭਾਗ ਵੀ ਉਵੇਂ ਹੀ ਗਰੀਬੀ ਦੀ ਚੱਕੀ ‘ਚ ਪਿਸ ਰਿਹਾ ਹੈ ਜਿਵੇਂ ਬਹੁਗਿਣਤੀ ਹਿੰਦੂ ਦਿਨ ਕਟੀ ਕਰ ਰਹੇ ਹਨ । ਅੰਧਰਾਸ਼ਟਰਵਾਦੀ ਇੱਕ ਦੇਸ਼-ਇੱਕ ਧਰਮ-ਇੱਕ ਭਾਸ਼ਾ-ਸਮਾਨ ਜੀਵਨਸ਼ੈਲੀ ਦਾ ਨਾਅਰਾ ਦਿੰਦੇ ਹਨ ਜੋ ਕਿ ਭਾਰਤ ਵਰਗੇ ਬਹੁਪਰਤੀ ਵਿਭਿੰਨਤਾਵਾਂ ਵਾਲੇ ਦੇਸ਼ ਵਿੱਚ ਕਿਵੇਂ ਵੀ ਸੰਭਵ ਨਹੀਂ । ਇਥੋਂ ਤਕ ਕਿ ਸਮਾਨ ਪਹਿਰਾਵੇ ਅਤੇ ਸਮਾਨ ਖਾਣ ਪੀਣ ਦੀਆਂ ਆਦਤਾਂ ਤਾਂ ਇੱਕੋ ਧਰਮ ਨੂੰ ਮੰਨਣ ਵਾਲੇ ਲੋਕਾਂ ਨੂੰ ਵੀ ਪਰਵਾਨ ਨਹੀਂ ਹੋ ਸਕਣੀਆਂ । ਸਭ ਤੋਂ ਵਧ ਕਿ ਇਹ ਜੁਮਲਾ ਅਨੇਕਤਾ ‘ਚ ਏਕਤਾ ਦੀ ਨਰੋਈ ਤੇ ਭਵਿੱਖ ਮੁਖੀ ਕੌਮਵਾਦੀ ਸਮਝਦਾਰੀ ਦੇ ਮੁੱਢੋਂ ਹੀ ਵਿਪਰੀਤ ਹੈ ।
ਪੂੰਜੀਵਾਦੀ ਰਾਜ ਪ੍ਰਬੰਧ ਦੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਅਤੇ ਇਸ ਲੁਟੇਰੇ ਰਾਜ ਪ੍ਰਬੰਧ ਦੇ ਖਾਤਮੇ ਦੇ ਸੰਘਰਸ਼ਾਂ ਨੂੰ ਸਾਬੋਤਾਜ ਕਰਨ ਲਈ ਅੰਧਰਾਸ਼ਟਰਵਾਦੀਆਂ ਨੂੰ ਕਾਲਪਨਿਕ ਦੁਸ਼ਮਣਾਂ ਦੀ ਲੋੜ ਹੁੰਦੀ ਹੈ। ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਗਰੀਬ ਇੱਕ ਦੂਜੇ ਦੇ ਦੁਸ਼ਮਣ ਨਹੀਂ ਹੋ ਸਕਦੇ । ਇਨ੍ਹਾਂ ਵੱਖੋ ਵੱਖਰੇ ਧਰਮਾਂ ਨੂੰ ਮੰਨਣ ਵਾਲੇ ਗਰੀਬਾਂ ਨੂੰ ਇਕ ਦੂਜੇ ਦੇ ਵੈਰੀ ਬਨਾਉਣ ਲਈ ਅੰਧਰਾਸ਼ਟਰਵਾਦੀ ਹਮੇਸ਼ਾਂ ਮਰ ਖਪ ਗਏ ਜਾਂ ਅਤੀਤ ਦਾ ਹਿੱਸਾ ਬਣ ਚੁੱਕੇ ਬਦੇਸ਼ੀ ਧਾੜਵੀਆਂ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਧਰਮ ਨੂੰ ਮੰਨਣ ਵਾਲੇ ਘਟ ਗਿਣਤੀ ਨਾਲ ਸਬੰਧਤ ਗਰੀਬ ਲੋਕਾਂ ਖਿਲਾਫ਼ ਫਿਰਕੂ ਕਤਾਰਬੰਦੀ ਕਰਦਿਆਂ ਦੰਗੇ ਕਰਵਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ । ਜਿਵੇਂ ਸੰਘ ਭਾਜਪਾ ਦਿਹਾੜੀਆਂ ਕਰਕੇ ਜੂਨ ਗੁਜਾਰਾ ਕਰਨ ਵਾਲੇ ਭਾਰਤੀ ਮੁਸਲਮਾਨਾਂ ਨੂੰ ਗਜ਼ਨੀ, ਗੌਰੀ ਜਾਂ ਹੋਰਨਾਂ ਧਾੜਵੀਆਂ ਦੇ ਵੰਸ਼ਜ ਦੱਸ ਕੇ ਇਨ੍ਹਾਂ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਹਨ । ਇਸ ਦੇਸ਼ ਵਿਰੋਧੀ, ਮਾਨਵਤਾ ਦੋਖੀ ਸਾਜਿਸ਼  ਨੂੰ ਇਹ ਅੰਧਰਾਸ਼ਟਰਵਾਦੀ ਗੈਂਗ ਹਿੰਦੂ ਗੌਰਵ ਦੀ ਪੁਨਰਸਥਾਪਨਾ ਦਾ ਦੰਭੀ ਨਾਂਅ ਦਿੰਦੇ ਹਨ ।
ਇਸ ਮਕਸਦ ਦੀ ਪੂਰਤੀ ਲਈ ਇਨ੍ਹਾਂ ਧੋਖੇਬਾਜਾਂ ਕੋਲ ਇੱਕ ਹੋਰ ਕਾਰਗਰ ਹਥਿਆਰ ਵੀ ਹੈ। ਉਹ ਹੈ ਗੁਆਂਢੀ ਦੇਸ਼ਾਂ ਖਾਸ ਕਰਕੇ ਪਾਕਿਸਤਾਨ ਨਾਲ ਲਗਾਤਾਰ ਚੱਲਿਆ ਆ ਰਿਹਾ ਖਿਚਾਅ ਦਾ ਮਾਹੌਲ। ਇੱਕ ਤਾਂ ਪਾਕਿਸਤਾਨ ਮੁਸਲਮਾਨ ਬਹੁ ਗਿਣਤੀ ਵਸੋਂ ਵਾਲਾ ਦੇਸ਼ ਹੈ। ਦੂਜਾ,  ਇਹ 1947 ‘ਚ ਭਾਰਤ ਨਾਲੋਂ ਨਿਰੋਲ ਫਿਰਕੂ ਆਧਾਰ ‘ਤੇ ਵੱਖ ਹੋਇਆ ਹੈ ਅਤੇ ਵੱਖ ਹੋਣ ਵੇਲੇ ਬਣੇ ਖਤਰਨਾਕ ਮਾਹੌਲ ਸਦਕਾ ਦੋਹੀਂ ਪਾਸੀਂ ਭਿਆਨਕ ਕਤਲੇਆਮ ਹੋਇਆ ਸੀ। ਤੀਜਾ ਕਾਰਨ ਇਹ ਹੈ ਪਾਕਿਸਤਾਨ ਨਾਲ ਕਈ ਜੰਗਾਂ ਵੀ ਹੋ ਚੁੱਕੀਆਂ ਹਨ। ਸਰਹੱਦਾਂ ‘ਤੇ ਹਰ ਵੇਲੇ ਦੀ ਕਸ਼ੀਦਗੀ ਵੀ ਸੰਘੀਆਂ ਨੂੰ ਬਹੁਤ ਸੁਖਾਂਦੀ ਹੈ। ਇਸ ਸਾਰੇ ਪਿਛੋਕੜ ਨੂੰ ਸੰਘੀ ਆਪਣਾ ਵੱਖਵਾਦੀ ਅਜੰਡਾ ਲਾਗੂ ਕਰਨ ਲਈ ਬਹੁਤ ਲਾਹੇਵੰਦਾ ਸਮਝਦੇ ਹਨ। ਇਸ ਲਈ ਇਹ ਪਾਕਿਸਤਾਨ ਅਤੇ ਪਾਕਿਸਤਾਨ ਦੇ ਬਹਾਨੇ ਭਾਰਤੀ ਮੁਸਲਮਾਨਾਂ ਖਿਲਾਫ਼ ਜਹਿਰ ਉਗਲਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ । ਕੀ ਕੌਮਪ੍ਰਸਤ  ਭਾਰਤੀ ਮੁਸਲਮਾਨਾਂ ਨੂੰ ਇਸ ਗੱਲ ਦੀ ਸਜਾ ਦਿੱਤੀ ਜਾ ਰਹੀ ਹੈ ਕਿ ਉਹ 1947 ਦੀ ਖੂਨੀ ਵੰਡ ਵੇਲੇ ਪਾਕਿਸਤਾਨ ਜਾਣ ਦੀ ਥਾਂ ਭਾਰਤ ‘ਚ ਕਿਉਂ ਰਹਿ ਗਏ? ਲੋਕਾਂ ਨੂੰ ਇਹ ਜਚਾਉਣ ਦੇ ਯਤਨ ਕੀਤੇ ਜਾਂਦੇ ਹਨ ਕਿ ਭਾਰਤੀ ਆਵਾਮ ਦੀ ਗਰੀਬੀ, ਬੇਕਾਰੀ, ਇਲਾਜ ਖੁਣੋਂ ਮੌਤਾਂ ਆਦਿ ਹਰ ਦੁਸ਼ਵਾਰੀ ਦਾ ਕਾਰਨ ਪਾਕਿਸਤਾਨ ਦੇ ਲੋਕ ਹਨ। ਜਦਕਿ ਹਰ ਸੂਝਵਾਨ ਵਿਅਕਤੀ ਇਸ ਗੱਲ ਨੂੰ ਸਮਝਦਾ ਹੈ ਕਿ ਸਾਡੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਕਾਰਨ ਸਾਡਾ ਹੀ ਆਰਥਿਕ ਰਾਜਸੀ ਸਿਸਟਮ ਹੈ । ਜੇ ਸਰਹੱਦ ਦੇ ਦੋਹੀਂ ਪਾਸੀਂ  ਕੋਈ ਤਣਾਅ ਜਾਂ ਗੜਬੜ ਹੈ ਵੀ ਤਾਂ ਉਸ ਦੇ ਦੋਸ਼ੀ ਪਾਕਿਸਤਾਨ ਦੇ ਆਮ ਲੋਕ ਨਹੀਂ । ਬਲਕਿ ਉਹ ਤਾਂ ਸਾਡੇ ਵਾਂਗ ਹੀ ਅਮਨ ਦੇ ਚਾਹਵਾਨ ਹਨ । ਠੀਕ ਅਜਿਹਾ ਹੀ ਕੂੜ ਪ੍ਰਚਾਰ ਪਾਕਿਸਤਾਨ ਵਿਚਲੇ ਕੱਟੜਪੰਥੀ ਸਾਡੇ ਲੋਕਾਂ ਵਿਰੁੱਧ ਕਰਦੇ ਹਨ ।
ਇਹ ਧੋਖੇਬਾਜ਼ ਅੰਧਰਾਸ਼ਟਰਵਾਦੀ, ਵਸੋਂ ਦੇ ਵਿਸ਼ਾਲ ਭਾਗ ਨੂੰ ਪ੍ਰਭਾਵਿਤ ਕਰਨ ਲਈ  ਗੱਲਾਂ  ਹਮੇਸ਼ਾਂ ਫਿਰਕੇ ਵਿਸ਼ੇਸ਼ ਦੀ ਬਿਹਤਰੀ ਦੀਆਂ ਕਰਦੇ ਹਨ ਪਰ ਹਿਤ ਰੱਖਿਆ ਸਦਾ ਹੀ ਜਮਾਤ ਵਿਸ਼ੇਸ਼ ਦੀ ਕਰਦੇ ਹਨ । ਜਿਵੇਂ ਸੰਘ ਭਾਜਪਾ ਸਦਾ ਹੀ ‘ਜਨ ਸੰਖਿਆ ਕੇ ਵਿਸ਼ਾਲਤਮ ਭਾਗ ਯਾਨਿ ਕਿ ਹਿੰਦੂ ਹਿਤ ਰਕਸ਼ਕ’ ਹੋਣ ਦਾ ਭਰਮਾਊ ਨਾਅਰਾ ਲਾਉਂਦੇ ਹਨ ਪਰ ਕੰਮ ਹਮੇਸ਼ਾਂ ਉਹ ਕਰਦੇ ਹਨ ਜੋ ਜਮਾਤ ਵਿਸ਼ੇਸ਼ ਯਾਨਿ ਅਡਾਨੀ,  ਅੰਬਾਨੀ ਆਦਿ ਧਨ ਕੁਬੇਰਾਂ ਦੀਆਂ ਜਾਇਦਾਦਾਂ ਤੇ ਧਨ ‘ਚ ਹੋਰ ਵਾਧਾ ਕਰਦੇ ਹੋਣ । ਮੋਦੀ ਦਾ ਪੰਜ ਸਾਲਾਂ ਦਾ ਕਾਰਜਕਾਲ ਇਸ ਤੱਥ ਦਾ ਮੂੰਹੋਂ ਬੋਲਦਾ ਸਬੂਤ ਹੈ । ਪਿਛਲੇ ਪੰਜਾਂ ਸਾਲਾਂ ਵਿੱਚ ਅਮੀਰ ਗਰੀਬ ਦਰਮਿਆਨ ਆਮਦਨ ਦਾ ਪਾੜਾ ਪਿਛਲੇ ਸਾਰੇ ਹੱਦਾਂ ਬੰਨੇ ਪਾਰ ਕਰ ਗਿਆ ਹੈ । ਆਜ਼ਾਦੀ ਪ੍ਰਾਪਤੀ ਬਾਅਦ ਲੋਕਾਂ ਨੂੰ ਸਰਕਾਰ ਵਲੋਂ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇਂ ਸਿੱਖਿਆ, ਸਿਹਤ ਸੇਵਾਵਾਂ,  ਸਸਤੀ ਬਿਜਲੀ, ਪੀਣ ਵਾਲਾ ਰੋਗਾਣੂੰ ਰਹਿਤ ਸਵੱਛ ਪਾਣੀ,  ਆਵਾਜਾਈ ਅਤੇ ਸੰਚਾਰ ਸਹੂਲਤਾਂ,  ਸਮਾਜਿਕ ਸੁਰੱਖਿਆ , ਸਬਸਿਡੀਆਂ, ਰਿਆਇਤਾਂ  ਆਦਿ ਪਿਛਲੀ ਸਦੀ ਦੇ ਨੌਵੇਂ ਦਹਾਕੇ ਤੋਂ ਹੌਲੀ ਹੌਲੀ  ਖੋਹੇ ਜਾ ਰਹੇ ਹਨ । ਇਹ ਸਾਰਾ ਕੁੱਝ ਕੀਤਾ ਜਾ ਰਿਹਾ ਹੈ ਸਾਮਰਾਜੀ ਹਿੱਤਾਂ ਨੂੰ ਪਰਣਾਈਆਂ ਨਵਉਦਾਰਵਾਦੀ ਨੀਤੀਆਂ ਲਾਗੂ ਕਰਕੇ। ਪਹਿਲਾਂ ਇਹ ਕੰਮ ਵਿਸ਼ਵ ਬੈਂਕ ਤੇ ਆਈ ਐਮ ਐਫ ਦਾ ਚਹੇਤਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਸ ਸਾਲ ਕਰਦਾ ਰਿਹਾ । ਸੰਘ ਦੀਆਂ ਮਾਤਮੀ ਧੁੰਨਾਂ ‘ਤੇ ਨ੍ਰਿਤ ਕਰਨ ਵਾਲੀ ਮੋਦੀ ਸਰਕਾਰ ਨੇ ਇਸ ਖੋਹ ਖਿੰਝ ਵਿੱਚ ਲਾਮਿਸਾਲ ਤੇਜੀ ਲਿਆਂਦੀ ਹੈ । ਕਮਾਲ ਦਾ ਦੋਮੂੰਹਾਪਨ ਹੈ! ਗੱਲੀਂ ਬਾਤੀਂ ਸੰਘੀ ਆਪਣੇ ਨਾਲੋਂ ਵੱਡਾ ਦੇਸ਼ ਭਗਤ ਹੋਰ ਕਿਸੇ ਨੂੰ ਨਹੀਂ ਮੰਨਦੇ । ਪਰ ਸਾਮਰਾਜੀ ਨਵਬਸਤੀਵਾਦ ਦੀ ਲੁੱਟ ਤਿੱਖੀ ਤੋਂ ਤਿਖੇਰੀ ਕਰਨ ਲਈ ਪੂਰਾ ਤਾਣ ਲਾਉਂਦੇ ਹਨ । ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਖਰੀ ਕੌਮਪ੍ਰਸਤੀ,  ਜਿਸ ਦਾ ਮੁੱਖ ਆਧਾਰ ਅਨੇਕਤਾ ‘ਚ ਏਕਤਾ ਹੈ, ਅਤੇ ਅੰਧਰਾਸ਼ਟਰਵਾਦ ਜੋ ਲੋਕਾਂ ਦੀ ਏਕਤਾ ਨੂੰ ਮਲੀਆਮੇਟ ਕਰਨ ਲਈ ਹਰ ਹਰਬਾ ਵਰਤਦਾ ਹੈ,  ਦਰਮਿਆਨ ਉਹੀ ਫਰਕ ਹੈ ਜੋ ਸਾਮਰਾਜ ਦਾ ਖਾਤਮਾ ਲੋਚਦੇ ਭਗਤ ਸਿੰਘ ਜਿਹੇ ਯੋਧਿਆਂ ਅਤੇ ਵੀਰ ਸਾਵਰਕਰ ਜਿਹੇ ਸਾਮਰਾਜੀ ਪਿੱਠੂਆਂ ਦਰਮਿਆਨ ਹੈ । ਗਦਰੀ ਬਾਬਿਆਂ ਨੂੰ ਰਾਸ਼ਟਰਵਾਦੀ ਜਾਂ ਕੌਮਪ੍ਰਸਤ ਕਿਹਾ ਜਾਣਾ ਵਾਜਿਬ ਹੈ, ਜਦਕਿ ਲੀਗੀ-ਸੰਘੀ ਆਦਿ ਸਾਮਰਾਜੀ ਹੱਥਠੋਕੇ ਅੰਧਰਾਸ਼ਟਰਵਾਦੀ ਕਹਾਉਣ ਦੇ ਹੱਕਦਾਰ ਹਨ । ਜਲਿਆਂਵਾਲਾ ਬਾਗ ਦਾ ਸ਼ਹੀਦੀ ਸਾਕਾ, ਜਿਸ ਦੀ ਇਸ ਸਾਲ  ਆਪਾਂ  ਸ਼ਤਾਬਦੀ ਮਨਾ ਰਹੇ ਹਾਂ , ਰਾਸ਼ਟਰਵਾਦ ਦੀਆਂ ਸਭ ਤੋਂ ਸ਼ਾਨਦਾਰ ਮਿਸਾਲਾਂ ‘ਚ ਗਿਣੀ ਜਾਂਦੀ ਹੈ । ਪਰ ਸੰਘ ਦੀਆਂ ਸ਼ਾਖਾਵਾਂ ਜਿੱਥੇ ਨੋਜਵਾਨ, ਖਾਸ ਕਰ ਕੱਚੀ ਉਮਰ ਦੇ ਬਾਲਾਂ ਦੇ ਮਨਾਂ ‘ਚ ਇਕ ਵਿਸ਼ੇਸ਼ ਫਿਰਕੇ ਨਾਲ ਸਬੰਧਿਤ ਲੋਕਾਂ ਵਿਰੁੱਧ ਜਹਿਰ ਭਰੀ ਜਾਂਦੀ ਹੈ ਅੰਧਰਾਸ਼ਟਰਵਾਦ ਹੈ , ਸਵਾਲਾਂ ਦਾ ਸਵਾਲ ਇਹ ਹੈ ਕਿ ਇਨ੍ਹਾਂ ਦੇਸ਼ ਧਰੋਹੀਆਂ ਨੂੰ ਬੇਪਰਦ ਕਰਕੇ ਲੋਕਾਂ ਦੀ ਘਿਰਣਾ ਦਾ ਪਾਤਰ ਕਿਵੇਂ ਬਣਾਇਆ ਜਾਵੇ ਜੋ ਕਿ ਇਹ ਦੰਗਾਈ ਅਸਲ ‘ਚ ਹੈਨ । ਇਸ ਤੋਂ ਅਗਲਾ ਸਵਾਲ ਇਹ ਹੈ ਕਿ ਲੋਕਾਂ ਨੂੰ ਮੁੜ ਕੇ ਹਕੀਕੀ ਰਾਸ਼ਟਰਵਾਦੀ ਅੰਦੋਲਨ ਨਾਲ ਜੋੜ ਕੇ ਬਰਾਬਰਤਾ ਅਧਾਰਿਤ ਸਮਾਜ ਦੀ ਉਸਾਰੀ ਦੇ ਸੰਗਰਾਮਾਂ ਵੱਲ ਕਿਵੇਂ ਵਧਿਆ ਜਾਵੇ ? ਇਹ ਕੰਮ ਖੱਬੀਆਂ ਧਿਰਾਂ ਦੇ ਕਰਨ ਦਾ ਹੀ ਹੈ ਕਿਉਂਕਿ ਭਾਰਤੀ ਹੁਕਮਰਾਨਾਂ ਦੇ ਰਾਜਨੀਤਕ ਪ੍ਰਤੀਨਿਧ ਕੇਵਲ ਹਿੰਦ ਦੀ ਭੂਗੋਲਿਕ ਏਕਤਾ ਲੋਚਦੇ ਹਨ ਹਕੀਕੀ ਲੋਕ ਏਕਤਾ ਨਹੀਂ।

Scroll To Top