37 ਸਾਲਾਂ ਦਾ ਤਿੰਨ ਬੱਚਿਆਂ ਦਾ ਬਾਪ ਅਨਿਲ ਪਿਛਲੇ ਦਿਨੀਂ ਦਿੱਲੀ ਦੇ ਇਲਾਕੇ ਛਾਵਣੀ ਵਿਖੇ ਸਿਰਫ ਦੋ ਸੌ ਰੁਪਏ ਕਮਾਉਣ ਲਈ ਸੀਵਰ ਦਾ ਕੁਨੈਕਸ਼ਨ ਕਰਨ ਉਤਰਿਆ ਮੁੜ ਕੇ ਜਿਉਂਦਾ ਬਾਹਰ ਨਹੀਂ ਨਿਕਲਿਆ। ਵੀਹ ਫੁੱਟ ਡੂੰਘੇ ਸੀਵਰ ‘ਚ ਉਤਰਨ ਲੱਗਿਆਂ ਉਸ ਨੇ ਆਪਣੇ ਲੱਕ ਦੁਆਲੇ ਕਮਜ਼ੋਰ ਜਿਹੀ ਰੱਸੀ ਬੰਨ੍ਹੀ ਸੀ ਜੋ ਆਪਣੇ ਖਾਸੇ ਅਨੁਸਾਰ ਮੁਸੀਬਤ ਵੇਲੇ ਧੋਖਾ ਦੇ ਗਈ। ਬਚਾਅ ਲਈ ਅਨਿਲ ਕੋਲ ਇਸ ਮਰੀਅਲ ਰੱਸੀ ਤੋਂ ਇਲਾਵਾ ਹੋਰ ਕੋਈ ਵੀ ”ਸੁਰੱਖਿਆ ਉਪਕਰਨ” ਨਹੀਂ ਸੀ। ਇਸ ਮਾਮਲੇ ‘ਚ 48 ਕਿਸਮ ਦੇ ਸੁਰੱਖਿਆ ਸਾਧਨ ਲੋੜੀਂਦੇ ਹਨ। ਸੀਵਰ ਦੇ ਅੰਦਰ ਉਤਰਨ ਦਾ ਗੋਲ ਰਸਤਾ ਵੀ ਕੇਵਲ 70 ਸੈਂਟੀਮੀਟਰ ਘੇਰੇ ਦਾ ਸੀ, ਜਿਸ ਰਾਹੀਂ ਬਚਾਓ ਕਾਰਜ਼ ਕਰਨੇ ਕਿਵੇਂ ਵੀ ਸੰਭਵ ਨਹੀਂ ਹੋਏ। ਸਤਬੀਰ ਨਾਂ ਦੇ ਜਿਸ ਬੰਦੇ ਨੇ ਉਸ ਨਾਲ 200 ਰੁਪਏ ਬਦਲੇ ਮੌਤ ਸਹੇੜਣ ਦਾ ਸੌਦਾ ਕੀਤਾ ਸੀ ਉਹ ਆਪਣੀ ਤਿੰਨ ਮੰਜਿਲਾਂ ਨਵੀਂ ਬਣੀ ਇਮਾਰਤ ਦਾ ਗੈਰ ਕਾਨੂੰਨੀ ਕੁਨੈਕਸ਼ਨ ਦਿੱਲੀ ਜਲ ਬੋਰਡ ਦੇ ਇਸ ਸੀਵਰੇਜ਼ ਦੀ ਪਾਇਪ ਨਾਲ ਜੁੜਵਾਉਣ ਦਾ ਇੱਛੁਕ ਸੀ। ਕੰਮ ਦੀ ਮਨਾਹੀ ਦਾ ਸਮਾਂ (ਸ਼ਾਮ ਸਾਢੇ ਸੱਤ ਵਜੇ) ਹੋਣ ਕਰਕੇ ਅਤੇ ਜਾਨ ਨੂੰ ਖ਼ਤਰਾ ਦੇਖਦਿਆਂ ਸਤਬੀਰ ਦਾ ਆਪਣਾ ਠੇਕੇਦਾਰ ਇਸ ਕੰਮ ਤੋਂ ਜੁਆਬ ਦੇ ਗਿਆ ਸੀ। ਅਭਾਗੇ ਅਨਿਲ ਦਾ ਇਕ ਬੱਚਾ ਅਜੇ ਪਿਛਲੇ ਦਿਨੀਂ ਹੀ ਮਾਮੂਲੀ ਬਿਮਾਰੀ ਨਾਲ ਇਲਾਜ ਖੁਣੋਂ ਮਰ ਗਿਆ ਸੀ। ਇਸੇ ਕਰਕੇ ਉਹ ਬਾਕੀ ਦੇ ਤਿੰਨਾਂ ਨੂੰ ਬਚਾਉਣ ਲਈ ”ਮੌਤ ਦੇ ਖੂਹ” ‘ਚ ਉਤਰ ਗਿਆ।
ਇਕ ਸਰਕਾਰੀ ਅਧਿਐਨ ਅਨੁਸਾਰ 2017 ਤੋਂ ਲੈ ਕੇ ਹਰ ਪੰਜਵੇਂ ਦਿਨ ਇਸੇ ਤਰ੍ਹਾਂ ਦੀ ਇਕ ਮੌਤ ਸਾਡੇ ਦੇਸ਼ ‘ਚ ਹੋ ਰਹੀ ਹੈ। ਇਸ ਅਧਿਐਨ ‘ਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਦੋ ਦਹਾਕਿਆਂ ‘ਚ ਇਸ ਕਿਸਮ ਦੀਆਂ ਮੌਤਾਂ ਦੀ ਗਿਣਤੀ 1700 ਤੱਕ ਹੈ। ਇਕ ਸਾਲ ‘ਚ ਕਸ਼ਮੀਰ ‘ਚ ਹੋਣ ਵਾਲੀਆਂ ਮੌਤਾਂ ਤੋਂ ਇਹ ਗਿਣਤੀ ਕੁੱਝ ਵਧੇਰੇ ਹੀ ਹੈ, ਪਰ ਇਨ੍ਹਾਂ ਜਵਾਨ-ਜਹਾਨ ਮੌਤਾਂ ਦਾ ਬਣਦਾ ਨੋਟਿਸ ਨਹੀਂ ਲਿਆ ਜਾਂਦਾ। ਪ੍ਰਧਾਨ ਮੰਤਰੀ ਮੋਦੀ ਤੇ ਉਸਦੇ ਚੇਲੇ ਚਾਪਟੇ ਪ੍ਰਤਿਸ਼ਠਾਵਾਨ ਕੌਮਾਂਤਰੀ-ਕੌਮੀ ਮੰਚਾਂ ਤੋਂ ਭਾਰਤ ਦੇ ਵਿਸ਼ਵਗੁਰੂ ਬਣਨ ਦੀਆਂ ਫੁਕਰੀਆਂ ਮਾਰ ਰਹੇ ਹਨ ਪਰ ਇਹ ਮੌਤਾਂ ਉਨ੍ਹਾਂ ਦੀ ਵਾਫ਼ਰਜ਼ੁਬਾਨੀ ਦਾ ਮੂੰਹ ਚਿੜਾਉਂਦੀਆਂ ਹਨ। 2022 ਤੱਕ ਪੁਲਾੜ ‘ਚ 10000 ਰੁਪਏ ਖਰਚ ਕਰਕੇ ਬੰਦਾ ਭੇਜਣ ਦੇ ਦਾਅਵੇ ਕਰਨ ਵਾਲੀ ਹਕੂਮਤ ਨੂੰ ਕਹਿਣਾ ਬਣਦਾ ਹੈ ਕਿ, ”ਪਹਿਲਾਂ ਗਟਰ ‘ਚੋਂ ਮਨੁੱਖ ਤਾਂ ਕੱਢ ਲਵੋ।” ਸਭ ਤੋਂ ਹਿਰਖ਼ ਦੀ ਗੱਲ ਹੈ ਕਿ ਸੀਵਰ ਮੌਤਾਂ (ਅਸਲ ‘ਚ ਕਤਲਾਂ) ਦੇ ਜ਼ਿੰਮੇਵਾਰਾਂ ਨੂੰ ਭਾਰਤ ‘ਚ ਕਦੇ ਵੀ ਸਜ਼ਾ ਨਹੀਂ ਮਿਲੀ। ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਦਾ ਇਨ੍ਹਾਂ ਮੌਤਾਂ ਬਾਰੇ ਬਿਆਨ, ”ਇਹ ਸੂਬਿਆਂ ਨਾਲ ਸਬੰਧਤ ਮਾਮਲਾ ਹੈ।,” ਦੱਸਦਾ ਹੈ ਕਿ ਮੋਦੀ ਹਕੂਮਤ ਅਜਿਹੀਆਂ ਮੌਤਾਂ ਬਾਰੇ ਮੁਕੰਮਲ ਗੈਰ ਸੰਜੀਦਾ ਹੈ। ਹਾਂ ਮੰਤਰੀਆਂ-ਸੰਤਰੀਆਂ ਵਲੋਂ ਪਹਿਲੋਂ ਹੀ ਸਾਫ਼ ਕੀਤੀਆਂ ਥਾਵਾਂ ‘ਤੇ ਝਾੜੂ ਮਾਰਨ ਦੇ ਸਤਹੀ ਨਾਟਕਾਂ ਦੀ ਮਸ਼ਹੂਰੀ ਬਹੁਤ ਕੀਤੀ ਜਾ ਰਹੀ ਹੈ। ਮੋਦੀ ਹਕੂਮਤ ਹਰ ਸਾਲ ਹਜ਼ਾਰਾਂ ਕਰੋੜ ਰੁਪਏ (ਇਸੇ ਸਾਲ 17843 ਕਰੋੜ ਰੁਪਏ) ਸਵੱਛ ਭਾਰਤ ਮਿਸ਼ਨ ‘ਤੇ ਖਰਚਣ ਦਾ ਦਾਅਵਾ ਕਰਦੀ ਨਹੀਂ ਥੱਕਦੀ। ਪੰਜ ਸੌ ਕਰੋੜ ਰੁਪਏ ਤੋਂ ਵਧੇਰੇ ਰਕਮ ਤਾਂ ਕੇਵਲ ਇਸ ਅਖੌਤੀ ਮਿਸ਼ਨ ਦੀ ਇਸ਼ਤਿਹਾਰਬਾਜ਼ੀ ‘ਤੇ ਹੀ ਫੂਕ ਦਿੱਤੀ ਗਈ। ਪਰ ਇਹ ਜਾਨਲੇਵਾ ਵਰਤਾਰਾ ਜੋ ਕਿ ਸਿਰੇ ਦਾ ਅਣਮਨੁੱਖੀ ਅਤੇ ਬੇਇੱਜ਼ਤੀ ਭਰਪੂਰ ਵੀ ਹੈ, ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਦੇਸ਼ ਦੀ ਰਾਜਧਾਨੀ ‘ਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਤਾਂ ਹੋਰ ਵੀ ਸ਼ਰਮਮਿੰਦਗੀ ਦਾ ਵਿਸ਼ਾ ਹੈ। ਇਸ ਤੋਂ ਥੋੜੇ ਦਿਨ ਪਹਿਲਾਂ ਦਿੱਲੀ ‘ਚ ਵਾਪਰੀ ਇਕ ਘਟਨਾ ‘ਚ ਪੰਜ ਅਜਿਹੇ ਮਜ਼ਦੂਰ ਇਕੱਠੇ ਹੀ ਮੌਤ ਦੇ ਮੂੰਹ ਜਾ ਪਏ ਸਨ। ਅਨਿਲ ਦੀ ਪਤਨੀ ਦੇ ਕਹੇ ਸ਼ਬਦ, ”ਮੈਨੂੰ ਅਤੇ ਮੇਰੇ ਬੱਚਿਆਂ ਨੂੰ ਪਾਲਣ ਵਾਲਾ ਨਹੀਂ ਰਿਹਾ ਅਤੇ ਉਸ ਨੂੰ ਜਿਉਣ ਲਈ ਕੰਮ ਵੀ ਇਹੀ ਮਿਲਦਾ ਸੀ”, ਭਾਰਤੀ ਲੋਕਾਂ ਦੀ ਘੋਰ ਗਰੀਬੀ ਅਤੇ ਲਾਹਣਤੀ ਜਾਤੀਪ੍ਰਥਾ ਦੀ ਕਰੂਰਤਾ ਬਿਆਨ ਕਰਦੇ ਹਨ।
– ਮਹੀਪਾਲ