ਜਦੋਂ ਮੈਂ ਸੱਤਵੀਂ ਅੱਠਵੀਂ ਜਮਾਤ ‘ਚ ਪੜ੍ਹਦਾ ਸੀ ਤਾਂ ਭਾਰਤੀ ਵਿਗਿਆਨੀ ਸੀ.ਵੀ. ਰਮਨ ਤੇ ਭਾਰਤੀ ਸਾਹਿਤਕਾਰ ਤੇ ਰਾਸ਼ਟਰੀ ਗੀਤ ਦੇ ਰਚਇਤਾ ਡਾ. ਰਾਬਿੰਦਰ ਨਾਥ ਟੈਗੋਰ ਦੇ ਸੰਸਾਰ ਪੱਧਰ ਦੇ ਮਸ਼ਹੂਰ ਤੇ ਸਭ ਤੋਂ ਵੱਡੇ ਇਨਾਮ ਨਾਲ ਸਨਮਾਨਤ ਬਾਰੇ ਲੇਖ ਪੜ੍ਹੇ ਸਨ। ਉਸ ਇਨਾਮ ਨੂੰ ‘ਨੋਬਲ ਇਨਾਮ’ ਕਿਹਾ ਜਾਂਦਾ ਹੈ। ਫੇਰ ਥੋੜਾ ਵੱਡੇ ਹੋਣ ‘ਤੇ ਪਤਾ ਲੱਗਾ ਕਿ ਇਹ ਇਨਾਮ ਹਰ ਸਾਲ 6 ਅੱਡ-ਅੱਡ ਖੇਤਰਾਂ ‘ਚ ਵਡਮੁੱਲਾ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ। ਇਹ ਖੇਤਰ ਹਨ – (1) ਦਵਾਈਆਂ ਤੇ ਮਨੁੱਖੀ ਸਰੀਰ ਵਿਗਿਆਨ, (2) ਫਿਜਿਕਸ (ਭੌਤਿਕ ਵਿਗਿਆਨ) (3) ਕੈਮਿਸਟਰੀ (ਰਸਾਇਣ ਵਿਗਿਆਨ) (4) ਅਰਥ ਸ਼ਾਸਤਰ (ਇਕਨੋਮਿਕਸ) (5) ਸਾਹਿਤ (ਲਿਟਰੇਚਰ) (6) ਸ਼ਾਂਤੀ ਨੋਬਲ ਪੁਰਸਕਾਰ।
ਮੇਰੀ ਤਰਾਸਦੀ ਦੇਖੋ, ਪੜ੍ਹਨ ਤੇ ਲਗਭਗ 33 ਸਾਲ ਪੜ੍ਹਾਉਣ ਉਪਰੰਤ ਮੋਦੀ ਜੀ ਦੀ ਮਿਹਰਬਾਨੀ ਨਾਲ ਇਹ ਗਿਆਨ ਹੁਣ ਪ੍ਰਾਪਤ ਹੋਇਆ ਹੈ ਕਿ ਉਪਰੋਕਤ 6 ਖੇਤਰਾਂ ਤੋਂ ਬਚਦੇ ਖੇਤਰਾਂ ਜਿਵੇਂ ਇਤਿਹਾਸ ਲਈ ਨੋਬਲ ਇਨਾਮ ਜਾਂ ਨੋਬਲ ਪੁਰਸਕਾਰ ਵਰਗਾ ਇਕ ਹੋਰ ਪੁਰਸਕਾਰ ਹੈ ਜਿਸਨੂੰ ‘ਕਲੂਜ ਪੁਰਸਕਾਰ’ ਕਹਿੰਦੇ ਹਨ ਤੇ ਸਾਨੂੰ ਮਾਣ ਹੈ ਕਿ ਸਾਡੇ ਦੇਸ਼ ਦੀ ਮਹਾਨ ਯੂਨੀਵਰਸਿਟੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ‘ਚ ਦਹਾਕਿਆਂ ਬੱਧੀ ਇਤਿਹਾਸ ਪੜ੍ਹਾਉਣ ਵਾਲੀ ਤੇ ਸਾਰੀ ਦੁਨੀਆਂ ‘ਚ ਆਪਣੀ ਪੜ੍ਹਾਈ ਤੇ ਖੋਜ ਦਾ ਸਿੱਕਾ ਮਨਵਾਉਣ ਵਾਲੀ ਮਹਾਨ ਇਤਿਹਾਸਕਾਰ ਡਾ. ਰੋਮਿਲਾ ਥਾਪਰ ਜੀ ਨੂੰ ਇਹ ਇਨਾਮ (ਪੁਰਸਕਾਰ) 2008 ‘ਚ ਮਿਲਿਆ।
ਫਿਰ ਵੀ ਕੀ ਕੋਈ ਇਹ ਸੋਚ ਸਕਦਾ ਹੈ ਕਿ ਅਜਿਹੀ ਸੰਸਾਰ ਪ੍ਰਸਿੱਧ ਇਤਿਹਾਸਕਾਰ ਨੂੰ ਉਹੀ ਯੂਨੀਵਰਸਿਟੀ, ਜਿੱਥੇ ਉਸਨੇ ਪੜ੍ਹਾਇਆ ਹੋਵੇ, ਖੋਜ ਕੀਤੀ ਹੋਵੇ ਤੇ ਜਿਸਦੇ ਪੜ੍ਹਾਈ ਤੇ ਖੋਜ ਕੰਮਾਂ ਨੂੰ ਮੁੱਖ ਰੱਖ ਕੇ 1991 ਤੋਂ ਜਦੋਂ ਉਹ ਰਿਟਾਇਰ ਹੋਈ ਤਾਂ ਉਸਨੂੰ ਯੂਨੀਵਰਸਿਟੀ ਵਿਚ ਮਾਣ ਵਜੋਂ ਪ੍ਰੋਫੈਸਰ ਅਮੈਰੀਟਸ ਦੇ ਤੌਰ ‘ਤੇ ਆਪਣਾ ਕੰਮ ਉਮਰ ਭਰ ਲਈ ਜਾਰੀ ਰੱਖਣ ਦੀ ਖੁੱਲ੍ਹ ਦਿੱਤੀ ਹੋਵੇ, ਤੋਂ ਇਹ ਅਹੁਦਾ ਖੋਹਣ ਦੀ ਜ਼ੁਅਰਤ ਕਰ ਸਕਦੀ ਹੈ? ਦੁਨੀਆਂ ਭਰ ਦੀਆਂ ਯੂਨੀਵਰਸਿਟੀਆਂ ਵਾਂਗ ਹੀ ਭਾਰਤ ਦੀਆਂ ਯੂਨੀਵਰਸਿਟੀਆਂ ‘ਚ ਅਜਿਹੇ ‘ਪ੍ਰੋਫੈਸਰ ਅਮੈਰੀਟਸ’ ਦੇ ਮਾਣ ਭਰੇ ਅਹੁਦਿਆਂ ਦਾ ਪ੍ਰਬੰਧ ਹੈ। ਅਜਿਹੇ ਮਹਾਨ ਵਿਅਕਤੀਆਂ ਨੂੰ ਕੋਈ ਤਨਖਾਹ ਭੱਤਾ ਨਹੀਂ ਦਿੱਤਾ ਜਾਂਦਾ ਤੇ ਉਹ ਵਿਅਕਤੀ ਆਪਣਾ ਨਾਂਅ ਦੇ ਕੇ ਉਸ ਯੂਨੀਵਰਸਿਟੀ ਦਾ ਮਾਣ ਵਧਾਉਂਦੇ ਹਨ। ਪ੍ਰੰਤੂ 2014 ‘ਚ ਮੋਦੀ ਸਰਕਾਰ ਦੇ ਆਉਣ ਉਪਰੰਤ ਉਸ ਵਲੋਂ ਬਾਕੀ ਯੂਨੀਵਰਸਿਟੀਆਂ ਵਾਂਗ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵੀ ਆਪਣੀ ਹਥਠੋਕਾ ਆਰ.ਐਸ.ਐਸ. ਦੀ ਵਿਚਾਰਧਾਰਾ ਵਾਲਾ ਵਿਅਕਤੀ ਵਾਈਸ ਚਾਂਸਲਰ ਵਜੋਂ ਥੋਪ ਦਿੱਤਾ। ਜੋ ਲਗਾਤਾਰ ਉਸ ਯੂਨੀਵਰਸਿਟੀ ਨੂੰ ਸੰਘ ਪਰਿਵਾਰ ਦੀ ਤੰਗ ਨਜ਼ਰ ਸੋਚ ‘ਚ ਜਕੜਨ ਲਈ ਕਦੇ ਗਰੀਬ ਵਿਦਿਆਰਥੀਆਂ ਦੇ ਵਜੀਫ਼ਿਆਂ ‘ਚ ਕਟੌਤੀ ਕਰਦਾ ਹੈ, ਕਦੇ ਕਨ੍ਹਈਆ ਕੁਮਾਰ ਵਰਗੇ ਜੁਝਾਰੂ ਵਿਦਿਆਰਥੀ ਆਗੂ ਨੂੰ ਝੂਠੇ ਦੇਸ਼ਧ੍ਰੋਹ ਦੇ ਮੁਕੱਦਮੇਂ ‘ਚ ਜੇਲ੍ਹ ਭੇਜਦਾ ਹੈ ਤੇ ਯੂਨੀਵਰਸਿਟੀ ਦੇ ਖੁੱਲ੍ਹੇ ਤੇ ਆਜ਼ਾਦ ਮਾਹੌਲ ਨੂੰ ਆਪਣੇ ਤੰਗ ਨਜ਼ਰ ਵਿਚਾਰਾਂ ‘ਚ ਕੈਦ ਕਰਨ ਦੀ ਅਸਫਲ ਕੋਸ਼ਿਸ਼ ਕਰਦਾ ਹੈ। ਪਰ ਹੁਣ ਆਰ.ਐਸ.ਐਸ. ਦੇ ਕੰਟਰੋਲ ਵਾਲੀ ਯੂਨੀਵਰਸਿਟੀ ਅਥਾਰਟੀ ਨੇ ਆਪਣੇ ਨਵੇਂ ਹੀ ਕਾਨੂੰਨ ਘੜ ਮਾਰੇ ਹਨ। ਇਸ ਨੇ ਕੁੱਲ 21 ਅਮੈਰੀਟਸ ਪ੍ਰੋਫੈਸਰਾਂ ਵਿਚੋਂ 75 ਸਾਲ ਤੋਂ ਵੱਡੀ ਉਮਰ ਦੇ 12 ਅਮੈਰੀਟਸ ਪ੍ਰੋਫੈਸਰਾਂ ਨੂੰ ਨੋਟਿਸ ਭੇਜ ਕੇ ਲਿਖਿਆ ਹੈ ਕਿ ਉਹ ਆਪਣੇ ਕੰਮਾਂ ਸਬੰਧੀ ਬਾਇਓਡਾਟਾ ਦੇਣ ਤਾਂ ਕਿ ਉਨ੍ਹਾਂ ਦੇ ਅਹੁਦੇ ਤੇ ਮੁੜ ਵਿਚਾਰ ਕੀਤੀ ਜਾ ਸਕੇ। ਮੋਦੀ ਸਰਕਾਰ ਤੇ ਆਰ.ਐਸ.ਐਸ. ਦੇ ਇਸ਼ਾਰਿਆਂ ‘ਤੇ ਚੱਲਣ ਵਾਲੀ ਯੂਨੀਵਰਸਿਟੀ ਅਥਾਰਟੀ ਦੀ ਇਸ ਕਾਰਵਾਈ ਦੀ ਜਿੱਥੇ ਜੇ. ਐਨ.ਯੂ. ਟੀਚਰਜ਼ ਐਸੋਸੀਏਸ਼ਨ ਨੇ ਨਿੰਦਾ ਕਰਦਿਆਂ ਕਿਹਾ, ਇਹ ਨੋਟਿਸ ਤੁਰੰਤ ਵਾਪਸ ਲਏ ਜਾਣ ਤੇ ਇਸ ਲਈ ਮੁਆਫ਼ੀ ਮੰਗੀ ਜਾਵੇ। ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਐਸ. ਸਾਈਂਬਾਲਾ ਨੇ ਵੀ ਕਿਹਾ ਕਿ ਸਰਕਾਰ ਖੋਜ ਤੇ ਪੜ੍ਹਾਈ-ਲਿਖਾਈ ਨੂੰ ਮੁਕੰਮਲ ਤੌਰ ‘ਤੇ ਤਬਾਹ ਕਰਨ ‘ਤੇ ਤੁਲੀ ਹੋਈ ਹੈ ਤੇ ਵੀਸੀ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ। ਉਥੇ ਦੇਸ਼ ਭਰ ਦੇ ਬੁੱਧੀਜੀਵੀਆਂ ਨੇ ਵੀ ਵਿਰੋਧ ਕਰਨ ਤੇ ਵੱਖਰੀ ਰਾਏ ਰੱਖਣ ਵਾਲੀਆਂ ਆਵਾਜ਼ਾਂ ਨੂੰ ਬੰਦ ਕਰ ਦੇਣ ਵਰਗੀ ਇਸ ਕਾਰਵਾਈ ਪ੍ਰਤੀ ਗੁੱਸਾ ਪ੍ਰਗਟ ਕੀਤਾ ਹੈ। ਵਿਦੇਸ਼ਾਂ ਵਿਚ ਵੀ ਯੂਨੀਵਰਸਿਟੀ ਅਥਾਰਟੀ ਦੀ ਤੋਏ-ਤੋਏ ਹੋ ਰਹੀ ਹੈ।
ਜਦੋਂ ਡਾ. ਰੋਮਿਲਾ ਥਾਪਰ ਜੀ ਨੂੰ 1991 ‘ਚ ਪ੍ਰੋਫੈਸਰ ਅਮੈਰੀਟਸ ਵਜੋਂ ਮਾਣ ਦਿੱਤਾ ਗਿਆ ਸੀ ਤਾਂ ਉਸ ਪੱਤਰ ‘ਚ ਸਾਫ ਲਿਖਿਆ ਸੀ ਕਿ ਉਨ੍ਹਾਂ ਦਾ ਇਹ ਅਹੁਦਾ ਬਿਨਾਂ ਤਨਖਾਹ ਤੋਂ ਹੈ ਤੇ ਸਾਰੀ ਉਮਰ ਲਈ ਹੈ। ਇਸ ਲਈ ਯੂਨੀਵਰਸਿਟੀ ਅਧਿਕਾਰੀ ਉਨ੍ਹਾਂ ਵਿਅਕਤੀਆਂ ਨੂੰ ਬੇਇੱਜ਼ਤ ਕਰਨਾ ਚਾਹੁੰਦੇ ਹਨ, ਜੋ ਮੌਜੂਦਾ ਅਥਾਰਟੀ ਵਲੋਂ ਕੀਤੀਆਂ ਜਾ ਰਹੀਆਂ ਸਿੱਖਿਆ ਵਿਰੋਧੀ ਤੇ ਗਰੀਬ ਵਿਰੋਧੀ ਤਬਦੀਲੀਆਂ ਦੀ ਅਲੋਚਨਾ ਕਰਦੇ ਹਨ। ਇੱਥੇ ਇਹ ਦੱਸਣਾ ਵੀ ਕੁਥਾਂਹ ਨਹੀਂ ਹੋਵੇਗਾ ਕਿ ਜਦ ਪਿਛਲੇ ਸਾਲ ਦੇਸ਼ ਦੇ ਨਾਮੀ ਗਰਾਮੀ ਬੁੱਧੀਜੀਵੀਆਂ ਉਤੇ ਯੂ.ਏ.ਪੀ.ਏ. (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ) ਤਹਿਤ ਕੇਸ ਦਰਜ ਕੀਤਾ ਗਿਆ ਸੀ ਤਾਂ ਡਾ. ਰੋਮੀਲਾ ਥਾਪਰ ਜੀ ਨੇ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜਾ ਖਟਖਟਾਇਆ ਸੀ।
ਡਾ. ਰੋਮੀਲਾ ਥਾਪਰ ਜੀ ਨੇ ਪੁਰਾਤਨ ਭਾਰਤ ਸੰਬੰਧੀ ਬੜੀ ਠੋਸ ਖੋਜ ਕੀਤੀ ਹੋਈ ਹੈ, ਉਨ੍ਹਾਂ ਦੀਆਂ ਕੁੱਝ ਹੋਰ ਉਪਲੱਬਧੀਆਂ ਹੇਠ ਅਨੁਸਾਰ ਹਨ :
d ਕਿ ਉਨ੍ਹਾਂ ਨੂੰ ਸੰਨ 2004 ਵਿਚ ਅਮਰੀਕੀ ਕਾਂਗਰਸ ਦੀ ਲਾਇਬਰੇਰੀ ਨੇ ਆਪਣਾ ਸਭ ਤੋਂ ਪਹਿਲਾ ਚੇਅਰਪਰਸਨ ਚੁਣਿਆ।
d ਕਿ ਉਨ੍ਹਾਂ ਨੇ ਸੰਨ 1992 ਅਤੇ 2005 ਵਿਚ 2 ਵਾਰ ਪਦਮ ਭੂਸ਼ਨ ਦੇ ਸਨਮਾਨ ਨੂੰ ਠੁਕਰਾਇਆ ਕਿਉਂਕਿ ਇਹ ਉਨ੍ਹਾਂ ਦੇ ਪ੍ਰੋਫੈਸ਼ਨਲ ਕੰਮ ਨਾਲ ਸਬੰਧਤ ਨਹੀਂ ਸੀ।
d 2008 ਵਿਚ ਨੋਬਲ ਇਨਾਮ ਦੇ ਦਰਜ਼ੇ ਵਾਲਾ ਵਕਾਰੀ ਕਲੂਜ ਪ੍ਰਾਈਜ਼ ਪ੍ਰਾਪਤ ਕੀਤਾ।
ਡਾ. ਰੋਮੀਲਾ ਥਾਪਰ ਜੀ ਦੇ ਕੁੱਝ ਮਹੱਤਵਪੂਰਨ ਕਥਨ ਇਹ ਹਨ :
d ”ਭਾਰਤੀ ਸੱਭਿਅਤਾ ਦੀ ਮੂਲ ਸਮਝਦਾਰੀ ਇੱਥੇ ਕਿਸੇ ਸ਼ੈਤਾਨ ਦੀ ਅਣਹੋਂਦ ਵਿਚ ਹੈ।”
d ”ਮਹਾਂਕਾਵਿ ਸਾਹਿਤ ਚਾਹੇ ਇਤਿਹਾਸ ਤਾਂ ਨਹੀਂ ਹੁੰਦਾ ਪ੍ਰੰਤੂ ਭੂਤਕਾਲ ਨੂੰ ਦੇਖਣ ਦਾ ਇਕ ਢੰਗ ਜ਼ਰੂਰ ਹੁੰਦਾ ਹੈ।”
d ”ਕੌਮਾਂ ਦਾ ਨਿਰਮਾਣ ਅੱਡ-ਅੱਡ ਪਛਾਣ ਵਾਲੇ ਮਿਸ਼ਰਣ ਰਾਹੀਂ ਹੀ ਹੋ ਸਕਦਾ ਹੈ।”
d ”ਜਮਹੂਰੀਅਤ (ਲੋਕ ਰਾਜ) ਉਦੋਂ ਹੀ ਖਤਮ ਹੋ ਜਾਂਦਾ ਹੈ, ਜਦੋਂ ਇਹ ਕਿਸੇ ਵੀ ਕਿਸਮ ਦੀਆਂ ਪੱਕੀ ਬਹੁਲਤਾਵਾਦੀ ਪਛਾਣ ਦੀਆਂ ਸਰਕਾਰਾਂ ਦੇ ਰੂਪ ‘ਚ ਹੋਵੇ।”
ਸਾਨੂੰ ਮਾਣ ਹੈ ਕਿ ਡਾ. ਰੋਮੀਲਾ ਥਾਪਰ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਟਕੇ ਵਰਗਾ ਜਵਾਬ ਦੇ ਦਿੱਤਾ ਹੈ ਤੇ ਕਿਹਾ ਹੈ ਕਿ ਸੰਸਾਰ ‘ਚ ਕਿਤੇ ਵੀ ਕਿਸੇ ਨੂੰ ਪ੍ਰੋਫੈਸਰ ਅਮੈਰੀਟਸ ਬਨਾਉਣ ਉਪਰੰਤ ਉਹਦਾ ਪੁਨਰ ਮੁਲਾਂਕਣ ਨਹੀਂ ਕੀਤਾ ਜਾਂਦਾ।
ਯੂਨੀਵਰਸਿਟੀ ਦੀ ਇਸ ਕਾਰਵਾਈ ਦਾ ਸਭ ਤੋਂ ਸਟੀਕ ਜਵਾਬ ਉਘੇ ਮਾਰਕਸਵਾਦੀ ਅਰਥ ਸ਼ਾਸ਼ਤਰੀ ਡਾ. ਪ੍ਰਭਾਤ ਪਟਨਾਇਕ, ਜੋ ਖ਼ੁਦ ਵੀ ਜੇ.ਐਨ.ਯੂ. ਦੇ ਪ੍ਰੋਫੈਸਰ ਅਮੈਰੀਟਸ ਹਨ, ਨੇ ਦਿੱਤਾ ਹੈ। ਉਨ੍ਹਾਂ ਨੇ ਪ੍ਰਸਿੱਧ ਮੈਗਜੀਨ ‘ਇਕਨਾਮਿਕ ਐਂਡ ਪੁਲਿਟੀਕਲ ਵੀਕਲੀ’ ‘ਚ ਛਪੀ ਚਿੱਠੀ ‘ਚ ਕਿਹਾ ਹੈ ਕਿ ”ਪ੍ਰੋਫੈਸਰ ਅਮੈਰੀਟਸ ਸਾਰੀ ਦੁਨੀਆਂ ਸਮੇਤ ਜੇ.ਐਨ.ਯੂ. ਵਲੋਂ ਸਾਰੀ ਉਮਰ ਲਈ ਬਣਾਏ ਜਾਂਦੇ ਹਨ। ਡਾ. ਰੋਮਿਲਾ ਥਾਪਰ ਵਰਗੇ ਲੋਕਾਂ ਨੂੰ ਸਿਰਫ ਇਸ ਕਰਕੇ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਉਹ ਅੱਜ ਦੀ ਰਾਜ ਕਰਦੀ ਪਾਰਟੀ ਦੇ ਆਲੋਚਕ ਹਨ। ਉਨ੍ਹਾਂ ਦਾ ਨਿਸ਼ਾਨਾ ਅਜਿਹੇ ਆਲੋਚਕਾਂ ਨੂੰ ਮੁੱਖ ਰੂਪ ‘ਚ ਨੀਚਾ ਦਿਖਾਉਣਾ ਤੇ ਬੇਇੱਜ਼ਤ ਕਰਨਾ ਹੈ। ਡਾ. ਰੋਮਿਲਾ ਥਾਪਰ ਦੁਨੀਆਂ ਭਰ ਵਿਚ ਮਸ਼ਹੂਰ ਜੇ.ਐਨ.ਯੂ. ਦੇ ਮੋਢੀਆਂ ‘ਚੋਂ ਇਕ ਹਨ, ਜਦਕਿ ਅੱਜ ਦੇ ਯੂਨੀਵਰਸਿਟੀ ਅਧਿਕਾਰੀ ਅਜੇ ਨਵੇਂ ਹੀ ਆਏ ਹਨ ਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਅਸੀਂ ਕਿੰਨੇ ਸਾਰੇ ਪ੍ਰੋਫੈਸਰ ਅਮੈਰੀਟਸ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਵਾਰ-ਵਾਰ ਲਿਖਦੇ ਰਹੇ ਹਾਂ ਕਿ ਉਨ੍ਹਾਂ ਦਾ ਜੇ.ਐਨ.ਯੂ. ਨੂੰ ਚਲਾਉਣ ਦਾ ਤਰੀਕਾ ਠੀਕ ਨਹੀਂ ਹੈ। ਉਚ ਸਿੱਖਿਆ ਦੇ ਸੁਧਾਰ ਦੀ ਗੱਲ ਬਿੱਲਕੁੱਲ ਬੇ-ਮਾਅਨੀ ਹੋਵੇਗੀ ਜੇਕਰ ਕੋਈ ਪਾਟਵੇਂ ਵਿਚਾਰ ਨਾ ਰੱਖ ਸਕੇ ਤੇ ਸਵਾਲ ਨਾ ਉਠਾਏ। ਪ੍ਰੰਤੂ ਜਿਸ ਢੰਗ ਨਾਲ ਯੂਨੀਵਰਸਿਟੀ ਚਲਾਈ ਜਾ ਰਹੀ ਹੈ ਉਸ ਨਾਲ ਤਾਂ ਕਿੰਤੂ ਪ੍ਰੰਤੂ ਦੀ ਸੰਭਾਵਨਾ ਦੀਆਂ ਹੀ ਜੜ੍ਹਾਂ ਵੱਢੀਆਂ ਜਾ ਰਹੀਆਂ ਹਨ। ਡਾ. ਰੋਮਿਲਾ ਥਾਪਰ ਨੇ ਪ੍ਰੋਫੈਸਰ ਅਮੈਰੀਟਸ ਬਣਨ ਤੋਂ ਪਹਿਲਾਂ ਦਹਾਕਿਆਂ ਬੱਧੀ ਜੇ.ਐਨ.ਯੂ. ‘ਚ ਪੜ੍ਹਾਇਆ ਹੈ। ਯੂਨੀਵਰਸਿਟੀ ਅਧਿਕਾਰੀ ਸੋਚਦੇ ਹਨ ਕਿ ਪ੍ਰੋਫੈਸਰ ਅਮੈਰੀਟਸ ਦੀ ਕੋਈ ਪੋਸਟ ਹੋਵੇ, ਜਿਸ ਲਈ ਅਰਜ਼ੀਆਂ ਮੰਗੀਆਂ ਜਾਣ ਤੇ ਕਿਸੇ ਨੂੰ ਸਿਲੈਕਟ ਕਰਿਆ ਜਾਵੇ। ਅਜਿਹਾ ਕੁੱਝ ਵੀ ਨਹੀਂ ਹੁੰਦਾ। ਵਿਅਕਤੀ ਨੂੰ ਉਸਦੇ ਪਿਛਲੇ ਕੰਮ ਦੇ ਆਧਾਰ ‘ਤੇ ਉਮਰ ਭਰ ਲਈ ਇਹ ਅਹੁਦਾ ਬਿਨਾ ਤਨਖਾਹ ਤੋਂ ਦਿੱਤਾ ਜਾਂਦਾ ਹੈ।”
ਡਾ. ਪਟਨਾਇਕ ਹੁਰਾਂ ਇਹ ਵੀ ਲਿਖਿਆ ਕਿ
”ਯੂਨੀਵਰਸਿਟੀ ਦੀ 12 ਜੁਲਾਈ ਦੀ ਚਿੱਠੀ ਤੋਂ ਕੁੱਝ ਦਿਨ ਪਹਿਲਾਂ ਹੀ ਡਾ. ਰੋਮਿਲਾ ਜੀ ਨੂੰ ਅਮਰੀਕਨ ਫਿਲਾਸਫੀਕਲ ਸੁਸਾਇਟੀ ਦੀ ਅਮਰੀਕਾ ਤੋਂ ਚਿੱਠੀ ਮਿਲੀ ਕਿ ਉਨ੍ਹਾਂ ਨੂੰ ਉਹ ਸੁਸਾਇਟੀ ਦੀ ਮੈਂਬਰ ਬਣਾ ਕੇ ਮਾਣ ਮਹਿਸੂਸ ਕਰ ਰਹੇ ਹਨ।” ਯਾਦ ਰਹੇ ਕਿ ਇਹ ਸੁਸਾਇਟੀ ਅਮਰੀਕਾ ਵਿਚ ਵਿਦਵਾਨਾਂ ਦੀ ਸਭ ਤੋਂ ਪੁਰਾਣੀ ਸੁਸਾਇਟੀ ਹੈ ਤੇ ਇਸਦੇ ਮੈਂਬਰਾਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਹੈ ਤੇ ਮੈਂਬਰਾਂ ਨੂੰ ਉਨ੍ਹਾਂ ਦੇ ਬੌਧਿਕ ਕੰਮਾਂ ਦੇ ਆਧਾਰ ‘ਤੇ ਹੀ ਚੁਣਿਆ ਜਾਂਦਾ ਹੈ। ਡਾ. ਪਟਨਾਇਕ ਲਿਖਦੇ ਹਨ ਕਿ ਇਕ ਪਾਸੇ ਇਕ ਪ੍ਰਤਿਭਾਸ਼ਾਲੀ ਭਾਰਤੀ ਵਿਦਵਾਨ ਨੂੰ ਕੋਈ ਵਿਦੇਸ਼ੀ ਵਿਦਵਾਨਾਂ ਦੀ ਸੁਸਾਇਟੀ ਕਿੰਨਾ ਮਾਣ ਦੇ ਰਹੀ ਹੈ ਤੇ ਦੂਜੇ ਪਾਸੇ ਉਹੀ ਯੂਨੀਵਰਸਿਟੀ ਜਿੱਥੇ ਉਨ੍ਹਾਂ ਨੇ ਦਹਾਕਿਆਂ ਬੱਧੀ ਪੜ੍ਹਾਇਆ, ਉਸਨੂੰ ਨੀਚਾ ਦਿਖਾਉਣ ਦੇ ਤੁਲੀ ਹੈ। ਇਸ ਲਈ ਹੀ ਮੋਦੀ ਸਰਕਾਰ ਦੇ ਥਾਪੜਾ ਪ੍ਰਾਪਤ ਯੂਨੀਵਰਸਿਟੀ ਅਧਿਕਾਰੀ ਸਾਰੀ ਦੁਨੀਆਂ ‘ਚ ਆਪਣੀ ਥੂਹ-ਥੂਹ ਕਰਾ ਰਹੇ ਹਨ ਤੇ ਡਾ. ਰੋਮਿਲਾ ਥਾਪਰ ਮਾਣ ਨਾਲ ਸਿਰ ਉਚਾ ਕਰਕੇ ਉਨ੍ਹਾਂ ਨੂੰ ਟਕੇ ਵਰਗਾ ਜਵਾਬ ਦੇ ਚੁੱਕੇ ਹਨ। ਸਿਆਣਿਆਂ ਨੇ ਸੱਚ ਹੀ ਤਾਂ ਕਿਹਾ ਹੈ ਕਿ ਚੰਦ ਤੇ ਥੁੱਕਿਆਂ ਥੁੱਕ ਆਪਣੇ ‘ਤੇ ਹੀ ਡਿੱਗਦਾ ਹੈ।
– ਪ੍ਰੋ. ਜੈਪਾਲ