Now Reading
ਮਹਾਂਮਾਰੀ ’ਚ ਕਾਰਗਰ ਸਾਬਤ ਹੋਈ ਸਮਾਜਵਾਦੀ ਵਿਵਸਥਾ

ਮਹਾਂਮਾਰੀ ’ਚ ਕਾਰਗਰ ਸਾਬਤ ਹੋਈ ਸਮਾਜਵਾਦੀ ਵਿਵਸਥਾ

ਸਰਬਜੀਤ ਗਿੱਲ

ਕਰੋਨਾ ਮਹਾਮਾਰੀ ਦੇ ਦੌਰ ’ਚ ਬਹੁਤ ਸਾਰੇ ਸਵਾਲ ਚਰਚਾ ਦੀ ਮੰਗ ਕਰਦੇ ਹਨ। ਇਨ੍ਹਾਂ ’ਚੋਂ ਇੱਕ ਸਵਾਲ ਇਹ ਵੀ ਹੈ ਕਿ ਕਿਸੇ ਦੇਸ਼ ਦੀਆਂ ਸਿਹਤ ਸੇਵਾਵਾਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ? ਕੀ ਇਹ ਲੋਕਾਂ ਦੀ ਸੁਖ ਸਹੂਲਤ ਵਾਲੀਆਂ ਹੋਣੀਆਂ ਚਾਹੀਦੀਆਂ ਹਨ ਜਾਂ ਮੁਨਾਫ਼ਾ ਮੁਖੀ। ਕੁੱਝ ਵਿਅਕਤੀ ਸਿਹਤ ਬੀਮੇ ’ਤੇ ਵੀ ਜ਼ੋਰ ਦਿੰਦੇ ਹਨ ਅਤੇ ਕੁੱਝ ਇਸ ਨੂੰ ਸਰਕਾਰੀ ਤੰਤਰ ਨਾਲ ਜੋੜ ਕੇ ਵੇਖਦੇ ਹਨ।
ਇਨ੍ਹਾਂ ਦਿਨ੍ਹਾਂ ’ਚ ਬਹੁਤ ਸਾਰੇ ਸਵਾਲ ਤੈਰਦੇ ਦੇਖੇ ਜਾ ਸਕਦੇ ਨੇ, ਜਿਨ੍ਹਾਂ ’ਚ ਕਿਹਾ ਜਾ ਰਿਹਾ ਹੈ ਕਿ ਜਿਹੜੇ ਦੇਸ਼ਾਂ ’ਚ ਬੀਸੀਜੀ ਦਾ ਟੀਕਾ ਬੱਚਿਆਂ ਨੂੰ ਲਗਦਾ ਹੈ, ਉੱਥੇ ਕੋਵਿਡ 19 ਬਿਮਾਰੀ ਦਾ ਅਸਰ ਘੱਟ ਮਿਲ ਰਿਹਾ ਹੈ। ਕੁੱਝ ਕਹਿੰਦੇ ਹਨ ਕਿ ਜਿੱਥੇ ਮਲੇਰੀਆ ਫੈਲਦਾ ਹੈ, ਉੱਥੇ ਵੀ ਬਿਮਾਰੀ ਘੱਟ ਹੈ। ਕੁੱਝ ਮਾਹਿਰ ਹਾਈਡਰੋਔਕਸੀਕਲੋਰੋਕੁਈਨ ਨਾਲ ਇਲਾਜ ਕਰਨ ਦਾ ਦਾਅਵਾ ਕਰਦੇ ਹਨ ਅਤੇ ਕੁੱਝ ਐਂਟੀ ਵਾਇਰਲ ਦਵਾਈਆਂ ਦੇਣ ਅਤੇ ਇਸ ਤਰ੍ਹਾਂ ਹੀ ਸੀਰਮ ਵਿਧੀ ਨਾਲ, ਇਸ ਦੇ ਇਲਾਜ ਦੀ ਗੱਲ ਕਰਦੇ ਹਨ। ਮਜ਼ਬੂਤੀ ਨਾਲ ਪੇਸ਼ ਕਰਨ ਲਈ ਕਿਸੇ ਕੋਲ ਵੀ ਅੰਕੜੇ ਮੌਜੂਦ ਨਹੀਂ ਹਨ ਅਤੇ ਇਸ ਦਾ ਜਵਾਬ ਵੀ ਭਵਿੱਖ ਦੇ ਗਰਭ ’ਚ ਪਿਆ ਹੈ। ਅਜਿਹੀ ਬਿਮਾਰੀ ਪਹਿਲੀ ਵਾਰ ਦੇਖਣ ਵਿਚ ਆਈ ਹੈ, ਜਿਸ ਦੇ ਸਹੀ ਇਲਾਜ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਐਲੋਪੈਥੀ ’ਚ ਇੱਕ ਮੰਨਿਆਂ-ਪ੍ਰਮੰਨਿਆਂ ਫਾਰਮੂਲਾ ਹੈ ਕਿ ਨਿਸ਼ਾਨੀਆਂ ਦੇ ਮੁਤਾਬਿਕ ਇਲਾਜ ਆਜ਼ਮਾਇਆ ਜਾਂਦਾ ਹੈ। ਜੇ ਦਰਦ ਹੋ ਰਿਹਾ ਹੈ ਤਾਂ ਦਰਦ ਰੋਕਣ ਦੀ ਦਵਾਈ ਅਤੇ ਜੇ ਸੋਜਸ਼ਿ ਆਈ ਹੈ ਤਾਂ ਸੋਜਿਸ਼ ਨੂੰ ਰੋਕਣ ਦੀ ਦਵਾਈ। ਦਰਦ ਰੋਕਣ ਦੀਆਂ ਪੰਜਾਹ ਤਰ੍ਹਾਂ ਦੀਆਂ ਦਵਾਈਆਂ ਹੋ ਸਕਦੀਆਂ ਹਨ, ਉਨ੍ਹਾਂ ’ਚੋਂ ਕਿਸ ਦਵਾਈ ਦਾ ਵਧੇਰੇ ਅਸਰ ਹੋਵੇਗਾ, ਉਸ ਬਾਰੇ ਕਿਸੇ ਵੀ ਮਾਹਿਰ ਦੀ ਆਪੋ-ਆਪਣੀ ਰਾਏ ਹੋ ਸਕਦੀ ਹੈ।
ਇਸ ਮਸਲੇ ਨੂੰ ਸਮੇਟਣ ਲਈ ਵੱਡਾ ਸਵਾਲ ਹੈ ਕਿ ਕਿਸੇ ਦੇਸ਼ ਦੀਆਂ ਸਿਹਤ ਸੇਵਾਵਾਂ ਕਿਹੋ ਜਿਹੀਆਂ ਹਨ? ਅਸਲ ਨਤੀਜੇ ਉਨ੍ਹਾਂ ਦੇ ਸਿਹਤ ਸਿਸਟਮ ਨੇ ਦੇਣੇ ਹਨ। ਹੁਣ ਤੱਕ ਦੀਆਂ  ਰਿਪੋਰਟਾਂ ਮੁਤਾਬਿਕ ਸਮਾਜਵਾਦੀ ਦੇਸ਼ਾਂ ਨੇ ਕੋਵਿਡ-19 ਆਲਮੀ ਮਹਾਂਮਾਰੀ ਨਾਲ ਨਜਿੱਠਣ ਪੱਖੋਂ ਬਿਹਤਰ ਨਤੀਜੇ ਦਿੱਤੇ ਹਨ। ਇਸ ਦੇ ਮੁਕਾਬਲੇ ਜਿਆਦਾਤਰ ਪੰੂਜੀਵਾਦੀ ਦੇਸ਼ਾਂ ਦਾ ਹਾਲ ਮੰਦੜਾ ਰਿਹਾ ਹੈ। ਅਮਰੀਕਾ ਦਾ ਰਾਸ਼ਟਰਪਤੀ ਦਵਾਈਆਂ ਦੇ ਨਾਮ ਆਪ ਦੱਸ ਕੇ ਕਹਿ ਰਿਹਾ ਹੈ ਕਿ ਫਲਾਨੀ ਦਵਾਈ ਨਾਲ ਇਸ ਬਿਮਾਰੀ ਤੋਂ ਮੁਕਤੀ ਪਾਈ ਜਾ ਸਕਦੀ ਹੈ। ਇਹ ਉਸ ਦਾ ਹੜਬੜਹਾਟ ਦਾ ਹੀ ਨਤੀਜਾ ਹੈ। ਕਦੇ ਉਹ ਕਹਿ ਰਿਹਾ ਹੈ ਕਿ ਅਮਰੀਕਾ ’ਚ ਡੇਢ ਲੱਖ ਵਿਅਕਤੀ ਮਰਨੇ ਤਹਿ ਹਨ। ਇਕ ਕਾਰਣ ਇਹ ਵੀ ਹੈ ਕਿ ਅੱਗੇ ਰਾਸ਼ਟਰਪਤੀ ਦੀਆਂ ਚੋਣਾਂ ਆ ਰਹੀਆਂ ਹਨ, ਜਿਸ ਤੋਂ ਬੁਖਲਾ ਕੇ ਉਹ ਹੱਥ-ਪਲੱਥੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਦੇ ਉਸ ਨੂੰ ਚੀਨ ਇਸ ਕਰਕੇ ਦੁਸ਼ਮਣ ਲੱਗਦਾ ਹੈ ਕਿ ਚੀਨ ਤਾਂ ਉਸ ਦੇ ਵਿਰੋਧੀ ਨੂੰ ਹੀ ਜਿਤਾਉਣਾ ਚਾਹੁੰਦਾ ਹੈ। ਕਦੇ ਉਹ ਵੈਂਟੀਲੇਟਰ ਦਾ ਪ੍ਰਬੰਧ ਕਰਨ ਲਈ ਹੱਥ ਪੈਰ ਮਾਰਦਾ ਦਿਖਾਈ ਦਿੰਦਾ ਹੈ। ਇਟਲੀ ਅਤੇ ਇੰਗਲੈਂਡ ਵਰਗੇ ਦੇਸ਼ਾਂ ’ਚ ਵੀ ਕਾਫੀ ਮੌਤਾਂ ਹੋ ਰਹੀਆਂ ਹਨ। ਇਹ ਅਜਿਹੇ ਦੇਸ਼ ਹਨ, ਜਿਥੋਂ ਦੀਆਂ ਸਿਹਤ ਸਹੂਲਤਾਂ ਦੁਨੀਆਂ ਦੀਆਂ ਬਿਹਤਰੀਨ ਸਹੂਲਤਾਂ ਵਜੋਂ ਪ੍ਰਚਾਰੀਆਂ ਜਾਂਦੀਆਂ ਰਹੀਆਂ ਹਨ। ਹੁਣ ਪਤਾ ਲੱਗਾ ਹੈ ਕਿ ਇਹ ਅੰਦਰੋਂ ਕਿੰਨੀਆਂ ਖੋਖਲੀਆਂ ਹਨ? ਮਿਸਾਲ ਦੇ ਤੌਰ ’ਤੇ ਇੰਗਲੈਂਡ ਦੀ ਗੱਲ ਕਰੀਏ ਤਾਂ ਐਂਮਰਜੈਂਸੀ ’ਚ ਉਸ ਹਰ ਵਿਅਕਤੀ ਦਾ ਇਲਾਜ ਹੋਵੇਗਾ, ਜਿਸ ਕੋਲ ਕਿਸੇ ਕਿਸਮ ਦਾ ਕਾਰਡ ਵੀ ਨਹੀਂ ਹੈ। ਚਾਹੇ ਉਹ ਕਾਨੂੰਨਨ ਦੇਸ਼ ’ਚ ਰਹਿ ਰਿਹਾ ਹੋਵੇ ਜਾਂ ਗੈਰਕਾਨੂੰਨੀ। ਉਥੋਂ ਦੀਆਂ ਸਿਹਤ ਸਹੂਲਤਾਂ ਤੋਂ ਬਹੁਤੇ ਲੋਕ ਅੱਕੇ ਹੋਏ ਹਨ ਜਾਂ ਕਹਿ ਲਓ ਕਿ ਉਹ ਘਸਿਆਰੇ ਜਿਹੇ ਬਣ ਗਏ ਹਨ। ਭਾਰਤ ’ਚ ਇਸ ਦੇ ਮੁਕਾਬਲੇ ਜਿਸ ਦੀ ਜੇਬ ’ਚ ਪੈਸੇ ਹੋਣ ਉਸ ਲਈ ਤਾਂ ਇੱਥੋ ਦੇ ਇਲਾਜ ਦਾ ਸ਼ਾਇਦ ਕਿਤੇ ਮੁਕਬਾਲਾ ਵੀ ਨਾ ਹੋ ਸਕੇ। ਪਰ ਇੰਗਲੈਡ ’ਚ ਸਧਾਰਨ ਸਕੈਨਿੰਗ ਕਰਵਾਉਣ ਅਤੇ ਉਸ ਦੀ ਰਿਪੋਰਟ ਉਡੀਕਣ ਲਈ ਪੰਦਰਾ ਦਿਨ ਦਾ ਇੰਤਜਾਰ ਵੀ ਕਰਨਾ ਪੈ ਸਕਦਾ ਹੈ। ਲੋਕ ਮਜ਼ਬੂਰਨ ਇਸ ਦਾ ਇੰਤਜਾਰ ਕਰਦੇ ਵੀ ਹਨ ਕਿਉਂਕਿ ਪ੍ਰਾਈਵੇਟ ਇਲਾਜ ਮਹਿੰਗਾ ਹੀ ਬਹੁਤ ਹੈ। ਬਸ, ਉਹ ਇਸ ਗੱਲ ਤੋਂ ਖ਼ੁਸ਼ ਹਨ ਕਿ ਉਨ੍ਹਾਂ ਦੇ ਘਰ ਚਿੱਠੀ ਆ ਜਾਂਦੀ ਹੈ ਅਤੇ ਸਮੇਂ ਸਿਰ ਉਨ੍ਹਾਂ ਦੇ ਸਰੀਰ ਦਾ ਨਿਰੀਖਣ ਹੋ ਜਾਂਦਾ ਹੈ। ਅਜਿਹੇ ਪ੍ਰਬੰਧ ਸ਼ਾਇਦ ਸਾਡੇ ਦੇਸ਼ ’ਚ ਅਮੀਰ ਵਿਅਕਤੀ ਲਈ ਵੀ ਨਹੀਂ ਹਨ ਕਿ ਕੋਈ ਆਪਣੇ ਆਪ ਬੁਲਾ ਕੇ ਚੈਕਅਪ ਕਰੇ।
ਅਮਰੀਕਾ ਦਾ ਜਿਆਦਾਤਰ ਇਲਾਜ ਬੀਮਾ ਅਧਾਰਿਤ ਹੈ। ਜੇ ਕਿਸੇ ਨੇ ਸਿਹਤ ਬੀਮਾ ਨਹੀਂ ਕਰਵਾਇਆਂ ਤਾਂ ਵਰ੍ਹਿਆਂ ਦੀ ਕਮਾਈ ਇਲਾਜ ਦੇ ਲੇਖੇ ਲੱਗ ਸਕਦੀ ਹੈ। ਇਸ ਸਿਸਟਿਮ ਨੇ ਵੀ ਲੋਕਾਂ ਨੂੰ ਘਸਿਆਰੇ ਜਿਹੇ ਬਣਾ ਕੇ ਰੱਖ ਦਿੱਤਾ ਹੈ। ਅਮਰੀਕਾ ਵੱਡੀ ਗਿਣਤੀ ’ਚ ਡਾਕਟਰ ਦੂਜੇ ਦੇਸ਼ਾਂ ਤੋਂ ਮੰਗਵਾ ਕੇ ਆਪਣਾ ਕੰਮ ਚਲਾ ਰਿਹਾ ਹੈ। ਬਸ ਉਨੀ ਕੁ ਸਹੂਲਤ ਦੇ ਰੱਖੀ ਹੈ, ਜਿੰਨੀ ਕੁ ਨਾਲ ਲੋਕਾਂ ਦਾ ਗੁੱਸਾ ਨਾ ਫੁੱਟੇ। ਇਟਲੀ ’ਚ ਮੌਤਾਂ ਦੀ ਗਿਣਤੀ ਨੂੰ ਦੇਖ ਕੇ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਜਦੋਂ ਕੋਵਿਡ ਸੰਕਟ ਆਇਆ ਤਾਂ ਉਨ੍ਹਾਂ ਕੋਲ ਲੋੜੀਂਦੇ ਪ੍ਰਬੰਧ ਹੀ ਨਹੀਂ ਨਿੱਕਲੇ। ਇਸ ਤੋਂ ਇਲਾਵਾ ਗਿਣਤੀ ਦੇ ਕੁੱਝ ਕੁ ਪੂੰਜੀਵਾਦੀ ਦੇਸ਼ ਹਨ, ਜਿਥੇ ਬਿਮਾਰੀ ਘੱਟ ਫੈਲੀ।
ਇਸ ਦੇ ਮੁਕਾਬਲੇ ਸਮਾਜਵਾਦੀ ਕੈਂਪ ਦੇ ਕਰੀਬ ਸਾਰੇ ਦੇਸ਼ਾਂ ਦੀ ਬਿਮਾਰੀ ਦੇ ਪੱਖ ਤੋਂ ਬੱਚਤ ਹੀ ਰਹੀ ਜਾਂ ਇਸ ਦਾ ਅਸਰ ਘੱਟ ਦੇਖਣ ਨੂੰ ਮਿਲਿਆ। ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਇਹ ਬਿਮਾਰੀ ਸਮਾਜਵਾਦੀ ਚੀਨ ਦੇ ਇੱਕ ਸ਼ਹਿਰ ਤੋਂ ਸ਼ੁਰੂ ਹੋਈ ਹੈ। ਉਸ ਵੇਲੇ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਸ ਬਿਮਾਰੀ ਦਾ ਅਸਰ ਏਡੇ ਪੱਧਰ ’ਤੇ ਫੈਲੇਗਾ। ਆਰੰਭਲੇ ਦਿਨਾਂ ’ਚ ਮੌਤਾਂ ਦੀ ਗਿਣਤੀ ਚੀਨ ’ਚ ਵੀ ਵਧੇਰੇ ਲਗਦੀ ਸੀ ਪਰ ਹੁਣ ਦੂਜੇ ਦੇਸ਼ਾਂ ’ਚ ਹੋ ਰਹੇ ਵੱਡੇ ਨੁਕਸਾਨਾਂ ਦੇ ਮੁਕਾਬਲੇ ਚੀਨ ਦੀ ਗਿਣਤੀ ਬਹੁਤ ਛੋਟੀ ਲਗਦੀ ਹੈ। ਕਿੳੂਬਾ ਨੇ ਬੰਬ ਨਹੀਂ ਬਣਾਏ, ਜਿਆਦਾਤਰ ਡਾਕਟਰ ਹੀ ਪੈਦਾ ਕੀਤੇ ਹਨ। ਉਨ੍ਹਾਂ ਆਪਣੀਆਂ ਸੇਵਾਵਾਂ ਇਟਲੀ ਸਮੇਤ ਸਾਰੇ ਦੇਸ਼ਾਂ ’ਚ ਜਾ ਕੇ ਦਿੱਤੀਆਂ ਹਨ। ਚੀਨ ਦੇ ਡਾਕਟਰ ਵੀ ਇਟਲੀ ’ਚ ਸੇਵਾਵਾਂ ਦੇਣ ਵਾਸਤੇ ਗਏ ਹਨ। ਚੀਨ ਨੇ ਆਰੰਭਲੇ ਦਿਨ੍ਹਾਂ ’ਚ ਹੀ ਦੋ ਹਸਪਤਾਲ ਗਿਣਤੀ ਦੇ ਦਿਨ੍ਹਾਂ ’ਚ ਉਸਾਰ ਦਿੱਤੇ। ਡਰੋਨ ਦੀ ਵਰਤੋਂ ਕਰਕੇ ਵੀ ਲੋਕਾਂ ਦੀ ਰੱਖਿਆਂ ਕੀਤੀ ਗਈ। ਸਾਡੇ ਦੇਸ਼ ਵਿਚ ਵੀ ਜੇ ਇਸ ਡੋਰੋਨ ਤਕਨੀਕ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਂਦੀ ਤਾਂ ਇਸ ਤੋਂ ਵੱਡੇ ਫਾਇਦੇ ਲਏ ਜਾ ਸਕਦੇ ਸਨ। ਡਰੋਨ ਸਾਡੇ ਪੁਲਸੀਆਂ ਤੰਤਰ ਦੇ ਅੰਦਾਜ਼ ਦਾ ਹੀ ਇੱਕ ਹਿੱਸਾ ਰਿਹਾ।
ਸਮਾਜਵਾਦੀ ਦੇਸ਼ਾਂ ’ਚ ਮਰੀਜ਼ਾਂ ਦੀ ਗਿਣਤੀ ਵੀ ਘੱਟ ਰਹੀ ਅਤੇ ਉਥੇ ਮੌਤ ਦਰ ਵੀ ਘੱਟ ਰਹੀ। ਇਸਦਾ ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਮੁਨਾਫ਼ੇ ਵਾਸਤੇ ਨਹੀਂ, ਸਗੋਂ ਮਨੁੱਖਤਾ ਦੇ ਭਲੇ ਲਈ ਹਨ। ਲੋਕਾਂ ਦੀਆਂ ਸਾਂਝੀਆਂ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਬਿਮਾਰ ਜਾਂ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ’ਚ ਰੱਖਣ ਦਾ ਕੰਮ ਦਿੱਤਾ ਗਿਆ। ਲੋਕਾਂ ਦੀ ਸੁਚੇਤ ਭਾਗੀਦਾਰੀ ਨਾਲ ਬਿਮਾਰੀ ਨੂੰ ਕਾਬੂ ’ਚ ਰੱਖਣ ’ਚ ਮਦਦ ਲਈ ਗਈ। ਇਸ ਦਾ ਸਿੱਟਾ ਕੇਰਲਾ ’ਚ ਵੀ ਦੇਖਣ ਨੂੰ ਮਿਲਿਆ। ਸਰਕਾਰੀ ਤੰਤਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਅਸਰ ਵੀ ਦੇਖਣ ਨੂੰ ਮਿਲਿਆ ਅਤੇ ਲੋਕਾਂ ਦੀ ਭਾਗੀਦਾਰੀ ਨੇ ਵੀ ਰੰਗ ਦਿਖਾਇਆ। ਰਾਸ਼ਨ ਦੇਣ ’ਚ ਕਾਣੀ ਵੰਡ ਨਹੀਂ ਕੀਤੀ। ਜਿਸ ਕਾਰਨ ਲੋਕ ਬਾਕੀ ਦੇਸ਼ ਦੇ ਮੁਕਾਬਲੇ ਟਿਕ ਕੇ ਬੈਠੇ ਅਤੇ ਬਿਮਾਰੀ ਦੇ ਫੈਲਣ ਦਾ ਖ਼ਤਰਾ ਘਟਿਆ।
ਬੁਨਿਆਦੀ ਫਰਕ ਬਹੁਤ ਹੀ ਸਪੱਸ਼ਟ ਢੰਗ ਨਾਲ ਦੇਖਿਆ ਜਾ ਸਕਦਾ ਹੈ ਕਿ ਸਿਹਤ ਸਹੂਲਤਾਂ ਕੋਈ ਮੁਨਾਫ਼ਾ ਕਮਾਉਣ ਵਾਲਾ ਧੰਦਾ ਨਹੀਂ। ਕਿਸੇ ਵੀ ਦੇਸ਼ ਦੇ ਹਾਕਮਾਂ ਨੂੰ ਜੇ ਸਿਹਤ, ਪੜ੍ਹਾਈ, ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਬੁਨਿਆਦੀ ਸਹੂਲਤਾਂ ਨਹੀਂ ਦੇਣੀਆਂ ਤਾਂ ਕੀ ਅਸੀਂ ਆਪਣੇ ਹਾਕਮਾਂ ਨੂੰ ਝੰਡੀ ਵਾਲੀ ਕਾਰ ’ਚ ਝੂਟੇ ਲੈਣ ਅਤੇ ਤਨਖ਼ਾਹਾਂ, ਪੈਨਸ਼ਨਾਂ ਲੈਣ ਲਈ ਹੀ ਚੁਣਦੇ ਹਾਂ?   
ਸੋਵੀਅਤ ਸੰਘ ਦਾ ਲੋਕ ਪੱਖੀ ਸਿਸਟਿਮ ਆਪਣੇ ਕਾਰਨਾਂ ਕਰਕੇ ਚਾਹੇ ਟੁੱਟ ਗਿਆ ਪਰ ਹਰ ਇੱਕ ਵਿਅਕਤੀ ਤੱਕ ਮੁਫ਼ਤ ਸਿਹਤ ਸਹੂਲਤ ਅੱਪੜੇ, ਇਹ ਉਸ ਸਿਸਟਿਮ ਦਾ ਮੁੱਖ ਅਕੀਦਾ ਸੀ। ਜਿਸ ਤੋਂ ਪ੍ਰਭਾਵਿਤ ਹੋ ਕੇ ਵਿਕਸਤ ਦੇਸ਼ਾਂ ਨੇ ਵੀ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ। 1991 ਦੌਰਾਨ ਸੋਵੀਅਤ ਸੰਘ ’ਚ ਲੱਗੀਆਂ ਪਛਾੜਾਂ ਕਾਰਨ ਵਿਕਸਤ ਦੇਸ਼ਾਂ ਨੇ ਵੀ ਆਪਣੇ ਸਿਸਟਿਮ ਨੂੰ ਪੇਤਲਾ ਕਰਨਾ ਸ਼ੁਰੂ ਕਰ ਦਿੱਤਾ। ਜੇ ਅਜਿਹੇ ਦੇਸ਼ ਐਂਮਰਜੈਂਸੀ ਸੇਵਾਵਾਂ ਦਿੰਦੇ ਵੀ ਹਨ ਤਾਂ ਉਹ ਇਸ ਕਾਰਨ ਕਿ ਲੋਕ ਕਿਧਰੇ ਸਿਸਟਮ ਤੋਂ ਬਦਜਨ ਨਾ ਹੋ ਜਾਣ।  ਇਸ ਤੋਂ ਬਿਨ੍ਹਾਂ ਤਾਂ ਕਰੀਬ ਕਈ-ਕਈ ਬਿਮਾਰੀਆਂ ਲਈ ਹਰ ਦਰਦ ਨਿਵਾਰਕ ਦਵਾਈਆਂ ਦੇ ਸਿਰ ’ਤੇ ਹੀ ਆਪਣੀ ਜ਼ਿੰਦਗੀ ਹਢਾਉਂਦੇ ਹਨ। ਦੇਖਣ ਨੂੰ ਖ਼ੁਸ਼ਹਾਲੀ ਹੋਣ ਦੇ ਬਾਵਜੂਦ ਲੋਕ ਤਣਾਓ ’ਚ ਰਹਿੰਦੇ ਹਨ। ਜ਼ੁਰਮਾਂ ਦੀ ਗਿਣਤੀ ਅਮਰੀਕਾ ’ਚ ਸ਼ਾਇਦ ਸਾਰੀ ਦੁਨੀਆਂ ਨਾਲੋਂ ਵੱਧ ਹੈ।
ਭਾਰਤ ’ਚ ਵੀ ਨਿੱਜੀਕਰਨ ਦੇ ਅੰਨ੍ਹੇ ਚੱਲਣ ਕਰਕੇ ਕਰੋਨਾ ਮਰੀਜ਼ਾਂ ਦੇ ਇਲਾਜ ਦੇ ਯਤਨਾਂ ਨੇ ਪਾਣੀ ਵੀ ਨਹੀਂ ਮੰਗਿਆ। ਪ੍ਰਾਈਵੇਟ ਹਸਪਤਾਲਾਂ ਨੇ ਆਮ ਮਰੀਜ਼ ਦੇਖਣੇ ਹੀ ਬੰਦ ਕਰ ਦਿੱਤੇ। ਕੋਰੋਨਾ ਖਿਲਾਫ਼ ਲੜਾਈ ’ਚ ਯੋਗਦਾਨ ਦੇਣਾ ਤਾਂ ਕਿਧਰੇ ਰਿਹਾ! ਸਾਰਾ ਭਾਰ ਸਰਕਾਰੀ ਹਸਪਤਾਲਾਂ ਦੇ ਲੱਦ ਦਿੱਤਾ ਗਿਆ। ਦਵਾਈਆਂ ਦੀਆਂ ਦੁਕਾਨਾਂ ਕੁੱਝ ਘੰਟੇ ਹੀ ਖੋਲ੍ਹਣ ਦੀ ਇਜਾਜ਼ਤ ਦੇ ਕੇ ਲੋਕਾਂ ਨੂੰ ਮਾੜੀ ਮੋਟੀ ਮਿਲਦੀ ਸਹੂਲਤ ਵੀ ਖੋਹ ਲਈ। ਸਾਡੇ ਦੇਸ਼ ’ਚ ਹਾਲੇ ਵੀ ਪਿੰਡਾਂ ਦੇ ਨੰਗੇ ਪੈਰਾਂ ਵਾਲੇ ਡਾਕਟਰਾਂ ਅਤੇ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਦੇ ਸਿਰ ’ਤੇ ਇਲਾਜ ਚਲਦਾ ਹੈ। ਜਿਸ ਨਾਲ ਸਾਡੇ ਦੇਸ਼ ਦੇ ਸਿਹਤ ਤੰਤਰ ਦੀ ਤਸਵੀਰ ਵੀ ਸਾਫ਼ ਹੋ ਗਈ। ਦੂਜੇ ਪਾਸੇ ਚੀਨ ਅਤੇ ਕਿੳੂਬਾ ਤੋਂ ਇਟਲੀ ਨੂੰ ਜਾ ਰਹੇ ਡਾਕਟਰਾਂ ’ਚ ਉਤਸ਼ਾਹ ਦੇਖਣ ਵਾਲਾ ਸੀ। ਇਟਲੀ ਜਾ ਕੇ ਜਹਾਜ਼ ’ਚੋਂ ਉਤਰਦੇ ਡਾਕਟਰਾਂ ਦੀਆਂ ਤਸਵੀਰਾਂ ਦੇਖਣ ਵਾਲੀਆਂ ਸਨ। ਡਾਕਟਰਾਂ ਦਾ ਅਰਥ ਸਿਰਫ ਡਾਕਟਰ ਨਹੀਂ ਸਗੋਂ ਪੂਰਾ ਸਹਾਇਕ ਅਮਲਾ ਫੈਲਾ ਵੀ ਨਾਲ ਹੀ ਸ਼ਾਮਲ ਰਿਹਾ ਅਤੇ ਉਤਸ਼ਾਹ ਨਾਲ ਕੰਮ ਕਰਦਾ ਰਿਹਾ। ਸਾਡੇ ਦੇਸ਼ ’ਚ ਉਤਸ਼ਾਹ ਭਰਨ ਲਈ ਥਾਲੀਆਂ ਖੜਕਾਉਣ ਦਾ ਕੰਮ ਕੀਤਾ ਗਿਆ। ਦੀਵੇ, ਮੋਮਬੱਤੀਆਂ ਤੇ ਟਾਰਚਾਂ ਜਗਾਂ ਕੇ ਕੰਮ ਚਲਾਇਆ ਗਿਆ। ਡਾਕਟਰ ਅਤੇ ਸਹਾਇਕ ਸਟਾਫ਼ ਆਪਣਾ ਜ਼ਰੂਰੀ ਸਮਾਨ ਮੰਗਦੇ ਰਹੇ ਅਤੇ ਮਰੀਜ਼ ਹਸਪਤਾਲਾਂ ਦੇ ਅੰਦਰ ਵਿਲਕਦੇ ਰਹੇ ਕਿਉਂਕਿ ਸਟਾਫ਼ ਕੋਲ ਆਪਣੀ ਸੁਰੱਖਿਆ ਅਤੇ ਮਰੀਜ਼ਾਂ ਦੀ ਸੰਭਾਲ ਲਈ ਪੂਰਾ ਸਮਾਨ ਹੀ ਨਹੀਂ ਹੁੰਦਾ ਸੀ। ਇਸ ਦੇ ਮੁਕਾਬਲੇ ਸਮਾਜਵਾਦੀ ਦੇਸ਼ਾਂ ’ਚ ਪੈਦਾ ਹੋਣ ਵਾਲੀ ਹਰ ਵਸਤ ’ਤੇ ਸਰਕਾਰ ਦਾ ਕੰਟੋਰਲ ਹੁੰਦਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੁੰਦੀ ਹੈ ਕਿ ਉਨ੍ਹਾਂ ਕੋਲ ਮਾਸਕ ਕਿੰਨੇ ਹਨ ਅਤੇ ਪੀਪੀਈ ਕਿੱਟਾ ਕਿੰਨੀਆਂ ਹਨ। ਸਾਡੇ ਇੱਥੇ ਹਰ ਸਮਾਨ ਦੀ ਕਲਾ ਬਜ਼ਾਰੀ ਹੁੰਦੀ ਰਹੀ ਹੈ। ਚਾਹੇ ਉਹ ਗਿਣਤੀ ਦੇ ਲੋਕ ਹੀ ਹੋਣ, ਨੇ ਸੰਕਟ ਦੇ ਦੌਰ ’ਚ ਵੀ ਪੈਸੇ ਕਮਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਇਨ੍ਹਾਂ ਖ਼ਿਲਾਫ ਬਹੁਤ ਹੀ ਨਿਗੂਣੀਆਂ ਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ। ਹਾਲੇ ਵੀ ਪਹਿਲਾ ਨਾਲੋਂ ਅਜਿਹਾ ਸਮਾਨ ਮਹਿੰਗੇ ਭਾਅ ’ਤੇ ਮਿਲ ਰਿਹਾ ਹੈ। ਕੁੱਲ ਮਿਲਾ ਕੇ ਸਮਾਜਵਾਦੀ ਦੇਸ਼ਾਂ ਦੀ ਹੁਣ ਤੱਕ ਇਹ ਪ੍ਰਾਪਤੀ ਰਹੀ ਹੈ ਕਿ ਉਹ ਸਿਹਤ ਦੇ ਨਾਂ ’ਤੇ ਵਪਾਰ ਨਹੀਂ ਕਰਦੇ ਅਤੇ ਬੀਮੇ ਦੇ ਨਾਂ ’ਤੇ ਮਰੀਜ਼ ਨੂੰ ਕੋਈ ਛਿੱਲਣ ਵਾਲੀ ਮੁਰਗੀ ਵੀ ਨਹੀਂ ਸਮਝਜਦੇ।

Scroll To Top