ਡਾ. ਕਰਮਜੀਤ ਸਿੰਘ
ਮਨੂੰ ਸਿਮ੍ਰਤੀ ਵਿਚ ਜਿੱਥੇ ਇਕ ਪਾਸੇ ਜੂਨਾਂ, ਪੁਨਰਜਨਮ, ਨਰਕ-ਸਵਰਗ ਅਤੇ ਵੇਦ, ਯੱਗ ਆਦਿ ਦੀ ਉਪਮਾ ਕੀਤੀ ਗਈ ਹੈ ਓਥੇ ਦੂਜੇ ਪਾਸੇ ਉਨ੍ਹਾਂ ਨਾਸਤਿਕਾਂ ਦੀ ਨਖੇਧੀ ਵੀ ਕੀਤੀ ਗਈ ਹੈ ਜੋ ਇਨ੍ਹਾਂ ਵਿਚਾਰਾਂ ਦਾ ਤਰਕ ਦੇ ਆਧਾਰ ਤੇ ਖੰਡਨ ਕਰਦੇ ਹਨ। ਸਪੱਸ਼ਟ ਹੈ ਕਿ ਦੋ ਧਿਰਾਂ ਆਹਮੋ-ਸਾਹਮਣੇ ਹਨ ਜਿਨ੍ਹਾਂ ਦਾ ਵੇਦਾਂ ਦੇ ਰਚਨਾ ਕਾਲ ਤੋਂ ਹੀ ਵਿਚਾਰਧਾਰਕ ਵਿਰੋਧ ਲਗਾਤਾਰ ਚਲਦਾ ਆ ਰਿਹਾ ਹੈ। ਡਾ. ਐਸ.ਐਨ. ਦਾਸਗੁਪਤ ਨੇ ਲਿਖਿਆ ਹੈ, ”ਇਸ ਤਰ੍ਹਾਂ ਜਾਣਦੇ ਹਾਂ ਕਿ ਲੋਕਾਇਤ ਮਤ ਅਤਿ ਪ੍ਰਾਚੀਨ, ਤਕਰੀਬਨ ਵੇਦਾਂ ਜਿੰਨਾਂ ਹੀ ਪੁਰਾਤਨ ਸੀ ਅਤੇ ਆਰੀਆਂ ਤੋਂ ਪਹਿਲਾਂ ਸੁਮੇਰ ਦੇ ਲੋਕਾਂ ਵਿਚ ਪ੍ਰਚਲਿਤ ਸੀ।” (ਭਾਰਤੀਯ ਦਰਸ਼ਨ ਕਾ ਇਤਿਹਾਸ, ਭਾਗ-ਤੀਜਾ, ਰਾਜਸਥਾਨ ਹਿੰਦੀ ਸਾਹਿਤ ਅਕਾਦਮੀ, 1974, ਪੰਨਾ-487) ਲੋਕਾਇਤ ਨੂੰ ਚਾਰਵਾਕ ਮਤ ਅਤੇ ਬ੍ਰਹਿਸਪਤੀ ਦਾ ਮਤ ਵੀ ਕਿਹਾ ਜਾਂਦਾ ਹੈ। ਚਾਰਵਾਕ ਕਿਸੇ ਇਕ ਵਿਅਕਤੀ ਵਿਸ਼ੇਸ਼ ਦਾ ਨਾਮ ਨਹੀਂ ਹੈ ਸਗੋਂ ਪਦਾਰਥਵਾਦੀ ਸੋਚ ਵਾਲੇ ਲੋਕਾਂ ਲਈ ਵਰਤਿਆ ਜਾਂਦਾ ਹੈ। ਵਿਰੋਧੀਆਂ ਨੇ ਚਾਰਵਾਕੀਆਂ ਨੂੰ ਖਾਣ-ਪੀਣ ਤਕ ਸੀਮਤ ਤੇ ਐਸ਼ ਪ੍ਰਸਤ, ਹਮੇਸ਼ਾ ਕਾਮ ਵਿਚ ਵਿਅਸਤ ਅਤੇ ਵੇਦ ਵਿਰੋਧੀ ਕਹਿ ਕੇ ਨਿੰਦਿਆ ਤੇ ਭੰਡਿਆ ਹੈ। ਦੇਬੀ ਪ੍ਰਸਾਦ ਚੱਟੋਪਾਧਿਆਇ ਨੇ ਲਿਖਿਆ ਹੈ, ”ਵੇਦਵਾਦੀ ਮਨੂੰਵਾਦੀਆਂ ਵੱਲੋਂ ਇਨ੍ਹਾਂ ਪਦਾਰਥਵਾਦੀਆਂ ਦੀਆਂ ਲਿਖਤਾਂ ਨੂੰ ਤਬਾਹ ਕੀਤਾ ਗਿਆ, ਉਨ੍ਹਾਂ ਨੂੰ ਦੈਂਤ ਬਣਾ ਕੇ ਪੇਸ਼ ਕੀਤਾ ਗਿਆ, ਇਨ੍ਹਾਂ ਦੇ ਦਾਰਸ਼ਨਿਕ ਤਰਕਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਤੇ ਇਨ੍ਹਾਂ ਨੂੰ ਪਾਖੰਡੀ ਸਿੱਧ ਕੀਤਾ ਗਿਆ। ਲੋਕਾਇਤ ਜਾਂ ਚਾਰਵਾਕਾਂ ਨੂੰ ਭਾਰਤੀ ਦਰਸ਼ਨ ਵਿਚ ਦੈਂਤ, ਅਸ਼ਲੀਲ, ਅਸ਼ੁੱਧ ਤੇ ਬੁਰਾਈ ਦਾ ਪ੍ਰਤੀਕ ਬਣਾ ਦਿੱਤਾ ਗਿਆ।” (ਵਟ ਇਜ਼ ਲਿਵਿੰਗ ਐਂਡ ਵਟ ਇਜ ਡੈੱਡ ਇਨ ਇੰਡੀਅਨ ਹਿਸਟਰੀ, ਪੀਪਲਜ਼ ਪਬਲਿਸ਼ਿੰਗ ਹਾਊਸ, ਨਵੀਂ ਦਿੱਲੀ, 1977, ਪੰਨਾ-213) “ਅਸਲ ਵਿਚ ਚਾਰਵਾਕਾਂ ਪ੍ਰਤਿ ਘ੍ਰਿਣਾ ਪੈਦਾ ਨਹੀਂ ਹੋਈ ਬਲਕਿ ਸਵਾਰਥੀ ਤੱਤਾਂ ਵਲੋਂ ਆਪਣੇ ਹਿੱਤਾਂ ਲਈ ਯੋਜਨਾ ਬੱਧ ਢੰਗ ਨਾਲ਼ ਪੈਦਾ ਕੀਤੀ ਗਈ ਹੈ। ਇਸਦਾ ਆਧਾਰ ਸੀ ਚਾਰਵਾਕ ਦਾ ਪਰਲੋਕ ਅਤੇ ਕਰਮਫਲ ਦੇ ਸਿਧਾਂਤ ਨੂੰ ਰੱਦ ਕਰਨਾ।” (ਡਾ. ਸੁਰਿੰਦਰ ਕੁਮਾਰ ਸ਼ਰਮਾ ‘ਅਗਿਆਤ’, ਚਾਰਵਾਕ ਦਰਸ਼ਨ, ਪੰਨਾ-42.)
ਪਰਲੋਕਵਾਦੀ ਦਰਸ਼ਨ ਵਾਲ਼ੇ ਛਾਂਦੋਗਿਯ ਉਪਨਿਸ਼ਦ ਨੇ ਤਾਂ ਪਿਛਲੇ ਜਨਮ ਦੇ ਆਧਾਰ ਤੇ ਜਾਤੀ ਵਿਵਸਥਾ ਨੂੰ ਹੀ ਸਹੀ ਠਹਿਰਾ ਦਿੱਤਾ। ”ਇਥੇ ‘ਉੱਚੀ’ ਜਾਤੀ ਵਾਲ਼ੇ ਇਸ ਲਈ ‘ਉੱਚੇ’ ਹਨ ਕਿਉਂਕਿ ਇਨ੍ਹਾਂ ਨੇ ਪਿਛਲੇ ਜਨਮ ਵਿਚ ਚੰਗੇ ਕੰਮ ਕੀਤੇ ਹਨ, ਪੁੰਨ ਕਮਾਏ ਹਨ। ਜੋ ਕੁੱਤੇ ਦੀ ਜੂਨ ਵਿਚ ਹਨ ਜਾਂ ਕੁੱਤੇ ਵਰਗਾ ਜੀਵਨ ਜੀਅ ਰਹੇ ਹਨ ਉਹ ਸ਼ੂਦਰ ਹਨ ਚੰਡਾਲ ਹਨ, ਉਹ ਇਸ ਲਈ ਅਜਿਹਾ ਜੀਵਨ ਜੀਅ ਰਹੇ ਹਨ ਕਿਉਂਕਿ ਇਨ੍ਹਾਂ ਨੇ ਪਿਛਲੇ ਜਨਮ ਵਿਚ ਪਾਪ ਕੀਤੇ ਸਨ। ਸਾਡੇ ਵਾਂਗ ਚੰਗੇ ਕੰਮ ਕਰਦੇ ਤਾਂ ਉਹ ਵੀ ਸਾਡੇ ਵਰਗੇ ‘ਉੱਚੇ’ ਬਣ ਜਾਂਦੇ। ਇਸ ਲਈ ਕੋਈ ਜੋ ਕੁਝ ਹੈ, ਪਿਛਲੇ ਜਨਮ ਦੇ ਕਰਮਾਂ ਦੇ ਕਾਰਨ ਹੈ।” (ਉਹੀ ਪੰਨਾ-42) ਵੇਦਵਾਦੀਆਂ ਨੂੰ ਅਜਿਹਾ ਇਸ ਕਰਕੇ ਕਹਿਣਾ ਪਿਆ ਕਿਉਂ ਕਿ ਲੋਕਾਇਤ ਜਾਤੀ ਵਿਵਸਥਾ ਦਾ ਤਰਕ ਆਧਾਰਿਤ ਵਿਰੋਧ ਕਰਦੇ ਸਨ। ਰਾਹੁਲ ਸਾਂਕ੍ਰਿਤਿਆਯਯਨ ਨੇ ਵੀ ਚਾਰਵਾਕਾਂ ਨੂੰ ਬਦਨਾਮ ਕਰਨ ਦੇ ਇਹੀ ਕਾਰਣ ਦਰਜ ਕੀਤੇ ਹਨ। ਉਸ ਅਨੁਸਾਰ, “ਭੌਤਿਕਵਾਦੀ ਦਰਸ਼ਨ ਨੂੰ ਸਾਡੇ ਇਥੇ ਚਾਰਵਾਕ ਦਰਸ਼ਨ ਕਿਹਾ ਜਾਂਦਾ ਹੈ। ਚਾਰਵਾਕ ਦਾ ਸ਼ਬਦਾਰਥ ਹੈ ਚਬਾਉਣ ਲਈ ਮੁਸਤੈਦ ਜਾਂ ਖਾਣ-ਪੀਣ ਵਾਲਾ, ਜੋ ਇਸ ਦੁਨੀਆਂ ਦੇ ਭੋਗ ਨੂੰ ਸਭ ਕੁਝ ਸਮਝਦਾ ਹੈ। ‘ਚਾਰਵਾਕ’ ਮਤ ਦੇ ਸੰਸਥਾਪਕ ਦਾ ਨਾਂਅ ਨਹੀਂ ਹੈ ਬਲਕਿ ਇਹ ਸੰਬੋਧਨ ਪਰਲੋਕ, ਪੁਨਰਜਨਮ, ਦੇਵਵਾਦ ਤੋਂ ਜੋ ਲੋਕ ਇਨਕਾਰੀ ਸਨ ਉਨ੍ਹਾਂ ਲਈ ਗਾਲ਼ੀ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਸੀ…. ਪ੍ਰਾਚੀਨ ਚਾਰਵਾਕ ਸਿਧਾਂਤ ਜੜ੍ਹਵਾਦੀ ਸਿਧਾਂਤ ਸਨ-ਈਸ਼ਵਰ ਨਹੀਂ, ਆਤਮਾ ਨਹੀਂ, ਪੁਨਰ ਜਨਮ ਅਤੇ ਪਰਲੋਕ ਨਹੀਂ। ਜੀਵਨ ਦੇ ਭੋਗ ਤਿਆਗਣ ਯੋਗ ਨਹੀਂ। ਤਜਰਬੇ (ਅਨੁਭਵ) ਅਤੇ ਬੁੱਧੀ ਨੂੰ ਸੱਚ ਦੀ ਖੋਜ ਲਈ ਸਾਨੂੰ ਆਪਣਾ ਮਾਰਗਦਰਸ਼ਕ ਬਣਾਉਣਾ ਚਾਹੀਦਾ ਹੈ।” (ਦਰਸ਼ਨ ਦਿਗ ਦਰਸ਼ਨ, ਕਿਤਾਬ ਮਹਿਲ ਇਲਾਹਾਬਾਦ, 1978, ਪੰਨਾ – 485) ਬੁੱਧੀ ਤੇ ਤਰਕ ਨਾਲ਼ ਖੋਜ ਕਰਨ ਕਰਕੇ ਹੀ ਡਾ. ‘ਅਗਿਆਤ’ ਨੇ ਚਾਰਵਾਕ ਦਾ ਆਧਾਰ ਚਾਰਵੀ (ਬੁੱਧੀ) ਮੰਨਿਆ ਹੈ। ਸਪੱਸ਼ਟ ਹੈ ਚਾਰਵੀ ਲੋਕਾਇਤ ਸ਼ਾਸਤਰ ਦੇ ਆਚਾਰੀਆਂ ਨੂੰ ਕਹਿੰਦੇ ਸਨ, ਇਸ ਤੋਂ ਹੀ ਚਾਰਵਾਕ ਸ਼ਬਦ ਬਣਿਆ ਹੈ, ਜਿਸਦਾ ਅਰਥ ਹੈ – ਬੌਧਿਕ ਅਰਥਾਤ ਬੁੱਧੀਵਾਦੀ। (ਚਾਰਵਾਕ ਦਰਸ਼ਨ, ਵਿਸ਼ਵ ਬੁੱਕਸ, ਪੰਨਾ-21)
ਇਨ੍ਹਾਂ ਬੁੱਧੀਵਾਦੀ ਲੋਕਾਇਤਾਂ ਦਾ ਸ਼ਾਸਤਰ ਸਾਨੂੰ ਨਹੀਂ ਮਿਲ਼ਦਾ। ਵਿਦਵਾਨਾਂ ਨੇ ਬ੍ਰਹਸਪਤੀ ਸੂਤਰਾਂ ਨੂੰ ਇਸ ਦਰਸ਼ਨ ਦਾ ਆਧਾਰ ਮੰਨਿਆ ਹੈ। ਇਸਦਾ ਆਪਣਾ ਲੋਕਾਇਤ ਸ਼ਾਸਤਰ ਵੀ ਸੀ ਤੇ ਉਸ ਉਪਰ ਦੋ ਵਿਆਖਿਆ ਗ੍ਰੰਥਾਂ ਦੀ ਸੂਹ ਵੀ ਮਿਲ਼ਦੀ ਹੈ, ਪਰ ਅੱਜ ਸਾਨੂੰ ਵਿਰੋਧੀਆਂ ਦੀਆਂ ਲਿਖਤਾਂ ਵਿਚ ਹੀ ਚਾਰਵਾਕੀਆਂ ਦੇ ਸਿਧਾਂਤ ਮਿਲ਼ਦੇ ਹਨ ਜਿਨ੍ਹਾਂ ਦਾ ਵਿਰੋਧ ਕੀਤਾ ਗਿਆ ਹੈ। ਕਈ ਥਾਈਂ ਉਨ੍ਹਾਂ ਦੇ ਸੂਤਰਾਂ ਨੂੰ ਤੋੜਿਆ ਮਰੋੜਿਆ ਵੀ ਗਿਆ ਹੈ। ਵਿਦਵਾਨਾਂ ਨੇ ਚਾਰਵਾਕ ਦਰਸ਼ਨ ਦੀ ਵੇਦਾਂ, ਉਪਨਿਸ਼ਦਾਂ, ਜੈਨ ਅਤੇ ਬੋਧੀ ਗ੍ਰੰਥਾਂ, ਛੇ ਦਰਸ਼ਨਾਂ, ਵਾਲਮੀਕ ਰਮਾਇਣ, ਮਹਾਂਭਾਰਤ, ਪੁਰਾਣਾਂ, ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਪਾਲੀ ਸਾਹਿਤ ਆਦਿ ਦੇ ਆਧਾਰ ਤੇ ਚਾਰਵਾਕਾਂ ਦੇ ਸੂਤਰ ਲੈ ਕੇ ਨਵੇਂ ਸਿਰੇ ਤੋਂ ਉਸਾਰੀ ਕੀਤੀ ਹੈ।
ਡਾ. ਸੁਰੇਂਦ੍ਰ ਅਗਿਆਤ ਨੇ ਪਦਾਰਥਵਾਦ ਦੇ ਸਭ ਤੋਂ ਪੁਰਾਣੇ ਸੂਤਰ ਦੀ ਰਿਗਵੇਦ ਦੇ ਦਸਵੇਂ ਮੰਡਲ ਦੇ 72ਵੇਂ ਸੂਕਤ ਵਿਚ ਨਿਸ਼ਾਨਦੇਹੀ ਕੀਤੀ ਹੈ। “ਦੇਵ ਉਤਪੱਤੀ ਦੇ ਪੂਰਵ ਸਮੇਂ ਵਿਚ ਅਸਤਿ ਤੋਂ ਸਤ ਪੈਦਾ ਹੋਣ ਦੀ ਗੱਲ ਕਹੀ ਗਈ ਹੈ। ਇਸਦਾ ਸਿੱਧਾ ਅਰਥ ਹੈ ਅਸੱਤ (ਜੜ੍ਹ) ਤੋਂ ਸਤ (ਚੇਤਨ) ਦੀ ਉਤਪੱਤੀ ਹੋਈ ਅਰਥਾਤ ਪ੍ਰਿਥਵੀ ਆਦਿ ਜੜ੍ਹ ਮਹਾਂ ਤੱਤਾਂ ਤੋਂ ਚੇਤਨਾ ਪੈਦਾ ਹੋਈ। ਕਮਾਲ ਦੀ ਗੱਲ ਹੈ ਕਿ ਰਿਗਵੇਦ ਦੇ ਦਸਵੇਂ ਮੰਡਲ ਵਿਚ ਹੀ ਨੱਬੇਵੇਂ, ਪੁਰਸ਼ ਸੂਕਤ ਵਿਚ ਵਰਣਾਂ ਦੀ ਪੈਦਾਇਸ਼ ਬ੍ਰਹਮਾਂ ਤੋਂ ਮੰਨੀ ਗਈ ਹੈ ਜਿਸ ਅਨੁਸਾਰ ਬ੍ਰਾਹਮਣ ਬ੍ਰਹਮਾ ਦੇ ਮੁੱਖ ਤੋਂ ਪੈਦਾ ਹੋਏ, ਕਸ਼ਤਰੀ ਭੁਜਾਵਾਂ ਤੋਂ, ਵੈਸ਼ ਪੱਟਾਂ ਵਿਚੋਂ ਤੇ ਸ਼ੂਦਰਾਂ ਦੀ ਉਤਪੱਤੀ ਬ੍ਰਹਮਾ ਦੇ ਪੈਰਾਂ ਤੋਂ ਹੋਈ। ਸਾਫ਼ ਹੈ ਇਹ ਲੋਕਵਾਦੀ ਤੇ ਪਰਲੋਕਵਾਦੀ ਇਕੋ ਸਮੇਂ ਪੈਦਾ ਹੋਏ ਤੇ ਅੱਜ ਤੱਕ ਦੋਹਾਂ ਦਾ ਵਿਰੋਧ ਚੱਲਿਆ ਆ ਰਿਹਾ ਹੈ। ਇਹ ਵੀ ਸੱਚ ਹੈ ਕਿ ਇਹ ਲੋਕਵਾਦੀਆਂ ਨੂੰ ਅਨੇਕਾਂ ਬਾਰ ਖਤਮ ਕਰਨ ਦੀਆਂ ਵਿਚਾਰਧਾਰਕ ਚਾਲਾਂ ਚੱਲੀਆਂ ਗਈਆਂ। ਪਰਲੋਕਵਾਦੀ ਵਿਚਾਰਧਾਰਾ ਦਾ ਹੱਥ ਉੱਪਰ ਹੋਣ ਦਾ ਕਾਰਨ ਬ੍ਰਾਹਮਣ-ਕਸ਼ਤਰੀ (ਰਾਜ) ਦਾ ਗੱਠਜੋੜ ਸੀ ਜਿਸਨੇ ਸਾਰੇ ਹੱਥਕੰਡੇ ਵਰਤ ਕੇ ਲੋਕਾਇਤ ਦਰਸ਼ਨ ਨੂੰ ਗੁੱਠੇ ਲਾਉਣ ਦੇ ਯਤਨ ਹਮੇਸ਼ਾ ਜਾਰੀ ਰੱਖੇ।
ਨੰਬੂਦਰੀਪਾਦ ਨੇ ਇਕ ਥਾਂ ਲਿਖਿਆ ਸੀ ਕਿ ਸ਼ੰਕਰਾਚਾਰੀਆ ਨੇ ਵਿਚਾਰਧਾਰਕ ਤੌਰ ਤੇ ਆਪਣਾ ਹੱਥ ਉਪਰ ਕਰ ਲਿਆ ਪਰ ਉਸੇ ਸਮੇਂ ਭਾਰਤ ਦੀ ਗ਼ੁਲਾਮੀ ਦਾ ਦੌਰ ਵੀ ਸ਼ੁਰੂ ਹੋ ਗਿਆ। ਦੇਬੀ ਪ੍ਰਸਾਦ ਨੇ ਇਸ ਗੱਲ ਨੂੰ ਆਪਣੇ ਸ਼ਬਦਾਂ ਵਿਚ ਕਿਹਾ ਹੈ ਕਿ, “ਜੇ ਮਨੂੰ ਅਤੇ ਸ਼ੰਕਰ ਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤਾਂ ਇਸਦਾ ਅਰਥ ਹੋਵੇਗਾ, ਸੁਤੰਤਰ ਸੋਚਣਾ ਬੰਦ ਕਰਨਾ, ਸਾਇੰਸ ਦਾ ਪੂਰੀ ਤਰ੍ਹਾਂ ਬਲੈਕ ਆਉਟ ਕਰਨਾ ਅਤੇ ਦੇਸ਼ ਦੇ ਲੱਖਾਂ ਲੋਕਾਂ ਦੀ ਸਦੀਵੀ ਗ਼ੁਲਾਮੀ, ਸੰਖੇਪ ਵਿਚ ਵਿਕਾਸ ਦਾ ਅੰਤ।” (ਵੱਟ ਇਜ਼ ਲਿਵਿੰਗ,…. ਪੰਨਾ – 213) ਜੈਨ ਦਾਰਸ਼ਨਿਕ ਹਰੀਭੱਦਰ ਨੇ ਲੋਕਾਇਤ ਦੇ ਦਰਸ਼ਨ ਨੂੰ ਬਿਆਨਦਿਆਂ ਲਿਖਿਆ ਹੈ ਕਿ, “ਲੋਕਾਇਤ ਕਹਿੰਦੇ ਹਨ ਕਿ, ਆਤਮਾ ਜਿਹੀ ਕੋਈ ਚੀਜ਼ ਨਹੀਂ, ਮੁਕਤੀ ਚੰਗੇ ਮਾੜੇ ਕਰਮਾਂ ਤੋਂ ਪੈਦਾ ਹੋਣ ਜਿਹਾ ਕੁਝ ਵੀ ਨਹੀਂ…. ਭੂਤਕਾਲ ਕਦੇ ਵਾਪਿਸ ਨਹੀਂ ਆ ਸਕਦਾ। ਸਰੀਰ ਚਾਰ ਤੱਤਾਂ ਦਾ ਮੇਲ਼ ਹੈ – ਇਹ ਹਨ – ਧਰਤੀ, ਪਾਣੀ, ਅੱਗ ਅਤੇ ਹਵਾ। ਚੇਤਨਾ ਦਾ ਆਧਾਰ ਵੀ ਇਹੀ ਚਾਰ ਤੱਤ ਹਨ। ਜਿਵੇਂ ਸ਼ਰਾਬ ਬਣਾਉਣ ਵਾਲ਼ੇ ਪਦਾਰਥਾਂ ਤੋਂ ਨਸ਼ਾ ਪੈਦਾ ਹੁੰਦਾ ਹੈ, ਇਸੇ ਤਰ੍ਹਾਂ ਆਤਮਾ (ਚੇਤਨਾ) ਪੈਦਾ ਹੁੰਦੀ ਹੈ। ਇਸ ਲਈ ਚਾਰਵਾਕ ਦਾਅਵਾ ਕਰਦੇ ਹਨ ਕਿ ਦੁਨਿਆਵੀ ਸੁੱਖ ਜੋ ਸਾਹਮਣੇ ਹਨ ਉਨ੍ਹਾਂ ਦਾ ਤਿਆਗ ਕਰਨਾ ਮੂਰਖਤਾ ਹੈ ਅਤੇ ਮੂਰਖਤਾ ਹੈ ਉਸ ਮਗਰ ਦੌੜ੍ਹਨਾ ਜੋ ਕਦੇ ਦੇਖਿਆ ਹੀ ਨਹੀਂ ਗਿਆ, ਜਿਵੇਂ ਸਵਰਗੀ ਨਿਆਮਤਾਂ।” (ਉਹੀ, 429)
ਚਾਰਵਾਕ ਮੰਨਦੇ ਹਨ ਚੀਜ਼ਾਂ ਦਾ ਵਖਰੇਵਾਂ ਉਨ੍ਹਾਂ ਦੇ ਸੁਭਾਅ ਗੁਣ ਕਰਕੇ ਹੈ, ਕਿਸੇ ਬਾਹਰੀ ਸ਼ਕਤੀ ਕਰਕੇ ਨਹੀਂ। ਅਸਲ ਵਿਚ ਚਾਰਵਾਕ ਤਰਕ ਦੇ ਆਧਾਰ ਤੇ ਬੌਧਿਕਤਾ ਰਾਹੀਂ ਇਸ ਲੋਕ ਦਾ ਅਧਿਐਨ ਕਰਦੇ ਹਨ ਅਤੇ ਪਰਲੋਕਵਾਦੀਆਂ ਨੂੰ ਜਵਾਬ ਦਿੰਦੇ ਹਨ। ਪਰ ਪਰਲੋਕਵਾਦੀ ਵੇਦ ਸ਼ਾਸਤਰਾਂ ਨੂੰ ਅੰਤਿਮ ਸੱਚ ਮੰਨਦੇ ਹਨ ਅਤੇ ਜਿਸ ਵਿਚਾਰ ਦਾ ਜਵਾਬ ਇਥੋਂ ਨਹੀਂ ਮਿਲ਼ਦਾ ਉਸਦਾ ਨਿਰਣਾ ਬ੍ਰਾਹਮਣ ਤੇ ਛੱਡਦੇ ਹਨ। ਚਾਰਵਾਕ ਮੰਨੂ ਸਿਮ੍ਰਤੀ ਦੇ ਇਸ ਵਿਚਾਰ ਨੂੰ ਸਵੀਕਾਰ ਨਹੀਂ ਕਰ ਸਕਦੇ ਕਿ, “ਇਸ ਸ਼ਾਸਤਰ (ਮਨੂੰ ਸਿਮ੍ਰਤੀ) ਵਿਚ ਆਮ ਰੀਤੀ ਨਾਲ਼ ਹਰ ਤਰ੍ਹਾਂ ਦੇ ਧਰਮ ਬਿਆਨ ਕੀਤੇ ਗਏ ਹਨ, ਪਰੰਤੂ ਜੋ ਨਹੀਂ ਕਹੇ ਗਏ ਉਸਦੇ ਵਿਸ਼ੇ ਵਿਚ ਜੇ ਸ਼ੰਕਾ ਹੋਵੇ ਤਾਂ ਸ਼ਿਸ਼ਟ ਬ੍ਰਾਹਮਣ ਜੋ ਕਹੇ ਉਸਨੂੰ ਬਿਨਾਂ ਸ਼ੱਕ ਧਰਮ ਮੰਨੋ।” (12/108) ਇਵੇਂ ਪਰਲੋਕਵਾਦੀ ਮਨੁੱਖ ਦੀ ਬੌਧਿਕ ਸੁਤੰਤਰਤਾ ਨੂੰ ਪ੍ਰਵਾਨ ਹੀ ਨਹੀਂ ਕਰ ਸਕਦਾ ਅਤੇ ਲੋਕਵਾਦੀ ਇਸਨੂੰ ਛੱਡ ਨਹੀਂ ਸਕਦਾ।
ਭਾਰਤੀ ਦਰਸ਼ਨ ਵਿਚ ਚੇਤਨਾ (ਆਤਮਾ) ਉਪਰ ਲਗਾਤਾਰ ਬਹਿਸ ਚਲਦੀ ਰਹੀ ਹੈ। ਜੈਨੀ ਅਤੇ ਬੌਧ ਵੀ ਇਹ ਮੰਨਦੇ ਹਨ ਕਿ ਚੇਤਨਾ ਅਮਰ ਹੈ ਤੇ ਮੌਤ ਬਾਅਦ ਇਹ ਕਿਸੇ ਹੋਰ ਵਿਚ ਪ੍ਰਵੇਸ਼ ਕਰਦੀ ਹੈ। ਪਰ ਚਾਰਵਾਕ/ਲੋਕਾਇਤ ਦਰਸ਼ਨ ਇਸਨੂੰ ਸਵੀਕਾਰ ਨਹੀਂ ਕਰਦਾ। ਇਹੀ ਕਾਰਨ ਹੈ ਕਿ ਬੋਧੀ ਦਾਰਸ਼ਨਿਕਾਂ ਨੇ ਵੀ ਚਾਰਵਾਕਾਂ ਨੂੰ ਇਸ ਮੁੱਦੇ ਤੇ ਸਵੀਕਾਰ ਨਹੀਂ ਕੀਤਾ। ਚਾਰਵਾਕਾਂ ਅਨੁਸਾਰ ਜਦੋਂ ਸਰੀਰ ਨਸ਼ਟ ਹੁੰਦਾ ਹੈ ਤਾਂ ਉਸਦੇ ਨਾਲ਼ ਹੀ ਚੇਤਨਾ ਦਾ ਵੀ ਅੰਤ ਹੋ ਜਾਂਦਾ ਹੈ। ਇਹ ਵੀ ਨਹੀਂ ਸਵੀਕਾਰ ਕੀਤਾ ਜਾ ਸਕਦਾ ਕਿ ਮੌਤ ਸਮੇਂ ਚੇਤਨਾ ਕਿਸੇ ਮਾਧਿਅਮ ਸਰੀਰ ਵਿਚ ਸਥਾਨੰਤ੍ਰਿਤ (ਤਬਦੀਲ) ਹੁੰਦੀ ਹੈ ਕਿਉਂਕਿ ਅਜਿਹਾ ਕੋਈ ਸਰੀਰ ਨਜ਼ਰ ਨਹੀਂ ਆਉਂਦਾ। ਇਸ ਲਈ ਇਸਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਦੋ ਭਿੰਨ ਸਰੀਰਾਂ ਵਿਚ ਇਕ ਹੀ ਚੇਤਨਾ-ਸੰਤਾਨ ਨਹੀਂ ਰਹਿ ਸਕਦੀ। ਜਿਵੇਂ ਹਾਥੀ ਦੀ ਚੇਤਨਾ ਅਵਸਥਾ ਘੋੜੇ ਦੇ ਸਰੀਰ ਵਿਚ ਨਹੀਂ ਹੋ ਸਕਦੀ।
ਚਾਰਵਾਕ ਮੌਤ ਤੋਂ ਬਾਅਦ ਕਿਸੇ ਪ੍ਰਕਾਰ ਦੀ ਅਵਸਥਾ ਨੂੰ ਸਵੀਕਾਰ ਹੀ ਨਹੀਂ ਕਰਦੇ। ਉਹ ਕਹਿੰਦੇ ਹਨ ਜਦੋਂ ਕੋਈ ਵਸਤੂ ਸਥਾਈ ਤੱਤ ਹੀ ਨਹੀਂ ਹੈ ਜੋ ਮੌਤ ਤੋਂ ਬਾਅਦ ਰਹਿੰਦਾ ਹੋਵੇ ਤਾਂ ਫਿਰ ਪਰਲੋਕ ਕਿੱਥੇ ਹੈ? ਸਰੀਰ, ਬੁੱਧੀ ਅਤੇ ਇੰਦ੍ਰੀਆਂ ਦੇ ਵਿਹਾਰ ਲਗਾਤਾਰ ਬਦਲਦੇ ਰਹਿੰਦੇ ਹਨ ਤਾਂ ਫਿਰ ਮੌਤ ਤੋਂ ਬਾਅਦ ਸਥਿਰ ਸਥਿਤੀ ਹੋ ਹੀ ਨਹੀਂ ਸਕਦੀ ਜਿਸ ਕਰਕੇ ਵੱਖਰੀ ਆਤਮਾ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਵਾ, ਪਾਣੀ, ਅਗਨੀ ਤੇ ਧਰਤੀ ਦੇ ਅਣੂਆਂ ਦੀ ਰਚਨਾ ਤੇ ਪੁਨਰ ਰਚਨਾ ਦੇ ਕਾਰਨ ਹੀ ਚੇਤਨਾ ਪੈਦਾ ਹੁੰਦੀ ਹੈ। ਅਣੂ ਦੀ ਰਚਨਾ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਅਗਾਂਹ ਹੋਰ ਕੋਈ ਵੀ ਪਦਾਰਥ ਨਹੀਂ ਹੈ।
ਵਰਣ ਵਿਵਸਥਾ ਦੇ ਹੱਕ ਵਿਚ ਬੋਲਣ ਵਾਲ਼ੇ ਅੱਜ ਵੀ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਇਸਨੇ ਭਾਰਤੀ ਖੂਨ ਨੂੰ ਸ਼ੁੱਧ ਰੱਖਿਆ। ਪਰ ਚਾਰਵਾਕ ਕਿੰਨੇ ਯਥਾਰਥਵਾਦੀ ਸਨ ਕਿ ਉਹ ਮਨੁੱਖ ਦੀ ਕਾਮ ਪ੍ਰਵਿਰਤੀ ਨੂੰ ਪਰਲੋਕਵਾਦੀਆਂ ਨਾਲ਼ੋਂ ਵਧੇਰੇ ਚੰਗੀ ਤਰ੍ਹਾਂ ਸਮਝਦੇ ਸਨ। ਉਨ੍ਹਾਂ ਅਨੁਸਾਰ ਵਰਣ ਦੀ ਪਵਿੱਤਰਤਾ ਦੀ ਕੋਈ ਨਿਸ਼ਚਿਤਤਾ ਨਹੀਂ ਕਿਉਂਕਿ ਔਰਤ-ਮਰਦ ਦੀ ਬੇਕਾਬੂ ਕਾਮ ਵਾਸਨਾ ਨੂੰ ਦੇਖਦੇ ਹੋਏ ਇਹ ਕਹਿਣਾ ਅਸੰਭਵ ਹੈ ਕਿ ਕੋਈ ਵੀ ਗੋਤਰ ਜਾਂ ਕੋਈ ਵੀ ਕੁੱਲ ਇਤਿਹਾਸ ਵਿਚ ਸ਼ੁੱਧ ਰਹਿ ਸਕੀ ਹੋਵੇ ਚਾਹੇ ਮਾਂ ਪੱਖ ਹੋਵੇ ਜਾਂ ਪਿਉ ਪੱਖ। ਮਨੂੰ ਸਿਮ੍ਰਤੀ ਦੇ ਵਰਣ ਸੰਕਰ ਹੋਣ ਦੇ ਡਰ ਕਾਰਨ ਹੀ ਇਹੋ ਜਿਹੇ ਅਸੂਲ ਹਨ ਕਿ ਇਕ ਵਰਣ ਦਾ ਮਰਦ ਦੂਸਰੇ ਵਰਣ ਦੀ ਔਰਤ ਨਾਲ਼ ਕਾਮ-ਸੰਬੰਧ ਜੋੜੇ ਜਾਂ ਨਾਂ ਜੋੜੇ। ਸਹੀ ਕਿਹਾ ਗਿਆ ਹੈ ਕਿ ਦੁਨੀਆਂ ਤੇ ਕੋਈ ਨਸਲ ਅਤੇ ਭਾਸ਼ਾ ਸ਼ੁੱਧ ਨਹੀਂ ਹੈ। ਹਾਂ ਦਮਗਜੇ ਮਾਰੇ ਜਾ ਸਕਦੇ ਹਨ। ਪੁਰਾਣ ਭਰੇ ਹੋਏ ਹਨ ਰਿਸ਼ੀਆਂ-ਮੁੰਨੀਆਂ ਦੇ ਕਾਮੁਕ ਸੰਬੰਧਾਂ ਦੀਆਂ ਕਹਾਣੀਆਂ ਨਾਲ਼। ਬ੍ਰਹਮਾ ਵਲੋਂ ਆਪਣੀ ਪੁੱਤਰੀ ਉਪਰ ਮੋਹਿਤ ਹੋਣ ਤੋਂ ਅਗਾਂਹ ਸ਼ਾਇਦ ਹੋਰ ਕੁਝ ਕਹਿਣ ਲਈ ਨਹੀਂ ਬਚਦਾ। ਚਾਰਵਾਕ ਯਥਾਰਥ ਨੂੰ ਸਵੀਕਾਰ ਕਰਦੇ ਹਨ।
ਡਾ. ਐਸ. ਐਨ. ਦਾਸ ਗੁਪਤਾ ਨੇ ਚਾਰਵਾਕੀਆਂ ਦੇ ਦਰਸ਼ਨ ਦਾ ਅਧਿਐਨ ਕਰਦਿਆਂ ਕੁਝ ਨਤੀਜੇ ਕੱਢੇ ਹਨ ਜਿਨ੍ਹਾਂ ਵਿਚ ਕੁਝ ਦਾ ਜ਼ਿਕਰ ਉੱਪਰ ਆ ਗਿਆ ਹੈ। ਕੁਝ ਹਨ : ਇਹ ਮੰਨਣਾ ਹਾਸੋਹੀਣਾ ਹੈ ਕਿ ਮੌਤ ਤੋਂ ਬਾਅਦ ਕੋਈ ਕੁਝ ਵੀ ਯਾਦ ਰੱਖੇ ਜਾਂ ਇਹ ਕਿ ਮੌਤ ਤੋਂ ਬਾਅਦ ਕਰਮ ਫਲ਼ ਮਿਲ਼ੇਗਾ ਜਾਂ ਇਹ ਕਿ ਮੌਤ ਤੋਂ ਬਾਅਦ ਬ੍ਰਾਹਮਣਾਂ ਨੂੰ ਭੋਜਨ ਕਰਾਉਣ ਨਾਲ਼ ਤਥਾਕਥਿਤ ਮ੍ਰਿਤ ਆਤਮਾ ਨੂੰ ਕਿਸੇ ਤਰ੍ਹਾਂ ਦੀ ਸੰਤੁਸ਼ਟੀ ਮਿਲ਼ਦੀ ਹੈ। ਫੁੱਲਾਂ ਨਾਲ਼ ਮੂਰਤੀ ਪੂਜਾ ਜਾਂ ਧਾਰਮਿਕ ਰੀਤੀ ਨਾਲ਼ ਗੰਗਾ ਇਸ਼ਨਾਨ ਮੂਲੋਂ ਹੀ ਹਾਸੋਹੀਣਾ ਹੈ। ਮ੍ਰਿਤ ਆਤਮਾ ਲਈ ਸ਼ਰਾਧ ਕਰਨਾ ਉਪਯੋਗੀ ਨਹੀਂ ਕਿਉਂਕਿ ਜੇ ਭੋਜਨ ਦੀ ਭੇਂਟ ਮ੍ਰਿਤ ਆਤਮਾ ਨੂੰ ਸੰਤੁਸ਼ਟ ਕਰ ਸਕਦੀ ਹੈ ਤਾਂ ਯਾਤਰੀਆਂ ਦੀ ਭੁੱਖ ਵੀ ਘਰ ਵਾਲ਼ਿਆਂ ਵਲੋਂ ਘਰ ਵਿਚ ਹੀ ਭੋਜਨ ਪਕਾ ਕੇ ਭੇਂਟ ਕਰਨ ਨਾਲ਼ ਸੰਤੁਸ਼ਟ ਹੋ ਜਾਂਦੀ। ਅਸਲ ਵਿਚ ਸਰੀਰ ਦੀ ਮੌਤ ਅਤੇ ਜਲਾ ਦੇਣ ਦੇ ਨਾਲ਼ ਹੀ ਸਭ ਕੁਝ ਦਾ ਅੰਤ ਹੋ ਜਾਂਦਾ ਹੈ, ਸਰੀਰ ਦੇ ਰਾਖ ਹੋ ਜਾਣ ਤੇ ਕੁਝ ਵੀ ਬਾਕੀ ਨਹੀਂ ਬਚਦਾ। ਜੇ ਆਤਮਾ ਨਹੀਂ ਹੈ ਤਾਂ ਪੁਨਰ ਜਨਮ ਨਹੀਂ ਹੈ। ਈਸ਼ਵਰ ਤੇ ਪਰਲੋਕ ਨਹੀਂ ਹੈ। ਸ਼ਾਸਤਰ ਲੋਕਾਂ ਨੂੰ ਧੋਖਾ ਦੇਣ ਦਾ ਕੰਮ ਕਰ ਰਹੇ ਪੁਰੋਹਿਤਾਂ ਦੇ ਉਪਦੇਸ਼ ਮਾਤਰ ਹਨ, ਪੁਰਾਣ ਮਿਥਿਆ ਕਪੋਲ ਕਲਪਿਤ ਵਰਣਨ ਹਨ ਅਤੇ ਕਲਪਿਤ ਕਥਾਵਾਂ ਮਾਤਰ ਹਨ। ਪਾਪ ਤੇ ਪੁੰਨ ਦਾ ਕੋਈ ਅਰਥ ਨਹੀਂ ਹੈ। ਇਹ ਸਿਰਫ ਸ਼ਬਦ ਹਨ ਜਿਨ੍ਹਾਂ ਤੋਂ ਡਰ ਕੇ ਲੋਕ ਪੁਰੋਹਿਤਾਂ ਦਾ ਸਵਾਰਥ ਸਾਧਣ ਵਾਲ਼ੇ ਆਚਰਣ ਕਰਨ ਲਈ ਮਜਬੂਰ ਹਨ। ਚਾਰਵਾਕ ਤਰਕ ਸ਼ਾਸਤਰ ਦੇ ਖੇਤਰ ਵਿਚ ਪ੍ਰਤੱਖ ਤੋਂ ਸਿਵਾ ਹੋਰ ਕਿਸੇ ਨੂੰ ਪ੍ਰਮਾਣ ਨਹੀਂ ਮੰਨਦੇ। ਇਨ੍ਹਾਂ ਨੇ ਸ਼ਾਸਤਰਾਂ ਦੇ ਅਨੁਮਾਨ ਸਿਧਾਂਤ ਦੀ ਵੀ ਆਲੋਚਨਾ ਕੀਤੀ ਹੈ। ਉਨ੍ਹਾਂ ਅਨੁਸਾਰ ਅਨੁਮਾਨ ਗ਼ਲਤ ਵੀ ਹੋ ਸਕਦਾ ਹੈ। ਚਾਰਵਾਕ ਵਰਤਮਾਨ ਸੁੱਖ ਨੂੰ ਅਗਲੇ ਜਨਮ ਦੇ ਸੁੱਖ ਲਈ ਤਿਆਗਣ ਵਿਚ ਵਿਸ਼ਵਾਸ ਨਹੀਂ ਰੱਖਦੇ। ਉਨ੍ਹਾਂ ਲਈ ਹੱਥ ਵਿਚ ਆਇਆ ਕਬੂਤਰ ਕਲ੍ਹ ਨੂੰ (ਮੌਤ ਤੋਂ ਬਾਆਦ) ਮਿਲਣ ਵਾਲੇ ਮੋਰ ਤੋਂ ਵਧੇਰੇ ਮੁੱਲਵਾਨ ਹੈ। ਹੱਥ ਵਿਚ ਆਇਆ ਤਾਂਬੇ ਦਾ ਸਿੱਕਾ ਕੱਲ੍ਹ ਨੂੰ (ਸਵਰਗ ਵਿਚ) ਮਿਲ ਸਕਣ ਵਾਲ਼ੇ ਸੋਨੇ ਦੀ ਮੋਹਰ ਤੋਂ ਮੁੱਲਵਾਨ ਹੈ। (ਦਾਸ ਗੁਪਤਾ, ਪੰਨੇ 503-4)
ਡਾ. ਸੁਰੇਂਦ੍ਰ ਕੁਮਾਰ ਸ਼ਰਮਾ ‘ਅਗਿਆਤ’ ਨੇ ਆਪਣੀ ਪੁਸਤਕ “ਚਾਰਵਾਕ ਦਰਸ਼ਨ” ਵਿਚ ਵੱਖ-ਵੱਖ ਗ੍ਰੰਥਾਂ ਵਿਚ ਚਾਰਵਾਕ ਨਾਲ਼ ਜੋੜੇ ਜਾਂਦੇ 54 ਸੂਤਰਾਂ ਨੂੰ ਇਕ ਥਾਂ ਇਕੱਠਾ ਕਰ ਦਿੱਤਾ ਹੈ। ਦਕਸ਼ਿਣਾ ਰੰਜਨ ਸ਼ਾਸਤਰੀ ਵਲੋਂ ਬ੍ਰਹਸਪਤੀ ਅਰਥ ਸ਼ਾਸਤਰ ਵਿਚ ਦਿੱਤੇ 28 ਸੂਤਰ ਵੀ ਇਕ ਥਾਂ ਦੇ ਦਿੱਤੇ ਗਏ ਹਨ। ਇਨ੍ਹਾਂ ਸੂਤਰਾਂ ਤੋਂ ਉਪਰੋਕਤ ਆਏ ਵਿਚਾਰ ਇਕ ਥਾਂ ਆਉਣ ਕਰਕੇ ਚਾਰਵਾਕ ਦਰਸ਼ਨ ਨੂੰ ਸਮੁੱਚਤਾ ਵਿਚ ਸਮਝਣਾ ਆਸਾਨ ਹੋ ਗਿਆ ਹੈ। ਜਿਵੇਂ : ਅਰਥ ਅਤੇ ਕਾਮ ਇਹ ਦੋ ਹੀ ਪੁਰਸ਼ਾਰਥ ਹਨ। ਧਰਮ ਤੇ ਮੁਕਤੀ ਨੂੰ ਛੱਡ ਦਿੱਤਾ ਗਿਆ ਹੈ। ਮਨੂੰ ਸਿਮ੍ਰਤੀ ਇਨ੍ਹਾਂ ਤਰਕਵਾਦੀ ਨਾਸਤਕਾਂ ਬਾਰੇ ਸੁਚੇਤ ਹੈ ਜੋ ਅਰਥ ਤੇ ਕਾਮ ਨੂੰ ਹੀ ਸਮਾਜ ਦਾ ਆਧਾਰ ਮੰਨਦੇ ਹਨ। ਜਿਵੇਂ ‘ਇਸ ਸੰਸਾਰ ਵਿਚ ਕਿੰਨੇ ਹੀ ਆਚਾਰੀਆ ਧਰਮ ਅਤੇ ਅਰਥ ਨੂੰ ਕਲਿਆਣ ਸਰੂਪ ਮੰਨਦੇ ਹਨ। ਕਿੰਨੇ ਹੀ ਕਾਮ ਅਤੇ ਅਰਥ ਨੂੰ ਅਤੇ ਕਿੰਨੇ ਹੀ ਧਰਮ ਨੂੰ ਜਾਂ ਅਰਥ ਨੂੰ ਹੀ ਕਲਿਆਣ ਰੂਪ ਮੰਨਦੇ ਹਨ। ਪਰ ਧਰਮ ਅਰਥ ਅਤੇ ਕਾਮ ਇਹੋ ਤਿੰਨੇ ਕਲਿਆਣ ਸਰੂਪ ਹਨ-ਇਹੀ ਸਿਧਾਂਤ ਹੈd ‘ (2/224) ਅਜੋਕਾ ਦਰਸ਼ਨ ਵੀ, ਖਾਸ ਤੌਰ ਤੇ ਮਾਰਕਸਵਾਦ ਮੁਢਲੀਆਂ ਲੋੜਾਂ ਵਿਚ ਅਰਥ ਤੇ ਕਾਮ ਦੀ ਮਹੱਤਤਾ ਨੂੰ ਸਵੀਕਾਰ ਕਰਦਾ ਹੈ। ਬ੍ਰਹਸਪਤੀ ਆਦਿ ਵਲੋਂ ਦੱਸਿਆ ਗਿਆ ਹੈ ਕਿ ਅਰਥ ਸ਼ਾਸਤਰ ਹੀ ਵਿਦਿਆ ਹੈ। ਅਧਿਆਤਮ ਦੀਆਂ ਬਾਤਾਂ ਪਾਉਣ ਵਾਲੀਆਂ ਪੁਸਤਕਾਂ ਨੂੰ ਵਿਦਿਆ ਨਹੀਂ ਕਿਹਾ ਜਾ ਸਕਦਾ। ਇਸੇ ਅਰਥ ਸ਼ਾਸਤਰ ਵਿਚ ਖੇਤੀ, ਵਣਜ ਅਤੇ ਪਸ਼ੂ ਪਾਲਨ ਆਦਿ ਸ਼ਾਮਿਲ ਹਨ।
ਤਿੰਨੋਂ ਵੇਦ ਚਾਲਾਕ (ਧੂਰਤ) ਲੋਕਾਂ ਦਾ ਵਿਰਲਾਪ ਹੈ। ਚਾਲਾਕ ਲੋਕਾਂ ਦਾ ਵਿਰਲਾਪ ਹੋਣ ਕਾਰਨ ਇਨ੍ਹਾਂ ਤਿੰਨਾਂ ਵੇਦਾਂ ਦੁਆਰਾ ਕੀਤੇ ਗਏ ਯੱਗ ਅਨੁਸ਼ਠਾਨ ਯੱਗ ਕਰਤਾ ਨੂੰ ਕਥਿਤ ਸਵਰਗ ਆਦਿ ਦੀ ਪ੍ਰਾਪਤੀ ਕਰਵਾਉਣ ਵਿਚ ਅਸਮਰੱਥ ਹਨ। ਵੇਦ ਨਾ ਈਸ਼ਵਰੀਯ ਹਨ ਤੇ ਨਾ ਹੀ ਸਦੀਵੀ। ਬ੍ਰਾਹਮਣ ਆਦਿ ਚਾਰ ਵਰਣਾਂ ਅਤੇ ਬ੍ਰਹਮਚਰਜ ਅਤੇ ਗ੍ਰਹਿਸਥ ਆਦਿ ਆਸ਼ਰਮਾਂ ਵਰਗੇ ਧਰਮਾਂ ਦੇ ਪਾਲਣ ਦਾ ਕਿਸੇ ਪ੍ਰਲੋਕ ਵਿਚ ਕੋਈ ਫਲ਼ ਨਹੀਂ ਮਿਲ਼ਦਾ। ਸੁਬਹ ਸ਼ਾਮ ਹਵਨ ਕਰਨਾ, ਤਿੰਨਾਂ ਵੇਦਾਂ ਦੇ ਆਚਾਰ ਦਾ ਪਾਲਣ, ਡੰਡਧਾਰੀ ਸੰਨਿਆਸ ਅਤੇ ਮੱਥੇ ਤੇ ਭਸਮ ਦਾ ਟਿੱਕਾ ਆਦਿ ਕੰਮ ਕਥਿਤ ਵਿਧਾਤਾ ਨੇ ਉਨ੍ਹਾਂ ਲੋਕਾਂ ਦੀ ਰੋਟੀ ਦਾ ਤਰੀਕਾ ਬਣਾਇਆ ਹੈ ਜੋ ਬੁੱਧੀਹੀਣ ਅਤੇ ਪੁਰਸ਼ਾਰਥਹੀਣ (ਮਿਹਨਤ ਚੋਰ, ਹੱਡ ਹਰਾਮੀ) ਹਨ। ਵੇਦਾਂ ਵਿਚ ਕਹੀਆਂ ਗਈਆਂ ਯੱਗ ਕਰਨ ਦੀਆਂ ਵਿਧੀਆਂ ਅਨੁਸਾਰ ਯੱਗ ਵਿਚ ਮਾਰਿਆ ਗਿਆ (ਬਲੀ ਦਿੱਤਾ ਗਿਆ) ਪਸ਼ੂ ਜੇ ਸਵਰਗ ਨੂੰ ਜਾਂਦਾ ਹੈ ਤਾਂ ਯੱਗ ਕਰਨ ਵਾਲ਼ਾ ਵਿਅਕਤੀ ਆਪਣੇ ਪਿਉ ਨੂੰ ਹੀ ਯੱਗ ਵਿਚ ਮਾਰ ਕੇ ਉਸਨੂੰ ਸਵਰਗ ਵਿਚ ਕਿਉਂ ਨਹੀਂ ਭੇਜ ਦਿੰਦਾ?
ਜਦੋਂ ਤਕ ਜੀਵਨ ਹੈ, ਸੁੱਖ ਨਾਲ਼ ਜੀਉ, ਅਜਿਹਾ ਕੋਈ ਨਹੀਂ ਜਿਸਨੂੰ ਮੌਤ ਨਾ ਆਵੇ। ਜਦੋਂ ਸਰੀਰ ਇਕ ਬਾਰ ਜਲ਼ ਕੇ ਰਾਖ ਹੋ ਗਿਆ ਤਾਂ ਉਹ ਦੁਬਾਰਾ ਕਿਸ ਤਰ੍ਹਾਂ ਵਾਪਿਸ ਆ ਸਕਦਾ ਹੈ? ਭਾਵ ਜੀਵਨ ਦੁਬਾਰਾ ਆਉਣ ਵਾਲ਼ਾ ਨਹੀਂ। ਜੇਕਰ ਆਤਮਾ ਸਰੀਰ ਵਿਚੋਂ ਨਿਕਲ਼ ਕੇ ਪਰਲੋਕ ਚਲੀ ਜਾਂਦੀ ਹੈ ਤਾਂ ਉਹ ਰਿਸ਼ਤੇਦਾਰਾਂ ਦੇ ਪ੍ਰੇਮ ਦੀ ਬੱਧੀ ਵਾਪਿਸ ਉਨ੍ਹਾਂ ਕੋਲ਼ ਕਿਉਂ ਨਹੀਂ ਆ ਜਾਂਦੀ? ਤਿੰਨਾਂ ਵੇਦਾਂ ਦੇ ਰਚਣਹਾਰੇ ਭੰਡ, ਧੂਰਤ (ਚਾਲਾਕ) ਅਤੇ ਭੂਤ-ਪ੍ਰੇਤ ਹਨ। ਚਾਰਵਾਕ ਇਹ ਸਿੱਧ ਕਰਨ ਲਈ ਯੱਗ ਵਿਚ ਕੀਤੀਆਂ ਜਾਂਦੀਆਂ ਅਮਾਨਵੀ ਕਿਰਿਆਵਾਂ ਦਾ ਅਤੇ ਵਰਤੀ ਜਾਂਦੀ ਭੋਂਡੀ ਭਾਸ਼ਾ ਦਾ ਜ਼ਿਕਰ ਕਰਦੇ ਹਨ। ਜੋ ਚਾਰਵਾਕਾਂ ਨੂੰ ਆਚਰਣਹੀਣ ਕਹਿੰਦੇ ਹਨ, ਚਾਰਵਾਕ ਉਨ੍ਹਾਂ ਦੀਆਂ ਤਥਾਕਥਿਤ ਆਚਰਣਹੀਣ ਕ੍ਰਿਆਵਾਂ ਦਾ ਖੁਲਾਸਾ ਕਰਕੇ ਉਨ੍ਹਾਂ ਨੂੰ ਭੂਤ-ਪ੍ਰੇਤ ਸਿੱਧ ਕਰਦੇ ਹਨ। ਇਵੇਂ ਹੀ ਦਿਗੰਬਰ ਜੈਨੀਆਂ ਅਤੇ ਸਰੀਰ ਨੂੰ ਕਸ਼ਟ ਦੇਣ ਵਾਲ਼ਿਆਂ ਦਾ ਵਿਰੋਧ ਕਰਦਿਆਂ ਚਾਰਵਾਕ ਪੁੱਛਦੇ ਹਨ, ”ਹੇ ਨੰਗੇ ਸਾਧੂ, ਹੇ ਦੁਰਬੁੱਧੀ, ਹੇ ਆਪਣੇ ਸਰੀਰ ਨੂੰ ਕਸ਼ਟ ਦੇਣ ਵਾਲ਼ੇ, ਤੈਨੂੰ ਜੀਵਨ ਜੀਊਣ ਦਾ ਇਹ ਢੰਗ ਕਿਸਨੇ ਸਿਖਾਇਆ ਹੈ?” (ਇਨ੍ਹਾਂ ਉਪਰੋਕਤ ਵਿਚਾਰਾਂ ਦੇ ਮੂਲ਼ ਸ੍ਰੋਤ ਸੰਸਕ੍ਰਿਤ ਤਕ ਪਹੁੰਚਣ ਲਈ ਪੜ੍ਹੋ ‘ਚਾਰਵਾਕ ਦਰਸ਼ਨ’, ਪੰਨੇ : 26-38)
ਚਾਰਵਾਕ ਦਾਰਸ਼ਨਿਕ ਤੌਰ ਤੇ ਹੀ ਪਦਾਰਥਵਾਦੀਆਂ ਦਾ ਪ੍ਰਤਿਨਿਧੀ ਨਹੀਂ ਹੈ ਸਗੋਂ ਉਹ ਵਿਅਕਤੀਗਤ ਤੌਰ ਤੇ ਮਹਾਂਭਾਰਤ ਵਿਚ ਯੁੱਧ ਵਿਰੋਧੀ ਬੁਲੰਦ ਆਵਾਜ਼ ਦਾ ਪ੍ਰਤਿਨਿਧੀ ਬਣ ਕੇ ਵੀ ਸਾਹਮਣੇ ਆਂਉਂਦਾ ਹੈ। ਇਥੇ ਉਹ ਪ੍ਰਤਿਨਿਧ ਨਹੀਂ ਵਿਅਕਤੀ ਵਿਸ਼ੇਸ਼ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਮਹਾਂਭਾਰਤ ਦੇ ਸ਼ਾਂਤੀ ਪਰਵ ਪੂਰਵਾਰਧ ਦੇ ਅਠਤਾਲ਼ੀਵੇਂ ਅਧਿਆਇ ਅਨੁਸਾਰ, ਯੁੱਧ ਜਿੱਤਣ ਪਿਛੋਂ ਯੁਧਿਸ਼ਟਰ ਦੇ ਨਗਰ ਪ੍ਰਵੇਸ਼ ਸਮੇਂ ਸਮੂਹ ਨਗਰਵਾਸੀ, ਨਰ-ਨਾਰੀ, ਬੱਚੇ-ਬੁੱਢੇ, ਪ੍ਰਤਿਨਿਧ ਵਰਗ ਤੇ ਸਭ ਤੋਂ ਵੱਧ ਪੁਰੋਹਿਤ ਤੇ ਬ੍ਰਾਹਮਣ ਅਤਿ ਪ੍ਰਸੰਨ ਸਨ। ਯੁਧਿਸ਼ਟਰ ਦੁਆਰਾ ਬ੍ਰਾਮਹਣਾਂ ਦੀ ਪੂਜਾ ਕਰਨ ਉਪਰੰਤ ਉਨ੍ਹਾਂ ਨੂੰ ਖੁਲ੍ਹੇ ਦਿਲ ਨਾਲ਼ ਦਾਨ ਦਿੱਤਾ ਜਾ ਰਿਹਾ ਹੈ। ਪੁੰਨ ਦੀ ਉਸਤਤੀ ਤੋਂ ਬਾਅਦ ਜਦੋਂ ਵਿਜੈ ਦਾ ਨਗਾਰਾ ਵੱਜਦਾ ਹੈ ਤਾਂ, “ਬ੍ਰਾਹਮਣ ਵੇਸ ਵਿਚ ਚਾਰਵਾਕ ਨਹੀਂ ਰਾਕਸ਼ਸ” (ਮਹਾਂਭਾਰਤਕਾਰ) ਉੱਠ ਕੇ ਧਰਮਰਾਜ ਯੁਧਿਸ਼ਟਰ ਨੂੰ ਸੰਬੋਧਨ ਕਰਦਾ ਹੋਇਆ ਇਉਂ ਕਹਿੰਦਾ ਹੈ, “ਇਹ ਸਾਰੇ ਬ੍ਰਾਹਮਣ ਆਪਣੀ ਵੱਲੋਂ ਮੈਨੂੰ ਕਹਾ ਰਹੇ ਹਨ ਕਿ ਤੈਨੂੰ ਲਾਹਨਤ ਹੈ, ਧਿੱਕਾਰ ਹੈ, ਤੂੰ ਬੜਾ ਦੁਸ਼ਟ ਰਾਜਾ ਹੈਂ। ਤੂੰ ਆਪਣੇ ਰਿਸ਼ਤੇਦਾਰਾਂ ਦੀ ਹੱਤਿਆ ਕਰਨ ਵਾਲ਼ਾ ਹਤਿਆਰਾ ਹੈਂ। ਤੈਨੂੰ ਸੰਬੰਧੀ ਮਰਵਾਉਣ ਦਾ ਕੀ ਲਾਭ ਹੋਇਆ? ਆਪਣੇ ਤੋਂ ਵੱਡੇ ਪੂਜਣਯੋਗ ਪੁਰਸ਼ਾਂ ਦੀ ਹੱਤਿਆ ਕਰਵਾਉਣ ਦੀ ਬਜਾਇ ਤੇਰਾ ਆਪ ਮਰ ਜਾਣਾ ਚੰਗਾ ਹੈ।” ਚਾਰਵਾਕ ਦੇ ਇਨ੍ਹਾਂ ਕੌੜੇ ਵਾਕਾਂ ਨਾਲ਼ ਯੁਧਿਸ਼ਟਰ ਸਮੇਤ ਸਾਰੇ ਬ੍ਰਾਹਮਣ ਲਜਿੱਤ ਅਤੇ ਦੁਖੀ ਹੁੰਦੇ ਹਨ। ਤੇ ਹੋਸ਼ ਵਿਚ ਆਉਣ ਤੋਂ ਬਾਅਦ ਚਾਰਵਾਕ ਨੂੰ ਦੁਰਯੋਧਨ ਦਾ ਮਿੱਤਰ ਦੱਸਦੇ ਹੋਏ ਕ੍ਰੋਧਿਤ ਹੋ ਕੇ ਮਾਰ ਮੁਕਾਉਂਦੇ ਹਨ।”
ਇਨ੍ਹਾਂ ਵਿਚਾਰਾਂ ਦੀ ਰੌਸ਼ਨੀ ਵਿਚ ਮਨੂੰ ਸਿਮ੍ਰਤੀਕਾਰ ਦਾ ‘ਨਾਸਤਿਕਾਂ’ ਪ੍ਰਤੀ ਵਤੀਰਾ ਇਕ ਦਮ ਸਾਫ਼ ਹੋ ਜਾਣਾ ਚਾਹੀਦਾ ਹੈ। ਪਹਿਲਾਂ ਪਰਲੋਕ ਵਾਦੀਆਂ ਦੇ ਦਰਸ਼ਨ ਬਾਰੇ ਮਨੂੰ ਸਿਮ੍ਰਤੀ ਦੇ ਵਿਚਾਰ ਦੇਖ ਲੈਣੇ ਚਾਹੀਦੇ ਹਨ। ਕਿਹਾ ਗਿਆ ਹੈ, ‘ਬ੍ਰਾਹਮਣ ਦਾ ਹਤਿਆਰਾ-ਕੁੱਤੇ, ਸੂਅਰ, ਗਧੇ, ਊਠ, ਬਕਰੇ, ਭੇਡ, ਮ੍ਰਿਗ, ਪੰਛੀ, ਚੰਡਾਲ ਅਤੇ ਨੀਚ ਜੂਨਾਂ ਵਿਚ ਪੈਂਦਾ ਹੈ।’ (12/155) ਪਹਿਲੀ ਗੱਲ ਬ੍ਰਾਹਮਣ ਦਾ ਹਤਿਆਰਾ ਜੇ ਸ਼ੂਦਰ ਹੋਵੇ ਤਾਂ ਉਸਨੂੰ ਮੌਤ ਦੀ ਸਜ਼ਾ ਹੈ। ਉਸ ਤੋਂ ਬਾਅਦ ਉਹ ਤੇ ਬਾਕੀ ਲੋਕ ਪਸ਼ੂ, ਪੰਛੀਆਂ ਤੇ ਨੀਚ-ਚੰਡਾਲ ਦੀ ਜੂਨੇ ਪੈਣਗੇ। ਇਥੇ ਪੁਨਰ ਜਨਮ ਵੀ ਮੰਨਿਆ ਗਿਆ ਹੈ ਤੇ ਡਰਾਵੇ ਲਈ ਵਰਤਿਆ ਵੀ ਗਿਆ ਹੈ। ਪਰ ਨਾਸਤਿਕ ਕਹਿੰਦਾ ਹੈ ਚਾਰ ਤੱਤਾਂ ਦਾ ਸਰੀਰ ਜਲਣ ਬਾਦ ਕੁਝ ਵੀ ਬਾਕੀ ਨਹੀਂ ਬਚਦਾ। ਚੇਤਨਾ ਵੀ ਸਰੀਰ ਦੇ ਨਾਲ਼ ਹੀ ਹੈ। ਫਿਰ ਨਾ ਪੁਨਰ ਜਨਮ ਹੈ ਤੇ ਨਾ ਪਰਲੋਕ। ਬ੍ਰਾਹਮਣ-ਸ਼ੂਦਰ ਸੰਬੰਧਾਂ ਵਿਚੋਂ ਪੈਦਾ ਹੋਈ ਕੰਨਿਆ ਨੂੰ ਸੱਤਵੇਂ ਜਨਮ ਵਿਚ ਜਾ ਕੇ ਬ੍ਰਾਹਮਣ ਬਣਨ ਦਾ ਲਾਰਾ ਲਾਇਆ ਗਿਆ ਹੈ। ‘ਬ੍ਰਾਹਮਣ ਦੀ ਸ਼ੂਦਰਾ ਤੋਂ ਪੈਦਾ ਹੋਈ ਪਾਰਸ਼ਵ ਕੰਨਿਆ ਜੇਕਰ ਉੱਤਮ ਇਸਤ੍ਰੀ ਹੋ ਜਾਏ ਤਾਂ ਨਖਿੱਧ ਪਾਰਸ਼ਵ ਵੀ ਸੱਤਵੇਂ ਜਨਮ ਵਿਚ ਬ੍ਰਾਹਮਣ ਜਾਤੀ ਦੀ ਹੋ ਜਾਂਦੀ ਹੈ।’ (10/64) ਜੇ ਸਰੀਰ ਤੇ ਚੇਤਨਾ ਮਰਨ ਤੋਂ ਬਾਅਦ ਰਾਖ਼ ਤਕ ਸੀਮਤ ਹੋ ਜਾਂਦੀ ਹੈ ਤਾਂ ਦੂਸਰਾ ਜਨਮ ਕੋਈ ਨਹੀਂ ਤਾਂ ਫਿਰ ਸੱਤਵਾਂ ਕੌਣ ਦੇਖੂ ਤੇ ਉਸ ਜਨਮ ਨੂੰ ਕੌਣ ਪਛਾਣੂ? ‘ਇਨਾਮ ਦੀ ਇੱਛਾ ਨਾ ਕਰਕੇ ਗਊ, ਬ੍ਰਾਹਮਣ, ਔਰਤ ਅਤੇ ਬਾਲਕ ਇਨ੍ਹਾਂ ਵਿਚੋਂ ਕਿਸੇ ਲਈ ਵੀ ਪ੍ਰਾਣ ਤਿਆਗ ਕਰਨਾ ਪ੍ਰਤਿਲੋਭਨ ਜਾਤੀਆਂ ਵਾਲ਼ਿਆਂ ਲਈ ਸਿੱਧੀ ਦਾ ਕਾਰਨ ਹੁੰਦਾ ਹੈ ਭਾਵ ਉਹ ਸਵਰਗ ਨੂੰ ਜਾਂਦੇ ਹਨ।’ (10/162) ਬ੍ਰਾਹਮਣ, ਔਰਤ ਅਤੇ ਬਾਲਕ ਨੂੰ ਬਚਾਉਣ ਵਾਲ਼ਾ ਜੇ ਪ੍ਰਾਣ ਤਿਆਗ ਦੇਵੇ, ਪਰ ਜੇ ਸ਼ੂਦਰ ਨੂੰ ਬਚਾਉਣਾ ਹੋਵੇ ਫਿਰ? ਬ੍ਰਾਹਮਣ ਉਸਨੂੰ ਛੂਹੇਗਾ ਵੀ ਨਹੀਂ। ਜੇ ਸ਼ੂਦਰ ਬਚਾਉਂਦਾ ਪ੍ਰਾਣ ਤਿਆਗੇ ਫਿਰ? ਉਸ ਲਈ ਤਾਂ ਸਵਰਗ ਹੈ ਹੀ ਨਹੀਂ, ਇਥੇ ਵੀ ਨਰਕ ਤੇ ਅਗਾਂਹ ਤਾਂ ਕੋਈ ਜੀਵਨ ਹੈ ਹੀ ਨਹੀਂ। ‘ਨਿਰੰਤਰ ਵੇਦ ਦਾ ਅਭਿਆਸ, ਪਵਿਤ੍ਰਤਾ, ਤਪ ਅਤੇ ਪ੍ਰਾਣੀਆਂ ਦੇ ਅਦੋਹ ਤੋਂ (ਧ੍ਰੋਅ ਨਾ ਕਮਾਉਣ ਤੋਂ) ਮਨੁੱਖ ਨੂੰ ਪੂਰਵ ਜਨਮ ਦੀ ਜਾਤੀ ਯਾਦ ਆਉਂਦੀ ਹੈ।’ (4/148) ਇਥੇ ਇਕ ਤਾਂ ਪੂਰਵ ਜਨਮ ਦੀ ਯਾਦ ਆਉਂਦੀ ਹੈ, ਭਾਵ ਵੇਦ ਅਭਿਆਸ ਆਦਿ ਤੋਂ ਮਨੁੱਖ ਵਿਚ ਇਹ ਸ਼ਕਤੀ ਆ ਜਾਂਦੀ ਹੈ ਜਿਸ ਤੋਂ ਪਿਛਲੇ ਜਨਮਾਂ ਬਾਰੇ ਉਸਨੂੰ ਗਿਆਨ ਹੋ ਜਾਂਦਾ ਹੈ। ਸਿਰਫ਼ ਅਗਲੇ ਜਨਮ ਦਾ ਹੀ ਪਤਾ ਨਹੀਂ ਲੱਗਦਾ ਸਗੋਂ ਪਿਛਲੇ ਜਨਮ ਵਿਚ ਉਹ ਕਿਸ ਜਾਤ ਵਿਚ ਪੈਦਾ ਹੋਇਆ ਸੀ ਇਸ ਦਾ ਵੀ ਪਤਾ ਲੱਗ ਜਾਂਦਾ ਹੈ। ਚਾਰਵਾਕ ਨਾਸਤਿਕ ਵੇਦ ਅਭਿਆਸ, ਪਵਿਤ੍ਰਤਾ, ਤਪ ਆਦਿ ਨੂੰ ਧੂਰਤ (ਚਲਾਕ) ਲੋਕਾਂ ਦੀਆਂ ਚਾਲਾਂ ਤੇ ਖਾਣ-ਪੀਣ ਦੇ ਸਾਧਨ ਦੱਸਦੇ ਹਨ ਜਿਵੇਂ ਅਸੀਂ ਪਿਛੇ ਦੇਖ ਆਏ ਹਾਂ ਫਿਰ ਪਰਲੋਕਵਾਦੀ ਨਾਸਤਿਕਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ?
‘ਦਵਿਜ ਜਾਤੀ ਦਾ ਵਿਅਕਤੀ (ਕਸ਼ਤਰੀ, ਵੈਸ਼) ਵੀ ਬ੍ਰਾਹਮਣ ਨੂੰ ਮਾਰਨ ਦੀ ਇੱਛਾ ਕਰਕੇ ਉਸ ਉਪਰ ਡੰਡਾ ਚੁੱਕਣ ਨਾਲ਼ ਹੀ ਸੌ ਸਾਲ ਤਕ ਤਾਮਿਸ੍ਰ ਨਰਕ ਵਿਚ ਭਉਂਦਾ ਰਹਿੰਦਾ ਹੈ।’ (4/165) ਇਥੇ ਸ਼ੂਦਰ ਨੂੰ ਤਾਂ ਸਿੱਧੀ ਮੌਤ ਹੈ, ਪਰ ਜੇ ਕਸ਼ਤਰੀ, ਵੈਸ਼, ਬ੍ਰਾਹਮਣ ਨੂੰ ਮਾਰਨ ਦੀ ‘ਇੱਛਾ’ ਵੀ ਕਰੇ ਤਾਂ ਵੀ ਸੌ ਸਾਲ ਤਕ ਨਰਕਾਂ ‘ਚ ਜਾਂਦਾ ਹੈ। ਨਾਸਤਿਕ ਕਹੇਗਾ ਅਗਲਾ ਜਨਮ ਹੀ ਨਹੀਂ ਤਾਂ ਸੁਰਗ ਨਰਕ ਨੂੰ ਕੌਣ ਜਾਵੇਗਾ? ਅਜਿਹੇ ਤਰਕਸ਼ੀਲ ਚਾਰਵਾਕੀਆਂ ਨੂੰ ਮਨੂੰ ਸਿਮ੍ਰਤੀ ਨਫ਼ਰਤ ਕਰਦੀ ਹੈ ਭਾਵੇਂ ਉਹ ਉਨ੍ਹਾਂ ਦੇ ਆਪਣੇ ਵਰਣ ਵਿਚੋਂ ਹੀ ਸਨ। ਹਾਂ, ਚਾਰਵਾਕ ਬ੍ਰਾਹਮਣ ਹੀ ਸਨ ਕਿਉਂਕਿ ਸ਼ੂਦਰਾਂ ਨੂੰ ਪੜ੍ਹਨ ਤਾਂ ਕੀ ਸੰਸਕ੍ਰਿਤ ਸੁਣਨ ਦਾ ਵੀ ਅਧਿਕਾਰ ਨਹੀਂ ਸੀ। ਇਥੇ ਵਿਚਾਰਧਾਰਕ ਵਿਰੋਧਤਾ ਦਾ ਮਸਲਾ ਹੈ। ਪਰਲੋਕਵਾਦੀ ਵਿਚਾਰਧਾਰਾ ਰਾਜ ਕਰਦੇ (ਕਸ਼ਤਰੀ, ਬ੍ਰਾਹਮਣ ਗੱਠਜੋੜ) ਦੇ ਹਿੱਤਾਂ ਦੀ ਰਾਖੀ ਵੀ ਕਰਦੀ ਹੈ ਇਸ ਲਈ ਹਿੱਤਾਂ ਦੀ ਵਿਰੋਧੀ ਵਿਚਾਰਧਾਰਾ ਨੂੰ ਪਛਾੜਨਾ, ਲਿਤਾੜਨਾ ਤੇ ਬਰਬਾਦ ਕਰਨਾ ਇਸ ਗੱਠਜੋੜ ਦਾ ਮੁੱਖ ਨਿਸ਼ਾਨਾ ਰਿਹਾ ਹੈ। ਇਸੇ ਲਈ ਮਨੂੰ ਸਿਮ੍ਰਤੀ ਨਾਸਤਿਕਾਂ ਨੂੰ ਯਾਦ ਕਰਦਿਆਂ ਵਿਚਾਰਧਾਰਕ ਪੁਜੀਸ਼ਨਾਂ ਵੀ ਸਪੱਸ਼ਟ ਕਰ ਦਿੰਦੀ ਹੈ।
ਮਨੂੰ ਸਿਮ੍ਰਤੀ ਵੇਦ ਨੂੰ ‘ਸ਼ਰੁਤੀ’ ਮੰਨਦੀ ਹੈ ਅਤੇ ਧਰਮ ਸ਼ਾਸਤਰ ਨੂੰ ਸਿਮ੍ਰਤੀ। ਪਰ ਨਾਲ਼ ਹੀ ਕਹਿੰਦੀ ਹੈ, ‘ਇਹ ਦੋਨੋਂ ਸਾਰੇ ਵਿਸ਼ਿਆਂ ਵਿਚ ਤਰਕ ਦੇ ਦਾਇਰੇ ਵਿਚ ਨਹੀਂ, ਕਿਉਂਕਿ ਇਨ੍ਹਾਂ ਤੋਂ ਹੀ ਧਰਮ ਦੀ ਉਤਪੱਤੀ ਹੁੰਦੀ ਹੈ।'(2/10) ਸਿਮ੍ਰਤੀਕਾਰ ਨੇ ਸਭ ਤੋਂ ਪਹਿਲਾਂ ਪਰਲੋਕਵਾਦੀ ਗ੍ਰੰਥਾਂ ਨੂੰ ਤਰਕ ਤੋਂ ਉਪਰ ਕਰ ਲਿਆ ਹੈ। ਇਥੇ ਰਜਨੀਸ਼ (ਓਸ਼ੋ) ਯਾਦ ਆ ਜਾਂਦਾ ਹੈ ਜੋ ਸਾਰੀ ਦੁਨੀਆਂ ਦੇ ਦਰਸ਼ਨਾਂ ਦੀ ਪੁਣਛਾਣ ਕਰਦਾ ਹੈ ਪਰ ਆਪ ਨੂੰ ਕਿਸੇ ਵੀ ਤਰਕ ਤੋਂ ਉਪਰ ਰੱਖਦਾ ਹੈ। ਇਸ ਤਰ੍ਹਾਂ ਮਨੂੰ ਸਿਮ੍ਰਤੀ ਨੂੰ ਤਰਕਵਾਦੀਆਂ/ਨਾਸਤਕਾਂ ਤੋਂ ਬਚਾਉਣ ਦਾ ਯਤਨ ਕੀਤਾ ਹੈ, ਪਰ ਚਾਰਵਾਕੀਆਂ ਨੇ ਆਲੋਚਨਾ ਦਾ ਆਪਣਾ ਅਧਿਕਾਰ ਕਦੇ ਵੀ ਛੱਡਿਆ ਨਹੀਂ। ਇਸੇ ਲਈ ਸਿਮ੍ਰਤੀਕਾਰ ਨਾਸਤਕਾਂ ਨੂੰ ਸਮਾਜ ਤੋਂ ਬਾਹਰ ਕੱਢਣ ਦਾ ਆਦੇਸ਼ ਦਿੰਦਾ ਹੈ। ‘ਜੋ ਬ੍ਰਾਹਮਣ ਦੋਨਾਂ-ਧਰਮ ਦੇ ਮੂਲ਼ (ਸ਼ਰੂਤੀ ਤੇ ਸਿਮ੍ਰਤੀ) ਦਾ ਤਰਕ ਸ਼ਾਸਤਰ ਰਾਹੀਂ ਅਪਮਾਨ ਕਰਦਾ ਹੈ ਉਹ ਨਾਸਤਿਕ ਅਤੇ ਵੇਦ-ਨਿੰਦਕ ਹੈ। ਸਾਧੂਜਨਾਂ (ਬ੍ਰਾਹਮਣਾਂ) ਨੂੰ ਚਾਹੀਦਾ ਹੈ ਕਿ ਉਸਨੂੰ ਸਮਾਜ ਤੋਂ ਬਾਹਰ ਕੱਢ ਦੇਣ।’ ਜਿਹੜੇ ਲੋਕ ਤਰਕ ਕਰਨ ਵਾਲ਼ੇ ਨੂੰ ਸਮਾਜ ਤੋਂ ਬਾਹਰ ਕੱਢਣਾ ਚਾਹੁੰਦੇ ਹਨ, ਸਮਝ ਵਿਚ ਆਉਣ ਵਾਲ਼ੀ ਗੱਲ ਹੈ ਕਿ ਉਹ ਉਸਨੂੰ ਕਿੰਨੀ ਕੁ ਘਿਰਣਾ ਕਰਦੇ ਹੋਣਗੇ। ਬ੍ਰਾਹਮਣ ਖ਼ੁਦ ਹੀ ਇਨ੍ਹਾਂ ਚਾਰਵਾਕੀਆਂ ਨਾਲ਼ ਘਿਰਣਾ ਨਹੀਂ ਸਨ ਕਰਦੇ ਸਗੋਂ ਇਨ੍ਹਾਂ ਨੇ ਸਮਾਜ ਵਿਚ ਵੀ ਇਨ੍ਹਾਂ ਨੂੰ ਘਿਰਣਾ ਦਾ ਪਾਤਰ ਬਣਾ ਦਿੱਤਾ। ਇਥੋਂ ਤਕ ਕਿ ਉਨ੍ਹਾਂ ਨੂੰ ਦੇਵ-ਪਿੱਤਰ ਸੰਸਕਾਰ ਕਰਨ ਦੇ ਵੀ ਆਯੋਗ ਕਰਾਰ ਦਿੱਤਾ। ਸਿਮ੍ਰਤੀ ਕਹਿੰਦੀ ਹੈ, ‘ਮਨੂੰ ਨੇ ਚੋਰ, ਪਾਤਕੀ, ਨਪੁੰਸਕ ਅਤੇ ਨਾਸਤਿਕ ਬਿਰਤੀ ਵਾਲ਼ੇ ਬ੍ਰਾਹਮਣਾਂ ਨੂੰ ਦੇਵ-ਪਿੱਤਰ ਕਰਮ ਕਰਨ ਦੇ ਆਯੋਗ ਹਨ।’ (3/150) ਵੈਸੇ ਤਾਂ ਜਿਵੇਂ ਅਸੀਂ ਉਪਰ ਦੇਖ ਆਏ ਹਾਂ ਕਿ ਚਾਰਵਾਕ ਇਨ੍ਹਾਂ ਕਰਮਾਂ, ਸ਼ਰਾਧ ਆਦਿ ਨੂੰ ਪ੍ਰਵਾਨ ਹੀ ਨਹੀਂ ਕਰਦੇ ਪਰ ਸਿਮ੍ਰਤੀ ਵਲੋਂ ਉਨ੍ਹਾਂ ਉਪਰ ਪਾਬੰਦੀ ਲਾਉਣ ਦਾ ਅਰਥ ਹੀ ਵੱਖਰਾ ਹੈ। ਸਿਮ੍ਰਤੀ ਆਦੇਸ਼ ਦਿੰਦੀ ਹੈ ਕਿ ਚਾਰਵਾਕੀਆਂ ਦਾ ਸ਼ਬਦਾਂ ਵਿਚ ਵੀ ਆਦਰ ਸਤਿਕਾਰ ਨਾ ਕੀਤਾ ਜਾਵੇ। ‘ਪਾਖੰਡੀ, ਬੁਰੇ ਕਰਮ ਕਰਨ ਵਾਲ਼ੇ, ਬੈੜਾਲ (ਬਿੱਲੀ) ਬਿਰਤੀ ਵਾਲ਼ੇ, ਮੂਰਖ, ਵੇਦ ਵਿਚ ਤਰਕ ਕਰਨ ਵਾਲ਼ੇ ਅਤੇ ਬਗਲਾ ਬਿਰਤੀ ਵਾਲ਼ਿਆਂ ਦਾ ਵਾਣੀ ਮਾਤਰ ਨਾਲ਼ ਵੀ ਆਦਰ ਨਾ ਕਰੇ।'(4/30) ਤਰਕ ਕਰਨ ਵਾਲ਼ਿਆਂ ਦਾ ਆਤੰਕ ਏਨਾ ਹੈ ਕਿ ਮਨੂੰ ਸਿਮ੍ਰਤੀਕਾਰ ਉਨ੍ਹਾਂ ਨੂੰ ਪਾਖੰਡੀਆਂ, ਕੁਕਰਮੀਆਂ, ਮੂਰਖਾਂ, ਬਗਲਾ-ਬਿੱਲੀ ਬਿਰਤੀ ਵਾਲ਼ਿਆਂ ਵਿਚ ਗਿਣਦਾ ਹੈ। ਅਸਲ ਵਿਚ ਪਰਲੋਕਵਾਦੀ ਤਰਕ ਸਾਹਮਣੇ ਖੜ੍ਹੇ ਨਹੀਂ ਰਹਿ ਸਕਦੇ ਇਸੇ ਲਈ ਆਪਣੇ ਆਪ ਨੂੰ ਨਿਯਮਾਂ ਦੀ ਦੁਹਾਈ ਦੇ ਕੇ ਬਚਾਈ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹੇ ਹਨ।
ਬ੍ਰਾਹਮਣ ਲਈ ਜਦੋਂ ਕੁਝ ਨਾ ਕਰਨ ਦਾ ਸੁਝਾਅ ਦਿੱਤਾ ਜਾਂਦਾ ਹੈ ਤਾਂ ਹੋਰ ਬੁਰਾਈਆਂ ਦੇ ਨਾਲ਼ ਨਾਲ਼ ਨਾਸਤਿਕਤਾ ਨੂੰ ਤਿਆਗਣ ਦਾ ਆਦੇਸ਼ ਨਹੀਂ ਭੁੱਲਿਆ ਜਾਂਦਾ। ‘ਨਾਸਤਿਕਤਾ, ਵੇਦਾਂ ਦੀ ਨਿੰਦਾ, ਦੇਵਤਿਆਂ ਦੀ ਬੁਰਾਈ, ਦਵੇਸ਼, ਪਾਖੰਡ, ਹੰਕਾਰ, ਕ੍ਰੋਧ ਅਤੇ ਕਰੂਰਤਾ ਨੂੰ ਤਿਆਗ ਦੇਵੇ।’ (4/163) ਲੱਗਦਾ ਹੈ ਇਹ ਸਾਰੇ ਔਗੁਣ (ਨਾਸਤਿਕਤਾ ਸਮੇਤ) ਚਾਰਵਾਕੀਆਂ ਵਿਚ ਹੀ ਹੋਣ। ਚਾਰਵਾਕ ਵੇਦਾਂ ਨੂੰ ਸਦੀਵੀ ਨਹੀਂ ਮੰਨਦੇ, ਦੇਵਤਿਆਂ ਨੂੰ ਉਹ ਕਪੋਲ ਕਥਾਵਾਂ ਦੇ ਪਾਤਰ ਕਹਿੰਦੇ ਹਨ। ਫਿਰ ਸਿਮ੍ਰਤੀਕਾਰ ਦਾ ਉਨ੍ਹਾਂ ਨਾਲ਼ ਨਾਰਾਜ ਹੋਣਾ ਸੁਭਾਵਕ ਹੀ ਹੈ। ”ਜਿਸ ਰਾਜ ਵਿਚ ਸ਼ੂਦਰਾਂ ਤੇ ਨਾਸਤਿਕਾਂ ਦੀ ਬਹੁਤਾਤ ਹੋਵੇ ਉਥੇ ਸਾਰਾ ਦੇਸ਼ ਅਕਾਲ, ਬਿਮਾਰੀ ਆਦਿ ਨਾਲ਼ ਨਸ਼ਟ ਹੁੰਦਾ ਹੈ,” ਇਹ ਕਹਿਣਾ ਹੈ ਪਰਲੋਕ ਵਾਦੀਆਂ ਦਾ। ਅੱਜ ਕਲ੍ਹ ਤਾਂ ਇਨ੍ਹਾਂ ਦਾ ਰਾਜ ਹੈ। ਤਾਂ ਕੀ ਇਹ ਕਿਹਾ ਜਾਏ ਕਿ ਇਹ ਸਾਰਾ ਕੁਝ ਇਨ੍ਹਾਂ ਕਰਕੇ ਹੀ ਹੈ? ਜੇ ਮਨੂੰ ਸਿਮ੍ਰਤੀ ਵਿਚ ਇਹ ਤਰਕ ਰਹਿਤ ਵਿਚਾਰ ਹੈ ਤਾਂ ਸਾਡਾ ਵਿਚਾਰ ਵੀ ਤਰਕਹੀਣ ਹੋਵੇਗਾ ਕਿਉਂਕਿ ਬਿਮਾਰੀਆਂ ਦੇ ਕਾਰਨ ਕਿਤੇ ਹੋਰ ਹਨ, ਪਰ ਬਦਨਾਮ ਕਰਨ ਲਈ ਵਿਰੋਧੀਆਂ ਨੂੰ ਕਾਰਨ ਬਣਾਇਆ ਜਾ ਰਿਹਾ ਹੈ। ਮਨੂੰ ਸਿਮ੍ਰਤੀ ਅਨੁਸਾਰ, ‘ਜੋ ਰਾਜ ਵਧੇਰੇ ਸ਼ੂਦਰਾਂ ਨਾਲ਼ ਭਰਿਆ ਹੋਵੇ, ਉਸ ਵਿਚ ਨਾਸਤਿਕ ਰਹਿੰਦੇ ਹੋਣ ਪਰ ਬ੍ਰਾਹਮਣ ਤੋਂ ਬਗੈਰ ਹੋਵੇ ਅਜਿਹੇ ਦੇਸ਼ ਅਕਾਲ ਬਿਮਾਰੀ ਤੋਂ ਦੁੱਖੀ ਹੋ ਕੇ ਛੇਤੀ ਹੀ ਨਸ਼ਟ ਹੋ ਜਾਂਦੇ ਹਨ।’ (8/22) ਪਰ ਹੋ ਉਲਟ ਰਿਹਾ ਹੈ ਜਿਨ੍ਹਾਂ ਰਾਜਾਂ ਵਿਚ ਨਾਸਤਿਕ ਸਮਾਜਿਕ ਵਿਵਸਥਾ ਹੈ ਉਥੇ ਲੋਕ ਵਧੇਰੇ ਖੁਸ਼ਹਾਲ ਹਨ ਤੇ ਓਥੇ ਬਿਮਾਰੀਆਂ ਉਪਰ ਸਾਇੰਸ ਅਤੇ ਵਿਗਿਆਨਕ ਦ੍ਰਿਸ਼ਟੀ ਰਾਹੀਂ ਛੇਤੀ ਕਾਬੂ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਹੋਰਾਂ ਨਾਲ਼ ਨਾਸਤਿਕ ਨੂੰ ਨਿਵਾਣਾਂ ਵਲ ਜਾਣ ਵਾਲ਼ਾ ਮੰਨਿਆ ਗਿਆ ਹੈ ਕਿਉਂਕਿ ਉਹ ਸ਼ਾਸਤਰਾਂ ਅਨੁਸਾਰ ਨਹੀਂ ਚਲਦਾ। ‘ਸ਼ਾਸਤਰਾਂ ਅਨੁਸਾਰ ਨਾ ਵਰਤਣ ਵਾਲ਼ਾ, ਨਾਸਤਿਕ, ਲੋਭੀ, ਅਰਕਸ਼ਕ (ਜੋ ਰਖਿਆ ਨਾ ਕਰੇ) ਅਤੇ ਸਭ ਕੁਝ ਖਾਣ ਵਾਲ਼ੇ ਨੂੰ ਰਾਜਾ ਨੂੰ ਅਧੋਗਾਮੀ (ਪਤਨ ਵਲ ਜਾਣ ਵਾਲ਼ਾ) ਮੰਨਣਾ ਚਾਹੀਦਾ ਹੈ।’ (8/309) ਮਨੂੰ ਸਿਮ੍ਰਤੀ ਦੇ ਬਾਰਵੇਂ ਅਧਿਆਇ ਵਿਚ ਤਿੰਨ ਗੁਣਾਂ-ਸਤੋਗੁਣ, ਰਜੋ ਗੁਣ ਅਤੇ ਤਮੋ ਗੁਣ ਦੀ ਚਰਚਾ ਕੀਤੀ ਗਈ ਹੈ। ਦੇਖਣਾ ਦਿਲਚਸਪ ਹੈ ਕਿ ਨਾਸਤਿਕਤਾ ਨੂੰ ਤਮੋਗੁਣ ਵਿਚ ਥਾਂ ਦਿੱਤੀ ਗਈ ਹੈ। ਤਮੋ ਗੁਣ ਦਾ ਲੱਛਣ ਹੈ, ‘ਜਿਸ ਕੰਮ ਨੂੰ ਕਰਦਿਆਂ, ਕਰਨ ਨਾਲ਼ ਜਾਂ ਕਰਨ ਤੋਂ ਬਾਅਦ ਮਨੁੱਖ ਨੂੰ ਸ਼ਰਮਿੰਦਾ ਹੋਣਾ ਪਵੇ ਉਸ ਸਭ ਨੂੰ ਪੰਡਿਤ ਵਿਦਵਾਨ ਤਮੋਗੁਣ ਦੇ ਲੱਛਣ ਮੰਨਦੇ ਹਨ।’ (12/35) ਨਾਸਤਿਕਤਾ ਅਜਿਹਾ ਗੁਣ ਮੰਨਿਆ ਗਿਆ ਹੈ। ਮਨੁੱਖ ਦੇ ਸਭ ਤੋਂ ਸ਼ਕਤੀਸ਼ਾਲੀ ਗੁਣ ਨੂੰ ਤਮੋਗੁਣ ਬਣਾ ਕੇ ਪੇਸ਼ ਕਰਨ ਤੋਂ ਨਾਸਤਿਕਾਂ ਨੂੰ ਮਾਨਸਿਕ ਤੌਰ ਤੇ ਅਪਾਹਜ ਬਣਾਉਣ ਦੀ ਸਾਜਿਸ਼ ਸਪੱਸ਼ਟ ਸਾਹਮਣੇ ਆ ਰਹੀ ਹੈ। ‘ਲੋਭ, ਨੀਂਦ, ਅਧੀਰਤਾ, ਕਰੂਰਤਾ, ਨਾਸਤਿਕਤਾ, ਆਚਾਰ ਵਿਹਾਰ ਦਾ ਲੋਪ, ਯਾਚਨਾ ਦਾ ਸੁਭਾਅ, ਗੈਰ ਜਿੰਮੇਵਾਰੀ (ਪ੍ਰਮਾਦ) ਇਹ ਤਮੋਗੁਣ ਦੇ ਲੱਛਣ ਹਨ।’ (12/33) ਕਮਾਲ ਇਹ ਹੈ ਕਿ ਨਾਸਤਿਕ ਆਦਮੀ ਵਿਚ ਲੋਭ, ਲਾਲਚ, ਨੀਂਦ, ਅਧੀਰਤਾ, ਕਰੂਰਤਾ, ਵਿਹਾਰ ਦਾ ਅਲੋਪ, ਯਾਚਨਾ ਦਾ ਸੁਭਾਅ ਤੇ ਗ਼ੈਰ ਜਿਮੇਵਾਰੀ ਦੇ ਗੁਣ ਆਸਤਿਕ ਨਾਲ਼ੋਂ ਜਾਂ ਤਾਂ ਘੱਟ ਹੁੰਦੇ ਹਨ ਜਾਂ ਨਾਂਹ ਦੇ ਬਰਾਬਰ ਹੁੰਦੇ ਹਨ। ਪਰ ਸਿਮ੍ਰਤੀਕਾਰ ਦੀ ਦ੍ਰਿਸ਼ਟੀ ਤੇ ਇੱਛਾ ਦੀ ਕਾਣ ਸਪੱਸ਼ਟ ਹੈ।
ਇਥੇ ਦੇਬੀ ਪ੍ਰਸਾਦ ਦੇ ਵਿਚਾਰਾਂ ਨੂੰ ਦੁਬਾਰਾ ਦੁਹਰਾ ਲਈਏ ਤਾਂ ਕੋਈ ਗੁਨਾਹ ਨਹੀਂ ਕਿਉਂਕਿ ਉਪਰੋਕਤ ਸਾਰੀ ਵਿਚਾਰ ਚਰਚਾ ਇਹ ਸਪੱਸ਼ਟ ਕਰ ਦਿੰਦੀ ਹੈ ਕਿ ‘ਪਦਾਰਥਵਾਦੀਆਂ ਦੀਆਂ ਲਿਖਤਾਂ ਨੂੰ ਤਬਾਹ ਕੀਤਾ ਗਿਆ, ਉਨ੍ਹਾਂ ਨੂੰ ਦੈਂਤ ਬਣਾ ਕੇ ਪੇਸ਼ ਕੀਤਾ ਗਿਆ, ਇਨ੍ਹਾਂ ਦੇ ਦਾਰਸ਼ਨਿਕ ਤਰਕਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਇਨ੍ਹਾਂ ਨੂੰ ਪਾਖੰਡੀ ਸਿੱਧ ਕੀਤਾ ਗਿਆ। ਲੋਕਾਇਤ ਜਾਂ ਚਾਰਵਾਕ ਨੂੰ ਭਾਰਤੀ ਦਰਸ਼ਨ ਵਿਚ ਦੈਂਤਪੁਣੇ, ਅਸ਼ਲੀਲਤਾ, ਅਸ਼ੁੱਧਤਾ ਅਤੇ ਬੁਰਾਈ ਦੇ ਪ੍ਰਤੀਕ ਬਣਾ ਦਿੱਤਾ ਗਿਆ।’ (ਵੱਟ ਇਜ ਲਿਵਿੰਗ…., ਪੰਨਾ – 213)
19ਵੀਂ-20ਵੀਂ ਸਦੀ ਵਿਚ ਲੋਕਵਾਦੀਆਂ ਤੇ ਪਰਲੋਕਵਾਦੀਆਂ ਦਾ ਵਿਰੋਧ ਹੋਰ ਤਿੱਖਾ ਹੋ ਗਿਆ ਕਿਉਂਕਿ ਨਵਜਾਗਰਣ ਦੇ ਦੌਰ ਨੇ, ਵਿਗਿਆਨ ਦੀਆਂ ਕਾਢਾਂ ਨੇ ਦਕਿਆਨੂਸੀ ਵਿਚਾਰਾਂ ਨੂੰ ਢਾਹ ਲਾਈ ਅਤੇ ਇਸ ਸੰਸਾਰ ਨੂੰ ਚੰਗੇਰਾ ਬਣਾਉਣ ਲਈ ਪਦਾਰਥਵਾਦੀ ਤਰਕ ਨੇ ਬੇਹੱਦ ਵਿਕਾਸ ਕੀਤਾ। ਸਾਮਰਾਜ ਵਿਰੁੱਧ ਲੜਾਈ ਨੇ ਬਹੁਤ ਸਾਰੀਆਂ ਮਾਨਵੀ ਕਦਰਾਂ-ਕੀਮਤਾਂ ਜਿਵੇਂ ਕਿ ਸੁਤੰਤਰਤਾ, ਬਰਾਬਰੀ ਅਤੇ ਭਾਈਚਾਰੇ ਦਾ ਵਿਕਾਸ ਕੀਤਾ। ਜਾਤੀ ਵਿਵਸਥਾ ਨੂੰ ਸੱਟ ਵੱਜੀ, ਔਰਤ ਦੀ ਬਰਾਬਰੀ ਦੇ ਵਿਚਾਰਾਂ ਨੂੰ ਥਾਂ ਮਿਲ਼ੀ ਅਤੇ ਸਮਾਜ ਦੇ ਅਗਾਂਹ ਵੱਧਣ ਦੀਆਂ ਸੰਭਾਵਨਾਵਾਂ ਵੀ ਬਣੀਆਂ। ਇਕ ਪਾਸੇ ਧਰਮ ਦੀ ਪੁਨਰ ਜਾਗ੍ਰਤੀ ਦੀਆਂ ਲਹਿਰਾਂ ਚੱਲੀਆਂ ਤਾਂ ਦੂਜੇ ਪਾਸੇ ਕ੍ਰਾਂਤੀਕਾਰੀ ਸਮਾਜਵਾਦੀ ਵਿਚਾਰਧਾਰਾ ਨੇ ਜੜ੍ਹਾਂ ਫੜ੍ਹੀਆਂ ਅਤੇ ਦਲਿਤ ਅੰਦੋਲਨ ਨੇ ਆਪਣੀ ਰੂਪ ਰੇਖਾ ਬਣਾਈ। ਇਹ ਦੋਨੋਂ ਅੰਦੋਲਨ ਮਾਰਕਸਵਾਦੀ-ਸਮਾਜਵਾਦੀ ਅਤੇ ਦਲਿਤ ਅੰਦੋਲਨ ਤਰਕਵਾਦੀ ਚਾਰਵਾਕ ਦੇ ਪਦਾਰਥਵਾਦ ਨੂੰ ਅਗਾਂਹ ਦਵੰਦਵਾਦੀ ਪਦਾਰਥਵਾਦ ਤਕ ਲੈ ਕੇ ਆਉਂਦੇ ਹਨ।
ਡਾਰਵਿਨ ਦੇ ਵਿਕਾਸਵਾਦ ਅਤੇ ਜੈਨੇਟਿਕ ਵਿਗਿਆਨ ਨੇ ਧਾਰਮਿਕ ਧਾਰਣਾਵਾਂ ਨੂੰ ਪ੍ਰਵਾਨ ਨਹੀਂ ਕੀਤਾ। ਮਨੋਵਿਗਿਆਨ ਨੇ ਮਨ ਦੀਆਂ ਤੈਹਾਂ ਫੋਲੀਆਂ ਅਤੇ ਸਮਾਜਵਾਦ ਨੇ ਸਮਾਜ ਦੇ ਵਰਗ ਸੰਘਰਸ਼ ਦੀਆਂ ਨੀਹਾਂ ਪੱਕੀਆਂ ਕੀਤੀਆਂ। ਪਰ ਹਜ਼ਾਰਾਂ ਸਾਲਾਂ ਤੋਂ ਸਾਮੂਹਿਕ ਅਵਚੇਤਨ ਵਿਚ ਬੈਠੀਆਂ ਮਾਨਤਾਵਾਂ ਨੂੰ ਪਿਛਾਖੜੀ ਤਾਕਤਾਂ ਖਾਸ ਕਰਕੇ ਆਰ.ਐਸ.ਐਸ. ਜਿਹੇ ਸੰਗਠਨ ਮੁੜ ਪੱਕਿਆਂ ਕਰਨ ਦੇ ਰਾਹ ਪੈ ਰਹੇ ਹਨ। ਸਮਾਜਵਾਦੀਆਂ-ਪਦਾਰਥਵਾਦੀਆਂ ਨੂੰ ਚਾਰਵਾਕਾਂ ਨਾਲ਼ ਜੋੜਕੇ ਇਨ੍ਹਾਂ ਨੂੰ ਬਦਨਾਮ ਕਰਨ ਦੀ ਰਾਤ ਦਿਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਰਾਜ ਸੱਤਾ ਨੂੰ ਇਸੇ ਕੰਮ ਲਈ ਵਰਤਿਆ ਜਾ ਰਿਹਾ ਹੈ। ਇਥੇ ਸਾਰੇ ਪਦਾਰਥਵਾਦ ਤੇ ਦਵੰਦਵਾਦੀ ਪਦਾਰਥਵਾਦ ਨੂੰ ਮੰਨਣ ਵਾਲ਼ੇ ਲੋਕਾਂ ਨੂੰ ਇਕੱਠੇ ਹੋ ਕੇ ਹੁਣ ਤਕ ਦੀਆਂ ਪ੍ਰਾਪਤੀਆਂ ਨੂੰ ਬਚਾਉਣਾ ਹੋਵੇਗਾ ਅਤੇ ਪਰਲੋਕਵਾਦੀਆਂ ਨੂੰ ਵਿਚਾਰਧਾਰਕ ਪੱਧਰ ਤੇ ਹਰਾਉਣਾ ਪਵੇਗਾ ਤਾਂ ਕਿ ਸਮਾਜ ਨੂੰ ਸਹੀ ਲੀਹਾਂ ਤੇ ਅਗਾਂਹ ਤੋਰਿਆ ਜਾ ਸਕੇ। ਇਸੇ ਤਰ੍ਹਾਂ ਇਸ ਵਿਚਾਰਧਾਰਾ ਨਾਲ਼ ਜੁੜੀਆਂ ਰਾਜਨੀਤਕ ਸ਼ਕਤੀਆਂ ਦੇ ਇਕਮੁੱਠ ਹੋਣ ਦੀ ਲੋੜ ਹੁਣ ਪਹਿਲਾਂ ਨਾਲੋਂ ਕਿਤੇ ਵਧੇਰੇ ਹੈ। ਸਮੁੱਚੇ ਪ੍ਰਗਤੀਸ਼ੀਲ, ਦਲਿਤ ਅਤੇ ਘੱਟ ਗਿਣਤੀਆਂ ਨਾਲ਼ ਡੈਮੋਕ੍ਰੈਟਿਕ ਸੋਚ ਦੀ ਰਾਜਨੀਤੀ ਨੂੰ ਇਕ ਥਾਂ ਹੋ ਕੇ ਡਿਫੈਂਸਿਵ (ਰੱਖਿਆਤਮਕ) ਨਹੀਂ ਓਫੈਂਸਿਵ (ਹਮਲਾਵਰ) ਹੋਣਾ ਪਵੇਗਾ। ਵਿਚਾਰਧਾਰਕ ਲੜਾਈ ਇਸ ਦੀ ਚਾਲਕ ਸ਼ਕਤੀ ਅਤੇ ਪ੍ਰੇਰਣਾ ਸਰੋਤ ਬਣੀ ਰਹੇਗੀ।