ਸੁਭਾਸ਼ ਗਾਤਾੜੇ
‘ਮਹਾੜ ਸੱਤਿਆਗ੍ਰਹਿ’ ਅਤੇ ‘ਮਨੂੰਸਿਮ੍ਰਤੀ ਦਹਿਨ ਦਿਵਸ’ ਦੀ ਵਰ੍ਹੇਗੰਢ ਮੌਕੇ ਅਸੀਂ ਉਘੇ ਚਿੰਤਕ, ਕਾਲਮ ਨਵੀਸ ਤੇ ਸਮਾਜ ਸੁਧਾਰਕ ਸੁਭਾਸ਼ ਗਾਤਾੜੇ ਦੀ ਲਿਖਤ ਛਾਪਣ ਦੀ ਖੁਸ਼ੀ ਲੈ ਰਹੇ ਹਾਂ।
ਕਿੰਨੇ ਲੋਕਾਂ ਨੇ ਡਾਕਟਰ ਅੰਬੇਡਕਰ ਦੀ ਅਗਵਾਈ ਵਿਚ ਛੇੜੀ ਗਈ ਪਹਿਲੀ ‘ਦਲਿਤ ਬਗਾਵਤ’ ਭਾਵ ਮਹਾੜ ਸੱਤਿਆਗ੍ਰਹਿ (1927) ਬਾਰੇ ਪੜ੍ਹਿਆ ਹੋਵੇਗਾ ਅਤੇ ਇਹ ਜਾਣਿਆ ਹੋਵੇਗਾ ਕਿ ਕਿਸ ਤਰ੍ਹਾਂ ਉਸਦੇ ਪਹਿਲੇ ਪੜਾਅ ‘ਚ 19-20 ਮਾਰਚ ਨੂੰ ਮਹਾੜ ਨਾਂਅ ਦੀ ਥਾਂ ‘ਤੇ ਸਥਿਤ ਚਵਦਾਰ ਤਲਾਅ ‘ਤੇ ਹਜਾਰਾਂ ਦੀ ਤਦਾਦ ਵਿਚ ਦਲਿਤ ਭਾਈਚਾਰੇ ਦੇ ਲੋਕੀਂ ਪੁੱਜੇ ਸਨ ਅਤੇ ਉਨ੍ਹਾਂ ਨੇ ਉਥੋਂ ਪਾਣੀ ਪੀਤਾ ਸੀ। ਜਾਨਵਰਾਂ ਨੂੰ ਵੀ ਜਿਸ ਤਲਾਅ ਤੋਂ ਪਾਣੀ ਪੀਣ ਤੋਂ ਰੋਕਿਆ ਨਹੀਂ ਜਾਂਦਾ ਸੀ, ਉਸ ਤਲਾਅ ਤੋਂ ਪਾਣੀ ਪੀਣ ਲਈ ਦਲਿਤਾਂ ਨੂੰ ਮਨਾਹੀ ਸੀ ਅਤੇ ਇਸੇ ਮਨਾਹੀ ਦੇ ਖਿਲਾਫ ਇਸ ਸੱਤਿਆਗ੍ਰਹਿ ਰਾਹੀਂ ਬਗਾਵਤ ਦਾ ਬਿਗਲ ਬਜਾਇਆ ਗਿਆ ਸੀ।
ਸੱਤਿਆਗ੍ਰਹਿ ਦੇ ਦੂਜੇ ਪੜਾਅ ਵਿਚ 25 ਦਸੰਬਰ 1927 ਨੂੰ ਉਸੇ ਮਹਾੜ ਵਿਚ ਡਾਕਟਰ ਅੰਬੇਡਕਰ ਨੇ ਮਨੂੰਸਮਰਿਤੀ ਦਾ ਦਹਿਨ ਕੀਤਾ ਸੀ ਭਾਵ ਇਸ ਨੂੰ ਸਾੜਿਆ ਸੀ ਅਤੇ ਅਪਣੀ ਇਸ ਕਾਰਵਾਈ ਦੀ ਤੁਲਨਾ 1789 ਦੇ ਫਰਾਂਸੀਸੀ ਇਨਕਲਾਬ ਨਾਲ ਕੀਤੀ ਸੀ। ਇਸਨੂੰ ਸਾੜਨ ਤੋਂ ਪਹਿਲਾਂ ਜਿਸ ਮਤੇ ਨੂੰ ਗੰਗਾਧਰ ਸਹਸਤ੍ਰਾਬੁੱਧੇ ਨਾਂਅ ਦੇ ਡਾਕਟਰ ਅੰਬੇਡਕਰ ਦੇ ਸਹਿਯੋਗੀ ਨੇ ਪੜ੍ਹਿਆ ਸੀ ਉਹ ਆਪ ਪੁਰੋਹਿਤ ਜਾਤਿ ਨਾਲ ਸਬੰਧ ਰਖਦਾ ਸੀ। ਉਸਦੇ ਸ਼ਬਦ ਇਸ ਤਰ੍ਹਾਂ ਸਨ : ”ਇਹ ਸੰਮੇਲਨ ਇਸ ਮਤ ਦਾ ਮਜ਼ਬੂਤ ਹਮਾਇਤੀ ਹੈ ਕਿ ਮਨੂੰਸਮਰਿਤੀ, ਜੇਕਰ ਅਸੀਂ ਉਸਦੇ ਉਨ੍ਹਾਂ ਸਮੂਚੇ ਸ਼ਲੋਕਾਂ ਨੂੰ ਦੇਖੀਏ ਜਿਨ੍ਹਾਂ ਵਿਚ ਸ਼ੂਦਰ ਜਾਤਿ ਨੂੰ ਘਟ ਕਰਕੇ ਆਂਕਿਆ ਗਿਆ ਹੈ, ਉਨ੍ਹਾਂ ਦੀ ਤਰੱਕੀ ਵਿੱਚ ਅੜਿੱਕੇ ਖੜ੍ਹੇ ਕੀਤੇ ਗਏ ਹਨ, ਅਤੇ ਉਨ੍ਹਾਂ ਦੀ ਸਮਾਜਿਕ, ਰਾਜਨੀਤਕ ਤੇ ਆਰਥਿਕ ਗੁਲਾਮੀ ਨੂੰ ਸਥਾਈ ਬਣਾਇਆ ਗਿਆ ਹੈ….ਅਜਿਹੀ ਕਿਤਾਬ ਨਹੀਂ ਹੈ ਜਿਹੜੀ ਇਕ ਇਕ ਧਾਰਮਿਕ ਜਾਂ ਪਵਿੱਤਰ ਕਿਤਾਬ ਸਮਝੀ ਜਾਵੇ ਅਤੇ ਇਸ ਰਾਏ ਨੂੰ ਆਵਾਜ ਪ੍ਰਦਾਨ ਕਰਨ ਲਈ, ਇਹ ਸੰਮੇਲਨ ਅਜਿਹੀ ਧਾਰਮਿਕ ਕਿਤਾਬ ਦੇ ਸਾੜਨ ਦੀ ਕਾਰਵਾਈ ਨੂੰ ਨੇਪਰੇ ਚਾੜ੍ਹ ਰਿਹਾ ਹੈ ਜਿਹੜੀ ਲੋਕਾਂ ਨੂੰ ਵੰਡਦੀ ਹੈ ਅਤੇ ਇਨਸਾਨੀਅਤ ਨੂੰ ਤਬਾਹ ਕਰਨ ਵਾਲੀ ਹੈ।” Page 351, Mahad the making of the first Dalit Revolt, Anand Teltumde, Navayana, 2017
ਇਸ ਇਤਿਹਾਸਕ ਕਾਰਵਾਈ ਤੋਂ ਬਾਅਦ ਸਮੇਂ-ਸਮੇਂ ‘ਤੇ ਅਪਣੇ ਲੇਖਾਂ ਤੇ ਭਾਸ਼ਣਾਂ ਰਾਹੀਂ ਡਾਕਟਰ ਅੰਬੇਡਕਰ ਨੇ ਮੰਨੂ ਦੇ ਸੰਸਾਰਿਕ ਨਜ਼ਰੀਏ ਦੀ ਨਿਰੰਤਰ ਮੁਖ਼ਾਲਫਤ ਕੀਤੀ ਸੀ। ਮਹਾੜ ਸੱਤਿਆਗ੍ਰਹਿ ਦੇ ਲਗਭਗ 23 ਸਾਲ ਬਾਅਦ ਜਦੋਂ ਭਾਰਤ ਦੇ ਸੰਵਿਧਾਨ ਦਾ ਐਲਾਨ ਹੋ ਰਿਹਾ ਸੀ ਤਾਂ ਡਾਕਟਰ ਅੰਬੇਡਕਰ ਨੇ ਇਸ ਮੌਕੇ ‘ਤੇ ਕਿਹਾ ਸੀ ਕਿ ਉਸਨੇ ‘ਮਨੂ ਦੇ ਸ਼ਾਸਨ ਨੂੰ ਸਮਾਪਤ ਕਰ ਦਿੱਤਾ ਹੈ।’
ਯਕੀਨਨ ਹੀ ਉਨ੍ਹਾਂ ਨੂੰ ਇਸ ਗੱਲ ਦਾ ਕਤਈ ਵੀ ਅੰਦਾਜ਼ਾ ਨਹੀਂ ਹੋਵੇਗਾ ਕਿ ਭਾਰਤ ਦੇ ਹੁਣ ਤਕ ਦੇ ਜਾਣੇ ਜਾਂਦੇ ਇਤਿਹਾਸ ਦੇ ਇਸ ਮਹਾਨ ਮੌਕੇ ਜਦੋਂ ਉਸਨੇ ਇਕ ਵਿਅਕਤੀ, ਇਕ ਮਤ ਦੇ ਆਧਾਰ ‘ਤੇ ਸੰਵਿਧਾਨ ਦਾ ਐਲਾਨ ਕਰਕੇ ਰਾਜਨੀਤਕ ਜਮਹੂਰੀਅਤ ਵਿਚ ਕਦਮ ਰੱਖਿਆ ਹੈ ਅਤੇ ਇਕ ਵਿਅਕਤੀ ਤੇ ਇਕ ਮੁੱਲ ਦੇ ਆਧਾਰ ‘ਤੇ ਸਾਮਾਜਕ ਜਮਹੂਰੀਅਤ ਕਾਇਮ ਕਰਨ ਦਾ ਇਰਾਦਾ ਜਾਹਿਰ ਕੀਤਾ ਹੈ; ਨਸਲ, ਜਾਤਿ, ਲਿੰਗ… ਆਦਿ ਆਧਾਰਤ ਸ਼ੋਸ਼ਣਾਂ-ਉਤਪੀੜਨਾਂ ਤੋਂ ਮੁਕਤੀ ਦਾ ਐਲਾਨ ਕੀਤਾ ਦੇ 70 ਸਾਲ ਬਾਅਦ, ਆਬਾਦੀ ਦਾ ਇਕ ਚੋਖਾ ਹਿੱਸਾ ਅਜੇ ਵੀ ਮਨੁੰ ਅਤੇ ਉਸਦੇ ਚਿੰਤਨ ਦਾ ਮੁਰੀਦ ਰਹੇਗਾ ਅਤੇ ਉਸਨੂੰ ਇਸ ਗੱਲ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਹੋਵੇਗਾ ਕਿ ਉਹ ਉਸਦੀ ਮੂਰਤੀ ਸਥਾਪਤ ਕਰੇ ਅਤੇ ਉਸਨੂੰ ਸਨਮਾਨਤ ਕਰੇ।
ਜਾਰਜ ਫਲਾਇਡ ਨਾਂਅ ਦੇ ਅਫਰੀਕੀ-ਅਮਰੀਕੀ ਵਿਅਕਤੀ ਦੀ ਪੁਲਸ ਵਲੋਂ ਹਤਿਆ ਦੇ ਬਾਅਦ ਅਮਰੀਕਾ ਤੇ ਯੂਰਪ ਦੇ ਸਮੂਚੇ ਇਲਾਕਿਆਂ ਵਿੱਚ ‘ਬਲੈਕ ਲਾਈਵਜ ਮੈਟਰ’ ਭਾਵ ‘ਕਾਲੇ ਲੋਕਾਂ ਦੀਆਂ ਜਿੰਦਗੀਆਂ ਵੀ ਅਹਿਮੀਅਤ ਰੱਖਦੀਆਂ ਹਨ’ ਦੇ ਬੈਨਰ ਹੇਠ ਜਿਹੜਾ ਵਿਆਪਕ ਅੰਦੋਲਨ ਸ਼ੁਰੂ ਹੋਇਆ ਹੈ ਉਸਦੇ ਅਧੀਨ ਇਨ੍ਹਾਂ ਮੁਲਕਾਂ ਵਿਚ ਖੜ੍ਹੀਆਂ ਸਾਰੇ ਵਿਵਾਦਾਂ ਵਿਚ ਘਿਰੇ ਲੋਕਾਂ ਦੀਆਂ ਮੂਰਤੀਆਂ ਜਿਨ੍ਹਾਂ ਵਿੱਚੋਂ ਕਈ ਗੁਲਾਮਾਂ ਦੇ ਮਾਲਕ ਸਨ ਤੇ ਉਨ੍ਹਾਂ ਦਾ ਵਪਾਰ ਕਰਦੇ ਸਨ ਅਤੇ ਬਸਤੀਵਾਦੀ ਤੇ ਨਸਲਵਾਦੀ ਸਨ ਨੂੰ ਜਨਸਮੂਹਾਂ ਵਲੋਂ ਡੇਗਿਆ ਗਿਆ ਜਾਂ ਪ੍ਰਸ਼ਾਸਨ ਵਲੋਂ ਵੀ ਹਟਾਉਣ ਦਾ ਨਿਰਣਾ ਲਿਆ ਗਿਆ, ਇਥੋਂ ਤਕ ਕਿ ਕੋਲੰਬਸ ਦੀ ਮੂਰਤੀ ਨੂੰ ਵੀ ਡੇਗਿਆ ਗਿਆ ਹੈ, ਜਿਸ ਦੇ ਬਾਰੇ ਪਾਠਕ੍ਰਮਾਂ ਵਿਚ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਉਸਨੇ ਅਮਰੀਕਾ ਨੂੰ ‘ਲੱਭ ਲਿਆ’ ਸੀ ਅਤੇ ਇਹ ਸੱਚਾਈ ਲੁਕਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਕੋਲੰਬਸ ਦੇ ਉਥੇ ਪਹੁੰਚਣ ਤੋਂ ਪਹਿਲਾਂ ਉੱਥੇ ਆਦਿਵਾਸੀਆਂ ਦੀ ਭਾਰੀ ਆਬਾਦੀ ਸੀ ਜਿਨ੍ਹਾਂ ਲਈ ‘ਰੈਡ ਇੰਡੀਅਨ’ ਵਰਗਾ ਸੰਬੋਧਨ ਵਰਤਿਆ ਜਾ ਰਿਹਾ ਹੈ ਅਤੇ ਜਿਨ੍ਹਾਂ ਦਾ ਵਿਆਪਕ ਪੱਧਰ ‘ਤੇ ਕਤਲੇਆਮ ਹੋਇਆ ਹੈ।
ਗੌਰ ਕਰਨ ਯੋਗ ਹੈ ਕਿ ਵਿਵਾਦਾਂ ਨਾਲ ਘਿਰੀਆਂ ਮੂਰਤੀਆਂ ਨੂੰ ਡੇਗਣ ਜਾਂ ਵਿਵਾਦਾਂ ਨਾਲ ਘਿਰੇ ਨਾਵਾਂ ਵਾਲੇ ਇਤਿਹਾਸਕ ਸਮਾਰਕਾਂ, ਕੇਂਦਰਾਂ ਦੇ ਨਾਵਾਂ ਦੇ ਬਦਲਣ ਨੂੰ ਲੈ ਕੇ ਚੱਲੀ ਇਹ ਬਹਿਸ ਇਥੋਂ ਹੀ ਸ਼ੁਰੂ ਹੁੰਦੀ ਦਿਸਦੀ ਹੈ। ਗੁਜਰਾਤ ਦੇ ਚਰਚਿਤ ਮਨੁੱਖੀ ਅਧਿਕਾਰ ਕਾਰਕੁੰਨ ਮਾਰਟਿਨ ਮਕਵਾਨ ਨੇ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਲਿਖਕੇ ਇਹ ਮੰਗ ਕੀਤੀ ਸੀ ਕਿ ਜੈਪੁਰ ਦੀ ਹਾਈ ਕੋਰਟ ‘ਚ ਸਥਾਪਿਤ ਮਨੂ ਦੀ ਮੂਰਤੀ ਨੂੰ ਉਥੋਂ ਹਟਾਇਆ ਜਾਵੇ। ਉਨ੍ਹਾਂ ਦੇ ਪੱਤਰ ਮੁਤਾਬਕ ਇਹ ਮੂਰਤੀ ‘ਭਾਰਤ ਦੇ ਸੰਵਿਧਾਨ ਤੇ ਦਲਿਤਾਂ ਦਾ ਅਪਮਾਨ ਹੈ’ ਅਤੇ ਉਹ ਡਾਕਟਰ ਭੀਮਰਾਓ ਅੰਬੇਡਕਰ ਦੇ ਇਸ ਸੱਦੇ ਨੂੰ ਕਮਜ਼ੋਰ ਕਰਦੀ ਹੈ ਕਿ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਇਕ ਰਾਸ਼ਟਰ ਦੇ ਤੌਰ ‘ਤੇ ਅਸੀਂ ਅੱਗੇ ਵਧਣਾ ਹੈ ਤਾਂ ਜਾਤਿ ਦਾ ਖਾਤਮਾ (ਉਨਮੂਲਨ) ਕਰਨਾ ਹੋਵੇਗਾ।” (Article in Indian Express on statue of Manu) ”ਇਹ ਮੂਰਤੀ ਨਾ ਸਿਰਫ ਦਲਿਤ ਉਤਪੀੜਨ ਦੀ ਨੁਮਾਇੰਦਗੀ ਤੇ ਹੱਕਰਸੀ ਕਰਦੀ ਹੈ, ਬਲਕਿ ਉਹ ਔਰਤਾਂ ਤੇ ਸ਼ੂਦਰਾਂ ਦੇ ਉਤਪੀੜਨ ਦਾ ਵੀ ਪ੍ਰਤੀਕ ਹੈ। ਕੁਲ ਮਿਲਾ ਕੇ ਇਹ ਲੋਕ ਭਾਰਤ ਦੀ ਆਬਾਦੀ ਦਾ 85 ਫੀਸਦੀ ਹਿੱਸਾ ਹਨ।” ਇਹ ਲੋਕ ਧਿਆਨ ਵਿਚ ਰੱਖਣ ਵਾਲੀ ਗੱਲ ਹੈ ਕਿ ਅਜਿਹੀ ਮੰਗ ਰੱਖਣ ਵਾਲੇ ਉਹ ਇੱਕਲੇ ਨਹੀਂ ਹਨ। ਜਦੋਂ ਤੋਂ ਇਸ ਮੂਰਤੀ ਦੀ ਇੱਥੇ ਸਥਾਪਨਾ ਹੋਈ ਹੈ ਉਦੋਂ ਤੋਂ ਹੀ ਇਸ ਮੂਰਤੀ ਨੂੰ ਉਥੋਂ ਹਟਾਉਣ ਲਈ ਆਵਾਜ਼ਾਂ ਬੁਲੰਦ ਹੁੰਦੀਆਂ ਰਹੀਆਂ ਹਨ।
ਹੁਣ ਇਹ ਗੱਲ ਇਤਿਹਾਸ ਬਣ ਚੁੱਕੀ ਹੈ ਕਿ ਕਿਸ ਤਰ੍ਹਾਂ ਭਾਜਪਾ ਦੇ ਸ਼ਾਸਨ ਕਾਲ (1989) ਵਿਚ ਸਥਾਨਕ ਬਾਰ ਐਸੋਸੀਏਸ਼ਨ ਨਾਲ ਸੰਬੰਧਤ ਜਨਾਬ ਪਦਮ ਕੁਮਾਰ ਜੈਨ ਦੀ ਪਹਿਲ ‘ਤੇ ਇਸ ਮੂਰਤੀ ਦੀ ਸਥਾਪਨਾ ਕੀਤੀ ਗਈ ਸੀ। ਗੌਰਤਲਬ ਹੈ ਕਿ ਅਪਣੀ ਸਥਾਪਨਾ ਦੇ ਸਮੇਂ ਤੋਂ ਹੀ ਇਹ ਮੂਰਤੀ ਵਿਵਾਦਾਂ ਨਾਲ ਘਿਰੀ ਰਹੀ ਹੈ ਅਤੇ ਇਸ ਲਈ 31 ਸਾਲ ਤੱਕ ਇਸਦੀ ਰਸਮੀ ਰੂਪ ਵਿਚ ਘੁੰਡ ਚੁਕਾਈ ਨਹੀਂ ਸੀ ਹੋ ਸਕੀ। ਦਲਿਤਾਂ, ਸ਼ੂਦਰਾਂ ਤੇ ਇਸਤਰੀਆਂ ਨੂੰ ਅਪਮਾਨਿਤ ਕਰਨ ਵਾਲੀ ਇਸ ਮੂਰਤੀ ਨੂੰ ਉਥੋਂ ਹਟਵਾਉਣ ਲਈ ਦਲਿਤ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਫੌਰੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ, ਇਥੋਂ ਤਕ ਕਿ ਪਟੀਸ਼ਨਰ ਦੀ ਦਲੀਲ ਨੂੰ ਪ੍ਰਵਾਨ ਕਰਦੇ ਹੋਏ ਹਾਈਕੋਰਟ ਨੇ ਮੂਰਤੀ ਨੂੰ ਹਟਾਉਣ ਦੇ ਹੁਕਮ ਵੀ ਦਿੱਤੇ, ਪਰ ਇਕ ਹਿੰਦੂਤਵਾਵਾਦੀ ਆਗੂ ਅਚਾਰੀਆ ਧਰਮਿੰਦਰ ਵਲੋਂ ਉਸਨੂੰ ਚਣੌਤੀ ਦਿੱਤੀ ਗਈ ਅਤੇ ਉਸ ਵੇਲੇ ਤੋਂ ਹੀ ਇਸ ਮਾਮਲੇ ਵਿਚ ਸਟੇਅ ਚਲ ਰਿਹਾ ਹੈ। ਪਿਛਲੇ 21 ਸਾਲਾਂ ਵਿਚ ਇਸ ਪਟੀਸ਼ਨ ‘ਤੇ ਸਿਰਫ ਇਕ ਵਾਰ 2015 ਵਿਚ ਸੁਣਵਾਈ ਹੋਈ ਹੈ।
ਜੱਜ ਸਾਹਿਬਾਨ ਆਉਂਦੇ ਰਹੇ ਤੇ ਰਿਟਾਇਰ ਹੋਕੇ ਜਾਂ ਬਦਲੀਆਂ ਹੋਣ ਕਰਕੇ ਜਾਂਦੇ ਰਹੇ, ਪਰ ਕਿਸੇ ਨੇ ਵੀ ਇਸ ਪਟੀਸ਼ਨ ਨੂੰ ਚੁੱਕਣ ਦਾ ਯਤਨ ਨਹੀਂ ਕੀਤਾ। ਕੀ ਇਹ ਜਾਤਿ ਦੀ ਸਮੱਸਿਆ ਦੇ ਪ੍ਰਤੀ ਉਨ੍ਹਾਂ ਸਭ ਦੀ ਸਮਾਜ ਸ਼ਾਸਤਰੀ ਦ੍ਰਿਸ਼ਟੀਹੀਣਤਾ ਦਾ ਪ੍ਰਤੀਕ ਸੀ ਜਾਂ ਇਹ ਉਨ੍ਹਾਂ ਦੇ ਸੰਸਾਰਿਕ ਨਜਰੀਏ ਦੀ ਪੁਸ਼ਟੀ ਕਰਦਾ ਸੀ ਜਿਸ ਵਿਚ ਉਨ੍ਹਾਂ ਦਾ ਚਿੰਤਨ ਮਨੂੰ ਦੀ ਮੂਰਤੀ ਰੱਖਣ ਵਾਲਿਆਂ ਨਾਲ ਸੁਖਾਵਾਂ ਦਿਸ ਰਿਹਾ ਸੀ, ਇਹ ਅਧਿਐਨ ਦਾ ਇਕ ਵੱਖਰਾ ਵਿਸ਼ਾ ਹੈ।
ਸਾਲ 2015 ‘ਚ ਭਾਵ ਪਟੀਸ਼ਨ ਅਦਾਲਤ ਦੇ ਸਾਹਮਣੇ ਆਉਣ ਦੇ ਠੀਕ 26 ਸਾਲ ਬਾਅਦ ਤਤਕਾਲੀਨ ਚੀਫ ਜਸਟਿਸ ਦੀ ਪਹਿਲ ‘ਤੇ ਇਸ ਪਟੀਸ਼ਨ ਨੂੰ ਵਿਚਾਰ ਲਈ ਲਿਆ ਗਿਆ। ਮਾਣਯੋਗ ਜੱਜ ਸਾਹਿਬ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦੀ ਕਾਰਵਾਈ ਦਾ ਅਖੌਤੀ ਉੱਚ ਜਾਤਿ ਦੇ ਵਕੀਲਾਂ ਨੇ ਜਿਨ੍ਹਾਂ ਵਿੱਚ ਵਧੇਰੇ ਬ੍ਰਾਹਮਣ ਸਨ ਜਬਰਦਸਤ ਵਿਰੋਧ ਕੀਤਾ ਅਤੇ ਉਨ੍ਹਾਂ ਨੇ ਪਟੀਸ਼ਨਰ ਦੇ ਵਕੀਲ ਨੂੰ ਅਪਣੀ ਗੱਲ ਰੱਖਣ ਤੱਕ ਦਾ ਮੌਕਾ ਨਹੀਂ ਦਿੱਤਾ। ਅਚਨਚੇਤ ਹੋਏ ਇਸ ਜੱਥੇਬੰਦ ਸਖਤ ਵਿਰੋਧ ਦੇ ਚਲਦਿਆਂ ਚੀਫ ਜਸਟਿਸ ਨੇ ਫੇਰ ਇਸ ਮਾਮਲੇ ਨੂੰ ਮੁਲਤਵੀ ਕਰ ਦਿੱਤਾ, ਜਦੋਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਅਪੀਲ ‘ਤੇ ਵੀ ਵਕੀਲ ਸ਼ਾਂਤ ਹੋਣ ਲਈ ਤਿਆਰ ਨਹੀਂ ਸਨ।
ਮੂਰਤੀ ਜਦੋਂ ਸਥਾਪਤ ਹੋਈ ਸੀ ਤਾਂ ਉਸਨੂੰ ਹਟਾਉਣ ਲਈ ਨਿਰੰਤਰ ਜਨਲਾਮਬੰਦੀਆਂ, ਮੁਹਿੰਮਾਂ ਤੇ ਵਿਆਪਕ ਆਧਾਰ ‘ਤੇ ਲਾਮਬੰਦੀਆਂ ਹੁੰਦੀਆਂ ਰਹੀਆਂ। ਦਲਿਤਾਂ ਦੇ ਆਗੂ ਰਾਮਦਾਸ ਅਠਾਵਲੇ, ਕਾਂਸ਼ੀਰਾਮ ਆਦਿ ਇਸ ਮਸਲੇ ਨੂੰ ਲੈ ਕੇ ਜੈਪੁਰ ਆਉਂਦੇ ਰਹੇ। ਇਥੋਂ ਤਕ ਕਿ 90 ਦੇ ਦਹਾਕੇ ਵਿਚ ਮਸ਼ਹੂਰ ਸਮਾਜਵਾਦੀ ਆਗੂ ਡਾਕਟਰ ਆਢਾਵ ਦੀ ਅਗਵਾਈ ਵਿਚ ਹਜਾਰਾਂ ਸਮਾਜਿਕ ਕਾਰਕੁੰਨਾਂ ਨੇ ਮਹਾਰਾਸ਼ਟਰ ਤੋਂ ਇਥੇ ਆਕੇ ਧਰਨਾ ਵੀ ਦਿੱਤਾ ਸੀ।
ਮਨੂ ਦੀ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਲੇਖਕਾਂ, ਕਲਾਕਾਰਾਂ, ਸਮਾਜਿਕ ਕਾਰਕੁੰਨਾਂ ਅਤੇ ਇਥੋਂ ਤੱਕ ਕਿ ਆਮ ਜਨਸਧਾਰਣ ਵੀ ਬਹੁਤ ਬੇਚੈਨ ਰਹੇ ਹਨ ਅਤੇ ਸਮੇਂ-ਸਮੇਂ ‘ਤੇ ਸਰਗਰਮੀ ਨਾਲ ਮੰਗ ਬੁਲੰਦ ਕਰਦੇ ਰਹੇ ਹਨ। ਇਸ ਮੂਰਤੀ ਦੀ ਸਥਾਪਨਾ ਨੂੰ ਲੈ ਕੇ ਇਕ ਪ੍ਰਤੀਕਾਤਮਕ ਕਾਰਵਾਈ ਦੋ ਸਾਲ ਪਹਿਲਾਂ ਵੀ ਹੋਈ ਸੀ ਜਦੋਂ ਮਹਾਰਾਸ਼ਟਰ ਦੇ ਅੰਬੇਦਕਰਵਾਦੀ ਅੰਦੋਲਨ ਨਾਲ ਜੁੜੀਆਂ ਦੋ ਜੁਝਾਰੂ ਔਰਤਾਂ ਸ਼ੀਲਾਬਾਈ ਪਵਾਰ, ਕਾਂਤਾ ਰਮੇਸ਼ ਅਹਿਰੇ ਨੇ ਅਕਤੂਬਰ 2018 ਨੂੰ ਇਸ ਮੂਰਤੀ ‘ਤੇ ਕਾਲਾ ਰੰਗ ਸੁੱਟਿਆ ਸੀ।
ਅੱਜ ਦੀ ਤਾਰੀਖ ਵਿੱਚ ਇਸ ਮੂਰਤੀ ਦੇ ਦੁਆਲੇ ਉੱਸਰ ਰਹੀ ਬਹਿਸ ਦਾ ਸਭ ਤੋਂ ਪ੍ਰੇਸ਼ਾਨ ਕਰਨ ਵਾਲਾ ਪੱਖ ਇਹ ਹੈ ਕਿ ਸਾਡੇ ਸਮਾਜ ਦਾ ਮੁਖਰ ਹਿੱਸਾ ਜਿਨ੍ਹਾਂ ਵਿਚ ਵਧੇਰੇ ਉੱਚੀਆਂ ਜਾਤਾਂ ਨਾਲ ਜੁੜੇ ਲੋਕ ਹਨ ਐਨੇ ਸਮੇਂ ਬਾਅਦ ਵੀ ਮਨੂੰ ਦੇ ਸੰਸਾਰ ਨਜ਼ਰੀਏ ਦੇ ਵਿਗਾੜਾਂ ਨੂੰ ਸਮਝਣ, ਕਿ ਕਿਸ ਤਰ੍ਹਾਂ ਉਸਦੀ ਆਚਾਰ ਸੰਹਿਤਾ ਨੇ ਵਿਆਪਕ ਆਬਾਦੀ ਨੂੰ ਮਨੁੱਖੀ ਅਧਿਕਾਰਾਂ ਤੋਂ ਵੀ ਵਾਂਝਿਆ ਕੀਤਾ ਸੀ, ਦੀ ਥਾਂ ਉਹ ਇਸ ਗੱਲ ਦੀ ਤਸਦੀਕ ਕਰਨ ਤੇ ਪੈਰਵੀ ਕਰਨ ਵਿੱਚ ਰੁੱਝੇ ਹਨ ਕਿ ‘ਬੁਨਿਆਦੀ ਨਿਆਂ ਸ਼ਾਸਤਰ ਸਿਰਜਕ’ ਦੇ ਚਿੰਤਨ ਬਾਰੇ ਸੁਆਲ ਖੜ੍ਹੇ ਕਰਨ ਦੀ ਜਰੂਰਤ ਨਹੀਂ ਹੈ। ਐਨਾ ਹੀ ਨਹੀਂ ਉਹ ਮਨੂੰ ਦੀ ਇਕ ਸਾਫ-ਸੁਥਰੀ ਛਵੀ ਵੀ ਪੇਸ਼ ਕਰਨ ਵਿਚ ਰੁੱਝੇ ਹਨ।
ਯਕੀਨੀ ਤੌਰ ‘ਤੇ ਉੱਚੇ-ਨੀਵੇਂ ਦੀ ਪੌੜੀ ਦੀ ਲੜੀ ‘ਤੇ ਟਿਕੇ ਢਾਂਚੇ ਦੇ ਇਨ੍ਹਾਂ ਹਿਮਾਇਤੀਆਂ ਨੇ ਜਿਹੜੇ ਸਦੀਆਂ ਤੋਂ ਦ੍ਰਿਸ਼ ਤੇ ਅਦ੍ਰਿਸ਼ ਤਰੀਕੇ ਨਾਲ ਵਿਸ਼ੇਸ਼ ਅਧਿਕਾਰ ਹਾਸਲ ਕੀਤੇ ਹਨ, ਉਨ੍ਹਾਂ ਤੋਂ ਇਸ ਵੇਲੇ ਇਹ ਉਮੀਦ ਕਰਨਾ ਬੇਕਾਰ ਹੈ ਕਿ ਉਹ ਇਨ੍ਹਾਂ ਬਾਰੇ ਆਤਮ ਪ੍ਰੀਖਣ ਕਰਨ ਲਈ ਤਿਆਰ ਹੋਣਗੇ, ਜਿਸ ਤਰ੍ਹਾਂ ਦਾ ਸਿਲਸਿਲਾ ਅਮਰੀਕੀ ਸੁਪਰੀਮ ਕੋਰਟ ਵਿੱਚ ਹਾਲੀਆ ਸਮੇਂ ਵਿਚ ਚਲਿਆ ਸੀ ਜਦੋਂ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਜੱਜਾਂ ਨੇ ਇਕ ਖੁੱਲ੍ਹੇ ਖਤ ਰਾਹੀਂ ਆਪਣੀ ਗੱਲ ਪੇਸ਼ ਕੀਤੀ ਸੀ :
”ਬਲੈਕ ਜਿੰਦਗੀਆਂ ਦੀ ਕਦਰ ਘਟਾਈ ਤੇ ਅਪਮਾਨ ਕੋਈ ਤਾਜਾ ਘਟਨਾ ਨਹੀਂ ਹੈ। ਇਸ ਦੇਸ਼ ਦੀ ਸਥਾਪਨਾ ਤੋਂ ਪਹਿਲਾਂ ਤੋਂ ਚਲੀ ਆ ਰਹੀ ਇਕ ਸੰਸਥਾਗਤ ਪ੍ਰਕਿਰਿਆ ਹੈ। ਲੇਕਿਨ ਹਾਲੀਆ ਘਟਨਾਵਾਂ ਨੇ ਸਾਡੇ ਸਮੂਹਿਕ ਵਿਵੇਕ ਦੇ ਸਾਹਮਣੇ ਇਸ ਦਰਦਨਾਕ ਹਕੀਕਤ ਨੂੰ ਉਜਾਗਰ ਕੀਤਾ ਹੈ ਕਿ, ਸਾਡੇ ਸਮੂਹ ਨਾਗਰਿਕਾਂ ਲਈ ਇਹ ਆਮ ਜਾਣਕਾਰੀ ਹੈ ਕਿ ਕਾਲੇ ਅਮਰੀਕੀਆਂ ਨੂੰ ਜਿਹੜੀ ਬੇਇਨਸਾਫੀ ਝੱਲਣੀ ਪੈ ਰਹੀ ਹੈ ਉਹ ਮਹਿਜ ਅਤੀਤ ਦੀ ਰਹਿੰਦ-ਖੂਹੰਦ ਨਹੀਂ ਹੈ….ਸਾਡੀਆਂ ਹਰ ਦਿਨ ਦੀ ਨਿਜੀ ਕਾਰਵਾਈਆਂ ਦਾ ਇਕ ਸਮੂਹਕ ਉਤਪਾਦਨ ਹਾਂ। ਸਾਡੀਆਂ ਅਪਣੀਆਂ ਕਾਰਵਾਈਆਂ ‘ਤੇ ਬੇਹੱਦ ਗੰਭੀਰਤਾ ਨਾਲ ਸੋਚਦੇ ਹੋਏ, ਉਸਦੇ ਲਈ ਵਿਅਕਤੀਗਤ ਜਿੰਮੇਵਾਰੀ ਲੈਂਦੇ ਹੋਏ ਹੀ ਅਤੇ ਨਿਰੰਤਰ ਚੰਗਾ ਕਰਨ ਦਾ ਯਤਨ ਕਰਦੇ ਹੋਏ ਹੀ ਅਸੀਂ ਅਪਣੀ ਸ਼ਰਮਨਾਕ ਵਿਰਾਸਤ ਨੂੰ ਸੰਬੋਧਿਤ ਹੋ ਸਕਦੇ ਹਾਂ। ਅਸੀਂ ਨਿਆਂ ਨਾਲ ਜੁੜੇ ਭਾਈਚਾਰੇ ਦੇ ਹਰ ਮੈਂਬਰ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਸ ਮੌਕੇ ‘ਤੇ ਗੰਭੀਰਤਾ ਨਾਲ ਸੋਚੇ ਅਤੇ ਅਪਣੇ ਆਪ ਤੋਂ ਪੁੱਛੇ ਕਿ ਕੀ ਅਸੀਂ ਸਭ ਰਲਕੇ ਨਸਲਵਾਦ ਦੇ ਖਾਤਮੇ ਲਈ ਕਈ ਕਰ ਸਕਦੇ ਹਾਂ?”
ਜੇਕਰ ਭਾਰਤ ਵੱਲ ਵਾਪਸ ਆਈਏ ਤਾਂ ਬੜਬੋਲੇ ਕਹੇ ਜਾਣ ਵਾਲੇ ਲੋਕ ਜੇਕਰ ਇਸ ਗੱਲ ‘ਤੇ ਥੋੜ੍ਹਾ ਸੋਚਣ ਲਈ ਤਿਆਰ ਹੁੰਦੇ ਕਿ ਕਿਸ ਤਰ੍ਹਾਂ ਮਨੂ ਦੇ ਸੰਸਾਰਿਕ ਨਜਰੀਏ ਨੇ ਭਾਰਤੀ ਸਮਾਜ ਨੂੰ ਸਦੀਆਂ ਤੋਂ ਕਮਜੋਰ ਕਰ ਦਿੱਤਾ ਹੈ ਅਤੇ ਕਿਸ ਤਰ੍ਹਾਂ ਉਹ ਸਮਾਜਿਕ ਤੇ ਸਭਿਆਚਾਰਕ ਤੌਰ ‘ਤੇ ਵਾਂਝੇ, ਉਤਪੀੜਤ ਤਬਕਿਆਂ ਦੀਆਂ ਜਿੰਦਗੀਆਂ ਵਿਚ ਅੱਜ ਵੀ ਕਹਿਰ ਢਾਅ ਰਿਹਾ ਹੈ ਅਤੇ ਕਿਸ ਤਰ੍ਹਾਂ ਆਜ਼ਾਦੀ ਦੇ 70 ਸਾਲ ਬਾਅਦ ਵੀ ਦਲਿਤਾਂ-ਆਦਿਵਾਸੀਆਂ ‘ਤੇ ਨਿੱਤ ਦਿਨ ਅਤਿਆਚਾਰ ਹੁੰਦੇ ਰਹਿੰਦੇ ਹਨ। ਕੌਮੀ ਅਪਰਾਧ ਕੰਟਰੋਲ ਬਿਊਰੋ ਦੀਆਂ ਰਿਪੋਰਟਾਂ ਤੋਂ ਪਤਾ ਲਗਦਾ ਹੈ ਕਿ ਹਰ 16 ਮਿਨਟ ‘ਤੇ ਇਕ ਦਲਿਤ ਗੈਰ-ਦਲਿਤ ਦੇ ਹੱਥੋਂ ਅਤਿਆਚਾਰ ਦਾ ਸ਼ਿਕਾਰ ਹੁੰਦਾ ਹੈ ਜਿਸ ਵਿਚ ਹਰ ਦਿਨ ਵਿਚ 4 ਬਲਾਤਕਾਰ, ਹਰ ਹਫਤੇ 13 ਦਲਿਤਾਂ ਦੀਆਂ ਹਤਿਆਵਾਂ ਆਦਿ ਸ਼ਾਮਲ ਹਨ। ਅਤੇ ਕਿਸ ਤਰ੍ਹਾਂ ਲੋਕਾਂ ਨੂੰ ਨੰਗਿਆਂ ਕਰਕੇ ਘੁਮਾਣਾ, ਉਨ੍ਹਾਂ ਨੂੰ ਪਖਾਨਾ ਖਾਣ ਲਈ ਮਜਬੂਰ ਕਰਨਾ, ਉਨ੍ਹਾਂ ਦੀਆਂ ਜਮੀਨਾਂ ‘ਤੇ ਕਬਜਾ ਕਰਨਾ ਅਤੇ ਉਨ੍ਹਾਂ ਦਾ ਸੋਸ਼ਲ ਬਾਈਕਾਟ ਕਰਨਾ ਬੇਹੱਦ ਆਮ ਹੈ ਅਤੇ ਉੱਚ ਸਿੱਖਿਆ ਸੰਸਥਾਵਾਂ ਵੀ ਇਸ ਤੋਂ ਵੱਖ ਨਹੀਂ ਹਨ।
ਦਰਅਸਲ ਗਾਲਬ ਤਬਕਿਆਂ ਵਲੋਂ ਜਾਂ ਸੱਜ-ਪਿਛਾਖੜੀ ਸਿਆਸਤ ਦੇ ਹਮਾਇਤੀਆਂ ਵਲੋਂ ਅਸੀਂ ਮਨੂੰ ਨੂੰ ਸਾਫ-ਸੁਥਰਾ ਦੱਸਦੇ ਹੋਏ ਪੇਸ਼ ਕਰਨ ਅਤੇ ਉਸਦੀ ਰੀਪੈਕੇਜਿੰਗ ਨੂੰ ਕਈ ਪੱਧਰਾਂ ‘ਤੇ ਉਦਘਾਟਤ ਹੁੰਦਾ ਦੇਖ ਸਕਦੇ ਹਾਂ। (https/www.newsclick.in/fascinating-manu).
ਸੱਜ-ਪਿਛਾਖੜੀ ਬੁੱਧੀਜੀਵੀ ਦਰਅਸਲ ਦੋ ਗੱਲਾਂ ਲਈ ਜਮੀਨ ਤਿਆਰ ਕਰ ਰਹੇ ਹਨ ਇਕ, ਦਲਿਤਾਂ, ਇਸਤਰੀਆਂ ਨਾਲ ਹਿੰਸਾ ਦੀ ਜਾਇਜ਼ਤਾ ਲਈ ਭਾਵ ਉਸਨੂੰ ਵਿਚਾਰਧਾਰਕ ਆਧਾਰ ਪ੍ਰਦਾਨ ਕਰਨ ਦੇ ਆਰੋਪਾਂ ਤੋਂ ਮਨੁੰਸਮ੍ਰਿਤੀ ਨੂੰ ਮੁਕਤ ਕਰਨਾ ਅਤੇ ਦੂਜਾ, ਜਾਤਿ ਪੌੜੀ ਲੜੀ ਤੋਂ ਲੋਕਾਂ ਦਾ ਧਿਆਨ ਹਟਾ ਕੇ ਇਨ੍ਹਾਂ ਸਮੂਚੀਆਂ ਦੁਰਦਸ਼ਾਵਾਂ ਲਈ ਬਾਹਰੀ ਲੋਕਾਂ ‘ਤੇ ਭਾਵ ਮੁਸਲਮਾਨਾਂ ‘ਤੇ ਦੋਸ਼ ਮੜ੍ਹਨਾ।
ਮਹਾੜ ਸੱਤਿਆਗ੍ਰਹਿ ਦੀ 90ਵੀਂ ਵਰੇਗੰਢ ਦੇ ਦੋ ਹਫਤੇ ਪਹਿਲਾਂ, ਸਾਲ 2017 ਦੇ ਅੰਤ ‘ਚ, ਆਰ ਐਸ ਐਸ ਦੇ ਵਿਚਾਰਕ ਇੰਦਰੇਸ਼ ਕੁਮਾਰ ਨੇ ਜੈਪੁਰ ਵਿਚ ਚਾਣਕਿਆ ਗਣ ਸਮਿਤੀ ਵਲੋਂ ਆਯੋਜਿਤ ਇਕ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿਚ ਚਰਚਾ ਦਾ ਵਿਸ਼ਾ ਸੀ ‘ਆਦਿਪੁਰੂਸ਼ ਮਨੂੰ ਨੂੰ ਪਛਾਣੋ, ਮਨੂੰਸਮ੍ਰਿਤੀ ਨੂੰ ਜਾਣੋ।’
ਪ੍ਰੋਗਰਾਮ ਦੇ ਸੱਦਾ ਪੱਤਰ ਵਿਚ ਦਸਿਆ ਗਿਆ ਸੀ ਕਿ ਮਨੁਸਮ੍ਰਿਤੀ ‘ਜਾਤਿ ਵਿਤਕਰੇ ਤੇ ਜਾਤਿ ਵਿਵਸਥਾ’ ਵਿਰੁੱਧ ਸੀ। ਇੰਦਰੇਸ਼ ਕੁਮਾਰ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਮਨੂੰ ਨਾ ਸਿਰਫ ਜਾਤਿ ਵਿਵਸਥਾ ਦੇ ਵਿਰੁੱਧ ਸੀ ਬਲਕਿ ਉਹ ਗੈਰ-ਬਰਾਬਰੀ ਦੇ ਵੀ ਵਿਰੁੱਧ ਸਨ। ਉਨ੍ਹਾਂ ਦਾ ਇਹ ਕਹਿਣਾ ਸੀ ਕਿ ਇਤਿਹਾਸਕਾਰਾਂ ਨੇ ਮਨੂੰ ਬਾਰੇ ਭਰਮ ਵਿਚ ਪਾਉਣ ਵਾਲੀ ਛਵੀ ਪੇਸ਼ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ, ਉਹ ਸਮਾਜਿਕ ਸਦਭਾਵ ਤੇ ਸਮਾਜਿਕ ਨਿਆਂ ਦੇ ਮਾਮਲੇ ਵਿਚ ਦੁਨੀਆ ਦੇ ਪਹਿਲੇ ‘ਨਿਆਂਸ਼ਾਸਤਰੀ’ ਸਨ।
ਮਨੁੰਸਮ੍ਰਿਤੀ ਨੂੰ ਸਾਫ-ਸੁਥਰਾ ਕਰਨ/ਸੈਨੇਟਾਈਜ ਕਰਨ ਦਾ ਇਹ ਯਤਨ ਆਰ ਐਸ ਐਸ ਨਾਲ ਸਬੰਧਿਤ ਬੁੱਧੀਜੀਵੀਆਂ ਦਾ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਯਤਨ ਹੈ, ਭਾਵੇਂ ਕਿ ਇਸ ਸਾਫ-ਸੁਥਰਾਕਰਨ ਦਾ ਮਤਲਬ ਹੋਵੇ ‘ਪ੍ਰਾਚੀਨ ਗ੍ਰੰਥਾਂ ਨੂੰ’ ਸ਼ੁੱਧ ਕਰਨਾ। ਸਾਲ 2017 ਵਿਚ ਅਮੀਰ ਚੰਦ, ਜਿਹੜੇ ਸੰਸਕਾਰ ਭਾਰਤੀ ਦੇ ਆਗੂ ਹਨ, ਜਿਹੜੀ ਆਰ ਐਸ ਐਸ ਦੀ ਫਰੰਟਲ ਜੱਥੇਬੰਦੀ ਹੈ, ਉਨ੍ਹਾਂ ਨੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਮਹੇਸ਼ ਸ਼ਰਮਾ ਨੂੰ ਅਪੀਲ ਕੀਤੀ ਕਿ ਅਜਿਹੀਆਂ ਸਰਗਰਮੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਤਾਂਕਿ ‘ਪ੍ਰਾਚੀਨ ਹਿੰਦੂ ਗ੍ਰੰਥਾਂ ਦੀ ਦਰੁਸਤ ਛਵੀ’ ਲੋਕਾਂ ਸਾਹਮਣੇ ਪੇਸ਼ ਕੀਤੀ ਜਾ ਸਕੇ। ਅਮੀਰ ਚੰਦ ਇਸ ਗੱਲ ਤੋਂ ਚਿੰਤਤ ਸਨ ਕਿ ਇਹ ਗ੍ਰੰਥ ਦਲਿਤ ਵਿਰੋਧੀ ਤੇ ਇਸਤਰੀ ਵਿਰੋਧੀ ਦਿਸਦੇ ਹਨ। ਇਨ੍ਹਾਂ ਹਿੱਸਿਆਂ ਨੂੰ ਰੰਗ-ਰੋਗਨ ਕਰਨਾ ਜਰੂਰੀ ਸੀ। ਮਨੁੰਸਮ੍ਰਿਤੀ ਦੀ ਇਕ ਤਰ੍ਹਾਂ ਦੀ ਰਿਬ੍ਰਾਂਡਿੰਗ ਲਈ ਨਵੀਂ ਖੋਜ ਦੀ ਲੋੜ ਸੀ।
ਮੌਜੂਦਾ ਸਮੇਂ ਵਿਚ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਮਨੂੰ ਬਾਰੇ ਬਦਲਵਾਂ ਰੂਪ (ਅ ਜਿਹੜਾ ਬਰਾਬਰੀ, ਆਜਾਦੀ ਅਤੇ ਭਾਈਚਾਰੇ ‘ਤੇ ਆਧਾਰਤ ਹੋਵੇ ਕਦੋਂ ਮਜਬੂਤ ਬਣਕੇ ਉਭਰੇਗਾ? ਯਕੀਨਨ ਇਹ ਸਥਿਤੀ ਉਦੋਂ ਤੱਕ ਅਸੰਭਵ ਹੈ ਜਦੋਂ ਤਕ ਭਾਰਤੀ ਸਮਾਜ ਵਿਚ ਭਾਰਤੀ ਸਮਾਜ ਨੂੰ ਜਬਰਦਸਤ ਢੰਗ ਨਾਲ ਰਿੜਕਿਆ ਨਾ ਜਾਵੇ ਅਤੇ ਉਸ ਪ੍ਰਤੀ ਇਹ ਅਹਿਸਾਸ ਡੂੰਘਾ ਨਾ ਹੋਵੇ ਕਿ ਉਸ ਵਿਚ ਵਿਆਪਕ ਪੱਧਰ ‘ਤੇ ਮੁਢੋਂ-ਸੁਢੋਂ ਹੀ ਸਮਾਜਿਕ ਸੁਧਾਰ ਦੀ ਲੋੜ ਹੈ।
ਅਪਣੀ ਬਹੁਚਰਚਿਤ ”ਦੀ ਅਨਟਚੇਬਲਸ ਐਂਡ ਪੈਕਸ ਬ੍ਰਿਟਾਨਿਕਾ”, (1931) ਵਿੱਚ ਡਾਕਟਰ ਅੰਬੇਡਕਰ ਨੇ ਅਜਿਹੇ ਬਦਲਾਅ ਦੇ ਰਾਹ ਵਿੱਚ ਖੜੀਆਂ ਚੁਣੌਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰ ਟੀ. ਮਾਧਵ ਰਾਓ ਨੂੰ ਕੋਟ ਕਰਦੇ ਹੋਏ ਲਿਖਿਆ ਸੀ ਕਿ, ”ਅਪਣੇ ਲੰਬੇ ਜੀਵਨ ਕਾਲ ਵਿੱਚ ਮਨੁੱਖ ਜਦੋਂ ਚੀਜਾਂ ਨੂੰ ਦੇਖਦਾ ਹੈ ਅਤੇ ਸੋਚਦਾ ਹੈ, ਤਾਂ ਓਨੀ ਹੀ ਡੂੰਘਾਈ ਨਾਲ ਉਸਨੂੰ ਇਹ ਮਹਿਸੂਸ ਹੁੰਦਾ ਹੈ ਕਿ ਧਰਤੀ ‘ਤੇ ਹਿੰਦੂ ਭਾਈਚਾਰੇ ਵਰਗਾ ਹੋਰ ਕੋਈ ਭਾਈਚਾਰਾ ਨਹੀਂ ਹੈ ਜਿਹੜਾ ਰਾਜਨੀਤਕ ਬੁਰਾਈਆਂ ਤੋਂ ਘਟ ਅਤੇ ਸਵੈ-ਸਜਾਯਾਫਤਾ, ਸਵੈ-ਪ੍ਰਵਾਨਤ ਜਾਂ ਸਵੈ-ਸਿਰਜਤ ਅਤੇ ਟਾਲੇ ਜਾਣ ਯੋਗ ਬੁਰਾਈਆਂ ਤੋਂ ਕਿਤੇ ਵਧੇਰੇ ਪ੍ਰੇਸ਼ਾਨ ਰਹਿੰਦਾ ਹੈ।” ਇਹ ਨਜ਼ਰੀਆ ਬਿਲਕੁਲ ਸਟੀਕ ਹੈ ਅਤੇ ਬਿਨਾਂ ਕਿਸੇ ਅਤਿਕਥਨੀ ਦੇ ਹਿੰਦੂ ਸਮਾਜ ਵਿੱਚ ਸਮਾਜ ਸੁਧਾਰ ਦੀ ਲੋੜ ਨੂੰ ਪ੍ਰਗਟ ਕਰਦਾ ਹੈ। ਸਭ ਤੋਂ ਪਹਿਲੇ ਸਮਾਜ ਸੁਧਾਰਕ ਗੌਤਮ ਬੁੱਧ ਸਨ। ਸਮਾਜ ਸੁਧਾਰ ਦਾ ਕੋਈ ਵੀ ਇਤਿਹਾਸ ਉਨ੍ਹਾਂ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਭਾਰਤ ਵਿਚ ਸਮਾਜ ਸੁਧਾਰ ਦਾ ਕੋਈ ਵੀ ਇਤਿਹਾਸ ਉਨ੍ਹਾਂ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ ਜਿਹੜਾ ਉਨ੍ਹਾਂ ਦੀਆਂ ਮਹਾਨ ਉਪਲਬਧੀਆਂ ਦੀ ਅਣਦੇਖੀ ਕਰਦਾ ਹੋਵੇ।”
ਮਨੂ ਨੂੰ ਇਤਿਹਾਸ ਤਕ ਸੀਮਤ ਕਰਨ ਦਾ ਸਵਾਲ ਯਕੀਨਨ ਹੀ ਵਿਆਪਕ ਉਤਪੀੜਤ ਭਾਈਚਾਰਿਆਂ ਲਈ ਹੀ ਨਹੀਂ ਬਲਕਿ ਅਮਨ ਤੇ ਇਨਸਾਫ ਦੇ ਹਰ ਹਮਾਇਤੀ ਲਈ ਬੇਹੱਦ ਜਰੂਰੀ ਅਤੇ ਮੌਜੂੰ ਸਵਾਲ ਲਗ ਸਕਦਾ ਹੈ, ਪਰ ਜਿਸ ਤਰ੍ਹਾਂ ਇਹ ਸਮਾਜ ‘ਰਾਜਨੀਤਕ ਬੁਰਾਈਆਂ ਤੋਂ ਘਟ ਅਤੇ ਸਵੈ-ਸਜਾਯਾਫਤਾ, ਸਵੈ-ਪ੍ਰਵਾਨਤ ਜਾਂ ਸਵੈ-ਸਿਰਜਤ ਅਤੇ ਟਾਲੇ ਜਾਣ ਯੋਗ ਬੁਰਾਈਆਂ ਤੋਂ ਕਿਤੇ ਵਧੇਰੇ ਪ੍ਰੇਸ਼ਾਨ ਰਹਿੰਦਾ ਹੈ’ ਉਸਨੂੰ ਦੇਖਦੇ ਹੋਏ ਇਸ ਨਿਸ਼ਾਨੇ ਵਲ ਵਧਣ ਲਈ ਸਾਨੂੰ ਜਿਸ ਤਰ੍ਹਾਂ ਦੇ ਸਖਤ ਸੰਘਰਸ਼ਾਂ ਦੇ ਰਾਹ ਚੋਂ ਲੰਘਣਾ ਪਵੇਗਾ, ਉਸ ਲਈ ਅੱਜ ਤੋਂ ਤਿਆਰੀ ਕਰਨੀ ਜਰੂਰੀ ਹੈ।
ਅਨੁਵਾਦ : ਰਵੀ ਕੰਵਰ