ਇਹ ਸ਼ਾਇਦ ਪਹਿਲੀ ਵਾਰ ਹੈ ਜਦ 2020 ਦਾ ਮਈ ਦਿਹੜਾ ਮਜ਼ਦੂਰ ਇਕੱਠੇ ਹੋ ਕੇ ਨਹੀਂ ਮਨਾ ਸਕਣਗੇ। ਕਰੋਨਾ (ਕੋਵਿਡ-19) ਦੇ ਕਹਿਰ ਨੇ ਸਾਰੇ ਸੰਸਾਰ ਨੂੰ ਹੀ ਆਪਣੀ ਜਕੜ ਵਿਚ ਲਿਆ ਹੋਇਆ ਹੈ। ਲਗਭਗ ਦੁਨੀਆ ਦੇ ਸਾਰੇ ਹੀ ਦੇਸ਼ਾਂ ਵਿਚ ਘਰੇਲੂ ਨਜ਼ਰਬੰਦੀ (ਲੌਕਡਾੳੂਨ) ਦਾ ਜ਼ਬਤ ਚੱਲ ਰਿਹਾ ਹੈ। ਇਸ ਵਾਰ 1886 ਦੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀ ‘ਘਾਹ ਮੰਡੀ’ ਦੇ ਸ਼ਹੀਦਾਂ ਨੂੰ ਘਰਾਂ ਵਿਚ ਰਹਿ ਕੇ ਹੀ ਯਾਦ ਕੀਤਾ ਜਾਵੇਗਾ ਜਾਂ ਸਮਾਜਕ (ਸਰੀਰਕ) ਦੂਰੀ ਤੇ ਮਾਸਕਾਂ ਦੀ ਪਾਲਣਾ ਕਰਦੇ ਹੋਏ ਛੋਟੇ-ਛੋਟੇ ਗਰੁੱਪਾਂ ਵਿਚ ਹੀ ਇਕੱਤਰ ਹੋ ਸਕਣ ਦੀ ਸੰਭਾਵਨਾ ਹੋ ਸਕਦੀ ਹੈ।
ਮਈ ਦਿਹਾੜਾ ਇਕ ਮਈ 1890 ਤੋਂ ਮਨਾਉਣਾ ਸ਼ੁਰੂ ਹੋਇਆ। ਇਹ 1889 ਵਿਚ ਪੈਰਿਸ ਵਿਖੇ ਹੋਈ, ਅੰਤਰ-ਰਾਸ਼ਟਰੀ ਵਰਕਿੰਗ ਮੈਨਜ਼ ਐਸੋਸੀਏਸ਼ਨ ਦੀ ਕਾਂਗਰਸ ਦੇ ਮਜ਼ਦੂਰ ਜਮਾਤ ਦੇ ‘ਅੰਤਰ-ਰਾਸ਼ਟਰੀ ਇਕਮੁਠਤਾ ਦਿਵਸ’ ਵਜੋਂ ਮਨਾਉਣ ਦੇ ਫ਼ੈਸਲੇ ਮੁਤਾਬਕ ਮਨਾਇਆ ਜਾਣ ਲੱਗਾ। ਮਜ਼ਦੂਰ ਹਮੇਸ਼ਾ ਮਾਲਕ ਵਲੋਂ ਕੀਤੀਆਂ ਧੱਕੇ-ਸ਼ਾਹੀਆਂ ਵਿਰੁੱਧ ਕਰਿਝਦਾ ਰਿਹਾ ਹੈ ਪਰ ਉਹ ਇਕੱਲਾ ਹੀ ਮਾਲਕ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਮਜਬੂਰ ਨਹੀਂ ਸੀ ਕਰ ਸਕਦਾ। ਹੱਕਾਂ ਦੀ ਪ੍ਰਾਪਤੀ ਤਾਂ ਕੇਵਲ ਇਕਮੁੱਠ ਹੋ ਕੇ ਹੀ ਸੰਭਵ ਹੁੰਦੀ ਹੈ। ਏਸੇ ਸੰਦਰਭ ਵਿਚ ਜਦ ਮਜ਼ਦੂਰ ਨੂੰ 12-12 ਤੋਂ 14-14 ਘੰਟੇ ਕਾਰਖ਼ਾਨਿਆਂ ਵਿਚ ਕੰਮ ਕਰਨਾ ਪੈਂਦਾ ਸੀ ਅਤੇ ਉਜਰਤਾਂ ਵੀ ਘੱਟ ਦੇ ਕੇ ਉਦਯੋਗਪਤੀ ਵਧੇਰੇ ਲੁੱਟ ਕਰਦੇ ਸਨ। ਤਦ ਉਸ ਸਮੇਂ ਪਹਿਲੀ ਮਈ 1886 ਨੂੰ ਅਮਰੀਕਾ ਦੀ ਸਟੇਟ ਈਲੀਅਨਜ਼ ਦੇ ਸ਼ਹਿਰ ਸ਼ਿਕਾਗੋ ਵਿਖੇ ਵੀ ਹੋਰ ਵੱਡੇ ਸਨਅਤੀ ਸ਼ਹਿਰਾਂ ਵਾਂਗ ਮਜ਼ਦੂਰਾਂ ਨੇ ਇਕ ਦਿਨ ਦੀ ਹੜਤਾਲ ਕੀਤੀ। ਇਸ ਹੜਤਾਲ ਦੀ ਮੁੱਖ ਮੰਗ 8 ਘੰਟੇ ਦੀ ਦਿਹਾੜੀ ਤੈਅ ਕਰਾਉਣਾ ਸੀ। ਸ਼ਿਕਾਗੋ ਵਿਖੇ ਹੜਤਾਲ ਦਾ ਵਧੇਰੇ ਅਸਰ ਹੋਇਆ। ਮਜ਼ਦੂਰਾਂ ਨੇ ਬਹੁਤ ਉਤਸ਼ਾਹ ਅਤੇ ਇਕਮੁਠਤਾ ਦਿਖਾਈ। ਅਮਰੀਕਾ ਦੀ ਵੱਡੇ ਪੂੰਜੀਪਤੀਆਂ ਦੀ ਸਰਕਾਰ ਇਸ ’ਤੇ ਬਹੁਤ ਚਿੰਤਤ ਹੋਈ ਅਤੇ ਉਸ ਨੇ ਹੜਤਾਲ ਨੂੰ ਜਬਰੀ ਦਬਾਉਣ ਦੀ ਨੀਤੀ ਅਪਣਾਈ। 3 ਮਈ 1886 ਨੂੰ ਇਕ ਮਜ਼ਦੂਰ ਮੀਟਿੰਗ ’ਤੇ ਤਸ਼ੱਦਦ ਕੀਤਾ ਗਿਆ। ਪੁਰ ਅਮਨ ਮੀਟਿੰਗ ਕਰ ਰਹੇ ਮਜ਼ਦੂਰਾਂ ’ਤੇ ਹੋਏ ਵਹਿਸ਼ੀ ਲਾਠੀਚਾਰਜ ਕਾਰਨ 6 ਮਜ਼ਦੂਰ ਸ਼ਹੀਦ ਤੇ ਕਈ ਜ਼ਖ਼ਮੀ ਹੋਏ। ਇਸ ਦੇ ਵਿਰੋਧ ਵਿਚ 4 ਮਈ 1886 ਨੂੰ ਸ਼ਿਕਾਗੋ ਸ਼ਹਿਰ ਦੀ ਘਾਹ ਮੰਡੀ (ਹੇਅ ਮਾਰਕੀਟ) ਵਿਚ ਮਜ਼ਦੂਰ ਵੱਡੀ ਗਿਣਤੀ ਵਿਚ ਇਕੱਤਰ ਹੋਏ। ਜ਼ਾਲਮ ਅਮਰੀਕੀ ਹਾਕਮਾਂ ਨੇ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਇਸ ਵਿਸ਼ਾਲ ਰੈਲੀ ਉਪਰ ਬੰਬ ਸੁੱਟਿਆ, ਜਿਸ ਨਾਲ ਇਕ ਸਾਰਜੰਟ ਦੀ ਮੌਤ ਹੋ ਗਈ। ਇਸ ਨੂੰ ਬਹਾਨਾ ਬਣਾ ਕੇ ਪੁਲੀਸ ਨੇ ਕੋਲ ਹੀ ਛੁਪਾ ਕੇ ਬਿਠਾਈ ਫ਼ੌਜੀ ਟੁਕੜੀ ਨਾਲ ਖੂਬ ਲਾਠੀਚਾਰਜ ਕੀਤਾ ਅਤੇ ਮੁਜ਼ਾਹਰੇ ’ਚ ਇਕੱਤਰ ਮਜ਼ਦੂਰਾਂ ਉਪਰ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਇਸ ਵਿਚ 4 ਮਜ਼ਦੂਰ ਸ਼ਹੀਦ ਹੋ ਗਏ ਤੇ ਇਕ ਪੁਲੀਸ ਕਰਮਚਾਰੀ ਵੀ ਮਾਰਿਆ ਗਿਆ। ਅਮਰੀਕੀ ਸਰਕਾਰ ਨੇ ਦੇਸ਼ ਦੇ ਸਾਰੇ ਸਨਅਤੀ ਸ਼ਹਿਰਾਂ ਵਿਚਲੇ ਮਜ਼ਦੂਰ ਆਗੂਆਂ ਨੂੰ ਗਿ੍ਰਫ਼ਤਾਰ ਕਰ ਲਿਆ ਤੇ ਝੂਠੇ ਕੇਸ ਦਰਜ ਕੀਤੇ ਗਏ। ਚਾਰ ਮਈ ਦੇ ਬੰਬ ਧਮਾਕੇ ਦੇ ਝੂਠੇ ਦੋਸ਼ ਵਿਚ 8 ਆਗੂਆਂ ਉੱਪਰ ਮੁਕੱਦਮਾ ਦਰਜ ਕੀਤਾ ਗਿਆ। ਮਜ਼ਦੂਰਾਂ ਨੂੰ ਬਦਨਾਮ ਕਰਨ ਲਈ ਸਾਰੇ ਦੇਸ਼ ਵਿਚ ਕਈ ਤਰ੍ਹਾਂ ਦਾ ਭੰਡੀ ਪ੍ਰਚਾਰ ਕੀਤਾ ਗਿਆ ਤਾਂ ਕਿ ਮਜ਼ਦੂਰਾਂ ਵਿਰੁੱਧ ਨਫ਼ਰਤ ਫੈਲਾਈ ਜਾ ਸਕੇ।
ਮਜ਼ਦੂਰਾਂ ਦੇ ਗਿ੍ਰਫ਼ਤਾਰ 8 ਆਗੂਆਂ ਨੇ ਸਰਕਾਰ ਦੇ ਝੂਠੇ ਦੋਸ਼ਾਂ ਨੂੰ ਕੇਵਲ ਨਕਾਰਿਆ ਹੀ ਨਹੀਂ, ਸਗੋਂ ਸਰਕਾਰ ਦੀਆਂ ਲੋਟੂ, ਪੂੰਜੀਪਤੀ ਪੱਖੀ ਨੀਤੀਆਂ ਨੂੰ ਖੂਬ ਉਜਾਗਰ ਕੀਤਾ ਅਤੇ ਹਾਕਮਾਂ ਦੇ ਬਰਾਬਰਤਾ ਤੇ ਲੋਕ ਪੱਖੀ ਹੋਣ ਦੇ ਝੂਠੇ ਖਾਸੇ ਵੀ ਬੇਨਕਾਬ ਕੀਤੇ। ਅਦਾਲਤ ਵਿਚ ਬੰਬ ਧਮਾਕੇ ਵਿਚ ਕਿਸੇ ਦੇ ਵੀ ਦੋਸ਼ੀ ਨਾ ਸਾਬਤ ਹੋਣ ਦੇ ਬਾਵਜੂਦ, ਜੱਜਾਂ ਨੇ ਹਾਕਮ ਪੱਖੀ, ਬੇ-ਨਿਆਈਂ ਖਾਸੇ ਤਹਿਤ 8 ਆਗੂਆਂ ਵਿਚੋਂ 7 ਆਗੂਆਂ (ਅਗਸਤ ਸਮਾਈਸ, ਅਲਬਰਟ ਪਾਰਸਨਜ਼, ਮਾਈਕਲ ਸ਼ਾਅਬ, ਸੈਮੂਅਲ ਫੀਲਡਜ਼, ਅਡੋਲਫ ਫਿਸ਼ਰ, ਲੂਈ ਕਿੰਗ ਅਤੇ ਜਾਰਜ ਐਨਗਲ) ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਅੱਠਵੇਂ ਆਗੂ (ਆਸਕਰ ਨੀਵ) ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ। ਪੂੰਜੀਪਤੀਆਂ ਦੇ ਅਮਰੀਕੀ ਸਰਕਾਰ ਦੇ ਇਸ ਮਜ਼ਦੂਰ ਦਮਨਕਾਰੀ ਨੀਤੀ ਵਿਰੁੱਧ ਅਨੇਕਾਂ ਦੇਸ਼ਾਂ ਵਿਚ ਸਖ਼ਤ ਰੋਸ ਤੇ ਗੁੱਸਾ ਜਾਗਿਆ। ਅਮਰੀਕਾ ਦੇ ਨਾਲ ਨਾਲ ਯੂਰਪ ਦੇ ਮਜ਼ਦੂਰ ਸੰਗਠਨਾਂ ਨੇ ਇਸ ਦੇ ਵਿਰੋਧ ਵਿਚ ਵੱਡੇ ਵੱਡੇ ਮੁਜ਼ਾਹਰੇ ਲਾਮਬੰਦ ਕੀਤੇ ਪਰ ਅਮਰੀਕੀ ਸਰਕਾਰ ਨੇ ਸਭ ਅਣਸੁਣਿਆ ਕਰਕੇ ਉਦਯੋਗਪਤੀਆਂ ਦਾ ਹੀ ਸਾਥ ਦਿੱਤਾ। ਸਿਰਫ਼ ਦੋ ਆਗੂਆਂ (ਸੈਮੂਅਲ ਫੀਲਡਜ਼ ਤੇ ਮਾਈਕਲ ਸਾਅਬ) ਦੀਆਂ ਫਾਂਸੀ ਦੀਆਂ ਸਜ਼ਾਵਾਂ ਉਮਰ ਕੈਦ ਵਿਚ ਬਦਲੀਆਂ। ਲੂਈ ਕਿੰਗ ਜੇਲ੍ਹ ਵਿਚ ਹੀ ਸ਼ਹੀਦ ਹੋ ਗਿਆ। ਬਾਕੀ 4 ਬਹਾਦਰ ਮਜ਼ਦੂਰ ਆਗੂਆਂ ਨੂੰ 11 ਨਵੰਬਰ 1887 ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। 1893 ਵਿਚ ਈਲੀਆਨਜ਼ ਪ੍ਰਾਂਤ ਦੇ ਗਵਰਨਰ ਨੇ ਭਾਰੀ ਮਜ਼ਦੂਰ ਵਿਰੋਧ ਅਤੇ ਇਹ ਮਹਿਸੂਸ ਕਰ ਲੈਣ ਨਾਲ ਕਿ ਇਹ ਬੇਇਨਸਾਫ਼ੀ ਹੋਈ ਹੈ, ਬਾਕੀ ਤਿੰਨ ਆਗੂਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਇਹ ਵੀ ਸਾਬਤ ਹੋ ਗਿਆ ਕਿ ਗਵਾਹ ਨੂੰ ਝੂਠੀ ਗਵਾਹੀ ਲਈ ਰਿਸ਼ਵਤ ਦਿੱਤੀ ਗਈ ਸੀ।
1886 ਤੋਂ ਸ਼ੁਰੂ ਹੋਈ ਮਜ਼ਦੂਰਾਂ ਦੀ ਇਕਮੁੱਠਤਾ ਤੇ ਲੰਬੀ ਜਦੋ-ਜਹਿਦ ਨਾਲ ਦੁਨੀਆ ਭਰ ਦੀ ਮਜ਼ਦੂਰ ਜਮਾਤ ਵਿਚ ਨਵੀਂ ਚੇਤਨਾ ਪੈਦਾ ਹੋਈ। ਪੂੰਜੀਪਤੀਆਂ ਵਿਰੁੱਧ ਰੋਸ ਜਾਗਿਆ। ਦਿਹਾੜੀ 8 ਘੰਟੇ ਕਰ ਦਿੱਤੀ ਗਈ। ਮਜ਼ਦੂਰਾਂ ਵਿਚ ਸਾਂਝੇ ਸੰਘਰਸ਼ਾਂ ਲਈ ਉਤਸ਼ਾਹ ਦਾ ਹੌਸਲਾ ਪੈਦਾ ਹੋਇਆ। ਹੋਰ ਸਮੱਸਿਆਵਾਂ ਹੱਲ੍ਹ ਹੋਈਆ ਅਤੇ ਵਧੇਰੇ ਉਜਰਤਾਂ ਦੀ ਪ੍ਰਾਪਤੀ ਹੋਈ। ‘ਦੁਨੀਆ ਭਰ ਦੇ ਮਜ਼ਦੂਰੋ ਇਕ ਹੋ ਜਾਓ’ ਦਾ ਨਾਅਰਾ ਸਾਰੀ ਦੁਨੀਆ ਵਿਚ ਗੂੰਜਿਆ।
ਅੱਜ ਮਜ਼ਦੂਰ ਜਮਾਤ ਸਾਹਮਣੇ ਫੇਰ ਵੱਡੀਆਂ ਚੁਣੌਤੀਆਂ ਹਨ। 1990 ਵਿਚ ਦੁਨੀਆ ਭਰ ਦੇ ਮਜ਼ਦੂਰਾਂ ਦਾ ਪ੍ਰੇਰਣਾ ਸਰੋਤ ਤੇ ਮਜ਼ਦੂਰਾਂ ਦੇ ਰਾਜ ਦਾ ਕੇਂਦਰ ਸਮਾਜਵਾਦੀ ਸੋਵੀਅਤ ਯੂਨੀਅਨ (ਯੂ.ਐਸ.ਐਸ.ਆਰ.) ਦਾ ਕਿਲਾ ਪੂੰਜੀਪਤੀਆਂ ਦੀਆਂ ‘ਗੋਰਬੀ’ ਸਾਜ਼ਿਸ਼ਾਂ ਨਾਲ ਢਹਿ-ਢੇਰੀ ਹੋ ਗਿਆ ਹੈ। ਇਸ ਦੇ ਨਾਲ ਹੀ ਪੂਰਬੀ ਯੂਰਪ ਦੇ ਹੋਰ ਅਨੇਕਾਂ ਦੇਸ਼ਾਂ ਵਿਚੋਂ ਵੀ ਮਜ਼ਦੂਰ ਪੱਖੀ ਸਮਾਜਵਾਦੀ ਸਰਕਾਰਾਂ ਦੀ ਥਾਂ ’ਤੇ ਸਰਮਾਏਦਾਰੀ ਪ੍ਰਬੰਧ ਸਥਾਪਤ ਹੋ ਗਿਆ ਹੈ। ਸਿੱਟੇ ਵਜੋਂ 1990 ਤੋਂ ਹੀ ਹੁਣ ਨਵੀਆਂ ਆਰਥਕ ਨੀਤੀਆਂ ਸਾਰੇ ਸੰਸਾਰ ਵਿਚ ਲਾਗੂ ਹੋ ਗਈਆਂ ਹਨ। ਸੋਵੀਅਤ ਯੂਨੀਅਨ ਵਰਗੀ ਸਮਾਜਵਾਦੀ ਪ੍ਰਣਾਲੀ ਸਥਾਪਤ ਕਰਨ ਲਈ ਲੜ ਰਹੀ ਮਜ਼ਦੂਰ ਜਮਾਤ ਦਾ ਵਿਰੋਧ ਘੱਟ ਕਰਨ ਲਈ ਸਿਹਤ, ਸਿੱਖਿਆ, ਰੁਜ਼ਗਾਰ ਦੀ ਗਾਰੰਟੀ ਤੇ ਬੇਰੁਜ਼ਗਾਰੀ ਭੱਤਾ, ਵਧੇਰੇ ਤੇ ਇਕਸਾਰ ਉਜਰਤ, ਸਮਾਜਕ ਨਿਆਂ ਆਦਿ ਸਹੂਲਤਾਂ ਹੁਣ ਸਹਿਜੇ ਸਹਿਜੇ ਸਮਾਪਤ ਹੋ ਰਹੀਆਂ ਹਨ। ਰੋਟੀ, ਕੱਪੜਾ, ਮਕਾਨ, ਬਿਜਲੀ, ਪਾਣੀ, ਸਿਹਤ, ਸਿੱਖਿਆ ਆਦਿ ਬੁਨਿਆਦੀ ਸਹੂਲਤਾਂ ਤੋਂ ਸਰਕਾਰਾਂ ਪਾਸੇ ਹੱਟ ਗਈਆਂ ਹਨ।
ਸਾਡੇ ਦੇਸ਼ ਵਿਚ ਤਾਂ ਮਜ਼ਦੂਰ ਵਰਗ ਦੀ ਬਹੁਤ ਹੀ ਮੰਦੀ ਹਾਲਤ ਹੈ। ਪਹਿਲਾਂ ਹੀ ਬੇਰੁਜ਼ਗਾਰੀ ਚਰਮ ਸੀਮਾਂ ’ਤੇ ਹੈ। ਹੁਣ ਕਰੋਨਾ ਦੇ ਬਹਾਨੇ ਨਾਲ ਬਹੁਤ ਵੱਡੀ ਪੱਧਰ ’ਤੇ ਮਜ਼ਦੂਰਾਂ ਦੀਆਂ ਛਾਂਟੀਆਂ ਹੋਣਗੀਆਂ। ਆਰਥਕ ਸੰਕਟ ਪਹਿਲਾਂ ਹੀ ਸਾਰੀ ਦੁਨੀਆ ਨੂੰ ਜਕੜ ਵਿਚ ਲੈ ਰਿਹਾ ਸੀ। ਹੁਣ ਕਰੋਨਾ ਕਾਰਨ ਇਹ ਕਈ ਗੁਣਾ ਵਧੇਗਾ। ਆਰਥਕ ਸੰਕਟ ਦਾ ਕਾਰਨ ਹੁਣ ਨਵੀਆਂ ਆਰਥਕ ਨੀਤੀਆਂ ਦੀ ਥਾਂ ਕਰੋਨਾ ਸਿਰ ਭਾਂਡਾ ਭੰਨਿਆ ਜਾਵੇਗਾ। ‘ਪੈ ਗਿਆ ਕਾਲ- ਮੋਏ ਗ਼ਰੀਬ- ਹੋਇਆ ਸਖਾਲ-ਮੋਈ ਗ਼ਰੀਬ’ ਦੇ ਅਖਾਣ ਮੁਤਾਬਕ ਇਸ ਆਰਥਕ ਸੰਕਟ ਦਾ ਸਾਰਾ ਬੋਝ ਮਜ਼ਦੂਰ-ਮੁਲਾਜ਼ਮ ਕਿਸਾਨ ਤੇ ਸਮੁੱਚੇ ਮਿਹਨਤਕਸ਼ ਵਰਗ ਦੇ ਮੋਢਿਆਂ ਉੱਪਰ ਸੁੱਟਿਆ ਜਾਵੇਗਾ।
ਮਜ਼ਦੂਰਾਂ ਵਲੋਂ ਲੰਬੀਆਂ ਲੜਾਈਆਂ ਨਾਲ ਕੀਤੀਆਂ ਪ੍ਰਾਪਤੀਆਂ ਨੂੰ ਖ਼ਤਮ ਕੀਤਾ ਜਾਵੇਗਾ। ਭਾਜਪਾ ਦੀ ਅਗਵਾਈ ਵਾਲੀ ਮੋਦੀ-ਸ਼ਾਹ ਸਰਕਾਰ ਦਾ ਖਾਸਾ ਤਾਂ ਪਹਿਲਾਂ ਹੀ ਮਜ਼ਦੂਰ ਵਿਰੋਧੀ ਅਤੇ ਸਰਮਾਏਦਾਰਾਂ/ਵੱਡੇ ਧਨਾਢਾਂ ਪੱਖੀ ਹੈ, ਹੁਣ ਇਸ ਵਿਚ ਹੋਰ ਵਾਧਾ ਹੋਵੇਗਾ ਅਤੇ ਅਡਾਨੀਆਂ, ਅੰਬਾਨੀਆਂ, ਟਾਟਿਆਂ, ਡਾਲਮੀਆਂ, ਬਜਾਜਾਂ ਆਦਿ ਵੱਡੇ ਧਨਾਢ ਘਰਾਣਿਆਂ ਦੀ ਆਮਦਨ ਨੂੰ ਵਧਾਉਣ ਲਈ ਮਜ਼ਦੂਰ ਵਰਗ ’ਤੇ ਸ਼ਿਕੰਜਾ ਕਸਿਆ ਜਾਵੇਗਾ। ਮਜ਼ਦੂਰਾਂ ਦੇ ਸੰਘਰਸ਼ਾਂ/ਹੜਤਾਲਾਂ ਉਪਰ ਸੰਵਿਧਾਨਕ ਪਾਬੰਦੀਆਂ ਲਾਈਆਂ ਜਾਣਗੀਆਂ।
ਕਰੋਨਾ ਭਾਵੇਂ ਗ਼ਰੀਬ-ਅਮੀਰ, ਜਾਤ ਧਰਮ ਨੂੰ ਨਹੀਂ ਵੇਖਦਾ ਪਰ ਇਸ ਦੀ ਮਾਰ ਗ਼ਰੀਬ ’ਤੇ ਹੀ ਪੈ ਰਹੀ ਹੈ। ਸਭ ਤੋਂ ਵੱਡਾ ਸੰਕਟ, ਮਜ਼ਦੂਰ ਵਰਗ ਨੂੰ ਕਰੋਨਾ ਵਾਇਰਸ ਦੇ ਨਾਲ ਨਾਲ ਭੁੱਖਮਰੀ ਤੋਂ ਬਚਾਉਣ ਦਾ ਹੈ। ਉਹ ਭੁੱਖਮਰੀ ਦੇ ਦੁਖੋਂ ਪੈਦਲ ਘਰਾਂ ਨੂੰ ਜਾ ਰਹੇ ਹਨ। ਦੇਸ਼ ਦੀ 60 ਫੀਸਦੀ ਤੋਂ ਵੱਧ ਵਸੋਂ ਗ਼ਰੀਬਾਂ/ਮਜ਼ਦੂਰਾਂ ਦੀ ਹੈ। ਇਨ੍ਹਾਂ ਕੋਲ ਢਿੱਡ ਭਰਨ ਜੋਗੇ ਵੀ ਪੈਸੇ ਨਹੀਂ ਹਨ।
ਇਨ੍ਹਾਂ ਕੋਲ ਖ਼ਰੀਦ ਸ਼ਕਤੀ ਬਿਲਕੁਲ ਹੀ ਨਹੀਂ ਹੈ। ਕਾਰਖ਼ਾਨਿਆਂ ਦਾ ਸਾਮਾਨ ਕੌਣ ਖ਼ਰੀਦੇਗਾ। ਸਿੱਟੇ ਵਜੋਂ ਕਾਰਖ਼ਾਨੇ ਬੰਦ ਹੋਣਗੇ। ਤਾਲਾ ਬੰਦੀਆਂ, ਛਾਂਟੀਆਂ ਦਾ ਦੌਰ ਹੋਰ ਤਿੱਖਾ ਹੋਵੇਗਾ। ਸਮਾਜਕ (ਸਰੀਰਕ) ਦੂਰੀ ਰੱਖਣ ਕਾਰਨ ਵਧੇਰੇ ਕਾਮੇ ਕੰਮ ’ਤੇ ਨਹੀਂ ਰੱਖੇ ਜਾਣਗੇ। ਹਾਲੇ ਕਰੋਨਾ ਕਾਰਨ ਹੋਰ ਕਈ ਚਿਰ ਵੱਡੇ ਇਕੱਠਾਂ ’ਤੇ ਪਾਬੰਦੀ ਰਹੇਗੀ। ਫਿਰ ਐਸੀ ਹਾਲਤ ਵਿਚ ਮਜ਼ਦੂਰ ਇਸ ਚੁਣੌਤੀ ਦਾ ਮੁਕਾਬਲਾ ਕਿਵੇਂ ਕਰੇ; ਇਹ ਸੋਚਣਾ ਅਤੇ ਇਸ ਸਾਰੇ ਕੁਝ ਵਿਰੁੱਧ ਹਰ ਸੰਭਵ ਤਰੀਕੇ ਨਾਲ ਵਿਰੋਧ ਕਰਨਾ ਹੋਵੇਗਾ।
ਭਾਰਤ ਦੀ ਪੂੰਜੀਪਤੀ ਜਮਾਤ ਦੇ ਇਕ ਸੰਗਠਨ ਐਸੋਚੈਮ ਵਲੋਂ 2008 ਨੂੰ ਇਕ ਅਧਿਐਨ ਰਿਪੋਰਟ ਵਿਚ ਆਰਥਕ ਗਤੀ ਤੇਜ਼ ਕਰਨ ਲਈ, ਮਜ਼ਦੂਰ ਦੀ ਦਿਹਾੜੀ 8 ਦੀ ਥਾਂ 10 ਘੰਟੇ ਕਰਨ ਦੀ ਵਕਾਲਤ ਕੀਤੀ ਗਈ ਸੀ। ਹੁਣ ਉਸ ਨੂੰ ਸਵੀਕਾਰ ਕਰਦੇ ਹੋਏ 12 ਘੰਟੇ ਕਰਨ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। ਇਸ ਮਈ ਦਿਹਾੜੇ ’ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮ ਕਰਨ ਦੇ ਨਾਲ ਨਾਲ ਇਸ ਦਾ ਸਖ਼ਤੀ ਨਾਲ ਟਾਕਰਾ ਕਰਨ ਦਾ ਅਹਿਦ ਕਰਨਾ ਹੋਵੇਗਾ।
ਆਰ.ਐਸ.ਐਸ. ਦੀ ਨਿਰਦੇਸ਼ਨਾਂ ਵਿੱਚ ਅਤੇ ਸਹਿਯੋਗੀ ਸੰਗਠਨਾਂ ਵੱਲੋਂ ਤੇਜ਼ੀ ਨਾਲ ਫਿਰਕੂ ਨਫ਼ਰਤ ਬੜੀ ਹੀ ਤੇਜ਼ੀ ਨਾਲ ਫੈਲਾਈ ਜਾ ਰਹੀ ਹੈ। ਘੱਟ-ਗਿਣਤੀ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਹਮਲੇ ਤੇਜ਼ ਕੀਤੇ ਜਾ ਰਹੇ ਹਨ। ਅਜਿਹੇ ਸਮੇਂ ਨਿੱਜੀਕਰਨ ਦਾ ਕੁਹਾੜਾ ਹੁਣ ਹੋਰ ਤੇਜ਼ ਕੀਤਾ ਜਾਣਾ ਹੈ। ਨਿੱਜੀਕਰਨ ਕਾਰਨ ਸਿਹਤ ਤੇ ਸਿੱਖਿਆ ਸੇਵਾਵਾਂ ਗ਼ਰੀਬ ਦੀ ਪਹੁੰਚ ਤੋਂ ਬਾਹਰ ਹਨ। ਬਿਜਲੀ ਤੇ ਸਾਫ਼ ਪਾਣੀ ਸਭ ਦਾ ਨਿੱਜੀਕਰਨ ਹੈ। ਮਜ਼ਦੂਰ ਵਰਗ ਨੂੰ ਇਸ ਨਿੱਜੀਕਰਨ ਵਿਰੁੱਧ ਹੋਰ ਮਜ਼ਬੂਤ ਹੋ ਕੇ ਲੜਨਾ ਹੋਵੇਗਾ। ਕਰੋਨਾ ਦੌਰਾਨ ਸਿਹਤ ਸੇਵਾਵਾਂ ਦਾ ਜਨਾਜ਼ਾ ਨਿਕਲਦਾ ਸਭ ਦੁਨੀਆ ਵੇਖ ਰਹੀ ਹੈ।
ਸਰਮਾਏਦਾਰਾਂ/ਵੱਡੇ ਸ਼ਾਹੂਕਾਰਾਂ/ਵਪਾਰੀਆਂ/ਜਮਾਂਖੋਰਾਂ ਪੱਖੀ ਨੀਤੀਆਂ ਕਾਰਨ ਮਹਿੰਗਾਈ ਪਹਿਲਾਂ ਹੀ ਤੇਜ਼ੀ ਨਾਲ ਵੱਧ ਰਹੀ ਹੈ, ਹੁਣ ਹੋਰ ਵਧੇਗੀ। ਆਰਥਕ ਮੰਦਹਾਲੀ ਦੂਰ ਕਰਨ ਲਈ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਉਜਰਤਾਂ/ਤਨਖ਼ਾਹਾਂ ਵਿਚ ਕਟੌਤੀ ਕੀਤੀ ਜਾਵੇਗੀ। ਚਾਹੀਦਾ ਤਾਂ ਇਹ ਸੀ ਕਿ ਵੱਡੇ ਸਰਮਾਏਦਾਰਾਂ ਦਾ ਟੈਕਸ ਵਧਾਇਆ ਜਾਂਦਾ, ਉਨ੍ਹਾਂ ਤੋਂ ਵਿਸ਼ੇਸ਼ ਫ਼ੰਡ ਲਿਆ ਜਾਂਦਾ ਪਰ ਸਰਕਾਰ ਉਸ ਨੂੰ ਟੈਕਸ ਛੋਟਾਂ ਦੇ ਕੇ ਮਜ਼ਦੂਰਾਂ/ਗ਼ਰੀਬਾਂ, ਆਮ ਲੋਕਾਂ ਉਪਰ ਟੈਕਸ ਹੋਰ ਵਧਾਵੇਗੀ।
ਮਜ਼ਦੂਰਾਂ ਵਲੋਂ ਲਹੂ ਵੀਟਵੇਂ ਸੰਘਰਸ਼ਾਂ ਦੌਰਾਨ ਵੱਖ ਵੱਖ ਸਰਕਾਰਾਂ ਵਿਰੁੱਧ ਲੜ ਕੇ ਜੋ ਮਜ਼ਦੂਰ ਪੱਖੀ ਕਾਨੂੰਨ (ਲੇਬਰ ਲਾਅ) ਬਣਾਏ ਸਨ, ਉਨ੍ਹਾਂ ਨੂੰ ਮੋਦੀ-ਸ਼ਾਹ ਸਰਕਾਰ ਨੇ ਪਹਿਲਾਂ ਹੀ 44 ਮਜ਼ਦੂਰ ਪੱਖੀ ਕਾਨੂੰਨਾਂ ਦੀ ਥਾਂ 4 ਕੋਡਾਂ ਅਧੀਨ ਲੈ ਆਂਦਾ ਹੈ। ਇਨ੍ਹਾਂ ਕੋਡਾਂ ਨੂੰ ਕਾਨੂੰਨਾਂ ਵਾਂਗ ਅਦਾਲਤਾਂ ਵਿਚ ਵੰਗਾਰਿਆ ਨਹੀਂ ਜਾ ਸਕਦਾ। ਇਹ ਬਹੁਤ ਖ਼ਤਰਨਾਕ ਹੈ, ਇਸ ਵਿਰੁੱਧ ਲੜਨਾ ਹੋਵੇਗਾ। ਗ਼ੈਰ-ਜਥੇਬੰਦ ਖੇਤਰ ਦੇ ਮਜ਼ਦੂਰਾਂ ਦੀ ਹਾਲਤ ਹੋਰ ਵੀ ਪਤਲੀ ਹੋਵੇਗੀ। ਉਨ੍ਹਾਂ ਨੂੰ ਜਥੇਬੰਦ ਖੇਤਰ ਅਧੀਨ ਲਿਆਉਣਾ ਵੱਡੀ ਚੁਣੌਤੀ ਹੈ।
ਕਰੋਨਾ ਦੇ ਪ੍ਰਕੋਪ ਦਰਮਿਆਨ ਹੀ ਕੇਂਦਰ ਤੇ ਹੋਰ ਭਾਜਪਾ ਸਰਕਾਰਾਂ ਨੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਜਾਮ ਕਰ ਦਿੱਤਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਕੀਤਾ ਹੋਇਆ ਹੈ। ਹਾਲੇ ਹੋਰ ਵੀ ਕੱਟ ਲਗਣਗੇ। ਕਰੋਨਾ ਕਹਿਰ ਦੌਰਾਨ ਮਜ਼ਦੂਰ/ਗ਼ਰੀਬ ਭੁੱਖੇ ਮਰ ਰਹੇ ਹਨ ਪਰ ਗੋਦਾਮਾਂ ਵਿਚ ਪਏ ਅਨਾਜ ਨੂੰ ਲੋਕਾਂ ਵਿਚ ਮੁਫ਼ਤ ਵੰਡਣ ਦੀ ਥਾਂ ਉਸ ਤੋਂ ਸੈਨੇਟਾਈਜ਼ਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆ ਹਨ। ਭੁੱਖ ਤਾਂ ਕੇਵਲ ਅਨਾਜ ਨਾਲ ਦੂਰ ਹੋਣੀ ਹੈ, ਜਦਕਿ ਸੈਨੇਟਾਈਜ਼ਰ ਹੋਰ ਕਈ ਤਰ੍ਹਾਂ ਬਣਾਏ ਜਾ ਸਕਦੇ ਹਨ। ਇਸ ਦਾ ਮਈ ਦਿਹਾੜੇ ’ਤੇ ਵਿਰੋਧ ਕਰਨਾ ਬਣਦਾ ਹੈ।
ਅਨੇਕਾਂ ਹੋਰ ਵੀ ਚੁਣੌਤੀਆਂ ਮਜ਼ਦੂਰ ਵਰਗ ਸਾਹਮਣੇ ਦਰਪੇਸ਼ ਹਨ। ਡਟ ਕੇ ਵਿਰੋਧ ਕਰਨਾ ਤੇ ਨਾਲੋ-ਨਾਲ ਕਰੋਨਾ ਦੇ ਕਹਿਰ ਤੋਂ ਬਚਣ ਲਈ ਆਪਣਾ ਬਚਾਅ ਆਪ ਕਰਨ ਤੇ ਆਪੋ-ਆਪਣੇ ਸੰਗਠਨਾਂ ਦੇ ਘੇਰੇ ਮਜ਼ਬੂਤ ਤੇ ਵਿਸ਼ਾਲ ਕਰਨ ਦੇ ਨਾਲ ਨਾਲ ਵਿਸ਼ਾਲ ਏਕਤਾ ਉਸਾਰਨੀ ਹੋਵੇਗੀ। ਮਈ ਦਿਵਸ ’ਤੇ ਸਮੇਂ ਦੀ ਇਤਿਹਾਸਕ ਲੋੜ ਵਿਸ਼ਾਲ ਏਕਤਾ ਤਿੱਖੇ ਘੋਲ ਅਤੇ ‘ਦੁਨੀਆ ਭਰ ਦੇ ਮਜ਼ਦੂਰੋ ਇਕ ਹੋ ਜਾਓ’ ਦੇ ਨਾਅਰੇ ਬੁਲੰਦ ਕਰਨੇ ਹੋਣਗੇ।
ਮੱਖਣ ਕੁਹਾੜ