Now Reading
ਭੀਮਾ-ਕੋਰੇਗਾਂਵ; ਦਲਿਤਾਂ ਤੇ ਫਿਰਕੂ-ਫਾਸ਼ੀਵਾਦੀਆਂ ਦਾ ਇਕ ਹੋਰ ਸ਼ਰਮਨਾਕ ਹਮਲਾ

ਭੀਮਾ-ਕੋਰੇਗਾਂਵ; ਦਲਿਤਾਂ ਤੇ ਫਿਰਕੂ-ਫਾਸ਼ੀਵਾਦੀਆਂ ਦਾ ਇਕ ਹੋਰ ਸ਼ਰਮਨਾਕ ਹਮਲਾ

ਮਹੀਪਾਲ
ਹਿੰਦੂਤਵਵਾਦੀ ਤਾਕਤਾਂ, ਜਿਨ੍ਹਾਂ ਦੀ ਕਮਾਨ ਸਮੁੱਚੇ ਰੂਪ ਵਿਚ ਰਾਸ਼ਟਰੀਆ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਹੱਥਾਂ ਵਿਚ  ਹੈ, ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ, ਜੋ ਆਰ.ਐਸ.ਐਸ. ਦੇ ਇਸ਼ਾਰੇ ‘ਤੇ ਕਠਪੁੱਤਲੀ ਵਾਂਗ ਨੱਚਦੀ ਹੈ, ਦੀ ਕਾਇਮੀ ਤੋਂ ਬਾਅਦ ਪੂਰੀ ਤਰ੍ਹਾਂ ਚਾਂਭਲੀਆਂ ਹੋਈਆਂ ਹਨ। ਦੇਸ਼ ਵਿਚ ਜਿੱਥੇ ਚਾਹੁੰਣ, ਜਦੋਂ ਚਾਹੁਣ, ਘੱਟ ਗਿਣਤੀ ਨਾਲ ਸਬੰਧਤ ਬਸ਼ਿੰਦਿਆਂ, ਦਲਿਤਾਂ, ਔਰਤਾਂ ‘ਤੇ ਜਾਨਲੇਵਾ ਹਮਲੇ ਕਰਦੀਆਂ ਹਨ, ਇਹ ਪਿਛਾਂਹ ਖਿੱਚੂ, ਸੰਵਿਧਾਨ ਤੋਂ ਉਪਰ ਸ਼ਕਤੀਆਂ ਪ੍ਰਾਪਤ ਮਨੁੱਖ ਮਾਰੂ ਟੋਲੀਆਂ। ਇਸ ਅਸੱਭਿਅਕ ਵਰਤਾਰੇ ਦਾ ਤਾਜ਼ਾ ਸ਼ਿਕਾਰ ਹੋਏ ਹਨ ਮਹਾਰਾਸ਼ਟਰਾ ਦੇ ਮਹਾਰ ਅਤੇ ਹੋਰਨਾਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਭਾਈਚਾਰੇ ਦੇ ਲੋਕ।
ਗਰੀਬ ਲੋਕਾਂ ਦੇ ਮੰਦੇ ਭਾਗਾਂ ਨੂੰ ਇੱਥੇ ਸੂਬਾਈ ਸਰਕਾਰ ਦੀ ਕਮਾਨ ਵੀ ਭਾਜਪਾ ਦੇ ਹੱਥਾਂ ਵਿਚ  ਹੈ। ਘਟਣਾ, ਨਵੇਂ ਸਾਲ ਦੇ ਚੜ੍ਹਦੇ ਦਿਨ, 1 ਜਨਵਰੀ 2018 ਦੀ ਹੈ। ਮਹਾਰਾਸ਼ਟਰ ਦੇ ਪੂਨਾ ਜ਼ਿਲ੍ਹੇ ‘ਚ ‘ਭੀਮਾ’ ਨਦੀ ਦੇ ਕੰਢੇ ‘ਤੇ ਵਸਿਆ ਇਕ ਪਿੰਡ ਹੈ ‘ਭੀਮਾ ਕੋਰੇਗਾੳਂੁ’। ਇਸ ਪਿੰਡ ‘ਚ ਮਹਾਰਾਸ਼ਟਰਾ ‘ਚ ਸੈਂਕੜੇ ਸਾਲਾਂ ਤੋਂ ਅਛੂਤ ਐਲਾਨ ਕੇ ਤ੍ਰਿਸਕਾਰੇ ਜਾਂਦੇ ‘ਮਹਾਰ’ ਭਾਈਚਾਰੇ ਦੇ ਲੋਕ ਪਿਛਲੇ 200 ਸਾਲਾਂ ਤੋਂ ਇਕ ਉਤਸਵ ਮਨਾਉਂਦੇ ਆ ਰਹੇ ਹਨ। ਇਹ ਉਤਸਵ, 1818 ‘ਚ ਵੇਲੇ ਦੀ ਬ੍ਰਿਟਿਸ਼ ਹਕੂਮਤ ਅਤੇ ਸਥਾਨਕ ਰਜਵਾੜੇ ਬਾਜੀਰਾਓ ਪੇਸ਼ਵਾ-2 ਦੀਆਂ ਫੌਜਾਂ ਦਰਮਿਆਨ ਹੋਈ ਜੰਗ ਦੇ ਘਟਣਾਕ੍ਰਮ ਨਾਲ ਜੁੜਿਆ ਹੋਇਆ ਹੈ। ਕੁੱਝ ਇਕਪਾਸੜ ਧਾਰਨਾਵਾਂ ਨਾਲ ਗਰੱਸੇ ਬੁੱਧੀਜੀਵੀ ਅਤੇ ਇਤਿਹਾਸਕਾਰ ਇਹ ਦਲੀਲ ਦੇ ਸਕਦੇ ਹਨ, ਕਿ ਮਹਾਰ ਫੌਜੀਆਂ ਨੇ ਪੇਸ਼ਵਾ ਵਿਰੁੱਧ ਜੰਗ ਵਿਚ ਬ੍ਰਿਟਿਸ਼ ਹਕੂਮਤ ਦਾ ਸਾਥ ਦੇ ਕੇ ਵਿਦੇਸ਼ੀ ਸਾਮਰਾਜ ਦੀ ਕਾਇਮੀ ‘ਚ ਮਦਦ ਕੀਤੀ। ਇਹ ਸਹੀ ਨਿਰਣਾ ਨਹੀਂ। ਇਸ ਦੇ ਜਵਾਬ ਵਿਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ, 1 ਜਨਵਰੀ 2018 ਨੂੰ ਇਸ ਜੰਗ ‘ਚ ਪੇਸ਼ਵਾ ਦਆਂ ਫੌਜਾਂ ਨੂੰ ਪਿੱਛੇ ਹੱਟਣਾ ਪਿਆ ਸੀ ਅਤੇ ਪੇਸ਼ਵਾ ਰਾਜ ਉਸ ਵੇਲੇ ਦਾ ਉਖੜਿਆ ਮੁੜ ਪੈਰ ਨਹੀਂ ਸੀ ਲਾ ਸਕਿਆ। ਪੇਸ਼ਵਾ ਖਿਲਾਫ ਲੜਨ ਵਾਲੀ ਬ੍ਰਿਟਿਸ਼ ਫੌਜੀ ਟੁਕੜੀ ‘ਚ ਬਹੁਗਿਣਤੀ ਫੌਜੀ ਇਸੇ ਅਛੂਤ ਐਲਾਣੀ ਗਈ ਮਹਾਰ ਜਾਤੀ ਨਾਲ ਸਬੰਧਤ ਸਨ। ਬੇਮਿਸਾਲ ਜੰਗੀ ਕੌਸ਼ਲ ਅਤੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਇਨ੍ਹਾਂ ‘ਮਹਾਰ’ ਜੰਗਜੂਆਂ ਨੇ ਪੇਸ਼ਵਾ ਫੌਜਾਂ ਨੂੰ ਮੋਰਚੇ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
ਸੰਤੁਲਿਤ ਸੋਚ ਵਾਲੇ ਇਤਿਹਾਸਕਾਰ ਅਤੇ ਵਿਸ਼ਲੇਸ਼ਕ ਮਹਾਰ ਫੋਜੀਆਂ ਦੀ ਇਸ ਬਹਾਦਰੀ ਅਤੇ ਰਣਕੌਸ਼ਲ ਦਾ ਇਕੋ-ਇਕ ਕਾਰਣ ਮਿੱਥਦੇ ਹਨ। ਉਹ ਕਾਰਨ ਹੈ ਪੇਸ਼ਵਾ ਰਾਜਤੰਤਰ ਵਲੋਂ ਮਹਾਰਾਂ ਅਤੇ ਹੋਰਨਾ ਅਛੂਤ ਸਮਝੇ ਜਾਂਦੇ ਲੋਕਾਂ ਨਾਲ ਕੀਤਾ ਜਾਂਦਾ ਜਾਤੀ ਅਧਾਰਤ ਅਨਿਆਂ ਅਤੇ ਜ਼ੁਲਮ। ਇਤਿਹਾਸਕ ਤੱਥ  ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਆਮ ਰਸਤਿਆਂ ‘ਤੇ ਚਲਦਿਆਂ ਮਹਾਰ ਲੋਕ ਆਪਣੀ ਛਾਤੀ ਨਾਲ ਇਕ ਕੁੱਜਾ ਅਤੇ ਪਿੱਠ ਪਿੱਛੇ ਝਾੜੂ ਬੰਨ੍ਹ ਕੇ ਨਿਕਲਦੇ ਸਨ। ਪੇਸ਼ਵਾ ਸ਼ਾਸ਼ਕ ਦਾ ਹੁਕਮ ਸੀ ਕਿ ‘ਮਹਾਰ’ ਲੋਕਾਂ ਦਾ ਥੁੱਕ ਵੀ ਧਰਤੀ ‘ਤੇ ਨਹੀਂ ਡਿੱਗਣਾ ਚਾਹੀਦਾ ਅਤੇ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ‘ਤੇ ਕਿਸੇ ਅਖੌਤੀ ਉਚ ਜਾਤੀ ਵਾਲੇ ਦਾ ਪੈਰ ਵੀ ਨਹੀਂ ਆਉਣਾ ਚਾਹੀਦਾ। ਇਸ ਦੀ ਉਲੰਘਣਾ ਕਰਨ ‘ਤੇ ਜੋ ਸਜ਼ਾ ਦਿੱਤੀ ਜਾਂਦੀ ਸੀ, ਉਸ ਦੀ ਤਾਂ ਅੱਜ ਦੀਆਂ ਪੀੜ੍ਹੀਆਂ ਕਲਪਨਾ ਵੀ ਨਹੀਂ ਕਰ ਸਕਦੀਆਂ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੇਸ਼ਵਾ ਰਾਜ ਵਿਚ ਮਹਾਰ ਜਾਤੀ ਦੇ ਲੋਕਾਂ ਦੀ ਆਰਥਕ-ਸਮਾਜਕ ਅਵਸਥਾ ਕਿੰਨੀ ਤਰਸਯੋਗ ਹੋਵੇਗੀ ਅਤੇ ਉਨ੍ਹਾਂ ਦੇ ਗੋਚਰੇ ਕਰਨ ਲਈ ਕਿੰਨੇ ਗੈਰ-ਮਨੁੱਖੀ ਨਖਿੱਧ ਕਾਰਜ਼ ਨਿਸ਼ਚਿਤ ਕੀਤੇ ਗਏ ਹੋਣਗੇ।
ਇਸ ਅਮਾਨਵੀ ਵਤੀਰੇ ‘ਚੋਂ ਹੀ ਨਿਕਲੀ ਸੀ ਉਨ੍ਹਾਂ ਗਰੀਬੜੇ ਲੋਕਾਂ ਦੀ ਬ੍ਰਿਟਿਸ਼ ਫੌਜਾਂ ‘ਚ ਭਰਤੀ ਹੋਣ ਦੀ ਤਾਂਘ। ਅਤੇ ਬਿਨਾਂ ਸ਼ੱਕ ਪੇਸ਼ਵਾ ਫੌਜਾਂ ਖਿਲਾਫ਼ ਹੋਈ ਜੰਗ ਵਿਚ ਉਨ੍ਹਾਂ ਧਰਤੀ ਪੁੱਤਰਾਂ ਵਲੋਂ ਦਿਖਾਈ ਬਹਾਦਰੀ ਅਸਲ ਵਿਚ ਪੇਸ਼ਵਾ ਸ਼ਾਸ਼ਨ ਵਲੋਂ ਉਨ੍ਹਾਂ ‘ਤੇ ਪੀੜ੍ਹੀ ਦਰ ਪੀੜ੍ਹੀ ਕੀਤੇ ਗਏ ਜ਼ੁਲਮਾਂ ਦਾ ਪ੍ਰਤੀਕਾਰ ਹੀ ਸੀ।
ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਜੰਗ ਦੀ ਜਿੱਤ ਦਾ ਜਸ਼ਨ ਮਹਾਰ ਭਾਈਚਾਰੇ ਵਲੋਂ ਸਮੁੱਚੇ ਮਹਾਰਾਸ਼ਟਰਾ ਵਿਚ ਮਨਾਇਆ ਜਾਂਦਾ ਹੈ। ”ਅਸਲ ‘ਚ ਮਹਾਰ ਇਸ ਉਤਸਵ ਨੂੰ ਜਾਤੀ ਪ੍ਰਥਾ ਅਧੀਨ ਹੁੰਦੇ ਜ਼ੁਲਮਾਂ ਖਿਲਾਫ਼ ਪ੍ਰਤੀਕਾਰ ਅਤੇ ਆਪਣੇ ਸਵੈਮਾਨ ਦੀ ਰਾਖੀ ਦੇ ਪ੍ਰਤੀਕ ਵਜੋਂ ਮਨਾਉਂਦੇ  ਆ ਰਹੇ ਹਨ।”
Âੀਸਟ ਇੰਡੀਆ ਕੰਪਨੀ ਅਤੇ ਮਰਾਠਾ ਖੇਤਰ ਦੀਆਂ ਪੇਸ਼ਵਾ ਰਿਆਸਤਾਂ ਦਰਮਿਆਨ ਲੜੀ ਗਈ ਇਸ ਜੰਗ ਵਿਚ ਕੰਪਨੀ ਵਲੋਂ ਕੈਪਟਨ ਫਰਾਂਸਿਸ ਐਂਫ ਸਟਾਟਨ ਅਤੇ ਪੇਸ਼ਵਾਵਾਂ ਵਲੋਂ ਪੇਸ਼ਵਾ ਬਾਜੀ ਰਾਓ (ਦੂਜਾ), ਬਾਪੂ ਗੋਖਲੇ, ਅੱਪਾ ਦੇਸਾਈ ਤੇ ਤਰਿਅੰਭਕ ਡੇਂਗਲੇ ਆਦਿ ਅਗਵਾਈ ਕਰ ਰਹੇ ਸਨ। ਪੇਸ਼ਵਾਵਾਂ ਵਲੋਂ ਲੜਨ ਵਾਲੀ ਫੌਜੀ ਤੰਜ਼ੀਮਾਂ ਦੇ ਨਾਂਅ ਅਰਬ, ਗੋਸਾਈਂ ਅਤੇ ਮਰਾਠਾ ਸਨ। ਜਦਕਿ ਕੰਪਨੀ ਵਲੋਂ ਮਦਰਾਸ ਆਰਟਿਲਰੀ (ਤੋਪਖਾਨਾ) ਤੇ ਬੰਬੇ ਨੇਟਿਵ ਇੰਫੈਨਸਟਰੀ ਦੀ ਪਹਿਲੀ ਰੈਜੀਮੈਂਟ ਦੀ ਦੂਜੀ ਬਟਾਲੀਅਨ ਮੈਦਾਨ ਵਿਚ ਸਨ। ਗਿਣਤੀ ਪੱਖੋਂ ਪੇਸ਼ਵਾ ਫੈਜਾਂ, ਈਸਟ ਇੰਡੀਆ ਕੰਪਨੀ ਦੇ ਫੌਜੀਆਂ ਨਾਲੋਂ ਕਿਤੇ ਵੱਧ ਸਨ। ਪੇਸ਼ਵਾ ਫੌਜਾਂ ਦੀ ਗਿਣਤੀ 28000 ਅਤੇ ਬ੍ਰਿਟਿਸ਼ ਫੌਜੀ ਮਾਤਰ 834 ਸਨ ਜਿਨ੍ਹਾਂ ‘ਚੋਂ 500 ਦੇ ਨੇੜੇ ਤੇੜੇ ‘ਮਹਾਰ’ ਯੋਧੇ ਸਨ। ਇਸਦੇ ਬਾਵਜੂਦ ਪੇਸ਼ਵਾ ਫੌਜਾਂ ਕੇਵਲ ਜੰਗ ਹਾਰੀਆਂ। ਇਸ ਥਾਂ ‘ਤੇ ਜਾਨਾਂ ਵਾਰ ਗਏ ਮਹਾਰ ਯੋਧਿਆਂ ਦੀ ਯਾਦ ਵਿਚ ਇਕ ਜਿੱਤ ਸਤੰਭ (Victory Column) ਉਸਾਰਿਆ ਗਿਆ ਹੈ।
ਕੁੱਝ ਲੋਕਾਂ ਨੂੰ ਮਹਾਰਾਂ ਦੀ ਬਹਾਦਰੀ ਬਾਰੇ ਸ਼ੰਕੇ ਹੋ ਸਕਦੇ ਹਨ। ਅਸੀਂ ਉਨ੍ਹਾਂ ਨੂੰ ਇਹ ਯਾਦ ਕਰਾਉਣਾ ਚਾਹੁੰਦੇ ਹਾਂ ਕਿ ਮਹਾਰਾਂ ਨੂੰ ਸ਼ਿਵਾਜੀ ਮਰਹੱਟਾ ਨੇ ਵੀ ਆਪਣੀਆਂ ਫੌਜਾਂ ‘ਚ ਭਰਤੀ ਕੀਤਾ ਸੀ। ਇਹ ਵੀ ਸਥਾਪਤ ਸੱਚ ਹੈ ਕਿ ਔਰੰਗਜ਼ੇਬ ਦੀ ਹਕੂਮਤ ਵਲੋਂ ਤਿਲ-ਤਿਲ ਕਰਕੇ ਮਾਰ ਮੁਕਾਏ ਸ਼ਿਵਾ ਜੀ ਦੇ ਪੋਤੇ ਸੰਭਾ ਜੀ ਦੀ ਲਾਸ਼, ਇਕ ਮਹਾਰ ਯੋਧਾ ਹੀ ਲੈ ਕੇ ਆਇਆ ਸੀ। ਪਰ ਸ਼ਿਵਾਜੀ ਦੀਆਂ ਬਾਅਦ ਦੀਆਂ ਨਸਲਾਂ ਨੇ ਉਨ੍ਹਾਂ ਨੂੰ ਅਛੂਤ ਐਲਾਨ ਕੇ ਤਰਿਸਕਾਰ ਅਤੇ ਅਨਿਆਂ ਦੇ ਪਾਤਰ ਬਣਾ ਦਿੱਤਾ।
ਇਹੀ ਮਹਾਰ ਰੈਜੀਮੈਂਟ ਅੱਜ ਵੀ ਭਾਰਤੀ ਫੌਜ ਦਾ ਮਹੱਤਵਪੂਰਨ ਹਿੱਸਾ ਹੈ। ਭਾਰਤੀ ਫੌਜ ਦੇ ਦੋ ਮੁਖੀ (ਚੀਫ ਆਫ ਆਰਮੀ ਸਟਾਫ) ਜਨਰਲ ਕੇ.ਸੁੰਦਰਜੀ ਅਤੇ ਕੇ.ਵੀ. ਕ੍ਰਿਸ਼ਨਾਰਾਉ ਇਸ ਰੈਜੀਮੈਂਟ ਤੋਂ ਸਨ। ਇਸੇ ਰੈਜੀਮੈਂਟ ਨੂੰ ਇਕ ਪਰਮਵੀਰ ਚੱਕਰ, ਦੋ ਮਹਾਵੀਰ ਚੱਕਰ, 29 ਵੀਰ ਚੱਕਰ, 12 ਸ਼ੌਰਿਆਂ ਚੱਕਰ, 22 ਵਸ਼ਿਸ਼ਟ ਸੇਵਾ ਮੈਡਲ ਅਤੇ 63 ਸੇਵਾ ਮੈਡਲ ਹੁਣ ਤੱਕ ਬਹਾਦਰੀ ਲਈ ਮਿਲ ਚੁੱਕੇ ਹਨ। 1947-48 ਦੀ ਜੰਗ ‘ਚ ਇਹ ਰੈਜੀਮੈਂਟ ਜੰਮੂ-ਕਸ਼ਮੀਰ ਅਤੇ ਪੰਜਾਬ ਵਿਖੇ ਤਾਇਨਾਤ ਸੀ। 1962 ਦੀ ਜੰਗ ਵੇਲੇ ਲੱਦਾਖ ‘ਚ ਅਤੇ 1971 ਦੀ ਜੰਗ ਵੇਲੇ ਇਸ ਦੀਆਂ ਟੁਕੜੀਆਂ ਉਤਰੀ ਸਰਹੱਦ ਤੇ ਘੱਟੋ ਘੱਟ 10 ਮਹੱਤਵਪੂਰਨ ਮੋਰਚਿਆਂ ‘ਤੇ ਤਾਇਨਾਤ ਸਨ। ਉਕਤ ਸਾਰਾ ਵਰਣਨ ਅਸੀਂ ਜੰਗਾਂ ਦਾ ‘ਗੁਣਗਾਣ’ ਕਰਨ ਲਈ ਨਹੀਂ ਕਰ ਰਹੇ। ਬਲਕਿ ਅਸੀਂ ਕਹਿਣਾ ਇਹ ਚਾਹੁੰਦੇ ਹਾਂ ਕਿ ਬਹਾਦਰੀ ਤੇ ਜ਼ਹੀਨ ਦਿਮਾਗੀ ਕਿਸੇ ਵਿਸ਼ੇਸ਼ ਜਾਤ, ਗੋਤ, ਧਰਮ, ਭਾਸ਼ਾ, ਖਿੱਤੇ, ਨਸਲ ਦੀ ਮੁਹਤਾਜ਼ ਨਹੀਂ। ਜਾਤੀ ਵੰਡ ਅਤੇ ਅਜਿਹੀਆਂ ਹੋਰ ਬੰਦਿਸ਼ਾਂ ਸਗੋਂ ਮਨੁੱਖੀ ਨਸਲ ਅਤੇ ਸੱਭਿਆਤਾਵਾਂ ਦੇ ਸਹਿਜ ਵਿਕਾਸ ਦੇ ਰਾਹ ਦਾ ਰੋੜਾ ਹੁੰਦੀਆਂ ਹਨ। ਅਛੂਤ ਬਣਾ ਕੇ ਜਿਸਮਾਨੀ-ਦਿਮਾਗੀ-ਆਰਥਕ ਪ੍ਰਗਤੀ ਤੋਂ ਵਾਂਝੇ ਕਰ ਦਿੱਤੇ ਗਏ ਮਹਾਰਾਂ ਨੇ ਮੌਕਾ ਪੈਣ ‘ਤੇ ਐਸੇ ਜੌਹਰ ਦਿਖਾਏ ਕਿ ਜਨਮ ਅਤੇ ਜਾਤੀ ਪੱਖੋਂ ਖ਼ੁਦ ਨੂੰ ਪੱਕਾ ਹੀ ਉਤਮ ਜੰਗਜੂ ਮੰਨੀ ਬੈਠੇ ਪੇਸ਼ਵਾ ਜਰਨੈਲਾਂ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ।
ਵਿਦੇਸ਼ੀ ਧਾੜਵੀਆਂ ਨੇ ਜਿਨ੍ਹਾਂ ਜੰਗੂਆਂ ਦੀ ਮਦਦ ਨਾਲ ਪੂਨਾ ‘ਤੇ ਕਬਜ਼ਾ ਬਹਾਲ ਰੱਖਿਆ ਜੇ ਪੇਸ਼ਵਿਆਂ ਨੂੰ ਉਨ੍ਹਾਂ ਨੂੰ ਨਾ ਤ੍ਰਿਸਕਾਰਿਆ-ਮਾਰਿਆ ਹੁੰਦਾ ਤਾਂ ਸ਼ਇਦ ਉਹ ਪੇਸ਼ਵਾ ਵਲੋਂ ਵਿਦੇਸ਼ੀ ਕੰਪਨੀ ਵਿਰੁੱਧ ਲੜਦੇ। ਇਹ ਸਾਡੀ ਜਾਚੇ 1818 ਦੀ ਜੰਗ ਦਾ ਸਭ ਤੋਂ ਵੱਡਾ ‘ਤੇ ਨਿਰਣਾਇਕ ਸਬਕ ਹੈ।
ਪਰ ਬਦਕਿਸਮਤੀ ਨੂੰ ਭਾਰਤੀ ਸਮਾਜ ਅਜੇ ਇਸ ਦਿਆਨਤਦਾਰੀ ਦੇ ਨੇੜੇ-ਤੇੜੇ ਵੀ ਨਹੀਂ ਪੁੱਜਾ। ਭਾਰਤ ‘ਚ ਅੱਜ ਵੀ ਵਿਅਕਤੀ ਵਿਸ਼ੇਸ਼ ਦਾ ਨਿਰਣਾ ਉਸ ਦੇ ਗੁਣ-ਔਗੁਣ ਦੇ ਅਧਾਰ ‘ਤੇ ਨਹੀਂ, ਬਲਕਿ ਜਾਤੀ ਦੇ ਅਧਾਰ ‘ਤੇ ਕੀਤਾ ਜਾਂਦਾ ਹੈ। ਇਹ ਤਬਾਹਕਰੂ ਸਮਝਦਾਰੀ ਲੋਕਾਂ ਦੇ ਦਿਲੋ-ਦਿਮਾਗ ਦਾ ਹਿੱਸਾ ਬਣਾ ਦਿੱਤੀ ਗਈ ਹੈ। ਹਾਕਮ ਜਮਾਤਾਂ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਮਨੁੱਖ ਦੀ ਅਜਾਦਾਨਾ ਸਰਵਪੱਖੀ ਤਰੱਕੀ ਦੇ ਰਾਹ ‘ਚ ਬਾਧਕ ਇਸ ਵਰਤਾਰੇ ਦੇ ਹੋਰ ਵਧਣ ਫੁਲਣ ਦੇ ਮੌਕੇ ਪੈਦਾ ਕਰਦੀਆਂ ਹਨ। ਅੱਜ ਇਸ ਕੋਝੇ ਸਾਜਿਸ਼ੀ ਵਰਤਾਰੇ ਦੀ ਕਮਾਂਡ ਸਾਮਰਾਜੀ ਸਾਜ਼ਿਸ਼ਾਂ ਦੇ ਸਿੱਟੇ ਵਜੋਂ ਹੋਂਦ ‘ਚ ਆਏ ਅਤੇ ਆਪਣੇ ਸਾਮਰਾਜ ਭਗਤੀ ਦੇ ਮੰਤਵ ‘ਚ ਤਹਿ ਦਿਲੋਂ ਲੱਗੇ ਹੋਏ ਆਰ ਐਸ ਐਸ ਅਤੇ ਉਸ ਦੇ ਸਹਿਯੋਗੀ ਸੰਗਠਨਾਂ (ਸੰਘ ਪ੍ਰੀਵਾਰ) ਨੇ ਸਾਂਭੀ ਹੋਈ ਹੈ। ਉਕਤ ਸਾਜਿਸ਼ੀ ਵਰਤਾਰੇ ਦਾ ਹੀ ਸਿੱਟਾ ਹੈ ਭੀਮਾ ਕੋਰੇਗਾਉਂ ਵਿਖੇ ਨਵੇਂ ਸਾਲ 2018 ਦੇ ਪਹਿਲੇ ਦਿਨ ਗਿਣ ਮਿੱਥ ਕੇ ਅੰਜਾਮ ਦਿੱਤੀ ਗਈ ਜਾਤੀ ਹਿੰਸਾ।
1818 ਦੀ ਜੰਗ ‘ਚ ਸ਼ਹੀਦ ਹੋਣ ਵਾਲੇ ‘ਮਹਾਰ’ ਫ਼ੌਜੀਆਂ ਦੀ ਯਾਦ ‘ਚ ਇੱਕਤਰ ਹੋਏ ਭਾਈਚਾਰੇ ਦੇ ਲੋਕਾਂ ਤੇ ”ਸੰਭਾ ਜੀ ਬ੍ਰਿਗੇੜ” ਦੇ ਕਾਰਕੁੰਨਾਂ ਵੱਲੋਂ ਹਿੰਸਕ ਹਮਲਾ ਕਰ ਦਿੱਤਾ ਗਿਆ। ਇਹ ਸੰਭਾ ਜੀ ਬ੍ਰਿਗੇੜ ਅਸਲ ‘ਚ ਮਰਾਠੀ ਅਸਮਿਤਾ ਦੇ ਨਾਂ ‘ਤੇ ਕੰਮ ਕਰਨ ਵਾਲੀ ”ਸੰਘ ਪ੍ਰੀਵਾਰ” ਦੀ ਹੱਥਠੋਕਾ ਜੱਥੇਬੰਦੀ ਹੈ। ਇਸ ਦੇ ਆਗੂਆਂ ਅਤੇ ਕਾਰਕੁੰਨਾਂ ਵੱਲੋਂ ਮਸਲੇ ਨੂੰ ਹਿੰਦੂ ਬਨਾਮ ਦਲਿਤ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਸੁਹਿਰਦ ਪਾਠਕਾਂ ਨੂੰ ਇਹ ਤੱਥ ਅਸਲ ‘ਚ ਬਿਲਕੁਲ ਵੀ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਕਿ ਆਰ ਐਸ ਐਸ ਹਜਾਰਾਂ ਸਾਲ ਪੁਰਾਣੀ ਮਾਨਵਤਾ ਦੋਖੀ ਮੰਨੂੰਵਾਦੀ ਜਾਤੀ ਵਿਵਸਥਾ ਨੂੰ ਭਾਰਤ ‘ਚ ਮੁੜਸਥਾਪਿਤ ਕਰਨਾ ਚਾਹੁੰਦਾ ਹੈ। ਸੰਭਾ ਜੀ ਬ੍ਰਿਗੇਡ ਤੇ ਇਸ ਵਰਗੀਆਂ ਹੋਰ ਜੱਥੇਬੰਦੀਆਂ ਸੰਘ ਦੀ ਇਸ ਇੱਛਾ ਪੂਰਤੀ ਦੇ ‘ਸੰਦ ਤੇ ਸਾਧਨ’ ਹਨ। ਇਹ ਐਵੇਂ ਹੀ ਨਹੀਂ ਕਿ ਜਦੋਂ ਸਾਰਾ ਮਹਾਰਾਸ਼ਟਰ ਜਾਤੀ ਹਿੰਸਾ ਦੀ ਕੁਲਹਿਣੀ ਅੱਗ ‘ਚ ਫ਼ਸ-ਗਿਆ ਸੀ, ਉਦੋਂ ਸੰਘੀ ਟੋਲੇ, ਸੰਭਾ ਜੀ ਬ੍ਰਿਗੇਡ ਦੇ ਸਿਰੇ ਦੇ ਦਕਿਆਨੂਸੀ, ਫ਼ਿਰਕੂ, ਉੱਚ ਜਾਤੀ ਹੰਕਾਰ ਚ ਗ੍ਰਸੇ ਆਗੂ, ਸੰਭਾ ਜੀ ਭਿੜੇ ਉਰਫ਼ ਭਿੜੇ ਗੁਰੂ ਜੀ ਨੂੰ ਕੁਰਬਾਨੀ ਦਾ ਪੁੰਜ, ਵਿਦਵਾਨ, ਵਿਗਿਆਨੀ, ਧਰਮ ਗਿਆਤਾ ਪੰਡਤ ਆਦਿ ਵਜੋਂ ਮਹਿਮਾ ਮੰਡਤ ਕਰ ਰਹੇ ਸਨ। ਇਹ ਵੀ ਡੱਟ ਕੇ ਪ੍ਰਚਾਰਿਆ ਗਿਆ ਕਿ ਭਿੜੇ ਗੁਰੂ ਜੀ ਮੋਦੀ ਦਾ ਉਸਤਾਦ ਹੈ। ਅਸਲ ‘ਚ ਇਹ ਲੜਾਈ ਹਿੰਦੂ ਬਨਾਮ ਦਲਿਤ ਨਹੀਂ ਬਲਕਿ ਕਟੱੜ ਹਿੰਦੂਤਵਾਵਾਦੀ ਬਨਾਮ ਦਲਿਤ ਹੈ ਅਤੇ ਉਹ ਵੀ ਸੰਘੀਆਂ ਵੱਲੋਂ ਜਾਣ ਬੁੱਝ ਕੇ ਪੈਦਾ ਕੀਤੀ ਗਈ ਹੈ। ਭੁਲੇਖੇ ਦੀ ਗੁੰਜਾਇਸ਼ ਨਹੀਂ ਕਿ ਸਰਕਾਰ ਸੰਘੀ ਦੰਗਾਕਾਰੀ ਅਪਰਾਧੀਆਂ ਦੀ ਪਿੱਠ ‘ਤੇ ਹੈ। ਦੇਸ਼ ਦੇ ਪ੍ਰਧਾਨ ਮੰਤਰੀ, ਜੋ ਗੱਲ-ਗੱਲ ‘ਤੇ ਸੰਸਾਰ ਦੇ ਸੱਭ ਤੋਂ ਵੱਡੇ ”ਦਾਨਿਸ਼ਮੰਦ” ਵਜੋਂ ਵੰਨ ਸੁਵੰਨੇ ਬਿਆਨ ਦਿੰਦੇ ਹਨ, ਨੇ ਅੱਜ ਤੱਕ ਇਸ ਹਿੰਸਾ ਅਤੇ ਹਿੰਸ਼ਾ ਦੇ ਸ਼ਿਲਪਕਾਰਾਂ ਦੀ ਨਿਖੇਧੀ ਨਹੀਂ ਕੀਤੀ। ਉਂਝ ਵੀ ਪ੍ਰਧਾਨ ਮੰਤਰੀ ‘ਲੋੜ ਸਮੇਂ ਰਾਜ ਧਰਮ ਨਿਭਾਉਣ ਤੋਂ ਭੱਜਣ ਵਾਲੇ’ ਵਜੋਂ ਚੋਖੀ ਪ੍ਰਸਿੱਧੀ ਦੇ ਰੀਕਾਰਡਧਾਰੀ ਹਨ। ਉਕਤ ਹਿੰਸਕ ਵਰਤਾਰੇ ਨੇ ਇਹ ਤੱਥ ਵੀ ਮੁੜ ਉਜਾਗਰ ਕਰ ਦਿੱਤਾ ਹੈ ਕਿ ਭਾਰਤ ਦੇ ਦਲਿਤ ਆਰ ਐਸ ਐਸ ਲਈ ਹਿੰਦੂ ਨਹੀਂ ਅਤੇ ਜੇ ਮੰਦੇ ਭਾਗੀ ਕਿਤੇ ਹਿੰਦੂ ਰਾਸ਼ਟਰ ਕਾਇਮ ਹੋਇਆ ਤਾਂ ਦਲਿਤਾਂ ਨੂੰ ਆਪਣੇ ਨਾਲ ਹੋਣ ਵਾਲੇ ਵਤੀਰੇ ਸਬੰਧੀ ਹੁਣ ਤੋਂ ਹੀ ਕਿਆਸ ਲਾ ਲੈਣੇ ਚਾਹੀਦੇ ਹਨ। ਉਂਝ ਵੀ, ਕਿਸੇ ਵੀ ਧਰਮ ਅਧਾਰਤ ਰਾਜ ਵਾਂਗੂ ਸੰਘੀਆਂ ਦਾ ਹਿੰਦੂ ਰਾਜ ਸਮੂਹ ਹਿੰਦੂ ਭਾਈਚਾਰੇ ਵਾਸਤੇ ਨਹੀਂ। ਗਰੀਬਾਂ ਲਈ ਤਾਂ ਕਤਈ ਨਹੀਂ। ਬਲਕਿ ਮੁੱਠੀ ਭਰ ਹਾਕਮ ਜਮਾਤਾਂ ਲਈ ਹੋਵੇਗਾ ਜਿਸ ਦੇ ਝਲਕਾਰੇ ਮੋਦੀ ਰਾਜ ‘ਚੋਂ ਭਲੀ ਭਾਂਤ ਦੇਖੇ ਜਾ ਸਕਦੇ ਹਨ।
ਇਸ ਹਿੰਸਕ ਘਟਣਾ ਦਾ ਦਲਿਤ ਸਮਾਜ ‘ਚੋਂ ਚੋਖਾ ਅਤੇ ਨਿਆਂ ਸੰਗਤ ਵਿਰੋਧ ਹੋਇਆ। ਹਰ ਖੇਤਰ ਵਿਚਲੇ ਸਾਵੀਂ ਸੋਚਣੀ ਵਾਲੇ ਸੰਗਠਨਾਂ ਅਤੇ ਵਿਅਕਤੀਆਂ ਨੇ ਪੀੜਤਾਂ ਦਾ ਪੱਖ ਲਿਆ ਅਤੇ ਦਲੇਰੀ ਨਾਲ ਹਿੰਸਾ ਦੇ ਘਾੜਿਆਂ ਨੂੰ ਕਟਹਿਰੇ ‘ਚ ਖੜ੍ਹਾ ਕੀਤਾ। ਸਭ ਤੋਂ ਹਾਂਪਖੀ ਪਹਿਲੂ ਇਸ ਘਟਣਾਕ੍ਰਮ ਨਾਲ ਜੁੜਿਆ ਇਹ ਰਿਹਾ ਕਿ ਦੇਸ਼ ਭਰ ਦੇ ਦਲਿਤ-ਸੰਗਠਨਾਂ ਅਤੇ ਖੱਬੇ ਰੁਝਾਣ ਵਾਲੀਆਂ ਜੱਥੇਬੰਦੀਆਂ ਵਲੋਂ ਸਾਂਝੇ  ਅਤੇ ਆਜ਼ਾਦਾਨਾ ਪ੍ਰਤੀਰੋਧ ਐਕਸ਼ਨ ਜੱਥੇਬੰਦ ਕੀਤੇ ਗਏ। ਇਸ ਪੱਖੋਂ ਉਂਝ ਹਾਲੇ ਵੀ ਹੋਰ ਬੜਾ ਕੁੱਝ ਕੀਤੇ ਜਾਣ ਦੀ ਲੋੜ ਹੈ।
ਇਸ ਘਟਣਾ ਨੇ ਇੱਕ ਵਾਰ ਫੇਰ ਜਾਤੀਵਾਦੀ ਪ੍ਰਥਾ ਦਾ ਕਰੂਪ ਚਿਹਰਾ ਮੁੜ ਉਘਾੜ ਕੇ ਪੇਸ਼ ਕੀਤਾ ਹੈ। ਪਰ ਇਸ ਘਟਣਾ ਨੇ ਇਹ ਵੀ ਦਰਸਾਇਆ ਕਿ ਦੇਸ਼ ਦੇ ਦਲਿਤ, ਖਾਸ ਕਰ ਨਵੀਂ ਪੀੜ੍ਹੀ ਹੁਣ ਇਸ ਨੂੰ ਹੋਰ ਸਹਿਣ ਕਰਨ ਲਈ ਤਿਆਰ ਨਹੀਂ। ਇਸ ਘਟਣਾ ਤੋਂ ਬਾਅਦ ਇਸ ਖਿਲਾਫ਼ ਹੋਇਆ ਹਾਂ ਪੱਖੀ ਵਿਚਾਰਧਾਰਕ ਅਤੇ ਜੱਥੇਬੰਦਕ ਵਿਰੋੁਧ ਵੀ ਭੱਵਿਖ ਲਈ ਚੰਗਾ ਸੰਕੇਤ ਹੈ। ਭਾਰਤ ਵਿੱਚ ਇੱਕ ਬਰਾਬਰਤਾ ਅਧਾਰਤ ਸਮਾਜ ਸਿਰਜਣ ਦੇ ਚਾਹਵਾਨ ਤੱਤਾਂ ਨੂੰ ਇਹ ਘਟਣਾ ਇਹ ਸੁਨੇਹਾ ਦਿੰਦੀ ਹੈ ਕਿ ਉਨ੍ਹਾਂ ਨੂੰ ਇਸ ਜਬਰ ਦੇ ਮੁਹਰੈਲੀ ਆਗੂਆਂ ਵਜੋਂ ਆਪਣੇ ਆਪ ਨੂੰ ਤਿਆਰ ਅਤੇ ਸਥਾਪਤ ਕਰਨਾ ਹੋਵੇਗਾ। ਭਾਰਤ ‘ਚ ਬਰਾਬਰਤਾ ਦਾ ਸੰਕਲਪ ਜਾਤੀਪਾਤੀ ਜ਼ੁਲਮਾਂ ਦੇ ਖਾਤਮੇਂ ਤੋਂ ਬਿਨਾਂ ਕਿਆਸਿਆ ਵੀ ਨਹੀਂ ਜਾ ਸਕਦਾ।

Scroll To Top