Now Reading
ਫੌਜੀ ਕਾਰਵਾਈਆਂ ਦਾ ਸਿਆਸੀਕਰਨ ਤੇ ਫੌਜ ਦਾ ਫਿਰਕੂਕਰਨ ਹੈ ਅੱਗ ਨਾਲ ਖੇਡਣ ਦੇ ਸਮਾਨ

ਫੌਜੀ ਕਾਰਵਾਈਆਂ ਦਾ ਸਿਆਸੀਕਰਨ ਤੇ ਫੌਜ ਦਾ ਫਿਰਕੂਕਰਨ ਹੈ ਅੱਗ ਨਾਲ ਖੇਡਣ ਦੇ ਸਮਾਨ

ਪ੍ਰੋ. ਜੈਪਾਲ ਸਿੰਘ
”ਇਹ ਵਰਦੀ ਕਿਸੇ ਨੇਤਾ ਦੀ ਜਾਗੀਰ ਨਹੀਂ। ਇਹ ਸਾਡੇ ਦੇਸ਼ ਦੀ ਸ਼ਾਨ ਹੈ। ਮੇਰੇ ਸਵਰਗੀ ਪਿਤਾ ਦੀ ਵਰਦੀ ਨੇ ਕਦੇ ਵੀ ਹਿੰਦੂ ਅਤੇ ਮੁਸਲਮਾਨ ਵਿੱਚ ਵਖਰੇਵਾਂ ਨਹੀਂ ਕੀਤਾ।” ਇਹ ਸ਼ਬਦ 20 ਸਾਲਾ ਨੌਜਵਾਨ ਸਿਧਾਰਥ ਕੁਮਾਰ ਦੇ ਹਨ, ਜੋ ਯੂ.ਪੀ. ਦੇ ਸ਼ਹਿਰ ਸ਼ਾਮਲੀ ਦਾ ਰਹਿਣ ਵਾਲਾ ਹੈ ਤੇ ਜਿਸ ਨੇ ਅਜੇ ਮਹਿਜ਼ 45 ਦਿਨ ਪਹਿਲਾਂ ਹੀ 14 ਫਰਵਰੀ 2019 ਨੂੰ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੇ ਕਾਫਲੇ ‘ਤੇ ਹੋਏ ਆਤਮਘਾਤੀ ਹਮਲੇ ‘ਚ ਸ਼ਹੀਦ ਹੋਏ 40 ਜਵਾਨਾਂ ‘ਚੋਂ ਇੱਕ ਆਪਣੇ ਪਿਆਰੇ ਪਿਤਾ ਸ੍ਰੀ ਪਰਦੀਪ ਕੁਮਾਰ ਨੂੰ ਖੋਇਆ ਹੈ। ਇਹ ਸਖ਼ਤ ਟਿੱਪਣੀ ਉਸਨੇ ਉਦੋਂ ਕੀਤੀ ਜਦੋਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ 31 ਮਾਰਚ ਨੂੰ ਬਿਸਾੜਾ ਵਿਖੇ ਚੋਣ ਰੈਲੀ ‘ਚ ਬੋਲਦਿਆਂ ਭਾਰਤੀ ਸੈਨਾ ਨੂੰ ‘ਮੋਦੀ ਜੀ ਦੀ ਸੈਨਾ’ ਕਿਹਾ। ਸਿਧਾਰਥ ਦੀ ਇਹ ਟਿੱਪਣੀ ਦੱਸਦੀ ਹੈ ਕਿ ਸਿਰਫ 20 ਸਾਲ ਦਾ ਨੌਜਵਾਨ ਆਪਣੀ ਅਥਾਹ ਦੁੱਖ ਦੀ ਘੜੀ ‘ਚ ਵੀ ਮੋਦੀ-ਸ਼ਾਹ-ਯੋਗੀ ਵਰਗੇ ਫਿਰਕਾਪ੍ਰਸਤੀ ਦੀ ਗਰਕਣ ਵਿਚ ਗਰਕੇ ਹੋਏ ਰਾਜਨੀਤੀਵਾਨਾਂ ਨਾਲੋਂ ਵੱਧ ਸੂਝ ਦਾ ਪ੍ਰਗਟਾਵਾ ਕਰਦਾ ਹੈ। ਜਦੋਂ 14 ਫਰਵਰੀ ਨੂੰ ਪੁਲਵਾਮਾ ਵਿਖੇ ਸਰਕਾਰੀ ਤੰਤਰ ਦੀਆਂ ਘੋਰ-ਅਣਗਹਿਲੀਆਂ, ਫੌਜੀ ਪ੍ਰਕਿਰਿਆਵਾਂ ਦੀਆਂ ਉਲੰਘਣਾਵਾਂ ਅਤੇ ਸੂਹੀਆ ਰਿਪੋਰਟਾਂ ਦੀ ਅਣਦੇਖੀ ਕਾਰਨ ਇਹ ਵੱਡਾ ਦੁਖਦਾਈ ਕਾਂਡ ਵਾਪਰਿਆ ਜਿਸ ਵਿੱਚ ਗਰੀਬ ਪਰਿਵਾਰਾਂ ਦੇ 40 ਸਪੂਤ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਬੈਠੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਆਪਣੇ-ਆਪ ਨੂੰ ਚੌਂਕੀਦਾਰ ਕਹਾਉਂਦਾ ਹੈ, ਨੇ ਇਸਦੀ ਜਿੰਮੇਵਾਰੀ ਲੈਣ ਅਤੇ ਇਸ ਕਾਂਡ ਦੀ ਨਿਰਪੱਖ ਜਾਂਚ ਕਰਾਉਣ ਦੀ ਬਜਾਏ, ਉਲਟਾ ਇਨ੍ਹਾਂ ਸ਼ਹੀਦਾਂ ਦੀਆਂ ਫੋੋਟੋਆਂ ਲਾ ਕੇ ਸਿਆਸੀ ਲਾਹਾ ਲੈਣਾ ਸ਼ੁਰੂ ਕਰ ਦਿੱਤਾ। ਐਸਾ ਪਰਤੀਤ ਹੁੰਦਾ ਸੀ ਕਿ ਬੀ.ਜੇ.ਪੀ. ਅਜਿਹਾ ਭਾਣਾ ਵਾਪਰਨ ਦੀ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ ਤਾਂ ਜੋ ਮੋਦੀ ਆਪਣੇ ਨੌਜਵਾਨ ਕਾਰਜਕਰਤਾਵਾਂ ਨੂੰ ‘ਮੇਰਾ ਬੂਥ, ਸਭ ਤੋਂ ਮਜ਼ਬੂਤ’ ਵਿਸ਼ੇ ਤੇ ਬੜੀ ਬੇਸ਼ਰਮੀ ਨਾਲ ਭਾਸ਼ਣ ਦੇ ਸਕੇ।
ਜਦੋਂ 18 ਸਤੰਬਰ 2016 ਨੂੰ ਜੰਮੂ-ਕਸ਼ਮੀਰ ਦੇ ਉੜੀ ਖੇਤਰ ‘ਚ ਵੱਡਾ ਹਮਲਾ ਹੋਇਆ ਜਿਸ ਵਿਚ 19 ਸੈਨਿਕ ਮਾਰੇ ਗਏ ਤੇ ਲਗਪਗ 30 ਦੇ ਕਰੀਬ ਜ਼ਖ਼ਮੀ ਹੋਏ ਤਾਂ ਉਸ ਉਪਰੰਤ 11 ਦਿਨ ਬਾਅਦ, 29 ਸਤੰਬਰ 2016 ਨੂੰ ਭਾਰਤੀ ਫੌਜ ਦੇ ਇਲੀਟ ਪੈਰਾਟਰੁੱਪਰ ਸਪੈਸ਼ਲ ਫੋਰਸਿਜ ਵੱਲੋਂ ਕੰਟਰੋਲ ਰੇਖਾ ਦੇ ਪਾਰ ਜਾ ਕੇ ਪਾਕਿਸਤਾਨ ਸਥਿਤ ਅੱਡ-ਅੱਡ ਅੱਤਵਾਦੀ ਟਿਕਾਣੇ ਨਸ਼ਟ ਕਰਨ ਦਾ ਦਾਅਵਾ ਕੀਤਾ ਗਿਆ ਤੇ ਕਿਹਾ ਗਿਆ ਕਿ ਭਾਰਤ ਨੇ ਅੱਤਵਾਦੀਆਂ ਦੀ ਕਮਰ ਤੋੜ ਦਿੱਤੀ ਹੈ ਤੇ ਹੁਣ ਜੰਮੂ-ਕਸ਼ਮੀਰ ‘ਚ ਅਮਨ ਪਰਤ ਆਵੇਗਾ। ਭਾਰਤ ਨੇ ਇਸ ਕਾਰਵਾਈ ਨੂੰ ਸਰਜੀਕਲ ਸਟਰਾਈਕ ਦਾ ਨਾਂਅ ਦਿੱਤਾ ਤੇ ਪ੍ਰਧਾਨ ਮੰਤਰੀ ਮੋਦੀ ਤੇ ਬੀ.ਜੇ.ਪੀ. ਨੇ ਇਸ ਉਪਰੰਤ ਫਰਵਰੀ-ਮਾਰਚ 2017 ‘ਚ ਯੂ.ਪੀ. ਵਿਧਾਨ ਸਭਾ ਚੋਣਾਂ ਵਿੱਚ ਇਸ ਸਰਜੀਕਲ ਸਟਰਾਈਕ ਦਾ ਭਰਪੂਰ ਫਾਇਦਾ ਉਠਾਇਆ।
ਉਸ ਵਕਤ ਦੀ ਸਰਜੀਕਲ ਸਟਰਾਈਕ ਤੇ ਪੁਲਵਾਮਾ ਉਪਰੰਤ 26 ਫਰਵਰੀ 2019 ਨੂੰ ਕੀਤੀ ਬਾਲਾਕੋਟ ਏਅਰਸਟਰਾਈਕ ਅਤੇ 27 ਫਰਵਰੀ ਨੂੰ ਪਾਕਿਸਤਾਨੀਆਂ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਦੀ ਗ੍ਰਿਫਤਾਰੀ ਉਪਰੰਤ ਬਣੇ ਜੰਗੀ ਮਾਹੌਲ ਤੇ ਚੋਟ ਮਾਰਦੀਆਂ ਡਾ. ਰਾਹਤ ਇੰਦੌਰੀ ਦੀਆਂ ਇਹ ਲਾਈਨਾਂ ਅਤੀ ਢੁਕਵੀਆਂ ਹਨ :
‘ਸਰਹੱਦੋਂ ਪਰ ਬਹੁਤ ਤਨਾਓ ਹੈ ਕਿਆ?
ਕੁਛ ਪਤਾ ਤੋ ਕਰੋ, ਚੁਨਾਓ ਹੈ ਕਿਆ?’
ਫੌਜ ਦੀ ਸਿਆਸੀ ਹਿੱਤਾਂ ਲਈ ਇਸ ਵਰਤੋਂ ਦੇ ਕੁੱਝ ਵਕਤੀ ਪ੍ਰਭਾਵ ਹਨ ਤੇ ਕੁੱਝ ਦੂਰ-ਰਸੀ ਪ੍ਰਭਾਵ। ਪਹਿਲਾਂ ਵਕਤੀ ਪ੍ਰਭਾਵਾਂ ਨਾਲ ਜੁੜੀਆਂ ਕੁੱਝ ਹੋਰ ਗੱਲਾਂ ਕਰਦੇ ਹਾਂ। 29 ਫਰਵਰੀ 2016 ਨੂੰ ਕੀਤੀ ਸਰਜੀਕਲ ਸਟਰਾਈਕ ਉਪਰੰਤ ਉਸ ਦਾ ਮੋਦੀ-ਲਾਣੇ ਵੱਲੋਂ ਸਿਆਸੀ ਲਾਹਾ ਲੈਣ ਦਾ ਫੌਜ ਦੇ ਰਿਟਾਇਰਡ ਅਫ਼ਸਰਾਂ ਵੱਲੋਂ ਬੇਹੱਦ ਬੁਰਾ ਮਨਾਇਆ ਗਿਆ। ਰਿਟਾਇਰਡ ਬ੍ਰਿਗੇਡੀਅਰ ਸੰਦੀਪ ਥਾਪਰ ਨੇ ਕਿਹਾ ਕਿ ਬੀ.ਜੇ.ਪੀ ਦੀ ਅਗਵਾਈ ਵਾਲੀ ਸਰਕਾਰ ਦਾ ਸਰਜੀਕਲ ਸਟਰਾਈਕ ਦੀ ਦੂਜੀ ਵਰੇਗੰਢ ਨੂੰ ‘ਪਰਾਕ੍ਰਮ ਪਰਵ’ ਵਜੋਂ ਮਨਾ ਕੇ ਸਿਆਸੀ ਲਾਹਾ ਲੈਣਾ ਸ਼ਰੇਆਮ ਗਲਤ ਕੰਮ ਹੈ। ”ਫੌਜ ਨੂੰ ਇੱਕ ਕੰਮ ਦਿੱਤਾ ਗਿਆ ਸੀ। ਜੋ ਉਸਨੇ ਕੀਤਾ। ਬੱਸ ਖ਼ਤਮ। ਉਸ ਦਾ ਸਿਆਸੀ ਲਾਭ ਲੈਣ ਨੂੰ ਹਰ ਫੌਜੀ ਬੁਰਾ ਸਮਝਦਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਐਕਸ਼ਨਾਂ ਨੂੰ ਗੁਪਤ ਰੱਖਣਾ ਹੀ ਦੇਸ਼-ਹਿਤ ਲਈ ਲਾਭਕਾਰੀ ਹੁੰਦਾ ਹੈ।
ਉੱਤਰੀ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਐਚ.ਐਸ. ਪਨਾਗ ਨੇ ਕਿਹਾ, ”ਅਸੀਂ ਪਹਿਲਾਂ ਵੀ ਅਜਿਹੇ ਓਪਰੇਸ਼ਨ ਕੀਤੇ ਹਨ ਤੇ ਉਨ੍ਹਾਂ ਨੂੰ ਸੋਚ-ਸਮਝ ਕੇ ਜੱਗ-ਜ਼ਾਹਰ ਨਹੀਂ ਕੀਤਾ। ਫਿਰ ਵੀ ਅਸੀਂ ਲੋੜੀਂਦੇ ਨਤੀਜੇ ਪ੍ਰਾਪਤ ਨਹੀਂ ਕਰ ਸਕੇ। ਪਾਕਿਸਤਾਨ ਨੇ ਇਸ ਸਟਰਾਈਕ ਦੇ ਬਾਵਜੂਦ ਵੀ ਆਪਣੀ ਘੁਸਪੈਠ ਪਹਿਲਾਂ ਨਾਲੋਂ ਤੇਜ਼ ਕਰ ਦਿੱਤੀ ਹੈ ਤੇ ਜੰਮੂ-ਕਸ਼ਮੀਰ ‘ਚ ਘਟਨਾਵਾਂ ਵਧ ਰਹੀਆਂ ਹਨ।” ਮਿਲਟਰੀ ਓਪਰੇਸ਼ਨਜ਼ ਦੇ ਸਾਬਕਾ ਡਾਇਰੈਕਟਰ ਜਨਰਲ ਵਿਨੋਦ ਭਾਟੀਆ ਨੇ ਟਵੀਟ ਕਰਕੇ ਲਿਖਿਆ ”ਸਰਜੀਕਲ ਸਟਰਾਈਕ ਦਾ ਰਾਜਨੀਤਿਕ ਲਾਭ ਲੈਣ ਲਈ ਜ਼ੋਰ-ਸ਼ੋਰ ਨਾਲ ਮਨਾਈ ਜਾ ਰਹੀ ਰਹੀ ਵਰ੍ਹੇਗੰਢ ਭਵਿੱਖ ਦੀਆਂ ਅਜਿਹੀਆਂ ਸੰਭਾਵਨਾਵਾਂ ਲਈ ਉੱਲਟ ਨਤੀਜੇ ਕੱਢ ਸਕਦੀ ਹੈ। ‘ਇੱਕ ਰੈਂਕ, ਇੱਕ ਪੈਨਸ਼ਨ’ ਲਾਗੂ ਕਰਾਉਣ ਦੀ ਮੁਹਿੰਮ ‘ਚ ਮੋਹਰੀ ਰਹੇ ਮੇਜਰ ਜਨਰਲ (ਰਿ) ਸਤਬੀਰ ਨੇ ਕਿਹਾ, ”ਸਰਜੀਕਲ ਸਟਰਾਈਕ ਇੱਕ ਰੁਟੀਨ ਕੰਮ ਹੈ ਤੇ ਹਥਿਆਰਬੰਦ ਫੌਜਾਂ ਦੀ ਟਰੇਨਿੰਗ ਦਾ ਹਿੱਸਾ ਹੈ, ਬਿਨਾਂ ਸ਼ੱਕ ਸਾਡੇ ਸੈਨਿਕ ਵਧਾਈ ਦੇ ਹੱਕਦਾਰ ਹਨ, ਪਰ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਇਸਦਾ ਸਿਆਸੀ ਲਾਭ ਲਵੇ ਤੇ ਉਹ ਸਾਨੂੰ ਵੋਟ ਬੈਂਕ ਨਾ ਸਮਝੇ।”
ਪੁਲਵਾਮਾ ਆਤਮਘਾਤੀ ਹਮਲੇ ਉਪਰੰਤ ਭਾਰਤੀ ਸਮੁੰਦਰੀ ਸੈਨਾ (ਨੇਵੀ) ਦੇ ਸਾਬਕਾ ਮੁਖੀ ਤੇ ਚੀਫ ਆਫ ਸਟਾਫ ਕਮੇਟੀ ਐਡਮਿਰਲ ਰਾਮਦਾਸ ਨੇ ਰਾਸ਼ਟਰਪਤੀ ਦੇ ਨਾਂਅ ਲਿਖੇ ਖਤ ‘ਚ ਸੀ.ਆਰ.ਪੀ.ਐਫ. ਦੇ 40 ਜਵਾਨਾਂ ਦੀਆਂ ਕੀਮਤਾਂ ਜਾਨਾਂ ਜਾਣ ‘ਤੇ ਲਿਖਿਆ ਕਿ ਇਹ ਅਣਮਨੁੱਖੀ ਕਾਰਾ ਟਾਲਿਆ ਜਾ ਸਕਦਾ ਸੀ ਜੇਕਰ ਸਰਕਾਰ ਸੂਹੀਆ ਰਿਪੋਰਟਾਂ ‘ਤੇ ਅਮਲ ਕਰਦਿਆਂ ਲੋੜੀਂਦੇ ਇਹਤਿਆਤੀ ਕਦਮ ਚੁੱਕਦੀ। ਪਰ ਅਫਸੋਸ ਸਰਕਾਰ ਨੇ ਇਸ ਤਰ੍ਹਾਂ ਰਿਐਕਟ ਕੀਤਾ ਜਿਵੇਂ ਇਹ ਸਭ ਕੁਝ ਪਹਿਲਾਂ ਤੋਂ ਹੀ ਸੋਚੀ ਸਮਝੀ ਚਾਲ ਦਾ ਹਿੱਸਾ ਹੋਵੇ। ਇਕ ਦਮ ਕਸ਼ਮੀਰੀਆਂ ‘ਤੇ ਦੇਸ਼ ਦੇ ਅੱਡ-ਅੱਡ ਹਿੱਸਿਆਂ ‘ਚ ਹਮਲਿਆਂ ਤੋਂ ਇਲਾਵਾ ਬੀ.ਜੇ.ਪੀ. ਨੇਤਾਵਾਂ ਨੇ ਇਨ੍ਹਾਂ ਸ਼ਹੀਦ ਜਵਾਨਾਂ ਦੇ ‘ਅਰਥੀ’ ਯਾਤਰਾਵਾਂ ਦੀ ਅਗਵਾਈ ਕੀਤੀ ਤੇ ਇਨ੍ਹਾਂ ਦੀਆਂ ਫੋਟੋਆਂ ਲਾ ਕੇ ਆਪਣੀਆਂ ਰਾਜਨੀਤਿਕ ਰੈਲੀਆਂ ਕੀਤੀਆਂ। ਐਡਮਿਰਲ ਰਾਮਦਾਸ, ਜੋ ਕਿ ਮੈਗਾਸਾਸੇ ਸ਼ਾਂਤੀ ਪੁਰਸਕਾਰ ਨਾਲ ਸਨਮਾਨੇ ਵਿਅਕਤੀ ਵੀ ਹਨ, ਦੀ ਸਲਾਹ ਕਿ ਜੰਮੂ-ਕਸ਼ਮੀਰ ‘ਚ ਸਾਰੀਆਂ ਧਿਰਾਂ ਨਾਲ ਸ਼ਾਂਤੀ ਲਈ ਯਤਨ ਕਰਨੇ ਚਾਹੀਦੇ ਹਨ ਤੇ ਪਾਕਿਸਤਾਨ ਨੂੰ ਵੀ ਕਿਸੇ ਨਾ ਕਿਸੇ ਸ਼ਾਂਤੀ ਵਾਰਤਾ ‘ਚ ਸ਼ਾਮਲ ਕਰਨਾ ਚਾਹੀਦਾ ਹੈ, ਦੇ ਉਲਟ ਪਾਕਿਸਤਾਨ ਦੇ ਘਰ ਅੰਦਰ ਦਾਖਲ ਹੋ ਕੇ ਸਰਜੀਕਲ ਸਟਰਾਈਕ ਕਰਕੇ ਅੱਤਵਾਦੀਆਂ ਦੇ ਵੱੇਡੇ ਟਿਕਾਣੇ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਗਿਆ। ਅੱਤਵਾਦੀਆਂ ਨੂੰ ਮਾਰ ਮੁਕਾਉਣ ਦੇ ਦਾਅਵਿਆਂ ਦੇ ਬਾਵਜੂਦ ਜੰਮੂ-ਕਸ਼ਮੀਰ ‘ਚ ਮਾਰ-ਮਰਾਈ ਜਾਰੀ ਹੈ ਤੇ ਬਾਲਾਕੋਟ ਤੋਂ ਬਾਅਦ ਵੀ ਕਿੰਨੇ ਹੀ ਸੁਰੱਖਿਆ ਜਵਾਨਾਂ/ਅਧਿਕਾਰੀਆਂ ਦੀਆਂ ਫੋਟੋਆਂ ਲਾ ਕੇ ਰੈਲੀਆਂ/ਜਲੂਸ ਕੱਢੇ ਗਏ। ਫੌਜੀ ਸ਼ਹਾਦਤਾਂ/ਬਹਾਦਰੀ ਦੀਆਂ ਰਾਜਨੀਤਿਕ ਵਰਤੋਂ ਦੀਆਂ ਘਟਨਾਵਾਂ ਵਿਰੁੱਧ ਐਡਮਿਰਲ ਰਾਮਦਾਸ ਨੇ ਭਾਰਤੀ ਚੋਣ ਕਮਿਸ਼ਨ ਕੋਲ ਮੁੱਦਾ ਉਠਾਇਆ। ਜਿਸ ‘ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਹਦਾਇਤ ਕੀਤੀ ਕਿ ਉਹ ਸੁਰੱਖਿਆ ਸੈਨਾਵਾਂ ਦੇ ਜਵਾਨਾਂ ਦੀਆਂ ਫੋਟੋਆਂ ਦੀ ਆਪਣੀ ਚੋਣ ਮੁਹਿੰਮ ਦੌਰਾਨ ਵਰਤੋਂ ਤੋਂ ਪਰਹੇਜ ਕਰਨ। ਇਸ ਦੇ ਬਾਵਜੂਦ ਵੀ 31 ਮਾਰਚ ਨੂੰ ਯੋਗੀ ਅਦਿੱਤਿਆਨਾਥ ਨੇ ਭਾਰਤੀ ਫੌਜ ਨੂੰ ‘ਮੋਦੀ ਸੈਨਾ’ ਕਿਹਾ ਤੇ ਚੋਣ ਕਮਿਸ਼ਨ ਨੇ ਯੋਗੀ ਨੂੰ ਸਿਰਫ ਵਾਰਨਿੰਗ ਦੇ ਕੇ ਹੀ ਬੁੱਤਾ ਸਾਰ ਦਿੱਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ, ਪਹਿਲੇ ਚਰਨ ਦੀਆਂ 11 ਅਪ੍ਰੈਲ ਦੀਆਂ ਚੋਣਾਂ ਤੋਂ ਸਿਰਫ਼ 2 ਦਿਨ ਪਹਿਲਾਂ 9 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਲਾਤੂਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ, ”ਕੀ ਤੁਸੀਂ (ਜੋ ਪਹਿਲੀਵਾਰ ਵੋਟ ਪਾਉਣ ਵਾਲੇ ਨੌਜਵਾਨ ਹੋ) ਆਪਣੀ ਵੋਟ ਉਨ੍ਹਾਂ ਬਹਾਦੁਰ ਜਵਾਨਾਂ ਦੇ ਨਾਂਅ ਕਰ ਸਕਦੇ ਹੋ, ਜਿਨ੍ਹਾਂ ਨੇ ਬਾਲਾਕੋਟ ਏਅਰਸਟਰਾਈਕ ਕੀਤੀ? ਕੀ ਤੁਸੀਂ ਆਪਣੀ ਵੋਟ ਉਨ੍ਹਾਂ ਸ਼ਹੀਦਾਂ ਦੇ ਨਾਂਅ ਕਰ ਸਕਦੇ ਹੋ, ਜਿਹੜੇ ਪੁਲਵਾਮਾ ‘ਚ ਸ਼ਹੀਦ ਹੋ ਗਏ।” ਫੌਜੀਆਂ ਤੇ ਉਨ੍ਹਾਂ ਦੀਆਂ ਸ਼ਹਾਦਤਾਂ ਦੇ ਨਾਂਅ ‘ਤੇ ਵੋਟਾਂ ਮੰਗਣ ਦੇ ਬਾਵਜੂਦ ਵੀ ਭਾਰਤੀ ਚੋਣ ਕਮਿਸ਼ਨ ਚੁੱਪ ਹੈ। ਕੀ ਭਾਰਤੀ ਫੌਜ, ਦੇਸ਼ ਦੀ ਫੌਜ ਹੈ? ਜਾਂ ਮੋਦੀ ਜਾਂ ਬੀ.ਜੇ.ਪੀ. ਦੀ ਫੌਜ? ਕੀ ਉਹ ਸ਼ਹੀਦ ਚੋਣ ਮੈਦਾਨ ‘ਚ ਹਨ? ਕੀ ਬਾਲਾਕੋਟ ਦੇ ਬਹਾਦਰ ਸੈਨਿਕ ਚੋਣ ਮੈਦਾਨ ‘ਚ ਹਨ? ਮੋਦੀ ਤੇ ਉਸਦੇ ਸਮੁੱਚੇ ਅਖੌਤੀ ਰਾਸ਼ਟਰਵਾਦੀ ਭਾਰਤੀ ਫੌਜ ਦਾ ਰਾਜਨੀਤੀਕਰਨ ਕਰਕੇ ਦੇਸ਼ ਦਾ ਵੱਡਾ ਨੁਕਸਾਨ ਕਰ ਰਹੇ ਹਨ। ਇਸ ਦੇ ਦੂਰ-ਰਸੀ ਪ੍ਰਭਾਵ ਵੀ ਪੈਣ ਵਾਲੇ ਹਨ। ਆਮ ਹੀ ਦੇਖਿਆ ਗਿਆ ਹੈ ਕਿ 2014 ਤੋਂ ਹੀ ਸੋਸ਼ਲ ਮੀਡੀਆ ‘ਤੇ ‘ਮੈਂ ਭਾਰਤੀ ਫੌਜ ਨਾਲ ਹਾਂ’ ਵਰਗੀਆਂ ਮੁਹਿੰਮਾਂ ਲਗਾਤਾਰ ਜਾਰੀ ਹਨ। ਖਾਸਕਰ ਜੰਮੂ-ਕਸ਼ਮੀਰ ਦੀ ਸਮੱਸਿਆ ਦਾ ਰਾਜਨੀਤਿਕ ਹੱਲ ਨਾ ਕਰਨ ਪਿੱਛੇ ਆਰ.ਐਸ.ਐਸ./ਬੀ.ਜੇ.ਪੀ. ਦੀ ਮੁਸਲਿਮ-ਵਿਰੋਧੀ ਫਿਰਕੂ ਪਹੁੰਚ ਵੀ ਹੈ। ਪਿਛਲੇ ਲਗਪਗ 2 ਦਹਾਕਿਆਂ ਤੋਂ ਇਨ੍ਹਾਂ ਫਿਰਕੂ ਸੰਸਥਾਵਾਂ ਵੱਲੋਂ ਰੱਖੜੀ ਦੇ ਨਾਂਅ ਤੇ ਫੌਜੀ ਜਵਾਨਾਂ ਦੇ ਰੱਖੜੀਆਂ ਬੰਨ੍ਹ ਉਨ੍ਹਾਂ ਅੰਦਰ ਵੀ ਮਨੋਵਿਗਿਆਨਕ ਤਰੀਕੇ ਨਾਲ ਫਿਰਕੂ ਜ਼ਹਿਰ ਭਰਨ ਦੀ ਕੋਸ਼ਿਸ਼ ਹੋ ਰਹੀ ਹੈ। ਦੂਜੇ ਪਾਸੇ ਫੌਜੀਆਂ/ਸਾਬਕਾ ਫੌਜੀਆਂ ਦੀਆਂ ਤਨਖਾਹਾਂ/ਭੱਤਿਆਂ, ਸੇਵਾ-ਸ਼ਰਤਾਂ, ਖਾਣੇ ਦੀ ਕੁਆਲਟੀ ਸੰਬੰਧੀ ਉਠਦੇ ਮੁੱਦਿਆਂ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ। ਜੇ ਕਿਤੇ ਬੀ.ਐਸ.ਐਫ. ਦੇ ਜਵਾਨ ਤੇਜ ਬਹਾਦਦਰ ਯਾਦਵ ਨੇ ਜਵਾਨਾਂ ਨੂੰ ਮਿਲਦੇ ਘਟੀਆ ਖਾਣੇ ਦੀ ਵੀਡੀਓ ਬਣਾ ਕੇ ਮੁੱਦਾ ਉਠਾਇਆ ਤਾਂ ਉਸ ਨੂੰ ਬੇਰਹਿਮੀ ਨਾਲ ਨੌਕਰੀ ਤੋਂ ਬਰਤਰਫ ਕਰ ਦਿੱਤਾ ਗਿਆ ਤੇ ‘ਮੈਂ ਭਾਰਤੀ ਫੌਜ ਨਾਲ ਹਾਂ’ ਦੀ ਮੁਹਿੰਮ ਚਲਾਉਣ ਵਾਲਿਆਂ ਤੋਂ ਨਾਂ ਘਟੀਆ ਖਾਣੇ ਬਾਰੇ ਤੇ ਨਾ ਹੀ ਤੇਜ ਬਹਾਦਰ ਯਾਦਵ ਬਾਰੇ ਕੋਈ ਇੱਕ ਸ਼ਬਦ ਵੀ ਹਮਦਰਦੀ ਦਾ ਨਹੀਂ ਸਰਿਆ।
ਸਾਡਾ ਦੇਸ਼ ਭਾਰਤ ਬਹੁ-ਭਾਂਤੀ ਦੇਸ਼ ਹੈ, ਜਿੱਥੇ ਅੱਡ-ਅੱਡ ਧਰਮਾਂ, ਨਸਲਾਂ, ਬੋਲੀਆਂ ਵਾਲੇ ਲੋਕ ਵਸਦੇ ਹਨ। ਕਈ ਵਾਰ ਉਨ੍ਹਾਂ ਵਿਚਕਾਰ ਹੁੰਦੇ ਸਾਧਾਰਨ ਤਕਰਾਰ ਨੂੰ ਜਾਂ ਫਿਰ ਜਾਣ ਬੁੱਝ ਕੇ ਪੈਦਾ ਕੀਤੇ ਤਕਰਾਰ ਨੂੰ ਦੰਗਿਆਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ। 1984 ਦੇ ਸਿੱਖ ਵਿਰੋਧੀ ਦੰਗੇ, 2002 ਦੇ ਗੁਜਰਾਤ ਦੇ ਮੁਸਲਿਮ ਵਿਰੋਧੀ ਦੰਗੇ ਜਾਂ ਬਿਹਾਰ ਦੇ 2018 ‘ਚ ਮੁਸਲਿਮ ਵਿਰੋਧੀ ਦੰਗੇ ਵਗੈਰਾ ਦੌਰਾਨ ਆਮ ਦੇਖਿਆ ਗਿਆ ਹੈ ਸਥਾਨਕ ਪੁਲਿਸ ਅਕਸਰ ਜਾਂ ਤਾਂ ਰਾਜਨੀਤਿਕ ਆਕਾਵਾਂ ਦੇ ਚਾਹੁਣ ਕਾਰਨ ਜਾਂ ਫਿਰ ਉਨ੍ਹਾਂ ਅੰਦਰ ਬੈਠੀ ਫਿਰਕੂ ਭਾਵਨਾ ਤਹਿਤ ਇਨ੍ਹਾਂ ਦੰਗਿਆਂ ਵਿਰੁੱਧ ਕਾਰਗਰ ਕਾਰਵਾਈ ਨਹੀਂ ਕਰਦੀ ਤੇ ਪੀੜਤ ਧਿਰਾਂ ਦਾ ਇੱਕੋ ਭਰੋਸਾ ਫੌਜ ਦੀ ਤਾਇਨਾਤੀ ਉਪਰੰਤ ਹੀ ਬਝਦਾ ਹੈ। ਪਰੰਤੂ ਜੇਕਰ, ਜਿਵੇਂ ਆਰ.ਐਸ.ਐਸ./ਬੀ.ਜੇ.ਪੀ. ਵੱਲੋਂ ਫੌਜੀਆਂ ਨੂੰ ਫਿਰਕੂ ਲੀਹਾਂ ‘ਤੇ ਤੋਰਿਆ ਜਾ ਰਿਹਾ ਹੈ ਤੇ ਸੀਨੀਆਰਟੀ ਦੀ ਉਲੰਘਣਾ ਕਰਕੇ ਆਰ.ਐਸ.ਐਸ. ਦੀ ਪਿੱਠਭੂਮੀ ਵਾਲੇ ਅਫ਼ਸਰਾਂ ਨੂੰ ਫੌਜ ਮੁੱਖੀ ਤੱਕ ਦੇ ਅਹੁਦੇ ਦਿੱਤੇ ਜਾ ਰਹੇ ਹਨ ਤੇ ਮੌਜੂਦਾ ਫੌਜ ਮੁੱਖੀ ਸ੍ਰੀ ਵਿਪਨ ਰਾਵਤ ਕਈ ਉਹ ਰਾਜਨੀਤਕ ਬਿਆਨ ਦੇ ਚੁੱਕੇ ਹਨ ਜੋ ਉਸਦੀ ਜੱਦ ‘ਚ ਨਹੀਂ ਆਉਂਦੇ, ਜਾਰੀ ਰਹਿੰਦਾ ਹੈ ਤਾਂ ਫੌਜ ਦੀ ਭਰੋਸੇਯੋਗਤਾ ਖਤਰੇ ‘ਚ ਚਲੀ ਜਾਵੇਗੀ ਤੇ ਕਿਸੇ ਦੀ ਵੀ ਜਾਨਮਾਲ ਦੀ ਰਾਖੀ ਖਤਰੇ ‘ਚ ਹੋਵੇਗੀ। ਇਸ ਫੌਜ ਦਾ ਗੈਰ-ਸਿਆਸੀ ਤੇ ਗੈਰ-ਫਿਰਕੂ ਰਹਿਣਾ ਇਸ ਦੇਸ਼ ਲਈ ਨਾ ਸਿਰਫ ਇਕ ਚੋਣ ਦੇ ਨਤੀਜਿਆਂ ਦੇ ਪੱਖ ਤੋਂ ਜਰੂਰੀ ਹੈ, ਸਗੋਂ ਦੇਸ਼ ਦੇ ਲੋਕਾਂ ਦੀ ਭਾਈਚਾਰਕ ਸਾਂਝ ਲਈ ਵੀ ਜਰੂਰੀ ਹੈ।
ਫੌਜ ਨੂੰ ਰਜਨੀਤੀ ਤੋਂ ਦੂਰ ਰੱਖਣ ਦੀ ਇੱਕ ਉੱਘੜਵੀਂ ਮਿਸਾਲ ਵੀ ਉਸੇ ਹਫਤੇ ਵਾਪਰੀ, ਜਦੋਂ ਸ੍ਰੀ ਯੋਗੀ ਅਦਿਤਿਆਨਾਥ ਭਾਰਤੀ ਫੌਜ ਨੂੰ ਮੋਦੀ ਸੈਨਾ ਦਾ ਖਿਤਾਬ ਦੇ ਰਹੇ ਸਨ। ਆਸਟਰੇਲੀਆ ਦੇ ਡਿਫੈਂਸ ਫੋਰਸਜ ਦੇ ਮੁਖੀ ਐਂਹਸ ਕੈਂਪਵੈੱਲ ਨੇ ਉਸ ਦੇਸ਼ ਦੇ ਰੱਖਿਆ ਮੰਤਰੀ ਦੀਆਂ ਟਿੱਪਣੀਆਂ ਨੂੰ ਵਿਚਾਲੋਂ ਟੋਕਦਿਆਂ ਕਿਹਾ ਕਿ ਉਹ ਪਹਿਲਾਂ ਆਪਣੇ ਅਫ਼ਸਰਾਂ ਨੂੰ ਕਿਤੇ ਹੋਰ ਥਾਂ ਸ਼ਿਫਟ ਕਰ ਦੇਵੇ ਤੇ ਰੱਖਿਆ ਮੰਤਰੀ ਉਸ ਉਪਰੰਤ ਹੀ ਆਪਣੇ ਰਾਜਨੀਤਿਕ ਸਵਾਲਾਂ ਦੇ ਜਵਾਬ ਦੇਣ।

Scroll To Top