ਰਵੀ ਕਟਾਰੂਚੱਕ
ਪੂੰਜੀਵਾਦ ਦਾ ਅਰਥ ਇਕ ਲੁੱਟ ਆਧਾਰਤ ਸਿਸਟਮ ਹੈ ਜਿਸ ਵਿਚ ਪੈਦਾਵਾਰ ਦੇ ਸਾਧਨਾਂ ਜਿਵੇਂ ਮਿੱਲਾਂ, ਕਾਰਖਾਨਿਆਂ, ਵਿਉਪਾਰ ਅਤੇ ਜ਼ਮੀਨ ਦੀ ਨਿੱਜ਼ੀ ਮਾਲਕੀ ਹੁੰਦੀ ਹੈ। ਮਾਲਕ ਮਜ਼ਦੂਰਾਂ ਦੀ ਮਿਹਨਤ ਤੋਂ ਮੁਨਾਫਾ ਕਮਾਉਂਦੇ ਹਨ ਅਤੇ ਪੁੂੰਜੀਪਤੀ ਅਮੀਰ ਬਣਨ ਦੀ ਲਾਲਸਾ ਵਿਚ ਮਜ਼ਦੂਰਾਂ ਦੀ ਲੁੱਟ ਕਰਦੇ ਹਨ। ਪੂੰਜੀਵਾਦ ਦਾ ਪ੍ਰਸਾਰ ਤੇ ਪ੍ਰਚਾਰ ਮਨੁੱਖ ਦੇ ਸਿਰਫ ਆਰਥਿਕ ਜੀਵਨ ਨੂੰ ਹੀ ਪ੍ਰਭਾਵਿਤ ਨਹੀਂ ਕਰ ਰਿਹਾ ਸਗੋਂ ਰਾਜਨੀਤਕ, ਧਾਰਮਿਕ ਅਤੇ ਮਾਨਸਿਕ ਰੂਪ ਵਿਚ ਵੀ ਮਨੁੱਖ ਨੂੰ ਪ੍ਰਭਾਵਿਤ ਕਰਕੇ ਸਾਡੇ ਦੇਸ਼ ਵਿਚ ਮਨੂੰਵਾਦੀ ਗੁਲਾਮੀ ਵੱਲ ਨੂੰ ਧੱਕ ਰਿਹਾ ਹੈ। ਸਾਮਰਾਜ ਅਤੇ ਪੂੰਜੀਵਾਦ ਪੱਖੀ ਪਾਰਟੀਆਂ ਲੋਕਾਂ ਨੂੰ ਝੂਠੇ ਲਾਰੇ ਲਗਾਕੇ, ਸਹੂਲਤਾਂ ਦਾ ਲੋਭ ਦੇ ਕੇ ਵਾਰੀ ਵਾਰੀ ਬੜੀ ਬੇਸ਼ਰਮੀ ਨਾਲ ਭੋਲੀ-ਭਾਲੀ ਜਨਤਾ ਦੀਆਂ ਵੋਟਾਂ ਬਟੋਰ ਕੇ ਸੱਤਾ ‘ਤੇ ਕਾਬਜ ਹੁੰਦੀਆਂ ਹਨ। ਪੂੰਜੀਵਾਦ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਵਾਸਤੇ ਨਿੱਜੀਕਰਨ, ਸੰਸਾਰੀਕਰਨ, ਉਦਾਰੀਕਰਨ ਤੇ ਨਵਉਦਾਰਵਾਦ ਦੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਨੀਤੀਆਂ ਉਤੇ ਚਲ ਕੇ ਹੀ ਸਕੂਲਾਂ, ਹਸਪਤਾਲਾਂ ਤੇ ਸੜਕਾਂ ਦੇ ਟੈਂਡਰ ਨਿੱਜੀ ਕੰਪਨੀਆਂ ਨੂੰ ਵੇਚੇ ਜਾਂਦੇ ਹਨ, ਨਿੱਜੀ ਸਕੂਲਾਂ ਤੇ ਕਾਲਜਾਂ ਨੂੰ ਵੱਡੀਆਂ ਗਰਾਂਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਸਰਕਾਰੀ ਸਕੂਲਾਂ ਤੇ ਕਾਲਜਾਂ ਨੂੰ ਤਾਲੇ ਲਗਾਏ ਜਾ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਿੱਖਿਆ ਦਾ ਚਾਨਣ ਲੋਕਾਂ ਨੂੰ ਹਨੇਰੇ ‘ਚੋਂ ਬਾਹਰ ਕੱਢਦਾ ਹੈ। ਇਸੇ ਲਈ ਸਾਧਾਰਨ ਜਨਤਾ ਨੂੰ ਸਿੱਖਿਆ ਤੋਂ ਵਿਹੂਣੇ ਕਰਨ ਲਈ ਸਰਕਾਰੀ ਸਕੂਲਾਂ, ਕਾਲਜਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਨਤਾ ਦੀ ਸੋਚ ਨੂੰ ਖੁੰਢਾ ਕਰਨ ਵਾਸਤੇ ਪੂੰਜੀਵਾਦ ਹਰ ਤਰ੍ਹਾਂ ਦਾ ਹੱਥਕੰਡਾ ਅਪਣਾ ਰਿਹਾ ਹੈ।
ਪੂੰਜੀਵਾਦ ਨੇ ਸ਼ੋਸ਼ਿਤ ਮਜ਼ਦੂਰਾਂ, ਗਰੀਬਾਂ, ਕਿਸਾਨਾਂ ਦੇ ਘਰਾਂ ਵਿਚ ਟੀ.ਵੀ., ਹੱਥਾਂ ‘ਚ ਮੋਬਾਇਲ ਫੋਨ ਦੇ ਦਿੱਤਾ ਹੈ, ਜਨਤਾ ਜਿੰਨਾ ਕਮਾਉਂਦੀ ਹੈ, ਸਭ ਡਿਸ਼, ਮੋਬਾਇਲ, ਬਿਜਲੀ, ਪਾਣੀ ਆਦਿ ਦੇ ਬਿੱਲਾਂ ਨੂੰ ਤਾਰਨ ‘ਚ ਹੀ ਖਤਮ ਹੋ ਜਾਂਦਾ ਹੈ। ਮਨੁੱਖ ਰੋਜਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ-ਰਾਤ ਕੰਮ ਕਰਦਾ ਟੁੱਟ ਟੁੱਟ ਮਰਦਾ ਹੈ। ਪਰ ਦੂਜੇ ਪਾਸੇ ਪੂੰਜੀਵਾਦ ਦੀ ਸੋਚੀ ਸਮਝੀ ਸਾਜਿਸ਼ ਤਹਿਤ ਬੱਚਿਆਂ ਨੂੰ ਟੀ.ਵੀ ਅਤੇ ਵੀਡੀਓ ਗੇਮਾਂ ਤੋਂ ਵਿਹਲ ਨਹੀਂ ਮਿਲ ਰਹੀ। ਮੀਡੀਆ ਰਾਹੀਂ ਕੀਤਾ ਜਾ ਰਿਹਾ ਕੂੜ ਪ੍ਰਚਾਰ ਲਗਾਤਾਰ ਮਨੁੱਖ ਦੀ ਮਾਨਸਿਕਤਾ ਨੂੰ ਵਰਗਲਾ ਰਿਹਾ ਹੈ; ਮਨੁੱਖ ਨੂੰ ਮੀਡੀਏ ਰਾਹੀਂ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੀ ਖਾਣਾ ਹੈ, ਕੀ ਪਹਿਨਣਾ ਹੈ। ਪੂੰਜੀਵਾਦ ਨੇ ਹੈਰੀ ਪੋਟਰ, ਬਾਰਬੀ ਡੋਲ, ਸੁਪਰਮੈਨ ਅਤੇ ਸਪਾਈਡਰਮੈਨ ਬੱਚਿਆਂ ਦੇ ਦਿਮਾਗਾਂ ਵਿਚ ਭਰ ਦਿੱਤੇ ਹਨ; ਸਮਾਜ ਦੇ ਅਸਲੀ ਹੀਰੋ ਜ਼ੀਰੋ ਕਰ ਦਿੱਤੇ ਹਨ। ਉਦਯੋਗੀਕਰਨ ਨੇ ਮਨੁੱਖ ਨੂੰ ਮਸ਼ੀਨ ਬਣਾ ਕੇ ਰੱਖ ਦਿੱਤਾ ਹੈ। ਪੂੰਜੀਵਾਦ ਨੇ ਸਮਾਜ ਦੇ ਮੱਧ ਵਰਗ ਨੂੰੂ ਆਪਣਾ ਨਿਸ਼ਾਨਾ ਮੁੱਖ ਤੌਰ ‘ਤੇ ਬਣਾਇਆ ਹੈ। ਜਿੱਥੇ ਪੂੰਜੀਵਾਦ ਨੇ ਮਜ਼ਦੂਰ ਵਰਗ ਨੂੰ ਸਵੇਰ ਤੋਂ ਸ਼ਾਮ ਤੱਕ ਰੋਜ਼ੀ ਰੋਟੀ ਦੇ ਚੱਕਰ ਵਿਚ ਫਸਾਇਆ ਹੋਇਆ ਹੈ, ਉਥੇ ਸਮਾਜ ਦੇ ਮੱਧ ਵਰਗ, ਨੂੰ ਵੀ ਬਨਾਉਟੀ ਚਕਾਚੌਂਧ ਵਿਚ ਉਲਝਾਇਆ ਹੋਇਆ ਹੈ। ਪੂੰਜੀਵਾਦ ਨੇ ਮੱਧ ਵਰਗ ਨੂੰ ਕਰੈਡਿਟ ਕਾਰਡ, ਬਿਜਲੀ ਪਾਣੀ ਦੇ ਬਿੱਲ, ਮਹਿੰਗੇ ਮੋਬਾਇਲਾਂ ਦੀਆਂ ਕਿਸ਼ਤਾਂ, ਹੋਮ ਲੋਨ ਦੀਆਂ ਕਿਸ਼ਤਾਂ, ਗੱਡੀਆਂ ਦੀਆਂ ਕਿਸ਼ਤਾਂ ਆਦਿ ਦੇ ਜਾਲ ਵਿਚ ਇਸ ਤਰ੍ਹਾਂ ਫਸਾਇਆ ਹੋਇਆ ਹੈ ਕਿ ਨਾ ਹੀ ਉਹ ਟਿਕ ਕੇ ਬੈਠਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਆਪਣੇ ਮਾਂ-ਬਾਪ ਤੇ ਬੱਚਿਆਂ ਦਾ ਦੁੱਖ ਸੁਣਨ ਨੂੰ ਸਮਾਂ ਹੈ। ਪੂੰਜੀਵਾਦ ਨੇ ਟੈਲੀਵਿਜ਼ਨ ਰਾਹੀਂ ਘਰਾਂ ਦੇ ਵਾਤਾਵਰਨ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਹੈ, ਧੀਆਂ-ਪੁੱਤ ਤੇ ਨੂੰਹਾਂ ਇਕੱਠੇ ਪਰਿਵਾਰ ਵਿਚ ਰਹਿਣ ਦੀ ਬਜਾਇ ਵੱਖ ਵੱਖ ਰਹਿਣਾ ਪਸੰਦ ਕਰਦੇ ਹਨ।
ਪੂੰਜੀਵਾਦ ਨੇ ਮਨੁੱਖ ਨੂੰ ਕਿਸੇ ਪਾਸਿਓਂ ਵੀ ਨਹੀਂ ਬਖਸ਼ਿਆ, ਅੱਤਵਾਦ, ਵੱਖਵਾਦ, ਖੇਤਰਵਾਦ, ਨਸਲਵਾਦ ਅਤੇ ਧਾਰਮਿਕ ਕੱਟੜਵਾਦ ਪੂੰਜੀਵਾਦ ਦੀ ਨਜ਼ਾਇਜ਼ ਔਲਾਦ ਹੈ। ਇਨ੍ਹਾਂ ਦੇ ਏਜੰਟ ਬੇਰੋਜਗਾਰ ਨੌਜਵਾਨਾਂ ਨੂੰ ਵਰਗਲਾ ਕੇ ਉਨ੍ਹਾਂ ਤੋਂ ਬੰਬ ਚਲਵਾ ਰਹੇ ਹਨ, ਡਰੱਗ ਮਾਫੀਏ ਦਾ ਧੰਦਾ ਕਰਵਾ ਰਹੇ ਹਨ, ਵੱਖ ਵੱਖ ਤਰ੍ਹਾਂ ਦੇ ਗੈਂਗ ਬਣਵਾ ਕੇ ਸੁਪਾਰੀ ਕਿਲਰ ਤਿਆਰ ਕੀਤੇ ਜਾ ਰਹੇ ਹਨ।
ਭਾਰਤ ਵਰਗੇ ਦੇਸ਼ ਵਿਚ ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ, ਪੂੰਜੀਵਾਦ ਨੇ ਮਨੂੰਵਾਦ ਤੇ ਬ੍ਰਾਹਮਣਵਾਦ ਨੂੰ ਵੀ ਆਪਣਾ ਹਥਿਆਰ ਬਣਾਇਆ ਹੈ। ਮਨੂੰਵਾਦ ਤੇ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਭਾਰਤ ਅੰਦਰ ਮੁੜ ਸੁਰਜੀਤ ਕਰਨ ਲਈ ਕਰਮ ਕਾਂਡਾਂ, ਨਰਕਾਂ-ਸਵਰਗਾਂ, ਪੁਨਰ ਜਨਮ ਅਤੇ ਅਲੌਕਿਕ ਸ਼ਕਤੀਆਂ ਦਾ ਸ਼ੋਸ਼ਾ ਛੱਡ ਕੇ ਸਮਾਜ ਵਿਚ ਅੰਧ ਵਿਸ਼ਵਾਸ਼ ਫੈਲਾਏ ਜਾ ਰਹੇ ਹਨ। ਸਵੇਰੇ ਜਦੋਂ ਸਾਡੀਆਂ ਅੱਖਾਂ ਖੁੱਲ੍ਹਦੀਆਂ ਹਨ ਤਾਂ ਸਭ ਤੋਂ ਪਹਿਲਾਂ ਅੱਖਾਂ ਬੰਦ ਕਰ ਕੇ ਨਾਮ ਜੱਪਣ ਦਾ ਸੰਦੇਸ਼ ਮਿਲਦਾ ਹੈ। ਕੰਨਾਂ ਵਿਚ ਮੰਦਰ ਦੀਆਂ ਘੰਟੀਆਂ ਭਰ ਦਿੱਤੀਆਂ ਜਾਂਦੀਆਂ ਹਨ। ਬਾਬਿਆਂ ਦਾ ਹੜ੍ਹ ਲਿਆ ਕੇ ਰੱਖ ਦਿੱਤਾ ਹੈ, ਇਹ ਅਖੌਤੀ ਬਾਬੇ ਗਰੀਬ ਜਨਤਾ ਨੂੰ ਅਗਲੇ ਜਨਮ ਵਿਚ ਸਵਰਗ ਮਿਲਣ ਦੇ ਚੱਕਰਾਂ ਵਿਚ ਫਸਾਈ ਜਾ ਰਹੇ ਹਨ।
ਮਨੁੱਖ ਦਾ ਬਰੇਨਵਾਸ਼ ਇਕੱਲੇ ਚੈਨਲ ਜਾਂ ਮੁਨਾਫਾਖ਼ੋਰ ਕੰਪਨੀਆਂ ਹੀ ਨਹੀਂ ਕਰਦੀਆਂ, ਬਲਕਿ ਧਾਰਮਿਕ ਅਦਾਰੇ, ਅਖੌਤੀ ਸਾਧ, ਸੰਤ-ਮਹਾਤਮਾ, ਹੱਥ ਵੇਖਣ ਵਾਲੇ ਜੋਤਸ਼ੀ ਵੀ ਕਰਦੇ ਹਨ, ਜਿਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਕੋਈ ਗਿਆਨ ਨਹੀਂ। ਪ੍ਰੋਹਿਤ ਤੇ ਪੁਜਾਰੀਆਂ ਦਾ ਮਨੁੱਖ ਨੂੰ ਵਾਰ-ਵਾਰ ਇਹ ਸਿੱਖਿਆ ਦੇਣਾ ਕਿ ਮਨੁੱਖ ਦੇ ਵਸ ‘ਚ ਕੁੱਝ ਨਹੀਂ ਬਿਲਕੁਲ ਝੂਠ ਦਾ ਪੁਲੰਦਾ ਹੈ। ਚੀਨ ਨੇ ਆਪਣੀ ਆਬਾਦੀ ਕੰਟਰੋਲ ਕਰਨ ਲਈ ਕਾਨੂੰਨ ਬਣਾ ਦਿੱਤਾ ਕਿ ਕੋਈ ਵੀ ਦੂਜਾ ਬੱਚਾ ਪੈਦਾ ਨਹੀਂ ਕਰੇਗਾ ਤਾਂ ਉਥੇ ਕਿਸੇ ਨੇ ਵੀ ਦੂਜਾ ਬੱਚਾ ਪੈਦਾ ਨਹੀਂ ਕੀਤਾ ਤੇ ਆਬਾਦੀ ਕੰਟਰੋਲ ਹੋ ਗਈ। ਹਿਟਲਰ ਨੇ 1 ਕਰੋੜ 10 ਲੱਖ ਯਹੂਦੀਆਂ ਨੂੰ ਸੁਰੰਗਾਂ ਵਿਚ ਬੰਦ ਕਰਕੇ, ਗੈਸ ਛੱਡ ਕੇ ਮਾਰ ਦਿੱਤਾ। ਬਥੇਰਾ ਉਨ੍ਹਾਂ ਨਾਮ ਜੱਪਿਆ, ਬੰਦਨਾ ਭਗਤੀ ਕੀਤੀ, ਪਰ ਕੋਈ ਰੱਬ ਉਨ੍ਹਾਂ ਨੂੰ ਬਚਾਉਣ ਨਹੀਂ ਆਇਆ।
ਅਮਰੀਕਾ ਨੇ ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਨਾਗਾਸਾਕੀ ਅਤੇ ਹੀਰੋਸ਼ੀਮਾ ਉਤੇ ਐਟਮ ਬੰਬ ਸੁੱਟੇ, ਮਨੁੱਖ ਤਾਂ ਕੀ ਉਥੇ ਪਸ਼ੂ, ਪੰਛੀ ਅਤੇ ਬਨਸਪਤੀ ਤੱਕ ਨਹੀਂ ਬਚ ਸਕੇ। ਕਿੱਥੇ ਗਿਆ ਈਸ਼ਵਰ ਦੇ ਜੰਮਣ ਮਰਨ ਦਾ ਪਸਾਰਾ? ਇਸੇ ਤਰ੍ਹਾਂ ਦੀਆਂ ਹੋਰ ਵੀ ਕਈ ਘਟਨਾਵਾਂ ਹਨ, ਜਿਹੜੀਆਂ ਖਾਸਕਰ ਧਾਰਮਿਕ ਸਥਾਨਾਂ ‘ਤੇ ਹੀ ਹੁੰਦੀਆਂ ਹਨ, ਇਨ੍ਹਾਂ ਗੱਲਾਂ ਦੇ ਵਾਪਰਨ ਦੇ ਬਾਵਜੂਦ ਵੀ ਧਾਰਮਿਕ ਅੰਧ-ਵਿਸ਼ਵਾਸ ਨੇ ਇਸ ਆਦਮਖੋਰ ਢਾਂਚੇ ਦੀ ਬਨਾਵਟ ਕੁੱਝ ਇਸ ਤਰ੍ਹਾਂ ਦੀ ਬਣਾਈ ਹੋਈ ਹੈ ਕਿ ਆਮ ਤੌਰ ‘ਤੇ ਜਾਂ ਤਾਂ ਆਦਮੀ ਅਗਲੇ ਪਿਛਲੇ ਜਨਮ ਦੇ ਚੱਕਰ ‘ਚ ਫਸਿਆ ਰਹਿੰਦਾ ਹੈ ਅਤੇ ਦੁੱਖਾਂ-ਦਰਦਾਂ ਦਾ ਕਾਰਨ ਸਮਾਜਿਕ ਢਾਂਚੇ ‘ਚੋਂ ਲੱਭਣ ਦੀ ਬਜਾਇ ਮਨ-ਮਨੌਤਾਂ, ਕਰਮ ਕਾਂਡਾਂ, ਪਾਠ ਪੂਜਾਂ ‘ਚੋਂ ਲੱਭਦਾ ਹੈ।
ਭਾਰਤ ‘ਚ ਲਗਭਗ 40 ਲੱਖ ਤੋਂ ਉਪਰ ਧਾਰਮਿਕ ਸਥਾਨ ਹਨ। ਇਨ੍ਹਾਂ ਧਾਰਮਿਕ ਸਥਾਨਾਂ ‘ਤੇ ਅਰਬਾਂ-ਖਰਬਾਂ ਰੁਪਿਆਂ ਦਾ ਚੜ੍ਹਾਵਾ ਚੜ੍ਹਦਾ ਹੈ। ਪਰ ਜੇ ਸਮਾਜ ਦੀ ਦੂਜੀ ਤਸਵੀਰ ਨੂੰ ਝਾਤ ਮਾਰੀਏ ਤਾਂ ਰੂਹ ਕੰਬ ਉਠਦੀ ਹੈ, ਗਰੀਬ ਆਪਣੇ ਪੇਟ ਦੀ ਭੁੱਖ ਮਿਟਾਉਣ ਖਾਤਰ ਆਪਣੇ ਬੱਚਿਆਂ ਨੂੰ ਭੇਡਾਂ-ਬੱਕਰੀਆਂ ਵਾਂਗ ਵੇਚ ਰਹੇ ਹਨ। ਔਰਤਾਂ ਅਤੇ ਲੜਕੀਆਂ ਆਪਣੀ ਇੱਜ਼ਤ ਵੇਚ ਰਹੀਆਂ ਹਨ। ਉੜੀਸਾ ਦੇ ਇਕ ਪਿੰਡ ਦੀ ਸੁਮਿਤਰਾ ਨਾਂਅ ਦੀ ਔਰਤ ਨੇ ਆਪਣੀ ਨਵਜੰਮੀ ਬੱਚੀ ਸਿਰਫ 10 ਰੁਪਏ ਵਿਚ ਵੇਚ ਦਿੱਤੀ। ਇਕ ਮਜ਼ਦੂਰ ਨੂੰ ਆਪਣੀ ਪਤਨੀ ਦਾ ਸੰਸਕਾਰ ਕਰਨ ਲਈ ਆਪਣਾ ਬੱਚਾ 1200 ਰੁਪਏ ‘ਚ ਵੇਚਣਾ ਪਿਆ। ਪਿਛਲੇ 8 ਸਾਲਾਂ ‘ਚ ਲਗਭਗ, 1,66,304 ਮਜ਼ਦੂਰਾਂ ਨੇ ਗਰੀਬੀ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ, ਇਹੀ ਹਾਲਾਤ ਗਰੀਬ ਕਿਸਾਨਾਂ ਦੇ ਵੀ ਹਨ। ਪੰਜਾਬ ‘ਚ ਹਰ ਸਾਲ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਮੌਤ ਨੂੰ ਗਲੇ ਲਗਾ ਰਹੇ ਹਨ। ਲੱਖਾਂ ਲੋਕ ਭੁੱਖ ਨਾਲ ਮਰ ਰਹੇ ਹਨ ਪਰ ਸਾਧ ਤੇ ਬਾਬੇ ਸੋਨੇ ਦੇ ਮੰਦਰ ਬਣਾ ਰਹੇ ਹਨ।
ਹੁਣ ਸਵਾਲ ਇਹ ਉਠਦਾ ਹੈ ਕਿ ਇਸ ਪੂੰਜੀਵਾਦ ਤੇ ਮਨੂੰਵਾਦ ਦਾ ਮੁਕਾਬਲਾ ਕਿਵੇਂ ਕਰੀਏ? ਇਸ ਦਾ ਉਤਰ ਇਹ ਹੋਵੇਗਾ ਕਿ ਸਿਰਫ ਤੇ ਸਿਰਫ ਵਿਗਿਆਨਕ ਵਿਚਾਰਧਾਰਾ ਹੀ ਮਨੁੱਖ ਨੂੰ ਮਨੂੰਵਾਦੀ, ਬ੍ਰਾਹਮਣਵਾਦੀ ਗੁਲਾਮੀ ‘ਚੋਂ ਬਾਹਰ ਕੱਢ ਸਕਦੀ ਹੈ, ਵਿਗਿਆਨਕ ਵਿਚਾਰ ਅਤੇ ਇਨਕਲਾਬੀ ਸਾਹਿਤ ਮਾਨਸਿਕ ਗੁਲਾਮੀ ਨੂੰ ਦੂਰ ਕਰਨ ਵਿਚ ਬਹੁਤ ਸਹਾਈ ਹੁੰਦਾ ਹੈ।
ਆਮ ਦੇਖਣ ਵਿਚ ਆਇਆ ਹੈ ਕਿ ਸਾਂਝੀਆਂ ਸਮੱਸਿਆਵਾਂ ਪ੍ਰਤੀ ਮਨੁੱਖ ਕਬੂਤਰ ਵਾਂਗੂ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੈਂਦਾ ਹੈ ਪਰ ਇਸ ਤਰ੍ਹਾਂ ਕਰਨ ਨਾਲ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ ਸਗੋਂ ਬਿੱਲੀ ਨੂੰ ਹਮਲੇ ਕਰਨ ਦੇ ਹੋਰ ਮੌਕੇ ਮਿਲਣਗੇ, ਕਬੂਤਰ ਨੂੰ ਚਾਹੀਦਾ ਹੈ ਕਿ ਬਿੱਲੀ ਦਾ ਮੁਕਾਬਲਾ ਕਰੇ। ਮਜ਼ਦੂਰ ਜਮਾਤ ਦੇ ਕਵੀ ਆਲਮ ਦੇ ਸ਼ਬਦਾਂ ਵਿਚ ‘ਇਹ ਕੰਮ ਕਬੂਤਰ ਨੂੰ ਹੀ ਕਰਨਾ ਪੈਣਾ ਹੈ, ਭਾਵੇਂ ਅੱਜ ਕਰ ਲਵੇ ਤੇ ਭਾਵੇਂ ਕੱਲ ਕਰ ਲਵੇ।’
ਅੱਜ ਮਜ਼ਦੂਰ ਕਿਸਾਨ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਇਹ ਦੁਨੀਆਂ ਕਿਸ ਨੇ ਬਣਾਈ ਅਤੇ ਇਹ ਤਾਂ ਹੀ ਹੋ ਸਕਦਾ ਹੈ ਜਦੋਂ ਉਹ ਮਨੂੰਵਾਦੀ ਬ੍ਰਾਹਮਣਵਾਦੀ ਵਿਚਾਰਾਂ ਦੇ ਬਦਲ ਵਿਚ ਵਿਗਿਆਨਕ ਵਿਚਾਰਧਾਰਾ ਦੇ ਅਧਾਰ ‘ਤੇ ਸੋਚੇ ਵਿਚਾਰੇ। ਮਨੂੰਵਾਦੀਆਂ ਅਨੁਸਾਰ ਵਿੱਧ ਮਾਤਾ ਦਾ ਲਿਖਿਆ ਨਹੀਂ ਬਦਲ ਸਕਦਾ, ਇਹ ਸਭ ਝੂਠ ਦਾ ਪੁਲੰਦਾ ਹੈ। ਵਿਗਿਆਨ ਕਹਿੰਦਾ ਹੈ ਕਿ ਜਿਸ ਦਿਨ ਤੋਂ ਇਹ ਦੁਨੀਆਂ ਹੋਂਦ ਵਿਚ ਆਈ ਹੈ, ਉਸੇ ਦਿਨ ਤੋਂ ਮਾਨਵੀ ਕਿਰਤ ਲਗਾਤਾਰ ਇਸ ਨੂੰ ਬਦਲ ਰਹੀ ਹੈ, ਜੇ ਅਜਿਹੀ ਤਬਦੀਲੀ ਨਾ ਹੁੰਦੀ ਤਾਂ ਅੱਜ ਧਰਤੀ ਉਤੇ ਜੰਗਲ ਅਤੇ ਪਹਾੜ ਹੀ ਹੁੰਦੇ। ਦੁਨੀਆਂ ਦੇ ਮਹਾਨ ਫਿਲਾਸਫਰ ਕਾਰਲ ਮਾਰਕਸ ਲਿਖਦੇ ਹਨ ਕਿ ਧਰਤੀ ਉਤੇ ਜਿੰਨਾ ਵੀ ਵਿਕਾਸ ਹੋਇਆ ਹੈ ਸਭ ਮਜ਼ਦੂਰ ਦੀ ਮਿਹਨਤ ਦਾ ਹੀ ਨਤੀਜਾ ਹੈ। ਮਜ਼ਦੂਰ ਕਿਸਾਨ ਨੇ ਹੀ ਮਿਹਨਤ ਕਰਕੇ ਪਹਾੜਾਂ ਤੇ ਜੰਗਲਾਂ ਨੂੰ ਸਾਫ ਕਰਕੇ ਖੇਤ ਬਣਾਏ, ਪਿੰਡ ਵਸਾਏ, ਵੱਡੇ ਵੱਡੇ ਸ਼ਹਿਰਾਂ ਦਾ ਨਿਰਮਾਣ ਕੀਤਾ। ਪ੍ਰੰਤੂ ਇਸ ਖੂਬਸੂਰਤ ਅਤੇ ਆਲੀਸ਼ਾਨ ਦੁਨੀਆਂ ਬਣਾਉਣ ਤੋਂ ਬਾਅਦ ਵੀ ਮਜ਼ਦੂਰ ਕਿਸਾਨ ਦੇ ਪੱਲੇ ਕੁੱਝ ਨਹੀਂ ਪਿਆ। ਖਾਣ ਲਈ ਸੁੱਕੀਆਂ ਰੋਟੀਆਂ, ਪੀਣ ਲਈ ਗੰਦਾ ਪਾਣੀ, ਰਹਿਣ ਵਾਸਤੇ ਗੰਦੀਆਂ ਬਸਤੀਆਂ ਤੇ ਘੁਰਨਿਆਂ ਵਰਗੇ ਘਰ, ਗਰੀਬੀ, ਭੁੱਖਮਰੀ, ਬੁਢਾਪਾ ਅਤੇ ਪ੍ਰੇਸ਼ਾਨੀਆਂ।
ਇਸ ਲਈ ਦਲਿਤ-ਸ਼ੋਸ਼ਿਤ ਮਜ਼ਦੂਰ-ਗਰੀਬ ਕਿਸਾਨ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਉਹ ਆਪਣੀ ਮਿਹਨਤ ਸਦਕਾ ਕੁਦਰਤ ਨਾਲ ਸੰਘਰਸ਼ ਕਰਕੇ, ਦਰਿਆਵਾਂ ਦਾ ਮੂੰਹ ਮੋੜ ਸਕਦਾ ਹੈ, ਵੱਡੇ ਵੱਡੇ ਪਹਾੜਾਂ ਨੂੰ ਤੋੜ ਸਕਦਾ ਹੈ ਤਾਂ ਇਸ ਪੂੰਜੀਵਾਦੀ, ਮਨੂੰਵਾਦੀ ਢਾਂਚੇ ਨੂੰ ਵੀ ਜੜੋਂ ਉਖਾੜ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਇਸ ਸਮਾਜ ਬਾਰੇ ਜਾਣਕਾਰੀ ਹਾਸਲ ਕਰੀਏ, ਇਸ ਵਿਚ ਹੋਣ ਵਾਲੀਆਂ ਵਿਕਾਸ ਦੀਆਂ ਤਬਦੀਲੀਆਂ ਦੇ ਅਸੂਲਾਂ ਨੂੰ ਸਮਝੀਏ। ਇਸ ਦੀ ਪੂਰਤੀ ਲਈ ਸਾਨੂੰ ਕਾਰਲ ਮਾਰਕਸ ਦੀ ਵਿਚਾਰਧਾਰਾ ਨੂੰ ਸਮਝਣਾ ਪਵੇਗਾ। ਮਾਰਕਸ ਦੀ ਵਿਚਾਰਧਾਰਾ ਦੱਸਦੀ ਹੈ ਕਿ ਦੁਨੀਆਂ ਵਿਚੋਂ ਮਜ਼ਦੂਰਾਂ-ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਪੂੰਜੀਵਾਦ ਹੈ ਅਤੇ ਭਾਰਤ ਵਿਚ ਅੰਬੇਡਕਰਵਾਦੀ ਵਿਚਾਰਧਾਰਾ ਅਨੁਸਾਰ ਪੂੰਜੀਵਾਦ ਦੇ ਨਾਲ ਨਾਲ ਮਨੂੰਵਾਦ ਵੀ ਦਲਿਤਾਂ, ਮਜ਼ਦੂਰਾਂ-ਕਿਸਾਨਾਂ ਦਾ ਦੁਸ਼ਮਣ ਹੈ, ਬ੍ਰਾਹਮਣਵਾਦ ਮਨੁੱਖ ਨੂੰ ਅੰਧਵਿਸ਼ਵਾਸ ਫੈਲਾਅ ਕੇ ਜਾਤਾਂ ਅਤੇ ਧਰਮਾਂ ਵਿਚ ਵੰਡ ਕੇ ਰੱਖਦਾ ਹੈ ਅਤੇ ਪੂੰਜੀਵਾਦ ਇਨ੍ਹਾਂ ਦੀ ਲੁੱਟ ਕਰਦਾ ਹੈ। ਪੂੰਜੀਵਾਦ ਤੇ ਮਨੂੰੂਵਾਦ, ਭਾਰਤੀ ਸਮਾਜ ਦੇ ਵਿਕਾਸ ਨੂੰ ਜਕੜੀ ਬੈਠੇ ਹਨ। ਭਾਰਤ ਵਿਚ ਮੁੱਖ ਤੌਰ ‘ਤੇ 2 ਵਿਚਾਰਧਾਰਾਵਾਂ ਪੂੰਜੀਵਾਦ ਤੇ ਮਨੂੰਵਾਦ ਦੇ ਵਿਰੋਧ ‘ਚ ਕੰਮ ਕਰ ਰਹੀਆਂ ਹਨ। ਪਹਿਲੀ ਮਾਰਕਸਵਾਦੀ ਵਿਚਾਰਧਾਰਾ ਅਤੇ ਦੂਜੀ ਅੰਬੇਡਕਰਵਾਦੀ ਵਿਚਾਰਧਾਰਾ, ਦੋਵੇਂ ਹੀ ਵਿਚਾਰਧਾਰਾਵਾਂ ਅੱਜ ਸਮੇਂ ਦੀ ਇਤਿਹਾਸਕ ਲੋੜ ਹਨ। ਕੋਈ ਵੀ ਵਿਚਾਰ ਜਾਂ ਫਲਸਫੇ ਸੌ ਫੀਸਦੀ ਆਪਸ ਵਿਚ ਹੂਬਹੂ ਨਹੀਂ ਹੋ ਸਕਦੇ ਥੋੜ੍ਹਾ ਬਹੁਤ ਫਰਕ ਸੁਭਾਵਿਕ ਹੈ। ਸਾਡੇ ਹੱਥ ਦੀਆਂ ਪੰਜੇ ਉਂਗਲਾਂ ਬਰਾਬਰ ਨਹੀਂ ਹਨ। ਫਿਰ ਵੀ ਅਸੀਂ ਇਨ੍ਹਾਂ ਦਾ ਪ੍ਰਯੋਗ ਆਪਸੀ ਸਹਿਯੋਗ ਨਾਲ ਕਰਦੇ ਹਾਂ ਮਾਰਕਸਵਾਦ ਅਤੇ ਅੰਬੇਡਕਰਵਾਦ ਵਿਚ ਅਗਰ ਕਿਸੇ ਨੂੰ ਥੋੜ੍ਹਾ ਬਹੁਤ ਫਰਕ ਨਜ਼ਰ ਆਉਂਦਾ ਵੀ ਹੈ ਤਾਂ ਇਸ ਵਿਚ ਆਪਸੀ ਵਿਰੋਧ ਵਾਲੀ ਕੀ ਗੱਲ ਹੈ? ਉਸ ਨੂੰ ਸਮੇਂ, ਸਥਾਨ ਤੇ ਹਾਲਾਤ ਮੁਤਾਬਕ ਦਲੀਲ ਦੇ ਆਧਾਰ ‘ਤੇ ਹੱਲ ਕੀਤਾ ਜਾ ਸਕਦਾ ਹੈ। ਇਕ ਜਗਦੀ ਹੋਈ ਮੋਮਬੱਤੀ ਹੀ ਦੂਜੀ ਬੁਝੀ ਹੋਈ ਮੋਮਬੱਤੀ ਨੂੰ ਜਗਾ ਸਕਦੀ ਹੈ, ਚਾਨਣ ਹੀ ਹਨੇਰੇ ਨੂੰ ਦੂਰ ਭਜਾ ਸਕਦਾ ਹੈ। ਗਿਆਨ ਹੀ ਅੰਧ ਵਿਸ਼ਵਾਸ ਨੂੰ ਦੂਰ ਕਰ ਸਕਦਾ ਹੈ। ਵਿਗਿਆਨ ਹੀ ਕਿਸਮਤ, ਅਗਲੇ ਜਨਮ ਦੇ ਨਰਕ-ਸਵਰਗ ਦੇ ਅੰਧ ਵਿਸ਼ਵਾਸ਼ਾਂ ਤੋਂ ਮੁਕਤ ਕਰ ਸਕਦਾ ਹੈ। ਵਿਗਿਆਨ ਹੀ ਦੱਸਦਾ ਹੈ ਕਿ ਸੰਘਰਸ਼ ਹੀ ਸਭ ਸਮੱਸਿਆਵਾਂ ਦਾ ਹੱਲ ਹੈ। ਇਸ ਲਈ ਦੇਸ਼ ਨੂੰ ਅੱਜ ਵਿਗਿਆਨਕ ਵਿਚਾਰਧਾਰਾ ‘ਤੇ ਆਧਾਰਤ ਇਨਕਲਾਬ ਦੀ ਲੋੜ ਹੈ।