ਸਤਨਾਮ ਚਾਨਾ
ਆਜ਼ਾਦੀ ਦੇ ਅੰਦੋਲਨ ਵਿਚ ਇਕ ਪਾਸੇ ਤਾਂ ਪੂਜੀਪਤੀਆਂ, ਜ਼ਿਮੀਦਾਰਾਂ ਅਤੇ ਮੱਧ ਵਰਗੀਆਂ ਨੇ ਮੋਹਨ ਦਾਸ ਕਰਮ ਚੰਦ ਗਾਂਧੀ ਨੂੰ ਮਹਾਤਮਾ ਬਣਾ ਦਿੱਤਾ ਸੀ ਅਤੇ ਦੂਜੇ ਪਾਸੇ ਜਾਤਪ੍ਰਥਾ ਦੇ ਨਪੀੜੇ ਅਛੂਤਾਂ ਅਤੇ ਦਲਿਤਾਂ ਨੇ ਭੀਮ ਰਾਉ ਅੰਬੇਡਕਰ ਨੂੰ ਬਾਬਾ ਸਾਹਿਬ ਬਣਾ ਦਿੱਤਾ ਸੀ। ਉਨ੍ਹਾਂ ਦੇ ਆਪਣੇ-ਆਪਣੇ ਵਰਗਾਂ ਦਾ, ਉਨ੍ਹਾਂ ਦੋਹਾਂ ਵਿਚ ਅਟੁੱਟ ਭਰੋਸਾ ਸੀ । ਦੋਹਾਂ ਦਾ ਹੀ ਪ੍ਰਮੁੱਖ ਅੱਡਾ, ਸ਼ੁਰੂ-ਸ਼ੁਰੂ ਵਿਚ ਬੰਬਈ ਹੀ ਹੁੰਦਾ ਸੀ । ਮਹਾਤਮਾ ਗਾਂਧੀ ਦੇਸ਼ ਦੇ ਅਵਾਮ ਦਾ ਬੇਤਾਜ ਬਾਦਸ਼ਾਹ ਬਣ ਚੁਕਾ ਸੀ ਅਤੇ ਉਸਦੀ ਸ਼ਾਂਤਮਈ ਲਹਿਰ ਨੇ ਲੱਖਾਂ ਲੋਕ ਸੜਕਾਂ ‘ਤੇ ਲੈ ਆਂਦੇ ਸਨ । ਬਾਬਾ ਸਾਹਿਬ ਦਲਿਤਾਂ ਦੇ ਦਿਲਾਂ ਦਾ ਰਾਜਾ ਬਣ ਗਏ ਸੀ ਅਤੇ ਉਨ੍ਹਾਂ ਨੇ ਚੋਵਦਾਰ ਤਲਾਬ ਵਿੱਚੋਂ ਪਾਣੀ ਪੀਣ ਅਤੇ ਨਾਸਿਕ ਦੇ ਕਾਲਾ ਰਾਮ ਮੰਦਰ ਵਿਚ ਪ੍ਰਵੇਸ਼ ਲੈਣ ਦੇ ਮਸਲੇ ਉੱਤੇ ਸ਼ਾਂਤਮਈ ਅੰਦੋਲਨ ਲੜੇ ਸਨ ਅਤੇ ਉਹ ਅਧੂਰੇ ਇਨਸਾਨ ਬਣਾਕੇ ਰੱਖੇ ਹੋਏ ਲੋਕਾਂ ਦੇ ਹਿਤਾਂ ਦੀ ਪੈਰਵੀ ਪੱਕੇ ਪੈਰੀਂ ਕਰ ਰਹੇ ਸਨ । ਦੋਹਾਂ ਨੇਤਾਵਾਂ ਦੀ ਆਪਣੀ-ਆਪਣੀ ਵਿਧੀ ਸੀ । ਮਹਾਤਮਾ ਗਾਂਧੀ ਅਜ਼ਾਦੀ ਦਾ ਹੱਕ ਅੰਗਰੇਜ਼ਾਂ ਤੋਂ ਮੰਗ ਰਹੇ ਸਨ ਅਤੇ ਬਾਬਾ ਸਾਹਿਬ ਇਨਸਾਨੀਅਤ ਦੇ ਹੱਕ ਅੰਗਰੇਜ਼ਾਂ ਤੋਂ ਵੀ ਮੰਗ ਰਹੇ ਸਨ ਅਤੇ ਉਨ੍ਹਾਂ ਤੋਂ ਵੀ ਮੰਗ ਰਹੇ ਸਨ ਜਿਨ੍ਹਾਂ ਦੇ ਆਗੂ ਮਹਾਤਮਾ ਗਾਂਧੀ ਸਨ । ਅੰਗਰੇਜ਼ਾਂ ਨੇ ਭਾਰਤ ਛੱਡਣ ਦਾ ਮਨ ਬਣਾ ਲਿਆ ਸੀ ਪਰ ਅਜਿਹੇ ਹਾਲਾਤ ਪੈਦਾ ਕਰਨ ਦੇ ਯਤਨਾਂ ਵਿਚ ਸਨ ਕਿ ਉਹ ਇੱਥੋਂ ਜਾ ਕੇ ਵੀ ਇੱਥੇ ਰਾਜ ਕਰਦੇ ਰਹਿਣ । ਬਾਬਾ ਸਾਹਿਬ ਸਮਝਦੇ ਸਨ ਕਿ ਜੇਕਰ ਵਰਤਮਾਨ ਪ੍ਰਸਥਿੱਤੀਆਂ ਵਿਚ, ਜਿੱਥੇ ਦਲਿਤਾਂ ਦੀ ਸਮਾਜਿਕ ਸੁਰੱਖਿਆ ਦਾ ਕੋਈ ਕਾਨੂੰਨੀ ਪ੍ਰਬੰਧ ਨਹੀਂ, ਦੇਸ਼ ਅਜ਼ਾਦ ਹੋਇਆ ਤਾਂ ਉੱਚ ਜਾਤੀਆਂ ਤੇ ਵਰਗ ਅਛੂਤਾਂ ਅਤੇ ਦੂਜੇ ਦਲਿਤ ਵਰਗਾਂ ਦਾ ਹੋਰ ਵੀ ਰਗੜਾ ਕੱਢ ਦੇਣਗੇ । ਇਹ ਗੱਲ ਭੀਮ ਰਾਉ ਅੰਬੇਡਕਰ ਨੇ ਹਜ਼ਾਰਾਂ ਦੇ ਇਕੱਠ ਸਾਹਮਣੇ ਉਸ ਸਮੇਂ ਵੀ ਆਖੀ ਸੀ ਜਦੋਂ ਮਾਹਾਦ ਵਿਚ ਪਾਣੀ ਪੀਣ ਦਾ ਅੰਦੋਲਨ ਕਰਨ ਗਏ ਹਜ਼ਾਰਾਂ ਅਛੂਤਾਂ ਉੱਤੇ ਉੱਚ ਜਾਤੀ ਦੀ ਭੀੜ ਨੇ, ਅਫਵਾਹ ਫੈਲਾ ਕੇ ਉਸ ਸਮੇਂ ਹਮਲਾ ਕਰ ਦਿੱਤਾ ਸੀ ਜਦੋਂ ਉਹ ਘਰਾਂ ਨੂੰ ਵਾਪਿਸ ਜਾ ਰਹੇ ਸਨ। ਓਦੋਂ ਮੌਕੇ ਉੱਤੇ ਪੁਲਿਸ ਦਾ ਅਧਿਕਾਰੀ ਇਕ ਅੰਗਰੇਜ਼ ਸੀ ਜਿਸਨੇ 40 ਦੇ ਕਰੀਬ ਉੱਚ ਜਾਤੀ ਦੇ ਹਮਲਾਵਰਾਂ ‘ਤੇ ਕੇਸ ਬਣਾ ਦਿੱਤੇ ਸਨ ਜਿਨ੍ਹਾਂ ਨੂੰ ਬਾਅਦ ਵਿਚ ਕੈਦ ਵੀ ਹੋ ਗਈ ਸੀ। ਇਸੇ ਪ੍ਰਸੰਗ ਵਿਚ ਡਾ. ਅੰਬੇਡਕਰ ਨੇ ਕਿਹਾ ਸੀ ਕਿ ਜੇਕਰ ਉਸ ਸਮੇਂ ਸਥਾਨਕ ਹਾਕਮਾਂ ਦਾ ਰਾਜ ਹੁੰਦਾ ਤਾਂ ਉਹ ਸਾਨੂੰ ਹਾਥੀਆਂ ਦੇ ਪੈਰਾਂ ਹੇਠ ਦਰੜ ਦਿੰਦੇ। ਜਿਸ ਕਰਕੇ ਉਹ ਆਜ਼ਾਦ ਭਾਰਤ ਵਿਚ ਦਲਿਤਾਂ ਦੇ ਕਾਨੂੰਨੀ ਅਧਿਕਾਰ ਸੁਰੱਖਿਅਤ ਕਰਨ ਦੀ ਲੜਾਈ ਲੜ ਰਹੇ ਸਨ।
ਜਦੋਂ ਰਾਊਂਡ ਟੇਬਲ ਕਾਨਫਰੰਸ ਸ਼ੁਰੂ ਹੋਈ ਤਾਂ ਭੀਮ ਰਾਉ ਅੰਬੇਡਕਰ ਦਲਿਤਾਂ ਦੇ ਵਾਜਿਬ ਪ੍ਰਤੀਨਿਧ ਬਣ ਚੁਕੇ ਸਨ ਜਿਸ ਕਰਕੇ ਉਨ੍ਹਾਂ ਨੂੰ ਪਹਿਲੇ ਅਜਲਾਸ ਵਿਚ ਹਿੱਸਾ ਲੈਣ ਦਾ ਮੌਕਾ ਮਿਲ ਗਿਆ ਜੋ 12 ਨਵੰਬਰ 1930 ਨੂੰ ਲੰਡਨ ਵਿਚ ਸ਼ੁਰੂ ਹੋਇਆ ਸੀ । ਭਾਰਤ ਵਿਚੋਂ ਕੁਲ 53 ਡੈਲੀਗੇਟਾਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿਚ ਰਾਜੇ ਜਾਂ ਉਨ੍ਹਾਂ ਦੇ ਪ੍ਰਤੀਨਿਧ ਵੀ ਸ਼ਾਮਲ ਸਨ। ਕਾਂਗਰਸ ਪਾਰਟੀ ਨੇ ਇਸ ਕਾਨਫਰੰਸ ਦਾ ਬਾਈਕਾਟ ਕੀਤਾ ਸੀ। ਇਸ ਤੋਂ ਪਹਿਲਾਂ ਅੰਬੇਡਕਰ ਨੇ ਹਰ ਬਰਤਾਨਵੀ ਕਮਿਸ਼ਨ ਅਤੇ ਡੈਲੀਗੇਸ਼ਨ ਨਾਲ ਮੁਲਾਕਾਤ ਕਰਕੇ ਦਲਿਤਾਂ ਦੀ ਦਸ਼ਾ ਦਾ ਮਸਲਾ ਉਠਾਇਆ ਸੀ। ਰਾਊਂਡ ਟੇਬਲ ਕਾਨਫਰੰਸ ਦੇ ਪਹਿਲੇ ਅਜਲਾਸ ਵਿਚ ਭਾਗ ਲੈਂਦਿਆਂ ਡਾ. ਅੰਬੇਡਕਰ ਨੇ ਦੇਸ਼ ਦੇ ਕੌਮੀ ਹਿਤਾਂ ਨੂੰ ਤਰਜੀਹ ਦਿੱਤੀ ਜਿਸ ਦੇ ਚੌਖਟੇ ਵਿਚ ਰਹਿੰਦਿਆਂ ਦਲਿਤਾਂ ਦੇ ਰਾਜਨੀਤਕ ਅਧਿਕਾਰ ਸੁਰੱਖਿਅਤ ਕਰਨ ‘ਤੇ ਵੀ ਜ਼ੋਰ ਪਾਇਆ । ਉਨ੍ਹਾਂ ਨੇ ਬਰਤਾਨਵੀ ਸਾਮਰਾਜ ਉੱਪਰ ਬੇਲਿਹਾਜ਼ ਹਮਲੇ ਕੀਤੇ । ਬਾਅਦ ਵਿਚ ਜਿਸਦੀ ਪ੍ਰਸ਼ੰਸਾ ਮਹਾਤਮਾਂ ਗਾਂਧੀ ਨੇ ਵੀ ਕੀਤੀ ਸੀ । ਅਜਲਾਸ ਨੂੰ ਸੰਬੋਧਨ ਕਰਦਿਆਂ, ਜਿੱਥੇ ਬਰਤਾਨੀਆਂ ਦੀਆਂ ਤਿੰਨ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਬੈਠੇ ਸਨ, ਡਾ. ਅੰਬੇਡਕਰ ਨੇ ਕਿਹਾ ਕਿ ਭਾਰਤ ਦੇ ਅਛੂਤ ਜਿਹੜਾ ਨਰਕ ਪਿਛਲੇ ਹਜ਼ਾਰਾਂ ਸਾਲਾਂ ਤੋਂ ਭੋਗਦੇ ਆ ਰਹੇ ਸਨ ਉਹੀ ਨਰਕ ਉਨ੍ਹਾਂ ਨੇ ਬਰਤਾਨੀਆਂ ਸਾਮਰਾਜ ਦੇ 150 ਸਾਲਾ ਰਾਜ ਵਿਚ ਵੀ ਭੋਗਿਆ ਹੈ ਜਿਸ ਕਰਕੇ ਬਰਤਾਨਵੀ ਲੋਕਾਂ ਨੂੰ ਆਪਣੇ ਗਣਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਫੜ੍ਹ ਮਾਰਨ ਦਾ ਕੋਈ ਅਧਿਕਾਰ ਨਹੀਂ। ਸਾਨੂੰ ਆਜ਼ਾਦੀ ਉਪਰੰਤ ਵੀ ਲੋਕਾਂ ਦਾ ਰਾਜ ਚਾਹੀਦਾ ਹੈ। ਅੰਬੇਡਕਰ ਨੇ ਕਈ ਰਜਵਾੜਿਆਂ ਦੇ ਦ੍ਰਿਸ਼ਟੀਕੋਣ ਦਾ ਵਿਰੋਧ ਕੀਤਾ ਜਿਹੜੇ ਆਪਣੇ ਆਜ਼ਾਦ ਰਾਜ ਚਾਹੁੰਦੇ ਸਨ। ਅੰਬੇਡਕਰ ਨੇ ਰਾਉਂਡ ਟੇਬਲ ਕਾਨਫਰੰਸ ਵਿਚ ਜਿਸ ਪ੍ਰਕਾਰ ਭਾਰਤ ਦੇ ਆਜ਼ਾਦੀ ਅੰਦੋਲਨ ਅਤੇ ਦਲਿਤਾਂ ਦੇ ਹਿੱਤਾਂ ਦੀ ਪ੍ਰਤੀਨਿਧਤਾ ਕੀਤੀ ਉਸਦੀ ਚਰਚਾ ਅੰਤਰਰਾਸ਼ਟਰੀ ਪੱਧਰ ‘ਤੇ ਤੇਜ਼ੀ ਨਾਲ ਫੈਲ ਗਈ। ਮੀਡੀਆ ਨੇ ਉਨ੍ਹਾਂ ਨੂੰ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਜ਼ਬਰਦਸਤ ਯੰਗ ਲੀਡਰ ਵਜੋਂ ਪੇਸ਼ ਕੀਤਾ । ਇਹ ਉਸ ਸਮੇਂ ਹੋਇਆ ਜਦੋਂ ਲੋਕ ਮਹਾਤਮਾ ਗਾਂਧੀ ਦੀ ਲੰਡਨ ਵਿਚ ਉਡੀਕ ਕਰ ਰਹੇ ਸਨ । ਕਾਂਗਰਸ ਨੂੰ ਆਪਣੀ ਗੰਭੀਰ ਸਿਆਸੀ ਗਲਤੀ ਦਾ ਅਹਿਸਾਸ ਹੋਇਆ ਜਿਸ ਤੋਂ ਉਹ ਅਗਲੀ ਵਾਰ ਬਚਣਾ ਚਾਹੁੰਦੇ ਸਨ ।
ਅਗਲੇ ਸਾਲ ਭਾਵ 1931 ਵਿਚ, ਰਾਊਂਡ ਟੇਬਲ ਕਾਨਫਰੰਸ ਦੇ ਦੂਜੇ ਅਜਲਾਸ ਤੋਂ ਐਨ੍ਹ ਪਹਿਲਾਂ ਮਹਾਤਮਾ ਗਾਂਧੀ ਨੇ ਅੰਬੇਡਕਰ ਦੇ ਘਰ ਰੁੱਕਾ ਭੇਜਿਆ ਕਿ ਜੇਕਰ ਉਨ੍ਹਾਂ ਕੋਲ੍ਹ ਸਮਾਂ ਹੈ ਅਤੇ ਮੁਸ਼ਕਲ ਵੀ ਮਹਿਸੂਸ ਨਾ ਕਰਦੇ ਹੋਣ ਤਾਂ ਉਹ ਅੱਜ ਰਾਤ 8 ਵਜੇ ਖੁਦ ਉਨ੍ਹਾਂ ਦੇ ਘਰ ਆਕੇ ਮਿਲਣਾ ਚਾਹੁੰਦੇ ਹਨ । ਅੰਬੇਡਕਰ ਓਦੋਂ ਬੰਬਈ ਹਾਈਕੋਰਟ ਦੇ ਵਕੀਲ ਹੁੰਦਿਆਂ ਹੋਇਆਂ ਵੀ ਇੰਪਰੂਵਮੈਂਟ ਟਰੱਸਟ ਦੀ ਚਾਲ ਦੇ ਤੰਗ ਜਿਹੇ ਕੁਆਰਟਰ ਵਿਚ ਰਹਿੰਦੇ ਸਨ ਅਤੇ ਮਹਾਤਮਾ ਗਾਂਧੀ ਦਾ ਡੇਰਾ ਮਨੀ ਭਵਨ ਵਿਚ ਸੀ । ਡਾ. ਅੰਬੇਡਕਰ ਨੇ ਤੁਰੰਤ ਮਹਾਤਮਾ ਗਾਂਧੀ ਨੂੰ ਚਿੱਠੀ ਭੇਜੀ ਕਿ ਉਹ ਘਰ ਆਉਣ ਦਾ ਕਸ਼ਟ ਨਾ ਕਰਨ ਸਗੋਂ ਉਹ ਖੁਦ ਹੀ 8 ਵਜੇ ਮਨੀ ਭਵਨ ਪਹੁੰਚ ਜਾਣਗੇ । ਅੰਬੇਡਕਰ ਨੂੰ ਉਦੋਂ ਵੀ ਬੁਖਾਰ ਸੀ ਜੋ ਸ਼ਾਮ ਤੱਕ ਕਾਫੀ ਤੇਜ਼ ਹੋ ਗਿਆ ਤੇ ਉਸ ਦਿਨ ਉਹ ਨਾ ਜਾ ਸਕੇ । ਪੂਰੇ 8 ਦਿਨਾਂ ਬਾਅਦ ਡਾ. ਅੰਬੇਡਕਰ ਆਪਣੇ ਪੰਜ ਸਾਥੀਆਂ, ਜੋ ਸਮੇਂ ਦੇ ਮਹੱਤਵਪੂਰਨ ਵਿਅਕਤੀ ਸਨ, ਨੂੰ ਨਾਲ ਲੈਕੇ ਮਨੀ ਭਵਨ ਪਹੁੰਚ ਗਏ । ਗਾਂਧੀ ਜੀ ਨੇ ਆਪਣੀ ਆਦਤ ਅਨੁਸਾਰ ਉਨ੍ਹਾਂ ਪ੍ਰਤੀ ਬੇਧਿਆਨੀ ਦਿਖਾਈ ਜਿਹੜੀ ਕਿ ਉਹ ਵੱਡੀਆਂ ਸ਼ਖਸ਼ੀਅਤਾਂ ਪ੍ਰਤੀ ਅਕਸਰ ਹੀ ਦਿਖਾਉਂਦੇ ਰਹਿੰਦੇ ਸਨ । ਦੂਜਾ ਉਨ੍ਹਾਂ ਨੇ ਪੈਂਦੀ ਸੱਟੇ ਇਹ ਕਹਿ ਦਿੱਤਾ ਕਿ ‘ਹਾਂ ਡੌਕਟਰ ਦੱਸੋ ਕੀ ਕਹਿਣਾ ਹੈ।’ ਅੰਬੇਡਕਰ ਦੇ ਗੁੱਸੇ ਦਾ ਮੁੱਢ ਬੱਝ ਚੁੱਕਾ ਸੀ । ਖੈਰ ਗੱਲਬਾਤ ਸ਼ੁਰੂ ਹੋਈ ਜਿਸ ਦਾ ਹੂ-ਬ-ਹੂ ਵੇਰਵਾ ਧਨੰਜੇ ਕੀਰ ਦੀ ਕਿਤਾਬ ‘ਡਾ. ਅੰਬੇਡਕਰ -ਲਾਈਫ ਐਂਡ ਮਿਸ਼ਨ’ ਵਿਚ ਦਰਜ਼ ਹੈ, 1954 ਵਿਚ ਛਪ ਗਈ ਸੀ। ਗਾਂਧੀ ਜੀ ਦਾ ਯਤਨ ਸੀ ਕਿ ਉਹ ਡਾ. ਅੰਬੇਡਕਰ ਨੂੰ ਅਹਿਸਾਸ ਕਰਾਉਣ ਕਿ ਉਹ ਆਪ ਦਲਿਤਾਂ ਦੇ ਹਮਦਰਦ ਓਦੋਂ ਤੋਂ ਹੀ ਹਨ ਜਦੋਂ ਅੰਬੇਡਕਰ ਅਜੇ ਪੈਦਾ ਵੀ ਨਹੀਂ ਹੋਏ ਸਨ। ਗਾਂਧੀ ਜੀ ਨੇ ਦੱਸਣਾ ਸ਼ੁਰੂ ਕੀਤਾ ਕਿ ਉਨ੍ਹਾਂ ਨੇ ਅਛੂਤਾਂ ਦੇ ਮਸਲਿਆਂ ਨੂੰ ਉਸ ਸਮੇਂ, ਅੜ ਕੇ ਕਾਂਗਰਸ ਦੇ ਪ੍ਰੋਗਰਾਮ ਵਿਚ ਪੁਆਇਆ ਸੀ ਜਦੋਂ ਕਾਂਗਰਸ ਦੇ ਨੇਤਾ ਜ਼ੋਰ ਦੇ ਕੇ ਕਹਿ ਰਹੇ ਸਨ ਕਿ ਇਹ ਧਾਰਮਿਕ ਮਸਲਾ ਹੈ ਜਿਸਨੂੰ ਰਾਜਨੀਤੀ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ । ਆਪਣੇ ਯਤਨਾਂ ਦਾ ਰਿਕਾਰਡ ਪੇਸ਼ ਕਰਦਿਆਂ ਉਨ੍ਹਾਂ ਨੇ ਅੱਗੇ ਦੱਸਿਆ ਕਿ ਕਾਂਗਰਸ ਨੇ ਹੁਣ ਤੱਕ ਦਲਿਤਾਂ ਦੀ ਭਲਾਈ ਉੱਤੇ ਵੀਹ ਲੱਖ ਰੁਪਏ ਖਰਚ ਕਰ ਦਿੱਤੇ ਹਨ। ਫਿਰ ਭੀ ਤੇਰੇ ਵਰਗੇ ਬੰਦੇ ਜੇ ਮੇਰੀ ਅਤੇ ਕਾਂਗਰਸ ਦੀ ਵਿਰੋਧਤਾ ਕਰਨ ਤਾਂ ਹੈਰਾਨੀ ਦੀ ਗੱਲ ਨਹੀਂ ਤਾਂ ਹੋਰ ਕੀ ਹੈ? ਡਾ. ਅੰਬੇਡਕਰ ਨੇ ਵੀ ਤੰਜ਼ ਵਿਚ ਹੀ ਆਪਣਾ ਉੱਤਰ ਸ਼ੁਰੂ ਕੀਤਾ ਕਿ ਗਾਂਧੀ ਜੀ ਤੁਸੀਂ ਪਹਿਲਾਂ ਜੰਮੇ ਸੀ ਜਿਸ ਕਰਕੇ ਦਲਿਤਾਂ ਬਾਰੇ ਪਹਿਲਾਂ ਹੀ ਸੋਚਣਾ ਸੀ, ਨਾਲੇ ਸਾਰੇ ਹੀ ਬਜ਼ੁਰਗਾਂ ਨੂੰ ਪਹਿਲਾਂ ਜੰਮਣ ‘ਤੇ ਮਾਣ ਹੁੰਦੈ। ਪਰ ਕਾਂਗਰਸ ਨੇ ਦਲਿਤਾਂ ਦੀਆਂ ਸਮੱਸਿਆਵਾਂ ਨੂੰ ਫੋਕੀ ਮਾਨਤਾ ਦੇਣ ਤੋਂ ਅੱਗੇ ਕੀਤਾ ਕੁਝ ਨਹੀਂ। ਵੀਹ ਲੱਖ ਰੁਪਏ ਵੀ ਨਸ਼ਟ ਹੀ ਕੀਤੇ ਹਨ । ਮੈਂ ਏਨੇ ਪੈਸਿਆਂ ਨਾਲ ਦਲਿਤਾਂ ਦੀ ਆਰਥਕ ਦਸ਼ਾ ਵਿਚ ਵੱਡਾ ਪਰਿਵਰਤਨ ਲਿਆ ਸਕਦਾ ਸੀ। ਕਾਂਗਰਸ ਜੇਕਰ ਆਪਣੇ ਪ੍ਰੋਗਰਾਮ ਪ੍ਰਤੀ ਸੰਜੀਦਾ ਹੁੰਦੀ ਤਾਂ ਉਹ ਆਪਣੇ ਮੈਂਬਰ ਭਰਤੀ ਕਰਨ ਲਈ, ਛੂਤਛਾਤ ਨਾ ਮੰਨਣ ਦੀ ਸ਼ਰਤ ਉਸੇ ਤਰ੍ਹਾਂ ਰੱਖਦੀ ਜਿਵੇਂ ਖੱਦਰ ਪਹਿਨਣ ਦੀ ਰੱਖੀ ਹੈ। ਇਸਦੇ ਉਲਟ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਦਲਿਤਾਂ ਦੇ ਮੰਦਰ-ਪ੍ਰਵੇਸ਼ ਅੰਦੋਲਨ ਦਾ ਵਿਰੋਧ ਕੀਤਾ ਅਤੇ ਮੈਨੂੰ ਗੱਦਾਰ ਦੱਸਦੇ ਹਨ। ਮੈਨੂੰ ਤਾਂ ਲੱਗਦਾ ਹੈ ਕਿ ਮੇਰੀ ਕੋਈ ਮਾਤਭੂਮੀ ਹੀ ਨਹੀਂ ਹੈ । ਗਾਂਧੀ ਜੀ ਨੂੰ ਅੰਬੇਡਕਰ ਦੇ ਗੁੱਸੇ ਦਾ ਵਾਰ ਰੋਕਣ ਦਾ ਮੌਕਾ ਮਿਲ ਗਿਆ ਤੇ ਗੱਲ ਟੋਕਦਿਆ ਝੱਟ ਕਹਿ ਦਿੱਤਾ ਕਿ ਨਹੀਂ ਡੌਕਟਰ ਤੁਹਾਡੀ ਮਾਤਭੂਮੀ ਹੈ । ਰਾਊਂਡ ਟੇਬਲ ਕਾਨਫਰੰਸ ਤੋਂ ਜੋ ਤੁਹਾਡੇ ਬਾਰੇ ਮੇਰੇ ਕੋਲ ਪਹੁੰਚਾ ਹੈ ਉਸ ਤੋਂ ਹੀ ਪਤਾ ਲੱਗਦੈ ਕਿ ਤੁਸੀਂ ਸੱਚੇ ਸੁੱਚੇ ਦੇਸ਼ ਭਗਤ ਹੋ। ਪਰ ਡਾ. ਅੰਬੇਡਕਰ ਦਾ ਪਾਰਾ ਚੜ੍ਹਿਆ ਹੋਇਆ ਸੀ । ਉਹ ਬੋਲੇ ਗਾਂਧੀ ਜੀ ਇਹ ਤੁਸੀਂ ਕਹਿੰਦੇ ਹੋ । ਮੈਂ ਕਿਵੇਂ ਕਹਿ ਸਕਦਾਂ ਜਿੱਥੇ ਸਾਡੇ ਨਾਲ ਬਿੱਲੀਆਂ-ਕੁੱਤਿਆ ਨਾਲੋਂ ਵੀ ਮਾੜਾ ਵਰਤਾਓ ਹੁੰਦਾ ਹੈ। ਜਿੱਥੇ ਅਸੀਂ ਆਪਣੀ ਮਰਜ਼ੀ ਮੁਤਾਬਕ ਪਾਣੀ ਵੀ ਨਹੀਂ ਪੀ ਸਕਦੇ। ਕੋਈ ਵੀ ਸਵੈਮਾਣ ਵਾਲਾ ਅਛੂਤ ਇਹੋ ਜਹੇ ਦੇਸ਼ ਉੱਤੇ ਮਾਣ ਨਹੀਂ ਕਰ ਸਕਦਾ……. । ਮੈਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਕਿ ਮੈਨੂੰ ਗੱਦਾਰ ਕਿਹਾ ਗਿਆ ਹੈ………. ਜੇਕਰ ਫਿਰ ਭੀ ਮੇਰੇ ਤੋਂ ਦੇਸ਼ ਵਾਸਤੇ ਕੋਈ ਚੰਗਾ ਕੰਮ ਹੋ ਗਿਆ ਤਾਂ ਉਹ ਮੇਰੀ ਆਤਮਾ ਦੀ ਆਵਾਜ਼ ਸਦਕਾ ਹੈ । ਮੈਂ ਆਪਣੀ ਆਤਮਾ ਦੀ ਅਵਾਜ਼ ਦੇ ਅਨੁਸਾਰ ਦੇਸ਼ ਨੂੰ ਕੋਈ ਵੀ ਨੁਕਸਾਨ ਪਹੁੰਚਾਏ ਬਿਨਾਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਦਾ ਹਾਂ……. ਜਿਹੋ ਜਹੀ ਬੇਇਨਸਾਫੀ, ਦੁੱਖ ਅਤੇ ਜ਼ਲਾਲਤ ਅਸੀਂ ਭੋਗੇ ਹਨ ਉਸ ਕਾਰਨ ਜੇਕਰ, ਜਾਣੇ ਅਣਜਾਣੇ ਸਾਡੇ ਕੋਲੋਂ ਕੋਈ ਬੇਵਫਾਈ ਹੋ ਵੀ ਜਾਵੇ ਤਾਂ ਇਸ ਲਈ ਜ਼ਿਮੇਵਾਰ ਮਾਤਭੂਮੀ ਹੀ ਹੈ….. ਵਗੈਰਾ ਵਗੈਰਾ । ਡਾ. ਅੰਬੇਡਕਰ ਦੀਆਂ ਤਿੱਖੀਆਂ ਗੱਲਾਂ ਸੁਣਕੇ ਗਾਂਧੀ ਜੀ ਬੇਚੈਨ ਹੋ ਗਏ ਜੋ ਸਾਫ ਨਜ਼ਰ ਆ ਰਿਹਾ ਸੀ । ਸਥਿਤੀ ਨੂੰ ਭਾਂਪਦਿਆਂ ਡਾ. ਅੰਬੇਡਕਰ ਸਿੱਧੇ ਅਤੇ ਅਸਲੀ ਮੁੱਦੇ ਤੇ ਆ ਗਏ । ਉਨ੍ਹਾਂ ਕਹਿਣਾ ਸ਼ੁਰੂ ਕੀਤਾ ਕਿ ਇਹ ਸਾਰੇ ਜਾਣਦੇ ਹਨ ਕਿ ਸਮਾਜਿਕ ਤੌਰ ‘ਤੇ, ਰਾਜਨੀਤਕ ਤੌਰ ‘ਤੇ ਅਤੇ ਆਰਥਿਕ ਤੌਰ ‘ਤੇ ਮੁਸਲਮਾਨਾਂ ਅਤੇ ਸਿੱਖਾਂ ਦੀ ਹਾਲਤ ਅਛੂਤਾਂ ਨਾਲੋਂ ਕਿਤੇ ਚੰਗੀ ਹੈ । ਰਾਊਂਡ ਟੇਬਲ ਕਾਨਫਰੰਸ ਦੇ ਪਹਿਲੇ ਅਜਲਾਸ ਨੇ ਮੁਸਲਮਾਨਾਂ ਦੀਆਂ ਮੰਗਾਂ ਨੂੰ ਸਿਆਸੀ ਮਾਨਤਾ ਦਿੱਤੀ ਹੈ ਅਤੇ ਸਿਆਸੀ ਸੁਰੱਖਿਆ ਦੀ ਸਿਫਾਰਸ਼ ਵੀ ਕੀਤੀ ਹੈ । ਕਾਂਗਰਸ ਨੇ ਉਨ੍ਹਾਂ ਦੀਆਂ ਮੰਗਾਂ ਦਾ ਸਮੱਰਥਨ ਕੀਤਾ ਹੈ । ਇਸੇ ਤਰ੍ਹਾਂ ਪਹਿਲੇ ਅਜਲਾਸ ਨੇ ਦਲਿਤਾਂ ਦੇ ਵੀ ਸਿਆਸੀ ਹੱਕਾਂ ਨੂੰ ਸਿਆਸੀ ਮਾਨਤਾ ਦਿੱਤੀ ਹੈ ਅਤੇ ਸਿਆਸੀ ਸੁਰੱਖਿਆ ਅਤੇ ਵਾਜਿਵ ਪ੍ਰਤੀਨਿਧਤਾ ਦੇਣ ਦੀ ਸਿਫਾਰਸ਼ ਕੀਤੀ ਹੈ । ਅਸੀਂ ਸਮਝਦੇ ਹਾਂ ਕਿ ਦਲਿਤਾਂ ਲਈ ਤਾਂ ਇਹ ਲਾਭਦਾਇਕ ਹੈ ਪਰ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਗਾਂਧੀ ਜੀ ਨੇ ਬਿਨਾਂ ਕੋਈ ਵਲ ਫੇਰ ਤੋਂ ਸਿੱਧਾ ਉੱਤਰ ਦਿੱਤਾ ਕਿ ਮੈਂ ਦਲਿਤਾਂ ਨੂੰ ਹਿੰਦੂਆਂ ਤੋਂ ਰਾਜਨੀਤਕ ਤੌਰ ‘ਤੇ ਵੱਖ ਕਰਨ ਦੇ ਖਿਲਾਫ ਹਾਂ। ਇਹ ਇਕਦਮ ਖੁਦਕੁਸ਼ੀ ਵਾਲਾ ਹੈ ।
ਇਹ ਦੋ ਨੇਤਾਵਾਂ ਦੀ ਗੱਲਬਾਤ ਦਾ ਅੰਤ ਸੀ । ਡਾ. ਅੰਬੇਡਕਰ ਖੜ੍ਹੋ ਗਏ ਅਤੇ ਬੋਲੇ ਸਾਫ-ਸਪੱਸ਼ਟ ਕਹਿ ਦੇਣ ਲਈ ਸ਼ੁਕਰੀਆ। ਚੰਗਾ ਹੋਇਆ ਪਤਾ ਲੱਗ ਗਿਆ ਕਿ ਆਪਣੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ । ਇਸ ਤਰ੍ਹਾਂ ਉਹ ਜੁਦਾ ਹੋਏ ਅਤੇ ਉਨ੍ਹਾਂ ਦਰਮਿਆਨ ਪੱਕਾ ਵਿਰੋਧ ਖੜ੍ਹਾ ਹੋ ਗਿਆ ਸੀ । ਉਨ੍ਹਾਂ ਦਿਨਾਂ ਵਿਚ ਮਹਾਤਮਾ ਦਾ ਕੱਦ ਏਨਾ ਉੱਚਾ ਹੋ ਚੁੱਕਾ ਸੀ ਕਿ ਉਨ੍ਹਾਂ ਨਾਲ ਬਹਿਸ ਕਰਨੀ ਤਾਂ ਦੂਰ ਦੀ ਗੱਲ ਸੀ ਉਨ੍ਹਾਂ ਅੱਗੇ ਉੱਚਾ ਬੋਲਣ ਦੀ ਵੀ ਕਿਸੇ ਦੀ ਹਿੰਮਤ ਨਹੀਂ ਸੀ। ਮਹਾਤਮਾ ਅੱਗੇ ਇਸ ਤਰ੍ਹਾਂ ਬੋਲਣ ਵਾਲੇ ਪਹਿਲੇ ਇਨਸਾਨ ਬਾਬਾ ਸਾਹਿਬ ਹੀ ਸਨ ।
ਲੇਕਿਨ ਏਥੇ ਹੈਰਾਨੀਜਨਕ ਜਾਣਕਾਰੀ ਇਹ ਹੈ ਕਿ ਮਹਾਤਮਾ ਗਾਂਧੀ, ਓਦੋਂ ਤੱਕ ਡਾ ਅੰਬੇਡਕਰ ਨੂੰ ਬਰਾਹਮਣ ਸਮਝਦੇ ਰਹੇ ਸਨ ਅਤੇ ਬਰਾਹਮਣ ਸਮਝਕੇ ਹੀ ਵਿਚਾਰ ਵਟਾਂਦਰਾ ਕਰਦੇ ਰਹੇ ਸਨ । ਕਿਉਂਕਿ ਉਹ ਸਮਝਦੇ ਸਨ ਕਿ ਅੰਬੇਡਕਰ ਗੋਤ ਬਰਾਹਮਣਾਂ ਦਾ ਹੈ । ਡਾ. ਅੰਬੇਡਕਰ ਦੇ ਦਲਿਤ ਹੋਣ ਦਾ ਪਤਾ ਗਾਂਧੀ ਜੀ ਨੂੰ ਦੂਜੀ ਰਾਊਂਡ ਟੇਬਲ ਕਾਨਫਰੰਸ ਸਮੇਂ ਲੱਗਾ । ਕੁਝ ਲਿਖਤਾਂ ਦਾ ਮੰਨਣਾ ਹੈ ਕਿ ਗਾਂਧੀ ਜੀ ਨੂੰ ਇਹ ਜਾਣਕਾਰੀ, ਡਾ. ਅੰਬੇਡਕਰ ਦੇ ਉੱਥੋਂ ਚਲੇ ਜਾਣ ਉਪਰੰਤ ਕਿਸੇ ਹਾਜ਼ਰ ਕਾਂਗਰਸੀ ਨੇ ਦਿੱਤੀ ਸੀ । ਭੀਮ ਰਾਓ ਨੂੰ ਅੰਬੇਡਕਰ ਨਾਮ ਉਨ੍ਹਾਂ ਦੇ ਇਕ ਅੰਬੇਡਕਰ ਟੀਚਰ ਨੇ ਦਿੱਤਾ ਸੀ ਜੋ ਉਨ੍ਹਾਂ ਨੂੰ ਸੱਚਮੁੱਚ ਹੀ ਬਹੁਤ ਪਿਆਰ ਕਰਦਾ ਸੀ । ਇਸ ਤੋਂ ਪਹਿਲਾਂ ਭੀਮ ਰਾਉ ਆਪਣੇ ਨਾਮ ਨਾਲ ਆਪਣੇ ਪਿੰਡ ਦਾ ਨਾਮ ਲਿਖਦੇ ਸਨ, ਅੰਬਾਵਡੇਕਰ । ਇਹ ਸੋਚਣਾ ਸਾਡਾ ਅਧਿਕਾਰ ਹੈ ਕਿ ਜੇਕਰ ਮਹਾਤਮਾ ਜੀ ਜਾਣਦੇ ਹੁੰਦੇ ਕਿ ਬਾਬਾ ਸਾਹਿਬ ਖੁਦ ਹੀ ਦਲਿਤ ਹਨ ਤਾਂ ਇਤਿਹਾਸ ਕਿਹੋ ਜਿਹਾ ਹੁੰਦਾ?