Now Reading
ਨੌਜਵਾਨਾਂ ਨੂੰ ਇਕ ਸੁਨੇਹਾ…

ਨੌਜਵਾਨਾਂ ਨੂੰ ਇਕ ਸੁਨੇਹਾ…

ਭਾਰਤ ਵਿਚ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਣ ਦੇ ਚਲਨ ਨੇ ਸਾਮਰਾਜਵਾਦ ਦੀਆਂ ਸਾਰੀਆਂ ਬੁਰਾਈਆਂ ਨੂੰ ਚਿੱਟੇ, ਨੰਗੇ ਅਤੇ ਭਿਅੰਕਰ ਰੂਪ ‘ਚ ਉਜਾਗਰ ਕਰ ਦਿੱਤਾ ਹੈ। ਸਾਮਰਾਜ ਦੀਆਂ ਨੀਤੀਆਂ ‘ਤੇ ਅਧਾਰਤ ਵਿਕਾਸ ਦਾ ਰਸਤਾ ਅੱਧੀ ਸਦੀ ਬਾਅਦ ਇਕ ਐਸੀ ਸੁਰੰਗ ਦੇ ਸਿਰੇ ‘ਤੇ ਜਾ ਪਹੁੰਚਿਆ ਹੈ, ਜੋ ਆਪ ਅੱਖਾਂ ਤੋਂ ਅੰਨ੍ਹੀ ਅਤੇ ਕੰਨਾਂ ਤੋਂ ਬੋਲੀ ਹੈ। ਸਾਧਾਰਣ ਜਨਤਾ ਦੇ ਅਥਾਹ ਦਰਦਾਂ ਅਤੇ ਗਰੀਬੀ ਦੇ ਨਾਲ ਨਾਲ ਵਾਯੂਮੰਡਲ ‘ਚ ਖੁਸ਼ਹਾਲੀ ਦੇ ਗ੍ਰਹਾਂ ਤੇ ਵਿਲਾਸਤਾ ਦੀਆਂ ਮਿਜ਼ਾਇਲਾਂ ਆਸਮਾਨ ਛੂ ਰਹੀਆਂ ਹਨ। ਬਾਜ਼ਾਰ ਵਿਚੋਂ ਦੀ ਲੰਘੀਏ ਤਾਂ ਭੋਗ-ਵਿਲਾਸ ਦੀਆਂ ਵਸਤੂਆਂ ਜਿਵੇਂ ਕਾਰਾਂ, ਫਰਿੱਜਾਂ, ਏਅਰ ਕੰਡੀਸ਼ਨਰਾਂ ਤੇ ਮੋਟਰਸਾਇਕਲਾਂ ਆਦਿ ਨਾਲ ਵੱਡੇ-ਵੱਡੇ ਮਾਲ ਤੇ ਦੁਕਾਨਾਂ ਭਰੀਆਂ ਪਈਆਂ ਹਨ। ਪਰ ਦੂਜੇ ਪਾਸੇ ਆਮ ਲੋਕ ਫੁਟਪਾਥਾਂ ‘ਤੇ ਸੌਂਦੇ ਹਨ, ਭੁੱਖ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ, ਦਵਾਈ ਦਾਰੂ ਦੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਸਨ, ਉਹ ਨਹੀਂ ਮਿਲ ਰਹੀਆਂ। ਦੇਸ਼ ਦੀ ਜਨਸੰਖਿਆ ਦਾ ਵੱਡਾ ਹਿੱਸਾ ਬੇਰੋਜ਼ਗਾਰੀ ਅਤੇ ਅਰਧ-ਬੇਰੋਜ਼ਗਾਰੀ ਦੀ ਚੱਕੀ ਵਿਚ ਪਿਸ ਰਿਹਾ ਹੈ। ਹਰ ਸਾਲ ਵੱਡੀ ਗਿਣਤੀ ਵਿਚ ਛੋਟੇ ਤੇ ਦਰਮਿਆਨੇ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਉਜ਼ਰਤੀ ਗੁਲਾਮਾਂ ਦੀ ਕਤਾਰ ਵਿਚ ਸ਼ਾਮਲ ਹੋ ਰਹੇ ਹਨ।
ਹੁਣ ਬਹੁਤੇ ਛੋਟੇ ਤੇ ਦਰਮਿਆਨੇ ਕਿਸਾਨ ਆੜ੍ਹਤੀਆਂ ਦੇ ਕਰਜ਼ੇ ਵਿਚ ਫਸ ਕੇ ਖੁਦਕੁਸ਼ੀਆਂ ਕਰ ਰਹੇ ਹਨ, ਮਜ਼ਦੂਰਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਚੁੱਕੀ ਹੈ। ਸਥਿਤੀ ਇਹ ਹੈ ਕਿ ਜਗੀਰਦਾਰਾਂ ਦੇ ਖੇਤਾਂ ‘ਚ, ਵੱਡੇ ਵੱਡੇ ਕਾਰਖਾਨਿਆਂ ‘ਚ 14-14 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਮਜ਼ਦੂਰ ਦੇ ਪਰਿਵਾਰ ਦੀ ਹਾਲਤ ਖਸਤਾ ਹੈ। 95 ਫੀਸਦੀ ਤੋਂ ਵੱਧ ਸ਼ਹਿਰੀ ਪੇਂਡੂ ਮਜਦੂਰ ਠੇਕੇ ‘ਤੇ ਜਾਂ ਅਸਥਾਈ ਤੌਰ ‘ਤੇ ਕੰਮ ਕਰ ਰਿਹਾ ਹੈ। ਜਥੇਬੰਦਕ  ਸੰਘਰਸ਼ਾਂ ਨਾਲ ਜਿਹੜੇ ਹੱਕ ਉਨ੍ਹਾਂ ਹਾਸਲ ਕੀਤੇ ਸਨ ਉਹ ਇਕ ਇਕ ਕਰਕੇ ਖੋਹੇ ਜਾ ਚੁੱਕੇ ਹਨ। ਮੱਧ ਵਰਗ ਦਾ ਵੱਡਾ ਹਿੱਸਾ ਵੀ ਮਹਿੰਗਾਈ ਅਤੇ ਬੇਰੋਜ਼ਗਾਰੀ ਤੋਂ ਪੀੜਤ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੀਆਂ ਫੀਸਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ, ਕਾਲਜਾਂ ਅਤੇ ਯੂਨੀਵਰਸਿਟੀਆਂ ਅੰਦਰ ਕੋਰਸਾਂ ਦੀਆਂ ਸੀਟਾਂ ਘਟਾਈਆਂ ਜਾ ਰਹੀਆਂ ਹਨ ਅਤੇ ਵੱਡੇ ਘਰਾਣਿਆਂ ਨੂੰ ਪ੍ਰਾਈਵੇਟ ਕਾਲਜ ਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ।
ਇਹ ਸਭ ਸਾਮਰਾਜ ਨਿਰਦੇਸ਼ਤ ਨੀਤੀਆਂ ਦਾ ਹੀ ਸਿੱਟਾ ਹੈ ਤਾਂ ਕਿ ਆਮ ਲੋਕਾਂ ਨੂੰ ਅਨਪੜ੍ਹ ਰੱਖਕੇ ਉਨ੍ਹਾਂ ‘ਤੇ ਰਾਜ ਕੀਤਾ ਜਾਵੇ। ਭਾਰਤ ਦੀਆਂ ਸਾਰੀਆਂ ਬੁਰਜ਼ੂਆ ਪਾਰਟੀਆਂ ਇਨ੍ਹਾਂ ਆਰਥਿਕ ਨੀਤੀਆਂ ਨਾਲ ਸਹਿਮਤ ਹਨ। ਵਿਰੋਧ ਦਾ ਜੁਬਾਨੀ-ਕਲਾਮੀ ਡਰਾਮਾ ਕਰਦੀਆਂ ਹਨ ਅਤੇ ਕੁੱਝ ਸੰਸਦੀ ਖੱਬੇਪੱਖੀ ਪਾਰਟੀਆਂ ਵੀ ਇਨ੍ਹਾਂ ਦੀਆਂ ਹਮਸਫਰ ਬਣ ਚੁੱਕੀਆਂ ਹਨ। ਭਾਰਤ ਦੀਆਂ ਸਾਰੀਆਂ ਹੀ ਬੁਰਜ਼ੁਆ ਪਾਰਟੀਆਂ ਨੇ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਸਾਮਰਾਜੀਆਂ ਨਾਲ ਭਿਆਲੀਆਂ ਪਾ ਲਈਆਂ ਹਨ ਅਤੇ ਸਾਡੇ ਦੇਸ਼ ਨੂੰ ਸਾਮਰਾਜੀਆਂ ਅੱਗੇ ਇਕ ਮੰਡੀ ਦੇ ਤੌਰ ‘ਤੇ ਪਰੋਸ ਦਿੱਤਾ ਹੈ। ਇਕ ਦੇ ਬਾਅਦ ਇਕ ਕਾਲੇ ਕਾਨੂੰਨ ਬਣਾ ਕੇ ਜਨਤਾ ਦੇ ਬਚੇ ਖੁਚੇ ਅਧਿਕਾਰਾਂ ਨੂੰ ਵੀ ਖੋਹਿਆ ਜਾ ਰਿਹਾ ਹੈ। ਰਾਜ ਸੱਤਾ ਦਹਿਸ਼ਤਫੈਲਾਊ ਮਸ਼ੀਨਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ, ਦੇਸ਼ ‘ਚ ਫਾਸ਼ੀਵਾਦੀ ਤਾਕਤਾਂ ਦੇ ਉਭਾਰ ਨਾਲ ਇਹ ਅਮਲ ਤੇਜ ਹੋਇਆ ਹੈ।
ਕੁਝ ਸੁਧਾਰਵਾਦੀ ਲੋਕ ਅੱਜ ਵੀ ਸਰਮਾਏਦਾਰ ਰੂਪੀ ਗਿਰਝਾਂ ਦੇ ਆਲ੍ਹਣੇ ਤੋਂ ਮਾਸ ਦੀ ਉਮੀਦ ਲਗਾਏ ਬੈਠੇ ਹਨ। ਇਤਿਹਾਸ ਦੀ ਗਤੀ ਨੂੰ ਪਿੱਛੇ ਨਹੀਂ ਮੋੜਿਆ ਜਾ ਸਕਦਾ ਸਗੋਂ ਇਨਕਲਾਬੀ ਲੋਕ ਘੋਲਾਂ ਦੇ ਇਤਿਹਾਸ ਤੋਂ ਸੇਧ ਲੈ ਕੇ ਭਵਿੱਖ ਵਿਚ ਸਰਮਾਏਦਾਰੀ ਦਾ ਬਦਲ ਲੱਭ ਕੇ ਇਸ ਦੇ ਮੁਕਾਬਲੇ ਦੀ ਲੜਾਈ ਲਈ ਆਮ ਲੋਕਾਂ ਨੂੰ ਤਿਆਰ ਕਰਨਾ ਚਾਹੀਦਾ ਹੈ। ਸਾਮਰਾਜੀਆਂ ਦੇ ਏਜੰਟ ਲਗਾਤਾਰ ਲੋਕਾਂ ‘ਚ ਭਰਮ ਪੈਦਾ ਕਰ ਰਹੇ ਹਨ, ਕਿ ਪੂੰਜੀਵਾਦੀ ਵਿਵਸਥਾ ਹੀ ਸਮਾਜਿਕ ਵਿਕਾਸ ਦੀ ਅੰਤਮ ਵਿਵਸਥਾ ਹੈ। ਕਈ ਵਾਰ ਉਹ ਸਮਾਜਵਾਦ ਦੀ ਹਾਰ ਦੇ ਹਵਾਲੇ ਦੇ ਕੇ ਵੀ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਪਰ ਅਸਲ ਸੱਚਾਈ ਇਹ ਹੈ ਕਿ ਵਿਗਿਆਨ ਅਤੇ ਮਨੁੱਖੀ ਚੇਤਨਾ ਦੀ ਹਜ਼ਾਰਾਂ ਸਾਲਾਂ ਦੀ ਸ਼ਾਨਦਾਰ ਤਰੱਕੀ ਦੇ ਬਾਅਦ ਕੁਦਰਤ ਅਤੇ ਮਨੁੱਖ ਨੂੰ ਮੁਨਾਫ਼ੇ ਦੀ ਹਵਸ ਨਾਲ ਤਬਾਹ ਕਰਦਾ ਅਤੇ ਯੁੱਧ, ਤਬਾਹੀ ਤੇ ਭੁਖਮਰੀ ਦਾ ਕਹਿਰ ਬਰਸਾ ਰਿਹਾ ਇਹ ਮਨੁੱਖ ਦੋਖੀ ਸਰਮਾਏਦਾਰ ਪ੍ਰਬੰਧ ਮਨੁੱਖੀ ਇਤਿਹਾਸ ਦਾ ਅੰਤਮ ਪੜਾਅ ਨਹੀਂ ਹੈ। ਪਰ ਜੋ ਲੁੱਟ ਦੀ ਚੱਕੀ ‘ਚ ਪਿਸ ਰਹੇ ਹਨ, ਜਿਨ੍ਹਾਂ ਅੱਗੇ ਕੋਈ ਚਾਰਾ ਨਹੀਂ ਹੈ, ਜੋ ਦੇਖਦੇ ਹਨ ਕਿ 95 ਫੀਸਦੀ ਲੋਕ 5 ਫੀਸਦੀ ਲੋਕਾਂ ਲਈ ਸਵਰਗ ਬਣਾ ਰਹੇ ਹਨ, ਜੋ ਦੇਖਦੇ ਹਨ ਕੁਦਰਤੀ ਸੰਪਤੀ ਅਤੇ ਮਨੁੱਖੀ ਕਾਬਲਿਅਤ ਹੋਣ ਦੇ ਬਾਵਜੂਦ ਵੀ ਪੈਦਾਵਾਰੀ ਸਾਧਨਾਂ ‘ਤੇ ਕੁਝ ਲੋਕਾਂ ਦਾ ਅਧਿਕਾਰ ਹੈ, ਤੇ ਬਹੁਗਿਣਤੀ ਲੋਕਾਂ ਦਾ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਹੈ, ਉਹ ਚੁੱਪ ਨਹੀਂ ਬੈਠਣਗੇ, ਉਹ ਖੁਦਕੁਸ਼ੀਆਂ ਨਹੀਂ ਕਰਨਗੇ, ਉਹ ਪਸ਼ੂ ਨਹੀਂ ਬਣਨਗੇ। ਉਨ੍ਹਾਂ ਦਾ ਅਗਲਾ ਨਿਸ਼ਾਨਾ ਹੋਵੇਗਾ ਯੋਜਨਾਬੱਧ ਢੰਗ ਨਾਲ ਸੁਚੇਤ ਰੂਪ ਵਿਚ ਇਨਕਲਾਬ ਦਾ ਰਸਤਾ ਲੱਭ ਕੇ ਨਵੇਂ ਸਮਾਜਕ ਆਰਥਿਕ ਪ੍ਰਬੰਧ ਦੀ ਉਸਾਰੀ ਕਰਨਾ।
20ਵੀਂ ਸਦੀ ਦੇ ਸਮਾਜਵਾਦੀ ਇਨਕਲਾਬਾਂ ਨੇ ਸਰਮਾਏਦਾਰੀ ਦਾ ਬਦਲ ਪੇਸ਼ ਕੀਤਾ ਸੀ, ਬੇਸ਼ੱਕ ਕੁਝ ਢਹਿ ਢੇਰੀ ਹੋ ਗਏ, ਪਰ ਇਸ ਸੱਚਾਈ ਤੋਂ ਵੀ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਇਹ ਮੁੱਢਲੇ ਪ੍ਰਯੋਗ ਸਨ। ਅਤੀਤ ਵੀ ਦੱਸਦਾ ਹੈ ਕਿ ਅਸਫਲਤਾ, ਸਫਲਤਾ ਨੂੰ ਮਜ਼ਬੂਤੀ ਤੱਕ ਲੈ ਕੇ ਜਾਂਦੀ ਹੈ। ਮੁਢਲੇ ਇਨਕਲਾਬਾਂ ਦੇ ਪ੍ਰਯੋਗ ਤੋਂ ਸਬਕ ਲੈ ਕੇ ਸਰਮਾਏਦਾਰੀ ਦੇ ਨਵੇਂ ਤੌਰ ਤਰੀਕਿਆਂ, ਚਾਲਾਂ ਦਾ ਅਧਿਐਨ ਕਰਕੇ ਇਸ ਸਦੀ ਦੇ ਨਵੇਂ ਇਨਕਲਾਬਾਂ ਦਾ ਰਾਹ ਖੋਲਿਆ ਜਾਵੇਗਾ ਅਤੇ ਭਾਰਤ ਵਿਚ ਇਸ ਦੀਆਂ ਅਥਾਹ ਸੰਭਾਵਨਾਵਾਂ ਹਨ। ਪਰ ਜ਼ਰੂਰਤ ਹੈ ਅਜਿਹੇ ਬਹਾਦਰ, ਵਿਚਾਰਵਾਨ ਨੌਜਵਾਨਾਂ ਦੀ ਜੋ ਇਸ ਕੰਮ ਨੂੰ ਅੰਜਾਮ ਦੇਣ ਲਈ ਅੱਗੇ ਆਉਣ। ਇਹ ਤਾਂ ਸਾਰੇ ਨੌਜਵਾਨ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਜ਼ਰੂਰਤ ਹੈ, ਪਰ ਜੋ ਨੌਜਵਾਨ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਨੂੰ ਭਗਤ ਸਿੰਘ ਵਾਂਗੂੰ ਸਮਾਜ ਤੇ ਦੇਸ਼ ਨੂੰ ਵੀ ਉਨ੍ਹਾਂ ਦੀ ਜ਼ਰੂਰਤ ਹੈ ਉਹੀ ਨੌਜਵਾਨ ਸਮਾਜ ਨੂੰ ਬਦਲਣ ਲਈ ਘੋਲ ਰੂਪੀ ਸੰਦ ਘੜਦੇ ਹਨ ਅਤੇ ਲੋਕਾਂ ਦੇ ਆਗੂ ਬਣਦੇ ਹਨ। ਕੁਝ ਨੌਜਵਾਨ ਇਹ ਵੀ ਸੋਚਦੇ ਹਨ ਕਿ ਭਗਤ ਸਿੰਘ ਫਿਰ ਇਕ ਵਾਰੀ ਧਰਤੀ ‘ਤੇ ਆਵੇਗਾ, ਪਰ ਇਹ ਉਨ੍ਹਾਂ ਦਾ ਭੁਲੇਖਾ ਹੈ, ਅੱਜ ਨੌਜਵਾਨਾਂ ਨੂੰ ਆਪ ਭਗਤ ਸਿੰਘ ਬਣਨਾ ਪਵੇਗਾ। ਬਦਲਾਅ ਦੀ ਤਿਆਰੀ ਆਮ ਲੋਕਾਂ ਦੇ ਬਹਾਦਰ ਧੀਆਂ-ਪੁਤ ਹੀ ਕਰਨਗੇ, ਹੁਣ ਸਮਾਂ ਆ ਗਿਆ ਹੈ ਕਿ ਇਨਕਲਾਬਾਂ ਦੇ ਸੰਕੇਤਾਂ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰੀਏ! ਕੀ ਅਜਿਹੇ ਲੱਖਾਂ ਹੀ ਕਾਰਨ ਨਹੀਂ ਹਨ ਕਿ ਅਸੀਂ ਇਨਕਲਾਬੀ ਸਮਾਜਕ ਤਬਦੀਲੀ ਲਈ ਜੂਝ ਰਹੇ ਲੋਕਾਂ ਨਾਲ ਨਾਤਾ ਜੋੜੀਏ।
– ਰਵੀ ਕਟਾਰੂਚੱਕ

Scroll To Top