Now Reading
ਦੋਹਾਂ ਦੇਸ਼ਾਂ ਲਈ ਨੁਕਸਾਨਦੇਹ ਹੈ ਚੀਨ-ਭਾਰਤ ਦੁਵੱਲੇ ਸੰਬੰਧਾਂ ਦਾ ਖਰਾਬ ਹੋਣਾ

ਦੋਹਾਂ ਦੇਸ਼ਾਂ ਲਈ ਨੁਕਸਾਨਦੇਹ ਹੈ ਚੀਨ-ਭਾਰਤ ਦੁਵੱਲੇ ਸੰਬੰਧਾਂ ਦਾ ਖਰਾਬ ਹੋਣਾ

ਸਤਨਾਮ ਚਾਨਾ

ਇਕ ਕੰਡਿਆਲੀ ਤਾਰ ਹਵਾ ਦਾ ਵਗਣਾ ਰੋਕ ਸਕਦੀ ਹੈ। ਹਾਵਰਡ ਬਿਜਨਸ ਰੀਵਿਊ ਦੇ ਤਰੁਣ ਖੰਨਾ ਅਨੁਸਾਰ ਜਦੋਂ 6 ਜੁਲਾਈ 2006 ਨੂੰ ਅਜਿਹੀ ਹੀ ਇਕ ਤਾਰ, ਉਨ੍ਹਾਂ ਫੌਜੀਆਂ ਨੇ ਮਿਲਕੇ ਉਖਾੜ ਸੁੱਟੀ ਜਿਹੜੇ 1962 ਤੋਂ ਇੱਕ ਦੂਜੇ ਵੱਲ ਬੰਦੂਕਾਂ ਤਾਣ ਕੇ ਖੜ੍ਹੇ ਸਨ ਤਾਂ ਇਹ ਗੱਲ ਸਭ ਨੇ ਸਮਝ ਲਈ। ਤਾਰ ਉਖਾੜਨ ਵਾਲੇ ਫੌਜੀ ਭਾਰਤ ਅਤੇ ਚੀਨ ਦੇ ਸਨ ਅਤੇ ਤਾਰ ‘ਨਾਥੂ-ਲਾ’ ਦਰੇ ਦੇ ਦਰ ਅੱਗੇ ਗੱਡੀ ਹੋਈ ਸੀ ਜੋ ਤਿਬਤ ਅਤੇ ਸਿਕਮ ਨੂੰ ਜੋੜਦਾ ਹੈ। ਤਾਰ ਪੁੱਟਦਿਆਂ ਹੀ ਠੰਡੀਆਂ ਹਵਾਵਾਂ ਚੱਲ ਪਈਆਂ ਜਿਨ੍ਹਾਂ ਨੇ ਦੁਸ਼ਮਣੀ ਨਾਲ ਤਪੇ ਸੀਨੇ ਦੋਸਤੀ ਦੇ ਬੁਲਿਆਂ ਨਾਲ ਠਾਰ ਦਿੱਤੇ ਸਨ। ਇਸ ਨੇ ਇਹ ਵੀ ਕਰ ਦਿਖਾਇਆ ਕਿ ਵੱਡੇ ਅਤੇ ਔਖੇ ਕੰਮ ਇਕੋ ਹੀ ਦਰੁਸਤ ਫੈਸਲੇ ਨਾਲ, ਇਕ ਦਿਨ ਵਿਚ ਵੀ ਹੋ ਜਾਂਦੇ ਹਨ । ਓਦੋਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਨ ਅਤੇ ਚੀਨ ਦੇ ਪ੍ਰਧਾਨ ਹੂ ਜਿੰਤਾਓ ਤੇ ਪ੍ਰਧਾਨ ਮੰਤਰੀ ਵੇਨ ਜ਼ਿਆ ਬਾਓ ਸਨ । ਦੋਹਾਂ ਦੇਸ਼ਾਂ ਨੇ ਆਪਸ ਵਿਚ ਲੜਨਾ ਬੰਦ ਕਰਕੇ ਆਪੋ-ਆਪਣੇ ਘਰੇਲੂ ਸੰਕਟਾਂ ਵਿਰੁੱਧ ਜੰਗ ਛੇੜ ਦਿੱਤੀ ਜਿਸ ਦੇ ਨਤੀਜੇ ਅੱਜ ਸੰਸਾਰ ਦੇਖ ਰਿਹਾ ਹੈ ।

ਪੁੱਟੀ ਹੋਈ ਤਾਰ ਓਦੋਂ ਹੀ ਕਈ ਪੱਛਮੀ ਦੇਸ਼ਾਂ ਅਤੇ ਅਮਰੀਕੀ ਪ੍ਰਸ਼ਾਸਨ ਦੇ ਸੀਨਿਆਂ ’ਤੇ ਸੱਪ ਵਾਂਗ ਲੋਟ ਗਈ ਸੀ । ਉਹ ਦੇਸ਼ ਇਸ ਗੱਲੋਂ ਚਿੰਤਾ ਵਿਚ ਵੀ ਸਨ ਅਤੇ ਦਾਅਵੇ ਵੀ ਕਰਨ ਲੱਗੇ ਸਨ ਕਿ ਭਾਰਤ ਚੀਨ ਦੀ ਨੇੜਤਾ ਬਹੁਤੇ ਦਿਨ ਨਹੀਂ ਚੱਲੇਗੀ ਜਿਸ ਦੇ ਕਾਰਨ ਆਰਥਿਕ ਵੀ ਹਨ ਅਤੇ ਰਾਜਨੀਤਕ ਵੀ ’ਤੇ ਇਸ ਤੋਂ ਇਲਾਵਾ ਇਕ ਦੂਜੇ ਤੋਂ ਅੱਗੇ ਨਿਕਲਣ ਅਤੇ ਏਸ਼ੀਆਂ ਉੱਪਰ ਸਰਦਾਰੀ ਕਾਇਮ ਕਰਨ ਦੀ ਦੌੜ ਵੀ ਹੈ। ਉਨ੍ਹਾਂ ਅਨੁਸਾਰ ਦੋਨੋ ਦੇਸ਼ ਇਕ ਦੂਜੇ ਦੀ ਨੀਅਤ ਉੱਪਰ ਵੀ ਸ਼ੱਕ ਕਰਦੇ ਹਨ । ਉਹ ਚੀਨ ਦੀ ਪਸਾਰਵਾਦੀ ਨੀਤੀ ਵਿੱਚੋਂ ਵੀ ਇਸਨੂੰ ਲੱਭਦੇ ਸਨ ਜਿਹੜੀ ਕਿ ਉਨ੍ਹਾਂ ਮੁਤਾਬਕ ਚੀਨ ਭਾਰਤ ਵਿਰੁੱਧ ਹੀ ਨਹੀਂ ਸਗੋਂ ਕਮਿਊਨਿਸਟ ਦੇਸ਼ ਵੀਅਤਨਾਮ ਵਿਰੁੱਧ ਵੀ ਅਮਲ ਵਿਚ ਲਿਆ ਚੁੱਕਾ ਸੀ ਅਤੇ ਆਂਢ-ਗੁਆਂਢ ਵੀ ਉਸਦੇ ਦਾਅਵੇ ਚੱਲ ਰਹੇ ਹਨ। ਉਨ੍ਹਾਂ ਇਹ ਦੋ ਮੂੰਹਾਂ ਤੀਰ ਵੀ ਛੱਡਿਆ ਕਿ ਚੀਨ ਪਾਕਿਸਤਾਨ ਦੀ ਪਿੱਠ ਠੋਕਦਾ ਹੈ ਅਤੇ ਭਾਰਤ ਨੇ ਤਿੱਬਤੀਆਂ ਨੂੰ ਪਨਾਹ ਦਿੱਤੀ ਹੋਈ ਹੈ, ਅਦਿ । ਪੱਛਮ ਖਾਸ ਕਰਕੇ ਅਮਰੀਕਾ ਨੇ ਇਨ੍ਹਾਂ ਵਿਰੋਧਾਂ ਦਾ ਫਾਇਦਾ ਉਠਾਉਣ ਦੇ ਯਤਨ ਵੀ ਜਾਰੀ ਵੀ ਰੱਖੇ । ਜਦੋਂ ਕਿ ਸਮੁੱਚੇ ਤੌਰ ਤੇ, ਦੋਹਾਂ ਦੇਸ਼ਾਂ ਨੇ ਝਗੜੇ ਵਾਲੇ ਸਮੇਂ ਦੌਰਾਨ ਬਹੁਤ ਕੁਝ ਮਹਿਸੂਸ ਵੀ ਕੀਤਾ, ਸਿੱਖਿਆ ਵੀ ਅਤੇ ਉਚਿਤ ਕਦਮ ਵੀ ਉਠਾਏ । ਜਿਸ ਦੇ ਨਤੀਜੇ ਤੁਰੰਤ ਆਉਣੇ ਸ਼ੁਰੂ ਹੋ ਗਏ । ਜਿਵੇਂ ਕਿ :

1990ਵਿਆਂ ਦੇ ਦਹਾਕੇ ਤੱਕ ਭਾਰਤ-ਚੀਨ ਵਪਾਰ 250 ਮਿਲੀਅਨ ਤੇ ਖੜੋਤਾ ਰਿਹਾ ਸੀ ਪਰ 2006 ਵਿਚ ਇਹ ਵਧਕੇ 13 ਬਿਲੀਅਨ ਹੋ ਗਿਆ ਅਤੇ ਇਸ ਵਿਚ ਹਰ ਸਾਲ 50% ਦਾ ਵਾਧਾ ਹੋਣ ਲੱਗਾ। ਇੱਥੇ ਇਹ ਯਾਦ ਕਰਨਾ ਵੀ ਉਚਿੱਤ ਹੈ ਕਿ 1962 ਦੇ ਭਾਰਤ-ਚੀਨ ਝਗੜੇ ਤੋਂ ਪਹਿਲਾਂ ਲਗਾਤਾਰ 2000 ਸਾਲ ਦੋਹਾਂ ਦੇਸ਼ਾਂ ਦੇ ਤਕੜੇ ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਸਬੰਧ ਰਹੇ ਸਨ। ਦੂਜੀ ਪੂਰਵ ਈਸਾ (2 ਬੀ ਸੀ) ਸਦੀ ਵਿਚ ਹੀ ਜਿਆਨ ਅਤੇ ਪਾਟਲੀਪੁੱਤਰ ਵਿਚਕਾਰਲੇ ਰਾਹ ਨੂੰ ‘ਸਿਲਕ ਰੂਟ’ ਕਿਹਾ ਜਾਂਦਾ ਸੀ । ਆਂਗੁਸ ਮੈਡੀਸਨ ਵਰਗੇ ਖੋਜਕਾਰ ਅੰਦਾਜ਼ਾ ਕਰਦੇ ਹਨ ਕਿ 1800 ਵਾਲੀ ਸਦੀ ਤੱਕ ਵਿਸ਼ਵ ਵਪਾਰ ਦੇ 50% ਹਿੱਸੇ ਤੇ ਭਾਰਤ ਅਤੇ ਚੀਨ ਦਾ ਕਬਜ਼ਾ ਸੀ । ਪਰ 2006 ਵਿਚ ਇਹ ਹਿੱਸਾ ਕੇਵਲ 15% ਹੀ ਰਹਿ ਗਿਆ ਸੀ ਜੋ 2016 (ਦਸ ਸਾਲਾਂ) ਵਿਚ ਫਿਰ ਤੋਂ ਵਧਕੇ ਫਿਰ 40% ਹੋ ਗਿਆ ਹੈ। ਪਿੱਛਲੇ ਦੋ ਹਜ਼ਾਰ ਸਾਲ, ਦੋਹਾਂ ਦੇਸ਼ਾਂ ਦਰਮਿਆਨ ਅਰਥਿਕ ਅਤੇ ਰਾਜਨੀਤਕ ਖੇਤਰਾਂ ਵਿਚ ਸਰਦਾਰੀ ਦੀ ਦੌੜ ਕਿੰਨੀ ਕੁ ਰਹੀ ਸੀ ਇਹ ਵੀ ਖੋਜਣਯੋਗ ਵਿਸ਼ਾ ਹੈ ਪਰ ਇਸ ਦੀ ਚਰਚਾ ਕਦੇ ਭਖੀ ਨਹੀਂ। ਦੂਜੇ ਪਾਸੇ ਬੀਜਿੰਗ ਯੂਨੀਵਰਸਟੀ ਦੀ ਖੋਜ ਦੇ ਹਵਾਲੇ ਨਲ ਦੱਸਿਆ ਜਾਂਦਾ ਹੈ ਕਿ ਛੇਵੀਂ ਸਦੀ ਤੱਕ ਚੀਨ ਦਾ ਭਾਰਤੀਕਰਨ ਹੋਇਆ ਨਜ਼ਰ ਆ ਰਿਹਾ ਸੀ । ਪਹਿਲੀ ਸਦੀ ਵਿਚ (ਸਗੋਂ 67 ਏ ਡੀ ਵਿਚ) ਹੀ ਭਾਰਤ ਦੇ ਬੋਧੀ ਭਿਕਸ਼ੂ ਚੀਨ ਵਿਚ ਪ੍ਰਵੇਸ਼ ਕਰ ਗਏ ਸਨ । ਬੀਤੇ ਵਿਚ ਚੀਨ ਨੇ ਭਾਰਤ ਦੀਆਂ ਧਾਰਮਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਦਾ ਭਰਪੂਰ ਫਾਇਦਾ ਉਠਾਇਆ ਸੀ । ਚੀਨ ਹੁਣ ਵੀ ਇਸ ਰਾਹ ਤੁਰਿਆ ਹੋਇਆ ਹੈ ਜਿਸਦਾ ਜ਼ਿਕਰ ਅੱਗੇ ਚੱਲਕੇ ਵੀ ਆਏਗਾ ।

ਤਾਰ ਉਖਾੜਨ ਦੇ ਮਹੱਤਵ ਨੂੰ ਰਾਜਨੀਤਿਕਾਂ ਨੇ ਕਿੰਨਾਂ ਕੁ ਸਮਝਿਆ ਸੀ ਇਹ ਇਸ ਲੇਖ ਦਾ ਵਿਸ਼ਾ ਨਹੀਂ, ਇਸਦੀ ਕੀਮਤ ਨੂੰ ਤੇਜ਼ੀ ਨਾਲ ਸਮਝਣ ਵਾਲੇ ਇਸ ਦੇਸ਼ ਦੇ ਸਨਅਤਕਾਰ ਅਤੇ ਵਪਾਰੀ ਸਨ ਜਿਨ੍ਹਾਂ ਨੇ ਅਗਲੇ ਹੀ ਦਿਨ ਚੀਨ ਵੱਲ ਮੂੰਹ ਭੁਆ ਲਿਆ ਸੀ । ਇਸ ਅਸਲੀਅਤ ਨੂੰ ਸਮਝਣ ਲਈ ਅਸੀਂ ‘ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ’ ਦੇ ਦੋ ਸਰਵੇਖਣਾਂ ਦਾ ਸਹਾਰਾ ਲਵਾਂਗੇ ਜਿਹੜੇ 2018 ਅਤੇ 2019 ਵਿਚ ਕੀਤੇ ਗਏ ਸਨ । ਇਨ੍ਹਾਂ ਸਰਵੇਖਣਾਂ ਵਿਚ ਚੀਨ ਅੰਦਰ ਆਰਥਿਕ ਸਰਗਰਮੀ ਕਰਨ ਵਾਲੇ ਭਾਰਤ ਦੇ 57 ਸਨਅਤਕਾਰਾਂ ਅਤੇ ਭਾਰਤੀ ਦੂਤਾਵਾਸ ਨੇ ਸਹਿਯੋਗ ਦਿੱਤਾ ਸੀ । ਕਨਫੈਡਰੇਸ਼ਨ ਦੇ ਡਾਇਰੈਕਟਰ ਜਨਰਲ ਚੰਦਰਜੀਤ ਬੈਨਰਜੀ ਦਾ ਕਹਿਣਾ ਹੈ ਕਿ ਉਹ ਸਰਵੇਖਣਾਂ ਅਤੇ ਸੈਮੀਨਾਰਾਂ ਰਾਹੀਂ ਭਾਰਤੀ ਸਨਅਤਕਾਰਾਂ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਚੀਨ ਦੀ ਆਰਥਿਕਤਾ ਅੰਦਰ ਅਗਲੀ ਉਚਾਈ ਤੇ ਪਹੁੰਚ ਜਾਣ। ਬੈਨਰਜੀ ਦੱਸਦਾ ਹੈ ਕਿ ਜਿਸ ਰਫਤਾਰ ਨਾਲ ਦੋਹਾਂ ਦੇਸ਼ਾਂ ਦਰਮਿਆਨ ਮੌਕੇ ਵਧ ਰਹੇ ਹਨ ਉਸਨੂੰ ਦੇਖਕੇ ਵਿਸਮਾਦੀ ਹੈਰਾਨੀ ਹੁੰਦੀ ਹੈ । ਬੈਨਰਜੀ ਨੇ ਸ਼ਬਦ () ਇਸਤੇਮਾਲ ਕੀਤਾ ਹੈ ।

ਇਸ ਵੇਲੇ ਭਾਰਤ ਦੀਆਂ 120 ਤੋਂ ਵੱਧ ਵੱਡੀਆਂ ਅਤੇ ਸਭ ਤੋਂ ਵੱਧ ਚਰਚਤ ਕੰਪਨੀਆਂ ਚੀਨ ਅੰਦਰ ਉਤਪਾਦਨ ਕਰ ਰਹੀਆਂ ਹਨ ਅਤੇ ਸੇਵਾਵਾਂ ਦੇ ਰਹੀਆਂ ਹਨ। ਉਨ੍ਹਾਂ ਤੋਂ ਬਿਨਾ ਸੈਂਕੜੇ ਹੀ ਹੋਰ ਯੂਨਿਟ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਬਾਕਾਇਦਾ ਦਫਤਰ ਚੀਨ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਤ ਹਨ । ਭਾਰਤੀ ਕਾਰੋਬਾਰ ਦਾ ਭਾਰੀ ਜਮਾਵੜਾ ਸ਼ਿੰਘਾਈ ਵਿਚ ਹੈ ਅਤੇ ਕਾਰੋਬਾਰ ਦੇ ਦੂਜੇ ਪ੍ਰਮੁੱਖ ਕੇਂਦਰ ਬੇਜਿੰਗ, ਜੈਂਗਜੂ, ਗੌਂਗਡੌਂਗ ਅਤੇ ਜ਼ੇਯਿਆਂਗ ਹਨ । ਉਂਝ ਚੀਨ ਦਾ ਕੋਈ ਵੀ ਪ੍ਰਾਂਤ ਅਜਿਹਾ ਨਹੀਂ ਜਿੱਥੇ ਇਸ ਵੇਲੇ ਭਾਰਤੀ ਕਾਰੋਬਾਰੀ ਮੌਜੂਦ ਨਹੀਂ ਹਨ। ਉਪਰੋਕਤ ਸਰਵੇਖਣਾਂ ਅਨੁਸਾਰ 90% ਕਾਰੋਬਾਰੀਆਂ ਕੋਲ 50 ਤੋਂ ਘੱਟ ਕਾਮੇ ਜਾਂ ਕਰਮਚਾਰੀ ਕੰਮ ਕਰਦੇ ਹਨ ਅਤੇ 4% ਕੋਲ 1000 ਤੋਂ ਲੈਕੇ 5000 ਤੱਕ ਹਨ, 13% ਕੋਲ 300 ਤੋਂ 999 ਤੱਕ ਹਨ ਅਤੇ 37% ਕੋਲ 50 ਤੋਂ 299 ਤੱਕ ਹਨ । ਘੱਟ ਤੋਂ ਘੱਟ ਵੀ 50% ਕਰਮਚਾਰੀ ਚੀਨੀ ਹਨ ਅਤੇ ਵੱਡੀ ਗਿਣਤੀ ਵਿਚ ਚੀਨੀ ਇੰਜਨੀਅਰ ਭਾਰਤੀ ਫਰਮਾਂ ਵਿਚ ਕੰਮ ਕਰਦੇ ਹਨ । ਵੱਡੀਆਂ ਕੰਪਨੀਆਂ ਵਿੱਚੋਂ 30% ਅਜਿਹੀਆਂ ਹਨ ਜਿਨ੍ਹਾਂ ਦੇ ਹੈੱਡ ਆਫਿਸ ਮੁੰਬਈ ਵਿਚ ਹਨ, ਅਤੇ ਕਈਆਂ ਦੇ ਬੰਗਲੌਰ ਅਤੇ ਹੈਦਰਾਬਾਦ ਵਿਚ ਵੀ ਹਨ । ਕਈਆਂ ਨੇ ਆਪਣੇ ਮੁੱਖ ਦਫਤਰ ਅਮਰੀਕਾ ਅਤੇ ਸਿੰਗਾਪੁਰ ਵਿਚ ਰੱਖੇ ਹੋਏ ਹਨ । ਪਹਿਲਾਂ ਤੋਂ ਹੀ ਕੰਮ ਕਰ ਰਹੇ ਉੱਦਮੀਆਂ ਦੀ ਜ਼ੋਰਦਾਰ ਇੱਛਾ ਚੀਨ ਵਿਚ ਆਪਣਾ ਨਿਵੇਸ਼ ਹੋਰ ਵਧਾਉਣ ਦੀ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਅਗਲੇ ਪੰਜ ਸਾਲ ਵੀ ਮੁਨਾਫੇ ਏਸੇ ਸਫਲਤਾ ਨਾਲ ਚੱਲਣਗੇ । ਉਹ ਜਿਣਸ ਦੀ ਕੁਆਲਿਟੀ ਨੂੰ, ਚੀਨੀ ਅਧਿਕਾਰੀਆਂ ਤੇ ਸਥਾਨਿਕ ਵਰਕ ਫੋਰਸ ਨਾਲ ਤਾਲਮੇਲ ਨੂੰ ਅਤੇ ਮਜ਼ਬੂਤ ਮੈਨਿਜਮੈਂਟ ਨੂੰ ਸਫਲਤਾ ਦਾ ਮੰਤਰ ਸਮਝਦੇ ਹਨ । ਉਨ੍ਹਾਂ ਵਿੱਚੋਂ ਦੋ ਤਿਹਾਈ ਕਾਰੋਬਾਰੀ ਸਥਾਨਿਕ ਉਦਮੀਆਂ ਨਾਲ ਸਾਂਝਾ ਕਾਰੋਬਾਰ ਕਰ ਰਹੇ ਹਨ । ਅੱਗੋਂ ਵੀ ਉਹ ਇੰਝ ਹੀ ਜਾਰੀ ਰੱਖਣਗੇ ਅਤੇ ਧੜਾਧੜ ਮੁਨਾਫਾ ਕਮਾਉਣਗੇ। ਸਰਵੇਖਣ ਅਨੁਸਾਰ 2017 ਵਿਚ ਕੇਵਲ 12 ਕੰਪਨੀਆਂ ਨੇ ਹੀ 100 ਮਿਲੀਅਨ ਡਾਲਰ ਤੋਂ ਵੱਧ ਮੁਨਾਫਾ ਕਮਾ ਲਿਆ ਸੀ । ਭਾਰਤੀ ਉਦਮੀ ਸਮਝਦੇ ਆਏ ਹਨ ਕਿ ਚੀਨ ਅੰਦਰ ਆਰਥਿਕ ਸਰਗਰਮੀ ਕਰਨ ਵਿਚ ਵੱਡੀ ਦਿੱਕਤ ਭਾਸ਼ਾ ਅਤੇ ਸਭਿਆਚਾਰ ਹੈ। ਪਰ ਇਹ ਦਿੱਕਤ ਵੀ ਹੁਣ ਸੁਲਝਣ ਦੇ ਰਾਹ ਪੈ ਗਈ ਹੈ ਕਿਉਕਿ ਅੰਗਰੇਜ਼ੀ ਜਾਨਣ ਵਾਲੇ ਮੇਨੇਜਰ, ਇੰਜਨੀਅਰ ਅਤੇ ਕਰਮਚਾਰੀ ਵੀ ਆ ਰਹੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਦੋਹਾਂ ਦੇਸ਼ਾਂ ਵਿਚ ਨਵੇਂ ਨਿੱਜੀ ਉੱਦਮੀ ਖੁੰਭਾ ਵਾਂਗ ਪੈਦਾ ਹੋ ਰਹੇ ਹਨ । ਭਾਰਤੀ ਕੰਪਨੀਆਂ ਨੂੰ ਚੀਨ ਵਿਚ ਹੋ ਰਹੇ ਉੱਦਮੀਆਂ ਦੇ ਵਾਧੇ ਦਾ ਵੀ ਫਾਇਦਾ ਹੈ ਅਤੇ ਮੁਕਾਬਲਤਨ ਘੱਟ ਉਤਪਾਦਨ ਲਾਗਤ ਦਾ ਵੀ ਵੱਡਾ ਲਾਭ ਹੈ । ਇਸ ਵੇਲੇ ਭਾਰਤੀ ਉੱਦਮੀ ਚੀਨ ਦੇ ਤਿੰਨ ਪ੍ਰਮੁੱਖ ਆਰਥਿਕ ਖੇਤਰਾਂ ਮੈਨੂਫੈਕਚਰਿੰਗ, ਹੈਲਥ ਕੇਅਰ ਅਤੇ ਫਾਇਨਾਂਸ ਵਿਚ ਸਰਗਰਮ ਹਨ। ਇਨ੍ਹਾਂ ਤੋਂ ਇਲਾਵਾ ਟੈਲੀਕਮਿਊਨੀਕੇਸ਼ਨ, ਆਈਟੀ ਤੇ ਬੀਪੀਓ, ਲੌਜਿਸਟਿਕ ਅਤੇ ਬਿਜ਼ਨਿਸ ਕੰਨਸਲਟੈਂਸੀ ਵਿਚ ਵੀ ਭਾਰਤੀ ਕੰਪਨੀਆਂ ਨੇ ਪੈਰ ਜਮਾ ਲਏ ਹਨ। ਭਾਰਤੀ ਕੰਪਨੀਆਂ ਸੌਫਟ ਵੇਅਰ ਸਰਵਿਸ ਦੇਣ ਲਈ ਵੀ ਚੀਨ ਪਹੁੰਚੀਆਂ ਹੋਈਆਂ ਹਨ ।

ਭਾਰਤ-ਚੀਨ ਆਰਥਿਕ ਸਬੰਧਾਂ ਦੇ ਮਾਹਿਰਾਂ ਦਾ ਦਅਵਾ ਹੈ ਕਿ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਰਾਜਨੀਤਕ ਪ੍ਰਭਾਵਾਂ ਹੇਠ ਨਹੀਂ ਚੱਲਦੀਆਂ ਸਗੋਂ ਆਪਣੇ ਆਰਥਿਕ ਹਿਤਾਂ ’ਤੇ ਸਖਤੀ ਨਾਲ ਪਹਿਰਾ ਦਿੰਦੀਆਂ ਹਨ । ਉਨ੍ਹਾਂ ਦਾ ਇਹ ਵਿਸ਼ਲੇਸ਼ਣ ਉਸ ਉਮੀਦ ਦੇ ਪ੍ਰਸੰਗ ਵਿਚ ਵੀ ਅਤਿਅੰਤ ਮਹੱਤਵਪੂਰਨ ਹੈ ਜਿਹੜੀ ਕਹਿੰਦੀ ਹੈ ਕਿ ਚੀਨ ਵਿਚ ਸਥਾਪਤ ਵਿਸ਼ਵ ਦੀਆਂ ਅਨੇਕ ਕੰਪਨੀਆਂ, ਵਰਤਮਾਨ ਪ੍ਰਸਥਿਤੀਆਂ ਨੂੰ ਸਾਹਮਣੇ ਰੱਖਦਿਆਂ ਚੀਨ ਛੱਡਕੇ ਦੂਜੇ ਦੇਸ਼ਾਂ ਵਿਚ ਜਾਣ ਲਈ ਤਿਆਰ ਹੋ ਰਹੀਆਂ ਹਨ । ਇਸ ਮਾਮਲੇ ਵਿਚ ਭਾਰਤੀ ਕੰਪਨੀਆਂ ਦੀ ਅਜੇ ਕੋਈ ਚਰਚਾ ਨਹੀਂ । ਚੀਨ ਵਿਚ ਸਥਾਪਤ ਭਾਰਤ ਦੀਆਂ ਵੱਡੀਆਂ ਕੰਪਨੀਆਂ ਉਹ ਹੀ ਹਨ ਜਿਹੜੀਆਂ ਭਾਰਤੀ ਅਰਥਚਾਰੇ ਵਿਚ ਵੀ ਵੱਡੀਆਂ ਹੀ ਹਨ ਅਤੇ ਸਰਕਾਰੀ ਨੀਤੀਆਂ ਨੂੰ ਪ੍ਰਭਾਵਤ ਕਰਨ ਦੇ ਸਮੱਰਥ ਹਨ ।

ਗਲਵਾਨ ਦੀ ਮੰਦਭਾਗੀ ਘਟਨਾ ਤੋਂ ਬਹੁਤ ਅਰਸਾ ਪਹਿਲਾਂ ਭਾਰਤ ਅੰਦਰ ਚੀਨੀ ਮਾਲ ਦੇ ਬਾਈਕਾਟ ਦੀ ਪ੍ਰਚਾਰ ਮੁਹਿੰਮ ਸ਼ੁਰੂ ਹੋ ਚੁਕੀ ਸੀ ਜਿਹੜੀ ਕਿ ਹੁਣ ਜ਼ੋਰ ਫੜ ਗਈ ਹੈ । ਚੀਨੀ ਮਾਲ ਵੇਚਣ ਵਾਲੀਆਂ ਦੁਕਾਨਾਂ ਅਤੇ ਸ਼ੋਅ ਰੂਮਾਂ ਉੱਤੇ ਕਦੇ ਕਦੇ ‘ਸੰਘੀ ਵਾਨਰ ਸੈਨਾ’ ਦੀ ਪੱਥਰਬਾਜ਼ੀ ਵੀ ਹੋ ਜਾਂਦੀ ਰਹੀ ਹੈ । ਦੂਜੇ ਪਾਸੇ ਅਸੀਂ ਇਹ ਵੀ ਦੇਖਦੇ ਆਏ ਹਾਂ ਕਿ ਭਾਰਤੀ ਉੱਦਮੀਆਂ ਅਤੇ ਵਪਾਰੀਆਂ ਵੱਲੋਂ ਇਸ ਮੁਹਿੰਮ ਦਾ ਤਰਕਪੂਰਨ ਵਿਰੋਧ ਵੀ ਜਾਰੀ ਰਿਹਾ ਹੈ ਜਿਸ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਉੱਤੇ ਦੇਖਿਆ ਜਾਂਦਾ ਰਿਹਾ ਹੈ ।

ਭਾਰਤੀ ਕੰਪਨੀਆਂ ਨੇ ਹੀ ਚੀਨ ਵਿਚ ਨਿਵੇਸ਼ ਨਹੀਂ ਕੀਤਾ ਹੋਇਆ ਸਗੋਂ ਚੀਨੀ ਕੰਪਨੀਆਂ ਨੇ ਵੀ ਭਾਰਤ ਵਿਚ ਭਾਰੀ ਨਿਵੇਸ਼ ਕੀਤਾ ਹੋਇਆਂ ਹੈ । ਪ੍ਰਾਈਵੇਟ ਕੰਪਨੀਆਂ ਹੀ ਨਹੀਂ ਸਗੋਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਉਦਯੋਗਾਂ ਵਿਚ ਭਿਆਲੀ ਪਾ ਲਈ ਹੈ ਅਤੇ ਉੱਹ ਵਿਦੇਸ਼ਾਂ ਦੀ ਮਾਰਕਿਟ ਵਿਚ ਵੀ ਸਾਂਝੇ ਤੌਰ ਤੇ ਕਾਰਜਸ਼ੀਲ ਹਨ । ਹਾਲ ਦੀ ਘੜੀ ਪੈਟਰੋਲੀਅਮ ਇੰਡਸਟਰੀ ਉਨ੍ਹਾਂ ਦੀ ਭਾਈਵਾਲੀ ਦਾ ਪ੍ਰਮੁੱਖ ਖੇਤਰ ਹੈ । ਚੀਨ ਦੀ ਹੌਵਈ ਕੰਪਨੀ ਭਾਰਤ ਦੀ ਟੈਲੀਕਮਿਊਨੀਕੇਸ਼ਨ ਸੱਨਅਤ ਵਿਚ ਪ੍ਰਵੇਸ਼ ਕਰ ਚੁੱਕੀ ਹੈ ਅਤੇ ਉਹ ਬੈਗਲੌਰ ਨੇੜੇ 100 ਮਿਲੀਅਨ ਡਾਲਰ ਦੀ ਲਾਗਤ ਨਾਲ ਕੈਂਪਸ ਬਣਾ ਰਹੀ ਹੈ, ਜਿਸ ਵਿਚ 2000 ਕਰਮਚਾਰੀ ਕੰਮ ਕਰਿਆ ਕਰਨਗੇ । ਅਨੇਕਾਂ ਹੀ ਹੋਰ ਅਜਿਹੀਆਂ ਉਦਾਹਰਣਾਂ ਹਨ ।

‘ਕਨਫੈਡਰੇਸ਼ਨ’ ਦਾ ਮੰਨਣਾ ਹੈ ਕਿ ਭਾਰਤੀ ਅਤੇ ਚੀਨੀ ਕੰਪਨੀਆਂ ਨੂੰ ਨੇੜੇ ਲਿਆਉਣ ਦਾ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਇਹ ਹੈ ਕਿ ਚੀਨ ਹਾਰਡ ਵੇਅਰ ਉੱਤੇ ਅਤੇ ਭਾਰਤ ਸੌਫਟ ਵੇਅਰ ਉੱਤੇ ਧਿਆਨ ਕੇਂਦਰਤ ਕਰੇ । ਚੀਨ ਹੁਣ ਵੀ ਭਾਰਤ ਦਾ ਸਭ ਤੋਂ ਵੱਡਾ ਟਰੇਡਿੰਗ ਪਾਰਟਨਰ ਹੈ ਅਤੇ ਪਿੱਛਲੇ ਦਸ ਸਾਲਾਂ ਵਿਚ ਦੋਹਾਂ ਦਾ ਦੁਵੱਲਾ ਵਪਾਰ ਕਈ ਗੁਣਾ ਵਧਿਆ ਹੈ ਜੋ ਇਸ ਵੇਲੇ 60 ਬਿਲੀਅਨ ਡਾਲਰ ਸਲਾਨਾ ਨੂੰ ਟੱਪ ਗਿਆ ਹੈ । ਪਰ ਉਤਸ਼ਾਹ ਰਹਿਤ ਤੱਥ ਇਹ ਹੈ ਕਿ ਨਾਲ ਨਾਲ ਚੱਲਦਿਆਂ ਹੋਇਆਂ ਵੀ ਚੀਨ ਦੀ ਆਰਥਿਕਤਾ ਨੇ ਛਾਲਾਂ ਮਾਰਕੇ ਤਰੱਕੀ ਕੀਤੀ ਹੈ ਜਦੋਂ ਕਿ ਭਾਰਤ ਅਜੇ ਉੱਥੇ ਹੀ ਪਹੁੰਚ ਸਕਿਆ ਹੈ ਜਿੱਥੇ ਚੀਨ ਸੰਨ 2000 ਵਿਚ ਪਹੁੰਚ ਗਿਆ ਸੀ । ਚੀਨ ਦਾ ਅਰਥਚਾਰਾ 9 ਟਿ੍ਰਲੀਅਨ ਡਾਲਰ ਨੂੰ ਪਾਰ ਕਰ ਗਿਆ ਹੈ ਅਤੇ ਭਰਤ 3 ਟਿ੍ਰਲੀਅਨ ਟਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਜੂਝ ਰਿਹਾ ਹੈ। ਸੈਮੀਨਾਰਾਂ ਦਾ ਨਿਚੋੜ ਹੈ ਕਿ ਭਾਰਤ ਚੀਨੀ ਮਾਰਕਿਟ ਦਾ ਫਾਇਦਾ ਉਠਾ ਸਕਦਾ ਹੈ ਜੋ ਇਸ ਵੇਲੇ ਵਿਸ਼ਵ ਦੀ ਤੀਜੀ ਵੱਡੀ ਆਰਥਿਕਤਾ ਬਣ ਚੁਕੀ ਹੈ । ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਦਾ ਅਤੇ ਕੌਮੀ ਅਰਥਚਾਰਿਆਂ ਦਾ ਇਕ ਦੂਜੇ ਦੇ ਨੇੜੇ ਆਉਣਾ ਸੰਸਾਰ ਸਾਮਰਾਜੀਆਂ ਦੇ ਭਵਿੱਖ ਲਈ ਚੰਗਾ ਸ਼ਗਨ ਨਹੀਂ ਹੈ । ਜਿਸ ਕਰਕੇ ਉਹ ਇਹ ਨੇੜਤਾ ਖੰਡਿਤ ਕਰਨ ਲਈ ਕਿਸੇ ਨਾ ਕਿਸੇ ਚਲਾਕੀ ਵਿਚ ਰੁੱਝੇ ਰਹਿੰਦੇ ਹਨ।

ਚੀਨ ਵਿਚ ਕੰਮ ਕਰਦੀਆਂ ਭਾਰਤੀ ਕੰਪਨੀਆਂ ਵਰਤਮਾਨ ਰਾਜਨੀਤੀ ਦਾ ਕਿੰਨਾਂ ਕੁ ਪ੍ਰਭਾਵ ਕਬੂਲਦੀਆਂ ਹਨ ਜਾਂ ਰਾਜਨੀਤੀ ਨੂੰ ਕਿੰਨਾਂ ਕੁ ਪ੍ਰਭਾਵਤ ਕਰਦੀਆਂ ਹਨ ਇਹ ਅਗਲੇ ਹੀ ਦਿਨਾਂ ਵਿਚ ਸਪੱਸ਼ਟ ਹੋ ਜਾਏਗਾ । ਪਰ ਭਾਰਤ-ਚੀਨ ਰਿਸ਼ਤਿਆਂ ਦੇ ਸਬੰਧ ਵਿਚ ਕੁਝ ਹੋਰ ਇਤਿਹਾਸਕ ਪੱਖ ਵੀ ਧਿਆਨ ਗੋਚਰੇ ਕਰ ਲੈਣੇ ਚਾਹੀਦੇ ਹਨ। ਕਿਉਂਕਿ ਵਰਤਮਾਨ ਭੂਤਕਾਲ ਤੋਂ ਉੱਕਾ ਹੀ ਤੋੜ ਵਿਛੋੜਾ ਨਹੀਂ ਕਰ ਸਕਦਾ ਹੁੰਦਾ। ਜਿਵੇਂ ਕਿ ਉੱਪਰ ਦੱਸਿਆ ਹੈ, ਬੀਤੇ ਵਿਚ ਚੀਨ ਨੇ ਭਾਰਤ ਦੀਆਂ ਧਾਰਮਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਦਾ ਭਰਪੂਰ ਫਾਇਦਾ ਉਠਾਇਆ ਹੈ । ਇਸੇ ਤਰ੍ਹਾਂ ਰਾਜਨੀਤਕ ਖੇਤਰ ਵਿਚ ਵੀ ਭਾਰਤ ਅਤੇ ਚੀਨ ਦੀ ਪੀਡੀ ਸਾਂਝ ਰਹੀ ਹੈ। ਭਾਰਤੀ ਕੌਮੀ ਲਹਿਰ ਨੇ ਚੀਨੀ ਕਰਾਂਤੀ ਦਾ ਖੁੱਲਮ-ਖੁਲ੍ਹਾ ਸਾਥ ਦਿੱਤਾ ਸੀ ਅਤੇ 1948-49 ਦੇ ਸਾਲਾਂ ਵਿਚ ਭਾਰਤ ਅੰਦਰ ਚੀਨੀ ਇੰਕਲਾਬ ਦੀ ਹਮਾਇਤ ਵਿਚ ਮੁਜ਼ਾਹਰੇ ਹੁੰਦੇ ਰਹੇ ਸਨ । ਗਦਰੀ ਬਾਬਿਆਂ ਨੇ ਚੀਨ ਜਾ ਕੇ ਕ੍ਰਾਂਤੀ ਦੀ ਜੰਗ ਵਿਚ ਹਿੱਸਾ ਲਿਆ ਸੀ ਅਤੇ ਅੰਗਰੇਜ਼ੀ ਫੌਜ ਵਿਚ ਭਰਤੀ ਪੰਜਾਬੀ ਫੌਜੀਆਂ ਨੇ ਗਦਰੀਆਂ ਦੇ ਪ੍ਰਭਾਵ ਸਦਕਾ ਚੀਨੀਆਂ ’ਤੇ ਗੋਲੀ ਚਲਾਉਣ ਤੋਂ ਨਾਂਹ ਕਰ ਦਿੱਤੀ ਸੀ ਨਤੀਜੇ ਵਜੋਂ ਅੰਗਰੇਜ਼ਾਂ ਨੂੰ ਉਹ ਫੌਜੀ ਟੁਕੜੀ ਭਾਰਤ ਵਾਪਿਸ ਭੇਜਣੀ ਪਈ ਸੀ।

ਸੰਨ 2006 ਵਿਚ ਹਵਾ ਦਾ ਰੁਖ ਬਦਲਦਿਆਂ ਹੀ, ਚੀਨ ਨੇ ਭਾਰਤ ਨਾਲ, ਧਾਰਮਿਕ ਅਤੇ ਸਭਿਆਚਾਰਕ ਰਿਸ਼ਤਿਆਂ ਨੂੰ ਮੁੜ ਤੋਂ ਗੰਢਣਾ ਅਰੰਭ ਕਰ ਦਿੱਤਾ ਸੀ । ਚੀਨ ਦੇ ਬੋਧੀ ਯਾਤਰੂ ਭਾਰਤ ਵੱਲ ਚੱਲ ਪਏ ਅਤੇ ਕੈਲਾਸ਼ ਮਾਨਸਰੋਵਰ ਖੋਲ੍ਹ ਦਿੱਤਾ ਗਿਆ।

ਇਹ ਸਮਝ ਲੈਣਾ ਚਾਹੀਦਾ ਹੈ ਕਿ ਸੰਸਾਰ ਦੇ ਅਮੀਰ ਦੇਸ਼ ਏਸ਼ੀਆ ਦੇ ਇਨ੍ਹਾਂ ਦੋ ਵੱਡੇ ਦੇਸ਼ਾਂ ਦੀ ਮਿੱਤਰਤਾ ਅਤੇ ਵਪਾਰਕ ਸਾਂਝ ਕਿਸੇ ਕੌਲ ਨਹੀਂ ਹੋਣ ਦੇਣਾ ਚਾਹੁੰਦੇ। ਸਾਨੂੰ ਭਾਰਤੀਆਂ ਨੂੰ ਵੀ ਇਹ ਗੱਲ ਮਨ ਵਿਚ ਬਿਠਾ ਲੈਣੀ ਚਾਹੀਦੀ ਹੈ ਕਿ ਦੋਹਾਂ ਦੇਸ਼ਾਂ ਦੀ ਸਲਾਮਤੀ ਅਤੇ ਵਿਕਾਸ ਇਕ ਦੂਜੇ ਨਾਲ ਸਹਿਯੋਗ ’ਤੇ ਨਿਰਭਰ ਕਰਦੇ ਹਨ, ਨਾਕਿ ਟਕਰਾਅ ’ਤੇ। ਸਭ ਤੋਂ ਵੱਡੀ ਗੱਲ, ਸਾਡਾ ਆਪਸੀ ਸਹਿਯੋਗ ਨਾ ਕੇਵਲ ਦੋਹਾਂ ਦੇਸ਼ਾਂ ਬਲਕਿ ਸਮੁੱਚੇ ਖਿੱਤੇ ਦੇ ਅਮਨ ਅਤੇ ਸਲਾਮਤੀ ਦੀ ਗਰੰਟੀ ਹੈ।

Scroll To Top