ਬਠਿੰਡਾ : ਦੇਸ਼ ਭਗਤ ਯਾਦਗਾਰੀ ਸੱਭਿਆਚਾਰਕ ਕਮੇਟੀ ਵਲੋਂ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਉਰਫ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੇ 68ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ਕੀਤਾ ਗਿਆ।
ਸਥਾਨਕ ਕੰਡੀ ਰੋਡ ‘ਤੇ ਸਥਿਤ ਰਾਮ ਲੀਲਾ ਮੈਦਾਨ ਵਿਖੇ ਕੀਤੇ ਗਏ ਉਕਤ ਸਮਾਗਮ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ ਸਾਥੀ ਮੰਗਤ ਰਾਮ ਪਾਸਲਾ ਮੁੱਖ ਮਹਿਮਾਨ ਵਜੋਂ ਆਪਣਾ ਸੰਦੇਸ਼ ਦੇਣ ਲਈ ਪੁੱਜੇ।
”ਰੈਡ ਆਰਟਸ ਪੰਜਾਬ” ਅਤੇ ”ਲੋਕ ਕਲਾ ਮੰਚ ਨਥਾਣਾ” ਦੀਆਂ ਟੀਮਾਂ ਵਲੋਂ ਅਗਾਂਹਵਧੂ ਨਾਟਕ, ਕੋਰੀਓਗ੍ਰਾਫੀਆਂ ਅਤੇ ਗੀਤ-ਸੰਗੀਤ ਪੇਸ਼ ਕੀਤੇ ਗਏ। ਤਰਕਸ਼ੀਲ ਸੁਸਾਇਟੀ ਵਲੋਂ ਵਹਿਮਾਂ ਭਰਮਾਂ ਦਾ ਪਰਦਾਫਾਸ਼ ਕਰਦਿਆਂ ਜਾਦੂ ਦੀਆਂ ਟਰਿੱਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਵਿਗਿਆਨਕ ਪੁਸਤਕਾਂ ਦੀ ਸਟਾਲ ਵੀ ਲਾਈ ਗਈ।
ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਨਾਇਬ ਸਿੰਘ ਔਲਖ, ਪ੍ਰਕਾਸ਼ ਸਿੰਘ, ਹਰਬੰਸ ਸਿੰਘ ਚੰਧੜ, ਮਲਕੀਤ ਸਿੰਘ, ਸ਼ਾਮ ਸੁੰਦਰ, ਪਿਆਰੇ ਲਾਲ, ਮੱਖਣ ਸਿੰਘ ਖਣਗਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਭਾਈਚਾਰਕ ਏਕਤਾ ਨੂੰ ਦਰਪੇਸ਼ ਫਿਰਕੂ ਫੁੱਟਪਾਊ ਚੁਣੌਤੀ, ਨਸ਼ਾ ਕਾਰੋਬਾਰ ਦੇ ਖਾਤਮੇਂ, ਔਰਤਾਂ ਅਤੇ ਬਾਲੜੀਆਂ ਖਿਲਾਫ ਹੋ ਰਹੇ ਘ੍ਰਿਣਾਯੋਗ ਅਪਰਾਧਾਂ, ਦੇਸ਼ ਭਗਤਾਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਦਾ ਹੋਕਾ ਦਿੰਦਾ ਉਕਤ ਸਮਾਗਮ ਬੇਹੱਦ ਸਫਲ ਰਿਹਾ, ਜਿਸ ‘ਚ ਲਾਈਨੋ ਪਾਰ ਦੀਆਂ ਸਾਰੀਆਂ ਬਸਤੀਆਂ ‘ਚੋਂ ਲੋਕਾਂ ਨੇ ਸ਼ਮੂਲੀਅਤ ਕੀਤੀ।