Now Reading
”ਦੂਜੇ ਪ੍ਰਾਂਤਾਂ ਤੋਂ” (ਸੰਗਰਾਮੀ ਲਹਿਰ-ਅਕਤੂਬਰ 2018)

”ਦੂਜੇ ਪ੍ਰਾਂਤਾਂ ਤੋਂ” (ਸੰਗਰਾਮੀ ਲਹਿਰ-ਅਕਤੂਬਰ 2018)

ਬਲਾਤਕਾਰਾਂ ਦੀ ਰਾਜਧਾਨੀ ਧੀਆਂ ਨੂੰ ਦੇਵੀ, ਪੂਜਣਯੋਗ, ਕੰਜਕ, ਗ੍ਰਹਿ-ਲਕਸ਼ਮੀ ਆਦਿ ਵਿਸ਼ੇਸ਼ਣਾਂ ਨਾਲ ਗੱਲੀਂ-ਬਾਤੀਂ ਨਿਵਾਜਣ ਦਾ ਪਖੰਡ ਵੀ ਬਾਦਸਤੂਰ ਜਾਰੀ ਹੈ ਅਤੇ ਲੱਗਦੇ ਹੱਥ ਧੀਆਂ ਦੀਆਂ ਇੱਜ਼ਤਾਂ ਨੂੰ ਤਾਰ-ਤਾਰ ਕਰਨ ਦਾ ਵਹਿਸ਼ੀ ਤੇ ਅਸੱਭਿਅਕ ਵਰਤਾਰਾ ਵੀ ਦਿਨੋਂ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਉਕਤ ਵਰਤਾਰੇ ਲਈ ਬਦਨਾਮ ਉਤਰੀ ਭਾਰਤ ਦੇ ਸੂਬਿਆਂ ‘ਚੋਂ ਹਰਿਆਣਾ ਇਸ ਬਦਨੁਮਾ ਵਰਤਾਰੇ ਦੀ ਸਭ ਤੋਂ ਭੱਦੀ ਮਿਸਾਲ ਹੈ। ਇਸ ਵਰਤਾਰੇ ਦਾ ਹਾਲੀਆ ਸ਼ਿਕਾਰ ਰਿਵਾੜੀ ਦੀ ਉਹ ਧੀ ਵੀ ਹੋਈ ਜਿਸ ਨੂੰ ਪੰਚਕੂਲਾ ਖੇਤਰ ਦੇ ਸੀ.ਬੀ.ਐਸ.ਈ. ਇਮਤਿਹਾਨ ‘ਚੋਂ ਅੱਵਲ ਰਹਿਣ ਬਦਲੇ ਲੰਘੇ ਗਣਤੰਤਰ ਦਿਵਸ ਸਮਾਗਮਾਂ ‘ਚ ਦੇਸ਼ ਦੇ ਰਾਸ਼ਟਰਪਤੀ ਤੋਂ ਸਨਮਾਨ ਹਾਸਲ ਹੋਇਆ ਸੀ। ਇਸ ਧੀ ਨਾਲ ਦਰਿੰਦਗੀ ਕਰਨ ਵਾਲੇ ਵੀ ਇਸੇ ਬੇਟੀ ਦੇ ਪਿੰਡ ਦੇ ਵਸਨੀਕ ਹਨ। ਇਨ੍ਹਾਂ ‘ਚੋਂ ਇਕ ਆਮ ਤੌਰ ‘ਤੇ ”ਸਰਹੱਦਾਂ ਦੇ ਰਾਖੇ” ਵਜੋਂ ਵਡਿਆਇਆ ਜਾਣ ਵਾਲਾ ਫੌਜੀ ਵੀ ਹੈ। ਇਕ ਹੋਰ ਕਾਲ਼ਜੇ ਨੂੰ ਰੁੱਗ ਭਰਨ ਵਾਲੀ ਗੱਲ ਇਹ ਪਤਾ ਲੱਗੀ ਹੈ ਕਿ ਦਰਿੰਦਿਆਂ ‘ਚੋਂ ਇਕ ਪੀੜਤਾ ਦੇ ਕੌਮੀ ਖਿਡਾਰੀ ਰਹਿ ਚੁੱਕੇ ਅਧਿਆਪਕ ਪਿਤਾ ਦਾ ਸਿੱਖਿਆਰਥੀ ਵੀ ਰਿਹਾ ਹੈ। ਕਿੰਨੀਆਂ ਸੰਵੇਦਨਾਵਾਂ ਤੇ ਰਿਸ਼ਤੇ ਤਾਰ-ਤਾਰ ਹੋਏ ਹਨ। ਇਕੋ ਸ਼ਰਮਨਾਕ ਕਰਤੂਤ ਨਾਲ? ਇਸ ਸੰਵੇਦਨਹੀਨ ਟੋਲੇ ਨੇ ਕੁੱਝ ਹੀ ਸਮਾਂ ਪਹਿਲਾਂ ਪਿੰਡ ਦੀ ਇਕ ਹੋਰ ਔਰਤ ਨਾਲ ਅਜਿਹਾ ਹੀ ਅਪਰਾਧ ਕਰਨ ਦਾ ਅਸਫਲ ਯਤਨ ਕੀਤਾ ਸੀ ਅਤੇ ਪਿੰਡ ਦੀ ”ਰੱਬ ਸਮਾਨ” ਪੰਚਾਇਤ ਨੇ ਇਹ ਮਾਮਲਾ ਪਿੰਡ ‘ਚ ਹੀ ਨਿਪਟਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਦੇਸ਼ ਦੇ ਇਕ ਵੱਡੇ ਅਖਬਾਰ ਦੇ ਸੰਜੀਦਾ ਪੱਤਰਕਾਰ ਦਾ ਕਹਿਣਾ ਹੈ, ”ਹਰਿਆਣਾ ਬਲਾਤਕਾਰਾਂ ਦੀ ਰਾਜਧਾਨੀ (Rape Capital) ‘ਚ ਤਬਦੀਲ ਹੋ ਚੁੱਕਾ ਹੈ।” ਕੌਮੀ ਅਪਰਾਧ ਸੰਕਲਨ ਬਿਊਰੋ (NCRB) ਦੇ ਅੰਕੜੇ ਉਕਤ ਜ਼ਮੀਰਵਾਨ ਪੱਤਰਕਾਰ ਦੇ ਕਥਨ ਦੀ ਪੁਸ਼ਟੀ ਕਰਦੇ ਹਨ। ਪਰ ਇਹ ਵੀ ਸੱਚ ਹੈ ਕਿ ਹਰਿਆਣਾ ਇਕੱਲਾ ਹੀ ਨਹੀਂ ਪੂਰਾ ਦੇਸ਼ ਹੀ ਔਰਤਾਂ/ਧੀਆਂ ਦੀ ਕਤਲਗਾਹ ‘ਚ ਤਬਦੀਲ ਹੁੰਦਾ ਜਾ ਰਿਹਾ ਹੈ। ਮਨੂੰਵਾਦ ਦੀ ਪੁਨਰਸਥਾਪਤੀ ਦੇ ਯਤਨਾਂ ‘ਚ ਪੱਬਾਂ ਭਾਰ ਹੋਈ ਮੋਦੀ ਹਕੂਮਤ ਦੀ ਇਹ ਦੇਣ ਹੈ ਭਾਰਤ ਨੂੰ। ਸਵਾਲ ਸਾਡੇ ਮੂਹਰੇ, ਧੀਆਂ ਦੇ ਮਾਪਿਆਂ ਮੂਹਰੇ ਮੂੰਹ ਅੱਡੀ ਖਲੋਤਾ ਹੈ ਕਿ ਕੀ ਅਸੀਂ ਪਿੱਤਰਸੱਤਾ ਦੇ ਘਟੀਆ ਸੰਕਲਪ ਤੋਂ ਕਦੋਂ ਮੁਕਤ ਹੁੰਨੇ ਆਂ? ਜਿਉਂਦਾ ਹੈ ਤਾਲਿਬਾਨ ਹਰਿਆਣਾ : ਸੰਘੀਆਂ ਦੀ ”ਤਾਲਿਬਾਨੀ” ਮਾਨਸਿਕਤਾ ਕਿਵੇਂ ਧੁਰ ਹੇਠਾਂ ਤੱਕ ਘੁਸਪੈਠ ਕਰ ਚੁੱਕੀ ਹੈ ਅਤੇ ਕਿਵੇਂ ਵੱਧ ਫੁੱਲ ਰਹੀ ਹੈ ਇਸ ਦਾ ਖਤਰਨਾਕ ਪ੍ਰਗਟਾਵਾ ਬੀਤੇ ਦਿਨੀਂ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਟਿਟੋਲੀ ‘ਚ ਹੋਇਆ। ਇਕ ਆਮ ਜਿਹੀ ਘਟਨਾ ਨੂੰ ਲੈ ਕੇ ਪਿੰਡ ਦੇ ਇਕ ਫਿਰਕੇ ਵਿਸ਼ੇਸ਼ ਦੇ ਸਮੁੱਚੇ ਲੋਕਾਂ ਨੂੰ ਦੋਸ਼ੀ ਕਰਾਰ ਦੇ ਕੇ ਪਿੰਡ ਦੀ ਪੰਚਾਇਤ ਨੇ ਉਨ੍ਹਾਂ ਦੇ ਸਮਾਜਕ-ਧਾਰਮਕ ਅਕੀਦਿਆਂ ਤੇ ਰਹਿਣ-ਸਹਿਣ ਦੇ ਢੰਗਾਂ ‘ਤੇ ਮੁੱਢੋਂ ਹੀ ਪਾਬੰਦੀਆਂ ਲਾ ਦਿੱਤੀਆਂ। ਗੱਲ ਅੱਗੇ ਤੋਰਨ ਤੋਂ ਪਹਿਲਾਂ ਲਾਈਆਂ ਪਾਬੰਦੀਆਂ ‘ਤੇ ਨਿਗ੍ਹਾ ਮਾਰਨੀ ਠੀਕ ਰਹੇਗੀ : d ਪਿੰਡ ਦਾ ਕੋਈ ਵੀ ਮੁਸਲਮਾਨ ਦਾੜ੍ਹੀ ਨਹੀਂ ਰੱਖੇਗਾ… d ਕੋਈ ਮੁਸਲਮਾਨ ਵੱਖਰੀ ਪਛਾਣ ਵਾਲੀ ਟੋਪੀ ਸਿਰ ‘ਤੇ ਨਹੀਂ ਲਵੇਗਾ… d ਕੋਈ ਵੀ ਮੁਸਲਮਾਨ ਜਨਤਕ ਥਾਵਾਂ ‘ਤੇ ਪੰਜਾਂ ਵੇਲਿਆਂ ਦੀ ਨਮਾਜ਼ ਅਦਾ ਨਹੀਂ ਪੜ੍ਹੇਗਾ… d ਬੱਚਿਆਂ ਦੇ ਨਾਮਕਰਣ ਵੇਲੇ ਧਾਰਮਿਕ ਰਸਮਾਂ ਹਿੰਦੀ ਜ਼ੁਬਾਨ ‘ਚ ਅਦਾ ਕੀਤੀਆਂ ਜਾਣਗੀਆਂ…. d ਫਸਲ (ਧਾਨ) ਕਟਾਈ ਤੋਂ ਬਾਅਦ ਪਿੰਡ ਦੀ ਪੰਚਾਇਤ ਮੌਜੂਦਾ ਕਬਰਸਤਾਨ ਨੂੰ ਆਪਣੇ ਕਬਜ਼ੇ ਵਿਚ ਲਵੇਗੀ ਅਤੇ ਬਦਲਵਾਂ ਪ੍ਰਬੰਧ ਕਰੇਗੀ…. ਕੋਈ ਵੀ ਦੁਬਿਧਾ ‘ਚ ਪੈ ਸਕਦਾ ਹੈ! ਸੋਚ ਸਕਦਾ ਹੈ ਕਿ ਇਹ ਤਰੱਕੀ ਦੇ ਢੁੱਕਵੇਂ ਨਮੂਨੇ ਵਜੋਂ ਹਾਕਮਾਂ ਵਲੋਂ ਪ੍ਰਚਾਰੇ ਜਾਂਦੇ ਹਰਿਆਣਾ ਦੇ ਪਿੰਡ ਦੀ ਗੱਲ ਹੈ ਜਾਂ ਬੀਆਬਾਨ ਡਰਾਉਣੀਆਂ ਪਹਾੜੀਆਂ ‘ਚ ਕਿਸੇ ਦੂਰ ਦਰਾਜ ਦੇ ਪਿੰਡ ਦੀ ਅਫਗਾਨਿਸਤਾਨੀ ਕਬੀਲਾਈ ਪੰਚਾਇਤ ਦੀ। ਸਥਾਨਕ ਭਾਸ਼ਾ ‘ਚ ਅਫ਼ਗਾਨ ਕਬੀਲੇ ਇਸ ਨੂੰ ”ਲੋਆ ਜ਼ਿਰਗਾ” ਕਹਿੰਦੇ ਹਨ। ਜ਼ਿਆਦਾ ਦਿਮਾਗੀ ਕਸਰਮ ਛੱਡੀਏ, ਇਹ ਹਰਿਆਣਾ ਹੀ ਹੈ। ਧੀਆਂ ਭੈਣਾਂ ਤੇ ਦਲਿਤਾਂ-ਪਿਛੜਿਆਂ ਲਈ ਕੁੰਭੀ ਨਰਕ ਵਜੋਂ ”ਮਸ਼ਹੂਰੀ” ਖੱਟ ਚੁੱਕਾ ਹਰਿਆਣਾ। ਇਸ ਹਰਿਆਣੇ ਵਿਚ ਹੁਣ ਗੁੜਗਾਉਂ (ਗੁਰੂਗ੍ਰਾਮ) ਤੋਂ ਲੈ ਕੇ ਹਿਸਾਰ-ਸਿਰਸੇ ਤੱਕ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਵਧੀਕੀਆਂ ਅਤੇ ਦੋਇਮ ਦਰਜ਼ੇ ਦੇ ਵਿਵਹਾਰ ਦੀਆਂ ਮੰਦਭਾਗੀਆਂ ਘਟਨਾਵਾਂ ਦਾ ਵਾਪਰਨਾ ਰੋਜ਼ ਦੀ ਗੱਲ ਹੋ ਚੁੱਕੀ ਹੈ। ਟਿਟੋਲੀ ਪਿੰਡ ਦੀ ਘਟਨਾ ਵੀ ਇਨ੍ਹਾਂ ‘ਚੋਂ ਇਕ ਹੈ। ਹੋਇਆ ਇਸ ਤਰ੍ਹਾਂ ਕਿ ਪਿੰਡ ਦੀ ਵੀਹੀ ਵਿਚ ਖੇਡ ਰਹੀ ਮੁਸਲਿਮ ਪਰਿਵਾਰ ਦੀ ਇਕ ਬੱਚੀ ਨੂੰ ਇਕ ਆਵਾਰਾ ਵੱਛਾ ਮਾਰਨ ਪੈ ਗਿਆ। ਬੱਚੀ ਦੀਆਂ ਚੀਕਾਂ ਸੁਣ ਕੇ ਅੰਦਰੋਂ ਉਸ ਦਾ ਚਾਚਾ ਭੱਜਾ ਆਇਆ ਅਤੇ ਭੂਤਰੇ ਵੱਛੇ ਨੂੰ ਡਾਂਗ ਮਾਰ ਕੇ ਭਜਾ ਦਿੱਤਾ। ਬਦਕਿਸਮਤੀ ਨੂੰ ਇਹ ਵੱਛਾ ਖੇਤਾਂ ‘ਚ ਜਾ ਕੇ ਹੱਫ ਕੇ ਡਿੱਗ ਪਿਆ ਅਤੇ ਇਸ ਦੀ ਜਾਨ ਨਿਕਲ ਗਈ। ਸਮੁੱਚੇ ਮੁਸਲਮਾਨ ਭਾਈਚਾਰੇ ਨੇ ਇਕੱਠੇ ਹੋ ਕੇ ਇਹ ਵੱਛਾ ਦਫ਼ਨਾ ਦਿੱਤਾ। ਫਿਰਕੂ ਸੰਗਠਨਾਂ ਦੇ ਚੱਕੇ ਚਕਾਏ ਪਿੰਡ ਅਤੇ ਇਲਾਕੇ ਵਿਚਲੇ ਅਪਰਾਧੀ ਤੱਤਾਂ ਨੇ ਇਹ ਪ੍ਰਚਾਰ ਕਰ ਦਿੱਤਾ ਕਿ ਮੁਸਲਮਾਨਾਂ ਨੇ ਉਕਤ ”ਗਊ ਦਾ ਜਾਇਆ” ਬਕਰੀਦ ‘ਤੇ ਰਿੰਨਣ ਲਈ ਜਾਣਬੁੱਝ ਕੇ ਮਾਰਿਆ ਹੈ। ਮਿੰਟੋ ਮਿੰਟ ਪੰਚਾਇਤ ਸੱਦ ਲਈ ਗਈ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੰਚਾਇਤ ਵਿਚ ਜਾ ਕੇ ਸਾਰੇ ਘਟਨਾਕ੍ਰਮ ਦੀ ਵਿਆਖਿਆ ਕੀਤੀ। ਇਹ ਵੀ ਦੱਸਿਆ ਕਿ ਮਰਿਆ ਵੱਛਾ ਅਸੀਂ ਨਾ ਜਾਣਬੁੱਝ ਕੇ ਮਾਰਿਆ, ਨਾ ਰਿੰਨ੍ਹਿਆ ਅਤੇ ਨਾ ਹੀ ਖਾਧਾ ਹੈ ਬਲਕਿ ਸਨਮਾਨ ਸਹਿਤ ਉਨ੍ਹਾਂ ਕਬਰਾਂ ‘ਚ ਦਫ਼ਨਾਇਆ ਹੈ ਜਿੱਥੇ ਸਾਡੇ ਪੁਰਖੇ ਦਫ਼ਨ ਹਨ। ਉਨ੍ਹਾਂ ਇਹ ਵੀ ਦੁਹਾਈ ਦਿੱਤੀ ਕਿ ਸਾਡੇ ‘ਚੋਂ ਕੋਈ ਵੀ ਮੀਟ ਕਾਰੋਬਾਰੀ ਨਹੀਂ, ਅਸੀਂ ਤੋਂ ਧੋਬੀ ਪੇਸ਼ੇ ਨਾਲ ਜੂਨ-ਗੁਜਾਰਾ ਕਰਦੇ ਹਾਂ। ਪਰ ਫਿਰਕੂ ਨਫ਼ਰਤ ਨਾਲ ਜਿਹਨ ਤੋਂ ਅੰਨ੍ਹੇ-ਬੋਲੇ ਹੋਏ ”ਪੰਚਾਇਤੀ ਭੱਦਰ ਪੁਰਸ਼ਾਂ” ਨੇ ਇਕ ਨਾ ਸੁਣੀ ਤੇ ਉਪਰੋਕਤ ਤਾਲਿਬਾਨੀ ਫੁਰਮਾਨ ਨਾਮਾ ਜਾਰੀ ਕਰ ਦਿੱਤਾ। ਕੁੱਝ ਕੁ ਲੋਕਾਂ ਨੂੰ ਲੰਘੀ 19 ਅਗਸਤ ਨੂੰ ਆਰ.ਐਸ.ਐਸ. ਮੁੱਖੀ ਮੋਹਨ ਭਾਗਵਤ ਵਲੋਂ ਦਿੱਤੇ ਉਸ ਬਿਆਨ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ”ਹਿੰਦੂਤਵ ਦਾ ਮਤਲਬ ਮੁਸਲਮਾਨਾਂ ਤੋਂ ਬਗੈਰ ਭਾਰਤ ਨਹੀਂ ਸਮਝਿਆ ਜਾਣਾ ਚਾਹੀਦਾ”, ਤੋਂ ਭੁਲੇਖਾ ਪੈਦਾ ਹੋ ਗਿਆ ਹੋਵੇਗਾ। ਟਿਟੋਲੀ ਵਰਗੀਆਂ ਘਟਨਾਵਾਂ ਇਸ ”ਭੁਲੇਖਾ ਪਾਊ ਸਿਆਸੀ” ਬਿਆਨ ਬਾਰੇ ਕੋਈ ਭੁਲੇਖਾ ਨਹੀਂ ਰਹਿਣ ਦਿੰਦੀਆਂ। ਜਾਰੀ ਹਨ ਅਣਖ ਦੇ ਨਾਂਅ ‘ਤੇ ਕਤਲ ਤੇਲੰਗਾਨਾ : ਦੱਖਣੀ ਸੂਬੇ ਤੇਲੰਗਾਨਾ ਦੇ ਜ਼ਿਲ੍ਹਾ ਨਲਗੋਂਡਾ ਦੇ ਕਸਬੇ ਮਿਰਯਾਲ ਗੁੱਡਾ ਵਿਖੇ ਇਕ ਨੌਜਵਾਨ ਪ੍ਰਣਯਾ ਕੁਮਾਰ (23 ਸਾਲ), ਆਪਣੀ ਪੰਜ ਮਹੀਨਿਆਂ ਦੀ ਗਰਭਵਤੀ ਪਤਨੀ ਅਮ੍ਰਿਤਾ ਵਰਸ਼ਿਣੀ (21 ਸਾਲ) ਦਾ ਇਕ ਸਥਾਨਕ ਹਸਪਤਾਲ ਵਿਚ ਡਾਕਟਰੀ ਨਿਰੀਖਣ ਕਰਾਉਣ ਲਈ ਗਿਆ। ਦੋਹੇਂ ਜਣੇ ਜਦੋਂ ਚੈਕਅੱਪ ਕਰਵਾ ਕੇ ਚਾਈਂ-ਚਾਈਂ ਘਰੇ ਪਰਤ ਰਹੇ ਸਨ ਤਾਂ ਅਚਾਨਕ ਘਾਤ ਲਾਈ ਬੈਠੇ ਅਪਰਾਧੀਆਂ ਦਾ ਝੁੰਡ ਪ੍ਰਣਯਾ ਕੁਮਾਰ ‘ਤੇ ਮਾਰੂ ਹਥਿਆਰ ਲੈ ਕੇ ਟੁੱਟ ਪਿਆ। ਬੇਬਸ ਅਮ੍ਰਿਤਾ ਕਦੇ ਆਪਣੇ ਨਿਹੱਥੇ ਪਤੀ ਨੂੰ ਹਮਲਾਵਰਾਂ ਤੋਂ ਬਚਾਉਣ ਦਾ ਅਸਫਲ ਯਤਨ ਕਰਦੀ ਤੇ ਕਦੀ ਕੋਲੋਂ ਲੰਘਦਿਆਂ ਦੇ ਬਚਾਓ ਲਈ ਤਰਲੇ ਕਰਦੀ। ਪਰ ਭਾੜੇ ਦੇ ਬੇਰਹਿਮ ਕਾਤਲਾਂ ਨੇ ਮਿੰਟਾਂ-ਸਕਿੰਟਾਂ ਵਿਚ ਅੰਮ੍ਰਿਤਾ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਬੇਬਸ ਪਤੀ ਨੂੰ ਕੋਹ-ਕੋਹ ਮਾਰ ਸੁੱਟਿਆ। ਪ੍ਰਣਯਾ ਅਤੇ ਅਮ੍ਰਿਤਾ ਦਾ ਇਕ ਦੂਜੇ ਪ੍ਰਤੀ ਬਾਲਪਨ ਤੋਂ ਸਨੇਹ ਅਤੇ ਅਮ੍ਰਿਤਾ ਦੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਪ੍ਰੇਮ ਵਿਆਹ ਇਸ ਘ੍ਰਿਣਾਯੋਗ ਕਤਲ ਦੀ ਅਸਲ ਵਜ੍ਹਾ ਹੈ। ਜੇ ਹੋਰ ਸਾਫ਼-ਸਾਫ਼ ਕਹਿਣਾ ਹੋਵੇ ਤਾਂ ਅਖੌਤੀ ਉਚ ਜਾਤੀ ਹੰਕਾਰ ਦੀ ਘਟੀਆ ਸੋਚ ਇਸ ਕਤਲ ਲਈ ਜਿੰਮੇਵਾਰ ਹੈ। ਕਿਉਂਕਿ ਪ੍ਰਣਯਾ ਇਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਅਮ੍ਰਿਤਾ ਵੈਸ਼ਯ ‘ਖਾਨਦਾਨ’ ‘ਚ ਜਨਮੀ ਹੈ। ਅਮ੍ਰਿਤਾ ਦੇ ਰੀਅਲ ਅਸਟੇਟ ਕਾਰੋਬਾਰੀ ਬਾਪ ਨੇ ਇਕ ਅਪਰਾਧਕ ਗਰੋਹ, ਜਿਸ ਦਾ ਸਰਗਨਾ ਅਸਗਰ ਅਲੀ ਹੈ, ਨੂੰ ਆਪਣੇ ਹੀ ਜਵਾਈ ਦੇ ਕਤਲ ਲਈ ਇਕ ਕਰੋੜ ਰੁਪਏ ਦੀ ਸੁਪਾਰੀ ਦਿੱਤੀ। ਇਹ ਉਹੀ ਗਰੋਹ ਹੈ ਜਿਸ ਨੇ ਡੇਢ ਦਹਾਕਾ ਪਹਿਲਾਂ ਗੁਜਰਾਤ ਦੇ ਮੰਤਰੀ ਹੀਰੇਨ ਪਾਂਡਯਾ ਦਾ ਕਤਲ ਕੀਤਾ ਸੀ। ਇਸ ਕਤਲ ਲਈ ਇਨ੍ਹਾਂ ਦੋਸ਼ੀਆਂ ਨੂੰ ਹੇਠਲੀ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਉਪਰਲੀ ਅਦਾਲਤ ਵਲੋਂ ਇਹ ਭੱਦਰਪੁਰਸ਼ ”ਬਾਇੱਜ਼ਤ” ਬਰੀ ਕਰ ਦਿੱਤੇ ਗਏ ਸਨ। ਉਕਤ ਕਤਲ ਲਈ ”ਧਰਮ ਤੋਂ ਡਰ ਕੇ ਚੱਲਣ ਵਾਲੀ” ਪਾਰਟੀ ਨੇ ਸੌਦਾ ਕੀਤਾ ਸੀ ਅਤੇ ਮੌਜੂਦਾ ਕਤਲ ‘ਚ ”ਸੈਕੂਲਰ” ਪਾਰਟੀ ਦੇ ਆਗੂ ਨੇ ਵਿਚੋਲਗੀ ਕੀਤੀ ਹੈ। ਇਸ ਦੁਖਦਾਈ ਘਟਨਾ ਵਿਰੁੱਧ ਸਥਾਨਕ ਕਸਬਾ ਬੰਦ ਰਿਹਾ ਅਤੇ ਅਨੇਕਾਂ ਰੋਸ ਪ੍ਰਦਰਸ਼ਨ ਹੋਏ। ਪਰ ਸੋਸ਼ਲ ਮੀਡੀਆ ‘ਤੇ ਅਨੇਕਾਂ ਲੱਕੜਸਿਰੇ ਇਸ ਕਤਲ ਦਾ ਮਹਿਮਾਗਾਨ ਵੀ ਕਰ ਰਹੇ ਸਨ। ਅੰਮ੍ਰਿਤਾ ਅੱਖਾਂ ਭਰ ਕੇ ਭਰੜਾਈ ਆਵਾਜ਼ ‘ਚ ਆਪਣੀ ਸੱਸ ਨੂੰ ਪੁੱਛ ਰਹੀ ਸੀ, ”ਕੋਈ ਮਨੁੱਖ ਅਜਿਹੀ ਦਰਿੰਦਗੀ ਦੀ ਹਿਮਾਇਤ ਕਿਵੇਂ ਕਰ ਸਕਦਾ ਹੈ?” ਜਿਥੇ ਅਮ੍ਰਿਤਾ ਨੇ ਆਪਣੇ ਸਹੁਰੇ ਪਰਿਵਾਰ ਨਾਲ ਰਹਿਣ, ਘਿਨੌਣੀ ਜਾਤੀ ਪ੍ਰਥਾ ਤੋਂ ਨਿਰਲੇਪ ਰੱਖ ਕੇ ਆਪਣੇ ਬੱਚੇ ਨੂੰ ਚੰਗੀ ਪਰਵਰਿਸ਼ ਦੇਣ ਦਾ ਨਿਰਣਾ ਲਿਆ ਹੈ ਉਥੇ ਪ੍ਰਣਯਾ ਦੇ ਮਾਂ-ਬਾਪ ਨੇ ਵੀ ਉਸਨੂੰ ਧੀ ਬਣਾ ਕੇ ਰੱਖਣ ਦਾ ਕੌਲ ਕੀਤਾ ਹੈ। ਇਹ ਗੱਲ ਸਮਝ ਤੋਂ ਪਰੇ ਹੈ ਕਿ ਮਨੁੱਖੀ ਸਨਮਾਨ ਨੂੰ ਲੀਰੋ-ਲੀਰ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ”ਅਣਖ ਖਾਤਰ ਕਤਲ” (Honour Killing) ਕਿਉਂ ਕਿਹਾ ਜਾ ਰਿਹਾ ਹੈ? ਭਾਰਤੀ ਉਪਮਹਾਂਦੀਪ ਦੇ ਦੇਸ਼ਾਂ ਖਾਸ ਕਰ ਭਾਰਤ ‘ਚ ਪ੍ਰਤਿਭਾਸ਼ਾਲੀ ਧੀਆਂ-ਪੁੱਤਰਾਂ ਦੇ ਅਜਿਹੇ ਸ਼ਰਮਨਾਕ ਕਤਲਾਂ ਖਿਲਾਫ਼ ਜਿੰਨੀ ਛੇਤੀ ਭਾਰਤੀ ਆਵਾਮ ਆਪਣੀ ਰਾਇ ਕਾਇਮ ਕਰ ਲਵੇ ਅਤੇ ਅਜਿਹੀਆਂ ਦਰਿੰਦਗਿਆਂ ਦਾ ਡੱਟ ਕੇ ਵਿਰੋਧ ਕਰੇ ਉਨਾਂ ਹੀ ਸਾਡੇ ਲਈ ਚੰਗਾ ਹੋਵੇਗਾ। ਇਹ ਕੇਹਾ ‘ਸੰਸਕ੍ਰਿਤਿਕ ਉਥਾਨ? ਬਿਹਾਰ : ਪੂੰਜੀਵਾਦੀ ਰਾਜਪ੍ਰਬੰਧ ਨੇ ਲੋਕਾਂ ਦੀਆਂ ਸੰਵੇਦਨਨਾਵਾਂ, ਖੁਦਾਰੀ ਅਤੇ ਅਣਖ ਦੀ ਅਲਖ ਕਿਵੇਂ ਮੁਕਾਈ ਹੈ ਇਸ ਦੀ ਅਤਿ ਸ਼ਰਮਨਾਕ ਝਲਕ ਬਿਹਾਰ ‘ਚ ਵਾਪਰੀ ਇਕ ਘਟਣਾ ਤੋਂ ਮਿਲਦੀ ਹੈ। ਇਕ ਰਾਜਸੀ ਰੈਲੀ ‘ਚ ਬਹੁਤ ਹੀ ਗਲਾਨੀਪੂਰਨ ਦ੍ਰਿਸ਼ ਵੇਖਣ ਨੂੰ ਮਿਲਿਆ। ਇਕ ਭਾਜਪਾ ਵਰਕਰ ਨੇ ਰੈਲੀ ਦੀ ਸਟੇਜ ‘ਤੇ ਜਨਸਮੂਹਾਂ ਦੇ ਸਾਹਮਣੇ ਆਪਣੀ ਪਾਰਟੀ ਦੇ ਐਮ.ਪੀ. ਨਿਸ਼ੀਕਾਂਤ ਦੂਬੇ ਦੇ ਪਹਿਲਾਂ ਮਲ-ਮਲ ਕੇ ਪੈਰ ਧੋਤੇ ਅਤੇ ਪਿਛੋਂ ਉਹੀ ਪਾਣੀ ਚਰਣਾਮ੍ਰਿਤ ਵਾਂਗੂ ਗੱਟ-ਗੱਟ ਪੀ ਗਿਆ। ਚਾਪਲੂਸੀ ਦੀਆਂ ਅਤਿ ਸ਼ਰਮਨਾਕ ਘਟਨਾਵਾਂ ‘ਚ ਸ਼ੁਮਾਰ ਕੀਤੀ ਜਾਵੇਗੀ ਇਹ ਘਟਨਾ। ਇਸ ਵਰਕਰ ਨੇ ਤਾਂ ਬੇਸ਼ਰਮੀ ਦੀਆਂ ਹੱਦਾਂ ਪਾਰ ਕੀਤੀਆਂ ਹੀ। ਇਸ ਤੋਂ ਉਕਤ ਘਿਨੌਣਾ ਕੰਮ ਕਰਾਉਣ ਵਾਲਾ ਸੰਸਦ ਮੈਂਬਰ ਉਸ ਤੋਂ ਵੀ ਬੇਗੈਰਤ ਨਿਕਲਿਆ ਜਿਸ ਨੇ ਆਪਣੇ ਵਰਕਰ ਨੂੰ ਅਜਿਹਾ ਕਰਨ ਤੋਂ ਵਰਜਿਆ ਨਹੀਂ। ਭਾਰਤ ਕਾ ਗੌਰਵ, ਪ੍ਰਤਿਸ਼ਠਾ ਲੌਟਾ ਕਰ ਲਾਏਂਗੇ ਦਾ ਬੇਸੁਰਾ ਗੌਣ ਗਾਊਣ ਵਾਲੇ ਭਾਜਪਾ ਅਹੁਦੇਦਾਰ ਅਤੇ ਧੜੀ-ਧੜੀ ਦੀਆਂ ਗੱਪ ਸੁਨਾਉਣ ਵਾਲਾ ਮੋਦੀ ‘ਤੇ ਸਮੁੱਚੀ ਪਾਰਟੀ ਨੇ ਇਹ ਦ੍ਰਿਸ਼ ਦੇਖਿਆ ਹੀ ਨਹੀਂ ਸਗੋਂ ਇਸ ਨੂੰ ਮਾਨਤਾ ਵੀ ਦਿੱਤੀ। ”ਸੰਸਕ੍ਰਿਤਿਕ ਉਥਾਨ” ਦੀਆਂ ਡੀਂਗਾਂ ਮਾਰਨ ਵਾਲੀ ਪਾਰਟੀ ਵਲੋਂ ਸਥਾਪਤ ਕੀਤੀ ਜਾ ਰਹੀ ”ਸੰਸਕ੍ਰਿਤੀ (ਕਲਚਰ) ਭਾਰਤ ਨੂੰ ਕਿੱਧਰ ਨੂੰ ਲੈ ਕੇ ਜਾਵੇਗਾ ਇਹ ਭਾਰਤ ਵਾਸੀਆਂ ਦੇ ਸੋਚਣ ਦਾ ਵਿਸ਼ਾ ਹੈ।

ਪੇਸ਼ਕਸ਼ : ਮਹੀਪਾਲ

Scroll To Top