Now Reading
ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਨ ਵਿਚ ਹੀ ਬੜੀ ਦੇਰ ਲੱਗ ਗਈ! ਲੜਨਾ ਤਾਂ…

ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਨ ਵਿਚ ਹੀ ਬੜੀ ਦੇਰ ਲੱਗ ਗਈ! ਲੜਨਾ ਤਾਂ…

ਅਖਬਾਰਾਂ ਪੜ੍ਹਦਿਆਂ ਮੇਰੀ ਨਿਗਾਹ ਅਚਾਨਕ ਅੰਗਰੇਜ਼ੀ ਦੇ ਇਕ ਸਮਾਚਾਰ ਪੱਤਰ ਵਿਚ ਤਿੰਨ ਚਾਰ ਵੱਡੀਆਂ ਖਬਰਾਂ ਉਪਰ ਪੈ ਗਈ ਜੋ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਅੰਦਰ ਪਾਸ ਕੀਤੇ ਜਾਣ ਵਾਲੇ ਰਾਜਨੀਤਕ ਮਤੇ ਦੇ ਖਰੜੇ ਦੇ ਸੰਬੰਧ ਵਿਚ ਉਠੇ ਮੱਤਭੇਦਾਂ ਬਾਰੇ ਸਨ। ਖਬਰਾਂਅਨੁਸਾਰ ਸਕੱਤਰ ਕਾਮਰੇਡ ਸੀਤਾ ਰਾਮ ਯੈਚੁਰੀ ਦਾ ਘੱਟ ਗਿਣਤੀ ਧੜਾ 2019 ਦੀਆਂ ਲੋਕ ਸਭਾ ਚੋਣਾਂ ਅੰਦਰ ਮੋਦੀ ਸਰਕਾਰ ਨੂੰ ਹਰਾਉਣ ਲਈ ਕਾਂਗਰਸ ਨਾਲ ਗਠਜੋੜ ਕਰਨ ਦੀਆਂ ਸੰਭਾਵਨਾਵਾਂ ਲੱਭ ਰਿਹਾ ਹੈ। ਜਦਕਿ ਸਾਬਕਾ ਜਨਰਲ ਸਕੱਤਰ ਪ੍ਰਕਾਸ਼ ਕਰਤ ਮੋਦੀ ਨੂੰ ਲਾਂਭੇ ਕਰਨ ਲਈ ਕਾਂਗਰਸ ਨਾਲ ਕੋਈ ਵੀ ਲੈਅ-ਦੇਅ ਕਰਨ ਦਾ ਸਖਤ ਵਿਰੋਧੀ ਦੱਸਿਆ ਗਿਆ। ਖ਼ਬਰ ਵਿਚ, ਸੀਤਾ ਰਾਮ ਯੈਚੁਰੀ ਨੇ ਕੇਂਦਰੀ ਕਮੇਟੀ ਵਿਚ ਇਸ ਹਾਰ ਨੂੰ ਅੰਤਮ ਨਹੀਂ ਕਿਹਾ ਬਲਕਿ ਅਪ੍ਰੈਲ 2018 ਵਿਚ ਹੋਣ ਵਾਲੀ ਪਾਰਟੀ ਕਾਂਗਰਸ ਵਿਚ ਉਲਟ ਪੁਲਟ ਹੋਣ ਦੇ ਸੰਕੇਤ ਵੀ ਦੇ ਦਿੱਤੇ ਹਨ। ਅਸਲ ਵਿਚ ਇਹ ਸੀ.ਪੀ.ਐਮ. ਆਗੂ ਠੀਕ ਜਮਾਤੀ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਨ ਵਿਚ ਰੁੱਝੇ ਹੋਏ ਹਨ।
ਇਸੇ ਅਖਬਾਰ ਦੇ ਦੂਸਰੇ ਪੰਨੇ ‘ਤੇ ਇਕ ਮਜ਼ਦੂਰ ਤੇ ਕਿਸਾਨ ਦੀ ਕਰਜ਼ੇ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰਨ ਦੀ ਦਰਦਨਾਕ ਖ਼ਬਰ ਸੀ। ਇਸੇ ਸਫ਼ੇ ‘ਤੇ ਇਕ ਦਲਿਤ ਨੂੰ ਆਪਣੀ ਧਰਮ ਪਤਨੀ ਦੀ ਅੰਤਮ ਅਰਦਾਸ ਸਮੇਂ ਪਿੰਡ ਦੇ ਗੁਰਦੁਆਰੇ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲੈ ਕੇ ਜਾਣ ਤੋਂ ਗ੍ਰੰਥੀ ਵਲੋਂ ਕੀਤੀ ਮਨਾਹੀ ਦੀ ਵੀ ਡੱਬੀ ਲੱਗੀ ਹੋਈ ਸੀ। ਅਖਬਾਰ ਦੇ ਹੇਠਲੇ ਪਾਸੇ ਹੱਥਾਂ ਵਿਚ ਲਾਲ ਝੰਡੇ ਫੜੀ ਲੋਕਾਂ ਦੇ ਵੱਡੇ ਕਾਫ਼ਲੇ ਦੀ ਤਸਵੀਰ ਵੀ ਧਿਆਨ ਖਿੱਚਦੀ ਸੀ।
ਇਸ ਸਭ ਕੁਝ ਤੋਂ ਉਦਾਸ ਹੋ ਕੇ ਮੈਂ ਸੁਰਜੀਤ ਪਾਤਰ ਦੀ ਗ਼ਜ਼ਲ ਪੜ੍ਹਨ ਲੱਗ ਪਿਆ। ਅਕਸਰ ਹੀ ਜਦੋਂ ਕਦੀ ਮਨ ਥਕਾਵਟ ਜਾਂ ਉਦਾਸੀ ਮਹਿਸੂਸ ਕਰਦਾ ਹੈ ਮੈਂ ਸੰਤ ਸਿੰਘ ਸੇਖੋਂ ਜੀ ਦੀ ‘ਪ੍ਰੇਮੀ ਦੇ ਨਿਆਣੇ’ ਤੇ ਵਰਿਆਮ ਸੰਧੂ ਜੀ ਦੀ ‘ਆਪਣਾ-ਆਪਣਾ ਹਿੱਸਾ’ ਵਰਗੀਆਂ ਰਚਨਾਵਾਂ ਪੜ੍ਹਨ ਲੱਗ ਜਾਂਦਾ ਹਾਂ। ਜਾਂ ਫੇਰ ਬਾਵਾ ਬਲਵੰਤ, ਪਾਸ਼ ਤੇ ਪਾਤਰ ਖੋਲ੍ਹ ਕੇ ਬੈਠ ਜਾਂਦਾ ਹਾਂ। ਕਈ ਵਾਰ ਕੋਈ ਸਾਹਿਤਕ ਰਚਨਾ ਭਵਿੱਖੀ ਪ੍ਰੇਰਨਾ ਸਰੋਤ ਬਣ ਜਾਂਦੀ ਹੈ ਤੇ ਕਦੀ ਇਤਿਹਾਸ ਤੇ ਵਰਤਮਾਨ ਦਾ ਆਪਣਾ ਚੱਕਰ ਸਦੀਵੀਂ ਕਵਿਤਾ ਨੂੰ ਜਨਮ ਵੀ ਦੇ ਦਿੰਦਾ ਹੈ। ਇਹੋ ਜਿਹੇ ਖਿਆਲ ਪਿਆਸੇ ਮਨ ਅੰਦਰ ਉਬਾਲੇ ਖਾ ਰਹੇ ਸਨ।
ਬਿਲਕੁਲ ਇਵੇਂ ਹੀ ਹੋਇਆ ਮੇਰੇ ਨਾਲ ਉਨ੍ਹਾਂ ਲੋਕਾਂ ਬਾਰੇ, ਜੋ ਸਮਾਜ ਅੰਦਰ ਸੰਪੂਰਨ ਤਬਦੀਲੀ ਕਰਨ ਦਾ ਦਾਅਵਾ ਕਰਦੇ ਆ ਰਹੇ ਹਨ ਪਰ ਅਜੇ ਤੱਕ ਦੁਸ਼ਮਣ ਧਿਰ ਦੀ ਨਿਸ਼ਾਨਦੇਹੀ ਹੀ ਨਹੀਂ ਕਰ ਪਾ ਰਹੇ। ਦੂਸਰੇ ਬੰਨ੍ਹੇ ਵੈਰੀ ਦੇ ਤੀਰ ਮਨੁੱਖ ਦੇ ਸੀਨੇ ਦੇ ਆਰਪਾਰ ਹੋ ਰਹੇ ਨੇ। ਉਸਦੇ ਨੇੜੇ ਹੀ ਦਰਦ ਨੂੰ ਜ਼ੁਬਾਨ ਦੇਣ ਵਾਲੀ ਖ਼ਬਰ ਵੀ ਅੱਖਾਂ ਸਾਹਮਣੇ ਜੁਗਨੂੰ ਵਾਂਗ ਟਿਮਟਮਾ ਰਹੀ ਸੀ।
ਸੁਰਜੀਤ ਪਾਰਤ ਦੀ ਗ਼ਜ਼ਲ ਦੇ ਸ਼ਿਅਰ ‘ਤੇ ਪੁੱਜਕੇ ਮੇਰੀ ਨਿਗਾਹ ਰੁਕ ਜਿਹੀ ਗਈ। ਜਿਵੇਂ ਉਹ ਮੇਰੀ ਸੰਵੇਦਨਾ ਨੂੰ ਬਿਆਨ ਕਰ ਰਹੀ ਹੋਵੇ :
‘ਅੱਗ ਦਾ ਸਫ਼ਾ ਹੈ, ਉਸ ‘ਤੇ ਮੈਂ ਫੁੱਲਾਂ ਦੀ ਸਤਰ ਹਾਂ,
ਉਹ ਬਹਿਸ ਕਰ ਰਹੇ ਨੇ, ਗਲਤ ਹਾਂ ਕਿ ਠੀਕ ਹਾਂ।’
– ਰਾਹਗੀਰ

Scroll To Top