‘ਸਾਬਣ ਹੈ ਜੀ’
‘ਹੈਗਾ। ਮੈਂ ਦੁਖੀ ਬਹੁਤ ਆਂ” ਅਧੇੜ ਜਿਹੀ ਉਮਰ ਦੇ ਆਦਮੀ ਨੇ ਜਵਾਬ ਦਿੱਤਾ।
‘ਇਕ ਟੂਥਪੇਸਟ ਵੀ ਦੇ ਦਿਓ’। ਇਕ ਫੱਟੇ ਉਪਰ ਕੁਝ ਸ਼ੀਸ਼ਿਆਂ ਦੇ ਮਰਤਬਾਨਾਂ ਵਿਚ ਰੱਖੀਆਂ ਟੌਫੀਆਂ, ਬਿਸਕੁਟਾਂ ਦੇ ਪੈਕਟ, ਨਾਲ ਹੀ ਬੀੜੀਆਂ ਤੇ ਮਾਚਿਸਾਂ ਦੇ ਬੰਡਲ ਰੱਖੀ ਬੈਠੇ ਦੁਕਾਨਦਾਰ ਨੂੰ ਸੌ ਦਾ ਨੋਟ ਫੜਾਉਂਦਿਆਂ ਮੈਂ ਕਿਹਾ।
”ਸਾਰਾ ਕੁਝ ਹੁੰਦਾ ਸੀ ਜੀ। ਪਰ ਮੇਰਾ ਚਿੱਤ ਬਹੁਤ ਉਦਾਸ ਆ। ਕੰਮ ਨੂੰ ਜੀ ਨਹੀਂ ਕਰਦਾ ਉਕਾ ਹੀ। ਅੱਜ ਪੂਰੇ ਸੱਤੀਂ ਦਿਨੀਂ ਆਇਆਂ, ਢਿੱਡ ਜੁ ਭਰਨਾ।” ਇਹ ਕਹਿੰਦੇ ਹੋਏ ਉਸਨੇ ਫੱਟੇ ਹੇਠਾਂ ਡੱਬੇ ਵਿਚੋਂ ਇਕ ਸਾਬਣ ਦੀ ਟਿੱਕੀ ਤੇ ਛੋਟੀ ਜਿਹੀ ਟੂਥਪੇਸਟ ਦੀ ਟਿਊਬ ਮੈਨੂੰ ਫੜਾਈ। ਨਾ ਉਸਦਾ ਪੈਸੇ ਲੈਣ ਵੱਲ ਧਿਆਨ, ਨਾ ਬਕਾਇਆ ਮੋੜਨ ਵੱਲ। ਬਸ ਵਾਰ ਵਾਰ ਕਹੀ ਜਾ ਰਿਹਾ ਸੀ ”ਬਹੁਤ ਦੁਖੀ ਹਾਂ, ਮਨ ਨਹੀਂ ਲੱਗਦਾ। ਬਸ ਜੀਅ ਕਰਦਾ ਰੋਈ ਜਾਵਾਂ….।”
ਇੰਝ ਜਾਪਦਾ ਸੀ ਜਿਵੇਂ ਜੰਗਲ ਬੀਆਬਾਨ ਵਿਚ ਕੋਈ ਜ਼ਖਮੀ ਹੋਇਆ ਮਨੁੱਖ ਦਰਦ ਨਾਲ ਚੀਖਦਾ ਹੋਇਆ ਕਿਸੇ ਦਰਦਮੰਦ ਨੂੰ ਅਵਾਜ਼ਾਂ ਮਾਰ ਰਿਹਾ ਹੋਵੇ!
ਮੈਂ ਹੌਸਲਾ ਕਰਕੇ ਪੁੱਛ ਹੀ ਲਿਆ ”ਕੀ ਗੱਲ ਹੋਈ ਮਿੱਤਰਾ?”
”ਮੇਰਾ ਇਕੋ ਪੁੱਤ ਸੀ ਜੀ 24 ਸਾਲਾਂ ਦਾ, ਮਰ ਗਿਆ।”
ਘਰੇ ਇਲਾਜ ਬਥੇਰਾ ਕੀਤਾ। ਪਰ ਜਦੋਂ ਜ਼ਿਆਦਾ ਢਿੱਲਾ ਹੋਇਆ ਤਾਂ ਹਸਪਤਾਲ ਲੈ ਗਏ। ਬਸ ਰਾਹ ‘ਚ ਹੀ ਪੂਰਾ ਹੋ ਗਿਆ।” ਅੱਖਾਂ ‘ਚ ਹੰਝੂ, ਚਿਹਰੇ ਤੇ ਸਿਖਰਾਂ ਦੀ ਉਦਾਸੀ ਵਾਲੇ ਦੁਕਾਨਦਾਰ ਨੇ ਮੈਨੂੰ ਬਕਾਇਆ ਦੇ ਦਿੱਤਾ। ਉਹ ਲਗਾਤਾਰ ਬੋਲੀ ਜਾ ਰਿਹਾ ਸੀ।
ਦੋਨੋਂ ਪਾਸੀਂ ਅਸਮਾਨ ਛੋਹੰਦੀਆਂ ਇਮਾਰਤਾਂ ਨੇ ਉਸਦੇ ਹੌਕਿਆਂ ਦੀ ਅਵਾਜ਼ ਨੂੰ ਰਾਹ ‘ਚ ਹੀ ਰੋਕ ਲਿਆ।
ਇਹ ਘਟਨਾ 15 ਜੁਲਾਈ ਦੀ ਹੈ, ਦਿੱਲੀ ਦੇ ਐਨ.ਡੀ.ਤਿਵਾੜੀ ਭਵਨ ਦੀ 4 ਮੰਜ਼ਿਲਾ ਇਮਾਰਤ ਦੇ ਪਿਛਵਾੜੇ ਦੀ। ਇਕ ਮੀਟਿੰਗ ਦੇ ਸਿਲਸਿਲੇ ਵਿਚ ਗਿਆ ਸਾਂ ਉਥੇ। ਨਹਾਉਣ ਲਈ ਸਾਬਣ ਲੈਣ ਮੈਂ ਇਸ ਬਿਲਡਿੰਗ ਦੇ ਪਿਛਵਾੜੇ ਗਿਆ, ਜਿਥੇ ਇਹ ਸੱਜਣ ‘ਦੁਕਾਨ’ ਲਾਈ ਬੈਠਾ ਸੀ। ਦੁਕਾਨ ਕਹੋ ਜਾਂ ਢਿੱਡ ਭਰਨ ਦਾ ਜੁਗਾੜ…।
ਸੋਚਦਾ ਸਾਂ, 15 ਅਗਸਤ ਨੂੰ ਥੋੜੀ ਹੀ ਦੂਰ ਲਾਲ ਕਿਲੇ ‘ਤੇ ਨੇਤਾਜੀ ਨੇ ਲੰਬਾ ਚੌੜਾ ਭਾਸ਼ਣ ਦੇਣਾ ਹੈ।
”ਦੇਸ਼ ਆਗੇ ਬੜ੍ਹ ਰਹਾ ਹੈ, ਲੋਗੋਂ ਕੋ ਖੁਸ਼ਹਾਲ ਬਨਾਨਾ ਮੇਰਾ ਸੁਪਨਾ ਹੈ, ਮੈਂ ਪੂਰਾ ਕਰਕੇ ਦਮ ਲੂੰਗਾ”….। ਖਬਰੇ ਹੋਰ ਕਿੰਨਾ ਕੁਝ ਕਹੇਗਾ ਉਹ?
ਮੈਂ ਸਾਬਣ ਤੇ ਟੂਥਪੇਸਟ ਫੜੀ ਕੁਝ ਚਿਰ ਲਈ ਉਸ ਦੁਕਾਨਦਾਰ ਵੱਲ ਤੱਕਦਾ ਰਿਹਾ। ਫੇਰ ਤੁਰ ਪਿਆ। ਧਿਆਨ ਮਰੇ ਪੁੱਤ ਦੀ ਥਾਂ ਖੜ੍ਹੇ ਉਸ ਦੁਕਾਨਦਾਰ ਦੁਆਲੇ ਘੁੰਮਦਾ ਰਿਹਾ ਤੇ ਨਾਲ ਹੀ 15 ਅਗਸਤ ਨੂੰ ਭਾਸ਼ਣ ਦੇਣ ਵਾਲੇ ਨੇਤਾ ਦੇ ਹਾਵ ਭਾਵਾਂ ਬਾਰੇ।
ਬੇਧਿਆਨੀ ਕਰਕੇ ਠੋਕਰ ਲੱਗਣ ਨਾਲ ਡਿਗਣੋਂ ਮਸਾਂ ਬਚਿਆ ਮੈਂ।
– ਰਾਹਗੀਰ