ਆਰ.ਐਮ.ਪੀ.ਆਈ. ਦੀ ਲਾਮਿਸਾਲ ‘ਅਧਿਕਾਰ ਰੈਲੀ’ ‘ਚ ਲੋਕਾਂ ਦਾ ਹੜ੍ਹ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਕੇਂਦਰੀ ਕਮੇਟੀ ਦੀ 8 ਤੋਂ 10 ਦਸੰਬਰ ਤੱਕ ਹੋਈ ਤਿੰਨ ਦਿਨਾ ਮੀਟਿੰਗ ਉਪਰੰਤ, ਪਾਰਟੀ ਦੀ ਸੂਬਾ ਕਮੇਟੀ ਵਲੋਂ ਜਲੰਧਰ ਸ਼ਹਿਰ ਦੇ ਬਰਲਟਨ ਪਾਰਕ ਦੇ ਵਿਸ਼ਾਲ ਮੈਦਾਨ ਵਿਚ ਕੀਤੀ ਗਈ ਲਾਮਿਸਾਲ ‘ਅਧਿਕਾਰ ਰੈਲੀ’ ਨੇ ਜਲੰਧਰ ‘ਚ ਹੋਏ ਹੁਣ ਤੱਕ ਦੇ ਜਨਤਕ ਇਕੱਠਾਂ ਦੇ ਰਿਕਾਰਡ ਮਾਤ ਪਾ ਦਿੱਤੇ। ਸ਼ਹਿਰ ਦੇ ਹਰ ਪਾਸੇ ਨਜ਼ਰ ਆ ਰਹੇ ਲਾਲ ਝੰਡਿਆਂ ਨੇ ਪੂਰਾ ਦਿਨ ਜਲੰਧਰ ਦਾ ਚਿਹਰਾ ਸੁਰਖ ਕਰੀ ਰੱਖਿਆ। ਇਸ ਇਤਿਹਾਸਕ ਰੈਲੀ ਵਿਚ ਸ਼ਾਮਲ ਕਿਰਤੀ ਜਨਸਮੂਹਾਂ ਦੀ ਗਿਣਤੀ ਬਾਰੇ, ਮੀਡੀਏ ਦੇ ਇਕ ਵੱਡੇ ਹਿੱਸੇ ਵਲੋਂ 50 ਹਜ਼ਾਰ ਤੱਕ ਦੇ ਅਨੁਮਾਨ ਲਾਏ ਗਏ ਹਨ। ਪੰਜਾਬ ਦੇ ਹਰ ਜ਼ਿਲ੍ਹੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਔਰਤਾਂ, ਮੁਲਾਜ਼ਮਾਂ ਅਤੇ ਹੋਰ ਮਿਹਨਤਕਸ਼ ਲੋਕਾਂ ਨੇ ਇਸ ਰੈਲੀ ਵਿਚ ਹੁੰਮ ਹੁੰਮਾ ਕੇ ਸ਼ਮੂਲੀਅਤ ਕੀਤੀ। ਬਹੁਤੇ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ, ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਲੁਧਿਆਣਾ ਆਦਿ ਤੋਂ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿਚ ਲੋਕੀਂ ਆਕਾਸ਼ ਗੂੰਜਾਊ ਨਾਅਰੇ ਮਾਰਦੇ ਹੋਏ ਰੈਲੀ ਵਿਚ ਸ਼ਾਮਲ ਹੋਏ। ਇਸ ਮੰਤਵ ਲਈ ਉਹਨਾਂ ਨੇ ਸੈਂਕੜਿਆਂ ਦੀ ਗਿਣਤੀ ਵਿਚ ਚਾਰਟਰਡ ਬਸਾਂ ਤੇ ਹੋਰ ਵਹੀਕਲਾਂ ਦੀ ਵਰਤੋਂ ਕੀਤੀ। ਪਠਾਨਕੋਟ, ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਲੁਧਿਆਣਾ ਆਦਿ ਸ਼ਹਿਰਾਂ ਤੋਂ ਰੇਲ ਗੱਡੀਆਂ ਰਾਹੀਂ ਵੱਡੀ ਗਿਣਤੀ ‘ਚ ਆਏ ਲੋਕਾਂ ਤੋਂ ਇਲਾਵਾ ਇਕ ਅਨੁਮਾਨ ਅਨੁਸਾਰ ਪਾਰਟੀ ਦੇ ਵਰਕਰਾਂ ਨੇ ਰੈਲੀ ਵਿਚ ਸ਼ਾਮਲ ਹੋਣ ਲਈ 126 ਬੱਸਾਂ, 209 ਫੋਰਵ੍ਹੀਲਰ ਟਾਟਾ 407, 6 ਟਰਾਲੀਆਂ, ਟਾਟਾ ਸੂਮੋ ਗੱਡੀਆਂ ਸਮੇਤ 115 ਕਾਰਾਂ ਅਤੇ 150 ਮੋਟਰਸਾਇਕਲਾਂ ਦੀ ਵਰਤੋਂ ਕੀਤੀ। ਰੈਲੀ ਵਿਚ ਦਿਹਾਤੀ ਮਜ਼ਦੂਰਾਂ, ਨਿਰਮਾਣ ਮਜ਼ਦੂਰਾਂ, ਕਿਸਾਨਾਂ ਤੇ ਘਰੇਲੂ ਮਜ਼ਦੂਰ ਔਰਤਾਂ ਦੀ ਗਿਣਤੀ ਬਹੁਤ ਹੀ ਉਤਸ਼ਾਹਜਨਕ ਸੀ। ਬੇਰੁਜ਼ਗਾਰ ਜੁਆਨੀ ਵੀ ਵੱਡੀ ਗਿਣਤੀ ਵਿਚ ਅਧਿਕਾਰ ਰੈਲੀ ਵਿਚ ਸ਼ਾਮਲ ਹੋਈ। ਲੋਕਾਂ ਦੇ ਇਸ ਲਾਮਿਸਾਲ ਜੋਸ਼ ਤੇ ਉਤਸ਼ਾਹ ਦੇ ਸਾਹਮਣੇ ਰੈਲੀ ਲਈ ਬਣਾਇਆ ਗਿਆ ਪੰਡਾਲ ਸਪੱਸ਼ਟ ਰੂਪ ਵਿਚ ਛੋਟਾ ਪੈ ਗਿਆ ਦਿਖਾਈ ਦਿੰਦਾ ਸੀ। ਪਾਰਟੀ ਦੇ ਲਾਲ ਝੰਡਿਆਂ ਅਤੇ ਕਿਰਤੀ ਲੋਕਾਂ ਦੀਆਂ ਮੰਗਾਂ-ਉਮੰਗਾਂ ਨੂੰ ਦਰਸਾਉਂਦੇ ਬੈਨਰਾਂ ਨਾਲ ਪੰਡਾਲ ਨੂੰ ਵੱਡੀ ਪੱਧਰ ਤੱਕ ਸਜਾਇਆ ਗਿਆ ਸੀ। ਇਸ ਨਾਲ ਸਮੁੱਚਾ ਮਾਹੌਲ ਹੀ ਇਨਕਲਾਬੀ ਦਿੱਖ ਨਾਲ ਸਰਸ਼ਾਰ ਹੋਇਆ ਦਿਖਾਈ ਦਿੰਦਾ ਸੀ। ਰਸੂਲਪੁਰ ਦੇ ਪ੍ਰਸਿੱਧ ਕਵੀਸ਼ਰੀ ਜਥੇ ਵਲੋਂ ਇਨਕਲਾਬੀ ਗੀਤਾਂ ਰਾਹੀਂ ਰੈਲੀ ਦਾ ਮੁੱਢ ਬੰਨ੍ਹਣ ਉਪਰੰਤ ਠੀਕ 12.30 ਵਜੇ ”ਅਧਿਕਾਰ ਰੈਲੀ” ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਲਈ ਸਰਵਸਾਥੀ ਰਤਨ ਸਿੰਘ ਰੰਧਾਵਾ, ਰਘਬੀਰ ਸਿੰਘ, ਨੀਲਮ ਘੁਮਾਣ, ਦਰਸ਼ਨ ਨਾਹਰ ਤੇ ਨੱਥਾ ਸਿੰਘ ‘ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਚੋਣ ਕੀਤੀ ਗਈ। ਪ੍ਰਧਾਨਗੀ ਮੰਡਲ ਤੋਂ ਇਲਾਵਾ ਪਾਰਟੀ ਦੀ ਕੇਂਦਰੀ ਕਮੇਟੀ ਅਤੇ ਸੂਬਾਈ ਸਕੱਤਰੇਤ ਦੇ ਸਾਰੇ ਮੈਂਬਰ ਵੀ ਸਟੇਜ ‘ਤੇ ਸਸ਼ੋਭਤ ਸਨ। ਐਮ.ਸੀ.ਪੀ.ਆਈ.(ਯੂ) ਦੇ ਜਨਰਲ ਸਕੱਤਰ ਅਤੇ ਪੋਲਿਟ ਬਿਊਰੋ ਦੇ ਦੋ ਮੈਂਬਰ ਵੀ ਸਟੇਜ ਉਪਰ ਬਿਰਾਜਮਾਨ ਸਨ। ਜੰਮੂ-ਕਸ਼ਮੀਰ ਤੋਂ ਆਏ ਇਕ ਕਮਿਊਨਿਸਟ ਆਗੂ ਨੇ ਵੀ ਸਟੇਜ ਦੀ ਸ਼ੋਭਾ ਵਿਚ ਵਾਧਾ ਕੀਤਾ। ਰੈਲੀ ਦੇ ਆਰੰਭ ਵਿਚ ਆਰ.ਐਮ.ਪੀ.ਆਈ. ਦੇ ਚੇਅਰਮੈਨ ਕਾਮਰੇਡ ਕੇ.ਗੰਗਾਧਰਨ, ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੈਸ਼ੀਅਰ ਕਾਮਰੇਡ ਰਾਜਿੰਦਰ ਪਰਾਂਜਪੇ, ਸਟੈਂਡਿੰਗ ਕਮੇਟੀ ਮੈਂਬਰ ਕਾਮਰੇਡ ਕੇ.ਐਸ. ਹਰੀਹਰਨ ਅਤੇ ਐਮ.ਸੀ.ਪੀ.ਆਈ.(ਯੂ) ਦੇ ਜਨਰਲ ਸਕੱਤਰ ਕਾਮਰੇਡ ਮੁਹੰਮਦ ਗੌਂਸ ਨੂੰ ਪ੍ਰਧਾਨਗੀ ਮੰਡਲ ਵਲੋਂ ਸੂਹੇ ਰੰਗ ਦੇ ਸ਼ਾਲ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਉਪਰੰਤ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਕੰਵਲ ਸਿੰਘ ਵਲੋਂ ਹਾਜ਼ਰ ਜਨਸਮੂਹਾਂ ਨਾਲ ‘ਅਧਿਕਾਰ ਰੈਲੀ’ ਦਾ ਉਦੇਸ਼ ਸਾਂਝਾ ਕੀਤਾ ਗਿਆ। ਉਹਨਾਂ ਕਿਹਾ ਕਿ ਭਾਰਤੀ ਹਾਕਮਾਂ ਵਲੋਂ ਭਾਰਤੀ ਸੰਵਿਧਾਨ ਵਿਚ ਦਰਜ ਲੋਕਾਂ ਦੇ ਮੁਢਲੇ ਜਮਹੂਰੀ ਅਧਿਕਾਰਾਂ ਨੂੰ ਵੀ ਬੜੀ ਤੇਜ਼ੀ ਨਾਲ ਢਾਅ ਲਾਈ ਜਾ ਰਹੀ ਹੈ ਅਤੇ ਕਿਰਤੀ ਲੋਕਾਂ ਨੂੰ ਬਹੁਪੱਖੀ ਲੁੱਟ-ਖਸੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਕਾਰਨ ਸਰਕਾਰਾਂ ਵਿਰੁੱਧ ਵੱਧ ਰਹੇ ਲੋਕ ਰੋਹ ਨੂੰ ਜਥੇਬੰਦਕ ਰੂਪ ਦੇ ਕੇ ਇਨਕਲਾਬੀ ਦਿਸ਼ਾ ਵਿਚ ਜਨਤਕ ਸੰਘਰਸ਼ ਲਾਮਬੰਦ ਕਰਨੇ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਤੇ ਰਾਜ ਸਰਕਾਰ ਵਲੋਂ ਸਮਾਜ ਦੇ ਸਭ ਤੋਂ ਵੱਧ ਨਪੀੜੇ ਹੋਏ ਲੋਕਾਂ ਵਿਸ਼ੇਸ਼ ਤੌਰ ‘ਤੇ ਦਲਿਤਾਂ ਦੇ ਹੱਕਾਂ ਹਿਤਾਂ ਦੀ ਮੁਕੰਮਲ ਰੂਪ ਵਿਚ ਅਣਦੇਖੀ ਕਰਨ ਦੀ ਜ਼ੋਰਦਾਰ ਸ਼ਬਦਾਂ ਵਿਚ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਰਾਜ ਕਰਦੀਆਂ ਪਾਰਟੀਆਂ ਚੋਣਾਂ ਸਮੇਂ ਲੋਕਾਂ ਨਾਲ ਜਿਹੜੇ ਵਾਅਦੇ ਕਰਦੀਆਂ ਹਨ, ਰਾਜਗੱਦੀ ਨੂੰ ਹੱਥ ਪੈਂਦਿਆਂ ਹੀ ਉਹਨਾਂ ਨੂੰ ਵਿਸਾਰ ਦਿੰਦੀਆਂ ਹਨ ਅਤੇ ਆਮ ਲੋਕਾਂ ਉਪਰ ਜ਼ੁਲਮ-ਜਬਰ ਆਰੰਭ ਦਿੰਦੀਆਂ ਹਨ। ਉਹਨਾਂ ਕਿਹਾ ਕਿ ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਨਾ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਮਿਲ ਰਹੇ ਹਨ ਅਤੇ ਨਾ ਹੀ ਉਹਨਾਂ ਲਈ ਗੁਜਾਰੇਯੋਗ ਰੁਜ਼ਗਾਰ ਦਾ ਕੋਈ ਬੰਦੋਬਸਤ ਕੀਤਾ ਜਾਂਦਾ ਹੈ। ਨਾ ਉਹਨਾਂ ਦੇ ਬੱਚਿਆਂ ਲਈ ਮਿਆਰੀ ਸਿੱਖਿਆ ਦੇ ਕੋਈ ਪ੍ਰਬੰਧ ਹਨ ਅਤੇ ਨਾ ਹੀ ਸਰਕਾਰੀ ਹਸਪਤਾਲਾਂ ਵਿਚ ਕੋਈ ਦਵਾ ਦਾਰੂ ਮਿਲਦੀ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਮੋਦੀ ਸਰਕਾਰ ਮਨੂੰਵਾਦੀ ਵਿਵਸਥਾ ਦੀ ਪੁਨਰ ਸੁਰਜੀਤੀ ਲਈ ਯਤਨਸ਼ੀਲ ਹੈ, ਜਿਸ ਨਾਲ ਦਲਿਤਾਂ ਤੇ ਹੋਰ ਗਰੀਬਾਂ ਉਪਰ ਸਮਾਜਿਕ ਜਬਰ ਤੇ ਹਿੰਸਕ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਮਹਾਂਰਾਸ਼ਟਰ ਤੋਂ ਆਏ ਆਰ.ਐਮ.ਪੀ.ਆਈ. ਦੇ ਵਿੱਤ ਸਕੱਤਰ ਕਾਮਰੇਡ ਰਾਜਿੰਦਰ ਪਰਾਂਜਪੇ ਨੇ ਅਧਿਕਾਰ ਰੈਲੀ ਦੀ ਸ਼ਾਨਦਾਰ ਸਫਲਤਾ ਲਈ ਪੰਜਾਬ ਦੇ ਕਿਰਤੀ ਲੋਕਾਂ ਨੂੰ ਨਿੱਘੀ ਵਧਾਈ ਦਿੱਤੀ। ਉਹਨਾਂ ਨੇ ਮਹਾਂਰਾਸ਼ਟਰ ਅੰਦਰ ਉਭਰੇ ਕਿਸਾਨ ਅੰਦੋਲਨ ਦੀ ਚਰਚਾ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਇਦੇ ਪੂਰੇ ਨਹੀਂ ਕੀਤੇ। ਸਿੱਟੇ ਵਜੋਂ ਕਿਸਾਨੀ ਦੀਆਂ ਸਮੱਸਿਆਵਾਂ ਵਧੀਆਂ ਹਨ ਅਤੇ ਮਜ਼ਬੂਰੀ ਵਸ ਕਿਸਾਨਾਂ ਵਲੋਂ ਉਥੇ ਵੀ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਮੋਦੀ ਸਰਕਾਰ ਦੀਆਂ ਫਿਰਕੂ ਫਾਸ਼ੀਵਾਦੀ ਨੀਤੀਆਂ ਵਿਰੁੱਧ ਜਨਤਕ ਸੰਘਰਸ਼ ਤਿੱਖੇ ਕਰਨ ਦਾ ਸੱਦਾ ਵੀ ਦਿੱਤਾ। ਕੇਰਲਾ ਤੋਂ ਆਏ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਪੀ.ਕੁਮਾਰਨਕੁੱਟੀ ਨੇ ਆਪਣੇ ਭਾਸ਼ਨ ਰਾਹੀਂ ਪਿਛਲੇ ਦਿਨੀਂ ਕੇਰਲਾ ਵਿਚ, ਹਾਕਮਾਂ ਦੀ ਅਣਗਹਿਲੀ ਤੇ ਖਨਨ ਮਾਫੀਏ ਦੀ ਲੁੱਟ-ਖਸੁੱਟ ਕਾਰਨ ਆਏ ਬਹੁਤ ਹੀ ਭਿਆਨਕ ਹੜ੍ਹਾਂ ਬਾਰੇ ਗੱਲ ਕਰਦਿਆਂ ਲੋਕਾਂ ਵਲੋਂ ਹੜ੍ਹ ਪੀੜਤਾਂ ਦੀ ਕੀਤੀ ਗਈ ਸਹਾਇਤਾ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਹਨਾਂ ਨੇ ਕਿਰਤੀ ਲੋਕਾਂ ਦੀਆਂ ਲਗਾਤਾਰ ਵੱਧ ਰਹੀਆਂ ਮੁਸ਼ਕਲਾਂ ਲਈ ਕੇਂਦਰ ਤੇ ਰਾਜ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਜ਼ੁੰਮੇਵਾਰ ਠਹਿਰਾਉਂਦਿਆਂ, ਨਵਉਦਾਰਵਾਦੀ ਆਰਥਕ ਨੀਤੀਆਂ ਵਿਰੁੱਧ ਵਿਸ਼ਾਲ ਤੋਂ ਵਿਸ਼ਾਲ ਸੰਘਰਸ਼ ਲਾਮਬੰਦ ਕਰਨ ਦਾ ਸੱਦਾ ਦਿੱਤਾ। ਕਾਮਰੇਡ ਕੁਮਾਰਨਕੁੱਟੀ ਨੇ ਸਬਰੀਮਾਲਾ ਮੰਦਰ ਦੇ ਮੁੱਦੇ ‘ਤੇ ਭਾਜਪਾ ਦੀ ਦੋਗਲੀ ਪਹੁੰਚ ਦੀ ਵੀ ਤਿੱਖੀ ਆਲੋਚਨਾ ਕੀਤੀ ਅਤੇ ਨਨ-ਰੇਪ ਕੇਸ ਵਿਚ ਕੇਰਲਾ ਦੀਆਂ ਬਹਾਦਰ ਭੈਣਾਂ ਤੇ ਇਨਸਾਫ ਪਸੰਦ ਲੋਕਾਂ ਦੇ ਸਮਰਥਨ ਵਿਚ ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਜਲੰਧਰ ਵਿਖੇ ਦੋਸ਼ੀ ਪਾਦਰੀ ਵਿਰੁੱੱਧ ਕੀਤੇ ਗਏ ਮੁਜ਼ਾਹਰੇ ਦੀ ਭਰਪੂਰ ਸ਼ਲਾਘਾ ਕੀਤੀ। ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਆਪਣੇ ਭਾਸ਼ਨ ਰਾਹੀਂ ਭਾਰਤ ਅੰਦਰ ਦਿਨੋ ਦਿਨ ਗੰਭੀਰ ਹੁੰਦੇ ਜਾ ਰਹੇ ਖੇਤੀ ਸੰਕਟ ਲਈ ਸਰਕਾਰਾਂ ਦੀਆਂ ਕਿਸਾਨ-ਵਿਰੋਧੀ ਨੀਤੀਆਂ ਨੂੰ ਜ਼ੁੰਮੇਵਾਰ ਠਹਿਰਾਇਆ ਅਤੇ ਕਿਸਾਨਾਂ ਨੂੰ ਇਹਨਾਂ ਵਿਰੁੱਧ ਮਿਲਕੇ ਜ਼ੋਰਦਾਰ ਸੰਘਰਸ਼ ਛੇੜਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਹੀ ਫਸਲਾਂ ਮੰਡੀਆਂ ਵਿਚ ਸ਼ਰੇਆਮ ਰੁਲਦੀਆਂ ਹਨ ਅਤੇ ਕੌਡੀਆਂ ਦੇ ਭਾਅ ਖਰੀਦੀਆਂ ਜਾਂਦੀਆਂ ਹਨ। ਜਿਸ ਕਾਰਨ ਕਿਸਾਨ ਕਰਜ਼ਾਈ ਹੋ ਰਹੇ ਹਨ ਜਦੋਂਕਿ ਦੂਜੇ ਪਾਸੇ ਵਪਾਰੀ ਤੇ ਮਿਲ ਮਾਲਕ ਮਾਲੋ ਮਾਲ ਹੋ ਰਹੇ ਹਨ। ਉਹਨਾਂ ਪੰਜਾਬ ਅੰਦਰ ਅਫਸਰਸ਼ਾਹੀ ਤੇ ਮਿਲ ਮਾਲਕਾਂ ਦੀ ਮਿਲੀਭੁਗਤ ਕਾਰਨ ਗੰਨੇ ਦੀ ਫਸਲ ਦੇ ਹੋ ਰਹੇ ਨੁਕਸਾਨ ਲਈ ਮੁੱਖ ਮੰਤਰੀ ਪੰਜਾਬ ਨੂੰ ਸਿੱਧੇ ਤੌਰ ‘ਤੇ ਜ਼ੁੰਮੇਵਾਰ ਠਹਿਰਾਇਆ। ਪ੍ਰਾਂਤ ਅੰਦਰ ਬਿਜਲੀ ਦੇ ਬਿੱਲਾਂ ਆਦਿ ਲਈ ਕਿਸਾਨ-ਜਥੇਬੰਦੀਆਂ ਵਲੋਂ ਮਿਲਕੇ ਲੜੇ ਗਏ ਸਾਂਝੇ ਸੰਘਰਸ਼ਾਂ ਸਦਕਾ ਹੋਈਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਾਮਰੇਡ ਸੰਧੂ ਨੇ ਕਿਸਾਨਾਂ ਨੂੰ ਕਰਜ਼ੇ ਮੁਆਫ ਕਰਾਉਣ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਾਰੀਆਂ ਫਸਲਾਂ ਦੇ ਭਾਅ ਨਿਸ਼ਚਤ ਕਰਾਉਣ ਤੇ ਉਹਨਾਂ ਦੀ ਸਰਕਾਰੀ ਖਰੀਦ ਯਕੀਨੀ ਬਨਾਉਣ ਵਾਸਤੇ ਸ਼ਕਤੀਸ਼ਾਲੀ ਸੰਘਰਸ਼ ਉਸਾਰਨ ਦਾ ਸੱਦਾ ਦਿੱਤਾ। ਇਸ ਦੌਰਾਨ, ਤਾਮਿਲਨਾਡੂ ਤੋਂ ਆਏ ਆਰ.ਐਮ.ਪੀ.ਆਈ. ਦੇ ਚੇਅਰਮੈਨ ਕਾਮਰੇਡ ਕੇ.ਗੰਗਾਧਰਨ ਨੇ ‘ਸੰਗਰਾਮੀ ਲਹਿਰ’ ਦੇ ਪਲੇਠੇ ਹਿੰਦੀ ਅੰਕ ਨੂੰ ਰਿਲੀਜ਼ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਇਹ ਪਰਚਾ ਇਨਕਲਾਬੀ ਲਹਿਰ ਦੇ ਵਿਕਾਸ ਵਿਚ ਵੱਡੀ ਹੱਦ ਤੱਕ ਮਦਦਗਾਰ ਸਿੱਧ ਹੋਵੇਗਾ। ਤੇਲਿੰਗਾਨਾ ਤੋਂ ਆਏ ਐਮ.ਸੀ.ਪੀ.ਆਈ.(ਯੂ) ਦੇ ਜਨਰਲ ਸਕੱਤਰ ਕਾਮਰੇਡ ਮੁਹੰਮਦ ਗੌਂਸ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਅਧਿਕਾਰ ਰੈਲੀ ਦੀ ਸ਼ਾਨਦਾਰ ਸਫਲਤਾ ਲਈ ਪਾਰਟੀ ਨੂੰ ਵਧਾਈ ਦਿੱਤੀ। ਦੇਸ਼ ਦੀ ਮੌਜੂਦਾ ਚਿੰਤਾਜਨਕ ਰਾਜਨੀਤਕ ਅਵਸਥਾ ਦੀ ਚਰਚਾ ਕਰਦਿਆਂ ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਕਾਰਨ ਕਿਰਤੀ ਲੋਕਾਂ ਦੀਆਂ ਲਗਾਤਾਰ ਵੱਧ ਰਹੀਆਂ ਮੁਸੀਬਤਾਂ ਨੂੰ ਨੱਥ ਪਾਉਣ ਲਈ ਅਤੇ ਫਿਰਕੂ ਫਾਸ਼ੀਵਾਦੀ ਹਨੇਰੀ ਨੂੰ ਠੱਲ੍ਹਣ ਲਈ ਦੇਸ਼ ਅੰਦਰਲੀਆਂ ਲੜਾਕੂ ਖੱਬੀਆਂ ਸ਼ਕਤੀਆਂ ਦੀ ਇਕਜੁੱਟਤਾ ਸਮੇਂ ਦੀ ਅਹਿਮ ਮੰਗ ਹੈ। ਉਹਨਾਂ ਕਿਹਾ ਕਿ ਖੱਬੀਆਂ ਸ਼ਕਤੀਆਂ ਨੂੰ ਇਕਜੁਟ ਕਰਕੇ ਹੀ ਸਰਮਾਏਦਾਰ-ਜਗੀਰਦਾਰ ਪੱਖੀ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ। ਅੰਤ ਵਿਚ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਆਪਣੇ ਭਾਵਪੂਰਤ ਤੇ ਜੋਸ਼ ਭਰਪੂਰ ਭਾਸ਼ਨ ਰਾਹੀਂ ਦੇਸ਼ ਦੀ ਅਜੋਕੀ ਰਾਜਨੀਤਕ ਅਵਸਥਾ ਦੀ ਵਿਸਥਾਰ ਸਹਿਤ ਚੀਰ ਫਾੜ ਕੀਤੀ। ਉਹਨਾਂ ਕਿਹਾ ਕਿ ਮੋਦੀ ਨੂੰ ਅੱਗੇ ਲਾ ਕੇ ਸੱਤਾ ‘ਤੇ ਕਾਬਜ਼ ਹੋਏ ਆਰ.ਐਸ.ਐਸ. ਨੇ ਦੇਸ਼ ਦੇ ਪੂਰੇ ਢਾਂਚੇ ਨੂੰ ਆਪਣੀ ਪਕੜ ‘ਚ ਲੈ ਲਿਆ ਹੈ । ਨਿਆਂਪਾਲਿਕਾ, ਕਾਰਜਪਾਲਿਕਾ, ਰਿਜ਼ਰਵ ਬੈਂਕ ਤੇ ਚੋਣ ਕਮਿਸ਼ਨ ਵਰਗੇ ਅਹਿਮ ਅਦਾਰੇ ਵੀ ਉਸ ਦੀ ਪਕੜ ਹੇਠ ਹਨ । ਕੋਈ ਵੀ ਅਜਿਹੀ ਸੰਵਿਧਾਨਕ ਸੰਸਥਾ ਨਹੀਂ ਬਚੀ, ਜਿਸ ਦਾ ਘਾਣ ਮੋਦੀ ਸਰਕਾਰ ਨੇ ਨਾ ਕੀਤਾ ਹੋਵੇ । ਉਨ੍ਹਾ ਕਿਹਾ ਕਿ ਬਰਤਾਨਵੀ ਸਾਮਰਾਜ ਖਿਲਾਫ ਆਜ਼ਾਦੀ ਦੀ ਲੜਾਈ ਲੜਦਿਆਂ ਆਜ਼ਾਦੀ ਸੰਗਰਾਮੀਆਂ ਨੇ ਧਰਮ ਨਿਰਪੱਖਤਾ ਤੇ ਬਰਾਬਰੀ ‘ਤੇ ਅਧਾਰਤ ਇੱਕ ਸਿਹਤਮੰਦ ਲੋਕ ਰਾਜ ਦੇ ਸੁਪਨੇ ਦੇਖੇ ਸਨ ਪਰ ਅੱਜ ਮੋਦੀ ਸਰਕਾਰ ਸਾਮਰਾਜੀ ਦੇਸ਼ਾਂ ਨਾਲ ਯੁੱਧਨੀਤਕ ਸਾਂਝਾਂ ਪਾ ਕੇ ਦੇਸ਼ ਦੇ ਪੂਰੇ ਅਰਥਚਾਰੇ ਨੂੰ ਬਹੁਕੌਮੀ ਕਾਰਪੋਰੇਸ਼ਨਾਂ ਹਵਾਲੇ ਕਰ ਰਹੀ ਹੈ । ਉਨ੍ਹਾ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਸੰਘੀ ਲਾਣਾ ਆਪਣਾ ਫਿਰਕੂ-ਫਾਸ਼ੀਵਾਦੀ ਏਜੰਡਾ ਨੰਗੇ ਚਿੱਟੇ ਢੰਗ ਨਾਲ ਲਾਗੂ ਕਰ ਰਿਹਾ ਹੈ । ਉਹ ਲੋਕ ਰਾਜ ਤੇ ਧਰਮ ਨਿਰਪੱਖਤਾ ਦਾ ਗਲਾ ਘੁੱਟ ਕੇ ਇਕ ਧਰਮ ਅਧਾਰਤ ਰਾਜ ਕਾਇਮ ਕਰਨ ਵੱਲ ਅੱਗੇ ਵਧ ਰਹੇ ਹਨ । ਬੁਨਿਆਦੀ ਤੇ ਜਮਹੂਰੀ ਅਧਿਕਾਰਾਂ ਦੀ ਗੱਲ ਕਰਨਾ ਹੁਣ ਗੁਨਾਹ ਹੋ ਗਿਆ ਹੈ । ਅਜਿਹੀ ਗੱਲ ਕਰਨ ਵਾਲੇ ਨੂੰ ਪਾਕਿਸਤਾਨ ਤੇ ਬੰਗਲਾਦੇਸ਼ ਭੇਜਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ‘ਤੇ ਹਮਲੇ ਕੀਤੇ ਜਾਂਦੇ ਹਨ । ਕਈ ਅਜਿਹੇ ਲੋਕਪੱਖੀ ਬੁੱਧੀਜੀਵੀ ਤੇ ਜਮਹੂਰੀ ਕਾਰਕੁੰਨ ਝੂਠੇ ਕੇਸ ਪਾ ਕੇ ਜੇਲ੍ਹਾਂ ‘ਚ ਡੱਕ ਦਿੱਤੇ ਗਏ ਹਨ। ਕਾਮਰੇਡ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਕਾਰਨ ਨਿਰੰਤਰ ਵੱਧ ਰਹੀ ਬੇਰੋਜ਼ਗਾਰੀ, ਮਹਿੰਗਾਈ ਤੇ ਭ੍ਰਿਸ਼ਟਾਚਾਰ ਨੇ ਲੋਕਾਂ ਅੰਦਰ ਵਿਆਪਕ ਬੇਚੈਨੀ ਪੈਦਾ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਕਾਰਨ ਸਿਹਤ ਤੇ ਸਿੱਖਿਆ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਗਰੀਬ ਲੋਕ ਕੁਪੋਸ਼ਣ ਤੇ ਭੁੱਖਮਰੀ ਨਾਲ ਮਰ ਰਹੇ ਹਨ। ਇਨ੍ਹਾਂ ਅਸਲ ਮੁੱਦਿਆਂ ਨੂੰ ਘੱਟੇ-ਮਿੱਟੀ ਰੋਲਣ ਲਈ ਲੋਕਾਂ ਨੂੰ ਰਾਮ ਮੰਦਰ ਤੇ ਗਊ ਹੱਤਿਆ ਵਰਗੇ ਮੁੱਦਿਆਂ ‘ਚ ਉਲਝਾਇਆ ਜਾ ਰਿਹਾ ਹੈ ਤਾਂ ਕਿ ਭਾਜਪਾ ਤੇ ਭ੍ਰਿਸ਼ਟ ਸਹਿਯੋਗੀਆਂ ਵਲੋਂ ਸੱਤਾ ਮੁੜ ਤੋਂ ਹਾਸਲ ਕੀਤੀ ਜਾ ਸਕੇ। ਉਹਨਾਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਦੇਸ਼ ਦੀ ਏਕਤਾ ਦੀ ਸਲਾਮਤੀ ਲਈ ਅਤੇ ਪੈਦਾ ਹੋਏ ਆਰਥਿਕ ਸੰਕਟ ਤੋਂ ਮੁਕਤੀ ਲਈ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ। ਸਮੇਂ ਦੀ ਲੋੜ ਹੈ ਕਿ ਫਿਰਕੂ-ਫਾਸ਼ੀਵਾਦੀ ਤੇ ਨਵਉਦਾਰਵਾਦੀ ਨੀਤੀਆਂ ਦੇ ਟਾਕਰੇ ਲਈ ਖੱਬੀਆਂ ਤੇ ਜਮਹੂਰੀ ਤਾਕਤਾਂ ਇਕਮੁੱਠ ਹੋ ਕੇ ਜਨਤਕ ਲਾਮਬੰਦੀ ਤੇਜ਼ ਕਰਨ। ਉਨ੍ਹਾਂ ਕਿਹਾ ਕਿ ਖੱਬੀਆਂ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਇਕ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ ‘ਤੇ ਇਕ ਮੰਚ ‘ਤੇ ਇਕੱਠੀਆਂ ਹੋਣ। ਕਾਮਰੇਡ ਪਾਸਲਾ ਨੇ ਕੇਂਦਰੀ ਕਮੇਟੀ ਵਲੋਂ ਪ੍ਰਵਾਨ ਕੀਤੇ ਗਏ ਅਗਲੇ ਐਕਸ਼ਨਾਂ ਦਾ ਵੀ ਐਲਾਨ ਕੀਤਾ। ਉਹਨਾਂ ਨੇ ਪਾਰਟੀ ਦੇ ਸੱਦੇ ‘ਤੇ, ਮੌਸਮ ਦੀ ਖਰਾਬੀ ਦੇ ਬਾਵਜੂਦ ਏਨੀ ਵੱਡੀ ਗਿਣਤੀ ਵਿਚ ਅਧਿਕਾਰ ਰੈਲੀ ‘ਚ ਸ਼ਾਮਲ ਹੋਏ ਕਿਰਤੀ ਲੋਕਾਂ ਦਾ ਅਤੇ ਪਾਰਟੀ ਦੀ ਮਾਇਕ ਸਹਾਇਤਾ ਕਰਨ ਵਾਲੇ ਸੱਜਣਾ ਦਾ ਧੰਨਵਾਦ ਵੀ ਕੀਤਾ। ਰੈਲੀ ਦੌਰਾਨ ਪਾਰਟੀ ਵਲੋਂ ਮਾਇਕ ਸਹਾਇਤਾ ਲਈ ਕੀਤੀ ਗਈ ਅਪੀਲ ਨੂੰ ਵੀ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲਿਆ। ਇਸ ਮੰਤਵ ਲਈ ਮੌਕੇ ‘ਤੇ ਵਲੰਟੀਅਰਾਂ ਵਲੋਂ ਬਾਲਟੀਆਂ ਰਾਹੀਂ ਇਕੱਠੀ ਕੀਤੀ ਗਈ ਸਹਾਇਤਾ ਹੀ 55687 ਰੁਪਏ ਸੀ, ਜਿਸ ਬਾਰੇ ਜਾਣਕਾਰੀ ਰੈਲੀ ਦੌਰਾਨ ਹੀ ਲੋਕਾਂ ਨਾਲ ਸਾਂਝੀ ਕੀਤੀ ਗਈ। ਇਸ ਇਕੱਠੀ ਹੋਈ ਸਹਾਇਤਾ ਵਿਚ 500 ਦੇ ਨੋਟ ਕੇਵਲ 18 ਹੀ ਸਨ। 100 ਦੇ ਨੋਟ ਵੀ ਥੋੜ੍ਹੇ ਹੀ ਸਨ ਜਦਕਿ 10 ਰੁਪਏ ਦੇ ਨੋਟਾਂ ਅਤੇ ਰੁਪਏ, ਦੋ ਰੁਪਏ ਦੇ ਸਿੱਕਿਆਂ ਨਾਲ ਬਾਲਟੀਆਂ ਭਰ ਗਈਆਂ। ਇਸ ਤੋਂ ਬਿਨਾਂ ਉਘੇ ਕਮਿਊਨਿਸਟ ਆਗੂ ਕਾਮਰੇਡ ਤ੍ਰਿਲੋਚਨ ਸਿੰਘ ਰਾਣਾ ਅਤੇ ਉਹਨ੍ਹਾਂ ਦੀ ਧਰਮ ਪਤਨੀ ਕਾਮਰੇਡ ਮਨਜੀਤ ਕੌਰ ਨੇ ਇਕ ਲੱਖ ਰੁਪਏ ਦੀ ਸਹਾਇਤਾ ਦਿੱਤੀ। ਇਸੇ ਤਰ੍ਹਾਂ ਆਸਟਰੇਲੀਆ ਵਸਦੇ ਡਾਕਟਰ ਅਨਿਲ ਗੌਤਮ ਅਤੇ ਉਸਦੀ ਸੁਪਤਨੀ ਡਾ. ਸੋਨੀਆਂ ਗੌਤਮ ਨੇ ਆਪਣੇ ਪਿਤਾ, ਰੇਲਵੇ ਮੁਲਾਜ਼ਮ ਦੇ ਉਘੇ ਆਗੂ ਕਾਮਰੇਡ ਟੀ.ਆਰ.ਗੌਤਮ ਰਾਹੀਂ ਆਪਣੀ ਮਾਤਾ ਬੀਬੀ ਤ੍ਰਿਪਤਾ ਗੌਤਮ ਦੀ ਯਾਦ ਵਿਚ ਪਾਰਟੀ ਨੂੰ 51 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ। ਜ਼ਿਲ੍ਹਾ ਸੰਗਰੂਰ ਦੇ ਕਸਬਾ ਦ੍ਰਿੜਬਾ ਵਿਚ ਪਾਰਟੀ ਦਾ ਇਨਕਲਾਬੀ ਝੰਡਾ ਬੁਲੰਦ ਰੱਖਣ ਵਾਲੇ ਕਾਮਰੇਡ ਭੀਮ ਸਿੰਘ ਦਿੜ੍ਹਬਾ ਨੇ ਵੀ ਰੈਲੀ ਦੌਰਾਨ ਪਾਰਟੀ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਸੌਂਪੀ।
ਰਿਪੋਰਟ : ਰਵੀ ਕੰਵਰ
ਆਰ.ਐਮ.ਪੀ.ਆਈ. ਦੀ ਕੇਂਦਰੀ ਕਮੇਟੀ ਮੀਟਿੰਗ ਦੇ ਫੈਸਲੇ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੀ ਕੇਂਦਰੀ ਕਮੇਟੀ ਦੀ ਮੀਟਿੰਗ 8 ਤੋਂ 10 ਦਸੰਬਰ ਤੱਕ ਪਾਰਟੀ ਦੇ ਕੇਂਦਰੀ ਦਫਤਰ ਜਲੰਧਰ ਵਿਖੇ ਸਾਥੀ ਕੇ.ਗੰਗਾਧਰਨ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੋਂ ਬਿਨਾਂ ਇਸ ਮੀਟਿੰਗ ਵਿਚ ਕੇਂਦਰੀ ਕਮੇਟੀ ਮੈਂਬਰਾਂ ਸਰਵਸਾਥੀ ਰਾਜਿੰਦਰ ਪਰਾਂਜਪੇ, ਕੇ.ਐਸ. ਹਰੀਹਰਨ , ਹਰਕੰਵਲ ਸਿੰਘ, ਸੀ.ਚੇਲਾਸਾਮੀ, ਏ. ਅਮਾਵਸਈ, ਐਮ.ਰਾਜਾਗੋਪਾਲ, ਬੀ.ਕ੍ਰਿਸ਼ਨਨ, ਟੀ.ਐਲ.ਸੰਤੋਸ਼, ਪੀ.ਕੁਮਾਰਨਕੁੱਟੀ, ਗੁਰਨਾਮ ਸਿੰਘ ਦਾਊਦ, ਰਘਬੀਰ ਸਿੰਘ, ਕੁਲਵੰਤ ਸਿੰੰਘ ਸੰਧੂ, ਇੰਦਰਜੀਤ ਸਿੰਘ ਗਰੇਵਾਲ, ਤਜਿੰਦਰ ਸਿੰਘ ਥਿੰਦ, ਮਨਦੀਪ ਰਤੀਆ, ਸੰਜੇ ਰਾਓਤ, ਬਲੀ ਰਾਮ ਚੌਧਰੀ, ਰਮੇਸ਼ ਠਾਕੁਰ ਤੇ ਸੱਜਣ ਸਿੰਘ ਸ਼ਾਮਲ ਰਹੇ। ਮੀਟਿੰਗ ਵਿਚ ਹੋਏ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਮੌਜੂਦਾ ਰਾਜਨੀਤਕ ਤੇ ਜਥੇਬੰਦਕ ਸਥਿਤੀ ਬਾਰੇ ਇਕ ਰਿਪੋਰਟ ਪਾਸ ਕੀਤੀ ਗਈ। (ਇਹ ਰਿਪੋਰਟ ਏਸੇ ਅੰਕ ਵਿਚ ਵੱਖਰੀ ਛਾਪੀ ਜਾ ਰਹੀ ਹੈ।) ਤਾਮਿਲਨਾਡੂ, ਕੇਰਲ, ਮਹਾਰਾਸ਼ਟਰ, ਹਰਿਆਣਾ, ਚੰਡਗੜ੍ਹ ਤੇ ਪੰਜਾਬ ਅੰਦਰ ਮੌਜੂਦਾ ਸਮਾਜਕ-ਰਾਜਨੀਤਕ ਸਥਿਤੀ ਬਾਰੇ ਵੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਨ੍ਹਾਂ ਰਾਜਾਂ ਦੇ ਵੱਖ ਵੱਖ ਖੇਤਰਾਂ ਵਿਚ ਦਖਲਅੰਦਾਜ਼ੀ ਕਰਨ ਹਿੱਤ ਸੇਧਾਂ ਤੈਅ ਕੀਤੀਆਂ ਗਈਆਂ। ਐਮ.ਸੀ.ਪੀ.ਆਈ.(ਯੂ) ਨਾਲ ਏਕਤਾ ਦੀ ਚਲ ਰਹੀ ਗਲਬਾਤ ਬਾਰੇ ਵੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਕੇਂਦਰੀ ਕਮੇਟੀ ਵਲੋਂ ਨੇੜ ਭਵਿੱਖ ਵਿਚ ਜਨਤਕ ਲਾਮਬੰਦੀ ਕਰਨ ਹਿੱਤ ਹੇਠ ਲਿਖੇ ਅਨੁਸਾਰ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ : 1. ਦੱਬੇ ਕੁਚਲੇ ਲੋਕਾਂ ਦੇ ਵੱਖ ਵੱਖ ਵਰਗਾਂ ਦੀਆਂ ਭੱਖਦੀਆਂ ਮੰਗਾਂ ਦੀ ਪ੍ਰਾਪਤੀ ਲਈ 30 ਜਨਵਰੀ ਤੋਂ 6 ਫਰਵਰੀ 2019 ਤੱਕ ਜਨਤਕ ਲਾਮਬੰਦੀ ਹਫਤਾ ਮਨਾਇਆ ਜਾਵੇਗਾ ਅਤੇ ਇਸ ਦੌਰਾਨ ਜਿਲ੍ਹਾ ਪੱਧਰ ‘ਤੇ ਧਰਨੇ ਤੇ ਮੁਜ਼ਾਹਰੇ ਕੀਤੇ ਜਾਣਗੇ। 2. ਇਸ ਸਮੇਂ ਦੌਰਾਨ ਹੀ ਸੂਬਾ ਪੱਧਰ ‘ਤੇ ‘ਜਮਹੂਰੀਅਤ ਤੇ ਧਰਮ ਨਿਰਪੱਖਤਾ’ ਦੀ ਰਾਖੀ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕੀਤੇ ਜਾਣਗੇ। 3. ਮਾਰਚ 2019 ਦੇ ਪਹਿਲੇ ਅੱਧ ਵਿਚ ਦਿੱਲੀ ਵਿਖੇ ”ਦਲਿਤਾਂ ਉਤੇ ਵੱਧ ਰਹੇ ਅਤਿਆਚਾਰ” ਵਿਸ਼ੇ ‘ਤੇ ਕੌਮੀ ਕਨਵੈਨਸ਼ਨ/ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ।
ਜਨਵਾਦੀ ਇਸਤਰੀ ਸਭਾ ਪੰਜਾਬ ਦੀਆਂ ਸਰਗਰਮੀਆਂ
ਜਨਵਾਦੀ ਇਸਤਰੀ ਸਭਾ ਪੰਜਾਬ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰੰਤਰ ਸੰਘਰਸ਼ ਕਰ ਰਹੀ ਹੈ। ਸਮਾਜ ਵਿਚ ਔਰਤਾਂ ਦੇ ਸਮਾਜਿਕ ਅਤੇ ਆਰਥਿਕ ਵਿਤਕਰੇ ਦੇ ਖਿਲਾਫ਼, ਔਰਤਾਂ ਉਪਰ ਹੋ ਰਹੇ ਜਬਰ ਅਤੇ ਜਿਣਸੀ ਸ਼ੋਸ਼ਣ ਦੇ ਖਿਲਾਫ ਜਥੇਬੰਦੀ ਵਲੋਂ ਔਰਤਾਂ ਨੂੰ ਸੁਚੇਤ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਕੇ ਅਤੇ ਮੌਜੂਦਾ ਪੂੰਜੀਵਾਦੀ ਅਰਥਚਾਰੇ ਵਿਚ ਹੋ ਰਹੀ ਔਰਤ ਦੀ ਦੋਹਰੀ ਲੁੱਟ ਪ੍ਰਤੀ ਔਰਤਾਂ ਨੂੰ ਲਾਮਬੰਦ ਕਰਨ ਦੇ ਵੀ ਯਤਨ ਕੀਤੇ ਜਾਂਦੇ ਹਨ। ਔਰਤਾਂ ਦੀਆਂ ਆਰਥਿਕ ਮੰਗਾਂ, ਜਿਸ ਵਿਚ ਮਨਰੇਗਾ ਮਜ਼ਦੂਰ ਔਰਤਾਂ ਦੀ ਦਿਹਾੜੀ ਘੱਟੋ ਘੱਟ 600 ਰੁਪਏ ਪ੍ਰਤੀ ਦਿਨ ਕਰਵਾਉਣ, ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਅਤੇ ਵਿਧਵਾ ਬੁਢਾਪਾ ਪੈਨਸ਼ਨ 3000 ਰੁਪਏ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਦਿੱਤੀ ਜਾਂਦੀ ਸ਼ਗਨ ਸਕੀਮ ਦੀ ਰਾਸ਼ੀ ਸਮੇਂ ਸਿਰ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਜਨਵਾਦੀ ਇਸਤਰੀ ਸਭਾ ਪੰਜਾਬ ਦੀਆਂ 14 ਜਿਲ੍ਹਿਆਂ ‘ਚ ਜਿਲ੍ਹਾ ਕਮੇਟੀਆਂ ਕੰਮ ਕਰ ਰਹੀਆਂ ਹਨ। ਕਈ ਜ਼ਿਲ੍ਹਿਆਂ ਵਿਚ ਨਵੀਆਂ ਇਕਾਈਆਂ ਦਾ ਵੀ ਗਠਨ ਕੀਤਾ ਗਿਆ ਹੈ। ਜਿਲ੍ਹਾ ਗੁਰਦਾਸਪੁਰ ‘ਚ ਰਾਵਲ ਗਾਦੜੀਆਂ, ਝੰਡਾ ਲੁਬਾਣਾ, ਧਾਰੀਵਾਲ ਲੇਹਲ, ਤੁਗਲਵਾਲ, ਪੀਰੋਵਾਲੀ, ਬਾਗੜੀਆਂ ਅਤੇ ਕਲੇਰ ਪਿੰਡਾਂ ‘ਚ ਇਕਾਈਆਂ ਦਾ ਗਠਨ ਕੀਤਾ ਗਿਆ ਹੈ। ਅਤੇ ਜਿਲ੍ਹਾ ਲੁਧਿਆਣਾ ਦੇ ਪਿੰਡ ਮਹਿਮੂਸਿੰਘ ਵਾਲਾ, ਖੰਡੂਰ ਅਤੇ ਸੂਲਕੋਟ ਪਿੰਡਾਂ ‘ਚ ਇਕਾਈਆਂ ਬਣਾਈਆਂ ਗਈਆਂ। ਜਿਲ੍ਹਾ ਲੁਧਿਆਣਾ ਦਾ ਜਥੇਬੰਦਕ ਅਜਲਾਸ ਵੀ ਕੀਤਾ ਗਿਆ। ਪਿੰਡ ਲਤਾਲਾ ‘ਚ ਕੀਤੇ ਇਸ ਸ਼ਾਨਦਾਰ ਅਜਲਾਸ ‘ਚ ਜ਼ਿਲ੍ਹੇ ਭਰ ‘ਚੋਂ 170 ਦੇ ਕਰੀਬ ਬੀਬੀਆਂ ਸ਼ਾਮਲ ਹੋਈਆਂ ਅਤੇ 21 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਬੀਬੀ ਗੁਰਿੰਦਰ ਕੌਰ ਗੁੱਜਰਵਾਲ ਪ੍ਰਧਾਨ ਅਤੇ ਬੀਬੀ ਚਰਨਜੀਤ ਕੌਰ ਲਤਾਲਾ ਜਨਰਲ ਸਕੱਤਰ ਚੁਣੀਆਂ ਗਈਆਂ।