ਮੰਗਤ ਰਾਮ ਪਾਸਲਾ
ਤ੍ਰਿਪੁਰਾ ਅੰਦਰ 25 ਸਾਲਾਂ ਬਾਅਦ ਸੀ.ਪੀ.ਆਈ.(ਐਮ) ਦੀ ਅਗਵਾਈ ਹੇਠਲੇ ਖੱਬੇ ਮੋਰਚੇ ਦੀ ਸਰਕਾਰ ਨੂੰ ਭਾਜਪਾ ਨੇ ਹਰਾ ਕੇ ਸੱਤਾ ਸੰਭਾਲ ਲਈ ਹੈ। ਇਹ ਨਤੀਜੇ ਹੈਰਾਨਕੁੰਨ ਵੀ ਹਨ ਤੇ ਅਣਕਿਆਸੇ ਵੀ। ਤ੍ਰਿਪੁਰਾ ਸਰਕਾਰ ਤੇ ਸਾਬਕਾ ਮੁੱਖ ਮੰਤਰੀ ਕਾਮਰੇਡ ਮਾਨਿਕ ਸਰਕਾਰ ਦੀ ਇਮਾਨਦਾਰੀ, ਕਾਰਜਸ਼ੈਲੀ ਤੇ ਲੋਕ ਮੁਖੀ ਪਹੁੰਚ ਨੇ ਪ੍ਰਾਂਤ ਤੇ ਦੇਸ਼ ਭਰ ਵਿਚ ਵਾਹ ਵਾਹ ਖੱਟੀ ਹੈ। ਇਹਨਾਂ ਚੋਣਾਂ ਅੰਦਰ ਵੀ ਖੱਬੇ ਮੋਰਚੇ ਨੂੰ 43 ਪ੍ਰਤੀਸ਼ਤ ਤੋਂ ਵਧੇਰੇ ਹਾਸਲ ਹੋਈਆਂ ਵੋਟਾਂ ਇਸਦਾ ਪ੍ਰਗਟਾਵਾ ਹਨ। ਉਤਰ ਪੂਰਬੀ ਰਾਜਾਂ ਵਿਚ ਚਲ ਰਹੇ ਵੱਖ ਵੱਖ ਅੰਦੋਲਨਾਂ ਦੇ ਸੰਦਰਭ ਵਿਚ ਜੇਕਰ ਤ੍ਰਿਪੁਰਾ ਪ੍ਰਾਂਤ ਨੇ ਕਬਾਇਲੀ ਤੇ ਗੈਰ ਕਬਾਇਲੀ ਵਸੋਂ ਦੀ ਇਕਜੁੱਟਤਾ ਬਣਾਈ ਰੱਖੀ ਹੈ, ਤਦ ਇਸਦਾ ਸਿਹਰਾ ਵੀ ਇਸ ਖੱਬੇ ਪੱਖੀ ਸਰਕਾਰ ਸਿਰ ਹੀ ਬੱਝਦਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੀਆਂ ਸਮੂਹ ਖੱਬੀਆਂ, ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਨੇ ਤ੍ਰਿਪੁਰਾ ਚੋਣਾਂ ਵਿਚ ਖੱਬੇ ਮੋਰਚੇ ਦੀ ਹਾਰ ਉਪਰ ਡਾਢੀ ਫਿਕਰਮੰਦੀ ਜ਼ਾਹਰ ਕੀਤੀ ਹੈ।
ਤ੍ਰਿਪੁਰਾ ਵਰਗੇ ਸਰਹੱਦੀ ਸੂਬੇ ਅੰਦਰ ਭਾਜਪਾ ਦੀ ਜਿੱਤ ਨਾਲ ਸਮੁੱਚੇ ਦੇਸ਼ ਤੇ ਖਾਸਕਰ ਇਸ ਖਿੱਤੇ ਅੰਦਰ ਸਾਡੇ ਸਮਾਜਿਕ ਤਾਣੇਬਾਣੇ ਤੇ ਗੁਆਂਢੀ ਦੇਸ਼ਾਂ ਨਾਲ ਸੁਖਾਵੇਂ ਸੰਬੰਧਾਂ ਪ੍ਰਤੀ ਨਵੇਂ ਮਸਲੇ ਖੜੇ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਸੰਘ ਸਮਰਥਤ ਮੋਦੀ ਸਰਕਾਰ ਦੀਆਂ ਸਾਮਰਾਜੀ ਤੇ ਵੱਖਵਾਦੀ ਤਾਕਤਾਂ ਨਾਲ ਪਾਈਆਂ ਸਾਂਝਾਂ ਤੇ ਫਿਰਕੂ ਪਹੁੰਚਾਂ ਸਦਕਾ ਨਵੇਂ ਸਮਾਜਿਕ ਤਣਾਅ ਪੈਦਾ ਹੋਣ ਦੇ ਸ਼ੰਕੇ ਨਿਰਮੂਲ ਨਹੀਂ ਹਨ। ਸੰਘ ਪਰਿਵਾਰ ਨੇ ਤ੍ਰਿਪੁਰਾ ਦੀ ਜਿੱਤ ਤੋਂ ਬਾਅਦ ਜਿਸ ਤਰ੍ਹਾਂ ਖੱਬੇ ਫਰੰਟ ਦੇ ਕਾਰਕੁੰਨਾਂ ਤੇ ਦਫਤਰਾਂ ਉਪਰ ਹਮਲੇ ਆਰੰਭ ਦਿੱਤੇ ਹਨ ਤੇ ਕਾਮਰੇਡ ਲੈਨਿਨ ਦੇ ਬੁੱਤ ਨੂੰ ਬੁਲਡੋਜ਼ਰ ਨਾਲ ਤਬਾਹ ਕਰ ਦਿੱਤਾ ਹੈ, ਉਹ ਸੰਘ ਦੀ ਫਾਸ਼ੀਵਾਦੀ ਮਨੋਵਿਰਤੀ ਤੇ ਫਿਰਕੂ ਵਿਚਾਰਧਾਰਾ ਨੂੰ ਰੂਪਮਾਨ ਕਰਦਾ ਹੈ। ‘ਹਿਟਲਰੀ’ ਅੰਦਾਜ਼ ਵਿਚ ਭਾਜਪਾ ਆਗੂ ਕਹਿ ਰਹੇ ਹਨ ਕਿ ”ਮਾਰਕਸ ਤੇ ਲੈਨਿਨ ਦੀ ਭਾਰਤ ਅੰਦਰ ਕੋਈ ਜਗ੍ਹਾ ਨਹੀਂ ਹੈ।” ਇਹ ਅਤਿ ਚਿੰਤਾਜਨਕ ਵਰਤਾਰਾ ਹੈ।
ਬਿਨਾਂ ਸ਼ੱਕ ਭਾਜਪਾ ਨੇ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਜਿੱਤਣ ਲਈ ਹਰ ਅਨੈਤਿਕ ਢੰਗ ਵਰਤਿਆ ਹੈ। ਦੇਸ਼ ਭਰ ਤੋਂ ਸੰਘ ਕਾਡਰ ਨੂੰੂ ਤ੍ਰਿਪੁਰਾ ਅੰਦਰ ਮਹੀਨਿਆਂ ਬੱਧੀ ਤੈਨਾਤ ਕੀਤਾ ਗਿਆ ਤੇ ਪ੍ਰਚਾਰ ਸਾਧਨਾਂ ਰਾਹੀਂ ਕੂੜ ਪ੍ਰਚਾਰ ਤੇ ਧਨ ਦੀ ਵਰਤੋਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਚੋਣ ਮੁਹਿੰਮ ਦੌਰਾਨ ਧੋਖੇ ਤੇ ਛਲਾਵੇ ਭਰੇ ਲੋਕ ਲੁਭਾਉਣੇ ਨਾਅਰੇ ਦੇ ਕੇ ਨੌਜਵਾਨ ਪੀੜ੍ਹੀ ਦੇ ਚੋਖੇ ਹਿੱਸੇ ਨੂੰ ਗੁੰਮਰਾਹ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਅਨੈਤਿਕਤਾ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਵੱਖਰੇ ਤ੍ਰਿਪੁਰਾ ਦੀ ਮੰਗ ਕਰਨ ਵਾਲੀ ਪਾਰਟੀ (ਆਈ.ਪੀ.ਐਫ.ਟੀ.) ਨਾਲ ਸਮਝੌਤਾ ਕਰਕੇ ਭਾਜਪਾ ਨੇ ਸਿੱਧ ਕਰ ਦਿੱਤਾ ਹੈ ਕਿ ਚੋਣ ਜਿੱਤਣ ਤੇ ਸੰਘ ਪਰਿਵਾਰ ਦਾ ਫਿਰਕੂ ਏਜੰਡਾ ਲਾਗੂ ਕਰਨ ਲਈ ਉਸ ਵਾਸਤੇ ‘ਦੇਸ਼ ਭਗਤੀ’, ‘ਦੇਸ਼ ਦੀ ਏਕਤਾ ਤੇ ਅਖੰਡਤਾ’, ‘ਅੱਤਵਾਦ ਦੇ ਖਤਰੇ’ ਦੀ ਦੁਹਾਈ ਇਕ ਪਾਖੰਡ ਤੇ ਜੁਮਲੇ ਤੋਂ ਜ਼ਿਆਦਾ ਹੋਰ ਕੁੱਝ ਵੀ ਨਹੀਂ ਹੈ!
ਸਾਡੇ ਕਮਿਊਨਿਸਟਾਂ ਦੇ ਸੋਚਣ ਲਈ ਵੀ ਤ੍ਰਿਪੁਰਾ ਵਿਚ ਖੱਬੇ ਪੱਖੀਆਂ ਦੀ ਹਾਰ ਨੇ ਕਈ ਸਿਧਾਂਤਕ ਤੇ ਅਮਲੀ ਸਵਾਲ ਖੜੇ ਕਰ ਦਿੱਤੇ ਹਨ, ਜੋ ਗੰਭੀਰ ਚਿੰਤਨ ਦੀ ਮੰਗ ਕਰਦੇ ਹਨ। ਸਾਰੀਆਂ ਸੁਹਿਰਦ ਕੋਸ਼ਿਸ਼ਾਂ ਤੇ ਕਾਰਵਾਈਆਂ ਦੇ ਬਾਵਜੂਦ ਇਕ ਸਰਮਾਏਦਾਰ-ਜਗੀਰਦਾਰ ਜਮਾਤਾਂ ਦੇ ਰਾਜ ਅੰਦਰ ਕੋਈ ਕਮਿਊਨਿਸਟ ਪਾਰਟੀ ਕਿਸ ਹੱਦ ਤੱਕ ਲੋਕਾਂ ਦੀਆਂ ਆਸ਼ਾਵਾਂ ਤੇ ਉਮੰਗਾਂ ਨੂੰ ਪੂਰਾ ਕਰ ਸਕਦੀ ਹੈ ਤਾਂਕਿ ਉਹ ਹਰ ਨਵੇਂ ਪਲ ਲੋਕਾਂ ਦਾ ਵਧੇਰੇ ਤੋਂ ਵਧੇਰੇ ਸਮਰਥਨ ਹਾਸਲ ਕਰਦੀ ਜਾਵੇ? ਇਹ ਸਵਾਲ ਠੋਸ ਜਵਾਬ ਮੰਗਦਾ ਹੈ। ਜਿਸ ਸੰਵਿਧਾਨ ਦੇ ਮੂਲ ਸਿਧਾਂਤਾਂ ਵਿਚ ਕਿਸੇ ਵੀ ਢੰਗ ਨਾਲ ਪੂੰਜੀ ਇਕੱਤਰ ਕਰਨ, ਕੁਦਰਤੀ ਪੈਦਾਵਾਰੀ ਸਾਧਨਾਂ ਉਪਰ ਕਬਜ਼ਾ ਕਰਕੇ ਕਿਰਤ ਸ਼ਕਤੀ ਨੂੰ ਲੁੱਟਣ, ਪੂਰੀ ਤਰ੍ਹਾਂ ਗਿਣ ਮਿੱਥਕੇ ਸਾਜਸ਼ੀ ਢੰਗਾਂ ਨਾਲ ਮਹਿੰਗਾਈ, ਬੇਕਾਰੀ, ਭਰਿਸ਼ਟਾਚਾਰ ਵਧਾਉਣ ਤੇ ਰਾਜ ਸ਼ਕਤੀ ਦੀ ਸਹਾਇਤਾ ਨਾਲ ਗਰੀਬਾਂ ਨੂੰ ਭੁਖਮਰੀ ਦੀ ਦਲਦਲ ਵਿਚ ਸੁੱਟਕੇ ਅਮੀਰ ਬਣਨ ਦੇ ਕਾਨੂੰਨੀ ਅਧਿਕਾਰ ਹਾਸਲ ਹੋਣ, ਉਥੇ ਉਸੇ ਸੰਵਿਧਾਨ ਦੇ ਅਧੀਨ ਕੰਮ ਕਰਨ ਵਾਲੀ ਕਮਿਊਨਿਸਟ ਸਰਕਾਰ ਲੋਕ ਹਿੱਤਾਂ ਨੂੰ ਸਾਹਮਣੇ ਰੱਖਕੇ ਆਪਣੀਆਂ ਨੀਤੀਆਂ ਲਾਗੂ ਕਰਨ ਦੇ ਕਿੰਨਾ ਕੁ ਸਮਰੱਥ ਹੋ ਸਕਦੀ ਹੈ? ਅਜਿਹੀ ਸਰਕਾਰ ਆਰਥਿਕ ਢਾਂਚੇ ਵਿਚ ਬੁਨਿਆਦੀ ਤਬਦੀਲੀਆਂ ਕਰਕੇ ਆਪਣੇ ਸਾਰੇ ਲੋਕ ਪੱਖੀ ਚੋਣ ਵਾਅਦੇ ਪੂਰੇ ਕਰਨ ਲਈ ਸੰਵਿਧਾਨਕ ਲਛਮਣ ਰੇਖਾਵਾਂ ਨਹੀਂ ਉਲੰਘ ਸਕਦੀ। ਤ੍ਰਿਪੁਰਾ ਵਿਚ ਇਹ ਕਮਜ਼ੋਰੀ ਬਿਨਾਂ ਸ਼ੱਕ ਮਹਿਸੂਸ ਹੁੰਦੀ ਹੈ। ਕਮਿਊਨਿਸਟਾਂ ਨੂੰ ਇਸ ਸੱਚ ਨੂੰ ਆਮ ਲੋਕਾਂ ਸਾਹਮਣੇ ਸਪੱਸ਼ਟ ਰੂਪ ਵਿਚ ਰੱਖਣ ਦੀ ਲੋੜ ਲਗਾਤਾਰ ਬਣੀ ਰਹਿੰਦੀ ਹੈ। ਕਮਿਊਨਿਸਟ ਪਾਰਟੀਆਂ ਅੰਦਰ ਇਹ ਘਾਟ ਇਕੱਲੇ ਤ੍ਰਿਪੁਰਾ ਵਿਚ ਹੀ ਨਹੀਂ, ਬਲਕਿ ਦੂਸਰੇ ਥਾਵਾਂ ਉਪਰ ਵੀ ਹੈ, ਜਿੱਥੇ ਉਹ ਸਿੱਧੇ ਜਾਂ ਵਿੰਗੇ ਢੰਗ ਨਾਲ ਸੱਤਾ ਅੰਦਰ ਭਾਗੀਦਾਰ ਹਨ। ਇਸ ਲਈ ਜੇਕਰ ਤ੍ਰਿਪੁਰਾ ਵਰਗੇ ਕਿਸੇ ਭਵਿੱਖੀ ਦੁਖਾਂਤ ਤੋਂ ਬਚਾਅ ਕਰਨਾ ਹੈ, ਤਾਂ ਕਿਸੇ ਪ੍ਰਾਂਤ ਵਿਚ ਹਾਕਮ ਧਿਰ ਬਣਨ ਤੋਂ ਬਾਅਦ ਵੀ ਕਮਿਊਨਿਸਟਾਂ ਨੂੰ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਤੇ ਸਮੁੱਚੇ ਪੂੰਜੀਵਾਦੀ ਪ੍ਰਬੰਧ ਵਿਰੁੱਧ ਜਨਤਕ ਸੰਘਰਸ਼ ਜਾਰੀ ਹੀ ਨਹੀਂ, ਬਲਕਿ ਜ਼ਿਆਦਾ ਜ਼ੋਰ ਨਾਲ ਲੜਨੇ ਹੋਣਗੇ।
ਸੋਵੀਅਤ ਰੂਸ ਤੇ ਦੂਸਰੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਵੀ ਇਨਕਲਾਬੀ ਤਬਦੀਲੀ ਤੋਂ ਬਾਅਦ ਜਨ ਸਮੂਹਾਂ ਨੂੰ ਜਗੀਰੂ-ਪੂੰਜੀਵਾਦੀ ਪ੍ਰਭਾਵਾਂ ਤੋਂ ਮੁਕਤ ਕਰਨ ਲਈ ਰਾਜਨੀਤਕ ਤੇ ਸਿਧਾਂਤਕ ਲੜਾਈ ਨਿਰੰਤਰ ਜਾਰੀ ਰੱਖਣ ਤੋਂ ਪਾਸਾ ਵੱਟਿਆ ਗਿਆ। ਜਾਂ ਆਖ ਲਓ ਕਿ ਆਮ ਆਦਮੀ ਨੂੰ ਸਮਾਜਵਾਦੀ ਮਨੁੱਖ ਬਣਾਉਣ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਜਿਸਦੇ ਨਤੀਜੇ ਵਜੋਂ ਸੋਵੀਅਤ ਯੂਨੀਅਨ ਤੇ ਪੂਰਬੀ ਯੂਰਪ ਦੇ ਦੇਸ਼ਾਂ ਅੰਦਰ ਸਮਾਜਵਾਦੀ ਪ੍ਰਬੰਧ ਢਹਿ ਢੇਰੀ ਹੋ ਗਿਆ, ਕਿਉਂਕਿ ਉਥੋਂ ਦੇ ਲੋਕ ਬਹੁਤ ਸਾਰੇ ਆਰਥਕ ਤੇ ਸਮਾਜਿਕ ਲਾਭਾਂ ਦੇ ਬਾਵਜੂਦ ਇਸ ਪ੍ਰਬੰਧ ਨੂੰ ਦੁਸ਼ਮਣ ਧਿਰਾਂ ਤੋਂ ਬਚਾਉਣ ਲਈ ਰਾਜਨੀਤਕ ਤੇ ਵਿਚਾਰਧਾਰਕ ਤੌਰ ‘ਤੇ ਪ੍ਰਪੱਕ ਨਹੀਂ ਸਨ। ਤ੍ਰਿਪੁਰਾ, ਪੱਛਮੀ ਬੰਗਾਲ, ਕੇਰਲਾ ਪ੍ਰਾਂਤਾਂ ਅੰਦਰ ਖੱਬੇ ਪੱਖੀ ਸਰਕਾਰਾਂ ਕਾਇਮ ਹੋਣ ‘ਤੇ ਵੀ ਇਸ ਦਿਸ਼ਾ ਵਿਚ ਘੋਰ ਅਣਗਹਿਲੀ ਵਰਤੀ ਗਈ। ਜਿਹੜੇ ਨਵੇਂ ਲੋਕ ਖੱਬੇ ਪੱਖੀ ਸ਼ਾਸਨ ਦੇ ਦੌਰਾਨ ਕਮਿਊਨਿਸਟ ਸਫ਼ਾਂ ਵਿਚ ਸ਼ਾਮਲ ਹੋਏ, ਉਹ ਸਿਧਾਂਤਕ ਪੱਖ ਤੋਂ ਪੂੰਜੀਵਾਦੀ ਪ੍ਰਬੰਧ ਅੰਦਰਲੀਆਂ ਜਨਮਜਾਤ ਕਮਜ਼ੋਰੀਆਂ ਤੇ ਬੁਰਿਆਈਆਂ ਤੋਂ ਅਣਜਾਣ ਵੀ ਹਨ ਅਤੇ ਉਨ੍ਹਾਂ ਨੇ ਖੱਬੇ ਪੱਖੀਆਂ ਦੇ ਕਾਰਜਕਾਲ ਅੰਦਰ ਸਰਕਾਰ ਤੇ ਪਾਰਟੀਆਂ ਦੀਆਂ ਕਮਜ਼ੋਰੀਆਂ ਨੂੰ ਵੀ ਨੇੜੇ ਹੋ ਕੇ ਤੱਕਿਆ ਹੈ। ਇਸ ਲਈ ਉਹ ਇਸ ਸਰਕਾਰ ਦੀਆਂ ਨੀਤੀਆਂ ਤੋਂ ਮਨਚਾਹੀਆਂ ਆਸਾਂ ਦੀ ਪੂਰਤੀ ਨਾ ਹੋਣ ਕਰਕੇ ਉਪਜੀ ਨਿਰਾਸ਼ਾ ਕਾਰਨ ਭਾਜਪਾ ਦੇ ਖੇਮੇ ਵਿਚ ਚਲੇ ਗਏ। 25 ਸਾਲਾਂ ਦੇ ਲੰਮੇ ਕਾਰਜ ਦੌਰਾਨ ਸਰਕਾਰੀ ਲਾਭ ਲੈਣ ਜਾਂ ਹੋਰ ਕਈ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵੀ ਕੁਝ ਲੋਕ ਕਮਿਊਨਿਸਟ ਸਫ਼ਾਂ ਵਿਚ ਸ਼ਾਮਿਲ ਹੋ ਜਾਂਦੇ ਹਨ।
ਇਹ ਇਕ ਅਤਿ ਦੁਖਦਾਈ ਘਟਨਾਚੱਕਰ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਕਾਂਗਰਸ ਵਰਗੀ ਧਰਮ ਨਿਰਪੱਖ ਅਖਵਾਉਣ ਵਾਲੀ ਪਾਰਟੀ ਦੇ ਜਨ ਅਧਾਰ ਵਿਚ ਪਿਛਾਖੜੀ ਵਿਚਾਰਧਾਰਾ ਕਿੰਨੀ ਡੂੰਘੀ ਧਸੀ ਹੋਈ ਹੈ ਕਿ ਭਾਜਪਾ ਜਿਹੀ ਫਿਰਕਾਪ੍ਰਸਤ ਪਾਰਟੀ ਨਾਲ ਜੁੜਨ ਵਿਚ ਵੀ ਉਨ੍ਹਾਂ ਨੂੰ ਕੋਈ ਸੰਕੋਚ ਜਾਂ ਝਿਜਕ ਨਹੀਂ ਹੈ। ਜਨ ਸਮੂਹਾਂ ਦੀ ਇਹ ਵਿਚਾਰਧਾਰਕ ਕਚਿਆਈ ਦੇ ਧਰਾਤਲ ਉਪਰ ਖਲੋ ਕੇ ਕਮਿਊਨਿਸਟਾਂ ਨੇ ਸਮਾਜਿਕ ਪਰਿਵਰਤਨ ਦੇ ਆਸ਼ੇ ਲਈ ਸੰਘਰਸ਼ ਵਿੱਢਣਾ ਹੈ ਤੇ ਜਿੱਤ ਹਾਸਲ ਕਰਨੀ ਹੈ।
ਆਪਣੇ ਕਾਰਜ ਕਾਲ ਅਧੀਨ ਕਮਿਊਨਿਸਟ ਆਗੂ ਤੇ ਪਾਰਟੀ ਕਾਡਰ ਵੀ ਕੁੱਝ ਹੱਦ ਤੱਕ ਸਰਮਾਏਦਾਰੀ ਰਾਜ ਪ੍ਰਬੰਧ ਅੰਦਰ ਪਨਪਦੀਆਂ ਭਰਿਸ਼ਟਾਚਾਰ, ਸਵਾਰਥ ਸਿੱਧੀ, ਹਓਮੈਂ-ਹੰਕਾਰ ਤੇ ਨਿੱਜੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਲੋਕਾਂ ਦੇ ਸੇਵਾਦਾਰ ਹੋਣ ਦੀ ਥਾਂ ਬਹੁਤ ਵਾਰੀ ਆਗੂ ਤੇ ਕਾਰਕੁੰਨ ਚੌਧਰਪੁਣੇ ਤੇ ਆਪਹੁਦਰੇਪਨ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਨਾਲ ਕਮਿਊਨਿਸਟਾਂ ਦਾ ਦੂਸਰੇ ਦਲਾਂ ਨਾਲੋਂ ਵੱਖਰੇਵਾਂ ਧੁੰਦਲਾ ਪੈ ਜਾਂਦਾ ਹੈ ਤੇ ਆਮ ਲੋਕ ਪਾਰਟੀ ਤੋਂ ਦੂਰ ਹੁੰਦੇ ਜਾਂਦੇ ਹਨ। ਇਸ ਕਮਜ਼ੋਰੀ ਉਪਰ ਬਹੁਤ ਹੀ ਚੌਕਸ ਰਹਿ ਕੇ ਸਮੇਂ ਸਿਰ ਕਾਬੂ ਪਾਇਆ ਜਾ ਸਕਦਾ ਹੈ। ਤ੍ਰਿਪੁਰਾ ਸਮੇਤ ਦੇਸ਼ ਦੇ ਮਜ਼ਬੂਤ ਕਮਿਊਨਿਸਟਾਂ ਗੜ੍ਹਾਂ ਅੰਦਰ ਇਹ ਕਮਜ਼ੋਰੀ ਵੀ ਸਪੱਸ਼ਟ ਝਲਕਦੀ ਨਜ਼ਰ ਆਉਂਦੀ ਹੈ, ਜਿਸਦਾ ਸਮੇਂ ਸਿਰ ਉਪਾਅ ਨਹੀਂ ਕੀਤਾ ਗਿਆ।
ਦੇਸ਼ ਪੱਧਰੀ ਖੱਬੀ ਲਹਿਰ ਦੇ ਪਸਾਰੇ ਤੋਂ ਬਿਨਾਂ ਕਮਿਊਨਿਸਟ ਅੰਦੋਲਨ ਜੇਕਰ ਚੰਦ ਕੁ ਖਿਲਰੇ ਇਲਾਕਿਆਂ ਤੱਕ ਸੀਮਤ ਰਹਿੰਦਾ ਹੈ, ਤਦ ਇਸਦੇ ਸਥਿਰ ਤੇ ਸੁਰੱਖਿਅਤ ਰਹਿਣ ਦੀਆਂ ਸੰਭਾਵਨਾਵਾਂ ਸੁਭਾਵਕ ਹੀ ਸੀਮਤ ਬਣ ਜਾਂਦੀਆਂ ਹਨ। ਹਰ ਖਿੱਤੇ ਦਾ ਆਲਾ ਦੁਆਲਾ ਜੇਕਰ ਰਾਜਸੀ ਤੌਰ ਤੇ ਪਿਛਾਖੜੀ ਜਾਂ ਗੈਰ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਲੋਕਾਂ ਨਾਲ ਭਰਪੂਰ ਹੈ, ਤਦ ਇਨ੍ਹਾਂ ਦਾ ਅਸਰ ਅਗਾਂਹਵਧੂ ਇਲਾਕਿਆਂ ਤੱਕ ਵੀ ਜ਼ਰੂਰ ਪੁੱਜੇਗਾ। ਇਸ ਲਈ ਅਗਾਂਹਵਧੂ ਤੇ ਖੱਬੀ ਲਹਿਰ ਨੂੰ ਅਸਾਵਾਂਪਨ ਦੂਰ ਕਰਕੇ ਪੂਰੇ ਦੇਸ਼ ਵਿਚ ਇਕਸਾਰ ਪਸਾਰਾ ਕਰਨਾ ਹੋਵੇਗਾ। ਤ੍ਰਿਪੁਰਾ ਦੀ ਖੱਬੀ ਲਹਿਰ ਦਾ ਪੂਰੇ ਉਤਰ ਪੂਰਬੀ ਪ੍ਰਾਂਤਾਂ ਵਿਚ ਪ੍ਰਭਾਵ ਨਾਂਮਾਤਰ ਹੈ।
ਕਮਿਊਨਿਸਟਾਂ ਨੂੰ ਮਜ਼ਦੂਰ ਜਮਾਤ ਦੇ ਰਾਜਨੀਤਕ ਤੇ ਵਿਚਾਰਧਾਰਕ ਦੁਸ਼ਮਣਾਂ ਦੀ ਸ਼ਕਤੀ ਨੂੰ ਕਦੀ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਇਸਦੇ ਨਾਲ ਹੀ ਆਪਣੀ ਸ਼ਕਤੀ ਦਾ ਅਨੁਮਾਨ ਵੀ ਸਹੀ-ਸਹੀ ਹੀ ਲਗਾਉਣਾ ਚਾਹੀਦਾ ਹੈ। ਕਿਸੇ ਖਾਸ ਅਵਸਥਾ ਵਿਚ ਪੂੰਜੀਵਾਦੀ ਦੇਸ਼ ਦੀ ਰਾਜਨੀਤੀ ਵਿਚ ਮਿਲੀ ਅਹਿਮੀਅਤ ਨੂੰ ਆਪਣੀ ਲਿਆਕਤ ਜਾਂ ਚਤੁਰਾਈ ਨਾਲ ਮਾਪਣ ਦੀ ਭੁੱਲ ਕਰਨਾ ਆਤਮਘਾਤੀ ਵੀ ਹੁੰਦਾ ਹੈ ਅਤੇ ਮੂਰਖਤਾ ਵੀ। ਤ੍ਰਿਪੁਰਾ ਵਿਚ ਇਕ ਮਜ਼ਬੂਤ ਖੱਬੀ ਲਹਿਰ ਹੋਣ ਦੇ ਬਾਵਜੂਦ ਭਾਜਪਾ ਤੇ ਸੰਘ ਪਰਿਵਾਰ ਦੇ ਦੂਸਰੇ ਮੈਂਬਰਾਂ ਦੀ ਆਪਣੀ ਕੱਟੜਵਾਦੀ ਵਿਚਾਰਧਾਰਾ ਤੇ ਝੂਠੇ ਪ੍ਰਚਾਰ ਨਾਲ ਜਨ ਸਧਾਰਣ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਨੂੰ ਘਟਾ ਕੇ ਦੇਖਿਆ ਗਿਆ। ਸਮਾਜਿਕ ਕਰਾਂਤੀ ਦਾ ਰਾਹ ਕੰਡਿਆਲਾ, ਜ਼ੋਖ਼ਮ ਭਰਿਆ ਤੇ ਲੰਮੇਰਾ ਹੈ। ਇਸਨੂੰੂ ਪੂੰਜੀਵਾਦੀ ਢਾਂਚੇ ਦੀ ਜਮਹੂਰੀਅਤ ਅਧੀਨ ਸਿਰਫ ਚੁਣਾਵੀ ਜਿੱਤਾਂ ਨਾਲ ਹਾਸਲ ਕਰਨ ਦਾ ਖਮਿਆਜ਼ਾ ਸੰਸਾਰ ਭਰ ਦੇ ਕਰਾਂਤੀਕਾਰੀ ਲੋਕਾਂ ਨੇ ਭੁਗਤਿਆ ਹੈ। ਬਿਨਾਂ ਸ਼ੱਕ ਜਮਹੂਰੀ ਪ੍ਰਣਾਲੀ ਸਾਨੂੰ ਜਨਤਕ ਲਹਿਰ ਉਸਾਰਨ ਵਿਚ ਮਦਦਗਾਰ ਹੁੰਦੀ ਹੈ, ਪ੍ਰੰਤੂ ਇਸਨੂੰ ਅੰਤਮ ਮੰਜ਼ਿਲ ਸਮਝ ਕੇ ਗੈਰ-ਪਾਰਲੀਮਾਨੀ ਘੋਲਾਂ ਨੂੰ ਤਿਲਾਂਜਲੀ ਦੇਣਾ, ਤਬਾਹਕੁੰਨ ਸਿੱਧ ਹੋ ਸਕਦਾ ਹੈ। ਸੰਘਰਸ਼ਾਂ ਦੇ ਸਾਰੇ ਰੂਪਾਂ ਦੀ ਸੁਯੋਗ ਵਰਤੋਂ ਕਰਨ ਦੀ ਮੁਹਾਰਤ ਹਾਸਲ ਕਰਨੀ ਏਸੇ ਲਈ ਅਤਿ ਜ਼ਰੂਰੀ ਹੈ।
ਤ੍ਰਿਪੁਰਾ ਅਸੈਂਬਲੀ ਚੋਣਾਂ ਦੇ ਨਤੀਜੇ ਬਿਨਾਂ ਸ਼ੱਕ ਖੱਬੀਆਂ ਧਿਰਾਂ ਲਈ ਵੱਡਾ ਨੁਕਸਾਨ ਹੀ ਨਹੀਂ ਬਲਕਿ ਪਹਾੜ ਜੇਡੀ ਚੁਣੌਤੀ ਭਰੇ ਹਨ। ਜੇਕਰ ਅਸੀਂ ਪਿਛਲੀਆਂ ਗਲਤੀਆਂ ਤੇ ਗਲਤ ਧਾਰਨਾਵਾਂ ਤੋਂ ਸਬਕ ਸਿੱਖ ਕੇ ਮੁੜ ਖੱਬੀ ਲਹਿਰ ਦੇ ਵਿਕਾਸ ਲਈ ਜੁੱਟ ਜਾਈਏ, ਤਦ ਇਨ੍ਹਾਂ ਯਤਨਾਂ ਨੂੰ ਲੋਕਾਂ ਦੀ ਭਰਪੂਰ ਹਮਾਇਤ ਲਾਜ਼ਮੀ ਮਿਲੇਗੀ। ਤ੍ਰਿਪੁਰਾ ਸਰਕਾਰ ਦਾ ਭਰਿਸ਼ਟਾਚਾਰ ਰਹਿਤ ਕਾਰਜਕਾਲ ਤੇ ਇਸਦੇ ਮੁਖੀ ਕਾਮਰੇਡ ਮਾਨਿਕ ਸਰਕਾਰ ਦਾ ਕਮਿਊਨਿਸਟ ਕਿਰਦਾਰ ਕਮਿਊਨਿਸਟ ਲਹਿਰ ਦੇ ਅੱਗੇ ਵੱਧਣ ਲਈ ਕਾਫੀ ਮਦਦਗਾਰ ਸਾਬਤ ਹੋ ਸਕਦੇ ਹਨ।